ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w23 ਅਗਸਤ ਸਫ਼ੇ 8-13
  • ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਸਿੱਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਸਿੱਖੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਿਉਂ ਕਰੀਏ?
  • ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਿਵੇਂ ਕਰੀਏ?
  • ਲੋਹੇ ਅਤੇ ਮਿੱਟੀ ਦੇ ਪੈਰਾਂ ਬਾਰੇ ਜਾਣਨਾ ਕਿਉਂ ਜ਼ਰੂਰੀ ਹੈ?
  • ‘ਉੱਤਰ ਦੇ ਰਾਜੇ’ ਅਤੇ ‘ਦੱਖਣ ਦੇ ਰਾਜੇ’ ਦਾ ਤੁਹਾਡੇ ʼਤੇ ਕੀ ਅਸਰ ਪੈਂਦਾ ਹੈ?
  • ਭਵਿੱਖਬਾਣੀਆਂ ਵੱਲ ਧਿਆਨ ਦਿੰਦੇ ਰਹੋ
  • ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਅੰਤ ਦੇ ਸਮੇਂ ਵਿਚ “ਉੱਤਰ ਦਾ ਰਾਜਾ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਅੱਜ “ਉੱਤਰ ਦਾ ਰਾਜਾ” ਕੌਣ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
w23 ਅਗਸਤ ਸਫ਼ੇ 8-13

ਅਧਿਐਨ ਲੇਖ 34

ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਸਿੱਖੋ

“ਜਿਨ੍ਹਾਂ ਨੂੰ ਡੂੰਘੀ ਸਮਝ ਹੈ, ਉਹ ਇਹ ਗੱਲਾਂ ਸਮਝ ਲੈਣਗੇ।” ​—ਦਾਨੀ. 12:10.

ਗੀਤ 98 ਪਰਮੇਸ਼ੁਰ ਦਾ ਬਚਨ

ਖ਼ਾਸ ਗੱਲਾਂa

1. ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ ਤਾਂਕਿ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰ ਕੇ ਸਾਨੂੰ ਮਜ਼ਾ ਆਵੇ?

ਨੌਜਵਾਨ ਭਰਾ ਬੈੱਨ ਨੇ ਕਿਹਾ: “ਮੈਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਨਾ ਬਹੁਤ ਵਧੀਆ ਲੱਗਦਾ ਹੈ।” ਕੀ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ? ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਨ੍ਹਾਂ ਨੂੰ ਸਮਝਣਾ ਬਹੁਤ ਔਖਾ ਹੈ? ਸ਼ਾਇਦ ਤੁਹਾਨੂੰ ਭਵਿੱਖਬਾਣੀਆਂ ਦਾ ਅਧਿਐਨ ਕਰਨਾ ਬੋਰਿੰਗ ਲੱਗਦਾ ਹੋਵੇ। ਪਰ ਜਦੋਂ ਤੁਸੀਂ ਜਾਣੋਗੇ ਕਿ ਯਹੋਵਾਹ ਨੇ ਆਪਣੇ ਬਚਨ ਵਿਚ ਇਹ ਭਵਿੱਖਬਾਣੀਆਂ ਕਿਉਂ ਲਿਖਵਾਈਆਂ ਹਨ, ਤਾਂ ਸ਼ਾਇਦ ਤੁਹਾਡੀ ਸੋਚ ਬਦਲ ਜਾਵੇ।

2. ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

2 ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਸਾਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ ਅਤੇ ਅਸੀਂ ਇਨ੍ਹਾਂ ਦਾ ਅਧਿਐਨ ਕਿਵੇਂ ਕਰ ਸਕਦੇ ਹਾਂ। ਫਿਰ ਅਸੀਂ ਦਾਨੀਏਲ ਦੀ ਕਿਤਾਬ ਵਿਚ ਦਰਜ ਦੋ ਭਵਿੱਖਬਾਣੀਆਂ ਦੀ ਜਾਂਚ ਕਰਾਂਗੇ ਅਤੇ ਦੇਖਾਂਗੇ ਕਿ ਇਨ੍ਹਾਂ ਨੂੰ ਸਮਝ ਕੇ ਅੱਜ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ।

ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਿਉਂ ਕਰੀਏ?

3. ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਮਝਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

3 ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਮਝਣ ਲਈ ਸਾਨੂੰ ਕਿਸੇ ਤੋਂ ਮਦਦ ਲੈਣੀ ਪੈਣੀ। ਜ਼ਰਾ ਇਕ ਉਦਾਹਰਣ ʼਤੇ ਗੌਰ ਕਰੋ। ਕਲਪਨਾ ਕਰੋ ਕਿ ਤੁਸੀਂ ਕਿਸੇ ਅਜਿਹੀ ਜਗ੍ਹਾ ਘੁੰਮਣ ਗਏ ਹੋ ਜਿਸ ਬਾਰੇ ਤੁਹਾਨੂੰ ਜ਼ਿਆਦਾ ਕੁਝ ਨਹੀਂ ਪਤਾ। ਪਰ ਤੁਹਾਡਾ ਦੋਸਤ ਵੀ ਤੁਹਾਡੇ ਨਾਲ ਆਇਆ ਹੈ। ਉਹ ਇਸ ਜਗ੍ਹਾ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਉਹ ਜਾਣਦਾ ਹੈ ਕਿ ਤੁਸੀਂ ਕਿੱਥੇ ਹੋ ਅਤੇ ਕਿਹੜਾ ਰਾਹ ਕਿੱਥੇ ਜਾਂਦਾ ਹੈ। ਤੁਸੀਂ ਕਿੰਨੇ ਖ਼ੁਸ਼ ਹੋਣੇ ਕਿ ਤੁਹਾਡਾ ਦੋਸਤ ਵੀ ਤੁਹਾਡੇ ਨਾਲ ਆਇਆ ਹੈ। ਯਹੋਵਾਹ ਵੀ ਇਸ ਦੋਸਤ ਵਾਂਗ ਹੈ। ਯਹੋਵਾਹ ਨੂੰ ਪਤਾ ਹੈ ਕਿ ਅਸੀਂ ਕਿਹੜੇ ਸਮੇਂ ਵਿਚ ਜੀ ਰਹੇ ਹਾਂ ਅਤੇ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ। ਇਸ ਲਈ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਮਝਣ ਲਈ ਸਾਨੂੰ ਨਿਮਰ ਹੋ ਕੇ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ।​—ਦਾਨੀ. 2:28; 2 ਪਤ. 1:19, 20.

ਇਕ ਜੋੜਾ “ਦਾਨੀਏਲ: ਉਸ ਨੇ ਉਮਰ ਭਰ ਨਿਹਚਾ ਰੱਖੀ” ਨਾਂ ਦੀ ਵੀਡੀਓ ਦੇਖਦਾ ਹੋਇਆ।

ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰ ਕੇ ਅਸੀਂ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਲਈ ਤਿਆਰ ਹੋ ਸਕਦੇ ਹਾਂ (ਪੈਰਾ 4 ਦੇਖੋ)

4. ਯਹੋਵਾਹ ਨੇ ਆਪਣੇ ਬਚਨ ਵਿਚ ਭਵਿੱਖਬਾਣੀਆਂ ਕਿਉਂ ਦਰਜ ਕਰਵਾਈਆਂ ਹਨ? (ਯਿਰਮਿਯਾਹ 29:11) (ਤਸਵੀਰ ਵੀ ਦੇਖੋ।)

