ਜਿੱਦਾਂ ਇਕ ਕੰਪਨੀ ਦਾ ਮਾਲਕ ਆਪਣੇ ਸੈਕਟਰੀ ਤੋਂ ਚਿੱਠੀ ਲਿਖਵਾਉਂਦਾ ਹੈ, ਉੱਦਾਂ ਹੀ ਰੱਬ ਨੇ ਕੁਝ ਨੇਕ ਬੰਦਿਆਂ ਰਾਹੀਂ ਪਵਿੱਤਰ ਲਿਖਤਾਂ ਲਿਖਵਾਈਆਂ
ਰੱਬ ਨੇ ਆਪਣੇ ਵਾਅਦੇ ਕਿੱਥੇ ਲਿਖਵਾਏ ਹਨ?
ਸ਼ੁਰੂ ਤੋਂ ਹੀ ਰੱਬ ਨੇ ਦੂਤਾਂ ਅਤੇ ਨਬੀਆਂ ਰਾਹੀਂ ਇਨਸਾਨਾਂ ਨਾਲ ਗੱਲ ਕੀਤੀ ਹੈ। ਇਸ ਤੋਂ ਇਲਾਵਾ, ਉਸ ਨੇ ਆਪਣੇ ਸੰਦੇਸ਼ ਅਤੇ ਵਾਅਦੇ ਲਿਖਵਾਏ ਵੀ ਹਨ। ਉਸ ਨੇ ਵਾਅਦਾ ਕੀਤਾ ਹੈ ਕਿ ਉਹ ਬਹੁਤ ਜਲਦ ਸਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਦੇਵੇਗਾ। ਪਰ ਸਵਾਲ ਇਹ ਹੈ ਕਿ ਉਸ ਨੇ ਇਹ ਵਾਅਦੇ ਕਿੱਥੇ ਲਿਖਵਾਏ ਹਨ?
ਰੱਬ ਨੇ ਸਾਡੇ ਲਈ ਆਪਣਾ ਸੰਦੇਸ਼ ਪਵਿੱਤਰ ਲਿਖਤਾਂ ਵਿਚ ਲਿਖਵਾਇਆ ਹੈ। (2 ਤਿਮੋਥਿਉਸ 3:16) ਉਸ ਨੇ ਇਹ ਸੰਦੇਸ਼ ਆਪਣੇ ਨਬੀਆਂ ਰਾਹੀਂ ਕਿੱਦਾਂ ਲਿਖਵਾਇਆ? (2 ਪਤਰਸ 1:21) ਰੱਬ ਨੇ ਆਪਣੇ ਖ਼ਿਆਲ ਇਨ੍ਹਾਂ ਨਬੀਆਂ ਦੇ ਮਨਾਂ ਵਿਚ ਪਾਏ ਅਤੇ ਫਿਰ ਉਨ੍ਹਾਂ ਨੇ ਇਹ ਗੱਲਾਂ ਪਵਿੱਤਰ ਲਿਖਤਾਂ ਵਿਚ ਲਿਖੀਆਂ। ਇਸ ਨੂੰ ਸਮਝਣ ਲਈ ਇਕ ਮਿਸਾਲ ʼਤੇ ਗੌਰ ਕਰੋ। ਇਕ ਕੰਪਨੀ ਦਾ ਮਾਲਕ ਆਪਣੇ ਸੈਕਟਰੀ ਨੂੰ ਇਕ ਚਿੱਠੀ ਲਿਖਣ ਲਈ ਕਹਿੰਦਾ ਹੈ। ਭਾਵੇਂ ਇਹ ਚਿੱਠੀ ਸੈਕਟਰੀ ਨੇ ਲਿਖੀ, ਪਰ ਇਹ ਸਮਝਿਆ ਜਾਵੇਗਾ ਕਿ ਚਿੱਠੀ ਮਾਲਕ ਵੱਲੋਂ ਹੈ। ਉਸੇ ਤਰ੍ਹਾਂ ਰੱਬ ਨੇ ਆਪਣਾ ਸੰਦੇਸ਼ ਕੁਝ ਨੇਕ ਬੰਦਿਆਂ ਰਾਹੀਂ ਲਿਖਵਾਇਆ। ਪਰ ਅਸਲ ਵਿਚ ਪਵਿੱਤਰ ਲਿਖਤਾਂ ਦਾ ਲਿਖਾਰੀ ਉਹੀ ਹੈ।
ਪਵਿੱਤਰ ਲਿਖਤਾਂ ਹਜ਼ਾਰਾਂ ਭਾਸ਼ਾਵਾਂ ਵਿਚ ਉਪਲਬਧ
ਰੱਬ ਦਾ ਸੰਦੇਸ਼ ਬਹੁਤ ਅਹਿਮ ਹੈ। ਇਸ ਲਈ ਉਹ ਚਾਹੁੰਦਾ ਹੈ ਕਿ ‘ਹਰ ਕੌਮ, ਹਰ ਕਬੀਲੇ ਅਤੇ ਹਰ ਬੋਲੀ ਬੋਲਣ ਵਾਲੇ’ ਲੋਕ ਇਸ ਨੂੰ ਪੜ੍ਹਨ ਅਤੇ ਸਮਝਣ। (ਪ੍ਰਕਾਸ਼ ਦੀ ਕਿਤਾਬ 14:6) ਰੱਬ ਦੀ ਮਿਹਰ ਨਾਲ ਅਸੀਂ ਪੂਰੀਆਂ ਪਵਿੱਤਰ ਲਿਖਤਾਂ ਜਾਂ ਇਨ੍ਹਾਂ ਦਾ ਕੁਝ ਹਿੱਸਾ 3,000 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪੜ੍ਹ ਸਕਦੇ ਹਾਂ। ਇਸ ਧਰਤੀ ʼਤੇ ਕੋਈ ਵੀ ਕਿਤਾਬ ਇੰਨੀਆਂ ਭਾਸ਼ਾਵਾਂ ਵਿਚ ਨਹੀਂ ਪਾਈ ਜਾਂਦੀ।