ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w20 ਅਪ੍ਰੈਲ ਸਫ਼ੇ 20-25
  • “ਮੈਂ ਤੁਹਾਨੂੰ ਆਪਣੇ ਦੋਸਤ ਕਿਹਾ ਹੈ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਮੈਂ ਤੁਹਾਨੂੰ ਆਪਣੇ ਦੋਸਤ ਕਿਹਾ ਹੈ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਨਾਲ ਦੋਸਤੀ ਕਰਨੀ ਕਿਉਂ ਜ਼ਰੂਰੀ ਹੈ?
  • ਯਿਸੂ ਨਾਲ ਦੋਸਤੀ ਕਿਵੇਂ ਕਰੀਏ?
  • ਹਮੇਸ਼ਾ ਲਈ ਯਿਸੂ ਦੇ ਦੋਸਤ ਰਹੋ
  • “ਤੁਸੀਂ ਮੇਰੇ ਮਿੱਤ੍ਰ ਹੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਤੁਸੀਂ ਦੋਸਤੀ ਕਿਵੇਂ ਕਰ ਸਕਦੇ ਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਯਿਸੂ ਦੀ ਸ਼ਖ਼ਸੀਅਤ ਕਿਹੋ ਜਿਹੀ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਤੁਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹੋ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
w20 ਅਪ੍ਰੈਲ ਸਫ਼ੇ 20-25

ਅਧਿਐਨ ਲੇਖ 17

“ਮੈਂ ਤੁਹਾਨੂੰ ਆਪਣੇ ਦੋਸਤ ਕਿਹਾ ਹੈ”

“ਮੈਂ ਤੁਹਾਨੂੰ ਆਪਣੇ ਦੋਸਤ ਕਿਹਾ ਹੈ ਕਿਉਂਕਿ ਜਿਹੜੀਆਂ ਗੱਲਾਂ ਮੈਂ ਆਪਣੇ ਪਿਤਾ ਤੋਂ ਸੁਣੀਆਂ ਹਨ, ਉਹ ਸਾਰੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਹਨ।”—ਯੂਹੰ. 15:15.

ਗੀਤ 5 ਮਸੀਹ, ਸਾਡੀ ਮਿਸਾਲ

ਖ਼ਾਸ ਗੱਲਾਂa

1. ਅਸੀਂ ਕਿਸੇ ਨਾਲ ਗੂੜ੍ਹੀ ਦੋਸਤੀ ਕਿਵੇਂ ਕਰ ਸਕਦੇ ਹਾਂ?

ਕਿਸੇ ਵਿਅਕਤੀ ਨਾਲ ਗੂੜ੍ਹੀ ਦੋਸਤੀ ਕਰਨ ਲਈ ਸਾਨੂੰ ਉਸ ਨਾਲ ਸਮਾਂ ਗੁਜ਼ਾਰਨ ਦੀ ਲੋੜ ਹੁੰਦੀ ਹੈ। ਇਕ-ਦੂਜੇ ਨਾਲ ਗੱਲਾਂ ਕਰਦਿਆਂ ਅਤੇ ਆਪਣੇ ਖ਼ਿਆਲ ਤੇ ਤਜਰਬੇ ਸਾਂਝੇ ਕਰਦਿਆਂ ਅਸੀਂ ਦੋਸਤ ਬਣ ਜਾਂਦੇ ਹਾਂ। ਪਰ ਜਦੋਂ ਯਿਸੂ ਨਾਲ ਗੂੜ੍ਹੀ ਦੋਸਤੀ ਕਰਨ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿੱਚੋਂ ਕੁਝ ਚੁਣੌਤੀਆਂ ਕਿਹੜੀਆਂ ਹਨ?

2. ਯਿਸੂ ਨਾਲ ਦੋਸਤੀ ਕਰਨ ਵਿਚ ਪਹਿਲੀ ਚੁਣੌਤੀ ਕਿਹੜੀ ਹੈ?

2 ਪਹਿਲੀ ਚੁਣੌਤੀ, ਅਸੀਂ ਯਿਸੂ ਨੂੰ ਕਦੇ ਨਹੀਂ ਮਿਲੇ। ਪਹਿਲੀ ਸਦੀ ਦੇ ਬਹੁਤ ਸਾਰੇ ਮਸੀਹੀਆਂ ਨੇ ਇਹੀ ਚੁਣੌਤੀ ਦਾ ਸਾਮ੍ਹਣਾ ਕੀਤਾ। ਪਰ ਪਤਰਸ ਰਸੂਲ ਨੇ ਕਿਹਾ: “ਭਾਵੇਂ ਤੁਸੀਂ ਮਸੀਹ ਨੂੰ ਕਦੇ ਦੇਖਿਆ ਨਹੀਂ, ਫਿਰ ਵੀ ਉਸ ਨੂੰ ਪਿਆਰ ਕਰਦੇ ਹੋ। ਭਾਵੇਂ ਤੁਸੀਂ ਹੁਣ ਉਸ ਨੂੰ ਦੇਖ ਨਹੀਂ ਰਹੇ, ਪਰ ਉਸ ʼਤੇ ਨਿਹਚਾ ਰੱਖਦੇ ਹੋ।” (1 ਪਤ. 1:8) ਸੋ ਭਾਵੇਂ ਅਸੀਂ ਯਿਸੂ ਨੂੰ ਕਦੇ ਨਹੀਂ ਮਿਲੇ, ਪਰ ਫਿਰ ਵੀ ਉਸ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨਾ ਮੁਮਕਿਨ ਹੈ।

3. ਯਿਸੂ ਨਾਲ ਦੋਸਤੀ ਕਰਨ ਵਿਚ ਦੂਜੀ ਚੁਣੌਤੀ ਕਿਹੜੀ ਹੈ?

