ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w20 ਜਨਵਰੀ ਸਫ਼ੇ 14-19
  • ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਨਮੋਲ ਸਮਝਦਾ ਹੈ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਨਮੋਲ ਸਮਝਦਾ ਹੈ!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਸਾਨੂੰ ਅਨਮੋਲ ਸਮਝਦਾ ਹੈ
  • ਬੀਮਾਰੀ ਦਾ ਸਾਮ੍ਹਣਾ ਕਰਦਿਆਂ
  • ਆਰਥਿਕ ਤੰਗੀ ਦਾ ਸਾਮ੍ਹਣਾ ਕਰਦਿਆਂ
  • ਬੁਢਾਪੇ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ
  • ਕੋਈ ਵੀ ਚੀਜ਼ ‘ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ’ ਨਹੀਂ ਕਰ ਸਕਦੀ
    ਯਹੋਵਾਹ ਦੇ ਨੇੜੇ ਰਹੋ
  • ਤੁਸੀਂ ਪਰਮੇਸ਼ੁਰ ਦੀਆਂ ਅੱਖਾਂ ਵਿਚ ਕੀਮਤੀ ਹੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਯਹੋਵਾਹ ਸਾਡਾ “ਛੁਡਾਉਣ ਵਾਲਾ” ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਤੁਸੀਂ ਯਹੋਵਾਹ ਲਈ ਅਨਮੋਲ ਹੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
w20 ਜਨਵਰੀ ਸਫ਼ੇ 14-19

ਅਧਿਐਨ ਲੇਖ 3

ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਨਮੋਲ ਸਮਝਦਾ ਹੈ!

“ਜਿਸ ਸਾਡੇ ਮੰਦੇ ਹਾਲ ਵਿੱਚ ਸਾਨੂੰ ਚੇਤੇ ਕੀਤਾ।”—ਜ਼ਬੂ. 136:23.

ਗੀਤ 38 ਆਪਣਾ ਬੋਝ ਯਹੋਵਾਹ ʼਤੇ ਸੁੱਟੋ

ਖ਼ਾਸ ਗੱਲਾਂa

1-2. ਯਹੋਵਾਹ ਦੇ ਬਹੁਤ ਸਾਰੇ ਸੇਵਕ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘ ਰਹੇ ਹਨ ਅਤੇ ਇਨ੍ਹਾਂ ਦਾ ਉਨ੍ਹਾਂ ʼਤੇ ਕੀ ਅਸਰ ਪੈ ਸਕਦਾ ਹੈ?

ਜ਼ਰਾ ਤਿੰਨ ਹਾਲਾਤਾਂ ʼਤੇ ਗੌਰ ਕਰੋ: ਇਕ ਜਵਾਨ ਭਰਾ ਨੂੰ ਡਾਕਟਰ ਦੱਸਦੇ ਹਨ ਕਿ ਉਸ ਨੂੰ ਅਜਿਹੀ ਲਾਇਲਾਜ ਬੀਮਾਰੀ ਹੈ ਜਿਸ ਕਰਕੇ ਉਹ ਹੌਲੀ-ਹੌਲੀ ਕਮਜ਼ੋਰ ਹੋ ਜਾਵੇਗਾ। ਤਕਰੀਬਨ 50 ਸਾਲ ਦੇ ਇਕ ਮਿਹਨਤੀ ਭਰਾ ਦੀ ਨੌਕਰੀ ਛੁੱਟ ਜਾਂਦੀ ਹੈ ਅਤੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਦੂਜੀ ਨੌਕਰੀ ਨਹੀਂ ਮਿਲਦੀ। ਇਕ ਵਫ਼ਾਦਾਰ ਬਜ਼ੁਰਗ ਭੈਣ ਹੁਣ ਯਹੋਵਾਹ ਦੀ ਸੇਵਾ ਉੱਨੀ ਨਹੀਂ ਕਰ ਪਾ ਰਹੀ ਜਿੰਨੀ ਉਹ ਪਹਿਲਾਂ ਕਰਦੀ ਹੁੰਦੀ ਸੀ।

2 ਜੇ ਤੁਸੀਂ ਵੀ ਉੱਪਰ ਦੱਸੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੋ, ਤਾਂ ਸ਼ਾਇਦ ਤੁਸੀਂ ਵੀ ਮਹਿਸੂਸ ਕਰੋ ਕਿ ਤੁਸੀਂ ਹੁਣ ਕਿਸੇ ਕੰਮ ਦੇ ਨਹੀਂ ਹੋ। ਅਜਿਹੇ ਹਾਲਾਤਾਂ ਵਿਚ ਤੁਹਾਡੀ ਖ਼ੁਸ਼ੀ ਗੁਆਚ ਸਕਦੀ ਹੈ, ਤੁਹਾਡੀਆਂ ਨਜ਼ਰਾਂ ਵਿਚ ਤੁਹਾਡੀ ਇੱਜ਼ਤ ਖ਼ਤਮ ਹੋ ਸਕਦੀ ਹੈ ਅਤੇ ਦੂਜਿਆਂ ਨਾਲ ਤੁਹਾਡੇ ਰਿਸ਼ਤੇ ʼਤੇ ਬੁਰਾ ਅਸਰ ਪੈ ਸਕਦਾ ਹੈ।

3. ਸ਼ੈਤਾਨ ਅਤੇ ਉਸ ਵਰਗੀ ਸੋਚ ਰੱਖਣ ਵਾਲੇ ਜ਼ਿੰਦਗੀ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਦੇ ਹਨ?

3 ਇਸ ਦੁਨੀਆਂ ਤੋਂ ਪਤਾ ਲੱਗਦਾ ਹੈ ਕਿ ਸ਼ੈਤਾਨ ਇਨਸਾਨਾਂ ਦੀ ਜ਼ਿੰਦਗੀ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ। ਸ਼ੈਤਾਨ ਸ਼ੁਰੂ ਤੋਂ ਹੀ ਇਨਸਾਨਾਂ ਨਾਲ ਇਸ ਤਰ੍ਹਾਂ ਪੇਸ਼ ਆਇਆ ਹੈ ਜਿਵੇਂ ਉਹ ਬੇਕਾਰ ਹੋਣ। ਉਸ ਨੇ ਬੇਰਹਿਮੀ ਨਾਲ ਹੱਵਾਹ ਨੂੰ ਕਿਹਾ ਕਿ ਪਰਮੇਸ਼ੁਰ ਦਾ ਕਹਿਣਾ ਨਾ ਮੰਨ ਕੇ ਉਹ ਆਜ਼ਾਦ ਹੋ ਜਾਵੇਗੀ ਭਾਵੇਂ ਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਸ ਦਾ ਅੰਜਾਮ ਮੌਤ ਸੀ। ਸ਼ੈਤਾਨ ਨੇ ਹਮੇਸ਼ਾ ਤੋਂ ਹੀ ਵਪਾਰ ਜਗਤ, ਰਾਜਨੀਤੀ ਅਤੇ ਧਾਰਮਿਕ ਸੰਗਠਨਾਂ ਨੂੰ ਆਪਣੇ ਵੱਸ ਵਿਚ ਰੱਖਿਆ ਹੈ। ਇਸ ਲਈ ਇਹ ਦੇਖ ਕੇ ਸਾਨੂੰ ਹੈਰਾਨੀ ਨਹੀਂ ਹੁੰਦੀ ਕਿ ਬਹੁਤ ਸਾਰੇ ਵਪਾਰੀ, ਨੇਤਾ ਅਤੇ ਧਾਰਮਿਕ ਆਗੂ ਸ਼ੈਤਾਨ ਵਾਂਗ ਦੂਜਿਆਂ ਦੀ ਜ਼ਿੰਦਗੀ ਅਤੇ ਭਾਵਨਾਵਾਂ ਦੀ ਕੋਈ ਕਦਰ ਨਹੀਂ ਕਰਦੇ।

4. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

4 ਪਰ ਸ਼ੈਤਾਨ ਤੋਂ ਉਲਟ, ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਬਾਰੇ ਚੰਗਾ ਮਹਿਸੂਸ ਕਰੀਏ ਅਤੇ ਉਹ ਸਾਨੂੰ ਸਹਾਰਾ ਦਿੰਦਾ ਹੈ ਜਦੋਂ ਅਸੀਂ ਨਿਕੰਮੇ ਮਹਿਸੂਸ ਕਰਦੇ ਹਾਂ। (ਜ਼ਬੂ. 136:23; ਰੋਮੀ. 12:3) ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਯਹੋਵਾਹ ਅੱਗੇ ਦੱਸੇ ਹਾਲਾਤਾਂ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ: (1) ਜਦੋਂ ਅਸੀਂ ਕਿਸੇ ਬੀਮਾਰੀ ਦਾ ਸਾਮ੍ਹਣਾ ਕਰਦੇ ਹਾਂ, (2) ਜਦੋਂ ਅਸੀਂ ਪੈਸੇ ਦੀ ਤੰਗੀ ਝੱਲਦੇ ਹਾਂ ਅਤੇ (3) ਜਦੋਂ ਵਧਦੀ ਉਮਰ ਕਰਕੇ ਸਾਨੂੰ ਲੱਗਦਾ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਕਿਸੇ ਕੰਮ ਦੇ ਨਹੀਂ ਹਾਂ। ਪਰ ਆਓ ਆਪਾਂ ਪਹਿਲਾਂ ਦੇਖੀਏ ਕਿ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਹਰੇਕ ਨੂੰ ਅਨਮੋਲ ਸਮਝਦਾ ਹੈ।

ਯਹੋਵਾਹ ਸਾਨੂੰ ਅਨਮੋਲ ਸਮਝਦਾ ਹੈ

5. ਤੁਸੀਂ ਕਿਉਂ ਕਹਿ ਸਕਦੇ ਹੋ ਕਿ ਯਹੋਵਾਹ ਇਨਸਾਨਾਂ ਨੂੰ ਅਨਮੋਲ ਸਮਝਦਾ ਹੈ?

5 ਭਾਵੇਂ ਸਾਨੂੰ ਮਿੱਟੀ ਤੋਂ ਬਣਾਇਆ ਗਿਆ ਹੈ, ਪਰ ਫਿਰ ਵੀ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ ਹਾਂ। (ਉਤ. 2:7) ਆਓ ਕੁਝ ਕਾਰਨਾਂ ʼਤੇ ਧਿਆਨ ਦੇਈਏ ਕਿ ਅਸੀਂ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਸਾਨੂੰ ਅਨਮੋਲ ਸਮਝਦਾ ਹੈ। ਉਸ ਨੇ ਇਨਸਾਨਾਂ ਨੂੰ ਆਪਣੇ ਗੁਣਾਂ ਦੀ ਰੀਸ ਕਰਨ ਦੀ ਕਾਬਲੀਅਤ ਨਾਲ ਸਿਰਜਿਆ ਹੈ। ਇਸ ਤਰ੍ਹਾਂ ਕਰ ਕੇ ਉਸ ਨੇ ਸਾਨੂੰ ਧਰਤੀ ʼਤੇ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਉੱਤਮ ਬਣਾਇਆ ਹੈ। (ਉਤ. 1:27) ਨਾਲੇ ਸਾਨੂੰ ਧਰਤੀ ਅਤੇ ਜਾਨਵਰਾਂ ਦੀ ਦੇਖ-ਭਾਲ ਕਰਨ ਦਾ ਕੰਮ ਵੀ ਸੌਂਪਿਆ ਹੈ।—ਜ਼ਬੂ. 8:4-8.

6. ਸਾਨੂੰ ਹੋਰ ਕਿਹੜੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨਾਮੁਕੰਮਲ ਇਨਸਾਨਾਂ ਨੂੰ ਅਨਮੋਲ ਸਮਝਦਾ ਹੈ?

6 ਆਦਮ ਦੇ ਪਾਪ ਕਰਨ ਤੋਂ ਬਾਅਦ ਵੀ ਯਹੋਵਾਹ ਇਨਸਾਨਾਂ ਨੂੰ ਅਨਮੋਲ ਸਮਝਦਾ ਰਿਹਾ। ਉਹ ਸਾਨੂੰ ਇੰਨਾ ਜ਼ਿਆਦਾ ਅਨਮੋਲ ਸਮਝਦਾ ਹੈ ਕਿ ਉਸ ਨੇ ਸਾਡੇ ਪਾਪਾਂ ਦੀ ਖ਼ਾਤਰ ਆਪਣੇ ਪਿਆਰੇ ਪੁੱਤਰ ਦੀ ਜਾਨ ਕੁਰਬਾਨ ਕਰ ਦਿੱਤੀ। (1 ਯੂਹੰ. 4:9, 10) ਇਸ ਕੁਰਬਾਨੀ ਦੇ ਆਧਾਰ ʼਤੇ ਯਹੋਵਾਹ ਉਨ੍ਹਾਂ ਨੂੰ ਮੁੜ ਜੀਉਂਦਾ ਕਰੇਗਾ ਜੋ ਆਦਮ ਦੇ ਪਾਪ ਕਰਕੇ ਮੌਤ ਦੀ ਨੀਂਦ ਸੌਂ ਗਏ ਹਨ, ਜਿਨ੍ਹਾਂ ਵਿਚ “ਧਰਮੀ ਅਤੇ ਕੁਧਰਮੀ” ਦੋਵੇਂ ਸ਼ਾਮਲ ਹਨ। (ਰਸੂ. 24:15) ਉਸ ਦਾ ਬਚਨ ਸਾਨੂੰ ਦੱਸਦਾ ਹੈ ਕਿ ਭਾਵੇਂ ਸਾਡੀ ਸਿਹਤ, ਆਰਥਿਕ ਹਾਲਾਤ ਜਾਂ ਉਮਰ ਜੋ ਮਰਜ਼ੀ ਹੋਵੇ, ਫਿਰ ਵੀ ਅਸੀਂ ਉਸ ਲਈ ਕੀਮਤੀ ਹਾਂ।—ਰਸੂ. 10:34, 35.

