ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w24 ਜਨਵਰੀ ਸਫ਼ੇ 8-14
  • ਕੀ ਤੁਸੀਂ ਸਾਲ ਦੇ ਸਭ ਤੋਂ ਅਹਿਮ ਦਿਨ ਲਈ ਤਿਆਰ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਸਾਲ ਦੇ ਸਭ ਤੋਂ ਅਹਿਮ ਦਿਨ ਲਈ ਤਿਆਰ ਹੋ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮੈਮੋਰੀਅਲ ਲਈ ਆਪਣਾ ਦਿਲ ਤਿਆਰ ਕਰੋ
  • ਮੈਮੋਰੀਅਲ ਤੋਂ ਫ਼ਾਇਦਾ ਪਾਉਣ ਵਿਚ ਦੂਜਿਆਂ ਦੀ ਮਦਦ ਕਰੋ
  • ਸੱਚਾਈ ਵਿਚ ਠੰਢੇ ਪੈ ਚੁੱਕੇ ਲੋਕਾਂ ਦੀ ਮਦਦ ਕਰੋ
  • ਯਹੋਵਾਹ ਦੇ ਪਿਆਰ ਕਰਕੇ ਮਿਲਣ ਵਾਲੀਆਂ ਬਰਕਤਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਰਿਹਾਈ ਦੀ ਕੀਮਤ ਤੋਂ ਅਸੀਂ ਕੀ ਸਿੱਖਦੇ ਹਾਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਮੈਮੋਰੀਅਲ ਮਨਾਉਣ ਦੇ ਤੁਹਾਡੇ ਜਤਨਾਂ ʼਤੇ ਯਹੋਵਾਹ ਦੀ ਬਰਕਤ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਮੈਮੋਰੀਅਲ ਦੇ ਮਹੀਨਿਆਂ ਲਈ ਟੀਚੇ ਰੱਖੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
w24 ਜਨਵਰੀ ਸਫ਼ੇ 8-14

ਅਧਿਐਨ ਲੇਖ 2

ਗੀਤ 19 ਪ੍ਰਭੂ ਦਾ ਭੋਜਨ

ਕੀ ਤੁਸੀਂ ਸਾਲ ਦੇ ਸਭ ਤੋਂ ਅਹਿਮ ਦਿਨ ਲਈ ਤਿਆਰ ਹੋ?

“ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”​—ਲੂਕਾ 22:19.

ਕੀ ਸਿੱਖਾਂਗੇ?

ਅਸੀਂ ਸਿੱਖਾਂਗੇ ਕਿ ਮੈਮੋਰੀਅਲ ਸਾਡੇ ਲਈ ਇੰਨਾ ਖ਼ਾਸ ਕਿਉਂ ਹੈ, ਅਸੀਂ ਇਸ ਲਈ ਤਿਆਰੀ ਕਿਵੇਂ ਕਰ ਸਕਦੇ ਹਾਂ ਅਤੇ ਇਸ ਵਿਚ ਹਾਜ਼ਰ ਹੋਣ ਲਈ ਅਸੀਂ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ।

1. ਮੈਮੋਰੀਅਲ ਸਾਲ ਦਾ ਸਭ ਤੋਂ ਅਹਿਮ ਦਿਨ ਕਿਉਂ ਹੁੰਦਾ ਹੈ? (ਲੂਕਾ 22:19, 20)

ਯਹੋਵਾਹ ਦੇ ਲੋਕ ਹਰ ਸਾਲ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ। ਉਨ੍ਹਾਂ ਲਈ ਸਾਲ ਦਾ ਇਹ ਸਭ ਤੋਂ ਅਹਿਮ ਦਿਨ ਹੁੰਦਾ ਹੈ। ਇਸ ਨੂੰ ਮੈਮੋਰੀਅਲ ਵੀ ਕਿਹਾ ਜਾਂਦਾ ਹੈ। ਇਹੀ ਇਕ ਅਜਿਹਾ ਦਿਨ ਹੈ ਜਿਸ ਨੂੰ ਯਿਸੂ ਨੇ ਮਨਾਉਣ ਦਾ ਹੁਕਮ ਦਿੱਤਾ ਸੀ। (ਲੂਕਾ 22:19, 20 ਪੜ੍ਹੋ।) ਸਾਨੂੰ ਸਾਰਿਆਂ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਕਿਉਂ? ਆਓ ਆਪਾਂ ਕੁਝ ਕਾਰਨਾਂ ʼਤੇ ਗੌਰ ਕਰੀਏ।

2. ਸਾਨੂੰ ਸਾਰਿਆਂ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਿਉਂ ਰਹਿੰਦਾ ਹੈ?

