ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w21 ਅਕਤੂਬਰ ਸਫ਼ੇ 29-31
  • 1921​—ਸੌ ਸਾਲ ਪਹਿਲਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 1921​—ਸੌ ਸਾਲ ਪਹਿਲਾਂ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਦਲੇਰ ਪ੍ਰਚਾਰਕ
  • ਅਧਿਐਨ ਕਰਨ ਲਈ ਲੜੀਵਾਰ ਲੇਖ
  • ਇਕ ਨਵੀਂ ਕਿਤਾਬ!
  • ਹੋਰ ਵੀ ਕੰਮ ਬਾਕੀ ਹੈ
  • ਯਹੋਵਾਹ ਦਾ ਕਹਿਣਾ ਮੰਨ ਕੇ ਮਿਲੀਆਂ ਬਰਕਤਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • 1922​—ਸੌ ਸਾਲ ਪਹਿਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਚੰਗੇ ਫ਼ੈਸਲੇ ਕਰੋ, ਖ਼ੁਸ਼ੀਆਂ ਨਾਲ ਝੋਲੀ ਭਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • 1923​—ਸੌ ਸਾਲ ਪਹਿਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
w21 ਅਕਤੂਬਰ ਸਫ਼ੇ 29-31

1921​—ਸੌ ਸਾਲ ਪਹਿਲਾਂ

1 ਜਨਵਰੀ 1921 ਦੇ ਪਹਿਰਾਬੁਰਜ ਵਿਚ ਬਾਈਬਲ ਵਿਦਿਆਰਥੀਆਂ ਨੂੰ ਇਕ ਸਵਾਲ ਪੁੱਛਿਆ ਗਿਆ, “ਇਸ ਸਾਲ ਅਸੀਂ ਕਿਹੜਾ ਕੰਮ ਕਰਨਾ ਹੈ?” ਸਵਾਲ ਤੋਂ ਬਾਅਦ ਯਸਾਯਾਹ 61:1, 2 ਲਿਖਿਆ ਗਿਆ ਸੀ, “ਯਹੋਵਾਹ ਨੇ ਮੈਨੂੰ ਚੁਣਿਆ ਹੈ ਕਿ ਮੈਂ ਹਲੀਮ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ। . . . ਯਹੋਵਾਹ ਦੀ ਮਿਹਰ ਪਾਉਣ ਦੇ ਵਰ੍ਹੇ ਦਾ ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਐਲਾਨ ਕਰਾਂ।” ਇਸ ਆਇਤ ਤੋਂ ਉਨ੍ਹਾਂ ਨੂੰ ਯਾਦ ਕਰਾਇਆ ਗਿਆ ਕਿ ਉਨ੍ਹਾਂ ਨੇ ਪ੍ਰਚਾਰ ਦਾ ਕੰਮ ਕਰਨਾ ਹੈ।

ਦਲੇਰ ਪ੍ਰਚਾਰਕ

ਪ੍ਰਚਾਰ ਕਰਨ ਲਈ ਬਾਈਬਲ ਵਿਦਿਆਰਥੀਆਂ ਨੂੰ ਦਲੇਰ ਬਣਨ ਦੀ ਲੋੜ ਸੀ। ਉਨ੍ਹਾਂ ਨੇ ਹਲੀਮ ਲੋਕਾਂ ਨੂੰ “ਖ਼ੁਸ਼ ਖ਼ਬਰੀ” ਸੁਣਾਉਣ ਦੇ ਨਾਲ-ਨਾਲ ਦੁਸ਼ਟ ਲੋਕਾਂ ਨੂੰ “ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ” ਬਾਰੇ ਵੀ ਦੱਸਣਾ ਸੀ।

