ਪਰਮੇਸ਼ੁਰ ਦਾ ਰਾਜ ਧਰਤੀ ʼਤੇ ਕਦੋਂ ਆਵੇਗਾ?
ਯਿਸੂ ਦੇ ਚੇਲੇ ਜਾਣਨਾ ਚਾਹੁੰਦੇ ਸਨ ਕਿ ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ। ਯਿਸੂ ਨੇ ਇਹ ਨਹੀਂ ਦੱਸਿਆ ਕਿ ਧਰਤੀ ʼਤੇ ਇਹ ਰਾਜ ਕਦੋਂ ਸ਼ੁਰੂ ਹੋਣਾ ਸੀ। (ਰਸੂਲਾਂ ਦੇ ਕੰਮ 1:6, 7) ਪਰ ਯਿਸੂ ਨੇ ਉਨ੍ਹਾਂ ਨੂੰ ਪਹਿਲਾਂ ਦੱਸਿਆ ਸੀ ਕਿ ਭਵਿੱਖ ਵਿਚ ਕੁਝ ਘਟਨਾਵਾਂ ਹੋਣਗੀਆਂ ਜਿਨ੍ਹਾਂ ਤੋਂ ਉਨ੍ਹਾਂ ਨੂੰ ਪਤਾ ਲੱਗਣਾ ਸੀ ਕਿ “ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ” ਸੀ ਅਤੇ ਇਹ ਜਲਦੀ ਧਰਤੀ ʼਤੇ ਰਾਜ ਕਰਨਾ ਸ਼ੁਰੂ ਕਰੇਗਾ।—ਲੂਕਾ 21:31.
ਯਿਸੂ ਨੇ ਕਿਹੜੀਆਂ ਘਟਨਾਵਾਂ ਬਾਰੇ ਦੱਸਿਆ?
ਯਿਸੂ ਨੇ ਕਿਹਾ: ‘ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਵੱਡੇ-ਵੱਡੇ ਭੁਚਾਲ਼ ਆਉਣਗੇ, ਥਾਂ-ਥਾਂ ਮਹਾਂਮਾਰੀਆਂ ਫੈਲਣਗੀਆਂ ਅਤੇ ਕਾਲ਼ ਪੈਣਗੇ।’ (ਲੂਕਾ 21:10, 11) ਇਨ੍ਹਾਂ ਸਾਰੀਆਂ ਘਟਨਾਵਾਂ ਦਾ ਇਕੱਠੇ ਵਾਪਰਨਾ ਇਸ ਗੱਲ ਦੀ ਪੱਕੀ ਨਿਸ਼ਾਨੀ ਹੋਣੀ ਸੀ ਕਿ “ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।” ਕੀ ਕਦੇ ਇਹ ਘਟਨਾਵਾਂ ਦੁਨੀਆਂ ਵਿਚ ਇਕੱਠੀਆਂ ਵਾਪਰੀਆਂ ਹਨ? ਆਓ ਕੁਝ ਸਬੂਤਾਂ ʼਤੇ ਗੌਰ ਕਰਦੇ ਹਾਂ।
1. ਯੁੱਧ
ਸਾਲ 1914 ਵਿਚ ਅਜਿਹਾ ਵੱਡਾ ਤੇ ਖ਼ਤਰਨਾਕ ਯੁੱਧ ਹੋਇਆ ਜੋ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਹੋਇਆ ਸੀ। ਇਤਿਹਾਸਕਾਰ ਅਕਸਰ ਇਹ ਗੱਲ ਕਹਿੰਦੇ ਹਨ ਕਿ ਸੰਨ 1914 ਵਿਚ ਇਕ ਵੱਡਾ ਮੋੜ ਆਇਆ ਜਦੋਂ ਪਹਿਲੀ ਵਾਰ ਵਿਸ਼ਵ ਯੁੱਧ ਹੋਇਆ। ਇਸ ਯੁੱਧ ਵਿਚ ਪਹਿਲੀ ਵਾਰ ਇੰਨੀ ਵੱਡੀ ਤਾਦਾਦ ਵਿਚ ਟੈਂਕ, ਹਵਾਈ ਬੰਬ, ਮਸ਼ੀਨ ਗੰਨਾਂ, ਜ਼ਹਿਰੀਲੀਆਂ ਗੈਸਾਂ ਅਤੇ ਹੋਰ ਮਾਰੂ ਹਥਿਆਰ ਵਰਤੇ ਗਏ। ਇਸ ਯੁੱਧ ਕਰਕੇ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆ। ਇਸ ਯੁੱਧ ਲਈ ਪਹਿਲੀ ਵਾਰ ਪਰਮਾਣੂ ਬੰਬ ਬਣਾਏ ਗਏ। 