ਲੋਕ ਕੀ ਕਹਿੰਦੇ ਹਨ?
“ਜਦੋਂ ਮੈਂ ਪ੍ਰਾਰਥਨਾ ਕਰਦੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਰੱਬ ਮੇਰੇ ਨਾਲ ਹੈ, ਉਸ ਨੇ ਮੇਰਾ ਹੱਥ ਫੜਿਆ ਹੋਇਆ ਹੈ ਅਤੇ ਮੈਨੂੰ ਸਹੀ ਰਾਹ ਦਿਖਾਉਂਦਾ ਹੈ।”—ਮਾਰੀਆ।
“ਕੈਂਸਰ ਨਾਲ ਲੜਨ ਤੋਂ 13 ਸਾਲ ਬਾਅਦ ਮੇਰੀ ਪਤਨੀ ਦੀ ਮੌਤ ਹੋ ਗਈ। ਉਸ ਸਮੇਂ ਮੈਂ ਹਰ ਰੋਜ਼ ਰੱਬ ਅੱਗੇ ਆਪਣਾ ਦਿਲ ਖੋਲ੍ਹਦਾ ਸੀ। ਇੱਦਾਂ ਕਰਕੇ ਮੈਨੂੰ ਮਨ ਦੀ ਸ਼ਾਂਤੀ ਮਿਲਦੀ ਸੀ।”—ਰਾਊਲ।
“ਪ੍ਰਾਰਥਨਾ ਰੱਬ ਵੱਲੋਂ ਇਨਸਾਨਾਂ ਨੂੰ ਦਿੱਤਾ ਇਕ ਬੇਸ਼ਕੀਮਤੀ ਤੋਹਫ਼ਾ ਹੈ।”—ਅਰਨੀ।
ਮਾਰੀਆ, ਰਾਊਲ, ਅਰਨੀ ਵਾਂਗ ਬਹੁਤ ਸਾਰੇ ਲੋਕ ਪ੍ਰਾਰਥਨਾ ਨੂੰ ਇਕ ਅਨਮੋਲ ਤੋਹਫ਼ਾ ਸਮਝਦੇ ਹਨ। ਉਹ ਪ੍ਰਾਰਥਨਾ ਰਾਹੀਂ ਰੱਬ ਨਾਲ ਗੱਲ ਕਰਦੇ ਹਨ, ਉਸ ਦਾ ਸ਼ੁਕਰੀਆ ਅਦਾ ਕਰਦੇ ਹਨ ਅਤੇ ਉਸ ਤੋਂ ਮਦਦ ਮੰਗਦੇ ਹਨ। ‘ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਨ, ਉਹ ਉਨ੍ਹਾਂ ਦੀ ਸੁਣਦਾ ਹੈ।’—1 ਯੂਹੰਨਾ 5:14.
ਦੂਜੇ ਪਾਸੇ, ਕੁਝ ਲੋਕ ਕਹਿੰਦੇ ਹਨ ਕਿ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ। ਸਟੀਵ ਨਾਂ ਦੇ ਵਿਅਕਤੀ ਨੂੰ ਵੀ ਇਹੀ ਲੱਗਦਾ ਸੀ। ਉਹ ਦੱਸਦਾ ਹੈ: “ਜਦੋਂ ਮੈਂ 17 ਸਾਲਾਂ ਦਾ ਸੀ, ਤਾਂ ਮੇਰੇ ਤਿੰਨ ਦੋਸਤਾਂ ਦੀ ਮੌਤ ਹੋ ਗਈ। ਇਕ ਦੀ ਸੜਕ ਹਾਦਸੇ ਵਿਚ ਅਤੇ ਦੋ ਜਣਿਆਂ ਦੀ ਸਮੁੰਦਰ ਵਿਚ ਡੁੱਬਣ ਕਰਕੇ। ਮੈਂ ਰੱਬ ਨੂੰ ਵਾਰ-ਵਾਰ ਪੁੱਛਿਆ, ‘ਤੂੰ ਇੱਦਾਂ ਕਿਉਂ ਹੋਣ ਦਿੱਤਾ?’ ਪਰ ਕੋਈ ਜਵਾਬ ਨਹੀਂ ਮਿਲਿਆ। ਸੋ ਮੈਂ ਆਪਣੇ ਆਪ ਨੂੰ ਪੁੱਛਿਆ, ‘ਪ੍ਰਾਰਥਨਾ ਕਰਨ ਦਾ ਕੀ ਫ਼ਾਇਦਾ?’” ਸਟੀਵ ਵਾਂਗ ਜਦੋਂ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਮਿਲਦਾ, ਤਾਂ ਉਹ ਪ੍ਰਾਰਥਨਾ ਕਰਨੀ ਛੱਡ ਦਿੰਦੇ ਹਨ।