ਕੈਨੇਡਾ ਵਿਚ ਰਹਿਣ ਵਾਲੇ ਭਰਾ ਜੇ. ਐੱਚ. ਹੌਸਕਨ ਨੇ ਵਿਰੋਧ ਦੇ ਬਾਵਜੂਦ ਵੀ ਬੜੀ ਦਲੇਰੀ ਨਾਲ ਪ੍ਰਚਾਰ ਕੀਤਾ। 1921 ਵਿਚ ਉਨ੍ਹਾਂ ਦੀ ਮੁਲਾਕਾਤ ਇਕ ਪਾਦਰੀ ਨਾਲ ਹੋਈ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਭਰਾ ਨੇ ਉਸ ਨੂੰ ਕਿਹਾ: “ਬਾਈਬਲ ਤੋਂ ਗੱਲ ਕਰਦੇ ਹੋਏ ਸਾਨੂੰ ਬਹਿਸ ਨਹੀਂ ਕਰਨੀ ਚਾਹੀਦੀ। ਸਾਨੂੰ ਆਰਾਮ ਨਾਲ ਗੱਲ ਕਰਨੀ ਚਾਹੀਦੀ ਹੈ। ਜੇ ਅਸੀਂ ਕਿਸੇ ਗੱਲ ਨਾਲ ਸਹਿਮਤ ਨਹੀਂ ਹਾਂ, ਤਾਂ ਸਾਨੂੰ ਸ਼ਾਂਤੀ ਨਾਲ ਗੱਲਬਾਤ ਬੰਦ ਕਰ ਦੇਣੀ ਚਾਹੀਦੀ ਹੈ।” ਪਰ ਇੱਦਾਂ ਨਹੀਂ ਹੋਇਆ। ਭਰਾ ਨੇ ਅੱਗੇ ਦੱਸਿਆ: “ਕੁਝ ਹੀ ਮਿੰਟਾਂ ਵਿਚ ਪਾਦਰੀ ਨੇ ਇੰਨੇ ਜ਼ੋਰ ਨਾਲ ਦਰਵਾਜ਼ੇ ʼਤੇ ਮਾਰਿਆ ਕਿ ਮੈਨੂੰ ਲੱਗਾ ਕਿ ਦਰਵਾਜ਼ੇ ਦਾ ਸ਼ੀਸ਼ਾ ਹੀ ਟੁੱਟ ਜਾਵੇਗਾ।”

ਪਾਦਰੀ ਨੇ ਰੌਲ਼ਾ ਪਾਉਂਦਿਆਂ ਕਿਹਾ: “ਜਾਓ, ਉਨ੍ਹਾਂ ਲੋਕਾਂ ਨਾਲ ਗੱਲਾਂ ਕਰੋ ਜੋ ਈਸਾਈ ਨਹੀਂ ਹਨ।” ਭਰਾ ਹੌਸਕਨ ਦੇ ਮਨ ਵਿਚ ਆਇਆ ਕਿ ਉਹ ਕਹੇ ਕਿ “ਤੂੰ ਕਿਹੜਾ ਈਸਾਈ ਹੈਂ? ਤੇਰੀਆਂ ਗੱਲਾਂ ਤੋਂ ਤਾਂ ਨਹੀਂ ਲੱਗਦਾ।” ਪਰ ਭਰਾ ਨੇ ਅਜਿਹਾ ਕੁਝ ਨਹੀਂ ਕਿਹਾ।

ਅਗਲੇ ਦਿਨ ਪਾਦਰੀ ਨੇ ਚਰਚ ਵਿਚ ਇਕ ਭਾਸ਼ਣ ਦਿੱਤਾ ਅਤੇ ਭਰਾ ਬਾਰੇ ਬੁਰਾ-ਭਲਾ ਕਿਹਾ। ਭਰਾ ਹੌਸਕਨ ਨੇ ਦੱਸਿਆ: “ਪਾਦਰੀ ਨੇ ਚਰਚ ਦੇ ਲੋਕਾਂ ਨੂੰ ਮੇਰੇ ਬਾਰੇ ਕਿਹਾ ਕਿ ਮੈਂ ਸ਼ਹਿਰ ਦਾ ਸਭ ਤੋਂ ਵੱਡਾ ਝੂਠਾ ਹਾਂ ਅਤੇ ਮੈਨੂੰ ਮਾਰ ਦੇਣਾ ਚਾਹੀਦਾ ਹੈ।” ਪਰ ਭਰਾ ਡਰਿਆ ਨਹੀਂ। ਉਹ ਪ੍ਰਚਾਰ ਕਰਦਾ ਰਿਹਾ ਅਤੇ ਕਈ ਲੋਕਾਂ ਨਾਲ ਉਸ ਦੀ ਚੰਗੀ ਗੱਲਬਾਤ ਹੋਈ। ਉਸ ਨੇ ਦੱਸਿਆ: “ਮੈਨੂੰ ਸ਼ਹਿਰ ਵਿਚ ਪ੍ਰਚਾਰ ਕਰ ਕੇ ਬੜਾ ਮਜ਼ਾ ਆਇਆ। ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ‘ਤੁਸੀਂ ਪਰਮੇਸ਼ੁਰ ਦਾ ਕੰਮ ਕਰ ਰਹੇ ਹੋ।’ ਉਹ ਮੈਨੂੰ ਜ਼ਰੂਰਤ ਦੀਆਂ ਚੀਜ਼ਾਂ ਦੇਣ ਲਈ ਵੀ ਤਿਆਰ ਸਨ।”