2 ਮੈਮੋਰੀਅਲ ਕਰਕੇ ਅਸੀਂ ਇਸ ਗੱਲ ʼਤੇ ਧਿਆਨ ਦੇ ਪਾਉਂਦੇ ਹਾਂ ਕਿ ਰਿਹਾਈ ਦੀ ਕੀਮਤ ਸਾਡੇ ਲਈ ਕਿੰਨੀ ਅਨਮੋਲ ਹੈ ਅਤੇ ਇਸ ਤੋਂ ਸਾਨੂੰ ਕਿੰਨੇ ਫ਼ਾਇਦੇ ਹੁੰਦੇ ਹਨ। ਅਸੀਂ ਇਸ ਬਾਰੇ ਵੀ ਸੋਚ ਪਾਉਂਦੇ ਹਾਂ ਕਿ ਅਸੀਂ ਯਿਸੂ ਦੀ ਕੁਰਬਾਨੀ ਲਈ ਆਪਣੀ ਕਦਰ ਕਿਵੇਂ ਜ਼ਾਹਰ ਕਰ ਸਕਦੇ ਹਾਂ। (2 ਕੁਰਿੰ. 5:14, 15) ਸਾਨੂੰ ‘ਇਕ-ਦੂਜੇ ਦਾ ਹੌਸਲਾ’ ਵਧਾਉਣ ਦਾ ਵੀ ਮੌਕਾ ਮਿਲਦਾ ਹੈ। (ਰੋਮੀ. 1:12) ਹਰ ਸਾਲ ਮੈਮੋਰੀਅਲ ਵਿਚ ਇੱਦਾਂ ਦੇ ਭੈਣ-ਭਰਾ ਆਉਂਦੇ ਹਨ ਜੋ ਸੱਚਾਈ ਵਿਚ ਠੰਢੇ ਪੈ ਚੁੱਕੇ ਹਨ। ਇਸ ਮੌਕੇ ਤੇ ਭੈਣ-ਭਰਾ ਉਨ੍ਹਾਂ ਦਾ ਪਿਆਰ ਨਾਲ ਸੁਆਗਤ ਕਰਦੇ ਹਨ ਜਿਸ ਕਰਕੇ ਉਨ੍ਹਾਂ ਵਿੱਚੋਂ ਕੁਝ ਤਾਂ ਯਹੋਵਾਹ ਵੱਲ ਵਾਪਸ ਮੁੜ ਆਉਂਦੇ ਹਨ। ਨਾਲੇ ਦਿਲਚਸਪੀ ਰੱਖਣ ਵਾਲੇ ਮੈਮੋਰੀਅਲ ʼਤੇ ਆ ਕੇ ਜੋ ਸੁਣਦੇ ਤੇ ਦੇਖਦੇ ਹਨ, ਉਸ ਕਰਕੇ ਉਹ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਉਹ ਜ਼ਿੰਦਗੀ ਦੇ ਰਾਹ ʼਤੇ ਚੱਲਣ ਲੱਗ ਪੈਂਦੇ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ ਮੈਮੋਰੀਅਲ ਦਾ ਦਿਨ ਸਾਡੇ ਲਈ ਬਹੁਤ ਅਹਿਮ ਹੁੰਦਾ ਹੈ।

3. ਮੈਮੋਰੀਅਲ ਕਰਕੇ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਲੋਕਾਂ ਵਿਚ ਏਕਤਾ ਦਾ ਬੰਧਨ ਕਿਵੇਂ ਮਜ਼ਬੂਤ ਹੁੰਦਾ ਹੈ? (ਤਸਵੀਰ ਵੀ ਦੇਖੋ।)

