ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w22 ਅਕਤੂਬਰ ਸਫ਼ੇ 24-28
  • ਆਪਣੀ ਉਮੀਦ ਪੱਕੀ ਰੱਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੀ ਉਮੀਦ ਪੱਕੀ ਰੱਖੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਡੀ ਉਮੀਦ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਹੈ
  • ਸਾਡੀ ਉਮੀਦ ਫ਼ੌਜੀ ਦੇ ਟੋਪ ਵਾਂਗ ਹੈ
  • ਆਪਣੀ ਉਮੀਦ ਨੂੰ ਪੱਕੀ ਰੱਖੋ
  • ਆਪਣੀ ਉਮੀਦ ਕਰਕੇ ਖ਼ੁਸ਼ ਰਹੋ
  • ਕੌਣ ਸਾਨੂੰ ਸੱਚੀ ਉਮੀਦ ਦੇ ਸਕਦਾ ਹੈ?
    ਜਾਗਰੂਕ ਬਣੋ!: ਉਮੀਦ ਕਿੱਥੋਂ ਮਿਲ ਸਕਦੀ ਹੈ?
  • ਯਹੋਵਾਹ ਤੇ ਆਸ ਰੱਖੋ ਤੇ ਹਿੰਮਤੀ ਬਣੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਸਾਡੀ ਉਮੀਦ ਜ਼ਰੂਰ ਪੂਰੀ ਹੋਵੇਗੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • 2023 ਲਈ ਉਮੀਦ ਦੇ ਕਾਰਨ​—ਬਾਈਬਲ ਕੀ ਦੱਸਦੀ ਹੈ?
    ਹੋਰ ਵਿਸ਼ੇ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
w22 ਅਕਤੂਬਰ ਸਫ਼ੇ 24-28

ਅਧਿਐਨ ਲੇਖ 44

ਆਪਣੀ ਉਮੀਦ ਪੱਕੀ ਰੱਖੋ

“ਯਹੋਵਾਹ ʼਤੇ ਉਮੀਦ ਲਾਈ ਰੱਖ।”​—ਜ਼ਬੂ. 27:14.

ਗੀਤ 144 ਇਨਾਮ ʼਤੇ ਨਜ਼ਰ ਰੱਖੋ!

ਖ਼ਾਸ ਗੱਲਾਂa

1. ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਕਿਹੜੀ ਉਮੀਦ ਦਿੱਤੀ ਹੈ?

ਯਹੋਵਾਹ ਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦੀ ਸ਼ਾਨਦਾਰ ਉਮੀਦ ਦਿੱਤੀ ਹੈ। ਕੁਝ ਜਣਿਆਂ ਕੋਲ ਸਵਰਗ ਵਿਚ ਅਮਰ ਜੀਵਨ ਹਾਸਲ ਕਰਨ ਦੀ ਉਮੀਦ ਹੈ। (1 ਕੁਰਿੰ. 15:50, 53) ਪਰ ਬਹੁਤ ਜਣਿਆਂ ਕੋਲ ਇਸ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦੀ ਉਮੀਦ ਹੈ, ਜਿੱਥੇ ਉਹ ਤੰਦਰੁਸਤ ਹੋਣਗੇ ਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ। (ਪ੍ਰਕਾ. 21:3, 4) ਸਾਡੇ ਲਈ ਇਹ ਉਮੀਦ ਬਹੁਤ ਮਾਅਨੇ ਰੱਖਦੀ ਹੈ, ਫਿਰ ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਫਿਰ ਧਰਤੀ ʼਤੇ ਰਹਿਣ ਦੀ। ਅਸੀਂ ਸਾਰੇ ਜਣੇ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜਦੋਂ ਸਾਡੀ ਉਮੀਦ ਪੂਰੀ ਹੋਵੇਗੀ।

2. ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਸਾਡੀ ਉਮੀਦ ਜ਼ਰੂਰ ਪੂਰੀ ਹੋਵੇਗੀ?

2 ਬਾਈਬਲ ਵਿਚ ਜਿਸ “ਉਮੀਦ” ਦੀ ਗੱਲ ਕੀਤੀ ਗਈ ਹੈ, ਉਹ ਹੈ “ਭਵਿੱਖ ਵਿਚ ਚੰਗਾ ਹੋਣ ਦੀ ਆਸ ਰੱਖਣੀ।” ਸਾਡੀ ਉਮੀਦ ਪੱਕੀ ਹੈ ਕਿਉਂਕਿ ਇਹ ਯਹੋਵਾਹ ਨੇ ਦਿੱਤੀ ਹੈ। (ਰੋਮੀ. 15:13) ਸਾਨੂੰ ਪਤਾ ਹੈ ਕਿ ਯਹੋਵਾਹ ਨੇ ਹੁਣ ਤਕ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। (ਗਿਣ. 23:19) ਸਾਨੂੰ ਯਕੀਨ ਹੈ ਕਿ ਉਹ ਭਵਿੱਖ ਲਈ ਕੀਤੇ ਆਪਣੇ ਵਾਅਦੇ ਵੀ ਜ਼ਰੂਰ ਪੂਰੇ ਕਰੇਗਾ ਕਿਉਂਕਿ ਉਹ ਆਪਣੇ ਵਾਅਦੇ ਪੂਰੇ ਕਰਨੇ ਚਾਹੁੰਦਾ ਹੈ ਤੇ ਉਸ ਕੋਲ ਇਨ੍ਹਾਂ ਨੂੰ ਪੂਰਿਆਂ ਕਰਨ ਦੀ ਤਾਕਤ ਵੀ ਹੈ। ਸਾਡੀ ਉਮੀਦ ਕੋਈ ਸੁਪਨਾ ਨਹੀਂ, ਸਗੋਂ ਹਕੀਕਤ ਹੈ ਅਤੇ ਇਹ ਸਬੂਤਾਂ ʼਤੇ ਆਧਾਰਿਤ ਹੈ।

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ? (ਜ਼ਬੂਰ 27:14)

3 ਸਾਡਾ ਸਵਰਗੀ ਪਿਤਾ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ʼਤੇ ਭਰੋਸਾ ਰੱਖੀਏ। (ਜ਼ਬੂਰ 27:14 ਪੜ੍ਹੋ।) ਜਦੋਂ ਅਸੀਂ ਯਹੋਵਾਹ ʼਤੇ ਪੱਕੀ ਉਮੀਦ ਰੱਖਦੇ ਹਾਂ, ਤਾਂ ਅਸੀਂ ਮੁਸ਼ਕਲਾਂ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰਦੇ ਅਤੇ ਖ਼ੁਸ਼ ਰਹਿ ਪਾਉਂਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਉਮੀਦ ਰੱਖਣ ਨਾਲ ਸਾਡੀ ਰਾਖੀ ਕਿਵੇਂ ਹੁੰਦੀ ਹੈ। ਅਸੀਂ ਇਹ ਵੀ ਦੇਖਾਂਗੇ ਕਿ ਸਾਡੀ ਉਮੀਦ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਅਤੇ ਇਕ ਫ਼ੌਜੀ ਦੇ ਟੋਪ ਵਾਂਗ ਕਿਵੇਂ ਹੈ। ਫਿਰ ਅਸੀਂ ਦੇਖਾਂਗੇ ਕਿ ਅਸੀਂ ਆਪਣੀ ਉਮੀਦ ਨੂੰ ਕਿਵੇਂ ਪੱਕੀ ਰੱਖ ਸਕਦੇ ਹਾਂ।