3 ਦੂਜੀ ਚੁਣੌਤੀ, ਅਸੀਂ ਯਿਸੂ ਨਾਲ ਗੱਲ ਨਹੀਂ ਕਰ ਸਕਦੇ। ਪ੍ਰਾਰਥਨਾ ਕਰਦੇ ਸਮੇਂ ਅਸੀਂ ਯਹੋਵਾਹ ਨਾਲ ਸਿੱਧੀ ਗੱਲ ਕਰਦੇ ਹਾਂ। ਇਹ ਸੱਚ ਹੈ ਕਿ ਅਸੀਂ ਯਿਸੂ ਦੇ ਨਾਂ ਵਿਚ ਪ੍ਰਾਰਥਨਾ ਕਰਦੇ ਹਾਂ, ਪਰ ਅਸੀਂ ਉਸ ਨਾਲ ਗੱਲ ਨਹੀਂ ਕਰਦੇ। ਅਸਲ ਵਿਚ, ਯਿਸੂ ਨਹੀਂ ਚਾਹੁੰਦਾ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ। ਕਿਉਂ? ਕਿਉਂਕਿ ਪ੍ਰਾਰਥਨਾ ਭਗਤੀ ਦਾ ਹਿੱਸਾ ਹੈ ਅਤੇ ਭਗਤੀ ਸਿਰਫ਼ ਯਹੋਵਾਹ ਦੀ ਹੀ ਕੀਤੀ ਜਾਣੀ ਚਾਹੀਦੀ ਹੈ। (ਮੱਤੀ 4:10) ਫਿਰ ਵੀ ਅਸੀਂ ਯਿਸੂ ਲਈ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਾਂ।

4. ਯਿਸੂ ਨਾਲ ਦੋਸਤੀ ਕਰਨ ਵਿਚ ਤੀਜੀ ਚੁਣੌਤੀ ਕਿਹੜੀ ਹੈ ਅਤੇ ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

4 ਤੀਜੀ ਚੁਣੌਤੀ, ਯਿਸੂ ਸਵਰਗ ਵਿਚ ਰਹਿੰਦਾ ਹੈ ਜਿਸ ਕਰਕੇ ਅਸੀਂ ਉਸ ਨਾਲ ਸਮਾਂ ਨਹੀਂ ਗੁਜ਼ਾਰ ਸਕਦੇ। ਪਰ ਯਿਸੂ ਨਾਲ ਰਹੇ ਬਗੈਰ ਵੀ ਅਸੀਂ ਉਸ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਅਸੀਂ ਚਾਰ ਗੱਲਾਂ ʼਤੇ ਚਰਚਾ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਯਿਸੂ ਨਾਲ ਦੋਸਤੀ ਗੂੜ੍ਹੀ ਕਰ ਸਕਦੇ ਹਾਂ। ਆਓ ਆਪਾਂ ਪਹਿਲਾਂ ਦੇਖੀਏ ਕਿ ਸਾਡੇ ਲਈ ਮਸੀਹ ਨਾਲ ਦੋਸਤੀ ਕਰਨੀ ਜ਼ਰੂਰੀ ਕਿਉਂ ਹੈ।

ਯਿਸੂ ਨਾਲ ਦੋਸਤੀ ਕਰਨੀ ਕਿਉਂ ਜ਼ਰੂਰੀ ਹੈ?

5. ਸਾਨੂੰ ਯਿਸੂ ਨਾਲ ਦੋਸਤੀ ਕਿਉਂ ਕਰਨੀ ਚਾਹੀਦੀ ਹੈ? (“ਯਿਸੂ ਨਾਲ ਦੋਸਤੀ ਕਰ ਕੇ ਯਹੋਵਾਹ ਦੇ ਦੋਸਤ ਬਣੋ” ਅਤੇ “ਯਿਸੂ ਦੀ ਭੂਮਿਕਾ ਬਾਰੇ ਸਹੀ ਨਜ਼ਰੀਆ” ਨਾਂ ਦੀਆਂ ਡੱਬੀਆਂ ਦੇਖੋ।)

5 ਯਹੋਵਾਹ ਨਾਲ ਚੰਗਾ ਰਿਸ਼ਤਾ ਜੋੜਨ ਲਈ ਸਾਨੂੰ ਯਿਸੂ ਦੇ ਦੋਸਤ ਬਣਨ ਦੀ ਲੋੜ ਹੈ। ਕਿਉਂ? ਜ਼ਰਾ ਦੋ ਕਾਰਨਾਂ ʼਤੇ ਗੌਰ ਕਰੋ। ਪਹਿਲਾ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਪਿਤਾ ਆਪ ਤੁਹਾਡੇ ਨਾਲ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਮੇਰੇ ਨਾਲ ਪਿਆਰ ਕੀਤਾ ਹੈ।” (ਯੂਹੰ. 16:27) ਉਸ ਨੇ ਇਹ ਵੀ ਕਿਹਾ: “ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜੋ ਮੇਰੇ ਰਾਹੀਂ ਆਉਂਦਾ ਹੈ।” (ਯੂਹੰ. 14:6) ਯਿਸੂ ਨਾਲ ਦੋਸਤੀ ਕੀਤੇ ਬਗੈਰ ਯਹੋਵਾਹ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰਨੀ ਮਾਨੋ ਦਰਵਾਜ਼ੇ ਤੋਂ ਬਗੈਰ ਇਕ ਇਮਾਰਤ ਅੰਦਰ ਜਾਣ ਦੀ ਕੋਸ਼ਿਸ਼ ਕਰਨ ਦੇ ਬਰਾਬਰ ਹੈ। ਯਿਸੂ ਨੇ ਇਕ ਮਿਲਦੀ-ਜੁਲਦੀ ਮਿਸਾਲ ਵਰਤੀ ਜਦੋਂ ਉਸ ਨੇ ਆਪਣੇ ਬਾਰੇ ਇਹ ਕਿਹਾ: “ਮੈਂ ਹੀ ਦਰਵਾਜ਼ਾ ਹਾਂ ਜਿਸ ਰਾਹੀਂ ਭੇਡਾਂ ਅੰਦਰ ਆਉਂਦੀਆਂ ਹਨ।” (ਯੂਹੰ. 10:7) ਦੂਜਾ, ਯਿਸੂ ਨੇ ਪੂਰੀ ਤਰ੍ਹਾਂ ਆਪਣੇ ਪਿਤਾ ਦੇ ਗੁਣਾਂ ਦੀ ਰੀਸ ਕੀਤੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।” (ਯੂਹੰ. 14:9) ਸੋ ਯਹੋਵਾਹ ਨੂੰ ਜਾਣਨ ਦਾ ਵਧੀਆ ਤਰੀਕਾ ਹੈ ਕਿ ਅਸੀਂ ਯਿਸੂ ਦੀ ਜ਼ਿੰਦਗੀ ਬਾਰੇ ਸਿੱਖੀਏ। ਯਿਸੂ ਬਾਰੇ ਸਿੱਖਣ ਨਾਲ ਉਸ ਲਈ ਸਾਡਾ ਪਿਆਰ ਗੂੜ੍ਹਾ ਹੋਵੇਗਾ। ਯਿਸੂ ਨਾਲ ਗੂੜ੍ਹੀ ਦੋਸਤੀ ਹੋਣ ਕਰਕੇ ਉਸ ਦੇ ਪਿਤਾ ਲਈ ਸਾਡਾ ਪਿਆਰ ਗੂੜ੍ਹਾ ਹੋਵੇਗਾ।

