ਅਧਿਐਨ ਲੇਖ 12
ਬੋਲਣ ਦਾ ਸਹੀ ਸਮਾਂ ਕਦੋਂ ਹੈ?
“ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।”—ਉਪ. 3:7.
ਗੀਤ 18 ਰੱਬ ਦਾ ਸੱਚਾ ਪਿਆਰ
ਖ਼ਾਸ ਗੱਲਾਂa
1. ਉਪਦੇਸ਼ਕ ਦੀ ਪੋਥੀ 3:1, 7 ਤੋਂ ਅਸੀਂ ਕੀ ਸਿੱਖਦੇ ਹਾਂ?
ਕਈਆਂ ਨੂੰ ਬੋਲਣਾ ਬਹੁਤ ਪਸੰਦ ਹੈ ਜਦ ਕਿ ਦੂਸਰੇ ਚੁੱਪ ਰਹਿਣਾ ਪਸੰਦ ਕਰਦੇ ਹਨ। ਜਿਵੇਂ ਇਸ ਲੇਖ ਦੀ ਮੁੱਖ ਆਇਤ ਵਿਚ ਦੱਸਿਆ ਹੈ ਕਿ ਇਕ ਚੁੱਪ ਕਰਨ ਦਾ ਵੇਲਾ ਹੈ ਅਤੇ ਇਕ ਬੋਲਣ ਦਾ। (ਉਪਦੇਸ਼ਕ ਦੀ ਪੋਥੀ 3:1, 7 ਪੜ੍ਹੋ।) ਪਰ ਸ਼ਾਇਦ ਅਸੀਂ ਸੋਚੀਏ ਕਿ ਕੁਝ ਭੈਣਾਂ-ਭਰਾਵਾਂ ਨੂੰ ਜ਼ਿਆਦਾ ਗੱਲ ਕਰਨੀ ਚਾਹੀਦੀ ਹੈ ਤੇ ਕੁਝ ਭੈਣਾਂ-ਭਰਾਵਾਂ ਨੂੰ ਘੱਟ।
2. ਕਿਸ ਕੋਲ ਇਹ ਤੈਅ ਕਰਨ ਦਾ ਹੱਕ ਹੈ ਕਿ ਸਾਨੂੰ ਕਦੋਂ ਤੇ ਕਿਵੇਂ ਬੋਲਣਾ ਚਾਹੀਦਾ ਹੈ?
2 ਸਾਡੀ ਬੋਲਣ ਦੀ ਕਾਬਲੀਅਤ ਯਹੋਵਾਹ ਵੱਲੋਂ ਇਕ ਤੋਹਫ਼ਾ ਹੈ। (ਕੂਚ 4:10, 11; ਪ੍ਰਕਾ. 4:11) ਆਪਣੇ ਬਚਨ ਵਿਚ ਉਹ ਸਾਨੂੰ ਸਮਝਾਉਂਦਾ ਹੈ ਕਿ ਅਸੀਂ ਇਸ ਤੋਹਫ਼ੇ ਦਾ ਸਹੀ ਇਸਤੇਮਾਲ ਕਿਵੇਂ ਕਰ ਸਕਦੇ ਹਾਂ। ਇਸ ਲੇਖ ਵਿਚ ਅਸੀਂ ਬਾਈਬਲ ਦੀਆਂ ਕੁਝ ਮਿਸਾਲਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਰਾਹੀਂ ਅਸੀਂ ਜਾਣ ਸਕਾਂਗੇ ਕਿ ਸਾਨੂੰ ਕਦੋਂ ਬੋਲਣਾ ਤੇ ਕਦੋਂ ਚੁੱਪ ਰਹਿਣਾ ਚਾਹੀਦਾ ਹੈ। ਅਸੀਂ ਦੇਖਾਂਗੇ ਕਿ ਅਸੀਂ ਦੂਜਿਆਂ ਨੂੰ ਜੋ ਕਹਿੰਦੇ ਹਾਂ, ਉਹ ਸੁਣ ਕੇ ਯਹੋਵਾਹ ਨੂੰ ਕਿਵੇਂ ਲੱਗਦਾ ਹੈ। ਆਓ ਆਪਾਂ ਪਹਿਲਾਂ ਦੇਖੀਏ ਕਿ ਸਾਨੂੰ ਕਦੋਂ ਬੋਲਣਾ ਚਾਹੀਦਾ ਹੈ।
ਸਾਨੂੰ ਕਦੋਂ ਬੋਲਣਾ ਚਾਹੀਦਾ ਹੈ?
3. ਰੋਮੀਆਂ 10:14 ਅਨੁਸਾਰ ਸਾਨੂੰ ਕਦੋਂ ਬੋਲਣਾ ਚਾਹੀਦਾ ਹੈ?
3 ਸਾਨੂੰ ਯਹੋਵਾਹ ਤੇ ਉਸ ਦੇ ਰਾਜ ਬਾਰੇ ਗੱਲ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। (ਮੱਤੀ 24:14; ਰੋਮੀਆਂ 10:14 ਪੜ੍ਹੋ।) ਇਸ ਤਰ੍ਹਾਂ ਕਰ ਕੇ ਅਸੀਂ ਯਿਸੂ ਦੀ ਰੀਸ ਕਰਾਂਗੇ। ਧਰਤੀ ʼਤੇ ਯਿਸੂ ਦੇ ਆਉਣ ਦਾ ਇਕ ਅਹਿਮ ਕਾਰਨ ਦੂਜਿਆਂ ਨੂੰ ਆਪਣੇ ਪਿਤਾ ਬਾਰੇ ਸੱਚਾਈ ਦੱਸਣਾ ਸੀ। (ਯੂਹੰ. 18:37) ਪਰ ਸਾਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਕਿਵੇਂ ਗੱਲ ਕਰਦੇ ਹਾਂ। ਸੋ ਦੂਜਿਆਂ ਨਾਲ ਯਹੋਵਾਹ ਬਾਰੇ ਗੱਲ ਕਰਦੇ ਸਮੇਂ ਸਾਨੂੰ “ਨਰਮਾਈ ਅਤੇ ਪੂਰੇ ਆਦਰ” ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਸਾਨੂੰ ਦੂਜਿਆਂ ਦੀਆਂ ਭਾਵਨਾਵਾਂ ਤੇ ਵਿਸ਼ਵਾਸਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। (1 ਪਤ. 3:15) ਇਸ ਤਰ੍ਹਾਂ ਕਰ ਕੇ ਅਸੀਂ ਸਿਰਫ਼ ਗੱਲ ਹੀ ਨਹੀਂ ਕਰਾਂਗੇ, ਸਗੋਂ ਉਸ ਵਿਅਕਤੀ ਨੂੰ ਸਿਖਾਵਾਂਗੇ ਤੇ ਸ਼ਾਇਦ ਉਸ ਦੇ ਦਿਲ ਤਕ ਪਹੁੰਚ ਸਕਾਂਗੇ।
4. ਕਹਾਉਤਾਂ 9:9 ਅਨੁਸਾਰ ਸਾਡੀ ਬੋਲੀ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੀ ਹੈ?
4 ਜੇ ਬਜ਼ੁਰਗ ਦੇਖਦੇ ਹਨ ਕਿ ਕਿਸੇ ਭੈਣ-ਭਰਾ ਨੂੰ ਸਲਾਹ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਬੋਲਣ ਤੋਂ ਝਿਜਕਣਾ ਨਹੀਂ ਚਾਹੀਦਾ। ਬਿਨਾਂ ਸ਼ੱਕ, ਉਹ ਸਹੀ ਸਮਾਂ ਚੁਣ ਕੇ ਗੱਲ ਕਰਨਗੇ ਤਾਂਕਿ ਉਹ ਉਸ ਵਿਅਕਤੀ ਨੂੰ ਸ਼ਰਮਿੰਦਾ ਨਾ ਕਰਨ। ਉਹ ਇਕੱਲੇ ਵਿਚ ਗੱਲ ਕਰਨ ਲਈ ਸਮੇਂ ਦਾ ਇੰਤਜ਼ਾਰ ਕਰਦੇ ਹਨ। ਬਜ਼ੁਰਗ ਹਮੇਸ਼ਾ ਇਸ ਤਰੀਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਸ ਨਾਲ ਸੁਣਨ ਵਾਲੇ ਵਿਅਕਤੀ ਦਾ ਆਦਰ-ਮਾਣ ਬਣਿਆ ਰਹੇ। ਫਿਰ ਵੀ ਉਹ ਬਾਈਬਲ ਦੇ ਅਸੂਲ ਸਾਂਝੇ ਕਰਨ ਤੋਂ ਪਿੱਛੇ ਨਹੀਂ ਹਟਦੇ ਜੋ ਕਿ ਬੁੱਧੀਮਾਨ ਬਣਨ ਵਿਚ ਦੂਸਰਿਆਂ ਦੀ ਮਦਦ ਕਰ ਸਕਦੇ ਹਨ। (ਕਹਾਉਤਾਂ 9:9 ਪੜ੍ਹੋ।) ਇਹ ਕਿਉਂ ਜ਼ਰੂਰੀ ਹੈ ਕਿ ਲੋੜ ਪੈਣ ʼਤੇ ਅਸੀਂ ਦਲੇਰੀ ਨਾਲ ਗੱਲ ਕਰੀਏ? ਜ਼ਰਾ ਦੋ ਮਿਸਾਲਾਂ ʼਤੇ ਗੌਰ ਕਰੋ। ਪਹਿਲੀ ਮਿਸਾਲ ਵਿਚ ਇਕ ਆਦਮੀ ਨੂੰ ਆਪਣੇ ਪੁੱਤਰਾਂ ਨੂੰ ਤਾੜਨਾ ਦੇਣ ਦੀ ਲੋੜ ਸੀ ਤੇ ਦੂਜੀ ਮਿਸਾਲ ਵਿਚ ਇਕ ਔਰਤ ਨੂੰ ਭਵਿੱਖ ਵਿਚ ਬਣਨ ਵਾਲੇ ਰਾਜੇ ਨਾਲ ਗੱਲ ਕਰਨੀ ਪੈਣੀ ਸੀ।
5. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮਹਾਂ ਪੁਜਾਰੀ ਏਲੀ ਬੋਲਣ ਵਿਚ ਨਾਕਾਮ ਰਿਹਾ ਚਾਹੇ ਉਸ ਨੇ ਆਪਣੇ ਮੁੰਡਿਆਂ ਨੂੰ ਝਿੜਕਿਆ ਸੀ?
5 ਮਹਾਂ ਪੁਜਾਰੀ ਏਲੀ ਆਪਣੇ ਦੋ ਪੁੱਤਰਾਂ ਨਾਲ ਬੇਹੱਦ ਪਿਆਰ ਕਰਦਾ ਸੀ। ਪਰ ਉਹ ਦੋਵੇਂ ਯਹੋਵਾਹ ਦਾ ਬਿਲਕੁਲ ਵੀ ਆਦਰ ਨਹੀਂ ਕਰਦੇ ਸਨ। ਉਹ ਤੰਬੂ ਵਿਚ ਪੁਜਾਰੀਆਂ ਵਜੋਂ ਖ਼ਾਸ ਜ਼ਿੰਮੇਵਾਰੀਆਂ ਸੰਭਾਲਦੇ ਸਨ। ਪਰ ਉਨ੍ਹਾਂ ਨੇ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕੀਤੀ, ਯਹੋਵਾਹ ਨੂੰ ਚੜ੍ਹਾਈਆਂ ਜਾਂਦੀਆਂ ਬਲ਼ੀਆਂ ਪ੍ਰਤੀ ਘੋਰ ਨਿਰਾਦਰ ਦਿਖਾਇਆ ਅਤੇ ਬੇਸ਼ਰਮ ਹੋ ਕੇ ਹਰਾਮਕਾਰੀ ਕੀਤੀ। (1 ਸਮੂ. 2:12-17, 22) ਮੂਸਾ ਦੇ ਕਾਨੂੰਨ ਅਨੁਸਾਰ ਏਲੀ ਦੇ ਪੁੱਤਰ ਮੌਤ ਦੇ ਲਾਇਕ ਸਨ, ਪਰ ਏਲੀ ਨੇ ਸਿਰਫ਼ ਉਨ੍ਹਾਂ ਨੂੰ ਨਰਮਾਈ ਨਾਲ ਝਿੜਕਿਆ ਤੇ ਤੰਬੂ ਵਿਚ ਉਨ੍ਹਾਂ ਨੂੰ ਕੰਮ ਕਰਦੇ ਰਹਿਣ ਦੀ ਇਜਾਜ਼ਤ ਦਿੱਤੀ। (ਬਿਵ. 21:18-21) ਏਲੀ ਨੇ ਇਸ ਮਸਲੇ ਬਾਰੇ ਜੋ ਕੀਤਾ, ਉਸ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਸੀ? ਉਸ ਨੇ ਏਲੀ ਨੂੰ ਕਿਹਾ: “ਤੂੰ ਕਿਉਂ ਆਪਣੇ ਪੁੱਤ੍ਰਾਂ ਦਾ ਮੇਰੇ ਨਾਲੋਂ ਵਧੀਕ ਆਦਰ ਕਰਦਾ ਹੈਂ?” ਯਹੋਵਾਹ ਨੇ ਉਨ੍ਹਾਂ ਦੋ ਦੁਸ਼ਟ ਆਦਮੀਆਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ।—1 ਸਮੂ. 2:29, 34.
6. ਏਲੀ ਤੋਂ ਅਸੀਂ ਕੀ ਸਿੱਖਦੇ ਹਾਂ?