7. ਪਰਮੇਸ਼ੁਰ ਦੇ ਸੇਵਕਾਂ ਕੋਲ ਇਹ ਵਿਸ਼ਵਾਸ ਕਰਨ ਦੇ ਹੋਰ ਕਿਹੜੇ ਕਾਰਨ ਹਨ ਕਿ ਯਹੋਵਾਹ ਉਨ੍ਹਾਂ ਨੂੰ ਅਨਮੋਲ ਸਮਝਦਾ ਹੈ?

7 ਸਾਡੇ ਕੋਲ ਇਹ ਵਿਸ਼ਵਾਸ ਕਰਨ ਦੇ ਹੋਰ ਵੀ ਕਈ ਕਾਰਨ ਹਨ ਕਿ ਯਹੋਵਾਹ ਸਾਨੂੰ ਅਨਮੋਲ ਸਮਝਦਾ ਹੈ। ਉਸ ਨੇ ਖ਼ੁਸ਼ ਖ਼ਬਰੀ ਪ੍ਰਤੀ ਸਾਡੇ ਰਵੱਈਏ ਨੂੰ ਦੇਖਿਆ ਤੇ ਸਾਨੂੰ ਆਪਣੇ ਵੱਲ ਖਿੱਚਿਆ। (ਯੂਹੰ. 6:44) ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਨੇੜੇ ਜਾਣ ਲੱਗੇ, ਉੱਦਾਂ-ਉੱਦਾਂ ਉਹ ਵੀ ਸਾਡੇ ਨੇੜੇ ਆਇਆ। (ਯਾਕੂ. 4:8) ਨਾਲੇ ਯਹੋਵਾਹ ਸਾਨੂੰ ਸਿਖਾਉਣ ਲਈ ਆਪਣਾ ਸਮਾਂ ਤੇ ਤਾਕਤ ਵਰਤਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਉਸ ਲਈ ਕੀਮਤੀ ਹਾਂ। ਉਹ ਜਾਣਦਾ ਹੈ ਕਿ ਅਸੀਂ ਅੱਜ ਕਿੱਦਾਂ ਦੇ ਇਨਸਾਨ ਹਾਂ ਅਤੇ ਕੱਲ੍ਹ ਨੂੰ ਕਿੱਦਾਂ ਦੇ ਇਨਸਾਨ ਬਣ ਸਕਦੇ ਹਾਂ। ਇਸ ਤੋਂ ਇਲਾਵਾ, ਸਾਡੇ ਨਾਲ ਪਿਆਰ ਹੋਣ ਕਰਕੇ ਉਹ ਸਾਨੂੰ ਅਨੁਸ਼ਾਸਨ ਦਿੰਦਾ ਹੈ। (ਕਹਾ. 3:11, 12) ਯਹੋਵਾਹ ਦੀਆਂ ਨਜ਼ਰਾਂ ਵਿਚ ਸਾਡੀ ਕੀਮਤ ਦਾ ਕਿੰਨਾ ਹੀ ਜ਼ਬਰਦਸਤ ਸਬੂਤ!

8. ਜ਼ਬੂਰ 18:27-29 ਵਿਚ ਦਰਜ ਸ਼ਬਦ ਚੁਣੌਤੀਆਂ ਬਾਰੇ ਸਾਡੇ ਨਜ਼ਰੀਏ ਨੂੰ ਕਿਵੇਂ ਬਦਲ ਸਕਦੇ ਹਨ?

8 ਕੁਝ ਲੋਕ ਰਾਜਾ ਦਾਊਦ ਨੂੰ ਨਿਕੰਮਾ ਸਮਝਦੇ ਸਨ, ਪਰ ਉਹ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਸੀ ਤੇ ਉਸ ਦੇ ਨਾਲ ਸੀ। ਇਹ ਜਾਣਦੇ ਹੋਏ ਦਾਊਦ ਆਪਣੇ ਹਾਲਾਤਾਂ ਬਾਰੇ ਸਹੀ ਨਜ਼ਰੀਆ ਰੱਖ ਸਕਿਆ। (2 ਸਮੂ. 16:5-7) ਜਦੋਂ ਅਸੀਂ ਨਿਰਾਸ਼ਾ ਜਾਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਯਹੋਵਾਹ ਸਹੀ ਨਜ਼ਰੀਆ ਰੱਖਣ ਅਤੇ ਕਿਸੇ ਵੀ ਰੁਕਾਵਟ ਨੂੰ ਪਾਰ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। (ਜ਼ਬੂਰ 18:27-29 ਪੜ੍ਹੋ।) ਜਦੋਂ ਯਹੋਵਾਹ ਸਾਡੇ ਨਾਲ ਹੁੰਦਾ ਹੈ, ਉਦੋਂ ਕੋਈ ਵੀ ਚੀਜ਼ ਸਾਨੂੰ ਖ਼ੁਸ਼ੀ ਨਾਲ ਉਸ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੀ। (ਰੋਮੀ. 8:31) ਆਓ ਆਪਾਂ ਹੁਣ ਉਨ੍ਹਾਂ ਤਿੰਨ ਹਾਲਾਤਾਂ ʼਤੇ ਗੌਰ ਕਰੀਏ ਜਿਨ੍ਹਾਂ ਵਿਚ ਸਾਨੂੰ ਖ਼ਾਸ ਕਰਕੇ ਇਹ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਤੇ ਅਨਮੋਲ ਸਮਝਦਾ ਹੈ।

ਬੀਮਾਰੀ ਦਾ ਸਾਮ੍ਹਣਾ ਕਰਦਿਆਂ

ਤਸਵੀਰਾਂ: ਇਕ ਭਰਾ ਬੀਮਾਰੀ ਵੇਲੇ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਦਾ ਸਾਮ੍ਹਣਾ ਕਰਦਾ ਹੋਇਆ। 1. ਉਹ ਹਸਪਤਾਲ ਦੇ ਬੈੱਡ ’ਤੇ ਬੈਠਾ ਹੋਇਆ ਤੇ ਆਪਣੇ ਮੱਥੇ ’ਤੇ ਹੱਥ ਰੱਖਿਆ ਹੋਇਆ। 2. ਉਹ ਪ੍ਰਾਰਥਨਾ ਕਰਦਾ ਹੋਇਆ। 3. ਉਹ ਬਾਈਬਲ ਪੜ੍ਹਦਾ ਹੋਇਆ। 4. ਉਹ ਮੁਸਕਰਾਉਂਦਾ ਹੋਇਆ।

ਯਹੋਵਾਹ ਦੇ ਸ਼ਬਦ ਪੜ੍ਹ ਕੇ ਅਸੀਂ ਨਿਰਾਸ਼ ਕਰਨ ਵਾਲੀਆਂ ਉਨ੍ਹਾਂ ਭਾਵਨਾਵਾਂ ਨਾਲ ਲੜ ਸਕਾਂਗੇ ਜੋ ਬੀਮਾਰੀ ਕਰਕੇ ਆਉਂਦੀਆਂ ਹਨ (ਪੈਰੇ 9-12 ਦੇਖੋ)

9. ਬੀਮਾਰ ਹੋਣ ਕਰਕੇ ਸ਼ਾਇਦ ਅਸੀਂ ਆਪਣੇ ਬਾਰੇ ਕੀ ਸੋਚਣ ਲੱਗ ਪਈਏ?