ਯਿਸੂ ਨਾਲ ਦੋਸਤੀ ਕਰ ਕੇ ਯਹੋਵਾਹ ਦੇ ਦੋਸਤ ਬਣੋ

ਪਾਪੀ ਹੋਣ ਕਰਕੇ ਅਸੀਂ ਕਦੇ ਵੀ ਆਪਣੇ ਬਲਬੂਤੇ ʼਤੇ ਯਹੋਵਾਹ ਨਾਲ ਦੋਸਤੀ ਨਹੀਂ ਕਰ ਸਕਦੇ ਸੀ। ਜਦੋਂ ਸਾਡਾ ਜਨਮ ਹੁੰਦਾ ਹੈ, ਤਾਂ ਅਸੀਂ ਪਰਮੇਸ਼ੁਰ ਦੇ ਦੋਸਤ ਨਹੀਂ, ਸਗੋਂ ਉਸ ਦੇ ਦੁਸ਼ਮਣ ਹੁੰਦੇ ਹਾਂ। ਇਸ ਲਈ ਉਸ ਦੇ ਦੋਸਤ ਬਣਨ ਲਈ ਸਾਨੂੰ ਉਸ ਨਾਲ ਸੁਲ੍ਹਾ ਕਰਨ ਦੀ ਲੋੜ ਹੁੰਦੀ ਹੈ। (ਰੋਮੀ. 5:6-12) ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ ਦੇ ਕੇ ਸੁਲ੍ਹਾ ਕਰਨ ਦਾ ਪ੍ਰਬੰਧ ਕੀਤਾ ਹੈ। ਯਿਸੂ ʼਤੇ ਨਿਹਚਾ ਕਰ ਕੇ ਅਤੇ ਉਸ ਦਾ ਕਹਿਣਾ ਮੰਨ ਕੇ ਅਸੀਂ ਉਸ ਦੇ ਦੋਸਤ ਬਣ ਸਕਦੇ ਹਾਂ। (ਯੂਹੰ. 3:16, 36; 15:14) ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਯਿਸੂ ʼਤੇ ਨਿਹਚਾ ਕਰ ਕੇ ਅਸੀਂ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਦੇ ਹਾਂ। ਇਸ ਤਰ੍ਹਾਂ ਯਿਸੂ ਨਾਲ ਦੋਸਤੀ ਕਰ ਕੇ ਅਸੀਂ ਯਹੋਵਾਹ ਨਾਲ ਦੋਸਤੀ ਕਰ ਸਕਦੇ ਹਾਂ।

ਯਿਸੂ ਦੀ ਭੂਮਿਕਾ ਬਾਰੇ ਸਹੀ ਨਜ਼ਰੀਆ

ਈਸਾਈ-ਜਗਤ ਦੇ ਲੋਕਾਂ ਵਾਂਗ ਬਾਈਬਲ ਸਟੂਡੈਂਟਸ ਨੇ ਯਹੋਵਾਹ ਨਾਲੋਂ ਜ਼ਿਆਦਾ ਯਿਸੂ ਲਈ ਆਪਣੇ ਪਿਆਰ ਨੂੰ ਵਧਾਉਣ ਦੀ ਗ਼ਲਤੀ ਕੀਤੀ ਸੀ। ਪਰ 1919 ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨਾਲ ਰਿਸ਼ਤਾ ਉਨ੍ਹਾਂ ਦੀ ਭਗਤੀ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਹੈ। ਅਸੀਂ ਇਸ ਗੱਲ ਦੀ ਸਮਝ ਲਈ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨਾਲ ਦੋਸਤੀ ਕਰਨ ਲਈ ਯਿਸੂ ਨਾਲ ਪਿਆਰ ਕਰਨਾ ਜ਼ਰੂਰੀ ਹੈ। ਪਰ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਯਿਸੂ ਤੋਂ ਜ਼ਿਆਦਾ ਯਹੋਵਾਹ ਨੂੰ ਪਿਆਰ ਕਰੀਏ।—ਯੂਹੰ. 16:27.

6. ਯਿਸੂ ਨਾਲ ਦੋਸਤੀ ਕਰਨ ਦਾ ਇਕ ਹੋਰ ਕਾਰਨ ਕੀ ਹੈ? ਸਮਝਾਓ।

6 ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਲੈਣ ਲਈ ਸਾਨੂੰ ਯਿਸੂ ਨਾਲ ਰਿਸ਼ਤਾ ਜੋੜਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਆਪਣੀਆਂ ਪ੍ਰਾਰਥਨਾਵਾਂ ਦੇ ਅਖ਼ੀਰ ਵਿਚ ਸਿਰਫ਼ “ਯਿਸੂ ਦੇ ਨਾਂ ਰਾਹੀਂ” ਸ਼ਬਦ ਕਹਿਣੇ ਹੀ ਕਾਫ਼ੀ ਨਹੀਂ ਹਨ, ਸਗੋਂ ਇਹ ਸਮਝਣ ਦੀ ਲੋੜ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਣ ਲਈ ਯਹੋਵਾਹ ਯਿਸੂ ਨੂੰ ਕਿਵੇਂ ਵਰਤਦਾ ਹੈ। ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ: “ਤੁਸੀਂ ਮੇਰੇ ਨਾਂ ʼਤੇ ਜੋ ਵੀ ਮੰਗੋਗੇ, ਮੈਂ ਦੇਵਾਂਗਾ।” (ਯੂਹੰ. 14:13) ਭਾਵੇਂ ਕਿ ਯਹੋਵਾਹ ਹੀ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਤੇ ਉਨ੍ਹਾਂ ਦੇ ਜਵਾਬ ਦਿੰਦਾ ਹੈ, ਪਰ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣ ਕੇ ਜੋ ਵੀ ਤੈਅ ਕਰਦਾ ਹੈ, ਉਸ ਨੂੰ ਕਰਨ ਦਾ ਅਧਿਕਾਰ ਉਸ ਨੇ ਯਿਸੂ ਨੂੰ ਦਿੱਤਾ ਹੈ। (ਮੱਤੀ 28:18) ਇਸ ਲਈ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਣ ਤੋਂ ਪਹਿਲਾਂ ਪਰਮੇਸ਼ੁਰ ਦੇਖਦਾ ਹੈ ਕਿ ਅਸੀਂ ਯਿਸੂ ਦੀ ਸਲਾਹ ਲਾਗੂ ਕੀਤੀ ਹੈ ਕਿ ਨਹੀਂ। ਮਿਸਾਲ ਲਈ, ਯਿਸੂ ਨੇ ਕਿਹਾ: “ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਕਰੋਗੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਕਰੇਗਾ; ਪਰ ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਨਹੀਂ ਕਰੇਗਾ।” (ਮੱਤੀ 6:14, 15) ਤਾਂ ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਇਕ-ਦੂਜੇ ਨਾਲ ਉਸੇ ਤਰ੍ਹਾਂ ਪੇਸ਼ ਆਈਏ ਜਿਸ ਤਰ੍ਹਾਂ ਯਹੋਵਾਹ ਤੇ ਯਿਸੂ ਸਾਡੇ ਨਾਲ ਪੇਸ਼ ਆਉਂਦੇ ਹਨ!