ਸਾਡੀ ਉਮੀਦ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਹੈ

4. ਸਾਡੀ ਉਮੀਦ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਕਿਵੇਂ ਹੈ? (ਇਬਰਾਨੀਆਂ 6:19)

4 ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਨੇ ਉਮੀਦ ਦੀ ਤੁਲਨਾ ਸਮੁੰਦਰੀ ਜਹਾਜ਼ ਦੇ ਲੰਗਰ ਨਾਲ ਕੀਤੀ। (ਇਬਰਾਨੀਆਂ 6:19 ਪੜ੍ਹੋ।) ਪੌਲੁਸ ਅਕਸਰ ਸਮੁੰਦਰੀ ਸਫ਼ਰ ਕਰਦਾ ਰਹਿੰਦਾ ਸੀ ਤੇ ਉਹ ਜਾਣਦਾ ਸੀ ਕਿ ਜਹਾਜ਼ ਨੂੰ ਸਮੁੰਦਰ ਵਿਚ ਇਕ ਜਗ੍ਹਾ ਸਥਿਰ ਰੱਖਣ ਲਈ ਲੰਗਰ ਪਾਇਆ ਜਾਂਦਾ ਹੈ। ਇਕ ਮੌਕੇ ਤੇ ਜਦੋਂ ਉਹ ਜਹਾਜ਼ ਵਿਚ ਸਫ਼ਰ ਕਰ ਰਿਹਾ ਸੀ, ਤਾਂ ਬਹੁਤ ਵੱਡਾ ਤੂਫ਼ਾਨ ਆ ਗਿਆ। ਉਸ ਵੇਲੇ ਮਲਾਹਾਂ ਨੇ ਜਹਾਜ਼ ਦੇ ਲੰਗਰ ਨੂੰ ਪਾਣੀ ਵਿਚ ਸੁੱਟ ਦਿੱਤਾ ਤਾਂਕਿ ਕਿਤੇ ਜਹਾਜ਼ ਚਟਾਨਾਂ ਨਾਲ ਨਾ ਟਕਰਾ ਜਾਵੇ। (ਰਸੂ. 27:29, 39-41) ਜਿਸ ਤਰ੍ਹਾਂ ਲੰਗਰ ਜਹਾਜ਼ ਨੂੰ ਇਕ ਜਗ੍ਹਾ ਸਥਿਰ ਰੱਖਦਾ ਹੈ, ਬਿਲਕੁਲ ਉਸੇ ਤਰ੍ਹਾਂ ਸਾਡੀ ਉਮੀਦ ਵੀ ਤੂਫ਼ਾਨ ਵਰਗੀਆਂ ਮੁਸ਼ਕਲਾਂ ਦੌਰਾਨ ਸਾਡੀ ਯਹੋਵਾਹ ਦੇ ਨੇੜੇ ਰਹਿਣ ਵਿਚ ਮਦਦ ਕਰਦੀ ਹੈ। ਪੱਕੀ ਉਮੀਦ ਹੋਣ ਕਰਕੇ ਅਸੀਂ ਮੁਸ਼ਕਲਾਂ ਵਿਚ ਸ਼ਾਂਤ ਵੀ ਰਹਿ ਪਾਉਂਦੇ ਹਾਂ ਕਿਉਂਕਿ ਸਾਨੂੰ ਭਰੋਸਾ ਹੁੰਦਾ ਹੈ ਕਿ ਸਾਡੀਆਂ ਮੁਸ਼ਕਲਾਂ ਬਸ ਥੋੜ੍ਹੇ ਹੀ ਚਿਰ ਲਈ ਹਨ। ਯਾਦ ਰੱਖੋ, ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਸਾਡੇ ʼਤੇ ਅਤਿਆਚਾਰ ਕੀਤੇ ਜਾਣਗੇ। (ਯੂਹੰ. 15:20) ਜਦੋਂ ਅਸੀਂ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ʼਤੇ ਸੋਚ ਵਿਚਾਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਸੇਵਾ ਕਰਦੇ ਰਹਿ ਪਾਉਂਦੇ ਹਾਂ।

5. ਮੌਤ ਵੇਲੇ ਵੀ ਉਮੀਦ ਨੇ ਯਿਸੂ ਦੀ ਵਫ਼ਾਦਾਰ ਰਹਿਣ ਵਿਚ ਕਿਵੇਂ ਮਦਦ ਕੀਤੀ?

5 ਯਿਸੂ ਜਾਣਦਾ ਸੀ ਕਿ ਉਸ ਨੂੰ ਦਰਦਨਾਕ ਮੌਤ ਦਿੱਤੀ ਜਾਵੇਗੀ, ਪਰ ਉਮੀਦ ਹੋਣ ਕਰਕੇ ਉਹ ਆਪਣੀ ਮੌਤ ਵੇਲੇ ਵੀ ਵਫ਼ਾਦਾਰ ਰਹਿ ਸਕਿਆ। ਪੰਤੇਕੁਸਤ 33 ਈਸਵੀ ਨੂੰ ਪਤਰਸ ਨੇ ਜ਼ਬੂਰਾਂ ਦੀ ਕਿਤਾਬ ਵਿਚ ਲਿਖੀ ਭਵਿੱਖਬਾਣੀ ਦਾ ਜ਼ਿਕਰ ਕੀਤਾ। ਇਸ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਯਿਸੂ ਆਪਣੀ ਮੌਤ ਵੇਲੇ ਵੀ ਕਿਉਂ ਸ਼ਾਂਤ ਰਹਿ ਸਕਿਆ ਤੇ ਉਸ ਨੂੰ ਕਿਹੜੀ ਗੱਲ ਦਾ ਭਰੋਸਾ ਸੀ, ਇੱਥੇ ਲਿਖਿਆ ਹੈ: “ਮੈਂ ਉਮੀਦ ਨਾਲ ਜ਼ਿੰਦਗੀ ਜੀਵਾਂਗਾ; ਕਿਉਂਕਿ ਤੂੰ ਮੈਨੂੰ ਕਬਰ ਵਿਚ ਨਹੀਂ ਛੱਡੇਂਗਾ ਅਤੇ ਨਾ ਹੀ ਤੂੰ ਆਪਣੇ ਵਫ਼ਾਦਾਰ ਸੇਵਕ ਦਾ ਸਰੀਰ ਗਲ਼ਣ ਦੇਵੇਂਗਾ। . . . ਤੂੰ ਆਪਣੀ ਹਜ਼ੂਰੀ ਵਿਚ ਮੇਰੇ ਦਿਲ ਨੂੰ ਬੇਹੱਦ ਖ਼ੁਸ਼ੀ ਨਾਲ ਭਰ ਦੇਵੇਂਗਾ।” (ਰਸੂ. 2:25-28; ਜ਼ਬੂ. 16:8-11) ਭਾਵੇਂ ਕਿ ਯਿਸੂ ਜਾਣਦਾ ਸੀ ਕਿ ਉਸ ਨੂੰ ਮਰਨਾ ਪਵੇਗਾ, ਪਰ ਉਸ ਨੂੰ ਪੱਕੀ ਉਮੀਦ ਸੀ ਕਿ ਯਹੋਵਾਹ ਉਸ ਨੂੰ ਦੁਬਾਰਾ ਜੀਉਂਦਾ ਕਰੇਗਾ ਤੇ ਉਹ ਫਿਰ ਤੋਂ ਆਪਣੇ ਪਿਤਾ ਨਾਲ ਸਵਰਗ ਵਿਚ ਖ਼ੁਸ਼ੀ-ਖ਼ੁਸ਼ੀ ਰਹੇਗਾ।​—ਇਬ. 12:2, 3.