6 ਅਸੀਂ ਏਲੀ ਤੋਂ ਇਕ ਜ਼ਰੂਰੀ ਸਬਕ ਸਿੱਖਦੇ ਹਾਂ। ਜੇ ਸਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਯਹੋਵਾਹ ਦਾ ਕੋਈ ਕਾਨੂੰਨ ਤੋੜਦਾ ਹੈ, ਤਾਂ ਸਾਨੂੰ ਉਸ ਨਾਲ ਗੱਲ ਕਰ ਕੇ ਉਸ ਨੂੰ ਯਹੋਵਾਹ ਦੇ ਮਿਆਰ ਯਾਦ ਕਰਾਉਣੇ ਚਾਹੀਦੇ ਹਨ। ਫਿਰ ਸਾਨੂੰ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਬਜ਼ੁਰਗਾਂ ਤੋਂ ਲੋੜੀਂਦੀ ਮਦਦ ਲਵੇ। (ਯਾਕੂ. 5:14) ਅਸੀਂ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦਾ ਯਹੋਵਾਹ ਨਾਲੋਂ ਵੱਧ ਆਦਰ ਕਰ ਕੇ ਕਦੇ ਵੀ ਏਲੀ ਵਰਗੇ ਨਹੀਂ ਬਣਨਾ ਚਾਹਾਂਗੇ। ਕਿਸੇ ਨੂੰ ਤਾੜਨਾ ਦੇਣ ਲਈ ਦਲੇਰੀ ਦੀ ਲੋੜ ਪੈਂਦੀ ਹੈ, ਪਰ ਇਸ ਦੇ ਵਧੀਆ ਨਤੀਜੇ ਨਿਕਲ ਸਕਦੇ ਹਨ। ਆਓ ਆਪਾਂ ਦੇਖੀਏ ਕਿ ਅਬੀਗੈਲ ਨਾਂ ਦੀ ਇਕ ਇਜ਼ਰਾਈਲੀ ਔਰਤ ਏਲੀ ਤੋਂ ਕਿਵੇਂ ਵੱਖਰੀ ਸੀ।
ਅਬੀਗੈਲ ਨੇ ਸਹੀ ਸਮੇਂ ʼਤੇ ਗੱਲ ਕਰ ਕੇ ਇਕ ਚੰਗੀ ਮਿਸਾਲ ਕਾਇਮ ਕੀਤੀ (ਪੈਰੇ 7-8 ਦੇਖੋ)d
7. ਅਬੀਗੈਲ ਨੇ ਦਾਊਦ ਨਾਲ ਕਿਉਂ ਗੱਲ ਕੀਤੀ?
7 ਅਬੀਗੈਲ ਇਕ ਅਮੀਰ ਜ਼ਮੀਨਦਾਰ ਨਾਬਾਲ ਦੀ ਪਤਨੀ ਸੀ। ਜਦ ਦਾਊਦ ਤੇ ਉਸ ਦੇ ਆਦਮੀ ਰਾਜਾ ਸ਼ਾਊਲ ਤੋਂ ਭੱਜ ਰਹੇ ਸਨ, ਤਾਂ ਉਨ੍ਹਾਂ ਨੇ ਕੁਝ ਸਮਾਂ ਨਾਬਾਲ ਦੇ ਚਰਵਾਹਿਆਂ ਨਾਲ ਗੁਜ਼ਾਰਿਆ ਤੇ ਲੁਟੇਰਿਆਂ ਤੋਂ ਉਸ ਦੇ ਇੱਜੜਾਂ ਦੀ ਰਾਖੀ ਕੀਤੀ। ਕੀ ਨਾਬਾਲ ਉਨ੍ਹਾਂ ਦੀ ਮਦਦ ਲਈ ਸ਼ੁਕਰਗੁਜ਼ਾਰ ਸੀ? ਨਹੀਂ। ਜਦ ਦਾਊਦ ਨੇ ਆਪਣੇ ਆਦਮੀਆਂ ਲਈ ਕੁਝ ਖਾਣ-ਪੀਣ ਦੀ ਮੰਗ ਕੀਤੀ, ਤਾਂ ਨਾਬਾਲ ਲਾਲ-ਪੀਲਾ ਹੋ ਗਿਆ ਤੇ ਉਸ ਨੇ ਉਨ੍ਹਾਂ ਨੂੰ ਬੁਰਾ-ਭਲਾ ਕਿਹਾ। (1 ਸਮੂ. 25:5-8, 10-12, 14) ਨਤੀਜੇ ਵਜੋਂ, ਦਾਊਦ ਨੇ ਨਾਬਾਲ ਦੇ ਘਰਾਣੇ ਦੇ ਹਰ ਆਦਮੀ ਨੂੰ ਮਾਰਨ ਦਾ ਫ਼ੈਸਲਾ ਕੀਤਾ। (1 ਸਮੂ. 25:13, 22) ਇਸ ਤੂਫ਼ਾਨ ਨੂੰ ਕਿਵੇਂ ਰੋਕਿਆ ਜਾ ਸਕਦਾ ਸੀ? ਅਬੀਗੈਲ ਜਾਣਦੀ ਸੀ ਕਿ ਹੁਣ ਬੋਲਣ ਦਾ ਵੇਲਾ ਸੀ। ਇਸ ਲਈ ਦਲੇਰੀ ਦਿਖਾਉਂਦਿਆਂ ਉਹ 400 ਭੁੱਖੇ ਤੇ ਗੁੱਸੇ ਨਾਲ ਭਰੇ ਹਥਿਆਰਬੰਦ ਆਦਮੀਆਂ ਨੂੰ ਮਿਲਣ ਗਈ ਤੇ ਉਸ ਨੇ ਦਾਊਦ ਨਾਲ ਗੱਲ ਕੀਤੀ।
8. ਅਸੀਂ ਅਬੀਗੈਲ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
8 ਅਬੀਗੈਲ ਨੇ ਦਾਊਦ ਨਾਲ ਦਲੇਰੀ ਅਤੇ ਆਦਰ ਨਾਲ ਗੱਲ ਕੀਤੀ ਅਤੇ ਉਸ ਨੂੰ ਕਾਇਲ ਕੀਤਾ। ਭਾਵੇਂ ਕਿ ਅਬੀਗੈਲ ਕਰਕੇ ਇਹ ਮੁਸ਼ਕਲ ਖੜ੍ਹੀ ਨਹੀਂ ਹੋਈ, ਪਰ ਫਿਰ ਵੀ ਉਸ ਨੇ ਦਾਊਦ ਤੋਂ ਮਾਫ਼ੀ ਮੰਗੀ। ਉਸ ਨੇ ਦਾਊਦ ਦੇ ਚੰਗੇ ਗੁਣਾਂ ʼਤੇ ਧਿਆਨ ਲਾਇਆ ਅਤੇ ਭਰੋਸਾ ਰੱਖਿਆ ਕਿ ਯਹੋਵਾਹ ਉਸ ਦੀ ਮਦਦ ਕਰੇਗਾ। (1 ਸਮੂ. 25:24, 26, 28, 33, 34) ਅਬੀਗੈਲ ਵਾਂਗ ਸਾਨੂੰ ਵੀ ਉਦੋਂ ਦਲੇਰੀ ਨਾਲ ਗੱਲ ਕਰਨ ਦੀ ਲੋੜ ਹੈ ਜਦੋਂ ਕੋਈ ਵਿਅਕਤੀ ਗ਼ਲਤ ਰਾਹ ʼਤੇ ਜਾ ਰਿਹਾ ਹੋਵੇ। (ਜ਼ਬੂ. 141:5) ਸਾਨੂੰ ਆਦਰ ਨਾਲ, ਪਰ ਨਿਡਰ ਹੋ ਕੇ ਗੱਲ ਕਰਨੀ ਚਾਹੀਦੀ ਹੈ। ਵਿਅਕਤੀ ਨੂੰ ਪਿਆਰ ਨਾਲ ਲੋੜੀਂਦੀ ਸਲਾਹ ਦੇ ਕੇ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਉਸ ਦੇ ਸੱਚੇ ਦੋਸਤ ਹਾਂ।—ਕਹਾ. 27:17.
