ਪ੍ਰਚਾਰ ਕਰ ਕੇ ਅਸੀਂ ਪਰਮੇਸ਼ੁਰ ਲਈ ਪਿਆਰ ਜ਼ਾਹਰ ਕਰਦੇ ਹਾਂ
1. ਯਹੋਵਾਹ ਨਾਲ ਪਿਆਰ ਹੋਣ ਸਦਕਾ ਯਿਸੂ ਨੇ ਕੀ ਕੀਤਾ?
1 ਯਿਸੂ ਪਿਆਰ ਦੀ ਖ਼ਾਤਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਸੀ। ਉਸ ਨੇ ਆਪਣੀ ਸੇਵਕਾਈ ਦੌਰਾਨ ਜੋ ਵੀ ਕੀਤਾ, ਉਸ ਤੋਂ ਯਹੋਵਾਹ ਲਈ ਉਸ ਦੇ ਪਿਆਰ ਦਾ ਸ਼ਾਨਦਾਰ ਸਬੂਤ ਮਿਲਦਾ ਹੈ। ਯਿਸੂ ਨੇ ਕਿਹਾ: “ਇਸ ਲਈ ਜੋ ਜਗਤ ਨੂੰ ਮਲੂਮ ਹੋਵੇ ਭਈ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, ਤਾਂ ਜਿਵੇਂ ਪਿਤਾ ਨੇ ਮੈਨੂੰ ਆਗਿਆ ਦਿੱਤੀ ਹੈ ਮੈਂ ਤਿਵੇਂ ਕਰਦਾ ਹਾਂ।” (ਯੂਹੰ. 14:31) ਯਿਸੂ ਦੇ ਚੇਲੇ ਹੋਣ ਦੇ ਨਾਤੇ, ਸਾਨੂੰ ਵੀ ਪ੍ਰਚਾਰ ਦੇ ਜ਼ਰੀਏ ਯਹੋਵਾਹ ਲਈ ਗੂੜ੍ਹਾ ਪਿਆਰ ਦਿਖਾਉਣ ਦਾ ਸਨਮਾਨ ਮਿਲਿਆ ਹੈ।—ਮੱਤੀ 22:37; ਅਫ਼. 5:1, 2.
2. ਯਹੋਵਾਹ ਲਈ ਪਿਆਰ ਸਾਡੀ ਸੇਵਕਾਈ ʼਤੇ ਕਿਹੋ ਜਿਹਾ ਅਸਰ ਪਾਉਂਦਾ ਹੈ?
2 “ਤੇਰਾ ਨਾਮ ਪਾਕ ਮੰਨਿਆ ਜਾਵੇ”: ਜਦੋਂ ਅਸੀਂ ਲੋਕਾਂ ਨੂੰ ਯਹੋਵਾਹ ਤੇ ਉਸ ਦੇ ਰਾਜ ਬਾਰੇ ਜੋਸ਼ ਨਾਲ ਦੱਸਣ ਲਈ ਹਰ ਮੌਕੇ ਦਾ ਲਾਹਾ ਲੈਂਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਬਹੁਤ ਪਿਆਰ ਕਰਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦਾ ਨਾਂ ਵੀ ਰੌਸ਼ਨ ਕਰਦੇ ਹਾਂ। (ਜ਼ਬੂ. 83:18; ਹਿਜ਼. 36:23; ਮੱਤੀ 6:9) ਯਿਸੂ ਵਾਂਗ ਅਸੀਂ ਵੀ ਬਾਕਾਇਦਾ ਪ੍ਰਚਾਰ ਵਿਚ ਹਿੱਸਾ ਲੈ ਕੇ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦਾ ਨਾਂ ਉੱਚਾ ਕਰਨ ਅਤੇ ਉਸ ਦੀ ਮਰਜ਼ੀ ਪੂਰੀ ਕਰਨ ਦੇ ਚਾਹਵਾਨ ਹਾਂ।—ਮੱਤੀ 26:39.
3. ਯਹੋਵਾਹ ਲਈ ਪਿਆਰ ਕਿਹੜੇ ਤਰੀਕੇ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਦਾ ਹੈ?