9 ਬੀਮਾਰੀ ਦਾ ਸਾਮ੍ਹਣਾ ਕਰਦਿਆਂ ਸਾਡੀਆਂ ਭਾਵਨਾਵਾਂ ʼਤੇ ਗਹਿਰਾ ਅਸਰ ਪੈ ਸਕਦਾ ਹੈ ਤੇ ਸਾਨੂੰ ਲੱਗ ਸਕਦਾ ਹੈ ਕਿ ਅਸੀਂ ਕਿਸੇ ਕੰਮ ਦੇ ਨਹੀਂ ਰਹੇ। ਜਦੋਂ ਦੂਸਰੇ ਸਾਡੀ ਵਿਗੜਦੀ ਸਿਹਤ ਦੇਖਦੇ ਹਨ ਜਾਂ ਸਾਨੂੰ ਦੂਸਰਿਆਂ ʼਤੇ ਨਿਰਭਰ ਹੋਣਾ ਪੈਂਦਾ ਹੈ, ਤਾਂ ਸ਼ਾਇਦ ਅਸੀਂ ਸ਼ਰਮਿੰਦਗੀ ਮਹਿਸੂਸ ਕਰੀਏ। ਜਦੋਂ ਦੂਸਰਿਆਂ ਨੂੰ ਸਾਡੀ ਬੀਮਾਰੀ ਬਾਰੇ ਨਹੀਂ ਵੀ ਪਤਾ ਹੁੰਦਾ, ਤਾਂ ਵੀ ਸ਼ਾਇਦ ਅਸੀਂ ਸ਼ਰਮ ਮਹਿਸੂਸ ਕਰੀਏ ਕਿਉਂਕਿ ਅਸੀਂ ਹੁਣ ਉਹ ਕੰਮ ਨਹੀਂ ਕਰ ਸਕਦੇ ਜੋ ਅਸੀਂ ਪਹਿਲਾਂ ਕਰਦੇ ਸੀ। ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਯਹੋਵਾਹ ਸਾਨੂੰ ਹੌਸਲਾ ਦੇ ਸਕਦਾ ਹੈ। ਕਿਵੇਂ?

10. ਕਹਾਉਤਾਂ 12:25 ਅਨੁਸਾਰ ਬੀਮਾਰੀ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

10 ਬੀਮਾਰੀ ਵਿੱਚੋਂ ਗੁਜ਼ਰਦਿਆਂ ਇਕ “ਚੰਗਾ ਬਚਨ” ਸਾਡੇ ਵਿਚ ਜਾਨ ਪਾ ਸਕਦਾ ਹੈ। (ਕਹਾਉਤਾਂ 12:25 ਪੜ੍ਹੋ।) ਯਹੋਵਾਹ ਨੇ ਬਾਈਬਲ ਵਿਚ ਬਹੁਤ ਸਾਰੇ ਚੰਗੇ ਬਚਨ ਲਿਖਵਾਏ ਹਨ ਜੋ ਸਾਨੂੰ ਯਾਦ ਕਰਾਉਂਦੇ ਹਨ ਕਿ ਸਾਡੀ ਬੀਮਾਰੀ ਦੇ ਬਾਵਜੂਦ ਅਸੀਂ ਉਸ ਲਈ ਅਨਮੋਲ ਹਾਂ। (ਜ਼ਬੂ. 31:19; 41:3) ਜੇ ਅਸੀਂ ਯਹੋਵਾਹ ਦੇ ਸ਼ਬਦਾਂ ਨੂੰ ਵਾਰ-ਵਾਰ ਪੜਦੇ ਹਾਂ, ਤਾਂ ਉਹ ਨਿਰਾਸ਼ ਕਰਨ ਵਾਲੀਆਂ ਉਨ੍ਹਾਂ ਭਾਵਨਾਵਾਂ ਨਾਲ ਲੜਨ ਵਿਚ ਸਾਡੀ ਮਦਦ ਕਰੇਗਾ ਜੋ ਬੀਮਾਰੀ ਕਰਕੇ ਆਉਂਦੀਆਂ ਹਨ।

11. ਇਕ ਭਰਾ ਨੂੰ ਯਹੋਵਾਹ ਤੋਂ ਕਿਵੇਂ ਮਦਦ ਮਿਲੀ?

11 ਹੌਰਹੇ ਨਾਂ ਦੇ ਭਰਾ ਦੇ ਤਜਰਬੇ ʼਤੇ ਗੌਰ ਕਰੋ। ਜਵਾਨੀ ਵਿਚ ਹੌਰਹੇ ਨੂੰ ਇਕ ਗੰਭੀਰ ਬੀਮਾਰੀ ਲੱਗ ਗਈ ਜੋ ਤੇਜ਼ੀ ਨਾਲ ਵਧਦੀ ਗਈ। ਇਸ ਕਰਕੇ ਉਹ ਨਿਕੰਮਾ ਮਹਿਸੂਸ ਕਰਨ ਲੱਗ ਪਿਆ। ਉਹ ਕਹਿੰਦਾ ਹੈ, “ਇਸ ਬੀਮਾਰੀ ਨੇ ਮੇਰੀਆਂ ਭਾਵਨਾਵਾਂ ʼਤੇ ਅਸਰ ਪਾਇਆ ਅਤੇ ਦੂਸਰੇ ਜਿਸ ਤਰੀਕੇ ਨਾਲ ਮੇਰੇ ਵੱਲ ਦੇਖਦੇ ਸਨ, ਉਸ ਕਰਕੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ। ਮੈਂ ਇਨ੍ਹਾਂ ਗੱਲਾਂ ਲਈ ਤਿਆਰ ਨਹੀਂ ਸੀ। ਜਿੱਦਾਂ-ਜਿੱਦਾਂ ਮੇਰੀ ਸਿਹਤ ਵਿਗੜਦੀ ਗਈ, ਮੈਂ ਸੋਚਦਾ ਸੀ ਕਿ ਇਸ ਦਾ ਮੇਰੀ ਜ਼ਿੰਦਗੀ ʼਤੇ ਹੋਰ ਕੀ ਅਸਰ ਪਵੇਗਾ। ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਤੇ ਮੈਂ ਮਦਦ ਲਈ ਯਹੋਵਾਹ ਨੂੰ ਤਰਲੇ ਕੀਤੇ।” ਯਹੋਵਾਹ ਨੇ ਉਸ ਨੂੰ ਕਿਵੇਂ ਸੰਭਾਲਿਆ? “ਮੇਰਾ ਧਿਆਨ ਜਲਦੀ ਭਟਕ ਜਾਂਦਾ ਸੀ ਜਿਸ ਕਰਕੇ ਮੈਨੂੰ ਕਿਸੇ ਨੇ ਜ਼ਬੂਰਾਂ ਦੀ ਕਿਤਾਬ ਤੋਂ ਉਹ ਹਵਾਲੇ ਪੜ੍ਹਨ ਦੀ ਹੱਲਾਸ਼ੇਰੀ ਦਿੱਤੀ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਦੀ ਕਿੰਨੀ ਪਰਵਾਹ ਕਰਦਾ ਹੈ। ਮੈਂ ਉਨ੍ਹਾਂ ਕੁਝ ਹਵਾਲਿਆਂ ਨੂੰ ਹਰ ਰੋਜ਼ ਪੜਦਾ ਸੀ ਅਤੇ ਮੈਨੂੰ ਉਨ੍ਹਾਂ ਤੋਂ ਦਿਲਾਸਾ ਮਿਲਿਆ। ਕੁਝ ਸਮਾਂ ਬਾਅਦ ਦੂਸਰੇ ਦੇਖ ਸਕੇ ਕਿ ਮੈਂ ਹੋਰ ਜ਼ਿਆਦਾ ਮੁਸਕਰਾਉਣ ਲੱਗ ਪਿਆ ਸੀ। ਉਨ੍ਹਾਂ ਨੇ ਤਾਂ ਇਹ ਵੀ ਕਿਹਾ ਕਿ ਮੇਰੇ ਚੰਗੇ ਰਵੱਈਏ ਤੋਂ ਉਨ੍ਹਾਂ ਨੂੰ ਹੌਸਲਾ ਮਿਲਿਆ। ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ! ਮੈਂ ਆਪਣੇ ਬਾਰੇ ਜੋ ਨਜ਼ਰੀਆ ਰੱਖਦਾ ਸੀ, ਉਸ ਨੂੰ ਬਦਲਣ ਵਿਚ ਯਹੋਵਾਹ ਨੇ ਮੇਰੀ ਮਦਦ ਕੀਤੀ। ਮੈਂ ਪਰਮੇਸ਼ੁਰ ਦੇ ਬਚਨ ਵਿਚ ਇਸ ਗੱਲ ʼਤੇ ਧਿਆਨ ਲਾਉਣਾ ਸ਼ੁਰੂ ਕੀਤਾ ਕਿ ਮੇਰੀ ਬੀਮਾਰੀ ਦੇ ਬਾਵਜੂਦ ਉਹ ਮੇਰੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ।”

