ਰੱਬ ਦੀ ਹਕੂਮਤ ਅਧੀਨ ਸਾਰੀ ਸ੍ਰਿਸ਼ਟੀ ਵਿਚ ਏਕਤਾ ਅਤੇ ਸ਼ਾਂਤੀ ਸੀ
ਸਾਨੂੰ ਪਰਮੇਸ਼ੁਰ ਦੇ ਰਾਜ ਦੀ ਕਿਉਂ ਲੋੜ ਹੈ?
ਜਦੋਂ ਰੱਬ ਨੇ ਇਨਸਾਨਾਂ ਨੂੰ ਬਣਾਇਆ ਉਦੋਂ ਸਿਰਫ਼ ਉਹ ਹੀ ਰਾਜਾ ਸੀ ਤੇ ਉਸ ਦਾ ਨਾਮ ਯਹੋਵਾਹ ਹੈ। ਉਸ ਨੇ ਪਿਆਰ ਨਾਲ ਹਕੂਮਤ ਕੀਤੀ। ਉਸ ਨੇ ਅਦਨ ਦਾ ਬਾਗ਼ ਪਹਿਲੇ ਜੋੜੇ ਨੂੰ ਘਰ ਵਜੋਂ ਦਿੱਤਾ ਤੇ ਖਾਣ-ਪੀਣ ਲਈ ਢੇਰ ਸਾਰੀਆਂ ਚੀਜ਼ਾਂ ਦਿੱਤੀਆਂ। ਇਸ ਦੇ ਨਾਲ-ਨਾਲ ਉਸ ਨੇ ਉਨ੍ਹਾਂ ਨੂੰ ਵਧੀਆ ਕੰਮ ਵੀ ਦਿੱਤਾ। (ਉਤਪਤ 1:28, 29; 2:8, 15) ਜੇ ਇਨਸਾਨ ਰੱਬ ਦੀ ਪਿਆਰ ਭਰੀ ਹਕੂਮਤ ਅਧੀਨ ਰਹਿੰਦੇ, ਤਾਂ ਉਨ੍ਹਾਂ ਵਿਚ ਸ਼ਾਂਤੀ ਹੋਣੀ ਸੀ।
ਪਹਿਲੇ ਇਨਸਾਨੀ ਜੋੜੇ ਨੇ ਰੱਬ ਨੂੰ ਆਪਣੇ ਰਾਜੇ ਵਜੋਂ ਰੱਦ ਦਿੱਤਾ
ਬਾਈਬਲ ਦੱਸਦੀ ਹੈ ਕਿ ਇਕ ਬਾਗ਼ੀ ਦੂਤ ਨੇ ਰੱਬ ਦੇ ਰਾਜ ਕਰਨ ਦੇ ਹੱਕ ʼਤੇ ਸਵਾਲ ਖੜ੍ਹਾ ਕੀਤਾ। ਉਸ ਨੇ ਦਾਅਵਾ ਕੀਤਾ ਕਿ ਇਨਸਾਨ ਪਰਮੇਸ਼ੁਰ ਦੀ ਅਗਵਾਈ ਅਤੇ ਹਕੂਮਤ ਤੋਂ ਬਿਨਾਂ ਜ਼ਿਆਦਾ ਖ਼ੁਸ਼ ਰਹਿ ਸਕਦੇ ਹਨ। ਦੁੱਖ ਦੀ ਗੱਲ ਹੈ ਕਿ ਸਾਡੇ ਪਹਿਲੇ ਮਾਤਾ-ਪਿਤਾ ਆਦਮ ਅਤੇ ਹੱਵਾਹ ਨੇ ਇਸ ਦੂਤ ਦੇ ਝੂਠ ਵਿਚ ਉਸ ਦਾ ਸਾਥ ਦਿੱਤਾ ਅਤੇ ਉਸ ਨਾਲ ਮਿਲ ਕੇ ਰੱਬ ਅਤੇ ਉਸ ਦੇ ਰਾਜ ਖ਼ਿਲਾਫ਼ ਬਗਾਵਤ ਕੀਤੀ। ਬਾਅਦ ਵਿਚ ਇਸ ਦੂਤ ਨੂੰ ਸ਼ੈਤਾਨ ਕਿਹਾ ਗਿਆ।—ਉਤਪਤ 3:1-6; ਪ੍ਰਕਾਸ਼ ਦੀ ਕਿਤਾਬ 12:9.