1914 ਤੋਂ ਬਾਅਦ ਦੁਨੀਆਂ ਵਿਚ ਕਿਤੇ-ਨਾ-ਕਿਤੇ ਯੁੱਧ ਲੱਗੇ ਹੀ ਰਹਿੰਦੇ ਹਨ ਜਿਨ੍ਹਾਂ ਵਿਚ ਲੱਖਾਂ ਹੀ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ।
2. ਭੁਚਾਲ਼
ਬ੍ਰਿਟੈਨਿਕਾ ਐਕੇਡੈਮਿਕ ਦੱਸਦਾ ਹੈ ਕਿ ਹਰ ਸਾਲ ਲਗਭਗ 100 ਅਜਿਹੇ ਵੱਡੇ ਭੁਚਾਲ਼ ਆਉਂਦੇ ਹਨ ਜਿਨ੍ਹਾਂ ਨਾਲ “ਬਹੁਤ ਤਬਾਹੀ” ਹੁੰਦੀ ਹੈ। ਯੂ. ਐੱਸ. ਜੀਓਲਾਜੀਕਲ ਸਰਵੇ ਸੰਸਥਾ ਦੀ ਰਿਪੋਰਟ ਦੱਸਦੀ ਹੈ: “ਲੰਬੇ ਸਮੇਂ ਦੇ ਰਿਕਾਰਡਾਂ ਮੁਤਾਬਕ (ਲਗਭਗ 1900 ਤੋਂ) ਇਕ ਸਾਲ ਵਿਚ ਲਗਭਗ 16 ਵੱਡੇ ਭੁਚਾਲ਼ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ।” ਕੁਝ ਲੋਕ ਮੰਨਦੇ ਹਨ ਕਿ ਹੁਣ ਨਵੀਂ ਤੋਂ ਨਵੀਂ ਤਕਨਾਲੋਜੀ ਕਰਕੇ ਭੁਚਾਲ਼ ਆਉਣ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਜ਼ਿਆਦਾ ਭੁਚਾਲ਼ ਆਉਂਦੇ ਹਨ। ਚਾਹੇ ਗੱਲ ਜੋ ਮਰਜ਼ੀ ਹੋਵੇ, ਪਰ ਅਸਲੀਅਤ ਤਾਂ ਇਹ ਹੈ ਕਿ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕ ਵੱਡੇ ਭੁਚਾਲ਼ਾਂ ਕਰਕੇ ਦੁੱਖ ਝੱਲ ਰਹੇ ਅਤੇ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ।
3. ਖਾਣੇ ਦੀ ਕਮੀ
ਖਾਣੇ ਦੀ ਕਮੀ ਅਕਸਰ ਯੁੱਧ, ਭ੍ਰਿਸ਼ਟਾਚਾਰ, ਆਰਥਿਕ ਤੰਗੀ, ਖੇਤੀਬਾੜੀ ਮਹਿਕਮੇ ਦੀ ਲਾਪਰਵਾਹੀ ਜਾਂ ਖ਼ਰਾਬ ਮੌਸਮ ਲਈ ਯੋਜਨਾ ਨਾ ਬਣਾਉਣ ਕਰਕੇ ਹੁੰਦੀ ਹੈ। ਵਿਸ਼ਵ ਖ਼ੁਰਾਕ ਪ੍ਰੋਗ੍ਰਾਮ “2018 ਦੀ ਰਿਪੋਰਟ” ਕਹਿੰਦੀ ਹੈ: “ਦੁਨੀਆਂ ਭਰ ਵਿਚ 82 ਕਰੋੜ 10 ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਖਾਣ ਨੂੰ ਬਹੁਤ ਘੱਟ ਮਿਲਦਾ ਹੈ ਅਤੇ 12 ਕਰੋੜ 40 ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਖਾਣਾ ਬਿਲਕੁਲ ਵੀ ਨਹੀਂ ਮਿਲਦਾ।” ਹਰ ਸਾਲ ਲਗਭਗ 31 ਲੱਖ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। 2011 ਵਿਚ ਪੂਰੀ ਦੁਨੀਆਂ ਵਿਚ ਮਰਨ ਵਾਲੇ ਬੱਚਿਆਂ ਵਿੱਚੋਂ ਲਗਭਗ 45 ਪ੍ਰਤਿਸ਼ਤ ਬੱਚੇ ਕੁਪੋਸ਼ਣ ਕਰਕੇ ਮਰੇ।
4. ਬੀਮਾਰੀਆਂ ਅਤੇ ਮਹਾਂਮਾਰੀਆਂ
ਵਿਸ਼ਵ ਸਿਹਤ ਸੰਗਠਨ ਦੇ ਇਕ ਰਸਾਲੇ ਮੁਤਾਬਕ: “21ਵੀਂ ਸਦੀ ਵਿਚ ਵੱਡੀਆਂ-ਵੱਡੀਆਂ ਬੀਮਾਰੀਆਂ ਫੈਲ ਚੁੱਕੀਆਂ ਹਨ। ਪੁਰਾਣੀਆਂ ਬੀਮਾਰੀਆਂ ਫਿਰ ਤੋਂ ਹੋਣ ਲੱਗ ਪਈਆਂ ਹਨ, ਜਿਵੇਂ ਹੈਜ਼ਾ, ਪਲੇਗ ਅਤੇ ਪੀਲਾ ਬੁਖ਼ਾਰ। ਕਈ ਹੋਰ ਨਵੀਆਂ ਬੀਮਾਰੀਆਂ ਵੀ ਸਾਮ੍ਹਣੇ ਆਈਆਂ ਹਨ, ਜਿਵੇਂ ਸਾਰਸ (SARS), ਮਹਾਂਮਾਰੀ ਫਲੂ, ਮੇਰਸ (MERS), ਈਬੋਲਾ ਅਤੇ ਜ਼ੀਕਾ।” ਹਾਲ ਹੀ ਵਿਚ ਕੋਵਿਡ-19 ਮਹਾਂਮਾਰੀ ਫੈਲੀ ਹੈ। ਮੈਡੀਕਲ ਖੇਤਰ ਵਿਚ ਇੰਨੀ ਤਰੱਕੀ ਹੋਣ ਦੇ ਬਾਵਜੂਦ ਵੀ ਡਾਕਟਰ ਸਾਰੀਆਂ ਬੀਮਾਰੀਆਂ ਦੇ ਇਲਾਜ ਨਹੀਂ ਲੱਭ ਸਕੇ।
5. ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ
ਯਿਸੂ ਨੇ ਇਕ ਹੋਰ ਨਿਸ਼ਾਨੀ ਵੱਲ ਧਿਆਨ ਦਿਵਾਇਆ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।” (ਮੱਤੀ 24:14) ਦੁਨੀਆਂ ਦੇ ਇੰਨੇ ਮਾੜੇ ਹਾਲਾਤਾਂ ਦੇ ਬਾਵਜੂਦ ਸਾਰੀਆਂ ਕੌਮਾਂ ਵਿੱਚੋਂ 80 ਲੱਖ ਤੋਂ ਜ਼ਿਆਦਾ ਲੋਕ 240 ਦੇਸ਼ਾਂ ਵਿਚ 1,000 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਐਲਾਨ ਕਰ ਰਹੇ ਹਨ ਕਿ ਪਰਮੇਸ਼ੁਰ ਦਾ ਰਾਜ ਆ ਚੁੱਕਾ ਹੈ। ਮਨੁੱਖੀ ਇਤਿਹਾਸ ਵਿਚ ਅੱਜ ਤਕ ਪਹਿਲਾਂ ਕਦੇ ਇਹ ਕੰਮ ਨਹੀਂ ਹੋਇਆ।
ਇਨ੍ਹਾਂ ਨਿਸ਼ਾਨੀਆਂ ਦਾ ਸਾਡੇ ਲਈ ਕੀ ਮਤਲਬ ਹੈ?