6. ਇਕ ਭਰਾ ਨੇ ਉਮੀਦ ਬਾਰੇ ਕੀ ਕਿਹਾ?

6 ਉਮੀਦ ਹੋਣ ਕਰਕੇ ਸਾਡੇ ਬਹੁਤ ਸਾਰੇ ਭੈਣ-ਭਰਾ ਮੁਸ਼ਕਲਾਂ ਨੂੰ ਝੱਲ ਸਕੇ। ਜ਼ਰਾ ਇਕ ਵਫ਼ਾਦਾਰ ਭਰਾ ਲੈਨਡ ਚਿਨ ਦੀ ਉਦਾਹਰਣ ʼਤੇ ਗੌਰ ਕਰੋ ਜੋ ਇੰਗਲੈਂਡ ਵਿਚ ਰਹਿੰਦਾ ਸੀ। ਪਹਿਲੇ ਵਿਸ਼ਵ ਯੁੱਧ ਦੌਰਾਨ ਉਸ ਨੂੰ ਕੈਦ ਕਰ ਲਿਆ ਗਿਆ ਕਿਉਂਕਿ ਉਸ ਨੇ ਫ਼ੌਜ ਵਿਚ ਭਰਤੀ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ। ਦੋ ਮਹੀਨੇ ਉਸ ਨੂੰ ਇਕੱਲੇ ਨੂੰ ਕਾਲ-ਕੋਠੜੀ ਵਿਚ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਉਸ ਕੋਲੋਂ ਸਖ਼ਤ ਮਜ਼ਦੂਰੀ ਕਰਵਾਈ ਗਈ। ਬਾਅਦ ਵਿਚ ਉਸ ਨੇ ਲਿਖਿਆ, “ਜੇਲ੍ਹ ਵਿਚ ਹੁੰਦਿਆਂ ਮੇਰੇ ਨਾਲ ਜੋ ਵੀ ਹੋਇਆ, ਉਸ ਤੋਂ ਮੈਂ ਸਿੱਖਿਆ ਕਿ ਸਭ ਕੁਝ ਸਹਿਣ ਲਈ ਉਮੀਦ ਹੋਣੀ ਬਹੁਤ ਜ਼ਰੂਰੀ ਹੈ। ਬਾਈਬਲ ਵਿਚ ਯਿਸੂ, ਰਸੂਲਾਂ ਅਤੇ ਨਬੀਆਂ ਦੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ। ਨਾਲੇ ਇਸ ਵਿਚ ਯਹੋਵਾਹ ਦੇ ਅਨਮੋਲ ਵਾਅਦੇ ਵੀ ਦਰਜ ਹਨ। ਇਨ੍ਹਾਂ ਮਿਸਾਲਾਂ ਅਤੇ ਵਾਅਦਿਆਂ ʼਤੇ ਸੋਚ-ਵਿਚਾਰ ਕਰ ਕੇ ਭਵਿੱਖ ਲਈ ਸਾਡੀ ਉਮੀਦ ਹੋਰ ਵੀ ਪੱਕੀ ਹੁੰਦੀ ਹੈ ਅਤੇ ਸਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਮਿਲਦੀ ਹੈ।” ਭਰਾ ਲੈਨਡ ਦੀ ਉਮੀਦ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਸੀ ਤੇ ਸਾਡੀ ਉਮੀਦ ਵੀ ਲੰਗਰ ਵਾਂਗ ਹੋ ਸਕਦੀ ਹੈ।

7. ਮੁਸ਼ਕਲਾਂ ਸਾਡੀ ਉਮੀਦ ਨੂੰ ਕਿਵੇਂ ਪੱਕਾ ਕਰਦੀਆਂ ਹਨ? (ਰੋਮੀਆਂ 5:3-5; ਯਾਕੂਬ 1:12)

7 ਜਦੋਂ ਸਾਨੂੰ ਸੱਚਾਈ ਮਿਲੀ ਸੀ, ਤਾਂ ਸਾਨੂੰ ਉਮੀਦ ਵੀ ਮਿਲੀ ਸੀ। ਪਰ ਸਮੇਂ ਦੇ ਬੀਤਣ ਨਾਲ ਸਾਡੀ ਇਹ ਉਮੀਦ ਹੋਰ ਵੀ ਪੱਕੀ ਹੋਈ। ਕਿਵੇਂ? ਜਦੋਂ ਸਾਡੇ ʼਤੇ ਮੁਸ਼ਕਲਾਂ ਆਈਆਂ ਅਤੇ ਯਹੋਵਾਹ ਨੇ ਉਨ੍ਹਾਂ ਮੁਸ਼ਕਲਾਂ ਵਿਚ ਸਾਡਾ ਸਾਥ ਦਿੱਤਾ, ਤਾਂ ਸਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਯਹੋਵਾਹ ਸਾਡੇ ਤੋਂ ਖ਼ੁਸ਼ ਸੀ। ਇਸ ਕਰਕੇ ਸਾਡੀ ਉਮੀਦ ਹੋਰ ਵੀ ਪੱਕੀ ਹੋਈ। (ਰੋਮੀਆਂ 5:3-5; ਯਾਕੂਬ 1:12 ਪੜ੍ਹੋ।) ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਇਨ੍ਹਾਂ ਮੁਸ਼ਕਲਾਂ ਅੱਗੇ ਗੋਡੇ ਟੇਕ ਦੇਈਏ, ਪਰ ਯਹੋਵਾਹ ਦੀ ਮਦਦ ਨਾਲ ਅਸੀਂ ਹਰ ਮੁਸ਼ਕਲ ਦਾ ਸਫ਼ਲਤਾ ਨਾਲ ਸਾਮ੍ਹਣਾ ਕਰ ਸਕਦੇ ਹਾਂ।

ਸਾਡੀ ਉਮੀਦ ਫ਼ੌਜੀ ਦੇ ਟੋਪ ਵਾਂਗ ਹੈ

8. ਸਾਡੀ ਉਮੀਦ ਫ਼ੌਜੀ ਦੇ ਟੋਪ ਵਾਂਗ ਕਿਵੇਂ ਹੈ? (1 ਥੱਸਲੁਨੀਕੀਆਂ 5:8)