4 ਇਕ ਚੰਗੇ ਪਿਤਾ ਵਾਂਗ ਯਹੋਵਾਹ ਵੀ ਚਾਹੁੰਦਾ ਹੈ ਕਿ ਉਸ ਦੇ ਬੱਚਿਆਂ ਦਾ ਭਵਿੱਖ ਵਧੀਆ ਹੋਵੇ। (ਯਿਰਮਿਯਾਹ 29:11 ਪੜ੍ਹੋ।) ਪਰ ਕਿਸੇ ਵੀ ਇਨਸਾਨੀ ਪਿਤਾ ਤੋਂ ਉਲਟ ਯਹੋਵਾਹ ਸਹੀ-ਸਹੀ ਦੱਸ ਸਕਦਾ ਹੈ ਕਿ ਭਵਿੱਖ ਵਿਚ ਕੀ-ਕੀ ਹੋਵੇਗਾ। ਇਸ ਲਈ ਉਸ ਨੇ ਆਪਣੇ ਬਚਨ ਵਿਚ ਭਵਿੱਖਬਾਣੀਆਂ ਦਰਜ ਕਰਵਾਈਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਅਸੀਂ ਪਹਿਲਾਂ ਤੋਂ ਹੀ ਜਾਣ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਕੀ-ਕੀ ਹੋਵੇਗਾ। (ਯਸਾ. 46:10) ਇਹ ਭਵਿੱਖਬਾਣੀਆਂ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹਨ। ਪਰ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਜ਼ਰੂਰ ਪੂਰੀਆਂ ਹੋਣਗੀਆਂ?

5. ਨੌਜਵਾਨ ਭੈਣ-ਭਰਾ ਮੈਕਸ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਨ?

5 ਸਕੂਲ ਵਿਚ ਸਾਡੇ ਬੱਚੇ ਅਕਸਰ ਉਨ੍ਹਾਂ ਲੋਕਾਂ ਨਾਲ ਘਿਰੇ ਹੁੰਦੇ ਹਨ ਜੋ ਬਾਈਬਲ ਨੂੰ ਨਹੀਂ ਮੰਨਦੇ ਜਾਂ ਜਿਨ੍ਹਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਸ ਵਿਚ ਕੀ ਲਿਖਿਆ ਹੈ। ਉਨ੍ਹਾਂ ਦੀਆਂ ਗੱਲਾਂ ਤੇ ਕੰਮਾਂ ਕਰਕੇ ਸ਼ਾਇਦ ਬੱਚਿਆਂ ਦੇ ਮਨਾਂ ਵਿਚ ਸ਼ੱਕ ਪੈਦਾ ਹੋ ਜਾਵੇ। ਜ਼ਰਾ ਭਰਾ ਮੈਕਸ ਦੇ ਤਜਰਬੇ ʼਤੇ ਗੌਰ ਕਰੋ। ਉਹ ਦੱਸਦਾ ਹੈ: “ਜਦੋਂ ਮੈਂ ਸਕੂਲ ਵਿਚ ਸੀ, ਤਾਂ ਮੈਂ ਸ਼ੱਕ ਕਰਨ ਲੱਗ ਪਿਆ ਕਿ ਮੇਰੇ ਮਾਪੇ ਮੈਨੂੰ ਜਿਸ ਧਰਮ ਬਾਰੇ ਸਿਖਾ ਰਹੇ ਹਨ, ਉਹ ਸੱਚਾ ਹੈ ਵੀ ਜਾਂ ਨਹੀਂ ਅਤੇ ਕੀ ਬਾਈਬਲ ਸੱਚ-ਮੁੱਚ ਪਰਮੇਸ਼ੁਰ ਦਾ ਬਚਨ ਹੈ।” ਉਸ ਦੇ ਮਾਪਿਆਂ ਨੇ ਕੀ ਕੀਤਾ? ਮੈਕਸ ਦੱਸਦਾ ਹੈ: “ਚਾਹੇ ਉਹ ਮੇਰੇ ʼਤੇ ਗੁੱਸੇ ਨਹੀਂ ਹੋਏ, ਪਰ ਮੈਨੂੰ ਪਤਾ ਸੀ ਕਿ ਉਹ ਇਸ ਗੱਲੋਂ ਪਰੇਸ਼ਾਨ ਸਨ।” ਮੈਕਸ ਦੇ ਮਾਪਿਆਂ ਨੇ ਬਾਈਬਲ ਤੋਂ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ। ਮੈਕਸ ਨੇ ਆਪ ਵੀ ਕੁਝ ਕੀਤਾ। ਉਹ ਕਹਿੰਦਾ ਹੈ: “ਮੈਂ ਖ਼ੁਦ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕੀਤਾ ਅਤੇ ਸਿੱਖੀਆਂ ਗੱਲਾਂ ਬਾਰੇ ਮੰਡਲੀ ਦੇ ਨੌਜਵਾਨਾਂ ਨਾਲ ਵੀ ਚਰਚਾ ਕੀਤੀ।” ਇਸ ਦਾ ਕੀ ਨਤੀਜਾ ਨਿਕਲਿਆ? ਮੈਕਸ ਦੱਸਦਾ ਹੈ: “ਇਸ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਬਾਈਬਲ ਹੀ ਪਰਮੇਸ਼ੁਰ ਦਾ ਬਚਨ ਹੈ।”

6. ਸ਼ੱਕ ਪੈਦਾ ਹੋਣ ਤੇ ਤੁਹਾਨੂੰ ਕੀ ਕਰਨ ਦੀ ਲੋੜ ਹੈ ਅਤੇ ਕਿਉਂ?

6 ਜੇ ਮੈਕਸ ਵਾਂਗ ਤੁਹਾਡੇ ਮਨ ਵਿਚ ਵੀ ਬਾਈਬਲ ਦੀਆਂ ਸੱਚਾਈਆਂ ਪ੍ਰਤੀ ਸ਼ੱਕ ਪੈਦਾ ਹੋ ਗਏ ਹਨ, ਤਾਂ ਸ਼ਰਮਿੰਦੇ ਨਾ ਹੋਵੋ। ਇਸ ਦੀ ਬਜਾਇ, ਤੁਹਾਨੂੰ ਇਸ ਬਾਰੇ ਕੁਝ ਕਰਨ ਦੀ ਲੋੜ ਹੈ। ਸ਼ੱਕ ਜੰਗਾਲ ਵਾਂਗ ਹੈ। ਜੇ ਤੁਸੀਂ ਇਸ ਬਾਰੇ ਕੁਝ ਨਹੀਂ ਕਰਦੇ, ਤਾਂ ਇਹ ਹੌਲੀ-ਹੌਲੀ ਤੁਹਾਡੀ ਕੋਈ ਕੀਮਤੀ ਚੀਜ਼ ਖ਼ਰਾਬ ਕਰ ਸਕਦਾ ਹੈ। ਇਸੇ ਤਰ੍ਹਾਂ “ਸ਼ੱਕ” ਸਾਡੀ ਨਿਹਚਾ ਨੂੰ ਖ਼ਤਮ ਕਰ ਸਕਦਾ ਹੈ। ਇਸ ਲਈ ਆਪਣੇ ਮਨ ਵਿੱਚੋਂ ਸ਼ੱਕ ਕੱਢਣ ਲਈ ਤੁਹਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਦੀ ਲੋੜ ਹੈ, ‘ਬਾਈਬਲ ਭਵਿੱਖ ਬਾਰੇ ਜੋ ਦੱਸਦੀ ਹੈ, ਕੀ ਮੈਂ ਉਸ ʼਤੇ ਯਕੀਨ ਕਰਦਾ ਹਾਂ?’ ਜੇ ਤੁਹਾਡੇ ਮਨ ਵਿਚ ਥੋੜ੍ਹਾ ਜਿਹਾ ਵੀ ਸ਼ੱਕ ਹੈ, ਤਾਂ ਬਾਈਬਲ ਦੀਆਂ ਉਨ੍ਹਾਂ ਭਵਿੱਖਬਾਣੀਆਂ ਦਾ ਅਧਿਐਨ ਕਰੋ ਜੋ ਪੂਰੀਆਂ ਹੋ ਚੁੱਕੀਆਂ ਹਨ। ਤੁਸੀਂ ਇਹ ਕਿਵੇਂ ਕਰ ਸਕਦੇ ਹੋ?

ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਿਵੇਂ ਕਰੀਏ?

ਇਕ ਭੈਣ ਮਈ 2022 ਦੇ “ਪਹਿਰਾਬੁਰਜ” ਵਿੱਚੋਂ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਬਾਰੇ ਕੀਤੀ ਭਵਿੱਖਬਾਣੀ ਦਾ ਅਧਿਐਨ ਕਰਦੀ ਹੋਈ।

ਦਾਨੀਏਲ ਵਾਂਗ ਯਹੋਵਾਹ ʼਤੇ ਭਰੋਸਾ ਕਰਨ ਲਈ ਸਾਨੂੰ ਨਿਮਰ ਹੋ ਕੇ, ਗਹਿਰਾਈ ਨਾਲ ਅਤੇ ਸਹੀ ਇਰਾਦੇ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਨਾ ਚਾਹੀਦਾ ਹੈ (ਪੈਰਾ 7 ਦੇਖੋ)

7. ਭਵਿੱਖਬਾਣੀਆਂ ਦਾ ਅਧਿਐਨ ਕਰਨ ਦੇ ਮਾਮਲੇ ਵਿਚ ਦਾਨੀਏਲ ਨੇ ਕਿਹੜੀ ਮਿਸਾਲ ਰੱਖੀ? (ਦਾਨੀਏਲ 12:10) (ਤਸਵੀਰ ਵੀ ਦੇਖੋ।)

7 ਦਾਨੀਏਲ ਨੇ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਨ ਦੇ ਮਾਮਲੇ ਵਿਚ ਇਕ ਚੰਗੀ ਮਿਸਾਲ ਰੱਖੀ ਹੈ। ਉਹ ਸਹੀ ਇਰਾਦੇ ਨਾਲ ਯਾਨੀ ਸੱਚਾਈ ਜਾਣਨ ਲਈ ਭਵਿੱਖਬਾਣੀਆਂ ਦਾ ਅਧਿਐਨ ਕਰਦਾ ਸੀ। ਦਾਨੀਏਲ ਨਿਮਰ ਵੀ ਸੀ। ਉਹ ਜਾਣਦਾ ਸੀ ਕਿ ਜੇ ਉਹ ਯਹੋਵਾਹ ਦੇ ਨੇੜੇ ਰਹੇਗਾ ਅਤੇ ਉਸ ਦਾ ਕਹਿਣਾ ਮੰਨੇਗਾ, ਤਾਂ ਯਹੋਵਾਹ ਭਵਿੱਖਬਾਣੀਆਂ ਨੂੰ ਸਮਝਣ ਵਿਚ ਉਸ ਦੀ ਜ਼ਰੂਰ ਮਦਦ ਕਰੇਗਾ। (ਦਾਨੀ. 2:27, 28; ਦਾਨੀਏਲ 12:10 ਪੜ੍ਹੋ।) ਦਾਨੀਏਲ ਨੇ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖ ਕੇ ਸਾਬਤ ਕੀਤਾ ਕਿ ਉਹ ਨਿਮਰ ਸੀ। (ਦਾਨੀ. 2:18) ਨਾਲੇ ਦਾਨੀਏਲ ਬੜੀ ਗਹਿਰਾਈ ਨਾਲ ਅਧਿਐਨ ਕਰਦਾ ਸੀ। ਉਸ ਸਮੇਂ ਪਵਿੱਤਰ ਲਿਖਤਾਂ ਦੇ ਜੋ ਵੀ ਹਿੱਸੇ ਮੌਜੂਦ ਸਨ, ਉਸ ਨੇ ਉਨ੍ਹਾਂ ਤੋਂ ਖੋਜਬੀਨ ਕੀਤੀ। (ਯਿਰ. 25:11, 12; ਦਾਨੀ. 9:2) ਤੁਸੀਂ ਦਾਨੀਏਲ ਦੀ ਰੀਸ ਕਿਵੇਂ ਕਰ ਸਕਦੇ ਹੋ?

8. (ੳ) ਕੁਝ ਲੋਕ ਭਵਿੱਖਬਾਣੀਆਂ ਦਾ ਅਧਿਐਨ ਕਿਉਂ ਕਰਦੇ ਹਨ? (ਅ) ਪਰ ਸਾਨੂੰ ਕਿਸ ਇਰਾਦੇ ਨਾਲ ਭਵਿੱਖਬਾਣੀਆਂ ਦਾ ਅਧਿਐਨ ਕਰਨਾ ਚਾਹੀਦਾ ਹੈ?

8 ਸੋਚੋ ਕਿ ਤੁਸੀਂ ਕਿਸ ਇਰਾਦੇ ਨਾਲ ਅਧਿਐਨ ਕਰਦੇ ਹੋ। ਕੀ ਤੁਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਇਸ ਲਈ ਕਰਦੇ ਹੋ ਕਿਉਂਕਿ ਤੁਸੀਂ ਦਿਲੋਂ ਸੱਚਾਈ ਜਾਣਨੀ ਚਾਹੁੰਦੇ ਹੋ? ਜੇ ਹਾਂ, ਤਾਂ ਯਹੋਵਾਹ ਤੁਹਾਡੀ ਜ਼ਰੂਰ ਮਦਦ ਕਰੇਗਾ। (ਯੂਹੰ. 4:23, 24; 14:16, 17) ਪਰ ਕੁਝ ਲੋਕ ਸ਼ਾਇਦ ਕਿਸੇ ਹੋਰ ਕਾਰਨ ਕਰਕੇ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਦੇ ਹਨ। ਉਹ ਬਾਈਬਲ ਵਿਚ ਦਿੱਤੇ ਅਸੂਲਾਂ ਮੁਤਾਬਕ ਨਹੀਂ, ਸਗੋਂ ਆਪਣੇ ਮੁਤਾਬਕ ਜੀਉਣਾ ਚਾਹੁੰਦੇ ਹਨ। ਇਸ ਲਈ ਸ਼ਾਇਦ ਉਹ ਕੁਝ ਅਜਿਹੇ ਸਬੂਤ ਲੱਭਣ ਦੇ ਇਰਾਦੇ ਨਾਲ ਅਧਿਐਨ ਕਰਨ ਜਿਨ੍ਹਾਂ ਤੋਂ ਉਹ ਇਹ ਸਾਬਤ ਕਰ ਸਕਣ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਨਹੀਂ ਹੈ। ਪਰ ਸਾਨੂੰ ਸਹੀ ਇਰਾਦੇ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਮਝਣ ਲਈ ਸਾਡੇ ਵਿਚ ਇਕ ਅਹਿਮ ਗੁਣ ਹੋਣਾ ਬਹੁਤ ਜ਼ਰੂਰੀ ਹੈ।

9. ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਮਝਣ ਲਈ ਕਿਹੜਾ ਗੁਣ ਹੋਣਾ ਜ਼ਰੂਰੀ ਹੈ? ਸਮਝਾਓ।