ਅਧਿਐਨ ਕਰਨ ਲਈ ਲੜੀਵਾਰ ਲੇਖ

ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਮਦਦ ਕਰਨ ਲਈ ਬਾਈਬਲ ਵਿਦਿਆਰਥੀਆਂ ਨੇ ਦ ਗੋਲਡਨ ਏਜa ਰਸਾਲੇ ਵਿਚ ਕੁਝ ਲੜੀਵਾਰ ਲੇਖ ਛਾਪੇ, ਜਿਵੇਂ ਕਿ “ਬੱਚਿਆਂ ਅਤੇ ਨੌਜਵਾਨਾਂ ਨਾਲ ਬਾਈਬਲ ਅਧਿਐਨ।” ਇਸ ਲੜੀ ਵਿਚ ਕੁਝ ਸਵਾਲ-ਜਵਾਬ ਦਿੱਤੇ ਗਏ ਸਨ। ਮੰਮੀ-ਡੈਡੀ ਆਪਣੇ ਬੱਚਿਆਂ ਨੂੰ ਸਵਾਲ ਪੁੱਛਦੇ ਸਨ ਅਤੇ ਉਨ੍ਹਾਂ ਦੇ ਜਵਾਬ ਲੱਭਣ ਵਿਚ ਮਦਦ ਕਰਦੇ ਸਨ। ਕੁਝ ਸਵਾਲਾਂ ਨਾਲ ਉਹ ਬਾਈਬਲ ਦੀਆਂ ਛੋਟੀਆਂ-ਮੋਟੀਆਂ ਗੱਲਾਂ ਜਾਣ ਪਾਉਂਦੇ ਸਨ, ਜਿਵੇਂ ਕਿ “ਬਾਈਬਲ ਵਿਚ ਕਿੰਨੀਆਂ ਕਿਤਾਬਾਂ ਹਨ?” ਨੌਜਵਾਨਾਂ ਨੂੰ ਦਲੇਰ ਪ੍ਰਚਾਰਕ ਬਣਾਉਣ ਲਈ ਕੁਝ ਅਜਿਹੇ ਸਵਾਲ ਦਿੱਤੇ ਗਏ ਸਨ, ਜਿਵੇਂ ਕਿ “ਕੀ ਸਾਰੇ ਮਸੀਹੀਆਂ ʼਤੇ ਜ਼ੁਲਮ ਕੀਤੇ ਜਾਣਗੇ?”

ਜਿਨ੍ਹਾਂ ਬਾਈਬਲ ਵਿਦਿਆਰਥੀਆਂ ਨੂੰ ਬਾਈਬਲ ਦੀ ਜ਼ਿਆਦਾ ਸਮਝ ਸੀ, ਉਨ੍ਹਾਂ ਲਈ ਗੋਲਡਨ ਏਜ ਰਸਾਲੇ ਵਿਚ ਹੋਰ ਲੜੀਵਾਰ ਲੇਖ ਛਾਪੇ ਗਏ ਸਨ। ਇਨ੍ਹਾਂ ਲੜੀਵਾਰ ਲੇਖਾਂ ਦੇ ਸਵਾਲਾਂ ਦੇ ਜਵਾਬ ਸ਼ਾਸਤਰ ਦਾ ਅਧਿਐਨ ਕਿਤਾਬ ਦੇ ਪਹਿਲੇ ਖੰਡ ਵਿਚ ਦਿੱਤੇ ਗਏ ਸਨ। ਇਨ੍ਹਾਂ ਲੜੀਵਾਰ ਲੇਖਾਂ ਤੋਂ ਹਜ਼ਾਰਾਂ ਲੋਕਾਂ ਨੂੰ ਫ਼ਾਇਦਾ ਹੋਇਆ। ਪਰ 21 ਦਸੰਬਰ 1921 ਦੇ ਗੋਲਡਨ ਏਜ ਰਸਾਲੇ ਵਿਚ ਦੱਸਿਆ ਗਿਆ ਸੀ ਕਿ ਹੁਣ ਤੋਂ ਇਹ ਦੋਨੋ ਲੜੀਵਾਰ ਲੇਖਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਪਰ ਉਹ ਕਿਉਂ?

ਇਕ ਨਵੀਂ ਕਿਤਾਬ!