7. ਯਿਸੂ ਦੀ ਰਿਹਾਈ ਦੀ ਕੀਮਤ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੋਵੇਗਾ?

7 ਸਿਰਫ਼ ਯਿਸੂ ਨਾਲ ਗੂੜ੍ਹੀ ਦੋਸਤੀ ਰੱਖਣ ਵਾਲਿਆਂ ਨੂੰ ਉਸ ਦੀ ਰਿਹਾਈ ਦੀ ਕੀਮਤ ਤੋਂ ਫ਼ਾਇਦਾ ਹੋਵੇਗਾ। ਅਸੀਂ ਇਹ ਕਿਵੇਂ ਜਾਣਦੇ ਹਾਂ? ਯਿਸੂ ਨੇ ਕਿਹਾ ਸੀ ਕਿ ਉਹ “ਆਪਣੇ ਦੋਸਤਾਂ ਦੀ ਖ਼ਾਤਰ ਆਪਣੀ ਜਾਨ” ਦੇਵੇਗਾ। (ਯੂਹੰ. 15:13) ਜਿਹੜੇ ਵਫ਼ਾਦਾਰ ਲੋਕ ਯਿਸੂ ਦੇ ਧਰਤੀ ʼਤੇ ਆਉਣ ਤੋਂ ਪਹਿਲਾਂ ਜੀਉਂਦੇ ਸਨ, ਉਨ੍ਹਾਂ ਨੂੰ ਉਸ ਬਾਰੇ ਸਿੱਖਣਾ ਤੇ ਉਸ ਨੂੰ ਪਿਆਰ ਕਰਨਾ ਪਵੇਗਾ। ਅਬਰਾਹਾਮ, ਸਾਰਾਹ, ਮੂਸਾ ਅਤੇ ਰਾਹਾਬ ਵਰਗੇ ਇਨਸਾਨਾਂ ਨੂੰ ਜੀਉਂਦਾ ਕੀਤਾ ਜਾਵੇਗਾ, ਪਰ ਯਹੋਵਾਹ ਦੇ ਇਨ੍ਹਾਂ ਧਰਮੀ ਸੇਵਕਾਂ ਨੂੰ ਵੀ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਲਈ ਯਿਸੂ ਨਾਲ ਦੋਸਤੀ ਕਰਨ ਦੀ ਲੋੜ ਪਵੇਗੀ।—ਯੂਹੰ. 17:3; ਰਸੂ. 24:15; ਇਬ. 11:8-12, 24-26, 31.

8-9. ਯੂਹੰਨਾ 15:4, 5 ਅਨੁਸਾਰ ਯਿਸੂ ਦੇ ਦੋਸਤ ਹੋਣ ਦੇ ਨਾਤੇ ਅਸੀਂ ਕੀ ਕਰ ਸਕਦੇ ਹਾਂ ਅਤੇ ਉਸ ਨਾਲ ਏਕਤਾ ਵਿਚ ਬੱਝੇ ਰਹਿਣਾ ਜ਼ਰੂਰੀ ਕਿਉਂ ਹੈ?

8 ਸਾਡੇ ਕੋਲ ਯਿਸੂ ਨਾਲ ਮਿਲ ਕੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਤੇ ਸਿਖਾਉਣ ਦਾ ਸਨਮਾਨ ਹੈ। ਧਰਤੀ ʼਤੇ ਹੁੰਦਿਆਂ ਯਿਸੂ ਸਿੱਖਿਅਕ ਸੀ। ਸਵਰਗ ਵਿਚ ਵਾਪਸ ਜਾਣ ਤੋਂ ਬਾਅਦ ਮੰਡਲੀ ਦੇ ਸਿਰ ਵਜੋਂ ਯਿਸੂ ਲਗਾਤਾਰ ਪ੍ਰਚਾਰ ਤੇ ਸਿਖਾਉਣ ਦੇ ਕੰਮ ਦੀ ਅਗਵਾਈ ਕਰ ਰਿਹਾ ਹੈ। ਦੂਜਿਆਂ ਨੂੰ ਯਿਸੂ ਤੇ ਉਸ ਦੇ ਪਿਤਾ ਬਾਰੇ ਸਿਖਾਉਣ ਵਿਚ ਤੁਸੀਂ ਜੋ ਮਿਹਨਤ ਕਰਦੇ ਹੋ, ਉਸ ਨੂੰ ਯਿਸੂ ਦੇਖਦਾ ਤੇ ਉਸ ਦੀ ਕਦਰ ਕਰਦਾ ਹੈ। ਅਸਲ ਵਿਚ, ਸਿਰਫ਼ ਯਹੋਵਾਹ ਤੇ ਯਿਸੂ ਦੀ ਮਦਦ ਨਾਲ ਹੀ ਅਸੀਂ ਇਹ ਕੰਮ ਪੂਰਾ ਕਰ ਸਕਦੇ ਹਾਂ।—ਯੂਹੰਨਾ 15:4, 5 ਪੜ੍ਹੋ।

9 ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ਨੂੰ ਪਿਆਰ ਕਰੀਏ ਤੇ ਇਸ ਨੂੰ ਕਾਇਮ ਰੱਖੀਏ। ਸੋ ਆਓ ਆਪਾਂ ਚਾਰ ਗੱਲਾਂ ʼਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਯਿਸੂ ਦੇ ਦੋਸਤ ਬਣ ਸਕਦੇ ਹਾਂ।

ਯਿਸੂ ਨਾਲ ਦੋਸਤੀ ਕਿਵੇਂ ਕਰੀਏ?