3 ਪਿਆਰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਪ੍ਰੇਰਦਾ ਹੈ: ਯਹੋਵਾਹ ਨਾਲ ਪਿਆਰ ਹੋਣ ਕਰਕੇ ਅਸੀਂ ਹਰ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹਾਂ। (1 ਕੁਰਿੰ. 13:4, 7) ਪ੍ਰਚਾਰ ਕਰਦਿਆਂ ਯਿਸੂ ਨੂੰ ਕਈ ਮੁਸ਼ਕਲਾਂ ਆਈਆਂ ਜੋ ਉਸ ਨੂੰ ਪ੍ਰਚਾਰ ਕਰਨ ਤੋਂ ਰੋਕ ਸਕਦੀਆਂ ਸਨ। ਪਰ ਉਸ ਨੇ ਹਰ ਮੁਸ਼ਕਲ ਦਾ ਸਾਮ੍ਹਣਾ ਕੀਤਾ ਕਿਉਂਕਿ ਉਹ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਉਸ ਦੀ ਮਰਜ਼ੀ ਪੂਰੀ ਕਰਨੀ ਚਾਹੁੰਦਾ ਸੀ। (ਮਰ. 3:21; 1 ਪਤ. 2:18-23) ਅਸੀਂ ਵੀ ਕਈ ਔਕੜਾਂ ਦਾ ਸਾਮ੍ਹਣਾ ਕਰਦੇ ਹਾਂ ਜਿਨ੍ਹਾਂ ਨੂੰ ਪਾਰ ਕਰਨ ਵਿਚ ਪਰਮੇਸ਼ੁਰ ਲਈ ਪਿਆਰ ਸਾਡੀ ਮਦਦ ਕਰ ਸਕਦਾ ਹੈ। ਯਿਸੂ ਦੀ ਵਧੀਆ ਮਿਸਾਲ ʼਤੇ ਚੱਲ ਕੇ ਸਾਡਾ ਆਤਮ-ਵਿਸ਼ਵਾਸ ਵਧੇਗਾ ਤੇ ਅਸੀਂ ਜੋਸ਼ ਨਾਲ ਪ੍ਰਚਾਰ ਕਰਦੇ ਰਹਾਂਗੇ। ਭਾਵੇਂ ਘਰਦਿਆਂ ਦੇ ਵਿਰੋਧ, ਮਾੜੀ ਸਿਹਤ, ਬੁਢਾਪੇ, ਸੇਵਕਾਈ ਵਿਚ ਲੋਕਾਂ ਦੇ ਵਿਰੋਧ ਜਾਂ ਉਨ੍ਹਾਂ ਦੁਆਰਾ ਸਾਡੀ ਗੱਲ ਨਾ ਸੁਣਨ ਕਰਕੇ ਸਾਡੇ ʼਤੇ ਅਸਰ ਪੈ ਸਕਦਾ ਹੈ, ਫਿਰ ਵੀ ਅਸੀਂ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰਨ ਦੇ ਜ਼ਰੀਏ ਯਹੋਵਾਹ ਨੂੰ ਪਿਆਰ ਕਰਨ ਤੋਂ ਨਹੀਂ ਹਟਾਂਗੇ।
4. ਸਾਡੇ ਕੋਲ ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰਨ ਦਾ ਕਿਹੜਾ ਸਨਮਾਨ ਹੈ?
4 ਪਿਆਰ ਵਿਚ ਬਹੁਤ ਤਾਕਤ ਹੈ ਅਤੇ ਸਾਨੂੰ ਪ੍ਰਚਾਰ ਕਰਦਿਆਂ ਯਹੋਵਾਹ ਲਈ ਆਪਣਾ ਗੂੜ੍ਹਾ ਪਿਆਰ ਜ਼ਾਹਰ ਕਰਨ ਦੀ ਇਹ ਕਾਬਲੀਅਤ ਮਿਲੀ ਹੋਈ ਹੈ ਜੋ ਕਿ ਸਾਡੇ ਲਈ ਵਧੀਆ ਸਨਮਾਨ ਹੈ। (1 ਕੁਰਿੰ. 13:13) ਜਿਉਂ-ਜਿਉਂ ਉਹ ਸਮਾਂ ਨੇੜੇ ਆ ਰਿਹਾ ਹੈ ਜਦੋਂ ਯਹੋਵਾਹ ਦਾ ਨਾਂ ਹਮੇਸ਼ਾ ਲਈ ਪਾਕ ਮੰਨਿਆ ਜਾਵੇਗਾ, ਤਿਉਂ-ਤਿਉਂ ਆਓ ਅਸੀਂ ‘ਆਪਣਾ ਪ੍ਰੇਮ ਹੋਰ ਤੋਂ ਹੋਰ ਵਧਾਉਂਦੇ ਚਲੇ ਜਾਈਏ।’—ਫ਼ਿਲਿ. 1:9; ਮੱਤੀ 22:36-38.