ਨਬੀਆਂ ਦੀ ਮਿਸਾਲ ਉੱਤੇ ਚੱਲੋ—ਮੀਕਾਹ
1. ਮੀਕਾਹ ਦੇ ਮਨ ਵਿਚ ਸ਼ਾਇਦ ਕਿਹੜਾ ਸਵਾਲ ਆਇਆ ਹੋਣਾ, ਪਰ ਉਸ ਦਾ ਪ੍ਰਚਾਰ ਦਾ ਕੰਮ ਵਿਅਰਥ ਕਿਉਂ ਨਹੀਂ ਗਿਆ?
1 ਇਜ਼ਰਾਈਲ ਤੇ ਯਹੂਦਾਹ ਦੇ ਖ਼ਿਲਾਫ਼ ਯਹੋਵਾਹ ਦਾ ਨਿਆਂ ਸੁਣਾਉਂਦੇ ਹੋਏ ਸ਼ਾਇਦ ਮੀਕਾਹ ਦੇ ਮਨ ਵਿਚ ਇਹ ਸਵਾਲ ਆਇਆ ਹੋਣਾ: ‘ਇਨ੍ਹਾਂ ਦੁਸ਼ਟ ਰਾਜਾਂ ਦਾ ਅੰਤ ਕਦੋਂ ਹੋਵੇਗਾ?’ ਪਰ ਮੀਕਾਹ ਦਾ ਪ੍ਰਚਾਰ ਦਾ ਕੰਮ ਵਿਅਰਥ ਨਹੀਂ ਗਿਆ। ਮੀਕਾਹ ਦੇ ਜੀਉਂਦੇ-ਜੀ 740 ਈਸਵੀ ਪੂਰਵ ਵਿਚ ਸਾਮਰਿਯਾ ਦੇ ਖ਼ਿਲਾਫ਼ ਕਹੇ ਯਹੋਵਾਹ ਦੇ ਸ਼ਬਦ ਪੂਰੇ ਹੋਏ। (ਮੀਕਾ. 1:6, 7) ਫਿਰ 607 ਈਸਵੀ ਪੂਰਵ ਵਿਚ ਯਰੂਸ਼ਲਮ ਨੂੰ ਨਾਸ਼ ਕੀਤਾ ਗਿਆ। (ਮੀਕਾ. 3:12) ਅੱਜ ਯਹੋਵਾਹ ਦੇ ਹੱਥੋਂ ਦੁਸ਼ਟ ਦੁਨੀਆਂ ਦੇ ਨਾਸ਼ ਨੂੰ ਉਡੀਕਦੇ ਹੋਏ ਅਸੀਂ ਮੀਕਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?
2. ਯਹੋਵਾਹ ਦੇ ਦਿਨ ਦੀ ਉਡੀਕ ਕਰਦਿਆਂ ਅਸੀਂ ਧੀਰਜ ਕਿਵੇਂ ਦਿਖਾ ਸਕਦੇ ਹਾਂ ਤੇ ਕਿਉਂ?
2 ਧੀਰਜ ਰੱਖੋ: ਮੀਕਾਹ ਨੇ ਲਿਖਿਆ: “ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ, ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।” (ਮੀਕਾ. 7:7) ਮੀਕਾਹ ਹੱਥ ʼਤੇ ਹੱਥ ਧਰ ਕੇ ਅੰਤ ਆਉਣ ਦੀ ਉਡੀਕ ਨਹੀਂ ਕਰਦਾ ਰਿਹਾ। ਉਹ ਯਹੋਵਾਹ ਦੇ ਨਬੀ ਵਜੋਂ ਆਪਣਾ ਕੰਮ ਕਰਦਾ ਰਿਹਾ। ਸਾਨੂੰ ਯਹੋਵਾਹ ਦੇ ਦਿਨ ਦੀ ਉਡੀਕ ਕਰਦਿਆਂ ਕੀ ਕਰਨਾ ਚਾਹੀਦਾ ਹੈ? ਸਾਨੂੰ “ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਭਗਤੀ ਦੇ ਕੰਮ ਕਰਨੇ ਚਾਹੀਦੇ ਹਨ।” (2 ਪਤ. 3:11, 12) ਯਹੋਵਾਹ ਦੇ ਧੀਰਜ ਕਰਕੇ ਲੋਕਾਂ ਕੋਲ ਤੋਬਾ ਕਰਨ ਦਾ ਸਮਾਂ ਹੈ। (2 ਪਤ. 3:9) ਇਸ ਲਈ ਬਾਈਬਲ ਦੀ ਸਲਾਹ ਮੰਨਦੇ ਹੋਏ ਸਾਨੂੰ ਨਬੀਆਂ ਦੇ ਧੀਰਜ ਦੀ ਨਕਲ ਕਰਨੀ ਚਾਹੀਦੀ ਹੈ।—ਯਾਕੂ. 5:10.