9 ਨਿਮਰ ਬਣੋ। ਯਹੋਵਾਹ ਨਿਮਰ ਲੋਕਾਂ ਦੀ ਮਦਦ ਕਰਨ ਦਾ ਵਾਅਦਾ ਕਰਦਾ ਹੈ। (ਯਾਕੂ. 4:6) ਇਸ ਲਈ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਮਝਣ ਲਈ ਉਸ ਤੋਂ ਮਦਦ ਮੰਗੋ। ਨਿਮਰ ਹੋਣ ਕਰਕੇ ਅਸੀਂ ਵਫ਼ਾਦਾਰ ਨੌਕਰ ਤੋਂ ਵੀ ਮਦਦ ਲਵਾਂਗੇ ਜਿਸ ਰਾਹੀਂ ਯਹੋਵਾਹ ਸਹੀ ਸਮੇਂ ʼਤੇ ਸਾਨੂੰ ਭੋਜਨ ਦਿੰਦਾ ਹੈ। (ਲੂਕਾ 12:42) ਉਹ ਇਸੇ ਨੌਕਰ ਰਾਹੀਂ ਆਪਣੇ ਬਚਨ ਵਿਚ ਦਰਜ ਸੱਚਾਈਆਂ ਸਮਝਣ ਵਿਚ ਸਾਡੀ ਮਦਦ ਕਰਦਾ ਹੈ। ਇਹ ਗੱਲ ਬਿਲਕੁਲ ਸਹੀ ਲੱਗਦੀ ਹੈ ਕਿਉਂਕਿ ਯਹੋਵਾਹ ਗੜਬੜੀ ਦਾ ਪਰਮੇਸ਼ੁਰ ਨਹੀਂ, ਸਗੋਂ ਉਹ ਹਰ ਕੰਮ ਸਲੀਕੇ ਨਾਲ ਕਰਦਾ ਹੈ।​—1 ਕੁਰਿੰ. 14:33; ਅਫ਼. 4:4-6.

10. ਐਸਤਰ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਦੇ ਹੋ?

10 ਗਹਿਰਾਈ ਨਾਲ ਅਧਿਐਨ ਕਰੋ। ਪਹਿਲਾਂ ਉਸ ਭਵਿੱਖਬਾਣੀ ਦਾ ਅਧਿਐਨ ਕਰੋ ਜੋ ਤੁਹਾਨੂੰ ਵਧੀਆ ਲੱਗਦੀ ਹੈ। ਭੈਣ ਐਸਤਰ ਨੇ ਇੱਦਾਂ ਹੀ ਕੀਤਾ। ਉਸ ਨੂੰ ਮਸੀਹ ਦੇ ਆਉਣ ਬਾਰੇ ਕੀਤੀਆਂ ਭਵਿੱਖਬਾਣੀਆਂ ਵਿਚ ਦਿਲਚਸਪੀ ਸੀ। ਉਹ ਦੱਸਦੀ ਹੈ: “15 ਸਾਲਾਂ ਦੀ ਉਮਰ ਵਿਚ ਮੈਂ ਇਹ ਸਬੂਤ ਲੱਭਣੇ ਸ਼ੁਰੂ ਕੀਤੇ ਕਿ ਇਹ ਭਵਿੱਖਬਾਣੀਆਂ ਵਾਕਈ ਯਿਸੂ ਦੇ ਸਮੇਂ ਤੋਂ ਪਹਿਲਾਂ ਲਿਖੀਆਂ ਗਈਆਂ ਸਨ।” ਉਸ ਨੇ ਮ੍ਰਿਤ ਸਾਗਰ ਪੋਥੀਆਂ ਬਾਰੇ ਵੀ ਪੜ੍ਹਿਆ। ਇਨ੍ਹਾਂ ਤੋਂ ਉਸ ਦਾ ਭਰੋਸਾ ਹੋਰ ਵਧਿਆ। ਉਹ ਦੱਸਦੀ ਹੈ: “ਇਨ੍ਹਾਂ ਵਿੱਚੋਂ ਕੁਝ ਭਵਿੱਖਬਾਣੀਆਂ ਮਸੀਹ ਦੇ ਸਮੇਂ ਤੋਂ ਪਹਿਲਾਂ ਲਿਖੀਆਂ ਗਈਆਂ ਸਨ। ਇਸ ਕਰਕੇ ਇਨ੍ਹਾਂ ਵਿਚ ਦਰਜ ਭਵਿੱਖਬਾਣੀਆਂ ਜ਼ਰੂਰ ਪਰਮੇਸ਼ੁਰ ਨੇ ਹੀ ਲਿਖਵਾਈਆਂ ਹੋਣੀਆਂ।” ਐਸਤਰ ਮੰਨਦੀ ਹੈ: “ਕੁਝ ਗੱਲਾਂ ਸਮਝਣ ਲਈ ਮੈਨੂੰ ਵਾਰ-ਵਾਰ ਇਨ੍ਹਾਂ ਨੂੰ ਪੜ੍ਹਨਾ ਪਿਆ।” ਪਰ ਉਹ ਖ਼ੁਸ਼ ਹੈ ਕਿ ਉਸ ਨੇ ਇੰਨੀ ਮਿਹਨਤ ਕੀਤੀ। ਬਾਈਬਲ ਦੀਆਂ ਕਈ ਭਵਿੱਖਬਾਣੀਆਂ ਦਾ ਗਹਿਰਾਈ ਨਾਲ ਅਧਿਐਨ ਕਰਨ ਤੋਂ ਬਾਅਦ ਉਹ ਕਹਿੰਦੀ ਹੈ: “ਹੁਣ ਮੈਂ ਖ਼ੁਦ ਸਾਫ਼-ਸਾਫ਼ ਦੇਖ ਸਕੀ ਹਾਂ ਕਿ ਬਾਈਬਲ ਬਿਲਕੁਲ ਸੱਚੀ ਹੈ!”

11. ਆਪਣੇ ਆਪ ਨੂੰ ਇਹ ਯਕੀਨ ਦਿਵਾਉਣ ਦੇ ਕੀ ਫ਼ਾਇਦੇ ਹੁੰਦੇ ਹਨ ਕਿ ਬਾਈਬਲ ਸੱਚੀ ਹੈ?

11 ਜਦੋਂ ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਦੇ ਬਚਨ ਵਿਚ ਦਰਜ ਕੁਝ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋ ਚੁੱਕੀਆਂ ਹਨ, ਤਾਂ ਯਹੋਵਾਹ ਅਤੇ ਉਸ ਦੀਆਂ ਹਿਦਾਇਤਾਂ ʼਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੁੰਦਾ ਹੈ। ਨਾਲੇ ਬਾਈਬਲ ਦੀਆਂ ਭਵਿੱਖਬਾਣੀਆਂ ਕਰਕੇ ਸਾਨੂੰ ਇਕ ਚੰਗੇ ਭਵਿੱਖ ਦੀ ਉਮੀਦ ਮਿਲਦੀ ਹੈ। ਇਸ ਲਈ ਜਦੋਂ ਅਸੀਂ ਇਨ੍ਹਾਂ ਦਾ ਅਧਿਐਨ ਕਰਦੇ ਹਾਂ, ਤਾਂ ਅਸੀਂ ਹਰ ਅਜ਼ਮਾਇਸ਼ ਦੌਰਾਨ ਸਹੀ ਨਜ਼ਰੀਆ ਰੱਖ ਪਾਉਂਦੇ ਹਾਂ। ਆਓ ਹੁਣ ਆਪਾਂ ਦਾਨੀਏਲ ਦੀਆਂ ਦੋ ਭਵਿੱਖਬਾਣੀਆਂ ʼਤੇ ਗੌਰ ਕਰੀਏ ਜੋ ਹੁਣ ਪੂਰੀਆਂ ਹੋ ਰਹੀਆਂ ਹਨ। ਇਨ੍ਹਾਂ ਦੀ ਸਮਝ ਹਾਸਲ ਕਰ ਕੇ ਅਸੀਂ ਸਹੀ ਫ਼ੈਸਲੇ ਕਰ ਸਕਦੇ ਹਾਂ।

ਲੋਹੇ ਅਤੇ ਮਿੱਟੀ ਦੇ ਪੈਰਾਂ ਬਾਰੇ ਜਾਣਨਾ ਕਿਉਂ ਜ਼ਰੂਰੀ ਹੈ?