ਪਰਮੇਸ਼ੁਰ ਦੀ ਬਰਬਤ ਕਿਤਾਬ

ਕਾਰਡ ਜਿਸ ʼਤੇ ਲਿਖਿਆ ਸੀ ਕਿ ਕਿੰਨੇ ਸਫ਼ੇ ਪੜ੍ਹਨੇ ਸਨ

ਸਵਾਲਾਂ ਦੇ ਕਾਰਡ

ਸੰਗਠਨ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਨੂੰ ਅਹਿਸਾਸ ਹੋਇਆ ਕਿ ਨਵੇਂ ਬਾਈਬਲ ਵਿਦਿਆਰਥੀਆਂ ਨੂੰ ਇਕ-ਇਕ ਕਰ ਕੇ ਬਾਈਬਲ ਦੇ ਵਿਸ਼ਿਆਂ ਬਾਰੇ ਸਿੱਖਣਾ ਚਾਹੀਦਾ ਹੈ। ਇਸ ਲਈ ਨਵੰਬਰ 1921 ਵਿਚ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਕਿਤਾਬ ਛਾਪੀ ਗਈ। ਜੋ ਵੀ ਇਸ ਕਿਤਾਬ ਨੂੰ ਲੈਂਦਾ ਸੀ, ਉਸ ਨੂੰ ਇਕ ਕੋਰਸ ਵਿਚ ਸ਼ਾਮਲ ਕੀਤਾ ਜਾਂਦਾ ਸੀ। ਇਸ ਰਾਹੀਂ ਉਹ ਖ਼ੁਦ ਸਟੱਡੀ ਕਰ ਸਕਦਾ ਸੀ ਅਤੇ ਸਮਝ ਸਕਦਾ ਸੀ ਕਿ “ਪਰਮੇਸ਼ੁਰ ਇਸ ਸੋਹਣੀ ਧਰਤੀ ʼਤੇ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।” ਇਹ ਕੋਰਸ ਕਿਵੇਂ ਕਰਾਇਆ ਜਾਂਦਾ ਸੀ?

ਜਦੋਂ ਇਕ ਵਿਅਕਤੀ ਉਹ ਕਿਤਾਬ ਲੈਂਦਾ ਸੀ, ਤਾਂ ਉਸ ਨੂੰ ਇਕ ਛੋਟਾ ਜਿਹਾ ਕਾਰਡ ਦਿੱਤਾ ਜਾਂਦਾ ਸੀ। ਉਸ ਕਾਰਡ ਵਿਚ ਲਿਖਿਆ ਹੁੰਦਾ ਸੀ ਕਿ ਉਸ ਨੇ ਕਿੰਨੇ ਸਫ਼ੇ ਪੜ੍ਹਨੇ ਸਨ। ਅਗਲੇ ਹਫ਼ਤੇ ਉਸ ਨੂੰ ਇਕ ਹੋਰ ਕਾਰਡ ਦਿੱਤਾ ਜਾਂਦਾ ਸੀ। ਉਸ ਕਾਰਡ ਵਿਚ ਉਸ ਨੇ ਜਿੰਨਾ ਪੜ੍ਹਿਆ ਹੁੰਦਾ ਸੀ, ਉਸ ਮੁਤਾਬਕ ਸਵਾਲ ਪੁੱਛੇ ਜਾਂਦੇ ਸਨ। ਉਸ ਵਿਚ ਇਹ ਵੀ ਲਿਖਿਆ ਹੁੰਦਾ ਸੀ ਕਿ ਉਸ ਨੇ ਅਗਲੇ ਹਫ਼ਤੇ ਕਿੰਨੇ ਸਫ਼ੇ ਪੜ੍ਹਨੇ ਸਨ। ਇੱਦਾਂ 12 ਹਫ਼ਤਿਆਂ ਤਕ ਕੀਤਾ ਜਾਂਦਾ ਸੀ।

ਇਹ ਕਾਰਡ ਉਨ੍ਹਾਂ ਨੂੰ ਡਾਕ ਰਾਹੀਂ ਮਿਲਦੇ ਸਨ। ਇਹ ਕਾਰਡ ਅਕਸਰ ਮੰਡਲੀ ਦੇ ਅਜਿਹੇ ਭੈਣ-ਭਰਾ ਭੇਜਦੇ ਸਨ ਜੋ ਸਿਆਣੀ ਉਮਰ ਦੇ ਸਨ ਜਾਂ ਜੋ ਘਰ-ਘਰ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ ਸਨ। ਅਮਰੀਕਾ ਵਿਚ ਰਹਿਣ ਵਾਲੀ ਐਨਾ ਕੇ. ਗਾਰਡਨਰ ਨੇ ਆਪਣੀ ਭੈਣ ਬਾਰੇ ਦੱਸਿਆ: “ਮੇਰੀ ਭੈਣ ਥੇਲ ਲਈ ਤੁਰਨਾ-ਫਿਰਨਾ ਔਖਾ ਸੀ। ਜਦੋਂ ਇਹ ਨਵੀਂ ਕਿਤਾਬ ਆਈ, ਤਾਂ ਉਸ ਕੋਲ ਵੀ ਕਰਨ ਲਈ ਬਹੁਤ ਕੰਮ ਸੀ। ਉਹ ਹਰ ਹਫ਼ਤੇ ਸਵਾਲਾਂ ਦੇ ਕਾਰਡ ਭੇਜਦੀ ਹੁੰਦੀ ਸੀ।” ਜਦੋਂ ਇਹ ਕੋਰਸ ਖ਼ਤਮ ਹੁੰਦਾ ਸੀ, ਤਾਂ ਕੋਈ ਭੈਣ-ਭਰਾ ਵਿਦਿਆਰਥੀ ਨੂੰ ਮਿਲਣ ਜਾਂਦਾ ਸੀ ਅਤੇ ਉਸ ਨੂੰ ਬਾਈਬਲ ਬਾਰੇ ਹੋਰ ਸਿਖਾਉਂਦਾ ਸੀ।