8 ਬਾਈਬਲ ਵਿਚ ਸਾਡੀ ਉਮੀਦ ਦੀ ਤੁਲਨਾ ਟੋਪ ਨਾਲ ਵੀ ਕੀਤੀ ਗਈ ਹੈ। (1 ਥੱਸਲੁਨੀਕੀਆਂ 5:8 ਪੜ੍ਹੋ।) ਯੁੱਧ ਦੇ ਮੈਦਾਨ ਵਿਚ ਫ਼ੌਜੀ ਟੋਪ ਪਾਉਂਦੇ ਹਨ ਤਾਂਕਿ ਦੁਸ਼ਮਣ ਦੇ ਹਮਲਿਆਂ ਤੋਂ ਉਨ੍ਹਾਂ ਦੇ ਸਿਰ ਦੀ ਰਾਖੀ ਹੋਵੇ। ਬਿਲਕੁਲ ਉਸੇ ਤਰ੍ਹਾਂ ਸਾਡਾ ਦੁਸ਼ਮਣ ਸ਼ੈਤਾਨ ਸਾਡੀ ਸੋਚ ਨੂੰ ਭ੍ਰਿਸ਼ਟ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤਦਾ ਹੈ। ਉਮੀਦ ਦਾ ਟੋਪ ਪਾਈ ਰੱਖਣ ਕਰਕੇ ਸਾਡੀਆਂ ਸੋਚਾਂ ਦੀ ਰਾਖੀ ਹੁੰਦੀ ਹੈ। ਜਿਵੇਂ ਟੋਪ ਫ਼ੌਜੀ ਦੇ ਸਿਰ ਦੀ ਰਾਖੀ ਕਰਦਾ ਹੈ, ਉਸੇ ਤਰ੍ਹਾਂ ਉਮੀਦ ਸਾਡੀ ਸੋਚ ਦੀ ਰਾਖੀ ਕਰਦੀ ਹੈ ਤਾਂਕਿ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿ ਸਕੀਏ।

9. ਉਮੀਦ ਨਾ ਹੋਣ ਕਰਕੇ ਲੋਕ ਕਿੱਦਾਂ ਦੀ ਜ਼ਿੰਦਗੀ ਜੀਉਂਦੇ ਹਨ?

9 ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਹੋਣ ਕਰਕੇ ਅਸੀਂ ਸਮਝਦਾਰੀ ਨਾਲ ਫ਼ੈਸਲੇ ਲੈ ਸਕਦੇ ਹਾਂ। ਪਰ ਜੇ ਸਾਡੀ ਉਮੀਦ ਧੁੰਦਲੀ ਪੈ ਜਾਵੇ ਤੇ ਅਸੀਂ ਸਿਰਫ਼ ਆਪਣੀਆਂ ਸਰੀਰਕ ਇੱਛਾਵਾਂ ਬਾਰੇ ਸੋਚਣ ਲੱਗ ਪਈਏ, ਤਾਂ ਅਸੀਂ ਯਹੋਵਾਹ ਵੱਲੋਂ ਕੀਤੇ ਹਮੇਸ਼ਾ ਦੀ ਜ਼ਿੰਦਗੀ ਦੇ ਵਾਅਦੇ ਨੂੰ ਭੁੱਲ ਸਕਦੇ ਹਾਂ। ਕੁਰਿੰਥੁਸ ਵਿਚ ਰਹਿਣ ਵਾਲੇ ਪਹਿਲੀ ਸਦੀ ਦੇ ਕੁਝ ਮਸੀਹੀਆਂ ʼਤੇ ਗੌਰ ਕਰੋ। ਉਨ੍ਹਾਂ ਨੇ ਪਰਮੇਸ਼ੁਰ ਦੇ ਇਕ ਅਹਿਮ ਵਾਅਦੇ ਯਾਨੀ ਮਰੇ ਹੋਇਆ ਦੇ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਨਿਹਚਾ ਕਰਨੀ ਛੱਡ ਦਿੱਤੀ ਸੀ। (1 ਕੁਰਿੰ. 15:12) ਪੌਲੁਸ ਨੇ ਲਿਖਿਆ ਕਿ ਜਿਹੜੇ ਲੋਕ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਨਿਹਚਾ ਨਹੀਂ ਕਰਦੇ, ਉਹ ਸਿਰਫ਼ ਆਪਣੇ ਆਪ ਨੂੰ ਖ਼ੁਸ਼ ਕਰਨ ਲਈ ਜੀਉਂਦੇ ਹਨ। (1 ਕੁਰਿੰ. 15:32) ਅੱਜ ਵੀ ਜਿਹੜੇ ਲੋਕ ਯਹੋਵਾਹ ਦੇ ਵਾਅਦਿਆਂ ʼਤੇ ਉਮੀਦ ਨਹੀਂ ਰੱਖਦੇ, ਉਹ ਸਿਰਫ਼ ਆਪਣੇ ਆਪ ਨੂੰ ਖ਼ੁਸ਼ ਕਰਨ ਲਈ ਜੀਉਂਦੇ ਹਨ। ਉਹ ਕਹਿੰਦੇ ਹਨ, ‘ਜੋ ਕਰਨਾ ਅੱਜ ਹੀ ਕਰ ਲਓ, ਕੱਲ੍ਹ ਕਿਹਨੇ ਦੇਖਿਆ।’ ਪਰ ਅਸੀਂ ਉਨ੍ਹਾਂ ਨਾਲੋਂ ਵੱਖਰੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਵੱਲੋਂ ਦਿੱਤੀ ਉਮੀਦ ਅਤੇ ਵਾਅਦਿਆਂ ʼਤੇ ਭਰੋਸਾ ਰੱਖਦੇ ਹਾਂ। ਸਾਡੀ ਉਮੀਦ ਇਕ ਟੋਪ ਵਾਂਗ ਸਾਡੀਆਂ ਸੋਚਾਂ ਦੀ ਰਾਖੀ ਕਰਦੀ ਹੈ। ਇਸ ਉਮੀਦ ਕਰਕੇ ਅਸੀਂ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਹੀ ਨਹੀਂ ਲੱਗੇ ਰਹਿੰਦੇ। ਨਤੀਜੇ ਵਜੋਂ, ਯਹੋਵਾਹ ਨਾਲ ਸਾਡਾ ਰਿਸ਼ਤਾ ਬਣਿਆ ਰਹਿੰਦਾ ਹੈ।​—1 ਕੁਰਿੰ. 15:33, 34.

10. ਉਮੀਦ ਦਾ ਟੋਪ ਪਾਈ ਰੱਖਣ ਨਾਲ ਸਾਡੀ ਗ਼ਲਤ ਸੋਚਾਂ ਤੋਂ ਰਾਖੀ ਕਿਵੇਂ ਹੁੰਦੀ ਹੈ?