12. ਕਿਸੇ ਬੀਮਾਰੀ ਵਿੱਚੋਂ ਲੰਘਦੇ ਵੇਲੇ ਤੁਸੀਂ ਯਹੋਵਾਹ ਤੋਂ ਮਦਦ ਕਿਵੇਂ ਹਾਸਲ ਕਰ ਸਕਦੇ ਹੋ?

12 ਕਿਸੇ ਬੀਮਾਰੀ ਵਿੱਚੋਂ ਲੰਘਦੇ ਵੇਲੇ ਹੌਸਲਾ ਰੱਖੋ ਕਿ ਯਹੋਵਾਹ ਜਾਣਦਾ ਹੈ ਕਿ ਤੁਹਾਡੇ ʼਤੇ ਕੀ ਬੀਤ ਰਹੀ ਹੈ। ਆਪਣੇ ਹਾਲਾਤ ਬਾਰੇ ਸਹੀ ਨਜ਼ਰੀਆ ਰੱਖਣ ਲਈ ਉਸ ਅੱਗੇ ਤਰਲੇ ਕਰੋ। ਫਿਰ ਉਨ੍ਹਾਂ ਦਿਲਾਸੇ ਭਰੇ ਸ਼ਬਦਾਂ ਦੀ ਖੋਜ ਕਰੋ ਜੋ ਯਹੋਵਾਹ ਨੇ ਤੁਹਾਡੇ ਲਈ ਬਾਈਬਲ ਵਿਚ ਲਿਖਵਾਏ ਹਨ। ਉਨ੍ਹਾਂ ਹਵਾਲਿਆਂ ʼਤੇ ਧਿਆਨ ਦਿਓ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਕਿੰਨਾ ਅਨਮੋਲ ਸਮਝਦਾ ਹੈ। ਇੱਦਾਂ ਕਰਦੇ ਹੋਏ ਤੁਸੀਂ ਦੇਖੋਗੇ ਕਿ ਯਹੋਵਾਹ ਉਨ੍ਹਾਂ ਸਾਰਿਆਂ ਦਾ ਭਲਾ ਕਰਦਾ ਹੈ ਜੋ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਹਨ।—ਜ਼ਬੂ. 84:11.

ਆਰਥਿਕ ਤੰਗੀ ਦਾ ਸਾਮ੍ਹਣਾ ਕਰਦਿਆਂ

ਤਸਵੀਰਾਂ: ਇਕ ਭਰਾ ਆਰਥਿਕ ਤੰਗੀ ਵਿੱਚੋਂ ਲੰਘਦਾ ਹੋਇਆ। 1. ਉਸ ਨੂੰ ਉਸ ਦੀ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। 2. ਉਹ ਪਰਿਵਾਰਕ ਸਟੱਡੀ ਕਰਾਉਂਦਾ ਹੋਇਆ। 3. ਉਹ ਨਿੱਜੀ ਬਾਈਬਲ ਸਟੱਡੀ ਕਰਦਾ ਹੋਇਆ। 4. ਉਹ ਆਪਣੀ ਪਤਨੀ ਨਾਲ ਪ੍ਰਚਾਰ ਕਰਦਾ ਹੋਇਆ।

ਜਦੋਂ ਸਾਡੇ ਕੋਲ ਨੌਕਰੀ ਨਹੀਂ ਹੁੰਦੀ, ਤਾਂ ਸਾਡੀ ਦੇਖ-ਭਾਲ ਕਰਨ ਦਾ ਯਹੋਵਾਹ ਦਾ ਵਾਅਦਾ ਯਾਦ ਰੱਖਣ ਕਰਕੇ ਅਸੀਂ ਨਿਰਾਸ਼ ਨਹੀਂ ਹੋਵਾਂਗੇ (ਪੈਰੇ 13-15 ਦੇਖੋ)

13. ਇਕ ਪਰਿਵਾਰ ਦੇ ਮੁਖੀ ਦੀ ਨੌਕਰੀ ਚਲੇ ਜਾਣ ਤੋਂ ਬਾਅਦ ਸ਼ਾਇਦ ਉਹ ਕਿਵੇਂ ਮਹਿਸੂਸ ਕਰੇ?

13 ਹਰ ਪਰਿਵਾਰ ਦਾ ਮੁਖੀ ਆਪਣੇ ਪਰਿਵਾਰ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨੀਆਂ ਚਾਹੁੰਦਾ ਹੈ। ਪਰ ਮੰਨ ਲਓ ਕਿ ਆਪਣਾ ਕਸੂਰ ਨਾ ਹੁੰਦੇ ਹੋਏ ਵੀ ਇਕ ਭਰਾ ਦੀ ਨੌਕਰੀ ਚਲੀ ਜਾਂਦੀ ਹੈ। ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਉਸ ਨੂੰ ਨੌਕਰੀ ਨਹੀਂ ਲੱਭਦੀ। ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਦਿਆਂ ਉਹ ਸ਼ਾਇਦ ਨਿਕੰਮਾ ਮਹਿਸੂਸ ਕਰੇ। ਯਹੋਵਾਹ ਦੇ ਵਾਅਦਿਆਂ ʼਤੇ ਧਿਆਨ ਲਾ ਕੇ ਉਸ ਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

14. ਯਹੋਵਾਹ ਕਿਹੜੇ ਕਾਰਨਾਂ ਕਰਕੇ ਆਪਣੇ ਵਾਅਦੇ ਨਿਭਾਉਂਦਾ ਹੈ?