ਏ. ਥੇਲ ਗਾਰਡਨਰ ਆਪਣੀ ਵ੍ਹੀਲ-ਚੇਅਰ ʼਤੇ

ਹੋਰ ਵੀ ਕੰਮ ਬਾਕੀ ਹੈ

1921 ਦੇ ਅਖ਼ੀਰ ਵਿਚ ਭਰਾ ਜੇ. ਐੱਫ਼. ਰਦਰਫ਼ਰਡ ਨੇ ਸਾਰੀਆਂ ਮੰਡਲੀਆਂ ਨੂੰ ਇਕ ਚਿੱਠੀ ਲਿਖੀ। ਉਸ ਚਿੱਠੀ ਵਿਚ ਭਰਾ ਨੇ ਦੱਸਿਆ: “ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਹੋਰ ਵੀ ਜ਼ਿਆਦਾ ਲੋਕਾਂ ਨੂੰ ਖ਼ੁਸ਼-ਖ਼ਬਰੀ ਸੁਣਾਈ ਗਈ। ਪਰ ਹਾਲੇ ਹੋਰ ਵੀ ਕੰਮ ਬਾਕੀ ਹੈ। ਇਸ ਲਈ ਦੂਜਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਇਸ ਵਧੀਆ ਕੰਮ ਵਿਚ ਹਿੱਸਾ ਲੈਣ।” ਬਾਈਬਲ ਵਿਦਿਆਰਥੀਆਂ ਨੇ ਭਰਾ ਦੀ ਇਹ ਗੱਲ ਮੰਨੀ। ਨਾਲੇ ਅਗਲੇ ਸਾਲ 1922 ਵਿਚ ਉਨ੍ਹਾਂ ਨੇ ਦਲੇਰੀ ਨਾਲ ਹੋਰ ਵੀ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕੀਤਾ।

ਦਲੇਰ ਦੋਸਤ

ਬਾਈਬਲ ਵਿਦਿਆਰਥੀ ਇਕ-ਦੂਜੇ ਨਾਲ ਪਿਆਰ ਕਰਦੇ ਸਨ। ਇਸ ਲਈ ਉਨ੍ਹਾਂ ਨੇ ਬਹਾਦਰੀ ਨਾਲ ਇਕ-ਦੂਜੇ ਦੀ ਮਦਦ ਕੀਤੀ। ਉਹ “ਦੁੱਖ ਦੀ ਘੜੀ ਵਿਚ ਭਰਾ ਬਣ” ਗਏ ਸਨ। (ਕਹਾ. 17:17) ਆਓ ਇਸ ਘਟਨਾ ਤੇ ਗੌਰ ਕਰੀਏ।

ਮੰਗਲਵਾਰ 31 ਮਈ 1921 ਨੂੰ ਅਮਰੀਕਾ ਦੇ ਇਕ ਸ਼ਹਿਰ ਟਲਸਾ ਵਿਚ ਨਸਲੀ ਕਤਲੇਆਮ ਹੋਇਆ। ਇਹ ਨਸਲੀ ਕਤਲੇਆਮ ਸ਼ੁਰੂ ਕਿਉਂ ਹੋਇਆ? ਇਕ ਕਾਲੇ ਆਦਮੀ ʼਤੇ ਇਲਜ਼ਾਮ ਲਾਇਆ ਗਿਆ ਕਿ ਉਸ ਨੇ ਇਕ ਗੋਰੀ ਔਰਤ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਕਰਕੇ ਉਸ ਕਾਲੇ ਆਦਮੀ ਨੂੰ ਜੇਲ੍ਹ ਹੋ ਗਈ। ਇਸ ਤੋਂ ਬਾਅਦ, ਲਗਭਗ 1,000 ਗੋਰੇ ਆਦਮੀਆਂ ਦੀ ਕੁਝ ਕਾਲੇ ਆਦਮੀਆਂ ਨਾਲ ਹੱਥੋਪਾਈ ਹੋਈ। ਦੇਖਦਿਆਂ ਹੀ ਦੇਖਦਿਆਂ ਇਸ ਲੜਾਈ ਦੀ ਅੱਗ ਨੇੜੇ ਦੇ ਇਲਾਕੇ ਗ੍ਰੀਨਵੁੱਡ ਵਿਚ ਫੈਲ ਗਈ। ਇਸ ਲੜਾਈ ਵਿਚ 1,400 ਤੋਂ ਜ਼ਿਆਦਾ ਘਰਾਂ ਤੇ ਦੁਕਾਨਾਂ ਨੂੰ ਲੁੱਟ ਲਿਆ ਤੇ ਅੱਗ ਨਾਲ ਸਾੜ ਦਿੱਤਾ ਗਿਆ। ਭਾਵੇਂ ਕਿ ਖ਼ਬਰਾਂ ਮੁਤਾਬਕ 36 ਲੋਕ ਮਾਰੇ ਗਏ, ਪਰ ਮਰਨ ਵਾਲਿਆਂ ਦੀ ਗਿਣਤੀ ਸ਼ਾਇਦ 300 ਸੀ।