12. ‘ਲੋਹੇ ਅਤੇ ਮਿੱਟੀ’ ਦੇ ਬਣੇ ਪੈਰ ਕਿਸ ਨੂੰ ਦਰਸਾਉਂਦੇ ਹਨ? (ਦਾਨੀਏਲ 2:41-43)

12 ਦਾਨੀਏਲ 2:41-43 ਪੜ੍ਹੋ। ਇਕ ਵਾਰ ਦਾਨੀਏਲ ਨੇ ਰਾਜਾ ਨਬੂਕਦਨੱਸਰ ਦੇ ਸੁਪਨੇ ਦਾ ਮਤਲਬ ਦੱਸਿਆ ਸੀ ਜਿਸ ਵਿਚ ਰਾਜੇ ਨੇ ਇਕ ਵੱਡੀ ਮੂਰਤ ਦੇਖੀ ਸੀ। ਉਸ ਮੂਰਤ ਦੇ ਪੈਰ ‘ਲੋਹੇ ਅਤੇ ਮਿੱਟੀ’ ਦੇ ਬਣੇ ਹੋਏ ਸਨ। ਜੇ ਅਸੀਂ ਇਸ ਭਵਿੱਖਬਾਣੀ ਦੀ ਤੁਲਨਾ ਦਾਨੀਏਲ ਦੀ ਕਿਤਾਬ ਦੇ ਹੋਰ ਅਧਿਆਵਾਂ ਅਤੇ ਪ੍ਰਕਾਸ਼ ਦੀ ਕਿਤਾਬ ਨਾਲ ਕਰਦੇ ਹਾਂ, ਤਾਂ ਅਸੀਂ ਇਸ ਸਿੱਟੇ ʼਤੇ ਪਹੁੰਚਦੇ ਹਾਂ ਕਿ ਪੈਰ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਦਰਸਾਉਂਦੇ ਹਨ। ਇਹ ਦੁਨੀਆਂ ਦੀ ਸਭ ਤੋਂ ਤਾਕਤਵਰ ਵਿਸ਼ਵ-ਸ਼ਕਤੀ ਹੈ। ਇਸ ਵਿਸ਼ਵ ਸ਼ਕਤੀ ਬਾਰੇ ਦਾਨੀਏਲ ਨੇ ਕਿਹਾ ਸੀ ਕਿ “ਇਹ ਰਾਜ ਕੁਝ ਹੱਦ ਤਕ ਮਜ਼ਬੂਤ ਹੋਵੇਗਾ ਅਤੇ ਕੁਝ ਹੱਦ ਤਕ ਕਮਜ਼ੋਰ ਹੋਵੇਗਾ।” ਇਹ ਰਾਜ ਕੁਝ ਹੱਦ ਤਕ ਕਮਜ਼ੋਰ ਕਿਉਂ ਹੋਵੇਗਾ? ਕਿਉਂਕਿ ਨਰਮ ਮਿੱਟੀ ਆਮ ਲੋਕਾਂ ਨੂੰ ਦਰਸਾਉਂਦੀ ਹੈ ਜੋ ਵਿਸ਼ਵ ਸ਼ਕਤੀ ਨੂੰ ਆਪਣੀ ਪੂਰੀ ਤਾਕਤ ਨਾਲ ਰਾਜ ਨਹੀਂ ਕਰਨ ਦਿੰਦੇ।b

13. ਇਸ ਭਵਿੱਖਬਾਣੀ ਨੂੰ ਸਮਝ ਕੇ ਅਸੀਂ ਕਿਹੜੀਆਂ ਅਹਿਮ ਸੱਚਾਈਆਂ ਸਿੱਖ ਸਕਦੇ ਹਾਂ?

13 ਦਾਨੀਏਲ ਨੇ ਮੂਰਤ ਦੇ ਸੁਪਨੇ ਅਤੇ ਖ਼ਾਸ ਕਰਕੇ ਇਸ ਦੇ ਪੈਰਾਂ ਦਾ ਜੋ ਮਤਲਬ ਦੱਸਿਆ, ਉਸ ਤੋਂ ਅਸੀਂ ਕਈ ਅਹਿਮ ਸੱਚਾਈਆਂ ਸਿੱਖਦੇ ਹਾਂ। ਪਹਿਲੀ, ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਪਹਿਲਾਂ ਹੀ ਕਈ ਤਰੀਕਿਆਂ ਨਾਲ ਆਪਣੀ ਤਾਕਤ ਦਾ ਸਬੂਤ ਦਿੱਤਾ ਹੈ। ਉਦਾਹਰਣ ਲਈ, ਪਹਿਲਾ ਤੇ ਦੂਜਾ ਵਿਸ਼ਵ ਯੁੱਧ ਜਿੱਤਣ ਵਿਚ ਇਸ ਵਿਸ਼ਵ ਸ਼ਕਤੀ ਨੇ ਅਹਿਮ ਭੂਮਿਕਾ ਨਿਭਾਈ ਸੀ। ਪਰ ਇਹ ਵਿਸ਼ਵ ਸ਼ਕਤੀ ਕਮਜ਼ੋਰ ਹੋ ਗਈ ਹੈ ਅਤੇ ਹੋਰ ਵੀ ਕਮਜ਼ੋਰ ਹੁੰਦੀ ਜਾਵੇਗੀ। ਕਿਉਂ? ਕਿਉਂਕਿ ਇਸ ਦੇ ਨਾਗਰਿਕ ਆਪਸ ਵਿਚ ਅਤੇ ਸਰਕਾਰ ਦੇ ਖ਼ਿਲਾਫ਼ ਲੜਦੇ ਹਨ। ਦੂਜੀ, ਇਹ ਵਿਸ਼ਵ ਸ਼ਕਤੀ ਆਖ਼ਰੀ ਵਿਸ਼ਵ ਸ਼ਕਤੀ ਹੋਵੇਗੀ। ਇਸ ਤੋਂ ਬਾਅਦ ਪਰਮੇਸ਼ੁਰ ਦਾ ਰਾਜ ਸਾਰੀਆਂ ਇਨਸਾਨੀ ਸਰਕਾਰਾਂ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। ਭਾਵੇਂ ਕਿ ਸ਼ਾਇਦ ਸਮੇਂ-ਸਮੇਂ ʼਤੇ ਹੋਰ ਦੇਸ਼ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦਾ ਵਿਰੋਧ ਕਰਨ, ਪਰ ਉਹ ਇਸ ਦੀ ਜਗ੍ਹਾ ਨਹੀਂ ਲੈ ਸਕਣਗੇ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਅਸੀਂ ਜਾਣਦੇ ਹਾਂ ਕਿ “ਪੱਥਰ” ਜੋ ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦਾ ਹੈ, ਉਹ ਮੂਰਤ ਦੇ ਪੈਰਾਂ ਨੂੰ ਚੂਰ-ਚੂਰ ਕਰ ਸੁੱਟੇਗਾ ਯਾਨੀ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਖ਼ਤਮ ਕਰ ਦੇਵੇਗਾ।​—ਦਾਨੀ. 2:34, 35, 44, 45.

14. ਲੋਹੇ ਤੇ ਮਿੱਟੀ ਦੇ ਪੈਰਾਂ ਦੀ ਭਵਿੱਖਬਾਣੀ ਬਾਰੇ ਸਮਝ ਹਾਸਲ ਕਰ ਕੇ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਿਵੇਂ ਹੋ ਸਕਦੀ ਹੈ?