14 ਯਹੋਵਾਹ ਹਮੇਸ਼ਾ ਆਪਣੇ ਵਾਅਦੇ ਨਿਭਾਉਂਦਾ ਹੈ। (ਯਹੋ. 21:45; 23:14) ਬਹੁਤ ਸਾਰੇ ਕਾਰਨਾਂ ਕਰਕੇ ਉਹ ਇਸ ਤਰ੍ਹਾਂ ਕਰਦਾ ਹੈ। ਪਹਿਲਾ, ਵਾਅਦੇ ਨਿਭਾਉਣ ਜਾਂ ਨਾ ਨਿਭਾਉਣ ਦਾ ਅਸਰ ਉਸ ਦੇ ਨਾਂ ʼਤੇ ਪਵੇਗਾ। ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਦੀ ਦੇਖ-ਭਾਲ ਕਰਨ ਦਾ ਵਾਅਦਾ ਕੀਤਾ ਹੈ। ਇਸ ਲਈ ਉਹ ਇਸ ਵਾਅਦੇ ਨੂੰ ਪੂਰਾ ਕਰਨਾ ਆਪਣਾ ਫ਼ਰਜ਼ ਸਮਝਦਾ ਹੈ। (ਜ਼ਬੂ. 31:1-3) ਦੂਜਾ, ਯਹੋਵਾਹ ਜਾਣਦਾ ਹੈ ਕਿ ਉਸ ਦੇ ਪਰਿਵਾਰ ਦਾ ਹਿੱਸਾ ਹੋਣ ਕਰਕੇ ਜੇ ਉਸ ਨੇ ਸਾਡੀ ਦੇਖ-ਭਾਲ ਨਾ ਕੀਤੀ, ਤਾਂ ਅਸੀਂ ਪੂਰੀ ਤਰ੍ਹਾਂ ਟੁੱਟ ਜਾਵਾਂਗੇ। ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਸਾਨੂੰ ਉਹ ਸਾਰੀਆਂ ਚੀਜ਼ਾਂ ਦੇਵੇਗਾ ਜੋ ਸਾਨੂੰ ਜੀਉਣ ਲਈ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨ ਲਈ ਚਾਹੀਦੀਆਂ ਹਨ। ਇਹ ਵਾਅਦਾ ਪੂਰਾ ਕਰਨ ਵਿਚ ਕੋਈ ਵੀ ਚੀਜ਼ ਉਸ ਦੇ ਰਾਹ ਵਿਚ ਰੋੜਾ ਨਹੀਂ ਬਣ ਸਕਦੀ!—ਮੱਤੀ 6:30-33; 24:45.

15. (ੳ) ਪਹਿਲੀ ਸਦੀ ਦੇ ਮਸੀਹੀਆਂ ਨੇ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕੀਤਾ? (ਅ) ਜ਼ਬੂਰ 37:18, 19 ਤੋਂ ਸਾਨੂੰ ਕੀ ਭਰੋਸਾ ਮਿਲਦਾ ਹੈ?

15 ਜਦੋਂ ਅਸੀਂ ਯਾਦ ਰੱਖਦੇ ਹਾਂ ਕਿ ਯਹੋਵਾਹ ਆਪਣੇ ਵਾਅਦੇ ਕਿਉਂ ਨਿਭਾਉਂਦਾ ਹੈ, ਤਾਂ ਅਸੀਂ ਪੂਰੇ ਭਰੋਸੇ ਨਾਲ ਆਰਥਿਕ ਤੰਗੀ ਦਾ ਸਾਮ੍ਹਣਾ ਕਰ ਸਕਦੇ ਹਾਂ। ਪਹਿਲੀ ਸਦੀ ਦੇ ਮਸੀਹੀਆਂ ਦੀ ਮਿਸਾਲ ʼਤੇ ਗੌਰ ਕਰੋ। ਮੰਡਲੀ ਦਾ ਸਖ਼ਤ ਵਿਰੋਧ ਹੋਣ ʼਤੇ “ਰਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਚੇਲੇ . . . ਖਿੰਡ-ਪੁੰਡ ਗਏ।” (ਰਸੂ. 8:1) ਜ਼ਰਾ ਸੋਚੋ ਕਿ ਇਸ ਦਾ ਕੀ ਨਤੀਜਾ ਨਿਕਲਿਆ। ਆਰਥਿਕ ਤੰਗੀ! ਮਸੀਹੀਆਂ ਨੇ ਸ਼ਾਇਦ ਆਪਣੇ ਘਰ-ਬਾਰ ਅਤੇ ਕੰਮ-ਕਾਰ ਗੁਆ ਲਏ। ਪਰ ਨਾ ਤਾਂ ਯਹੋਵਾਹ ਨੇ ਉਨ੍ਹਾਂ ਦਾ ਸਾਥ ਛੱਡਿਆ ਤੇ ਨਾ ਹੀ ਉਨ੍ਹਾਂ ਨੇ ਆਪਣੀ ਖ਼ੁਸ਼ੀ ਗੁਆਈ। (ਰਸੂ. 8:4; ਇਬ. 13:5, 6; ਯਾਕੂ. 1:2, 3) ਯਹੋਵਾਹ ਨੇ ਉਨ੍ਹਾਂ ਵਫ਼ਾਦਾਰ ਮਸੀਹੀਆਂ ਦਾ ਸਾਥ ਦਿੱਤਾ ਤੇ ਉਹ ਸਾਡਾ ਵੀ ਸਾਥ ਦੇਵੇਗਾ।—ਜ਼ਬੂਰ 37:18, 19 ਪੜ੍ਹੋ।

ਬੁਢਾਪੇ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ

ਤਸਵੀਰਾਂ: ਇਕ ਵਫ਼ਾਦਾਰ ਭੈਣ ਬਜ਼ੁਰਗ ਹੋਣ ਕਰਕੇ ਜ਼ਿਆਦਾ ਨਹੀਂ ਕਰ ਸਕਦੀ। 1. ਉਹ ਸੋਟੀ ਫੜ ਕੇ ਬੈਠੀ ਹੋਈ ਤੇ ਪ੍ਰਾਰਥਨਾ ਕਰਦੀ ਹੋਈ। 2. ਉਹ ਇਕ ਨੌਜਵਾਨ ਭੈਣ ਨਾਲ ਜਨਤਕ ਥਾਂ ’ਤੇ ਪ੍ਰਚਾਰ ਕਰਦੀ ਹੋਈ। 3. ਉਹ ਭੈਣ ਆਪਣੀ ਮੰਡਲੀ ਦੇ ਬੱਚਿਆਂ ਨੂੰ ਫੋਟੋਆਂ ਦਿਖਾਉਂਦੀ ਹੋਈ। 4. ਉਹ ਮੁਸਕਰਾਉਂਦੀ ਹੋਈ, ਤਕੜੀ ਮਹਿਸੂਸ ਕਰਦੀ ਹੋਈ ਤੇ ਉਸ ਨੂੰ ਲੱਗਦਾ ਹੈ ਕਿ ਉਸ ਦੀ ਕਦਰ ਕੀਤੀ ਜਾਂਦੀ ਹੈ।