ਤਸਵੀਰਾਂ: ਯਿਸੂ ਨਾਲ ਦੋਸਤੀ ਕਰਨ ਲਈ ਅਸੀਂ ਕਦਮ ਚੁੱਕ ਸਕਦੇ ਹਾਂ। 1. ਯਿਸੂ ਆਪਣੇ ਦੋ ਚੇਲਿਆਂ ਨੂੰ ਜੱਫੀ ਪਾ ਕੇ ਖੜ੍ਹਾ ਹੋਇਆ। 2. ਇਕ ਪਰਿਵਾਰ ਪਰਿਵਾਰਕ ਸਟੱਡੀ ਕਰਦਾ ਹੋਇਆ। 3. ਕਿੰਗਡਮ ਹਾਲ ਵਿਚ ਇਕ ਭੈਣ ਦੂਸਰੀ ਭੈਣ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੋਈ ਜੋ ਰੁੱਸੀ ਹੋਈ ਲੱਗਦੀ ਹੈ। 4. ਇਕ ਜੋੜਾ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਨਾਲ ਪ੍ਰਚਾਰ ਕਰਦਾ ਹੋਇਆ। 5. ਸਭਾ ਵਿਚ ਇਕ ਬਜ਼ੁਰਗ ਸਕ੍ਰੀਨ ’ਤੇ ਪ੍ਰਚਾਰ ਇਲਾਕੇ ਦਾ ਨਕਸ਼ਾ ਦਿਖਾਉਂਦਾ ਹੋਇਆ।

ਅਸੀਂ (1) ਯਿਸੂ ਬਾਰੇ ਚੰਗੀ ਤਰ੍ਹਾਂ ਜਾਣ ਕੇ, (2) ਉਸ ਵਾਂਗ ਸੋਚ ਕੇ ਅਤੇ ਕੰਮ ਕਰ ਕੇ, (3) ਮਸੀਹ ਦੇ ਭਰਾਵਾਂ ਅਤੇ (4) ਮੰਡਲੀ ਦੇ ਪ੍ਰਬੰਧਾਂ ਦਾ ਸਾਥ ਦੇ ਕੇ ਯਿਸੂ ਦੇ ਦੋਸਤ ਬਣ ਸਕਦੇ ਹਾਂ (ਪੈਰੇ 10-14 ਦੇਖੋ)b

10. ਯਿਸੂ ਨਾਲ ਦੋਸਤੀ ਕਰਨ ਦਾ ਪਹਿਲਾ ਕਦਮ ਕਿਹੜਾ ਹੈ?

10 (1) ਯਿਸੂ ਨੂੰ ਜਾਣੋ। ਅਸੀਂ ਬਾਈਬਲ ਤੋਂ ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਇਸ ਤਰ੍ਹਾਂ ਕਰ ਸਕਦੇ ਹਾਂ। ਯਿਸੂ ਦੀ ਜ਼ਿੰਦਗੀ ਨਾਲ ਜੁੜੇ ਬਾਈਬਲ ਦੇ ਬਿਰਤਾਂਤਾਂ ʼਤੇ ਸੋਚ-ਵਿਚਾਰ ਕਰ ਕੇ ਅਸੀਂ ਜਾਣਾਂਗੇ ਕਿ ਯਿਸੂ ਪਿਆਰ ਨਾਲ ਲੋਕਾਂ ਨਾਲ ਪੇਸ਼ ਆਉਂਦਾ ਸੀ। ਇਸ ਤਰ੍ਹਾਂ ਕਰ ਕੇ ਅਸੀਂ ਯਿਸੂ ਨਾਲ ਪਿਆਰ ਤੇ ਉਸ ਦਾ ਆਦਰ ਕਰਨ ਲੱਗ ਪਵਾਂਗੇ। ਮਿਸਾਲ ਲਈ, ਭਾਵੇਂ ਕਿ ਯਿਸੂ ਆਪਣੇ ਚੇਲਿਆਂ ਦਾ ਮਾਲਕ ਸੀ, ਪਰ ਫਿਰ ਵੀ ਉਸ ਨੇ ਉਨ੍ਹਾਂ ਨਾਲ ਨੌਕਰਾਂ ਵਰਗਾ ਵਰਤਾਅ ਨਹੀਂ ਕੀਤਾ। ਇਸ ਦੀ ਬਜਾਇ, ਉਸ ਨੇ ਆਪਣੇ ਖ਼ਿਆਲ ਤੇ ਆਪਣੀਆਂ ਭਾਵਨਾਵਾਂ ਉਨ੍ਹਾਂ ਨੂੰ ਦੱਸੀਆਂ। (ਯੂਹੰ. 15:15) ਯਿਸੂ ਨੇ ਉਨ੍ਹਾਂ ਦੇ ਦੁੱਖ-ਦਰਦ ਨੂੰ ਸਮਝਿਆ ਤੇ ਉਨ੍ਹਾਂ ਨਾਲ ਰੋਇਆ। (ਯੂਹੰ. 11:32-36) ਉਸ ਦੇ ਵਿਰੋਧੀਆਂ ਨੇ ਵੀ ਇਹ ਮੰਨਿਆ ਕਿ ਯਿਸੂ ਰਾਜ ਦਾ ਸੰਦੇਸ਼ ਸੁਣਨ ਵਾਲਿਆਂ ਦਾ ਦੋਸਤ ਸੀ। (ਮੱਤੀ 11:19) ਜਦ ਅਸੀਂ ਯਿਸੂ ਦੇ ਆਪਣੇ ਚੇਲਿਆਂ ਨਾਲ ਪੇਸ਼ ਆਉਣ ਦੇ ਤਰੀਕੇ ਦੀ ਰੀਸ ਕਰਦੇ ਹਾਂ, ਤਾਂ ਦੂਜਿਆਂ ਨਾਲ ਸਾਡੇ ਰਿਸ਼ਤੇ ਸੁਧਰਦੇ ਹਨ, ਅਸੀਂ ਹੋਰ ਜ਼ਿਆਦਾ ਸੰਤੁਸ਼ਟ ਤੇ ਖ਼ੁਸ਼ ਹੁੰਦੇ ਹਾਂ ਅਤੇ ਮਸੀਹ ਲਈ ਸਾਡੀ ਕਦਰ ਹੋਰ ਵੀ ਵਧਦੀ ਹੈ।

11. ਯਿਸੂ ਨਾਲ ਦੋਸਤੀ ਕਰਨ ਦਾ ਦੂਜਾ ਕਦਮ ਕਿਹੜਾ ਹੈ ਅਤੇ ਇਹ ਜ਼ਰੂਰੀ ਕਿਉਂ ਹੈ?