14 ਕੀ ਤੁਹਾਨੂੰ ਯਕੀਨ ਹੈ ਕਿ ਲੋਹੇ ਤੇ ਮਿੱਟੀ ਦੇ ਪੈਰਾਂ ਬਾਰੇ ਦਾਨੀਏਲ ਦੀ ਭਵਿੱਖਬਾਣੀ ਸੱਚੀ ਹੈ? ਜੇ ਹਾਂ, ਤਾਂ ਇਸ ਦਾ ਅਸਰ ਤੁਹਾਡੀ ਜ਼ਿੰਦਗੀ ਜੀਉਣ ਦੇ ਤਰੀਕੇ ʼਤੇ ਪਵੇਗਾ। ਤੁਸੀਂ ਆਪਣਾ ਧਿਆਨ ਧਨ-ਦੌਲਤ ਜਾਂ ਚੀਜ਼ਾਂ ਇਕੱਠੀਆਂ ਕਰਨ ʼਤੇ ਨਹੀਂ ਲਾਓਗੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਜਲਦੀ ਹੀ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕੀਤਾ ਜਾਵੇਗਾ। (ਲੂਕਾ 12:16-21; 1 ਯੂਹੰ. 2:15-17) ਨਾਲੇ ਇਸ ਭਵਿੱਖਬਾਣੀ ਨੂੰ ਸਮਝ ਕੇ ਤੁਸੀਂ ਦੇਖ ਸਕੋਗੇ ਕਿ ਪ੍ਰਚਾਰ ਤੇ ਸਿਖਾਉਣ ਦਾ ਕੰਮ ਕਿੰਨਾ ਅਹਿਮ ਹੈ! (ਮੱਤੀ 6:33; 28:18-20) ਇਸ ਭਵਿੱਖਬਾਣੀ ਦਾ ਅਧਿਐਨ ਕਰਨ ਤੋਂ ਬਾਅਦ ਕਿਉਂ ਨਾ ਆਪਣੇ ਆਪ ਤੋਂ ਇਹ ਸਵਾਲ ਪੁੱਛੋ, ‘ਕੀ ਮੇਰੇ ਫ਼ੈਸਲਿਆਂ ਤੋਂ ਪਤਾ ਲੱਗਦਾ ਹੈ ਕਿ ਮੈਨੂੰ ਯਕੀਨ ਹੈ ਕਿ ਪਰਮੇਸ਼ੁਰ ਦਾ ਰਾਜ ਛੇਤੀ ਹੀ ਸਾਰੀਆਂ ਸਰਕਾਰਾਂ ਦਾ ਨਾਸ਼ ਕਰ ਦੇਵੇਗਾ?’

‘ਉੱਤਰ ਦੇ ਰਾਜੇ’ ਅਤੇ ‘ਦੱਖਣ ਦੇ ਰਾਜੇ’ ਦਾ ਤੁਹਾਡੇ ʼਤੇ ਕੀ ਅਸਰ ਪੈਂਦਾ ਹੈ?

15. “ਉੱਤਰ ਦਾ ਰਾਜਾ” ਅਤੇ “ਦੱਖਣ ਦਾ ਰਾਜਾ” ਕੌਣ ਹਨ? (ਦਾਨੀਏਲ 11:40)

15 ਦਾਨੀਏਲ 11:40 ਪੜ੍ਹੋ। ਦਾਨੀਏਲ ਅਧਿਆਇ 11 ਵਿਚ ਦੋ ਰਾਜਿਆਂ ਜਾਂ ਰਾਜਨੀਤਿਕ ਤਾਕਤਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਦੋ ਰਾਜੇ ਸਾਰੀ ਦੁਨੀਆਂ ʼਤੇ ਰਾਜ ਕਰਨ ਲਈ ਇਕ-ਦੂਜੇ ਨਾਲ ਭਿੜਦੇ ਹਨ। ਇਸ ਭਵਿੱਖਬਾਣੀ ਦੀ ਤੁਲਨਾ ਬਾਈਬਲ ਦੀਆਂ ਹੋਰ ਭਵਿੱਖਬਾਣੀਆਂ ਨਾਲ ਕਰ ਕੇ ਅਸੀਂ ਜਾਣ ਸਕਦੇ ਹਾਂ ਕਿ “ਉੱਤਰ ਦਾ ਰਾਜਾ” ਰੂਸ ਤੇ ਉਸ ਦੇ ਮਿੱਤਰ ਦੇਸ਼ ਹਨ ਅਤੇ “ਦੱਖਣ ਦਾ ਰਾਜਾ” ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹੈ।c

ਤਸਵੀਰਾਂ: 1. ਪਹਿਲਾਂ ਦਿਖਾਏ ਗਏ ਜੋੜੇ ਦੇ ਹੱਥਾਂ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਹਨ, ਪਰ ਉਹ ਡਰੇ ਹੋਏ ਨਹੀਂ ਹਨ। ਪਿੱਛੇ ਰਸ਼ੀਅਨ ਵਾਈਟ ਹਾਊਸ ਅਤੇ ਰੂਸ ਦਾ ਨਕਸ਼ਾ ਹੈ। ਫ਼ੌਜਾਂ ਲੜਾਕੂ ਜਹਾਜ਼ਾਂ, ਬੰਦੂਕਾਂ ਅਤੇ ਟੈਂਕਾਂ ਨਾਲ ਹਮਲਾ ਕਰ ਰਹੀਆਂ ਹਨ। 2. ਪਹਿਲਾਂ ਦਿਖਾਈ ਗਈ ਭੈਣ ਪੂਰੇ ਭਰੋਸੇ ਨਾਲ ਖੜ੍ਹੀ ਹੈ। ਪਿੱਛੇ ਯੂਨਾਇਟਿਡ ਸਟੇਟਸ ਕੈਪੀਟੋਲ ਅਤੇ ਇੰਗਲੈਂਡ ਤੇ ਅਮਰੀਕਾ ਦਾ ਨਕਸ਼ਾ ਹੈ। ਲੋਕ ਗੁੱਸੇ ਵਿਚ ਧਰਨੇ ਦੇ ਰਹੇ ਹਨ ਅਤੇ ਮਿਲਟਰੀ ਟੈਂਕ ਅਤੇ ਲੜਾਕੂ ਜਹਾਜ਼ ਹਮਲੇ ਲਈ ਤਿਆਰ ਹਨ।

ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ‘ਉੱਤਰ ਦੇ ਰਾਜੇ’ ਅਤੇ ‘ਦੱਖਣ ਦੇ ਰਾਜੇ’ ਵਿਚ ਵੈਰ ਕਰਕੇ ਬਾਈਬਲ ਦੀ ਭਵਿੱਖਬਾਣੀ ਪੂਰੀ ਹੁੰਦੀ ਹੈ, ਤਾਂ ਇਸ ਨਾਲ ਸਾਡੀ ਨਿਹਚਾ ਮਜ਼ਬੂਤ ਹੋ ਸਕਦੀ ਹੈ ਅਤੇ ਅਸੀਂ ਹੱਦੋਂ ਵੱਧ ਪਰੇਸ਼ਾਨ ਹੋਣ ਤੋਂ ਬਚ ਸਕਦੇ ਹਾਂ (ਪੈਰੇ 16-18 ਦੇਖੋ)

16. ‘ਉੱਤਰ ਦੇ ਰਾਜੇ’ ਦੀ ਹਕੂਮਤ ਅਧੀਨ ਰਹਿਣ ਵਾਲੇ ਪਰਮੇਸ਼ੁਰ ਦੇ ਲੋਕ ਕਿਹੜੀਆਂ ਮੁਸ਼ਕਲਾਂ ਝੱਲ ਰਹੇ ਹਨ?

