ਜੋਸ਼ੀਲੇ ਸੇਵਕਾਂ ਲਈ ਪ੍ਰਾਰਥਨਾ ਅਤੇ ਮਨਨ ਕਰਨਾ ਜ਼ਰੂਰੀ ਹੈ
1. ਯਿਸੂ ਪ੍ਰਚਾਰ ਕਰਨ ਵਿਚ ਆਪਣਾ ਧਿਆਨ ਕਿਵੇਂ ਲਗਾਈ ਰੱਖ ਸਕਿਆ?
1 ਯਿਸੂ ਨੇ ਰੋਗੀਆਂ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਸਨ ਚੰਗਾ ਕਰਨ ਵਿਚ ਸਾਰੀ ਸ਼ਾਮ ਬਿਤਾ ਦਿੱਤੀ। ਅਗਲੇ ਦਿਨ ਉਸ ਦੇ ਚੇਲਿਆਂ ਨੇ ਉਸ ਨੂੰ ਲੱਭ ਕੇ ਕਿਹਾ: “ਤੈਨੂੰ ਸੱਭੇ ਭਾਲਦੇ ਹਨ।” ਲੋਕ ਚਾਹੁੰਦੇ ਸਨ ਕਿ ਯਿਸੂ ਹੋਰ ਵੀ ਚਮਤਕਾਰ ਕਰੇ। ਪਰ ਯਿਸੂ ਦਾ ਸਾਰਾ ਧਿਆਨ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਉੱਤੇ ਲੱਗਾ ਹੋਇਆ ਸੀ। ਉਸ ਨੇ ਜਵਾਬ ਦਿੱਤਾ: “ਆਓ, ਕਿਸੇ ਹੋਰ ਪਾਸੇ ਨੇੜੇ ਦੇ ਨਗਰਾਂ ਵਿੱਚ ਚਲੀਏ ਜੋ ਮੈਂ ਉੱਥੇ ਭੀ ਪਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਨਿੱਕਲਿਆ ਹਾਂ।” ਯਿਸੂ ਆਪਣਾ ਪੂਰਾ ਧਿਆਨ ਪ੍ਰਚਾਰ ʼਤੇ ਲਗਾਉਣ ਵਿਚ ਕਿੱਦਾਂ ਸਫ਼ਲ ਹੋਇਆ? ਬਾਈਬਲ ਕਹਿੰਦੀ ਹੈ ਕਿ ਉਹ ਤੜਕੇ ਉੱਠ ਕੇ ਬਾਹਰ ਪ੍ਰਾਰਥਨਾ ਕਰਨ ਗਿਆ। (ਮਰ. 1:32-39) ਜੋਸ਼ ਨਾਲ ਪ੍ਰਚਾਰ ਕਰਨ ਵਿਚ ਪ੍ਰਾਰਥਨਾ ਰਾਹੀਂ ਸਾਡੀ ਮਦਦ ਕਿਵੇਂ ਹੋ ਸਕਦੀ ਹੈ?
2. ਪ੍ਰਚਾਰ ਦੇ ਕੰਮ ਵਿਚ ਜੋਸ਼ ਬਰਕਰਾਰ ਰੱਖਣ ਲਈ ਅਸੀਂ ਕਿਨ੍ਹਾਂ ਗੱਲਾਂ ਬਾਰੇ ਸੋਚ ਸਕਦੇ ਹਾਂ?
2 ਕਿਨ੍ਹਾਂ ਗੱਲਾਂ ʼਤੇ ਮਨਨ ਕਰੀਏ? ਯਿਸੂ ਨੇ ਦੇਖਿਆ ਕਿ ਲੋਕ ਉਨ੍ਹਾਂ ‘ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।’ (ਮੱਤੀ 9:36) ਇਸੇ ਤਰ੍ਹਾਂ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਲੋਕਾਂ ਨੂੰ ਖ਼ੁਸ਼ ਖ਼ਬਰੀ ਦੀ ਕਿੰਨੀ ਜ਼ਰੂਰਤ ਹੈ। ਸਾਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸਮਾਂ ਕਿੰਨਾ ਥੋੜ੍ਹਾ ਰਹਿੰਦਾ ਹੈ। (1 ਕੁਰਿੰ. 7:29) ਅਸੀਂ ਯਹੋਵਾਹ ਦੇ ਕੰਮਾਂ ਅਤੇ ਉਸ ਦੇ ਗੁਣਾਂ, ਉਸ ਦੇ ਗਵਾਹ ਹੋਣ ਦੇ ਸਨਮਾਨ ਅਤੇ ਬਾਈਬਲ ਵਿੱਚੋਂ ਸਿੱਖੀਆਂ ਅਨਮੋਲ ਸੱਚਾਈਆਂ ʼਤੇ ਗੌਰ ਕਰ ਸਕਦੇ ਹਾਂ ਜਿਨ੍ਹਾਂ ਬਾਰੇ ਸਾਡੇ ਇਲਾਕੇ ਵਿਚ ਲੋਕ ਅਣਜਾਣ ਹਨ।—ਜ਼ਬੂ. 77:11-13; ਯਸਾ. 43:10-12; ਮੱਤੀ 13:52.