11 (2) ਯਿਸੂ ਵਾਂਗ ਸੋਚੋ ਤੇ ਕੰਮ ਕਰੋ। ਜਿੰਨਾ ਜ਼ਿਆਦਾ ਅਸੀਂ ਉਸ ਦੇ ਸੋਚਣ ਦੇ ਤਰੀਕੇ ਨੂੰ ਜਾਣਾਂਗੇ ਤੇ ਉਸ ਦੀ ਰੀਸ ਕਰਾਂਗੇ, ਉੱਨੀ ਜ਼ਿਆਦਾ ਉਸ ਨਾਲ ਸਾਡੀ ਦੋਸਤੀ ਗੂੜ੍ਹੀ ਹੋਵੇਗੀ। (1 ਕੁਰਿੰ. 2:16) ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਜ਼ਰਾ ਇਕ ਮਿਸਾਲ ʼਤੇ ਗੌਰ ਕਰੋ। ਯਿਸੂ ਨੇ ਖ਼ੁਦ ਨੂੰ ਖ਼ੁਸ਼ ਕਰਨ ਦੀ ਬਜਾਇ ਦੂਜਿਆਂ ਦੀ ਮਦਦ ਕਰਨ ʼਤੇ ਜ਼ਿਆਦਾ ਧਿਆਨ ਲਾਇਆ। (ਮੱਤੀ 20:28; ਰੋਮੀ. 15:1-3) ਇਸ ਤਰ੍ਹਾਂ ਦੀ ਸੋਚ ਰੱਖਣ ਕਰਕੇ ਯਿਸੂ ਕੁਰਬਾਨੀਆਂ ਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਸੀ। ਲੋਕ ਉਸ ਬਾਰੇ ਜੋ ਕਹਿੰਦੇ ਸਨ, ਉਸ ਕਰਕੇ ਉਹ ਜਲਦੀ ਗੁੱਸੇ ਨਹੀਂ ਸੀ ਹੁੰਦਾ। (ਯੂਹੰ. 1:46, 47) ਨਾਲੇ ਉਸ ਨੇ ਲੋਕਾਂ ਦੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਉਨ੍ਹਾਂ ਪ੍ਰਤੀ ਆਪਣਾ ਰਵੱਈਆ ਨਹੀਂ ਬਦਲਿਆ। (1 ਤਿਮੋ. 1:12-14) ਦੂਜਿਆਂ ਪ੍ਰਤੀ ਯਿਸੂ ਵਰਗਾ ਨਜ਼ਰੀਆ ਰੱਖਣਾ ਜ਼ਰੂਰੀ ਹੈ ਕਿਉਂਕਿ ਉਸ ਨੇ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:35) ਕਿਉਂ ਨਾ ਆਪਣੇ ਆਪ ਤੋਂ ਪੁੱਛੋ, “ਕੀ ਮੈਂ ਪੂਰੀ ਵਾਹ ਲਾ ਕੇ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਕਾਇਮ ਕਰਦਿਆਂ ਯਿਸੂ ਦੀ ਮਿਸਾਲ ʼਤੇ ਚੱਲ ਰਿਹਾ ਹਾਂ?”

12. ਯਿਸੂ ਨਾਲ ਦੋਸਤੀ ਕਰਨ ਦਾ ਤੀਜਾ ਕਦਮ ਕਿਹੜਾ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

12 (3) ਮਸੀਹ ਦੇ ਭਰਾਵਾਂ ਦਾ ਸਾਥ ਦਿਓ। ਅਸੀਂ ਯਿਸੂ ਦੇ ਚੁਣੇ ਹੋਏ ਭਰਾਵਾਂ ਦਾ ਸਾਥ ਦੇਣ ਲਈ ਜੋ ਕਰਦੇ ਹਾਂ, ਉਸ ਨੂੰ ਇੱਦਾਂ ਲੱਗਦਾ ਜਿਵੇਂ ਅਸੀਂ ਉਸ ਲਈ ਕਰ ਰਹੇ ਹੋਈਏ। (ਮੱਤੀ 25:34-40) ਚੁਣੇ ਹੋਇਆਂ ਦਾ ਸਾਥ ਦੇਣ ਦਾ ਸਭ ਤੋਂ ਅਹਿਮ ਤਰੀਕਾ ਹੈ, ਰਾਜ ਦਾ ਪ੍ਰਚਾਰ ਕਰਨ ਤੇ ਚੇਲੇ ਬਣਾਉਣ ਦੇ ਕੰਮ ਵਿਚ ਪੂਰੀ ਵਾਹ ਲਾਉਣੀ ਜਿਸ ਦਾ ਹੁਕਮ ਯਿਸੂ ਨੇ ਆਪਣੇ ਚੇਲਿਆਂ ਨੂੰ ਦਿੱਤਾ ਸੀ। (ਮੱਤੀ 28:19, 20; ਰਸੂ. 10:42) “ਹੋਰ ਭੇਡਾਂ” ਦੀ ਮਦਦ ਨਾਲ ਹੀ ਮਸੀਹ ਦੇ ਭਰਾ ਦੁਨੀਆਂ ਭਰ ਵਿਚ ਹੋ ਰਹੇ ਇਸ ਕੰਮ ਨੂੰ ਪੂਰਾ ਕਰ ਸਕਦੇ ਹਨ। (ਯੂਹੰ. 10:16) ਜੇ ਤੁਸੀਂ ਹੋਰ ਭੇਡਾਂ ਵਿੱਚੋਂ ਹੋ, ਤਾਂ ਹਰ ਵਾਰ ਇਸ ਕੰਮ ਵਿਚ ਹਿੱਸਾ ਲੈ ਕੇ ਤੁਸੀਂ ਨਾ ਸਿਰਫ਼ ਚੁਣੇ ਹੋਇਆਂ ਲਈ, ਸਗੋਂ ਯਿਸੂ ਲਈ ਵੀ ਆਪਣਾ ਪਿਆਰ ਦਿਖਾਉਂਦੇ ਹੋ।

13. ਲੂਕਾ 16:9 ਵਿਚ ਦਿੱਤੀ ਯਿਸੂ ਦੀ ਸਲਾਹ ਨੂੰ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ?