ਰੱਬ ਤੋਂ ਮੂੰਹ ਮੋੜ ਕੇ ਆਦਮ ਅਤੇ ਹੱਵਾਹ ਨੇ ਬਾਗ਼ ਵਰਗਾ ਘਰ, ਚੰਗੀ ਸਿਹਤ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਵੀ ਗੁਆ ਲਈ। (ਉਤਪਤ 3:17-19) ਉਨ੍ਹਾਂ ਦੇ ਇਸ ਫ਼ੈਸਲੇ ਦਾ ਅਸਰ ਉਨ੍ਹਾਂ ਦੇ ਅਣਜੰਮੇ ਬੱਚਿਆਂ ʼਤੇ ਵੀ ਪਿਆ। ਬਾਈਬਲ ਕਹਿੰਦੀ ਹੈ ਕਿ ਆਦਮ ਕਰਕੇ “ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।” (ਰੋਮੀਆਂ 5:12) ਪਾਪ ਦਾ ਇਕ ਹੋਰ ਭਿਆਨਕ ਨਤੀਜਾ ਨਿਕਲਿਆ: “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪਦੇਸ਼ਕ ਦੀ ਪੋਥੀ 8:9) ਇਹ ਸੱਚ ਹੈ ਕਿ ਜਦੋਂ ਤੋਂ ਇਨਸਾਨਾਂ ਨੇ ਖ਼ੁਦ ਰਾਜ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਮੁਸ਼ਕਲਾਂ ਨੇ ਹੀ ਜਨਮ ਲਿਆ ਹੈ।
ਇਨਸਾਨੀ ਹਕੂਮਤ ਦੀ ਸ਼ੁਰੂਆਤ
ਨਿਮਰੋਦ ਨੇ ਯਹੋਵਾਹ ਦਾ ਵਿਰੋਧ ਕੀਤਾ
ਬਾਈਬਲ ਵਿਚ ਪਹਿਲੇ ਇਨਸਾਨੀ ਰਾਜੇ ਨਿਮਰੋਦ ਬਾਰੇ ਦੱਸਿਆ ਗਿਆ ਹੈ। ਉਸ ਨੇ ਯਹੋਵਾਹ ਦੀ ਹਕੂਮਤ ਖ਼ਿਲਾਫ਼ ਬਗਾਵਤ ਕੀਤੀ। ਨਿਮਰੋਦ ਦੇ ਦਿਨਾਂ ਤੋਂ ਹੀ ਅਧਿਕਾਰ ਰੱਖਣ ਵਾਲਿਆਂ ਨੇ ਆਪਣੀ ਤਾਕਤ ਦਾ ਨਾਜਾਇਜ਼ ਫ਼ਾਇਦਾ ਉਠਾਇਆ ਹੈ। ਲਗਭਗ 3,000 ਸਾਲ ਪਹਿਲਾਂ ਬੁੱਧੀਮਾਨ ਰਾਜੇ ਸੁਲੇਮਾਨ ਨੇ ਕਿਹਾ: “ਵੇਖੋ ਸਤਾਇਆਂ ਹੋਇਆਂ ਦੇ ਅੰਝੂ ਸਨ ਅਤੇ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਓਹਨਾਂ ਦੇ ਸਖਤੀ ਕਰਨ ਵਾਲੇ ਬਲਵੰਤ ਸਨ।”—ਉਪਦੇਸ਼ਕ ਦੀ ਪੋਥੀ 4:1.
ਅੱਜ ਵੀ ਕੁਝ ਬਦਲਿਆ ਨਹੀਂ ਹੈ। 2009 ਵਿਚ, ਸੰਯੁਕਤ ਰਾਸ਼ਟਰ-ਸੰਘ ਦੇ ਪ੍ਰਕਾਸ਼ਨ ਨੇ ਦੱਸਿਆ ਕਿ ਅੱਜ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ “ਦੁਨੀਆਂ ਦੀਆਂ ਸਮੱਸਿਆਵਾਂ ਦੀ ਇਕ ਜੜ੍ਹ ਹੈ, ਬੁਰੀ ਹਕੂਮਤ।”
ਕਦਮ ਚੁੱਕਣ ਦਾ ਵੇਲਾ!
ਅੱਜ ਦੁਨੀਆਂ ਨੂੰ ਚੰਗੇ ਰਾਜੇ ਤੇ ਚੰਗੀ ਸਰਕਾਰ ਦੀ ਲੋੜ ਹੈ। ਸਾਡੇ ਸ੍ਰਿਸ਼ਟੀਕਰਤਾ ਨੇ ਇਹੀ ਵਾਅਦਾ ਕੀਤਾ ਹੈ ਕਿ ਉਹ ਇਸ ਦਾ ਪ੍ਰਬੰਧ ਕਰੇਗਾ।
ਦੁਨੀਆਂ ਦੀਆਂ ਚੰਗੀਆਂ ਸਰਕਾਰਾਂ ਵੀ ਇਨਸਾਨਾਂ ਦੀਆਂ ਵੱਡੀਆਂ-ਵੱਡੀਆਂ ਮੁਸ਼ਕਲਾਂ ਹੱਲ ਨਹੀਂ ਕਰ ਸਕੀਆਂ
ਰੱਬ ਆਪਣੀ ਸਰਕਾਰ ਯਾਨੀ ਰਾਜ ਸਥਾਪਿਤ ਕਰ ਚੁੱਕਾ ਹੈ ਜੋ ਇਨਸਾਨੀ ਸਰਕਾਰਾਂ ਦੀ ਜਗ੍ਹਾ ਲੈ ਲਵੇਗਾ ਅਤੇ “ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਇਹ ਉਹੀ ਰਾਜ ਹੈ ਜਿਸ ਬਾਰੇ ਲੱਖਾਂ ਲੋਕ ਪ੍ਰਾਰਥਨਾ ਕਰਦੇ ਆਏ ਹਨ। (ਮੱਤੀ 6:9, 10) ਪਰ ਰੱਬ ਆਪ ਇਸ ਰਾਜ ਦਾ ਰਾਜਾ ਨਹੀਂ ਹੋਵੇਗਾ। ਇਸ ਦੀ ਬਜਾਇ, ਉਸ ਨੇ ਰਾਜੇ ਵਜੋਂ ਇਕ ਅਜਿਹਾ ਸ਼ਖ਼ਸ ਚੁਣਿਆ ਹੈ ਜੋ ਇਨਸਾਨ ਵਜੋਂ ਧਰਤੀ ʼਤੇ ਰਹਿ ਚੁੱਕਾ ਹੈ। ਰੱਬ ਨੇ ਕਿਸ ਨੂੰ ਚੁਣਿਆ ਹੈ?