ਉਸ ਦਿਨ ਜੋ ਹੋਇਆ ਸੀ, ਉਸ ਬਾਰੇ ਭਰਾ ਰਿਚਰਡ ਜੇ. ਹਿਲ ਨੇ ਦੱਸਿਆ ਸੀ। ਉਹ ਵੀ ਕਾਲੇ ਲੋਕਾਂ ਵਿੱਚੋਂ ਸੀ ਤੇ ਗ੍ਰੀਨਵੁੱਡ ਵਿਚ ਰਹਿੰਦਾ ਸੀ। ਉਸ ਨੇ ਕਿਹਾ: “ਉਸ ਦਿਨ ਸਾਡੀ ਮੀਟਿੰਗ ਸੀ। ਮੀਟਿੰਗ ਖ਼ਤਮ ਹੋਣ ਤੋਂ ਬਾਅਦ, ਸਾਨੂੰ ਸ਼ਹਿਰ ਵਿਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਆਵਾਜ਼ ਦੇਰ ਰਾਤ ਤਕ ਸੁਣਾਈ ਦਿੰਦੀ ਰਹੀ।” ਅਗਲੇ ਦਿਨ ਹਾਲਾਤ ਹੋਰ ਵੀ ਵਿਗੜ ਗਏ। ਭਰਾ ਹਿਲ ਨੇ ਕਿਹਾ: “ਕੁਝ ਲੋਕ ਸਾਡੇ ਘਰ ਆਏ ਤੇ ਸਾਨੂੰ ਕਹਿਣ ਲੱਗੇ ਕਿ ਜੇ ਅਸੀਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਜਲਦੀ ਤੋਂ ਜਲਦੀ ਇਕ ਸਰਕਾਰੀ ਇਮਾਰਤ ਵਿਚ ਜਾਣਾ ਪਵੇਗਾ।” ਭਰਾ ਆਪਣੀ ਪਤਨੀ ਤੇ ਪੰਜ ਬੱਚਿਆਂ ਨਾਲ ਉੱਥੇ ਚਲਾ ਗਿਆ। ਉੱਥੇ ਲਗਭਗ 3,000 ਕਾਲੇ ਲੋਕ ਸਨ। ਉਨ੍ਹਾਂ ਦੀ ਰੱਖਿਆ ਲਈ ਅਤੇ ਦੰਗੇ ਰੋਕਣ ਲਈ ਸਰਕਾਰ ਨੇ ਫ਼ੌਜੀ ਭੇਜੇ ਸਨ।

ਇਸ ਦੌਰਾਨ ਇਕ ਗੋਰੇ ਭਰਾ ਆਰਥਰ ਕਲਾਊਸ ਨੇ ਇਕ ਬਹੁਤ ਹੀ ਬਹਾਦਰੀ ਦਾ ਕੰਮ ਕੀਤਾ। ਉਸ ਨੇ ਦੱਸਿਆ: “ਜਦੋਂ ਮੈਨੂੰ ਪਤਾ ਲੱਗਾ ਕਿ ਗ੍ਰੀਨਵੁੱਡ ਵਿਚ ਲੋਕ ਲੁੱਟਮਾਰ ਕਰ ਰਹੇ ਸਨ ਤੇ ਘਰਾਂ ਨੂੰ ਅੱਗ ਲਾ ਰਹੇ ਸਨ, ਤਾਂ ਮੈਂ ਫ਼ੈਸਲਾ ਕੀਤਾ ਕਿ ਮੈਂ ਆਪਣੇ ਦੋਸਤ ਹਿਲ ਦੇ ਘਰ ਜਾਵਾਂਗਾ ਤੇ ਦੇਖਾਂਗਾ ਕਿ ਉਹ ਤੇ ਉਸ ਦਾ ਪਰਿਵਾਰ ਠੀਕ-ਠਾਕ ਹੈ ਜਾਂ ਨਹੀਂ।”