3 ਸਾਨੂੰ ਇਸ ਲਈ ਵੀ ਮੈਮੋਰੀਅਲ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਇਸ ਕਰਕੇ ਸਾਡੇ ਵਿਚ ਏਕਤਾ ਦਾ ਬੰਧਨ ਮਜ਼ਬੂਤ ਹੁੰਦਾ ਹੈ। ਜਿੱਦਾਂ-ਜਿੱਦਾਂ ਦੁਨੀਆਂ ਦੇ ਅਲੱਗ-ਅਲੱਗ ਹਿੱਸਿਆਂ ਵਿਚ ਸੂਰਜ ਡੁੱਬਦਾ ਹੈ, ਯਹੋਵਾਹ ਦੇ ਲੋਕ ਮੈਮੋਰੀਅਲ ਮਨਾਉਣ ਲਈ ਇਕੱਠੇ ਹੁੰਦੇ ਹਨ। ਅਸੀਂ ਸਾਰੇ ਇਕ ਹੀ ਵਿਸ਼ੇ ʼਤੇ ਭਾਸ਼ਣ ਸੁਣਦੇ ਹਾਂ ਜਿਸ ਵਿਚ ਸਮਝਾਇਆ ਜਾਂਦਾ ਹੈ ਕਿ ਰਿਹਾਈ ਦੀ ਕੀਮਤ ਇੰਨੀ ਮਾਅਨੇ ਕਿਉਂ ਰੱਖਦੀ ਹੈ। ਅਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਦੋ ਗੀਤ ਗਾਉਂਦੇ ਹਾਂ ਅਤੇ ਲੋਕਾਂ ਵਿਚ ਰੋਟੀ ਤੇ ਦਾਖਰਸ ਵਰਤਾਇਆ ਜਾਂਦਾ ਹੈ। ਇਸ ਮੌਕੇ ਤੇ ਚਾਰ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਅਖ਼ੀਰ ਵਿਚ ਅਸੀਂ ਦਿਲੋਂ “ਆਮੀਨ” ਕਹਿੰਦੇ ਹਨ। 24 ਘੰਟਿਆਂ ਦੇ ਅੰਦਰ-ਅੰਦਰ ਪੂਰੀ ਦੁਨੀਆਂ ਵਿਚ ਸਾਰੀਆਂ ਮੰਡਲੀਆਂ ਇਕ ਹੀ ਤਰੀਕੇ ਨਾਲ ਮੈਮੋਰੀਅਲ ਮਨਾਉਂਦੀਆਂ ਹਨ। ਤਾਂ ਫਿਰ ਸੋਚੋ, ਜਦੋਂ ਯਹੋਵਾਹ ਤੇ ਯਿਸੂ ਸਵਰਗ ਤੋਂ ਦੇਖਦੇ ਹੋਣੇ ਕਿ ਅਸੀਂ ਸਾਰੇ ਜਣੇ ਕਿਵੇਂ ਇਕ ਹੋ ਕੇ ਆਪਣੀ ਕਦਰਦਾਨੀ ਜ਼ਾਹਰ ਕਰ ਰਹੇ ਹਾਂ, ਤਾਂ ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ!