13 ਅਸੀਂ ਪ੍ਰਚਾਰ ਦੇ ਕੰਮ ਲਈ ਦਾਨ ਦੇ ਕੇ ਵੀ ਯਹੋਵਾਹ ਤੇ ਯਿਸੂ ਦੇ ਦੋਸਤ ਬਣਦੇ ਹਾਂ ਜੋ ਇਸ ਕੰਮ ਦੀ ਅਗਵਾਈ ਕਰ ਰਹੇ ਹਨ। (ਲੂਕਾ 16:9 ਪੜ੍ਹੋ।) ਮਿਸਾਲ ਲਈ, ਅਸੀਂ ਪੂਰੀ ਦੁਨੀਆਂ ਵਿਚ ਹੋ ਰਹੇ ਅਲੱਗ-ਅਲੱਗ ਕੰਮਾਂ ਲਈ ਦਾਨ ਦੇ ਸਕਦੇ ਹਾਂ ਜਿਸ ਨੂੰ ਦੂਰ-ਦੁਰਾਡੇ ਇਲਾਕਿਆਂ ਵਿਚ ਪ੍ਰਚਾਰ ਕਰਨ, ਸੱਚੀ ਭਗਤੀ ਲਈ ਵਰਤੀਆਂ ਜਾਂਦੀਆਂ ਥਾਵਾਂ ਨੂੰ ਬਣਾਉਣ ਤੇ ਮੁਰੰਮਤ ਕਰਨ ਅਤੇ ਕੁਦਰਤੀ ਆਫ਼ਤਾਂ ਕਰਕੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਵਰਤਿਆ ਜਾਂਦਾ ਹੈ। ਨਾਲੇ ਅਸੀਂ ਆਪਣੀ ਮੰਡਲੀ ਦੇ ਖ਼ਰਚਿਆਂ ਲਈ ਦਾਨ ਦੇਣ ਦੇ ਨਾਲ-ਨਾਲ ਲੋੜਵੰਦ ਭੈਣਾਂ-ਭਰਾਵਾਂ ਦੀ ਵੀ ਮਦਦ ਕਰ ਸਕਦੇ ਹਾਂ। (ਕਹਾ. 19:17) ਇਨ੍ਹਾਂ ਤਰੀਕਿਆਂ ਰਾਹੀਂ ਅਸੀਂ ਮਸੀਹ ਦੇ ਭਰਾਵਾਂ ਦਾ ਸਾਥ ਦੇ ਸਕਦੇ ਹਾਂ।

14. ਅਫ਼ਸੀਆਂ 4:15, 16 ਅਨੁਸਾਰ ਯਿਸੂ ਨਾਲ ਦੋਸਤੀ ਕਰਨ ਦਾ ਚੌਥਾ ਕਦਮ ਕੀ ਹੈ?

14 (4) ਮਸੀਹੀ ਮੰਡਲੀ ਦੇ ਪ੍ਰਬੰਧਾਂ ਦਾ ਸਾਥ ਦਿਓ। ਜਦੋਂ ਅਸੀਂ ਨਿਯੁਕਤ ਕੀਤੇ ਗਏ ਭਰਾਵਾਂ ਦਾ ਸਾਥ ਦਿੰਦੇ ਹਾਂ ਜੋ ਪਿਆਰ ਨਾਲ ਸਾਡੀ ਅਗਵਾਈ ਕਰਦੇ ਹਨ, ਤਾਂ ਅਸੀਂ ਮੰਡਲੀ ਦੇ ਸਿਰ ਯਿਸੂ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਹਾਂ। (ਅਫ਼ਸੀਆਂ 4:15, 16 ਪੜ੍ਹੋ।) ਮਿਸਾਲ ਲਈ, ਅਸੀਂ ਹੁਣ ਸਾਰੇ ਕਿੰਗਡਮ ਹਾਲਾਂ ਨੂੰ ਪੂਰੀ ਤਰ੍ਹਾਂ ਵਰਤਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤਰ੍ਹਾਂ ਕਰਨ ਲਈ ਕਈ ਮੰਡਲੀਆਂ ਨੂੰ ਹੋਰ ਮੰਡਲੀਆਂ ਨਾਲ ਮਿਲਾ ਦਿੱਤਾ ਗਿਆ ਅਤੇ ਪ੍ਰਚਾਰ ਦੇ ਇਲਾਕੇ ਵਿਚ ਫੇਰ-ਬਦਲ ਕੀਤਾ ਗਿਆ। ਇਸ ਪ੍ਰਬੰਧ ਕਰਕੇ ਯਹੋਵਾਹ ਦੇ ਸੰਗਠਨ ਨੂੰ ਦਿੱਤਾ ਦਾਨ ਬਚਿਆ ਹੈ। ਪਰ ਇਸ ਦੇ ਨਾਲ-ਨਾਲ ਕੁਝ ਪ੍ਰਚਾਰਕਾਂ ਨੂੰ ਨਵੇਂ ਹਾਲਾਤਾਂ ਅਨੁਸਾਰ ਢਲ਼ਣਾ ਪਿਆ। ਇਨ੍ਹਾਂ ਵਫ਼ਾਦਾਰ ਪ੍ਰਚਾਰਕਾਂ ਨੇ ਸ਼ਾਇਦ ਕਈ ਸਾਲਾਂ ਤੋਂ ਇਕ ਮੰਡਲੀ ਵਿਚ ਸੇਵਾ ਕੀਤੀ ਹੋਵੇ ਅਤੇ ਭੈਣਾਂ-ਭਰਾਵਾਂ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੋਇਆ ਹੋਵੇ। ਪਰ ਹੁਣ ਉਨ੍ਹਾਂ ਨੂੰ ਹੋਰ ਮੰਡਲੀ ਵਿਚ ਸੇਵਾ ਕਰਨ ਲਈ ਕਿਹਾ ਗਿਆ। ਯਿਸੂ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਕਿ ਇਹ ਵਫ਼ਾਦਾਰ ਚੇਲੇ ਇਸ ਪ੍ਰਬੰਧ ਦਾ ਸਾਥ ਦੇ ਰਹੇ ਹਨ!

ਹਮੇਸ਼ਾ ਲਈ ਯਿਸੂ ਦੇ ਦੋਸਤ ਰਹੋ

15. ਭਵਿੱਖ ਵਿਚ ਯਿਸੂ ਨਾਲ ਸਾਡੀ ਦੋਸਤੀ ਹੋਰ ਮਜ਼ਬੂਤ ਕਿਵੇਂ ਹੋਵੇਗੀ?