16 ਪਰਮੇਸ਼ੁਰ ਦੇ ਜਿਹੜੇ ਸੇਵਕ ‘ਉੱਤਰ ਦੇ ਰਾਜੇ’ ਦੀ ਹਕੂਮਤ ਅਧੀਨ ਰਹਿੰਦੇ ਹਨ, ਉਨ੍ਹਾਂ ʼਤੇ ਇਹ ਰਾਜਾ ਜ਼ੁਲਮ ਕਰ ਰਿਹਾ ਹੈ। ਯਹੋਵਾਹ ਦੇ ਵਫ਼ਾਦਾਰ ਰਹਿਣ ਕਰਕੇ ਕੁਝ ਗਵਾਹਾਂ ਨੂੰ ਮਾਰਿਆ-ਕੁੱਟਿਆ ਗਿਆ ਹੈ ਅਤੇ ਕਈਆਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਹੈ। ਪਰ ‘ਉੱਤਰ ਦੇ ਰਾਜੇ’ ਦੇ ਜ਼ੁਲਮਾਂ ਕਰਕੇ ਸਾਡੇ ਭੈਣ-ਭਰਾ ਡਰੇ ਨਹੀਂ ਹਨ, ਸਗੋਂ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ ਹੈ। ਕਿਉਂ? ਕਿਉਂਕਿ ਉਹ ਜਾਣਦੇ ਹਨ ਕਿ ਪਰਮੇਸ਼ੁਰ ਦੇ ਲੋਕਾਂ ʼਤੇ ਹੁੰਦੇ ਜ਼ੁਲਮਾਂ ਤੋਂ ਸਬੂਤ ਮਿਲਦਾ ਹੈ ਕਿ ਦਾਨੀਏਲ ਦੀ ਭਵਿੱਖਬਾਣੀ ਪੂਰੀ ਹੋ ਰਹੀ ਹੈ।d (ਦਾਨੀ. 11:41) ਇਹ ਜਾਣ ਕੇ ਸਾਡੀ ਉਮੀਦ ਪੱਕੀ ਹੋ ਸਕਦੀ ਹੈ ਅਤੇ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਸਾਡਾ ਇਰਾਦਾ ਮਜ਼ਬੂਤ ਹੋ ਸਕਦਾ ਹੈ।

17. ‘ਦੱਖਣ ਦੇ ਰਾਜੇ’ ਦੀ ਹਕੂਮਤ ਅਧੀਨ ਰਹਿਣ ਵਾਲੇ ਪਰਮੇਸ਼ੁਰ ਦੇ ਲੋਕਾਂ ਨੇ ਕਿਹੜੀਆਂ ਮੁਸ਼ਕਲਾਂ ਝੱਲੀਆਂ ਹਨ?

17 ਪੁਰਾਣੇ ਸਮੇਂ ਵਿਚ ‘ਦੱਖਣ ਦੇ ਰਾਜੇ’ ਨੇ ਪਰਮੇਸ਼ੁਰ ਦੇ ਲੋਕਾਂ ʼਤੇ ਸਿੱਧੇ ਹਮਲੇ ਕੀਤੇ ਸਨ। ਉਦਾਹਰਣ ਲਈ, ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਨਿਰਪੱਖ ਰਹਿਣ ਕਰਕੇ ਬਹੁਤ ਸਾਰੇ ਮਸੀਹੀਆਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਅਤੇ ਕੁਝ ਗਵਾਹਾਂ ਦੇ ਬੱਚਿਆਂ ਨੂੰ ਸਕੂਲਾਂ ਵਿੱਚੋਂ ਕੱਢ ਦਿੱਤਾ ਗਿਆ। ਪਰ ਹਾਲ ਹੀ ਦੇ ਦਹਾਕਿਆਂ ਵਿਚ ‘ਦੱਖਣ ਦੇ ਰਾਜੇ’ ਦੀ ਹਕੂਮਤ ਅਧੀਨ ਰਹਿਣ ਵਾਲੇ ਪਰਮੇਸ਼ੁਰ ਦੇ ਲੋਕਾਂ ਨੂੰ ਇਕ ਅਲੱਗ ਤਰੀਕੇ ਦੀ ਪਰੀਖਿਆ ਦਾ ਸਾਮ੍ਹਣਾ ਕਰਨਾ ਪਿਆ। ਉਨ੍ਹਾਂ ਨੂੰ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ ਜਿਸ ਤੋਂ ਇਸ ਗੱਲ ਦੀ ਪਰਖ ਹੋਈ ਕਿ ਉਹ ਪਰਮੇਸ਼ੁਰ ਦੇ ਰਾਜ ਦਾ ਸਾਥ ਦੇਣਗੇ ਜਾਂ ਨਹੀਂ। ਉਦਾਹਰਣ ਲਈ, ਵੋਟਾਂ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀਆਂ-ਆਪਣੀਆਂ ਪਾਰਟੀਆਂ ਦਾ ਪ੍ਰਚਾਰ ਕਰਦੀਆਂ ਹਨ। ਉਸ ਸਮੇਂ ਦੌਰਾਨ ਸ਼ਾਇਦ ਇਕ ਮਸੀਹੀ ਆਪਣੇ ਮਨ ਵਿਚ ਕਿਸੇ ਰਾਜਨੀਤਿਕ ਪਾਰਟੀ ਜਾਂ ਨੇਤਾ ਨੂੰ ਵਧੀਆ ਸਮਝਣ ਲੱਗ ਪਵੇ। ਸ਼ਾਇਦ ਉਹ ਵੋਟ ਪਾਉਣ ਤਾਂ ਨਾ ਜਾਵੇ, ਪਰ ਉਹ ਆਪਣੇ ਦਿਲ-ਦਿਮਾਗ਼ ਵਿਚ ਉਨ੍ਹਾਂ ਦਾ ਪੱਖ ਲੈਣ ਲੱਗ ਪਵੇ। ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਸਿਰਫ਼ ਆਪਣੇ ਕੰਮਾਂ ਵਿਚ ਹੀ ਨਹੀਂ, ਸਗੋਂ ਆਪਣੀਆਂ ਸੋਚਾਂ ਵਿਚ ਵੀ ਰਾਜਨੀਤਿਕ ਮਾਮਲਿਆਂ ਵਿਚ ਪੂਰੀ ਤਰ੍ਹਾਂ ਨਿਰਪੱਖ ਰਹੀਏ!​—ਯੂਹੰ. 15:18, 19; 18:36.

18. ‘ਉੱਤਰ ਦੇ ਰਾਜੇ’ ਅਤੇ ‘ਦੱਖਣ ਦੇ ਰਾਜੇ’ ਵਿਚ ਵੈਰ ਦੇਖ ਕੇ ਸਾਡੇ ʼਤੇ ਕੀ ਅਸਰ ਪੈਂਦਾ ਹੈ? (ਤਸਵੀਰ ਵੀ ਦੇਖੋ।)

18 ਕਈ ਲੋਕ ਨਹੀਂ ਮੰਨਦੇ ਕਿ ਬਾਈਬਲ ਵਿਚ ਦਰਜ ਭਵਿੱਖਬਾਣੀਆਂ ਪਰਮੇਸ਼ੁਰ ਵੱਲੋਂ ਹਨ। ਇਸ ਲਈ ਜਦੋਂ ਉਹ ਦੇਖਦੇ ਹਨ ਕਿ ‘ਦੱਖਣ ਦੇ ਰਾਜੇ’ ਨੇ ‘ਉੱਤਰ ਦੇ ਰਾਜੇ’ ਨਾਲ ‘ਸਿੰਗ ਫਸਾਏ’ ਹੋਏ ਹਨ, ਤਾਂ ਉਹ ਸ਼ਾਇਦ ਹੱਦੋਂ ਵੱਧ ਪਰੇਸ਼ਾਨ ਹੋ ਜਾਣ। (ਦਾਨੀ. 11:40, ਫੁਟਨੋਟ) ਦੋਹਾਂ ਰਾਜਿਆਂ ਕੋਲ ਬਹੁਤਾਤ ਵਿਚ ਪਰਮਾਣੂ ਬੰਬ ਹਨ ਜਿਨ੍ਹਾਂ ਨਾਲ ਉਹ ਧਰਤੀ ਤੋਂ ਹਰ ਜੀਉਂਦੀ ਜਾਨ ਨੂੰ ਖ਼ਤਮ ਕਰ ਸਕਦੇ ਹਨ। ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਇੱਦਾਂ ਬਿਲਕੁਲ ਵੀ ਨਹੀਂ ਹੋਣ ਦੇਵੇਗਾ। (ਯਸਾ. 45:18) ਇਸ ਕਰਕੇ ਅਸੀਂ ਭਵਿੱਖ ਬਾਰੇ ਸੋਚ-ਸੋਚ ਕੇ ਪਰੇਸ਼ਾਨ ਨਹੀਂ ਹੁੰਦੇ, ਸਗੋਂ ‘ਉੱਤਰ ਦੇ ਰਾਜੇ’ ਅਤੇ ‘ਦੱਖਣ ਦੇ ਰਾਜੇ’ ਵਿਚ ਦੁਸ਼ਮਣੀ ਦੇਖ ਕੇ ਸਾਡੀ ਨਿਹਚਾ ਹੋਰ ਪੱਕੀ ਹੁੰਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਇਸ ਦੁਸ਼ਟ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ।