ਤਸਵੀਰਾਂ: ਮੈਮੋਰੀਅਲ ਵਾਲੇ ਦਿਨ ਅਲੱਗ-ਅਲੱਗ ਦੇਸ਼ਾਂ ਦੇ ਭੈਣ-ਭਰਾ ਮੈਮੋਰੀਅਲ ਦੀ ਤਿਆਰੀ ਕਰ ਰਹੇ ਹਨ ਅਤੇ ਮੈਮੋਰੀਅਲ ਮਨਾ ਰਹੇ ਹਨ। 1. ਪੋਰਟੋ ਰੀਕੋ ਵਿਚ ਇਕ ਪਰਿਵਾਰ ਬਾਈਬਲ ਹਵਾਲੇ ਦੀ ਚਰਚਾ ਦਾ ਖ਼ਾਸ ਪ੍ਰੋਗ੍ਰਾਮ ਦੇਖ ਰਿਹਾ ਹੈ। 2. ਇਟਲੀ ਵਿਚ ਇਕ ਪਤੀ-ਪਤਨੀ ਪ੍ਰਚਾਰ ਕਰ ਰਹੇ ਹਨ ਅਤੇ ਇਕ ਆਦਮੀ ਨੂੰ ਮੈਮੋਰੀਅਲ ਦਾ ਸੱਦਾ-ਪੱਤਰ ਦੇ ਰਹੇ ਹਨ। 3. ਕੀਨੀਆ ਵਿਚ ਦੋ ਭਰਾ ਇਕ ਆਦਮੀ ਨੂੰ ਬਾਈਬਲ ਵਿੱਚੋਂ ਆਇਤ ਪੜ੍ਹ ਕੇ ਸੁਣਾ ਰਹੇ ਹਨ। 4. ਜਾਰਜੀਆ ਵਿਚ ਇਕ ਭੈਣ ਆਪਣੀ ਧੀ ਨਾਲ “ਮੈਮੋਰੀਅਲ ਦੀ ਰੋਟੀ ਕਿਵੇਂ ਬਣਾਈਏ?” ਵੀਡੀਓ ਦੇਖ ਰਹੀ ਹੈ ਅਤੇ ਉਸ ਹਿਸਾਬ ਨਾਲ ਮੈਮੋਰੀਅਲ ਦੀ ਰੋਟੀ ਬਣਾ ਰਹੀ ਹੈ। 5. ਭਾਰਤ ਵਿਚ ਭੈਣ-ਭਰਾ ਕਿੰਗਡਮ ਦੀ ਸਾਫ਼-ਸਫ਼ਾਈ ਕਰ ਰਹੇ ਹਨ ਅਤੇ ਇਕ ਮੇਜ਼ ʼਤੇ ਬੇਖ਼ਮੀਰੀ ਰੋਟੀ ਅਤੇ ਦਾਖਰਸ ਰੱਖਿਆ ਹੋਇਆ ਹੈ। 6. ਥਾਈਲੈਂਡ ਵਿਚ ਇਕ ਭਰਾ ਕਿੰਗਡਮ ਵਿਚ ਇਕ ਆਦਮੀ ਦਾ ਸੁਆਗਤ ਕਰ ਰਿਹਾ ਹੈ। 7. ਜਪਾਨ ਵਿਚ ਮੈਮੋਰੀਅਲ ਦੌਰਾਨ ਸਾਰੇ ਲੋਕਾਂ ਵਿਚ ਬੇਖਮੀਰੀ ਰੋਟੀ ਵਰਤਾਈ ਜਾ ਰਹੀ ਹੈ ਅਤੇ ਇਕ ਭਰਾ ਇਕ ਭੈਣ ਨੂੰ ਪਲੇਟ ਫੜਾ ਰਿਹਾ ਹੈ।

ਮੈਮੋਰੀਅਲ ਪੂਰੀ ਦੁਨੀਆਂ ਦੇ ਭੈਣਾਂ-ਭਰਾਵਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਦਾ ਹੈ (ਪੈਰਾ 3 ਦੇਖੋ)f


4. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?

4 ਇਸ ਲੇਖ ਵਿਚ ਅਸੀਂ ਤਿੰਨ ਸਵਾਲਾਂ ਦੇ ਜਵਾਬ ਜਾਣਾਂਗੇ: ਅਸੀਂ ਮੈਮੋਰੀਅਲ ਲਈ ਆਪਣਾ ਦਿਲ ਕਿਵੇਂ ਤਿਆਰ ਕਰ ਸਕਦੇ ਹਾਂ? ਇਸ ਤੋਂ ਫ਼ਾਇਦਾ ਪਾਉਣ ਲਈ ਅਸੀਂ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ? ਨਾਲੇ ਜਿਹੜੇ ਭੈਣ-ਭਰਾ ਕੁਝ ਸਮੇਂ ਤੋਂ ਸਭਾਵਾਂ ਤੇ ਪ੍ਰਚਾਰ ਵਿਚ ਨਹੀਂ ਆ ਰਹੇ, ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਅਸੀਂ ਉਸ ਅਹਿਮ ਦਿਨ ਲਈ ਤਿਆਰ ਹੋ ਸਕਾਂਗੇ।

ਮੈਮੋਰੀਅਲ ਲਈ ਆਪਣਾ ਦਿਲ ਤਿਆਰ ਕਰੋ

5. (ੳ) ਰਿਹਾਈ ਦੀ ਕੀਮਤ ਸਾਡੇ ਲਈ ਕਿੰਨੀ ਅਨਮੋਲ ਹੈ, ਸਾਨੂੰ ਇਸ ਬਾਰੇ ਕਿਉਂ ਸੋਚਣਾ ਚਾਹੀਦਾ ਹੈ? (ਜ਼ਬੂਰ 49:7, 8) (ਅ) ਯਿਸੂ ਕਿਉਂ ਮਰਿਆ? ਵੀਡੀਓ ਤੋਂ ਤੁਸੀਂ ਕੀ ਸਿੱਖਿਆ?