ਬੁਢਾਪੇ ਵਿਚ ਵੀ ਜੇ ਅਸੀਂ ਆਪਣਾ ਧਿਆਨ ਉਨ੍ਹਾਂ ਕੰਮਾਂ ʼਤੇ ਲਾਵਾਂਗੇ ਜੋ ਅਸੀਂ ਕਰ ਸਕਦੇ ਹਾਂ, ਤਾਂ ਸਾਨੂੰ ਭਰੋਸਾ ਹੋਵੇਗਾ ਕਿ ਯਹੋਵਾਹ ਸਾਨੂੰ ਅਨਮੋਲ ਸਮਝਦਾ ਹੈ ਅਤੇ ਵਫ਼ਾਦਾਰੀ ਨਾਲ ਕੀਤੀ ਸਾਡੀ ਸੇਵਾ ਦੀ ਕਦਰ ਕਰਦਾ ਹੈ (ਪੈਰੇ 16-18 ਦੇਖੋ)

16. ਸ਼ਾਇਦ ਕਿਹੜੇ ਹਾਲਾਤ ਕਰਕੇ ਅਸੀਂ ਸੋਚਣ ਲੱਗ ਪਈਏ ਕਿ ਯਹੋਵਾਹ ਸਾਡੀ ਭਗਤੀ ਦੀ ਕਦਰ ਨਹੀਂ ਕਰਦਾ?

16 ਸਿਆਣੀ ਉਮਰ ਵੱਲ ਵਧਦਿਆਂ ਸ਼ਾਇਦ ਅਸੀਂ ਸੋਚਣ ਲੱਗ ਪਈਏ ਕਿ ਅਸੀਂ ਯਹੋਵਾਹ ਲਈ ਕੁਝ ਜ਼ਿਆਦਾ ਨਹੀਂ ਕਰ ਸਕਦੇ। ਸਿਆਣੀ ਉਮਰ ਵੱਲ ਵਧਦਿਆਂ ਰਾਜਾ ਦਾਊਦ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ। (ਜ਼ਬੂ. 71:9) ਇਸ ਤਰ੍ਹਾਂ ਦੇ ਹਾਲਾਤ ਵਿਚ ਯਹੋਵਾਹ ਸਾਡੀ ਕਿਵੇਂ ਮਦਦ ਕਰ ਸਕਦਾ ਹੈ?

17. ਜੇਰੀ ਨਾਂ ਦੀ ਭੈਣ ਦੇ ਤਜਰਬੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

17 ਜ਼ਰਾ ਜੇਰੀ ਨਾਂ ਦੀ ਭੈਣ ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਪਰਮੇਸ਼ੁਰੀ ਕੰਮਾਂ ਵਿਚ ਵਰਤੀਆਂ ਜਾਣ ਵਾਲੀਆਂ ਇਮਾਰਤਾਂ ਦੀ ਸਾਂਭ-ਸੰਭਾਲ ਦੀ ਸਿਖਲਾਈ ਵਿਚ ਹਾਜ਼ਰ ਹੋਣ ਦਾ ਸੱਦਾ ਦਿੱਤਾ ਗਿਆ। ਉਸ ਨੇ ਕਿਹਾ: “ਮੈਂ ਬੁੱਢੀ ਤੇ ਵਿਧਵਾ ਹਾਂ ਅਤੇ ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਹੁਨਰ ਨਹੀਂ ਹੈ ਜੋ ਯਹੋਵਾਹ ਵਰਤ ਸਕਦਾ ਹੈ। ਮੈਂ ਨਿਕੰਮੀ ਹਾਂ।” ਸਿਖਲਾਈ ਵਾਲੇ ਦਿਨ ਤੋਂ ਇਕ ਰਾਤ ਪਹਿਲਾਂ ਉਸ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ। ਅਗਲੇ ਦਿਨ ਕਿੰਗਡਮ ਹਾਲ ਪਹੁੰਚ ਕੇ ਉਸ ਨੂੰ ਹਾਲੇ ਵੀ ਲੱਗ ਰਿਹਾ ਸੀ ਕਿ ਉਸ ਨੂੰ ਉੱਥੇ ਹੋਣਾ ਚਾਹੀਦਾ ਸੀ ਜਾਂ ਨਹੀਂ। ਸਭਾ ਦੌਰਾਨ ਇਕ ਭਾਸ਼ਣਕਾਰ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਯਹੋਵਾਹ ਤੋਂ ਸਿੱਖਿਆ ਲੈਣ ਦੀ ਇੱਛਾ ਰੱਖਣੀ ਹੀ ਸਾਡਾ ਸਭ ਤੋਂ ਜ਼ਰੂਰੀ ਹੁਨਰ ਹੈ। ਜੇਰੀ ਦੱਸਦੀ ਹੈ: “ਮੈਂ ਸੋਚਿਆ, ‘ਮੇਰੇ ਕੋਲ ਤਾਂ ਇਹ ਹੁਨਰ ਹੈ!’ ਇਹ ਅਹਿਸਾਸ ਹੋਣ ʼਤੇ ਕਿ ਯਹੋਵਾਹ ਮੇਰੀ ਪ੍ਰਾਰਥਨਾ ਦਾ ਜਵਾਬ ਦੇ ਰਿਹਾ ਸੀ, ਮੈਂ ਰੋਣ ਲੱਗ ਪਈ। ਉਹ ਮੈਨੂੰ ਭਰੋਸਾ ਦਿਵਾ ਰਿਹਾ ਸੀ ਕਿ ਮੇਰੇ ਕੋਲ ਵੀ ਉਸ ਨੂੰ ਦੇਣ ਲਈ ਕੁਝ ਕੀਮਤੀ ਹੈ ਤੇ ਉਹ ਮੈਨੂੰ ਸਿਖਾਉਣ ਲਈ ਤਿਆਰ ਸੀ!” ਜੇਰੀ ਅੱਗੇ ਕਹਿੰਦੀ ਹੈ: “ਉਸ ਸਭਾ ʼਤੇ ਜਾਂਦਿਆਂ ਮੈਂ ਬਹੁਤ ਘਬਰਾਈ ਤੇ ਨਿਰਾਸ਼ ਸੀ। ਪਰ ਉਸ ਸਭਾ ਤੋਂ ਵਾਪਸ ਆਉਂਦਿਆਂ ਮੈਂ ਤਕੜੀ ਮਹਿਸੂਸ ਕੀਤਾ ਤੇ ਆਪਣੇ ਆਪ ਲਈ ਮੇਰੀ ਕਦਰ ਵਧੀ!”

18. ਬਾਈਬਲ ਸਾਨੂੰ ਕਿਵੇਂ ਦਿਖਾਉਂਦੀ ਹੈ ਕਿ ਯਹੋਵਾਹ ਬੁਢਾਪੇ ਵਿਚ ਵੀ ਸਾਡੀ ਭਗਤੀ ਨੂੰ ਕੀਮਤੀ ਸਮਝਦਾ ਹੈ?