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਯਿਸੂ ਨੇ ਜਿਹੜੀਆਂ ਨਿਸ਼ਾਨੀਆਂ ਦੱਸੀਆਂ ਸਨ, ਉਹ ਅੱਜ ਪੂਰੀਆਂ ਹੋ ਰਹੀਆਂ ਹਨ। ਸਾਨੂੰ ਇਨ੍ਹਾਂ ਨਿਸ਼ਾਨੀਆਂ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ? ਯਿਸੂ ਦੇ ਸ਼ਬਦਾਂ ਨੂੰ ਯਾਦ ਕਰੋ: “ਜਦੋਂ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ, ਤਾਂ ਸਮਝ ਜਾਣਾ ਕਿ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।”—ਲੂਕਾ 21:31.
ਜਲਦੀ ਹੀ ਇਹ ਰਾਜ ਧਰਤੀ ʼਤੇ ਰੱਬ ਦੀ ਇੱਛਾ ਪੂਰੀ ਕਰੇਗਾ
ਇਹ ਭਵਿੱਖਬਾਣੀ ਕਦੋਂ ਪੂਰੀ ਹੋਣੀ ਸ਼ੁਰੂ ਹੋਈ? ਯਿਸੂ ਦੁਆਰਾ ਦੱਸੀਆਂ ਨਿਸ਼ਾਨੀਆਂ ਦਾ ਪੂਰਾ ਹੋਣਾ ਅਤੇ ਬਾਈਬਲ ਵਿਚ ਦਿੱਤੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਰੱਬ ਨੇ 1914a ਵਿਚ ਸਵਰਗ ਵਿਚ ਆਪਣਾ ਰਾਜ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਰਾਜੇ ਵਜੋਂ ਚੁਣਿਆ। (ਜ਼ਬੂਰਾਂ ਦੀ ਪੋਥੀ 2:2, 4, 6-9) ਜਲਦੀ ਹੀ ਪਰਮੇਸ਼ੁਰ ਦਾ ਰਾਜ ਧਰਤੀ ʼਤੇ ਸ਼ੁਰੂ ਹੋਵੇਗਾ ਅਤੇ ਸਾਰੀਆਂ ਇਨਸਾਨੀ ਸਰਕਾਰਾਂ ਦਾ ਨਾਸ਼ ਕਰ ਦੇਵੇਗਾ। ਫਿਰ ਧਰਤੀ ਨੂੰ ਬਾਗ਼ ਵਰਗੀ ਬਣਾਇਆ ਜਾਵੇਗਾ ਅਤੇ ਇਨਸਾਨ ਇਸ ਉੱਤੇ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ।
ਛੇਤੀ ਹੀ ਯਿਸੂ ਦੀ ਸਿਖਾਈ ਪ੍ਰਾਰਥਨਾ ਦੇ ਸ਼ਬਦ ਪੂਰੇ ਹੋਣਗੇ: “ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:10) ਇਹ ਰਾਜ 1914 ਵਿਚ ਸਥਾਪਿਤ ਹੋਇਆ, ਪਰ ਉਦੋਂ ਤੋਂ ਇਹ ਕੀ ਕਰ ਰਿਹਾ ਹੈ? ਇਸ ਰਾਜ ਅਧੀਨ ਅਸੀਂ ਕਿਹੜੀਆਂ ਗੱਲਾਂ ਪੂਰੀਆਂ ਹੋਣ ਦੀ ਉਮੀਦ ਰੱਖ ਸਕਦੇ ਹਾਂ?
a ਸਾਲ 1914 ਬਾਰੇ ਹੋਰ ਜਾਣਕਾਰੀ ਲੈਣ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦਾ 32 ਪਾਠ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।