ਭਰਾ ਆਰਥਰ ਕਲਾਊਸ ਨੇ ਪਰਮੇਸ਼ੁਰ ਦੀ ਬਰਬਤ ਕਿਤਾਬ ਵਿੱਚੋਂ 14 ਬੱਚਿਆਂ ਨੂੰ ਸਿਖਾਇਆ

ਭਰਾ ਕਲਾਊਸ ਜਦੋਂ ਹੀ ਉਸ ਦੇ ਘਰ ਪਹੁੰਚਿਆ, ਤਾਂ ਉਸ ਨੇ ਦੇਖਿਆ ਕਿ ਇਕ ਗੋਰਾ ਆਦਮੀ ਬੰਦੂਕ ਤਾਣ ਕੇ ਖੜ੍ਹਾ ਸੀ। ਉਹ ਗੋਰਾ ਆਦਮੀ ਭਰਾ ਹਿਲ ਦਾ ਦੋਸਤ ਤੇ ਗੁਆਂਢੀ ਸੀ। ਉਸ ਨੂੰ ਲੱਗਦਾ ਸੀ ਕਿ ਭਰਾ ਕਲਾਊਸ ਵੀ ਦੰਗੇ ਕਰਨ ਵਾਲਿਆਂ ਵਿੱਚੋਂ ਇਕ ਸੀ। ਇਸ ਲਈ ਉਸ ਨੇ ਗੁੱਸੇ ਵਿਚ ਪੁੱਛਿਆ: “ਤੂੰ ਇੱਥੇ ਕੀ ਕਰ ਰਿਹਾ ਹੈ?”

ਭਰਾ ਕਲਾਊਸ ਨੇ ਦੱਸਿਆ: “ਉਹ ਮੈਨੂੰ ਮਾਰਨ ਲਈ ਤਿਆਰ ਸੀ। ਇਸ ਲਈ ਮੈਂ ਵਾਰ-ਵਾਰ ਉਸ ਨੂੰ ਯਕੀਨ ਦਿਵਾਇਆ ਕਿ ਮੈਂ ਭਰਾ ਹਿਲ ਦਾ ਦੋਸਤ ਹਾਂ। ਮੈਂ ਕਈ ਵਾਰ ਉਸ ਦੇ ਘਰ ਆ ਚੁੱਕਾ ਹਾਂ।” ਇਸ ਤੋਂ ਬਾਅਦ ਉਸ ਗੁਆਂਢੀ ਨੇ ਭਰਾ ਕਲਾਊਸ ਨਾਲ ਮਿਲ ਕੇ ਭਰਾ ਹਿਲ ਦੇ ਘਰ ਦੀ ਰੱਖਿਆ ਕੀਤੀ।

ਕੁਝ ਹੀ ਸਮੇਂ ਬਾਅਦ, ਭਰਾ ਕਲਾਊਸ ਨੂੰ ਪਤਾ ਲੱਗਾ ਕਿ ਭਰਾ ਹਿਲ ਤੇ ਉਸ ਦਾ ਪਰਿਵਾਰ ਇਕ ਸਰਕਾਰੀ ਇਮਾਰਤ ਵਿਚ ਸਨ। ਉਸ ਨੂੰ ਇਹ ਵੀ ਪਤਾ ਲੱਗਾ ਕਿ ਇਸ ਸਰਕਾਰੀ ਇਮਾਰਤ ਵਿੱਚੋਂ ਕਿਸੇ ਕਾਲੇ ਆਦਮੀ ਨੂੰ ਬਾਹਰ ਲਿਆਉਣ ਲਈ ਜਨਰਲ ਬੈਰੇਟ ਦੀ ਇਜਾਜ਼ਤ ਲੈਣੀ ਪਵੇਗੀ। ਭਰਾ ਕਲਾਊਸ ਨੇ ਦੱਸਿਆ: “ਉਸ ਜਨਰਲ ਨੂੰ ਮਿਲਣਾ ਬਹੁਤ ਔਖਾ ਸੀ। ਪਰ ਜਦੋਂ ਮੈਂ ਉਸ ਨੂੰ ਮਿਲ ਕੇ ਦੱਸਿਆ ਕਿ ਮੈਂ ਭਰਾ ਹਿਲ ਦੇ ਪਰਿਵਾਰ ਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਹਾਂ, ਤਾਂ ਜਨਰਲ ਨੇ ਪੁੱਛਿਆ: ‘ਕੀ ਤੂੰ ਇਸ ਪਰਿਵਾਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਲਵੇਗਾ?’ ਮੈਂ ਖ਼ੁਸ਼ੀ-ਖ਼ੁਸ਼ੀ ਹਾਂ ਕਹਿ ਦਿੱਤੀ।”