9-10. ਦੂਜਿਆਂ ਨੂੰ ਸਲਾਹ ਦਿੰਦੇ ਸਮੇਂ ਬਜ਼ੁਰਗਾਂ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
9 ਬਜ਼ੁਰਗਾਂ ਨੂੰ ਖ਼ਾਸ ਤੌਰ ʼਤੇ ਉਸ ਭੈਣ-ਭਰਾ ਨਾਲ ਦਲੇਰੀ ਨਾਲ ਗੱਲ ਕਰਨੀ ਚਾਹੀਦੀ ਹੈ ਜੋ ਕੋਈ ਗ਼ਲਤ ਕਦਮ ਚੁੱਕ ਲੈਂਦਾ ਹੈ। (ਗਲਾ. 6:1) ਬਜ਼ੁਰਗ ਨਿਮਰਤਾ ਨਾਲ ਇਹ ਯਾਦ ਰੱਖਦੇ ਹਨ ਕਿ ਨਾਮੁਕੰਮਲ ਹੋਣ ਕਰਕੇ ਉਨ੍ਹਾਂ ਨੂੰ ਵੀ ਸ਼ਾਇਦ ਇਕ ਦਿਨ ਸਲਾਹ ਦੀ ਲੋੜ ਪਵੇ। ਪਰ ਇਸ ਗੱਲ ਕਰਕੇ ਬਜ਼ੁਰਗ ਲੋੜ ਪੈਣ ʼਤੇ ਅਨੁਸ਼ਾਸਨ ਦੇਣ ਤੋਂ ਪਿੱਛੇ ਨਹੀਂ ਹਟਦੇ। (2 ਤਿਮੋ. 4:2; ਤੀਤੁ. 1:9) ਕਿਸੇ ਵਿਅਕਤੀ ਨੂੰ ਸਲਾਹ ਦਿੰਦੇ ਸਮੇਂ ਉਹ ਸਮਝਦਾਰੀ ਤੇ ਧੀਰਜ ਨਾਲ ਆਪਣੀ ਬੋਲਣ ਦੀ ਕਾਬਲੀਅਤ ਨੂੰ ਵਰਤਦੇ ਹਨ। ਆਪਣੇ ਭਰਾ ਨਾਲ ਪਿਆਰ ਹੋਣ ਕਰਕੇ ਉਹ ਉਸ ਦੀ ਮਦਦ ਕਰਨ ਲਈ ਪ੍ਰੇਰਿਤ ਹੁੰਦੇ ਹਨ। (ਕਹਾ. 13:24) ਪਰ ਯਹੋਵਾਹ ਦਾ ਆਦਰ ਕਰਨਾ ਉਨ੍ਹਾਂ ਲਈ ਸਭ ਤੋਂ ਜ਼ਰੂਰੀ ਹੈ। ਉਹ ਯਹੋਵਾਹ ਦੇ ਮਿਆਰਾਂ ਨੂੰ ਉੱਚਾ ਰੱਖ ਕੇ ਅਤੇ ਮੰਡਲੀ ਨੂੰ ਖ਼ਤਰਿਆਂ ਤੋਂ ਬਚਾ ਕੇ ਆਦਰ ਦਿਖਾਉਂਦੇ ਹਨ।—ਰਸੂ. 20:28.
10 ਹੁਣ ਤਕ ਅਸੀਂ ਦੇਖਿਆ ਹੈ ਕਿ ਸਾਨੂੰ ਕਦੋਂ ਬੋਲਣਾ ਚਾਹੀਦਾ ਹੈ। ਪਰ ਕਈ ਵਾਰ ਸਾਨੂੰ ਬਿਲਕੁਲ ਚੁੱਪ ਰਹਿਣ ਦੀ ਲੋੜ ਹੁੰਦੀ ਹੈ। ਅਗਲੇ ਪੈਰਿਆਂ ਵਿਚ ਅਸੀਂ ਦੇਖਾਂਗੇ ਕਿ ਸਾਨੂੰ ਕਦੋਂ ਚੁੱਪ ਰਹਿਣਾ ਚਾਹੀਦਾ ਹੈ।
ਸਾਨੂੰ ਕਦੋਂ ਚੁੱਪ ਰਹਿਣਾ ਚਾਹੀਦਾ ਹੈ?
11. ਯਾਕੂਬ ਨੇ ਕਿਹੜੀ ਮਿਸਾਲ ਵਰਤੀ ਅਤੇ ਇਹ ਕਿਉਂ ਢੁਕਵੀਂ ਹੈ?