5 ਅਸੀਂ ਕਈ ਤਰੀਕਿਆਂ ਨਾਲ ਮੈਮੋਰੀਅਲ ਲਈ ਆਪਣਾ ਦਿਲ ਤਿਆਰ ਕਰ ਸਕਦੇ ਹਾਂ। ਇਕ ਅਹਿਮ ਤਰੀਕਾ ਹੈ, ਇਸ ਬਾਰੇ ਸੋਚਣਾ ਕਿ ਯਿਸੂ ਮਸੀਹ ਦੀ ਰਿਹਾਈ ਦੀ ਕੀਮਤ ਸਾਡੇ ਲਈ ਕਿੰਨੀ ਅਨਮੋਲ ਹੈ ਅਤੇ ਇਸ ਨਾਲ ਕੀ ਕੁਝ ਮੁਮਕਿਨ ਹੋਇਆ ਹੈ। ਦੇਖਿਆ ਜਾਵੇ ਤਾਂ ਪਾਪ ਤੇ ਮੌਤ ਤੋਂ ਛੁਟਕਾਰਾ ਪਾਉਣ ਲਈ ਅਸੀਂ ਖ਼ੁਦ ਕੁਝ ਵੀ ਨਹੀਂ ਕਰ ਸਕਦੇ ਸੀ। (ਜ਼ਬੂਰ 49:7, 8 ਪੜ੍ਹੋ; ਯਿਸੂ ਕਿਉਂ ਮਰਿਆ? ਵੀਡੀਓ ਵੀ ਦੇਖੋ।)a ਇਸ ਲਈ ਯਹੋਵਾਹ ਤੇ ਯਿਸੂ ਨੇ ਸਾਡੀ ਖ਼ਾਤਰ ਭਾਰੀ ਕੀਮਤ ਚੁਕਾਈ। ਯਹੋਵਾਹ ਨੇ ਸਾਨੂੰ ਛੁਡਾਉਣ ਲਈ ਆਪਣੇ ਪੁੱਤਰ ਯਿਸੂ ਦੀ ਕੁਰਬਾਨੀ ਦੇ ਦਿੱਤੀ। (ਰੋਮੀ. 6:23) ਸੋਚੋ ਕਿ ਯਹੋਵਾਹ ਤੇ ਯਿਸੂ ਨੇ ਸਾਡੇ ਲਈ ਕੀ ਕੁਝ ਸਹਿਆ। ਜਿੰਨਾ ਜ਼ਿਆਦਾ ਅਸੀਂ ਇਸ ਬਾਰੇ ਸੋਚਾਂਗੇ, ਉੱਨਾ ਹੀ ਰਿਹਾਈ ਦੀ ਕੀਮਤ ਲਈ ਸਾਡੀ ਕਦਰ ਵਧੇਗੀ। ਯਹੋਵਾਹ ਤੇ ਯਿਸੂ ਨੇ ਸਾਡੇ ਲਈ ਜੋ ਤਿਆਗ ਕੀਤੇ ਹਨ, ਆਓ ਆਪਾਂ ਉਨ੍ਹਾਂ ਵਿੱਚੋਂ ਕੁਝ ʼਤੇ ਗੌਰ ਕਰੀਏ। ਪਰ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਰਿਹਾਈ ਦੀ ਕੀਮਤ ਦੇ ਇੰਤਜ਼ਾਮ ਵਿਚ ਕੀ ਕੁਝ ਸ਼ਾਮਲ ਹੈ।

6. ਰਿਹਾਈ ਦੀ ਕੀਮਤ ਦਾ ਕੀ ਮਤਲਬ ਹੈ ਅਤੇ ਯਿਸੂ ਨੇ ਆਪਣਾ ਜੀਵਨ ਕਿਉਂ ਕੁਰਬਾਨ ਕੀਤਾ?