18 ਵਧਦੀ ਉਮਰ ਦੇ ਬਾਵਜੂਦ ਵੀ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਕੋਲ ਹਾਲੇ ਵੀ ਸਾਡੇ ਲਈ ਬਹੁਤ ਕੰਮ ਹੈ। (ਜ਼ਬੂ. 92:12-15) ਯਿਸੂ ਨੇ ਸਾਨੂੰ ਸਿਖਾਇਆ ਕਿ ਚਾਹੇ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤੇ ਕਾਬਲ ਨਹੀਂ ਹਾਂ ਜਾਂ ਅਸੀਂ ਜ਼ਿਆਦਾ ਨਹੀਂ ਕਰ ਪਾ ਰਹੇ, ਪਰ ਫਿਰ ਵੀ ਯਹੋਵਾਹ ਸਾਡੇ ਹਰੇਕ ਕੰਮ ਨੂੰ ਕੀਮਤੀ ਸਮਝਦਾ ਹੈ। (ਲੂਕਾ 21:2-4) ਸੋ ਉਨ੍ਹਾਂ ਕੰਮਾਂ ʼਤੇ ਧਿਆਨ ਲਾਓ ਜੋ ਤੁਸੀਂ ਕਰ ਸਕਦੇ ਹੋ। ਮਿਸਾਲ ਲਈ, ਤੁਸੀਂ ਦੂਜਿਆਂ ਨੂੰ ਯਹੋਵਾਹ ਬਾਰੇ ਦੱਸ ਸਕਦੇ ਹੋ, ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹੋ ਅਤੇ ਦੂਸਰਿਆਂ ਨੂੰ ਵਫ਼ਾਦਾਰ ਰਹਿਣ ਦਾ ਹੌਸਲਾ ਦੇ ਸਕਦੇ ਹੋ। ਯਹੋਵਾਹ ਤੁਹਾਨੂੰ ਆਪਣੇ ਨਾਲ ਮਿਲ ਕੇ ਕੰਮ ਕਰਨ ਵਾਲੇ ਸਮਝਦਾ ਹੈ ਕਿਉਂਕਿ ਤੁਸੀਂ ਉਸ ਦੀ ਆਗਿਆ ਖ਼ੁਸ਼ੀ-ਖ਼ੁਸ਼ੀ ਮੰਨਦੇ ਹੋ, ਨਾ ਕਿ ਇਸ ਲਈ ਕਿ ਤੁਸੀਂ ਕਿੰਨਾ ਕੁ ਕਰ ਸਕਦੇ ਹੋ।—1 ਕੁਰਿੰ. 3:5-9.

19. ਰੋਮੀਆਂ 8:38, 39 ਤੋਂ ਸਾਨੂੰ ਕਿਹੜੀ ਤਸੱਲੀ ਮਿਲਦੀ ਹੈ?

19 ਅਸੀਂ ਯਹੋਵਾਹ ਦੀ ਭਗਤੀ ਕਰ ਕੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹ ਆਪਣੇ ਸੇਵਕਾਂ ਨੂੰ ਬਹੁਤ ਅਨਮੋਲ ਸਮਝਦਾ ਹੈ! ਉਸ ਨੇ ਆਪਣੀ ਇੱਛਾ ਪੂਰੀ ਕਰਨ ਲਈ ਸਾਨੂੰ ਸਿਰਜਿਆ ਹੈ ਅਤੇ ਸੱਚੀ ਭਗਤੀ ਕਰ ਕੇ ਹੀ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ। (ਪ੍ਰਕਾ. 4:11) ਭਾਵੇਂ ਕਿ ਦੁਨੀਆਂ ਸਾਨੂੰ ਨਿਕੰਮਾ ਸਮਝਦੀ ਹੈ, ਪਰ ਯਹੋਵਾਹ ਸਾਡੇ ਬਾਰੇ ਇਹ ਨਜ਼ਰੀਆ ਨਹੀਂ ਰੱਖਦਾ। (ਇਬ. 11:16, 38) ਕਿਸੇ ਬੀਮਾਰੀ, ਆਰਥਿਕ ਤੰਗੀ ਜਾਂ ਬੁਢਾਪੇ ਕਰਕੇ ਨਿਰਾਸ਼ ਮਹਿਸੂਸ ਕਰਦਿਆਂ ਆਓ ਆਪਾਂ ਯਾਦ ਰੱਖੀਏ ਕਿ ਸਾਡੇ ਸਵਰਗੀ ਪਿਤਾ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਕੋਈ ਚੀਜ਼ ਰੋਕ ਨਹੀਂ ਸਕਦੀ।—ਰੋਮੀਆਂ 8:38, 39 ਪੜ੍ਹੋ।

a ਕੀ ਤੁਸੀਂ ਇੱਦਾਂ ਦੇ ਹਾਲਾਤਾਂ ਵਿੱਚੋਂ ਲੰਘੇ ਹੋ ਜਿਨ੍ਹਾਂ ਵਿਚ ਤੁਹਾਨੂੰ ਲੱਗਾ ਕਿ ਤੁਸੀਂ ਕਿਸੇ ਕੰਮ ਦੇ ਨਹੀਂ ਹੋ? ਇਸ ਲੇਖ ਵਿਚ ਤੁਹਾਨੂੰ ਯਾਦ ਕਰਾਇਆ ਜਾਵੇਗਾ ਕਿ ਯਹੋਵਾਹ ਲਈ ਤੁਸੀਂ ਕਿੰਨੇ ਅਨਮੋਲ ਹੋ। ਨਾਲੇ ਇਸ ਵਿਚ ਚਰਚਾ ਕੀਤੀ ਜਾਵੇਗੀ ਕਿ ਭਾਵੇਂ ਜ਼ਿੰਦਗੀ ਵਿਚ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ, ਫਿਰ ਵੀ ਤੁਸੀਂ ਆਪਣੀਆਂ ਨਜ਼ਰਾਂ ਵਿਚ ਆਪਣਾ ਆਦਰ-ਮਾਣ ਕਿਵੇਂ ਬਣਾਈ ਰੱਖ ਸਕਦੇ ਹੋ।

ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਉਹ ਸਾਨੂੰ ਅਨਮੋਲ ਸਮਝਦਾ ਹੈ ਜਦੋਂ ਅਸੀਂ . . .

  • ਕਿਸੇ ਬੀਮਾਰੀ ਦਾ ਸਾਮ੍ਹਣਾ ਕਰਦੇ ਹਾਂ?

  • ਪੈਸੇ ਦੀ ਤੰਗੀ ਝੱਲਦੇ ਹਾਂ?

  • ਵਧਦੀ ਉਮਰ ਕਰਕੇ ਜ਼ਿਆਦਾ ਨਹੀਂ ਕਰ ਪਾਉਂਦੇ?

ਗੀਤ 51 ਯਹੋਵਾਹ ਦਾ ਦਾਮਨ ਫੜੀ ਰੱਖੋ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