11 ਆਪਣੀ ਜ਼ਬਾਨ ʼਤੇ ਕਾਬੂ ਪਾਉਣਾ ਔਖਾ ਹੋ ਸਕਦਾ ਹੈ। ਬਾਈਬਲ ਦੇ ਲਿਖਾਰੀ ਯਾਕੂਬ ਨੇ ਇਕ ਢੁਕਵੀਂ ਮਿਸਾਲ ਰਾਹੀਂ ਇਸ ਚੁਣੌਤੀ ਬਾਰੇ ਸਮਝਾਇਆ। ਉਸ ਨੇ ਲਿਖਿਆ: “ਜੇ ਕੋਈ ਬੋਲਣ ਵਿਚ ਗ਼ਲਤੀ ਨਹੀਂ ਕਰਦਾ, ਤਾਂ ਉਹ ਮੁਕੰਮਲ ਇਨਸਾਨ ਹੈ ਅਤੇ ਆਪਣੇ ਪੂਰੇ ਸਰੀਰ ਨੂੰ ਕਾਬੂ ਵਿਚ ਰੱਖ ਸਕਦਾ ਹੈ। ਅਸੀਂ ਘੋੜੇ ਨੂੰ ਕਾਬੂ ਵਿਚ ਰੱਖਣ ਲਈ ਉਸ ਦੇ ਮੂੰਹ ਵਿਚ ਲਗਾਮ ਪਾਉਂਦੇ ਹਾਂ ਤਾਂਕਿ ਅਸੀਂ ਜਿੱਧਰ ਚਾਹੀਏ ਉਸ ਨੂੰ ਲਿਜਾ ਸਕੀਏ।” (ਯਾਕੂ. 3:2, 3) ਜੇ ਇਕ ਘੋੜਸਵਾਰ ਲਗਾਮ ʼਤੇ ਕਾਬੂ ਨਹੀਂ ਰੱਖਦਾ, ਤਾਂ ਘੋੜਾ ਬੇਕਾਬੂ ਹੋ ਸਕਦਾ ਹੈ ਅਤੇ ਆਪਣੇ ਆਪ ਨੂੰ ਤੇ ਘੋੜਸਵਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸੇ ਤਰ੍ਹਾਂ ਜ਼ਬਾਨ ʼਤੇ ਕਾਬੂ ਨਾ ਰੱਖਣ ਕਰਕੇ ਬਹੁਤ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਆਓ ਅਸੀਂ ਕੁਝ ਹਾਲਾਤਾਂ ʼਤੇ ਗੌਰ ਕਰੀਏ ਜਦ ਸਾਨੂੰ ਆਪਣੀ “ਜ਼ਬਾਨ ʼਤੇ ਲਗਾਮ” ਪਾਉਣ ਦੀ ਲੋੜ ਹੁੰਦੀ ਹੈ।
12. ਸਾਨੂੰ ਕਦੋਂ ਆਪਣੀ “ਜ਼ਬਾਨ ʼਤੇ ਲਗਾਮ” ਪਾਉਣੀ ਚਾਹੀਦੀ ਹੈ?
12 ਜਦੋਂ ਕਿਸੇ ਭੈਣ-ਭਰਾ ਕੋਲ ਅਜਿਹੀ ਜਾਣਕਾਰੀ ਹੁੰਦੀ ਹੈ ਜੋ ਉਨ੍ਹਾਂ ਨੂੰ ਦੂਸਰਿਆਂ ਨੂੰ ਨਹੀਂ ਦੱਸਣੀ ਚਾਹੀਦੀ, ਤਾਂ ਇਸ ਬਾਰੇ ਤੁਹਾਡਾ ਕੀ ਰਵੱਈਆ ਹੁੰਦਾ ਹੈ? ਮਿਸਾਲ ਲਈ, ਜੇ ਤੁਸੀਂ ਕਿਸੇ ਅਜਿਹੇ ਭੈਣ-ਭਰਾ ਨੂੰ ਮਿਲਦੇ ਹੋ ਜੋ ਉਸ ਦੇਸ਼ ਵਿਚ ਰਹਿੰਦਾ ਹੈ ਜਿੱਥੇ ਸਾਡੇ ਪ੍ਰਚਾਰ ਦੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ, ਤਾਂ ਕੀ ਤੁਸੀਂ ਉਸ ਦੇਸ਼ ਵਿਚ ਹੋ ਰਹੇ ਕੰਮ ਬਾਰੇ ਜਾਣਕਾਰੀ ਲੈਣ ਲਈ ਲੁਭਾਏ ਜਾਂਦੇ ਹੋ? ਬਿਨਾਂ ਸ਼ੱਕ, ਤੁਹਾਡੇ ਇਰਾਦੇ ਨੇਕ ਹੁੰਦੇ ਹਨ। ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ ਤੇ ਦਿਲਚਸਪੀ ਲੈਂਦੇ ਹਾਂ ਕਿ ਉਨ੍ਹਾਂ ਨਾਲ ਕੀ ਹੋ ਰਿਹਾ ਹੈ। ਉਨ੍ਹਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰਨੀ ਚਾਹੁੰਦੇ ਹਾਂ। ਪਰ ਇਹ ਸਮਾਂ ਹੈ ਜਦੋਂ ਸਾਨੂੰ ਆਪਣੀ “ਜ਼ਬਾਨ ʼਤੇ ਲਗਾਮ” ਪਾਉਣੀ ਚਾਹੀਦੀ ਹੈ। ਜੇ ਅਸੀਂ ਉਸ ਵਿਅਕਤੀ ʼਤੇ ਅਜਿਹੀ ਜਾਣਕਾਰੀ ਦੇਣ ਦਾ ਦਬਾਅ ਪਾਉਂਦੇ ਹਾਂ ਜੋ ਦੂਸਰਿਆਂ ਨੂੰ ਨਹੀਂ ਦੱਸਣੀ ਚਾਹੀਦੀ, ਤਾਂ ਅਸੀਂ ਉਸ ਵਿਅਕਤੀ ਅਤੇ ਉਸ ʼਤੇ ਭਰੋਸਾ ਰੱਖਣ ਵਾਲੇ ਭੈਣਾਂ-ਭਰਾਵਾਂ ਲਈ ਪਿਆਰ ਨਹੀਂ ਦਿਖਾ ਰਹੇ ਹੋਵਾਂਗੇ। ਇਹ ਭੈਣ-ਭਰਾ ਉਮੀਦ ਰੱਖਦੇ ਹਨ ਕਿ ਉਹ ਵਿਅਕਤੀ ਜਾਣਕਾਰੀ ਗੁਪਤ ਰੱਖੇਗਾ। ਨਾਲੇ ਅਸੀਂ ਕਦੇ ਵੀ ਉਨ੍ਹਾਂ ਦੇਸ਼ਾਂ ਦੇ ਭੈਣਾਂ-ਭਰਾਵਾਂ ਲਈ ਹੋਰ ਮੁਸ਼ਕਲਾਂ ਨਹੀਂ ਖੜ੍ਹੀਆਂ ਕਰਨੀਆਂ ਚਾਹਾਂਗੇ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ। ਇਸੇ ਤਰ੍ਹਾਂ ਅਜਿਹੇ ਦੇਸ਼ਾਂ ਵਿਚ ਸੇਵਾ ਕਰ ਰਹੇ ਭੈਣ-ਭਰਾ ਕਦੇ ਵੀ ਇਹ ਨਹੀਂ ਦੱਸਣਾ ਚਾਹੁਣਗੇ ਕਿ ਉੱਥੇ ਰਹਿ ਰਹੇ ਭੈਣ-ਭਰਾ ਪ੍ਰਚਾਰ ਦਾ ਕੰਮ ਤੇ ਸਭਾਵਾਂ ਵਗੈਰਾ ਕਿਵੇਂ ਕਰਦੇ ਹਨ।
13. ਕਹਾਉਤਾਂ 11:13 ਅਨੁਸਾਰ ਬਜ਼ੁਰਗਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕਿਉਂ?