10 ਉਮੀਦ ਦਾ ਟੋਪ ਸਾਡੀ ਇਸ ਸੋਚ ਤੋਂ ਰਾਖੀ ਕਰਦਾ ਹੈ ਕਿ ਅਸੀਂ ਕਦੇ ਵੀ ਯਹੋਵਾਹ ਨੂੰ ਖ਼ੁਸ਼ ਨਹੀਂ ਕਰ ਸਕਦੇ। ਉਦਾਹਰਣ ਲਈ, ਕੁਝ ਜਣੇ ਸ਼ਾਇਦ ਸੋਚਣ ਕਿ ‘ਮੈਨੂੰ ਤਾਂ ਕਦੇ ਹਮੇਸ਼ਾ ਦੀ ਜ਼ਿੰਦਗੀ ਮਿਲਣੀ ਨਹੀਂ। ਮੇਰੇ ਤੋਂ ਕਿੰਨੀਆਂ ਗ਼ਲਤੀਆਂ ਹੁੰਦੀਆਂ ਹਨ। ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਵੀ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲ ਸਕਦਾ।’ ਗੌਰ ਕਰੋ ਕਿ ਅੱਯੂਬ ਨੂੰ ਝੂਠੀ ਤਸੱਲੀ ਦੇਣ ਵਾਲੇ ਉਸ ਦੇ ਇਕ ਦੋਸਤ ਅਲੀਫਾਜ਼ ਨੇ ਇੱਦਾਂ ਹੀ ਕਿਹਾ ਸੀ। ਉਸ ਨੇ ਕਿਹਾ: “ਮਾਮੂਲੀ ਇਨਸਾਨ ਹੈ ਹੀ ਕੀ ਜੋ ਉਹ ਸ਼ੁੱਧ ਹੋਵੇ?” ਉਸ ਨੇ ਅੱਗੇ ਪਰਮੇਸ਼ੁਰ ਬਾਰੇ ਇਹ ਕਿਹਾ: “ਦੇਖ! ਉਹ ਤਾਂ ਆਪਣੇ ਪਵਿੱਤਰ ਸੇਵਕਾਂ ਉੱਤੇ ਵੀ ਭਰੋਸਾ ਨਹੀਂ ਰੱਖਦਾ, ਇੱਥੋਂ ਤਕ ਕਿ ਆਕਾਸ਼ ਵੀ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਨਹੀਂ।” (ਅੱਯੂ. 15:14, 15) ਕਿੰਨੇ ਵੱਡੇ ਝੂਠ! ਯਾਦ ਰੱਖੋ, ਅਜਿਹੀ ਸੋਚ ਪਿੱਛੇ ਸ਼ੈਤਾਨ ਦਾ ਹੀ ਹੱਥ ਹੈ। ਉਹ ਜਾਣਦਾ ਹੈ ਕਿ ਜੇ ਅਸੀਂ ਆਪਣੇ ਮਨ ਵਿਚ ਇੱਦਾਂ ਦੇ ਖ਼ਿਆਲ ਆਉਣ ਦੇਵਾਂਗੇ, ਤਾਂ ਸਾਡੀ ਉਮੀਦ ਆਪਣੇ ਆਪ ਧੁੰਦਲੀ ਪੈ ਜਾਵੇਗੀ। ਇੱਦਾਂ ਦੀਆਂ ਝੂਠੀਆਂ ਗੱਲਾਂ ʼਤੇ ਧਿਆਨ ਲਾਉਣ ਦੀ ਬਜਾਇ ਕਿਉਂ ਨਾ ਅਸੀਂ ਪਰਮੇਸ਼ੁਰ ਦੇ ਵਾਅਦਿਆਂ ʼਤੇ ਆਪਣਾ ਧਿਆਨ ਲਾਈਏ। ਭਰੋਸਾ ਰੱਖੋ ਕਿ ਯਹੋਵਾਹ ਚਾਹੁੰਦਾ ਹੈ ਕਿ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇ ਅਤੇ ਉਹ ਇਸ ਤਰ੍ਹਾਂ ਕਰਨ ਵਿਚ ਤੁਹਾਡੀ ਮਦਦ ਵੀ ਕਰੇਗਾ।​—1 ਤਿਮੋ. 2:3, 4.

ਆਪਣੀ ਉਮੀਦ ਨੂੰ ਪੱਕੀ ਰੱਖੋ

11. ਜਦੋਂ ਤਕ ਸਾਡੀ ਉਮੀਦ ਪੂਰੀ ਨਹੀਂ ਹੋ ਜਾਂਦੀ, ਉਦੋਂ ਤਕ ਸਾਨੂੰ ਧੀਰਜ ਕਿਉਂ ਰੱਖਣਾ ਚਾਹੀਦਾ?

11 ਕਈ ਵਾਰ ਸਾਡੇ ਲਈ ਧੀਰਜ ਰੱਖਣਾ ਔਖਾ ਹੋ ਸਕਦਾ ਹੈ ਅਤੇ ਸਾਡੀ ਉਮੀਦ ਧੁੰਦਲੀ ਪੈ ਸਕਦੀ ਹੈ। ਅਸੀਂ ਸ਼ਾਇਦ ਬੇਸਬਰੇ ਹੋ ਜਾਈਏ ਅਤੇ ਕਹੀਏ ਕਿ ਯਹੋਵਾਹ ਆਪਣੇ ਵਾਅਦੇ ਪੂਰੇ ਕਰਨ ਵਿਚ ਦੇਰ ਕਿਉਂ ਲਾ ਰਿਹਾ ਹੈ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਹਮੇਸ਼ਾ ਤੋਂ ਹੈ ਤੇ ਹਮੇਸ਼ਾ ਤਕ ਰਹੇਗਾ। ਇਸ ਲਈ ਸਾਨੂੰ ਜੋ ਸਮਾਂ ਲੰਬਾ ਲੱਗਦਾ ਹੈ, ਉਹ ਯਹੋਵਾਹ ਲਈ ਬਹੁਤ ਘੱਟ ਹੁੰਦਾ ਹੈ। (2 ਪਤ. 3:8, 9) ਸਾਨੂੰ ਯਕੀਨ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਹੀ ਸਮੇਂ ʼਤੇ ਆਪਣੇ ਵਾਅਦੇ ਪੂਰੇ ਕਰੇਗਾ। ਪਰ ਜ਼ਰੂਰੀ ਨਹੀਂ ਕਿ ਜਦੋਂ ਅਸੀਂ ਚਾਹੀਏ, ਉਦੋਂ ਹੀ ਇੱਦਾਂ ਹੋਵੇ। ਜਦੋਂ ਤਕ ਯਹੋਵਾਹ ਦੇ ਵਾਅਦੇ ਪੂਰੇ ਨਹੀਂ ਹੁੰਦੇ, ਉਦੋਂ ਤਕ ਅਸੀਂ ਆਪਣੀ ਉਮੀਦ ਕਿਵੇਂ ਪੱਕੀ ਰੱਖ ਸਕਦੇ ਹਾਂ?​—ਯਾਕੂ. 5:7, 8.

12. ਇਬਰਾਨੀਆਂ 11:1, 6 ਮੁਤਾਬਕ ਉਮੀਦ ਪੱਕੀ ਰੱਖਣ ਲਈ ਨਿਹਚਾ ਹੋਣੀ ਕਿਉਂ ਜ਼ਰੂਰੀ ਹੈ?