3. ਅਸੀਂ ਮਨਨ ਕਦੋਂ ਕਰ ਸਕਦੇ ਹਾਂ?
3 ਕਦੋਂ ਮਨਨ ਕਰੀਏ? ਯਿਸੂ ਦੀ ਤਰ੍ਹਾਂ ਕਈ ਭੈਣ-ਭਰਾ ਸਵੇਰੇ-ਸਵੇਰੇ ਉੱਠਦੇ ਹਨ ਜਦੋਂ ਸਾਰੇ ਪਾਸੇ ਸ਼ਾਂਤੀ ਹੁੰਦੀ ਹੈ। ਕਈ ਸੌਣ ਤੋਂ ਪਹਿਲਾਂ ਸ਼ਾਮ ਨੂੰ ਮਨਨ ਕਰਦੇ ਹਨ। (ਉਤ. 24:63) ਕੰਮਾਂ ਵਿਚ ਰੁੱਝੇ ਹੋਣ ਦੇ ਬਾਵਜੂਦ ਵੀ ਅਸੀਂ ਮਨਨ ਕਰਨ ਲਈ ਸਮਾਂ ਕੱਢ ਸਕਦੇ ਹਾਂ। ਕੁਝ ਭੈਣ-ਭਰਾ ਬੱਸ ਜਾਂ ਰੇਲ-ਗੱਡੀ ਵਿਚ ਸਫ਼ਰ ਕਰਦਿਆਂ ਮਨਨ ਕਰਦੇ ਹਨ। ਕਈ ਅੱਧੀ ਛੁੱਟੀ ਦੌਰਾਨ ਸ਼ਾਂਤ ਜਗ੍ਹਾ ਵਿਚ ਇਸ ਤਰ੍ਹਾਂ ਕਰਦੇ ਹਨ। ਦੂਸਰੇ ਭੈਣ-ਭਰਾ ਪ੍ਰਚਾਰ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਪਲਾਂ ਲਈ ਮਨਨ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਹੋਰ ਜ਼ਿਆਦਾ ਜੋਸ਼ ਅਤੇ ਹਿੰਮਤ ਮਿਲਦੀ ਹੈ।
4. ਸਾਨੂੰ ਮਨਨ ਕਿਉਂ ਕਰਨਾ ਚਾਹੀਦਾ ਹੈ?
4 ਪ੍ਰਾਰਥਨਾ ਅਤੇ ਮਨਨ ਕਰਨ ਦੇ ਕੀ ਫ਼ਾਇਦੇ ਹਨ? ਇਸ ਨਾਲ ਯਹੋਵਾਹ ਦੀ ਸੇਵਾ ਕਰਨ ਦੀ ਸਾਡੀ ਇੱਛਾ ਹੋਰ ਵੀ ਵਧੇਗੀ, ਅਸੀਂ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਵਾਂਗੇ ਅਤੇ ਪ੍ਰਚਾਰ ਕਰਦੇ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਮਜ਼ਬੂਤ ਹੋਵੇਗਾ। ਪਰਮੇਸ਼ੁਰ ਦੇ ਮੁੱਖ ਸੇਵਕ ਯਿਸੂ ਨੂੰ ਪ੍ਰਾਰਥਨਾ ਤੇ ਮਨਨ ਕਰਨ ਤੋਂ ਬਹੁਤ ਫ਼ਾਇਦਾ ਹੋਇਆ ਤੇ ਸਾਨੂੰ ਵੀ ਹੋ ਸਕਦਾ ਹੈ।