13 ਬਜ਼ੁਰਗਾਂ ਲਈ ਖ਼ਾਸ ਕਰਕੇ ਕਹਾਉਤਾਂ 11:13 (ਪੜ੍ਹੋ।) ਵਿਚ ਦਿੱਤਾ ਅਸੂਲ ਲਾਗੂ ਕਰਨਾ ਜ਼ਰੂਰੀ ਹੈ। ਉਹ ਅਜਿਹੀ ਜਾਣਕਾਰੀ ਨਹੀਂ ਦਿੰਦੇ ਜੋ ਦੂਜਿਆਂ ਨੂੰ ਜਾਣਨ ਦਾ ਹੱਕ ਨਹੀਂ ਹੈ। ਇਹ ਇਕ ਚੁਣੌਤੀ ਹੋ ਸਕਦੀ ਹੈ ਖ਼ਾਸ ਕਰਕੇ ਜੇ ਇਕ ਬਜ਼ੁਰਗ ਵਿਆਹਿਆ ਹੋਇਆ ਹੈ। ਇਕ ਵਿਆਹਿਆ ਜੋੜਾ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਲਈ ਇਕ-ਦੂਜੇ ਨਾਲ ਗੱਲ ਕਰਦੇ ਅਤੇ ਆਪਣੇ ਡੂੰਘੇ ਖ਼ਿਆਲ, ਭਾਵਨਾਵਾਂ ਤੇ ਚਿੰਤਾਵਾਂ ਸਾਂਝੀਆਂ ਕਰਦੇ ਹਨ। ਪਰ ਇਕ ਬਜ਼ੁਰਗ ਨੂੰ ਪਤਾ ਹੁੰਦਾ ਕਿ ਉਸ ਨੂੰ ਮੰਡਲੀ ਦੇ ਭੈਣਾਂ-ਭਰਾਵਾਂ ਦੀਆਂ “ਛਿਪੀਆਂ ਗੱਲਾਂ [“ਭੇਤਾਂ,” NW]” ਨੂੰ ਕਦੇ ਜ਼ਾਹਰ ਨਹੀਂ ਕਰਨਾ ਚਾਹੀਦਾ। ਜੇ ਉਹ ਇਸ ਤਰ੍ਹਾਂ ਕਰਦਾ ਹੈ, ਤਾਂ ਉਹ ਉਨ੍ਹਾਂ ਦਾ ਭਰੋਸਾ ਗੁਆ ਦਿੰਦਾ ਹੈ ਤੇ ਆਪਣਾ ਚੰਗਾ ਨਾਂ ਖ਼ਰਾਬ ਕਰਦਾ ਹੈ। ਮੰਡਲੀ ਦੇ ਜ਼ਿੰਮੇਵਾਰ ਭਰਾਵਾਂ ਨੂੰ “ਦੋਗਲੀਆਂ ਗੱਲਾਂ” ਨਹੀਂ ਕਰਨੀਆਂ ਚਾਹੀਦੀਆਂ। (1 ਤਿਮੋ. 3:8) ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਜਾਂ ਦੂਜਿਆਂ ਦੀਆਂ ਚੁਗ਼ਲੀਆਂ ਨਹੀਂ ਕਰਨੀਆਂ ਚਾਹੀਦੀਆਂ। ਆਪਣੀ ਪਤਨੀ ਨੂੰ ਪਿਆਰ ਕਰਨ ਵਾਲਾ ਬਜ਼ੁਰਗ ਉਸ ʼਤੇ ਅਜਿਹੀ ਜਾਣਕਾਰੀ ਦਾ ਬੋਝ ਨਹੀਂ ਪਾਵੇਗਾ ਜੋ ਉਸ ਦੀ ਪਤਨੀ ਨੂੰ ਜਾਣਨ ਦੀ ਲੋੜ ਨਹੀਂ ਹੈ।
14. ਇਕ ਬਜ਼ੁਰਗ ਦੀ ਪਤਨੀ ਆਪਣੇ ਪਤੀ ਦੇ ਚੰਗੇ ਨਾਂ ਨੂੰ ਬਰਕਰਾਰ ਰੱਖਣ ਵਿਚ ਕਿਵੇਂ ਮਦਦ ਕਰ ਸਕਦੀ ਹੈ?
14 ਇਕ ਪਤਨੀ ਨੂੰ ਆਪਣੇ ਪਤੀ ʼਤੇ ਅਜਿਹੀਆਂ ਗੱਲਾਂ ਦੱਸਣ ਦਾ ਦਬਾਅ ਨਹੀਂ ਪਾਉਣਾ ਚਾਹੀਦਾ ਜਿਨ੍ਹਾਂ ਨੂੰ ਜਾਣਨਾ ਉਸ ਦਾ ਹੱਕ ਨਹੀਂ ਹੈ। ਇਸ ਤਰ੍ਹਾਂ ਕਰ ਕੇ ਉਹ ਆਪਣੇ ਪਤੀ ਦਾ ਚੰਗਾ ਨਾਂ ਬਣਾਈ ਰੱਖਣ ਵਿਚ ਮਦਦ ਕਰ ਸਕਦੀ ਹੈ। ਇਹ ਸਲਾਹ ਲਾਗੂ ਕਰ ਕੇ ਉਹ ਸਿਰਫ਼ ਆਪਣੇ ਪਤੀ ਦਾ ਸਾਥ ਹੀ ਨਹੀਂ ਦਿੰਦੀ, ਸਗੋਂ ਉਨ੍ਹਾਂ ਲਈ ਆਦਰ ਵੀ ਦਿਖਾਉਂਦੀ ਹੈ ਜਿਨ੍ਹਾਂ ਨੇ ਉਸ ਦੇ ਪਤੀ ਨੂੰ ਨਿੱਜੀ ਜਾਣਕਾਰੀ ਦਿੱਤੀ ਹੈ। ਨਾਲੇ ਸਭ ਤੋਂ ਜ਼ਰੂਰੀ ਗੱਲ, ਉਹ ਯਹੋਵਾਹ ਨੂੰ ਖ਼ੁਸ਼ ਕਰਦੀ ਹੈ ਕਿਉਂਕਿ ਉਹ ਮੰਡਲੀ ਦੀ ਏਕਤਾ ਤੇ ਸ਼ਾਂਤੀ ਬਣਾਈ ਰੱਖਣ ਵਿਚ ਯੋਗਦਾਨ ਪਾ ਰਹੀ ਹੈ।—ਰੋਮੀ. 14:19.
ਅਸੀਂ ਜੋ ਕਹਿੰਦੇ ਹਾਂ, ਉਹ ਸੁਣ ਕੇ ਯਹੋਵਾਹ ਨੂੰ ਕਿਵੇਂ ਲੱਗਦਾ ਹੈ?
15. ਯਹੋਵਾਹ ਦਾ ਅੱਯੂਬ ਦੇ ਤਿੰਨ ਦੋਸਤਾਂ ਬਾਰੇ ਕੀ ਨਜ਼ਰੀਆ ਸੀ ਅਤੇ ਕਿਉਂ?