ਕੁਝ ਲੋਕਾਂ ਨੂੰ ਲੱਗਦਾ ਹੈ ਕਿ ਰੱਬ ਨੂੰ ਤਾਂ ਸਾਰਾ ਕੁਝ ਪਤਾ ਹੈ। ਇਸ ਲਈ ਉਹ ਪ੍ਰਾਰਥਨਾ ਨਹੀਂ ਕਰਦੇ। ਕੁਝ ਲੋਕ ਕਹਿੰਦੇ ਹਨ ਕਿ ਰੱਬ ਨੂੰ ਤਾਂ ਪਤਾ ਹੈ ਕਿ ਸਾਡੀ ਜ਼ਿੰਦਗੀ ਵਿਚ ਕੀ ਹੋ ਰਿਹਾ ਅਤੇ ਸਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ, ਤਾਂ ਫਿਰ ਪ੍ਰਾਰਥਨਾ ਕਰਨ ਦੀ ਕੀ ਲੋੜ ਹੈ।
ਕੁਝ ਲੋਕ ਆਪਣੀਆਂ ਪਿਛਲੀਆਂ ਗ਼ਲਤੀਆਂ ਕਰਕੇ ਰੱਬ ਨੂੰ ਪ੍ਰਾਰਥਨਾ ਕਰਨ ਤੋਂ ਝਿਜਕਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਰੱਬ ਪਾਪੀਆਂ ਦੀ ਨਹੀਂ ਸੁਣਦਾ। ਜੈਨੀ ਦੱਸਦੀ ਹੈ: “ਮੈਨੂੰ ਲੱਗਦਾ ਸੀ ਕਿ ਮੈਂ ਰੱਬ ਨੂੰ ਪ੍ਰਾਰਥਨਾ ਕਰਨ ਦੇ ਲਾਇਕ ਨਹੀਂ ਹਾਂ। ਮੈਂ ਬਹੁਤ ਗ਼ਲਤੀਆਂ ਕੀਤੀਆਂ ਸਨ ਜਿਸ ਕਰਕੇ ਮੈਨੂੰ ਲੱਗਦਾ ਸੀ ਕਿ ਰੱਬ ਮੇਰੀਆਂ ਪ੍ਰਾਰਥਨਾਵਾਂ ਨਹੀਂ ਸੁਣੇਗਾ।”
ਕੀ ਤੁਸੀਂ ਰੱਬ ਨੂੰ ਪ੍ਰਾਰਥਨਾ ਕਰਦੇ ਹੋ ਜਾਂ ਤੁਹਾਨੂੰ ਵੀ ਲੱਗਦਾ ਹੈ ਕਿ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਨਹੀਂ? ਹੋ ਸਕਦਾ ਹੈ ਕਿ ਪ੍ਰਾਰਥਨਾ ਬਾਰੇ ਤੁਹਾਡੇ ਮਨ ਵਿਚ ਕਈ ਸਵਾਲ ਹੋਣ, ਜਿਵੇਂ:
ਕੀ ਰੱਬ ਵਾਕਈ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ?
ਰੱਬ ਕੁਝ ਪ੍ਰਾਰਥਨਾਵਾਂ ਕਿਉਂ ਨਹੀਂ ਸੁਣਦਾ?
ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਸਾਨੂੰ ਪ੍ਰਾਰਥਨਾ ਕਰਨ ਦਾ ਕੀ ਫ਼ਾਇਦਾ ਹੋ ਸਕਦਾ ਹੈ?
ਬਾਈਬਲ ਵਿਚ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ ਅਤੇ ਅਸੀਂ ਇਸ ʼਤੇ ਭਰੋਸਾ ਕਰ ਸਕਦੇ ਹਾਂ।a
a ਬਾਈਬਲ ਵਿਚ ਰੱਬ ਦੇ ਬਹੁਤ ਸਾਰੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਦਰਜ ਹਨ, ਜਿਵੇਂ ਯਿਸੂ ਮਸੀਹ ਦੀ। ਇਬਰਾਨੀ ਲਿਖਤਾਂ (ਜਿਨ੍ਹਾਂ ਨੂੰ ਪੁਰਾਣਾ ਨੇਮ ਵੀ ਕਿਹਾ ਜਾਂਦਾ ਹੈ) ਵਿਚ 150 ਤੋਂ ਜ਼ਿਆਦਾ ਪ੍ਰਾਰਥਨਾਵਾਂ ਸ਼ਾਮਲ ਹਨ।