12 ਸਾਡੀ ਉਮੀਦ ਤਾਂ ਹੀ ਪੱਕੀ ਰਹੇਗੀ ਜੇ ਅਸੀਂ ਯਹੋਵਾਹ ਦੇ ਨੇੜੇ ਰਹਾਂਗੇ ਕਿਉਂਕਿ ਉਹ ਹੀ ਸਾਡੀ ਉਮੀਦ ਨੂੰ ਪੂਰਾ ਕਰੇਗਾ। ਉਮੀਦ ਪੱਕੀ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਨਿਹਚਾ ਕਰੀਏ ਕਿ ਯਹੋਵਾਹ ਹੈ ਅਤੇ ਉਹ “ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।” (ਇਬਰਾਨੀਆਂ 11:1, 6 ਪੜ੍ਹੋ।) ਜਿੰਨੀ ਜ਼ਿਆਦਾ ਅਸੀਂ ਯਹੋਵਾਹ ʼਤੇ ਆਪਣੀ ਨਿਹਚਾ ਪੱਕੀ ਰੱਖਾਂਗੇ, ਉੱਨੀ ਜ਼ਿਆਦਾ ਸਾਡੀ ਉਮੀਦ ਇਸ ਗੱਲ ʼਤੇ ਪੱਕੀ ਹੋਵੇਗੀ ਕਿ ਉਹ ਆਪਣੇ ਸਾਰੇ ਵਾਅਦੇ ਜ਼ਰੂਰ ਪੂਰੇ ਕਰੇਗਾ। ਹੁਣ ਆਓ ਆਪਾਂ ਕੁਝ ਤਰੀਕਿਆਂ ʼਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰ ਸਕਦੇ ਹਾਂ ਤੇ ਆਪਣੀ ਉਮੀਦ ਪੱਕੀ ਰੱਖ ਸਕਦੇ ਹਾਂ।

ਪ੍ਰਾਰਥਨਾ ਅਤੇ ਸੋਚ-ਵਿਚਾਰ ਕਰ ਕੇ ਸਾਡੀ ਉਮੀਦ ਪੱਕੀ ਰਹਿ ਸਕਦੀ ਹੈ (ਪੈਰੇ 13-15 ਦੇਖੋ)b

13. ਅਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹਾਂ?

13 ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਉਸ ਦਾ ਬਚਨ ਪੜ੍ਹੋ। ਚਾਹੇ ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ, ਫਿਰ ਵੀ ਅਸੀਂ ਉਸ ਦੇ ਨੇੜੇ ਜਾ ਸਕਦੇ ਹਾਂ। ਅਸੀਂ ਪ੍ਰਾਰਥਨਾ ਰਾਹੀਂ ਉਸ ਨਾਲ ਗੱਲ ਕਰ ਸਕਦੇ ਹਾਂ ਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਸੁਣੇਗਾ ਵੀ। (ਯਿਰ. 29:11, 12) ਅਸੀਂ ਉਸ ਦਾ ਬਚਨ ਪੜ੍ਹ ਕੇ ਅਤੇ ਸੋਚ-ਵਿਚਾਰ ਕਰ ਕੇ ਉਸ ਦੀ ਗੱਲ ਸੁਣ ਸਕਦੇ ਹਾਂ। ਜਦੋਂ ਅਸੀਂ ਪੜ੍ਹਦੇ ਹਾਂ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਵਫ਼ਾਦਾਰ ਸੇਵਕਾਂ ਦੀ ਕਿਵੇਂ ਦੇਖ-ਭਾਲ ਕੀਤੀ, ਤਾਂ ਸਾਡੀ ਉਮੀਦ ਹੋਰ ਵੀ ਪੱਕੀ ਹੁੰਦੀ ਹੈ। ਪਰਮੇਸ਼ੁਰ ਦੇ ਬਚਨ ਵਿਚ ਜੋ ਵੀ ਲਿਖਿਆ ਗਿਆ, “ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਧਰਮ-ਗ੍ਰੰਥ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਅਤੇ ਇਸ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।”​—ਰੋਮੀ. 15:4.

14. ਯਹੋਵਾਹ ਨੇ ਦੂਜਿਆਂ ਲਈ ਜੋ ਕੀਤਾ, ਉਸ ਉੱਤੇ ਸੋਚ-ਵਿਚਾਰ ਕਰਨਾ ਕਿਉਂ ਜ਼ਰੂਰੀ ਹੈ?

14 ਸੋਚ-ਵਿਚਾਰ ਕਰੋ ਕਿ ਯਹੋਵਾਹ ਨੇ ਆਪਣੇ ਵਾਅਦੇ ਕਿਵੇਂ ਪੂਰੇ ਕੀਤੇ ਹਨ। ਜ਼ਰਾ ਗੌਰ ਕਰੋ ਕਿ ਪਰਮੇਸ਼ੁਰ ਨੇ ਅਬਰਾਹਾਮ ਤੇ ਸਾਰਾਹ ਲਈ ਕੀ ਕੀਤਾ ਸੀ। ਉਹ ਬੁੱਢੇ ਹੋ ਚੁੱਕੇ ਸਨ ਤੇ ਉਨ੍ਹਾਂ ਦੇ ਬੱਚਾ ਹੋਣਾ ਨਾਮੁਮਕਿਨ ਸੀ। ਪਰ ਪਰਮੇਸ਼ੁਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੇ ਬੱਚਾ ਹੋਵੇਗਾ। (ਉਤ. 18:10) ਕੀ ਅਬਰਾਹਾਮ ਨੇ ਯਹੋਵਾਹ ਦੀ ਇਸ ਗੱਲ ʼਤੇ ਨਿਹਚਾ ਕੀਤੀ? ਬਾਈਬਲ ਦੱਸਦੀ ਹੈ: “ਅਬਰਾਹਾਮ ਨੂੰ ਆਸ਼ਾ ਅਤੇ ਨਿਹਚਾ ਸੀ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਗਾ।” (ਰੋਮੀ. 4:18) ਚਾਹੇ ਕਿ ਇਨਸਾਨੀ ਨਜ਼ਰੀਏ ਤੋਂ ਇੱਦਾਂ ਹੋਣ ਦੀ ਕੋਈ ਉਮੀਦ ਨਹੀਂ ਸੀ, ਫਿਰ ਵੀ ਅਬਰਾਹਾਮ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ। ਅਖ਼ੀਰ, ਇਸ ਵਫ਼ਾਦਾਰ ਆਦਮੀ ਦੀ ਉਮੀਦ ਪੂਰੀ ਹੋਈ। (ਰੋਮੀ. 4:19-21) ਇੱਦਾਂ ਦੇ ਬਿਰਤਾਂਤਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ, ਫਿਰ ਚਾਹੇ ਸਾਡੀਆਂ ਨਜ਼ਰਾਂ ਵਿਚ ਉਨ੍ਹਾਂ ਵਾਅਦਿਆਂ ਦਾ ਪੂਰਾ ਹੋਣਾ ਨਾਮੁਮਕਿਨ ਹੀ ਕਿਉਂ ਨਾ ਹੋਵੇ।

15. ਪਰਮੇਸ਼ੁਰ ਨੇ ਸਾਡੇ ਲਈ ਜੋ ਵੀ ਕੀਤਾ, ਸਾਨੂੰ ਉਸ ʼਤੇ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ?

