ਨਬੀਆਂ ਦੀ ਮਿਸਾਲ ਉੱਤੇ ਚੱਲੋ—ਯੋਏਲ
1. ਪ੍ਰਚਾਰ ਕਰਦਿਆਂ ਅਸੀਂ ਯੋਏਲ ਦੀ ਨਿਮਰਤਾ ਦੀ ਰੀਸ ਕਿਵੇਂ ਕਰ ਸਕਦੇ ਹਾਂ?
1 ਯੋਏਲ ਨਬੀ ਕੌਣ ਸੀ? ਉਸ ਨੇ ਸਿਰਫ਼ ਇਹੀ ਦੱਸਿਆ ਕਿ ਉਹ ‘ਪਥੂਏਲ ਦਾ ਪੁੱਤ੍ਰ’ ਸੀ। (ਯੋਏ. 1:1) ਇਸ ਨਿਮਰ ਨਬੀ ਨੇ ਆਪਣੇ ਵੱਲ ਧਿਆਨ ਖਿੱਚਣ ਦੀ ਬਜਾਇ ਯਹੋਵਾਹ ਦੇ ਸੰਦੇਸ਼ ਉੱਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਪ੍ਰਚਾਰ ਵਿਚ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਬਜਾਇ ਅਸੀਂ ਵੀ ਉਨ੍ਹਾਂ ਦਾ ਧਿਆਨ ਯਹੋਵਾਹ ਅਤੇ ਬਾਈਬਲ ਵੱਲ ਲਾਉਂਦੇ ਹਾਂ। (1 ਕੁਰਿੰ. 9:16; 2 ਕੁਰਿੰ. 3:5) ਇਸ ਦੇ ਨਾਲ-ਨਾਲ ਸਾਨੂੰ ਵੀ ਇਸ ਸੰਦੇਸ਼ ਤੋਂ ਹੌਸਲਾ ਮਿਲਦਾ ਹੈ। ਅੱਜ ਅਸੀਂ ਯੋਏਲ ਦੀ ਭਵਿੱਖਬਾਣੀ ਤੋਂ ਕਿਵੇਂ ਜੋਸ਼ ਅਤੇ ਉਮੀਦ ਪਾ ਸਕਦੇ ਹਾਂ?
2. ਇਹ ਜਾਣਦੇ ਹੋਏ ਕਿ ਯਹੋਵਾਹ ਦਾ ਦਿਨ ਨੇੜੇ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ?
2 “ਯਹੋਵਾਹ ਦਾ ਦਿਨ ਤਾਂ ਨੇੜੇ ਹੈ।” (ਯੋਏ. 1:15): ਭਾਵੇਂ ਇਹ ਸ਼ਬਦ ਸਦੀਆਂ ਪਹਿਲਾਂ ਲਿਖੇ ਗਏ ਸਨ, ਪਰ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਦੋਂ ਅਸੀਂ ਇਸ ਭਵਿੱਖਬਾਣੀ ਦੀ ਆਖ਼ਰੀ ਪੂਰਤੀ ਦੇਖਾਂਗੇ। ਦੁਨੀਆਂ ਦੇ ਹਾਲਾਤ ਦਿਨ-ਬਦਿਨ ਵਿਗੜ ਰਹੇ ਹਨ ਅਤੇ ਪ੍ਰਚਾਰ ਕਰਦਿਆਂ ਲੋਕ ਸਾਡੀ ਗੱਲ ਨਹੀਂ ਸੁਣਦੇ ਅਤੇ ਸਾਡਾ ਮਜ਼ਾਕ ਉਡਾਉਂਦੇ ਹਨ। ਇਹ ਸਾਰਾ ਕੁਝ ਇਸ ਗੱਲ ਦਾ ਸਬੂਤ ਹੈ ਕਿ ਇਸ ਦੁਸ਼ਟ ਦੁਨੀਆਂ ਦਾ ਅੰਤ ਨੇੜੇ ਹੈ। (2 ਤਿਮੋ. 3:1-5; 2 ਪਤ. 3:3, 4) ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਅੰਤ ਨੇੜੇ ਹੈ, ਤਾਂ ਸਾਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਕੰਮ ਨੂੰ ਪਹਿਲੀ ਥਾਂ ਦੇਣੀ ਚਾਹੀਦੀ ਹੈ।—2 ਪਤ. 3:11, 12.