ਭਵਿੱਖਬਾਣੀਆਂ ਵੱਲ ਧਿਆਨ ਦਿੰਦੇ ਰਹੋ

19. ਬਾਈਬਲ ਦੀਆਂ ਭਵਿੱਖਬਾਣੀਆਂ ਬਾਰੇ ਸਾਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?

19 ਅਸੀਂ ਨਹੀਂ ਜਾਣਦੇ ਕਿ ਬਾਈਬਲ ਦੀਆਂ ਕੁਝ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਣਗੀਆਂ। ਦਾਨੀਏਲ ਨਬੀ ਨੂੰ ਵੀ ਕੁਝ ਭਵਿੱਖਬਾਣੀਆਂ ਦਾ ਮਤਲਬ ਨਹੀਂ ਪਤਾ ਸੀ ਜੋ ਉਸ ਨੇ ਲਿਖੀਆਂ ਸਨ। (ਦਾਨੀ. 12:8, 9) ਪਰ ਜੇ ਸਾਨੂੰ ਇਹ ਪਤਾ ਨਹੀਂ ਹੈ ਕਿ ਕੋਈ ਭਵਿੱਖਬਾਣੀ ਕਿਵੇਂ ਪੂਰੀ ਹੋਵੇਗੀ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਇਹ ਪੂਰੀ ਹੀ ਨਹੀਂ ਹੋਵੇਗੀ। ਬਿਨਾਂ ਸ਼ੱਕ, ਅਸੀਂ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਾਂ ਕਿ ਉਹ ਪੁਰਾਣੇ ਸਮੇਂ ਵਾਂਗ ਸਾਨੂੰ ਸਹੀ ਸਮੇਂ ʼਤੇ ਲੋੜੀਂਦੀ ਜਾਣਕਾਰੀ ਦੇਵੇਗਾ।​—ਆਮੋ. 3:7.

20. (ੳ) ਛੇਤੀ ਹੀ ਅਸੀਂ ਬਾਈਬਲ ਦੀਆਂ ਕਿਹੜੀਆਂ ਦਿਲਚਸਪ ਭਵਿੱਖਬਾਣੀਆਂ ਨੂੰ ਪੂਰਾ ਹੁੰਦਿਆਂ ਦੇਖਾਂਗੇ? (ਅ) ਸਾਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ?

20 ਇਹ ਘੋਸ਼ਣਾ ਕੀਤੀ ਜਾਵੇਗੀ ਕਿ “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” (1 ਥੱਸ. 5:3) ਫਿਰ ਦੁਨੀਆਂ ਦੀਆਂ ਸਰਕਾਰਾਂ ਝੂਠੇ ਧਰਮਾਂ ʼਤੇ ਹਮਲਾ ਕਰਨਗੀਆਂ ਅਤੇ ਇਨ੍ਹਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦੇਣਗੀਆਂ। (ਪ੍ਰਕਾ. 17:16, 17) ਇਸ ਤੋਂ ਬਾਅਦ, ਉਹ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਨਗੀਆਂ। (ਹਿਜ਼. 38:18, 19) ਇਨ੍ਹਾਂ ਘਟਨਾਵਾਂ ਨਾਲ ਆਰਮਾਗੇਡਨ ਦਾ ਆਖ਼ਰੀ ਯੁੱਧ ਸ਼ੁਰੂ ਹੋਵੇਗਾ। (ਪ੍ਰਕਾ. 16:14, 16) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਇਹ ਘਟਨਾਵਾਂ ਛੇਤੀ ਹੀ ਹੋਣਗੀਆਂ। ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਯਹੋਵਾਹ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਇਨ੍ਹਾਂ ਘਟਨਾਵਾਂ ਬਾਰੇ ਲਿਖਵਾਇਆ ਹੈ? ਤਾਂ ਫਿਰ ਆਓ ਆਪਾਂ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਦੇ ਰਹੀਏ ਅਤੇ ਇੱਦਾਂ ਕਰਨ ਵਿਚ ਦੂਜਿਆਂ ਦੀ ਵੀ ਮਦਦ ਕਰਦੇ ਰਹੀਏ।

ਕੀ ਤੁਹਾਨੂੰ ਯਾਦ ਹੈ?

  • ਸਾਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ?

  • ਸਾਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਿਵੇਂ ਕਰਨਾ ਚਾਹੀਦਾ ਹੈ?

  • ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਅਤੇ ਰੂਸ ਤੇ ਉਸ ਦੇ ਮਿੱਤਰ ਦੇਸ਼ਾਂ ਬਾਰੇ ਕਿਹੜੀਆਂ ਕੁਝ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ?

ਗੀਤ 95 ਸੱਚਾਈ ਦਾ ਚਾਨਣ ਵਧਦਾ ਜਾਂਦਾ ਹੈ

a ਚਾਹੇ ਦੁਨੀਆਂ ਦੇ ਹਾਲਾਤ ਜਿੰਨੇ ਮਰਜ਼ੀ ਬੁਰੇ ਹੋ ਜਾਣ, ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਭਵਿੱਖ ਵਧੀਆ ਹੋਵੇਗਾ। ਇਸ ਗੱਲ ਦਾ ਭਰੋਸਾ ਸਾਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰ ਕੇ ਹੁੰਦਾ ਹੈ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਸਾਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ। ਫਿਰ ਅਸੀਂ ਦਾਨੀਏਲ ਰਾਹੀਂ ਦਰਜ ਕੀਤੀਆਂ ਦੋ ਭਵਿੱਖਬਾਣੀਆਂ ʼਤੇ ਗੌਰ ਕਰਾਂਗੇ ਅਤੇ ਦੇਖਾਂਗੇ ਕਿ ਇਨ੍ਹਾਂ ਦਾ ਮਤਲਬ ਸਮਝ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ।

b 15 ਜੂਨ 2012 ਦੇ ਪਹਿਰਾਬੁਰਜ ਵਿਚ “ਯਹੋਵਾਹ ਦੱਸਦਾ ਹੈ ਕਿ ‘ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ’” ਨਾਂ ਦੇ ਲੇਖ ਦੇ ਪੈਰੇ 7-9 ਦੇਖੋ।

c ਮਈ 2020 ਦੇ ਪਹਿਰਾਬੁਰਜ ਵਿਚ “ਅੱਜ ‘ਉੱਤਰ ਦਾ ਰਾਜਾ’ ਕੌਣ ਹੈ?” ਨਾਂ ਦੇ ਲੇਖ ਦੇ ਪੈਰੇ 3-4 ਦੇਖੋ।

d ਮਈ 2020 ਦੇ ਪਹਿਰਾਬੁਰਜ ਵਿਚ “ਅੱਜ ‘ਉੱਤਰ ਦਾ ਰਾਜਾ’ ਕੌਣ ਹੈ?” ਨਾਂ ਦੇ ਲੇਖ ਦੇ ਪੈਰੇ 7-9 ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