15 ਸੋਚੋ ਕਿ ਯਹੋਵਾਹ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੈ। ਪਰਮੇਸ਼ੁਰ ਨੇ ਆਪਣੇ ਬਚਨ ਵਿਚ ਬਹੁਤ ਸਾਰੇ ਵਾਅਦੇ ਕੀਤੇ ਹਨ। ਜ਼ਰਾ ਸੋਚੋ ਕਿ ਜਦੋਂ ਉਹ ਵਾਅਦੇ ਪੂਰੇ ਹੋਏ, ਤਾਂ ਤੁਹਾਨੂੰ ਇਸ ਦਾ ਕੀ ਫ਼ਾਇਦਾ ਹੋਇਆ। ਉਦਾਹਰਣ ਲਈ, ਯਿਸੂ ਨੇ ਵਾਅਦਾ ਕੀਤਾ ਕਿ ਉਸ ਦਾ ਪਿਤਾ ਤੁਹਾਡੀਆਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰੇਗਾ। (ਮੱਤੀ 6:32, 33) ਯਿਸੂ ਨੇ ਇਹ ਵੀ ਭਰੋਸਾ ਦਿਵਾਇਆ ਕਿ ਜਦੋਂ ਤੁਸੀਂ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗੋਗੇ, ਤਾਂ ਉਹ ਤੁਹਾਨੂੰ ਜ਼ਰੂਰ ਦੇਵੇਗਾ। (ਲੂਕਾ 11:13) ਯਹੋਵਾਹ ਨੇ ਆਪਣੇ ਇਹ ਵਾਅਦੇ ਪੂਰੇ ਕੀਤੇ ਹਨ। ਇਨ੍ਹਾਂ ਤੋਂ ਇਲਾਵਾ, ਤੁਸੀਂ ਯਹੋਵਾਹ ਦੇ ਹੋਰ ਵਾਅਦਿਆਂ ਬਾਰੇ ਵੀ ਸੋਚ ਸਕਦੇ ਹੋ ਜੋ ਉਸ ਨੇ ਤੁਹਾਡੇ ਲਈ ਪੂਰੇ ਕੀਤੇ। ਉਦਾਹਰਣ ਲਈ, ਉਸ ਨੇ ਵਾਅਦਾ ਕੀਤਾ ਕਿ ਉਹ ਤੁਹਾਨੂੰ ਮਾਫ਼ ਕਰੇਗਾ, ਤੁਹਾਨੂੰ ਦਿਲਾਸਾ ਦੇਵੇਗਾ ਅਤੇ ਤੁਹਾਡੇ ਲਈ ਹਰ ਉਹ ਪ੍ਰਬੰਧ ਕਰੇਗਾ ਜਿਸ ਦੁਆਰਾ ਤੁਸੀਂ ਉਸ ਦੇ ਨੇੜੇ ਰਹਿ ਸਕਦੇ ਹੋ। (ਮੱਤੀ 6:14; 24:45; 2 ਕੁਰਿੰ. 1:3) ਜਦੋਂ ਤੁਸੀਂ ਸੋਚ-ਵਿਚਾਰ ਕਰਦੇ ਹੋ ਕਿ ਪਰਮੇਸ਼ੁਰ ਨੇ ਤੁਹਾਡੇ ਨਾਲ ਕੀਤੇ ਇਹ ਸਾਰੇ ਵਾਅਦੇ ਕਿੱਦਾਂ ਪੂਰੇ ਕੀਤੇ, ਤਾਂ ਤੁਹਾਡੀ ਉਮੀਦ ਹੋਰ ਵੀ ਪੱਕੀ ਹੁੰਦੀ ਹੈ ਕਿ ਉਹ ਭਵਿੱਖ ਵਿਚ ਵੀ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ।

ਆਪਣੀ ਉਮੀਦ ਕਰਕੇ ਖ਼ੁਸ਼ ਰਹੋ

16. ਪਰਮੇਸ਼ੁਰ ਵੱਲੋਂ ਮਿਲੀ ਉਮੀਦ ਸਾਡੇ ਲਈ ਬੇਸ਼ਕੀਮਤੀ ਤੋਹਫ਼ਾ ਕਿਉਂ ਹੈ?

16 ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਪਰਮੇਸ਼ੁਰ ਵੱਲੋਂ ਸਾਡੇ ਲਈ ਬੇਸ਼ਕੀਮਤੀ ਤੋਹਫ਼ਾ ਹੈ। ਸਾਨੂੰ ਪੱਕਾ ਭਰੋਸਾ ਹੈ ਕਿ ਸਾਡੀ ਇਹ ਉਮੀਦ ਜ਼ਰੂਰ ਪੂਰੀ ਹੋਵੇਗੀ ਅਤੇ ਅਸੀਂ ਇਸ ਸ਼ਾਨਦਾਰ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਸਾਡੀ ਉਮੀਦ ਇਕ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਹੈ ਜੋ ਤੂਫ਼ਾਨ ਵਰਗੀਆਂ ਮੁਸ਼ਕਲਾਂ ਵਿਚ ਵੀ ਸ਼ਾਂਤ ਰਹਿਣ ਵਿਚ ਸਾਡੀ ਮਦਦ ਕਰਦੀ ਹੈ। ਇਸ ਉਮੀਦ ਕਰਕੇ ਅਸੀਂ ਉਦੋਂ ਵੀ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਪਾਉਂਦੇ ਹਾਂ ਜਦੋਂ ਸਾਡੇ ʼਤੇ ਅਤਿਆਚਾਰ ਕੀਤੇ ਜਾਂਦੇ ਹਨ ਅਤੇ ਇੱਥੋਂ ਤਕ ਕਿ ਸਾਡੀ ਜਾਨ ਨੂੰ ਵੀ ਖ਼ਤਰਾ ਹੁੰਦਾ ਹੈ। ਇਹ ਉਮੀਦ ਫ਼ੌਜੀ ਦੇ ਟੋਪ ਵਾਂਗ ਵੀ ਹੈ ਜੋ ਗ਼ਲਤ ਸੋਚਾਂ ਤੋਂ ਸਾਡੀ ਰਾਖੀ ਕਰਦੀ ਹੈ ਅਤੇ ਚੰਗੀਆਂ ਗੱਲਾਂ ʼਤੇ ਧਿਆਨ ਲਾਉਣ ਵਿਚ ਸਾਡੀ ਮਦਦ ਕਰਦੀ ਹੈ। ਬਾਈਬਲ ਵਿਚ ਦਿੱਤੀ ਉਮੀਦ ਕਰਕੇ ਅਸੀਂ ਪਰਮੇਸ਼ੁਰ ਦੇ ਹੋਰ ਵੀ ਨੇੜੇ ਜਾਂਦੇ ਹਾਂ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸਾਨੂੰ ਕਿੰਨਾ ਪਿਆਰ ਕਰਦਾ ਹੈ! ਜਿੱਦਾਂ-ਜਿੱਦਾਂ ਅਸੀਂ ਆਪਣੀ ਇਹ ਉਮੀਦ ਪੱਕੀ ਕਰਦੇ ਜਾਂਦੇ ਹਾਂ, ਉੱਦਾਂ-ਉੱਦਾਂ ਸਾਨੂੰ ਇਸ ਦੇ ਹੋਰ ਵੀ ਜ਼ਿਆਦਾ ਫ਼ਾਇਦੇ ਹੁੰਦੇ ਹਨ।

17. ਅਸੀਂ ਆਪਣੀ ਉਮੀਦ ਕਰਕੇ ਖ਼ੁਸ਼ ਕਿਉਂ ਰਹਿ ਸਕਦੇ ਹਾਂ?