15 ਅਸੀਂ ਬਾਈਬਲ ਵਿਚ ਅੱਯੂਬ ਦੀ ਕਿਤਾਬ ਤੋਂ ਸਿੱਖ ਸਕਦੇ ਹਾਂ ਕਿ ਅਸੀਂ ਕਿਵੇਂ ਅਤੇ ਕਦੋਂ ਬੋਲਣਾ ਹੈ। ਅੱਯੂਬ ʼਤੇ ਇਕ ਤੋਂ ਬਾਅਦ ਇਕ ਮੁਸੀਬਤਾਂ ਆਈਆਂ। ਉਸ ਨੂੰ ਦਿਲਾਸਾ ਅਤੇ ਸਲਾਹ ਦੇਣ ਲਈ ਚਾਰ ਆਦਮੀ ਆਏ। ਇਹ ਆਦਮੀ ਕਾਫ਼ੀ ਦੇਰ ਚੁੱਪ ਰਹੇ। ਇਨ੍ਹਾਂ ਵਿੱਚੋਂ ਤਿੰਨ ਆਦਮੀ ਸਨ: ਅਲੀਫ਼ਜ਼, ਬਿਲਦਦ ਅਤੇ ਸੋਫ਼ਰ। ਬਾਅਦ ਵਿਚ ਉਨ੍ਹਾਂ ਦੀਆਂ ਕਹੀਆਂ ਗੱਲਾਂ ਤੋਂ ਜ਼ਾਹਰ ਹੋਇਆ ਕਿ ਉਨ੍ਹਾਂ ਨੇ ਚੁੱਪ ਰਹਿ ਕੇ ਅੱਯੂਬ ਦੀ ਮਦਦ ਕਰਨ ਬਾਰੇ ਨਹੀਂ ਸੋਚਿਆ। ਇਸ ਦੀ ਬਜਾਇ, ਉਹ ਇਹ ਸਾਬਤ ਕਰਨ ਬਾਰੇ ਸੋਚ ਰਹੇ ਸਨ ਕਿ ਅੱਯੂਬ ਨੇ ਕੋਈ ਗ਼ਲਤ ਕੰਮ ਕੀਤਾ ਸੀ। ਉਨ੍ਹਾਂ ਨੇ ਕੁਝ ਸੱਚੀਆਂ ਗੱਲਾਂ ਕਹੀਆਂ, ਪਰ ਅੱਯੂਬ ਤੇ ਯਹੋਵਾਹ ਬਾਰੇ ਕਹੀਆਂ ਜ਼ਿਆਦਾਤਰ ਗੱਲਾਂ ਚੁਭਵੀਆਂ ਤੇ ਝੂਠੀਆਂ ਸਨ। ਉਨ੍ਹਾਂ ਨੇ ਅੱਯੂਬ ʼਤੇ ਬੁਰਾ ਹੋਣ ਦਾ ਦੋਸ਼ ਲਾਇਆ। (ਅੱਯੂ. 32:1-3) ਯਹੋਵਾਹ ਨੇ ਕੀ ਕੀਤਾ? ਇਨ੍ਹਾਂ ਤਿੰਨ ਆਦਮੀਆਂ ʼਤੇ ਉਸ ਦਾ ਗੁੱਸਾ ਭੜਕ ਉੱਠਿਆ। ਉਸ ਨੇ ਉਨ੍ਹਾਂ ਨੂੰ ਮੂਰਖ ਕਿਹਾ ਅਤੇ ਕਿਹਾ ਕਿ ਉਹ ਅੱਯੂਬ ਨੂੰ ਬੇਨਤੀ ਕਰਨ ਕਿ ਉਹ ਉਨ੍ਹਾਂ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੇ।—ਅੱਯੂ. 42:7-9.
16. ਅਸੀਂ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਦੀਆਂ ਬੁਰੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ?
16 ਅਸੀਂ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਦੀਆਂ ਬੁਰੀਆਂ ਮਿਸਾਲਾਂ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਪਹਿਲਾ, ਸਾਨੂੰ ਦੂਜਿਆਂ ʼਤੇ ਦੋਸ਼ ਨਹੀਂ ਲਾਉਣੇ ਚਾਹੀਦੇ। (ਮੱਤੀ 7:1-5) ਇਸ ਦੀ ਬਜਾਇ, ਬੋਲਣ ਤੋਂ ਪਹਿਲਾਂ ਸਾਨੂੰ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਫਿਰ ਹੀ ਅਸੀਂ ਉਨ੍ਹਾਂ ਦੇ ਹਾਲਾਤ ਸਮਝ ਸਕਾਂਗੇ। (1 ਪਤ. 3:8) ਦੂਜਾ, ਗੱਲ ਕਰਨ ਵੇਲੇ ਸਾਨੂੰ ਪਿਆਰ ਭਰੇ ਸ਼ਬਦਾਂ ਦਾ ਇਸਤੇਮਾਲ ਕਰਨਾ ਅਤੇ ਸਹੀ-ਸਹੀ ਜਾਣਕਾਰੀ ਦੇਣੀ ਚਾਹੀਦੀ ਹੈ। (ਅਫ਼. 4:25) ਤੀਜਾ, ਅਸੀਂ ਇਕ-ਦੂਜੇ ਨੂੰ ਜੋ ਕਹਿੰਦੇ ਹਾਂ, ਉਸ ਵਿਚ ਯਹੋਵਾਹ ਗਹਿਰੀ ਦਿਲਚਸਪੀ ਲੈਂਦਾ ਹੈ।
17. ਅਲੀਹੂ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?