ਜਨਰਲ ਨੇ ਭਰਾ ਕਲਾਊਸ ਨੂੰ ਇਜਾਜ਼ਤ ਦੇ ਦਿੱਤੀ ਤੇ ਦਸਤਾਵੇਜ਼ ʼਤੇ ਦਸਤਖਤ ਕਰ ਦਿੱਤੇ। ਭਰਾ ਕਲਾਊਸ ਦਸਤਾਵੇਜ਼ ਲੈ ਕੇ ਸਰਕਾਰੀ ਇਮਾਰਤ ਵਿਚ ਚਲਾ ਗਿਆ। ਜਦੋਂ ਉਸ ਨੇ ਦਸਤਾਵੇਜ਼ ਅਫ਼ਸਰ ਨੂੰ ਦਿਖਾਇਆ, ਤਾਂ ਉਸ ਨੇ ਕਿਹਾ: “ਇਸ ʼਤੇ ਜਨਰਲ ਨੇ ਆਪ ਦਸਤਖਤ ਕੀਤੇ ਹਨ। ਕੀ ਤੈਨੂੰ ਪਤਾ ਕਿ ਤੂੰ ਪਹਿਲਾਂ ਆਦਮੀ ਹੈ ਜੋ ਇੱਥੋਂ ਕਿਸੇ ਕਾਲੇ ਆਦਮੀ ਨੂੰ ਲੈਣ ਆਇਆ ਹੈ?” ਫਿਰ ਭਰਾ ਕਲਾਊਸ ਨੇ ਅਫ਼ਸਰ ਦੀ ਮਦਦ ਨਾਲ ਭਰਾ ਹਿਲ ਤੇ ਉਸ ਦੇ ਪਰਿਵਾਰ ਨੂੰ ਜਲਦੀ ਹੀ ਲੱਭ ਲਿਆ। ਕਲਾਊਸ ਨੇ ਹਿਲ ਦੇ ਪਰਿਵਾਰ ਨੂੰ ਗੱਡੀ ਵਿਚ ਬਿਠਾ ਕੇ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ।

“ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਸ ਦੇ ਸਾਰੇ ਸੇਵਕ ਬਰਾਬਰ ਹਨ”

ਭਰਾ ਕਲਾਊਸ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਭਰਾ ਹਿਲ ਦੇ ਪਰਿਵਾਰ ਨੂੰ ਕੋਈ ਖ਼ਤਰਾ ਨਾ ਹੋਵੇ। ਉਸ ਨੇ ਜਿਸ ਤਰੀਕੇ ਨਾਲ ਭਰਾ ਹਿਲ ਦੇ ਪਰਿਵਾਰ ਲਈ ਆਪਣਾ ਗਹਿਰਾ ਪਿਆਰ ਤੇ ਬਹਾਦਰੀ ਦਿਖਾਈ, ਇਹ ਦੇਖ ਕੇ ਦੂਜਿਆਂ ਨੂੰ ਬਹੁਤ ਚੰਗਾ ਲੱਗਾ। ਭਰਾ ਕਲਾਊਸ ਨੇ ਦੱਸਿਆ: “ਜਿਸ ਗੁਆਂਢੀ ਨੇ ਭਰਾ ਹਿਲ ਦੇ ਘਰ ਦੀ ਰੱਖਿਆ ਕਰਨ ਵਿਚ ਮੇਰੀ ਮਦਦ ਕੀਤੀ, ਉਹ ਬਾਈਬਲ ਵਿਦਿਆਰਥੀਆਂ ਦੀ ਹੋਰ ਵੀ ਇੱਜ਼ਤ ਕਰਨ ਲੱਗਾ। ਜਦੋਂ ਕਈ ਲੋਕਾਂ ਨੇ ਦੇਖਿਆ ਕਿ ਸਾਡੇ ਵਿਚ ਰੰਗ-ਰੂਪ ਨੂੰ ਲੈ ਕੇ ਕੋਈ ਭੇਦ-ਭਾਵ ਨਹੀਂ ਹੈ ਤੇ ਅਸੀਂ ਮੰਨਦੇ ਹਾਂ ਕਿ ਪਰਮੇਸ਼ੁਰ ਦੀ ਨਜ਼ਰਾਂ ਵਿਚ ਸਾਰੇ ਬਰਾਬਰ ਹਨ, ਤਾਂ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਬਾਰੇ ਜਾਣਨਾ ਚਾਹਿਆ।”

a 1937 ਵਿਚ ਦ ਗੋਲਡਨ ਏਜ ਦਾ ਨਾਂ ਬਦਲ ਕੇ ਕੌਨਸੋਲੇਸ਼ਨ ਰੱਖਿਆ ਗਿਆ ਅਤੇ 1946 ਵਿਚ ਇਸ ਦਾ ਨਾਂ ਅਵੇਕ! (ਜਾਗਰੂਕ ਬਣੋ!) ਰੱਖਿਆ ਗਿਆ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