15 ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀਆਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਯਿਸੂ ਨਾਲ ਹਮੇਸ਼ਾ ਲਈ ਰਾਜ ਕਰਨ ਦੀ ਉਮੀਦ ਹੈ। ਉਹ ਯਿਸੂ ਨਾਲ ਹੋਣਗੇ ਯਾਨੀ ਉਸ ਨੂੰ ਦੇਖ ਸਕਣਗੇ, ਉਸ ਨਾਲ ਗੱਲ ਕਰ ਸਕਣਗੇ ਅਤੇ ਸਮਾਂ ਬਿਤਾ ਸਕਣਗੇ। (ਯੂਹੰ. 14:2, 3) ਧਰਤੀ ʼਤੇ ਰਹਿਣ ਦੀ ਉਮੀਦ ਰੱਖਣ ਵਾਲੇ ਵੀ ਯਿਸੂ ਦਾ ਪਿਆਰ ਪਾਉਣਗੇ ਅਤੇ ਉਹ ਉਨ੍ਹਾਂ ਵੱਲ ਧਿਆਨ ਦੇਵੇਗਾ। ਭਾਵੇਂ ਕਿ ਉਹ ਯਿਸੂ ਨੂੰ ਦੇਖ ਨਹੀਂ ਸਕਣਗੇ, ਪਰ ਯਿਸੂ ਨਾਲ ਉਨ੍ਹਾਂ ਦੀ ਦੋਸਤੀ ਹੋਰ ਮਜ਼ਬੂਤ ਹੋਵੇਗੀ ਜਦੋਂ ਉਹ ਯਹੋਵਾਹ ਤੇ ਯਿਸੂ ਵੱਲੋਂ ਦਿੱਤੀ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ।—ਯਸਾ. 9:6, 7.

16. ਯਿਸੂ ਨਾਲ ਦੋਸਤੀ ਕਰ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

16 ਯਿਸੂ ਵੱਲੋਂ ਦਿੱਤਾ ਦੋਸਤੀ ਦਾ ਸੱਦਾ ਸਵੀਕਾਰ ਕਰ ਕੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਮਿਸਾਲ ਲਈ, ਸਾਨੂੰ ਹੁਣ ਉਸ ਦੇ ਪਿਆਰ ਤੇ ਸਾਥ ਤੋਂ ਫ਼ਾਇਦਾ ਹੁੰਦਾ ਹੈ। ਸਾਨੂੰ ਹਮੇਸ਼ਾ ਲਈ ਜੀਉਣ ਦਾ ਮੌਕਾ ਮਿਲਦਾ ਹੈ। ਸਭ ਤੋਂ ਅਹਿਮ ਗੱਲ ਹੈ ਕਿ ਯਿਸੂ ਨਾਲ ਦੋਸਤੀ ਕਰ ਕੇ ਸਾਨੂੰ ਉਸ ਦੇ ਪਿਤਾ ਯਹੋਵਾਹ ਨਾਲ ਨਿੱਜੀ ਰਿਸ਼ਤਾ ਜੋੜਨ ਦਾ ਮੌਕਾ ਮਿਲਦਾ ਹੈ। ਸਾਡੇ ਕੋਲ ਯਿਸੂ ਦੇ ਦੋਸਤ ਕਹਾਉਣ ਦਾ ਕਿੰਨਾ ਹੀ ਵੱਡਾ ਸਨਮਾਨ ਹੈ!

ਤੁਸੀਂ ਕੀ ਜਵਾਬ ਦਿਓਗੇ?

  • ਯਿਸੂ ਦੇ ਦੋਸਤ ਬਣਨ ਵਿਚ ਕਿਹੜੀਆਂ ਚੁਣੌਤੀਆਂ ਆ ਸਕਦੀਆਂ ਹਨ?

  • ਸਾਨੂੰ ਯਿਸੂ ਨਾਲ ਦੋਸਤੀ ਕਿਉਂ ਕਰਨੀ ਚਾਹੀਦੀ ਹੈ?

  • ਯਿਸੂ ਨਾਲ ਦੋਸਤੀ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

ਗੀਤ 25 ਪਿਆਰ ਹੈ ਸਾਡੀ ਪਛਾਣ

a ਰਸੂਲਾਂ ਨੇ ਕੁਝ ਸਾਲ ਯਿਸੂ ਨਾਲ ਬਿਤਾਏ ਅਤੇ ਉਸ ਨਾਲ ਕੰਮ ਕੀਤਾ ਜਿਸ ਕਰਕੇ ਉਹ ਉਸ ਦੇ ਚੰਗੇ ਦੋਸਤ ਬਣ ਗਏ। ਯਿਸੂ ਚਾਹੁੰਦਾ ਹੈ ਕਿ ਅਸੀਂ ਵੀ ਉਸ ਦੇ ਦੋਸਤ ਬਣੀਏ, ਪਰ ਸਾਨੂੰ ਕੁਝ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਦਾ ਸਾਮ੍ਹਣਾ ਰਸੂਲਾਂ ਨੂੰ ਨਹੀਂ ਕਰਨਾ ਪਿਆ। ਇਸ ਲੇਖ ਵਿਚ ਅਸੀਂ ਕੁਝ ਚੁਣੌਤੀਆਂ ʼਤੇ ਚਰਚਾ ਕਰਾਂਗੇ ਅਤੇ ਦੇਖਾਂਗੇ ਕਿ ਅਸੀਂ ਯਿਸੂ ਨਾਲ ਗੂੜ੍ਹੀ ਦੋਸਤੀ ਕਿਵੇਂ ਕਰ ਸਕਦੇ ਹਾਂ ਅਤੇ ਇਸ ਨੂੰ ਕਿਵੇਂ ਕਾਇਮ ਰੱਖ ਸਕਦੇ ਹਾਂ।

b ਤਸਵੀਰਾਂ ਬਾਰੇ ਜਾਣਕਾਰੀ: (1) ਪਰਿਵਾਰਕ ਸਟੱਡੀ ਦੌਰਾਨ ਅਸੀਂ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਸਟੱਡੀ ਕਰ ਸਕਦੇ ਹਾਂ। (2) ਮੰਡਲੀ ਵਿਚ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। (3) ਪ੍ਰਚਾਰ ਦੇ ਕੰਮ ਵਿਚ ਪੂਰੀ ਵਾਹ ਲਾ ਕੇ ਅਸੀਂ ਮਸੀਹ ਦੇ ਭਰਾਵਾਂ ਦਾ ਸਾਥ ਦੇ ਸਕਦੇ ਹਾਂ। (4) ਜਦੋਂ ਮੰਡਲੀਆਂ ਨੂੰ ਹੋਰ ਮੰਡਲੀਆਂ ਨਾਲ ਮਿਲਾ ਦਿੱਤਾ ਜਾਂਦਾ ਹੈ, ਤਾਂ ਅਸੀਂ ਬਜ਼ੁਰਗਾਂ ਦੇ ਫ਼ੈਸਲਿਆਂ ਦਾ ਸਾਥ ਦੇ ਸਕਦੇ ਹਾਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