17 ਅੱਯੂਬ ਨੂੰ ਮਿਲਣ ਆਇਆ ਚੌਥਾ ਆਦਮੀ ਸੀ ਅਲੀਹੂ ਜੋ ਕਿ ਅਬਰਾਹਾਮ ਦਾ ਇਕ ਰਿਸ਼ਤੇਦਾਰ ਸੀ। ਉਸ ਨੇ ਅੱਯੂਬ ਤੇ ਤਿੰਨ ਆਦਮੀਆਂ ਦੀਆਂ ਗੱਲਾਂ ਸੁਣੀਆਂ। ਜ਼ਾਹਰ ਹੈ ਕਿ ਉਸ ਨੇ ਬੜੇ ਧਿਆਨ ਨਾਲ ਸੁਣਿਆ ਕਿਉਂਕਿ ਅਲੀਹੂ ਨੇ ਉਸ ਨੂੰ ਪਿਆਰ ਨਾਲ, ਪਰ ਸਿੱਧੀ-ਸਿੱਧੀ ਸਲਾਹ ਦਿੱਤੀ। ਇਸ ਸਲਾਹ ਨੇ ਸੋਚ ਸੁਧਾਰਨ ਵਿਚ ਅੱਯੂਬ ਦੀ ਮਦਦ ਕੀਤੀ। (ਅੱਯੂ. 33:1, 6, 17) ਅਲੀਹੂ ਲਈ ਆਪਣੀ ਜਾਂ ਕਿਸੇ ਹੋਰ ਇਨਸਾਨ ਦੀ ਨਹੀਂ, ਸਗੋਂ ਯਹੋਵਾਹ ਦੀ ਮਹਿਮਾ ਕਰਨੀ ਸਭ ਤੋਂ ਜ਼ਰੂਰੀ ਸੀ। (ਅੱਯੂ. 32:21, 22; 37:23, 24) ਅਲੀਹੂ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਇਕ ਚੁੱਪ ਰਹਿਣ ਅਤੇ ਸੁਣਨ ਦਾ ਵੇਲਾ ਹੈ। (ਯਾਕੂ. 1:19) ਨਾਲੇ ਅਸੀਂ ਇਹ ਵੀ ਸਿੱਖਦੇ ਹਾਂ ਕਿ ਸਲਾਹ ਦਿੰਦੇ ਵੇਲੇ ਸਾਡਾ ਮੁੱਖ ਮਕਸਦ ਯਹੋਵਾਹ ਦੀ ਮਹਿਮਾ ਕਰਨ ਦਾ ਹੁੰਦਾ ਹੈ, ਨਾ ਕਿ ਆਪਣੀ।
18. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਬੋਲਣ ਦੀ ਕਾਬਲੀਅਤ ਦੇ ਤੋਹਫ਼ੇ ਦੀ ਕਦਰ ਕਰਦੇ ਹਾਂ?
18 ਜਦੋਂ ਅਸੀਂ ਬਾਈਬਲ ਦੀ ਇਹ ਸਲਾਹ ਮੰਨਦੇ ਹਾਂ ਕਿ ਸਾਨੂੰ ਕਦੋਂ ਅਤੇ ਕਿਵੇਂ ਬੋਲਣ ਚਾਹੀਦਾ ਹੈ, ਤਾਂ ਅਸੀਂ ਬੋਲਣ ਦੀ ਕਾਬਲੀਅਤ ਦੇ ਤੋਹਫ਼ੇ ਲਈ ਕਦਰ ਦਿਖਾਉਂਦੇ ਹਾਂ। ਬੁੱਧੀਮਾਨ ਰਾਜਾ ਸੁਲੇਮਾਨ ਇਹ ਲਿਖਣ ਲਈ ਪ੍ਰੇਰਿਤ ਹੋਇਆ: “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।” (ਕਹਾ. 25:11) ਜਦੋਂ ਅਸੀਂ ਧਿਆਨ ਨਾਲ ਦੂਜਿਆਂ ਦੀਆਂ ਗੱਲਾਂ ਸੁਣਦੇ ਹਾਂ ਅਤੇ ਬੋਲਣ ਤੋਂ ਪਹਿਲਾਂ ਸੋਚਦੇ ਹਾਂ, ਤਾਂ ਸਾਡੇ ਸ਼ਬਦ ਸੋਨੇ ਦੇ ਸੇਬਾਂ ਵਰਗੇ ਹੋ ਸਕਦੇ ਹਨ ਯਾਨੀ ਕੀਮਤੀ ਤੇ ਸੁੰਦਰ। ਫਿਰ ਚਾਹੇ ਅਸੀਂ ਥੋੜ੍ਹਾ ਬੋਲੀਏ ਜਾਂ ਜ਼ਿਆਦਾ, ਸਾਡੀ ਬੋਲੀ ਤੋਂ ਦੂਜਿਆਂ ਨੂੰ ਹੌਸਲਾ ਮਿਲੇਗਾ ਅਤੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਾਂਗੇ। (ਕਹਾ. 23:15; ਅਫ਼. 4:29) ਪਰਮੇਸ਼ੁਰ ਵੱਲੋਂ ਮਿਲੇ ਇਸ ਤੋਹਫ਼ੇ ਦੀ ਕਦਰ ਦਿਖਾਉਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕਿਹੜਾ ਹੋ ਸਕਦਾ ਹੈ?
ਗੀਤ 45 ਅੱਗੇ ਵਧਦੇ ਰਹੋ!
a ਬਾਈਬਲ ਵਿਚ ਦਿੱਤੇ ਅਸੂਲਾਂ ਦੀ ਮਦਦ ਨਾਲ ਅਸੀਂ ਜਾਣ ਸਕਦੇ ਹਾਂ ਕਿ ਸਾਨੂੰ ਕਦੋਂ ਬੋਲਣਾ ਤੇ ਕਦੋਂ ਚੁੱਪ ਰਹਿਣਾ ਚਾਹੀਦਾ ਹੈ। ਇਨ੍ਹਾਂ ਅਸੂਲਾਂ ਨੂੰ ਜਾਣ ਕੇ ਅਤੇ ਲਾਗੂ ਕਰ ਕੇ ਅਸੀਂ ਆਪਣੀ ਬੋਲੀ ਰਾਹੀਂ ਯਹੋਵਾਹ ਨੂੰ ਖ਼ੁਸ਼ ਕਰਾਂਗੇ।
b ਤਸਵੀਰਾਂ ਬਾਰੇ ਜਾਣਕਾਰੀ: ਇਕ ਭੈਣ ਦੂਸਰੀ ਭੈਣ ਨੂੰ ਵਧੀਆ ਸਲਾਹ ਦਿੰਦੀ ਹੋਈ।
c ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਸਾਫ਼-ਸਫ਼ਾਈ ਸੰਬੰਧੀ ਸੁਝਾਅ ਦਿੰਦਾ ਹੋਇਆ।
d ਤਸਵੀਰਾਂ ਬਾਰੇ ਜਾਣਕਾਰੀ: ਅਬੀਗੈਲ ਨੇ ਸਹੀ ਸਮੇਂ ʼਤੇ ਦਾਊਦ ਨਾਲ ਗੱਲ ਕੀਤੀ ਤੇ ਇਸ ਦਾ ਚੰਗਾ ਨਤੀਜਾ ਨਿਕਲਿਆ।
e ਤਸਵੀਰਾਂ ਬਾਰੇ ਜਾਣਕਾਰੀ: ਇਕ ਜੋੜਾ ਉਨ੍ਹਾਂ ਦੇਸ਼ਾਂ ਵਿਚ ਹੋ ਰਹੇ ਸਾਡੇ ਕੰਮ ਬਾਰੇ ਜਾਣਕਾਰੀ ਨਹੀਂ ਦਿੰਦਾ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ।
f ਤਸਵੀਰਾਂ ਬਾਰੇ ਜਾਣਕਾਰੀ: ਇਕ ਬਜ਼ੁਰਗ ਧਿਆਨ ਰੱਖਦਾ ਹੈ ਕਿ ਕੋਈ ਉਸ ਨੂੰ ਮੰਡਲੀ ਦੇ ਗੰਭੀਰ ਮਾਮਲਿਆਂ ਬਾਰੇ ਗੱਲ ਕਰਦਿਆਂ ਨਾ ਸੁਣੇ।