3. ਜਿੱਦਾਂ-ਜਿੱਦਾਂ ਮਹਾਂਕਸ਼ਟ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਾਡੇ ਲਈ ਪ੍ਰਚਾਰ ਕਰਨਾ ਕਿਉਂ ਜ਼ਰੂਰੀ ਹੈ?
3 “ਯਹੋਵਾਹ ਆਪਣੀ ਪਰਜਾ ਲਈ ਓਟ” ਹੋਵੇਗਾ। (ਯੋਏ. 3:16): ਇਸ ਆਇਤ ਵਿਚ ਜਿੱਥੇ ‘ਕੰਬਣ’ ਦਾ ਜ਼ਿਕਰ ਕੀਤਾ ਗਿਆ ਹੈ, ਇਹ ਸਿਰਫ਼ ਉਸ ਸਮੇਂ ਬਾਰੇ ਹੈ ਜਦੋਂ ਯਹੋਵਾਹ ਮਹਾਂਕਸ਼ਟ ਦੌਰਾਨ ਨਿਆਂ ਕਰੇਗਾ। ਸਾਨੂੰ ਇਸ ਗੱਲ ਤੋਂ ਹੌਸਲਾ ਮਿਲਦਾ ਹੈ ਕਿ ਉਸ ਸਮੇਂ ਦੌਰਾਨ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਚਾਵੇਗਾ। (ਪ੍ਰਕਾ. 7:9, 14) ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਅਤੇ ਆਪਣੀ ਰੋਜ਼ ਦੀ ਜ਼ਿੰਦਗੀ ਵਿਚ ਦੇਖਦੇ ਹਾਂ ਕਿ ਯਹੋਵਾਹ ਸਾਨੂੰ ਸੰਭਾਲਦਾ ਤੇ ਤਾਕਤ ਦਿੰਦਾ ਹੈ, ਤਾਂ ਸਾਡੀ ਨਿਹਚਾ ਪੱਕੀ ਹੁੰਦੀ ਹੈ ਅਤੇ ਅਸੀਂ ਧੀਰਜ ਰੱਖਣਾ ਸਿੱਖਦੇ ਹਾਂ। ਇਹ ਗੱਲਾਂ ਮਹਾਂਕਸ਼ਟ ਦੌਰਾਨ ਸਾਡੀ ਮਦਦ ਕਰਨਗੀਆਂ।
4. ਅਸੀਂ ਖ਼ੁਸ਼ੀ ਕਿਉਂ ਮਨਾ ਸਕਦੇ ਹਾਂ ਅਤੇ ਪੂਰੇ ਭਰੋਸੇ ਨਾਲ ਭਵਿੱਖ ਦੀ ਉਡੀਕ ਕਿਉਂ ਕਰ ਸਕਦੇ ਹਾਂ?
4 ਭਾਵੇਂ ਕਈਆਂ ਨੂੰ ਲੱਗਦਾ ਹੈ ਕਿ ਯੋਏਲ ਦੀ ਭਵਿੱਖਬਾਣੀ ਨਿਰਾਸ਼ਾ ਭਰੀ ਹੈ, ਪਰ ਇਸ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਛੁਟਕਾਰੇ ਦੀ ਉਮੀਦ ਦਿੱਤੀ ਗਈ ਹੈ। (ਯੋਏ. 2:32) ਤਾਂ ਫਿਰ ਕਿਉਂ ਨਾ ਆਪਾਂ ਪੂਰੇ ਭਰੋਸੇ ਨਾਲ ਭਵਿੱਖ ਦੀ ਉਡੀਕ ਕਰੀਏ ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਜੋਸ਼ ਨਾਲ ਪ੍ਰਚਾਰ ਕਰੀਏ। ਇਸ ਤਰ੍ਹਾਂ ਕਰਦੇ ਹੋਏ ਆਓ ਅਸੀਂ ਯੋਏਲ 2:23 ਦੀਆਂ ਗੱਲਾਂ ਵੱਲ ਧਿਆਨ ਦੇਈਏ: “ਯਹੋਵਾਹ ਆਪਣੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਓ ਅਤੇ ਅਨੰਦ ਹੋਵੋ!”