3. ਸਾਨੂੰ ਯਹੋਵਾਹ ਤੋਂ ਪਵਿੱਤਰ ਸ਼ਕਤੀ ਕਿਉਂ ਮੰਗਣੀ ਚਾਹੀਦੀ ਹੈ?
3 ਯਹੋਵਾਹ ਦੀ ਤਾਕਤ ਦਾ ਸਹਾਰਾ ਲਓ: ਭਾਵੇਂ ਕਿ ਮੀਕਾਹ ਨੂੰ ਔਖੀ ਜ਼ਿੰਮੇਵਾਰੀ ਦਿੱਤੀ ਗਈ ਸੀ, ਪਰ ਉਸ ਨੇ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਯਹੋਵਾਹ ਦੀ ਤਾਕਤ ਦਾ ਸਹਾਰਾ ਲਿਆ। (ਮੀਕਾ. 3:8) ਯਹੋਵਾਹ ਜਾਣਦਾ ਹੈ ਕਿ ਸਾਨੂੰ ਵੀ ਉਸ ਦੀ ਤਾਕਤ ਦੀ ਲੋੜ ਹੈ। ਇਸ ਲਈ ਉਸ ਨੇ ਬਾਈਬਲ ਵਿਚ ਸਲਾਹ ਦਿੱਤੀ ਹੈ ਕਿ ਅਸੀਂ ਉਸ ਤੋਂ ਤਾਕਤ ਮੰਗੀਏ। ਉਹ ਖੁੱਲ੍ਹੇ-ਦਿਲ ਨਾਲ ਥੱਕੇ ਹੋਏ ਲੋਕਾਂ ਨੂੰ ਤਾਕਤ ਦਿੰਦਾ ਹੈ ਤਾਂਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਣ। (ਜ਼ਬੂ. 84:5, 7; ਯਸਾ. 40:28-31) ਕੀ ਤੁਹਾਨੂੰ ਵੀ ਪਰਮੇਸ਼ੁਰ ਦੀ ਸੇਵਾ ਕਰਦਿਆਂ ਇਹ ਤਾਕਤ ਮਿਲੀ ਹੈ? ਕੀ ਤੁਸੀਂ ਮਦਦ ਲਈ ਹਰ ਰੋਜ਼ ਯਹੋਵਾਹ ਦੀ ਪਵਿੱਤਰ ਸ਼ਕਤੀ ਮੰਗਦੇ ਹੋ?—ਲੂਕਾ 11:13.
4. ਮੀਕਾਹ ਦੀ ਚੰਗੀ ਮਿਸਾਲ ਤੋਂ ਅੱਜ ਅਸੀਂ ਕੀ ਸਿੱਖਦੇ ਹਾਂ?
4 ਮੀਕਾਹ ਨੇ ਪੂਰੀ ਜ਼ਿੰਦਗੀ ਯਹੋਵਾਹ ਦੀ ਇੱਛਾ ਨੂੰ ਪਹਿਲ ਦਿੱਤੀ। ਆਪਣੇ ਆਲੇ-ਦੁਆਲੇ ਹੁੰਦੇ ਬੁਰੇ ਕੰਮਾਂ ਦੇ ਬਾਵਜੂਦ ਵੀ ਉਸ ਨੇ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। ਇਸੇ ਤਰ੍ਹਾਂ ਹਰ ਰੋਜ਼ ਸਾਡੀ ਵਫ਼ਾਦਾਰੀ ਵੀ ਪਰਖੀ ਜਾਂਦੀ ਹੈ। ਇਸ ਲਈ ਆਓ ਆਪਾਂ ‘ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਣ’ ਦਾ ਪੱਕਾ ਇਰਾਦਾ ਕਰੀਏ।—ਮੀਕਾ. 4:5.