17 ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ‘ਆਪਣੀ ਉਮੀਦ ਕਰਕੇ ਖ਼ੁਸ਼ ਰਹਿਣ’। (ਰੋਮੀ. 12:12) ਪੌਲੁਸ ਦੀ ਖ਼ੁਸ਼ੀ ਬਣੀ ਰਹੀ ਕਿਉਂਕਿ ਉਸ ਨੂੰ ਪੂਰਾ ਯਕੀਨ ਸੀ ਕਿ ਜੇ ਉਹ ਵਫ਼ਾਦਾਰ ਰਹੇਗਾ, ਤਾਂ ਉਸ ਨੂੰ ਸਵਰਗ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਅਸੀਂ ਵੀ ਆਪਣੀ ਉਮੀਦ ਕਰਕੇ ਖ਼ੁਸ਼ ਰਹਿ ਸਕਦੇ ਹਾਂ ਕਿਉਂਕਿ ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ। ਜ਼ਬੂਰਾਂ ਦੇ ਲਿਖਾਰੀ ਨੇ ਵੀ ਕਿਹਾ ਸੀ: ‘ਖ਼ੁਸ਼ ਹੈ ਉਹ ਇਨਸਾਨ ਜਿਹੜਾ ਆਪਣੇ ਪਰਮੇਸ਼ੁਰ ਯਹੋਵਾਹ ਉੱਤੇ ਉਮੀਦ ਲਾਉਂਦਾ ਹੈ ਜੋ ਹਮੇਸ਼ਾ ਵਫ਼ਾਦਾਰ ਰਹਿੰਦਾ ਹੈ।’​—ਜ਼ਬੂ. 146:5, 6.

ਤੁਸੀਂ ਕੀ ਜਵਾਬ ਦਿਓਗੇ?

  • ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਸਾਡੀ ਉਮੀਦ ਜ਼ਰੂਰ ਪੂਰੀ ਹੋਵੇਗੀ?

  • ਸਾਡੀ ਉਮੀਦ ਸਮੁੰਦਰੀ ਜਹਾਜ਼ ਦੇ ਲੰਗਰ ਅਤੇ ਇਕ ਫ਼ੌਜੀ ਦੇ ਟੋਪ ਵਾਂਗ ਕਿਵੇਂ ਹੈ?

  • ਅਸੀਂ ਆਪਣੀ ਉਮੀਦ ਪੱਕੀ ਕਿਵੇਂ ਰੱਖ ਸਕਦੇ ਹਾਂ?

ਗੀਤ 139 ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ

a ਯਹੋਵਾਹ ਨੇ ਸਾਨੂੰ ਭਵਿੱਖ ਲਈ ਬਹੁਤ ਵਧੀਆ ਉਮੀਦ ਦਿੱਤੀ ਹੈ। ਇਸ ਉਮੀਦ ʼਤੇ ਧਿਆਨ ਦੇਣ ਨਾਲ ਸਾਡਾ ਹੌਸਲਾ ਵਧਦਾ ਹੈ ਅਤੇ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਸੋਚ-ਸੋਚ ਕੇ ਪਰੇਸ਼ਾਨ ਨਹੀਂ ਹੁੰਦੇ। ਇਸ ਉਮੀਦ ਕਰਕੇ ਸਾਨੂੰ ਹਿੰਮਤ ਵੀ ਮਿਲਦੀ ਹੈ, ਅਸੀਂ ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੇ ਵਫ਼ਾਦਾਰ ਬਣੇ ਰਹਿੰਦੇ ਹਾਂ ਅਤੇ ਸਾਡੀਆਂ ਸੋਚਾਂ ਦੀ ਵੀ ਰਾਖੀ ਹੁੰਦੀ ਹੈ। ਨਾਲੇ ਅਸੀਂ ਆਪਣੇ ਮਨ ਵਿਚ ਇੱਦਾਂ ਦੇ ਖ਼ਿਆਲਾਂ ਨੂੰ ਨਹੀਂ ਆਉਣ ਦਿੰਦੇ ਜਿਸ ਕਰਕੇ ਅਸੀਂ ਯਹੋਵਾਹ ਤੋਂ ਦੂਰ ਜਾ ਸਕਦੇ ਹਾਂ। ਇਸ ਲੇਖ ਵਿਚ ਅਸੀਂ ਤਿੰਨ ਗੱਲਾਂ ʼਤੇ ਗੌਰ ਕਰਾਂਗੇ ਅਤੇ ਜਾਣਾਂਗੇ ਕਿ ਅਸੀਂ ਆਪਣੀ ਉਮੀਦ ਕਿਵੇਂ ਪੱਕੀ ਰੱਖ ਸਕਦੇ ਹਾਂ।

b ਤਸਵੀਰ ਬਾਰੇ ਜਾਣਕਾਰੀ: ਜਿਸ ਤਰ੍ਹਾਂ ਟੋਪ ਪਾਉਣ ਨਾਲ ਇਕ ਫ਼ੌਜੀ ਦੇ ਸਿਰ ਦੀ ਹਿਫਾਜ਼ਤ ਹੁੰਦੀ ਹੈ, ਬਿਲਕੁਲ ਉਸੇ ਤਰ੍ਹਾਂ ਉਮੀਦ ਦਾ ਟੋਪ ਪਾਉਣ ਨਾਲ ਸਾਡੀ ਬੁਰੀਆਂ ਸੋਚਾਂ ਤੋਂ ਰਾਖੀ ਹੁੰਦੀ ਹੈ। ਨਾਲੇ ਜਿਸ ਤਰ੍ਹਾਂ ਸਮੁੰਦਰੀ ਜਹਾਜ਼ ਦੇ ਲੰਗਰ ਨਾਲ ਜਹਾਜ਼ ਇਕ ਜਗ੍ਹਾ ਸਥਿਰ ਰਹਿੰਦਾ ਹੈ, ਉਸੇ ਤਰ੍ਹਾਂ ਸਾਡੀ ਉਮੀਦ ਤੂਫ਼ਾਨ ਵਰਗੀਆਂ ਮੁਸ਼ਕਲਾਂ ਦੌਰਾਨ ਸ਼ਾਂਤ ਰਹਿਣ ਵਿਚ ਸਾਡੀ ਮਦਦ ਕਰਦੀ ਹੈ। ਇਕ ਭੈਣ ਪੂਰੇ ਭਰੋਸੇ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹੋਈ। ਇਕ ਭਰਾ ਸੋਚ-ਵਿਚਾਰ ਕਰਦਾ ਹੋਇਆ ਕਿ ਯਹੋਵਾਹ ਨੇ ਅਬਰਾਹਾਮ ਨਾਲ ਕੀਤੇ ਆਪਣੇ ਵਾਅਦੇ ਕਿਵੇਂ ਪੂਰੇ ਕੀਤੇ। ਇਕ ਭਰਾ ਸੋਚ-ਵਿਚਾਰ ਕਰਦਾ ਹੋਇਆ ਕਿ ਯਹੋਵਾਹ ਨੇ ਉਸ ਨੂੰ ਕਿਹੜੀਆਂ-ਕਿਹੜੀਆਂ ਬਰਕਤਾਂ ਦਿੱਤੀਆਂ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