6 ਰਿਹਾਈ ਦੀ ਕੀਮਤ ਉਹ ਕੀਮਤ ਹੁੰਦੀ ਹੈ ਜੋ ਕਿਸੇ ਨੂੰ ਛੁਡਾਉਣ ਜਾਂ ਕੋਈ ਚੀਜ਼ ਵਾਪਸ ਲੈਣ ਲਈ ਦਿੱਤੀ ਜਾਂਦੀ ਹੈ। ਜਦੋਂ ਪਹਿਲੇ ਆਦਮੀ ਆਦਮ ਨੂੰ ਬਣਾਇਆ ਗਿਆ ਸੀ, ਉਦੋਂ ਉਹ ਮੁਕੰਮਲ ਸੀ ਅਤੇ ਉਸ ਕੋਲ ਹਮੇਸ਼ਾ ਲਈ ਜੀਉਂਦੇ ਰਹਿਣ ਦੀ ਉਮੀਦ ਸੀ। ਪਰ ਫਿਰ ਉਸ ਨੇ ਪਾਪ ਕੀਤਾ ਅਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਗੁਆ ਲਿਆ। ਇਹ ਮੌਕਾ ਉਸ ਦੇ ਬੱਚਿਆਂ ਦੇ ਹੱਥੋਂ ਵੀ ਨਿਕਲ ਗਿਆ। ਆਦਮ ਨੇ ਜੋ ਗੁਆਇਆ, ਉਸ ਨੂੰ ਵਾਪਸ ਪਾਉਣ ਲਈ ਯਿਸੂ ਨੇ ਆਪਣਾ ਮੁਕੰਮਲ ਜੀਵਨ ਕੁਰਬਾਨ ਕਰ ਦਿੱਤਾ। ਧਰਤੀ ʼਤੇ ਹੁੰਦਿਆਂ “[ਯਿਸੂ] ਨੇ ਕੋਈ ਪਾਪ ਨਹੀਂ ਕੀਤਾ ਅਤੇ ਨਾ ਹੀ ਆਪਣੇ ਮੂੰਹੋਂ ਧੋਖਾ ਦੇਣ ਵਾਲੀਆਂ ਗੱਲਾਂ ਕਹੀਆਂ।” (1 ਪਤ. 2:22) ਸੋ ਜਦੋਂ ਉਸ ਦੀ ਮੌਤ ਹੋਈ, ਤਾਂ ਉਹ ਮੁਕੰਮਲ ਸੀ ਬਿਲਕੁਲ ਜਿੱਦਾਂ ਆਦਮ ਪਾਪ ਕਰਨ ਤੋਂ ਪਹਿਲਾਂ ਮੁਕੰਮਲ ਸੀ। ਇਸ ਲਈ ਆਪਣਾ ਮੁਕੰਮਲ ਜੀਵਨ ਕੁਰਬਾਨ ਕਰ ਕੇ ਯਿਸੂ ਨੇ ਰਿਹਾਈ ਦੀ ਬਰਾਬਰ ਕੀਮਤ ਚੁਕਾਈ।​—1 ਕੁਰਿੰ. 15:45; 1 ਤਿਮੋ. 2:6.

7. ਧਰਤੀ ʼਤੇ ਹੁੰਦਿਆਂ ਯਿਸੂ ਨੂੰ ਕਿਹੜੀਆਂ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?

7 ਧਰਤੀ ʼਤੇ ਹੁੰਦਿਆਂ ਯਿਸੂ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਫਿਰ ਵੀ ਉਸ ਨੇ ਹਮੇਸ਼ਾ ਆਪਣੇ ਪਿਤਾ ਦਾ ਕਹਿਣਾ ਮੰਨਿਆ। ਜਦੋਂ ਯਿਸੂ ਛੋਟਾ ਸੀ, ਤਾਂ ਉਸ ਨੂੰ ਆਪਣੇ ਨਾਮੁਕੰਮਲ ਮਾਪਿਆਂ ਦੇ ਅਧੀਨ ਰਹਿਣਾ ਪਿਆ ਜਦ ਕਿ ਯਿਸੂ ਖ਼ੁਦ ਮੁਕੰਮਲ ਸੀ। (ਲੂਕਾ 2:51) ਨੌਜਵਾਨ ਹੁੰਦਿਆਂ ਸ਼ਾਇਦ ਯਿਸੂ ʼਤੇ ਇਹ ਦਬਾਅ ਆਇਆ ਹੋਣਾ ਕਿ ਉਹ ਆਪਣੇ ਮਾਪਿਆਂ ਦੀ ਕਹਿਣਾ ਨਾ ਮੰਨੇ ਜਾਂ ਯਹੋਵਾਹ ਦਾ ਵਫ਼ਾਦਾਰ ਨਾ ਰਹੇ। ਫਿਰ ਜਦੋਂ ਉਹ ਵੱਡਾ ਹੋਇਆ, ਤਾਂ ਸ਼ੈਤਾਨ ਨੇ ਉਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ, ਇੱਥੋਂ ਤਕ ਕਿ ਉਸ ਨੇ ਯਿਸੂ ʼਤੇ ਦਬਾਅ ਪਾਇਆ ਕਿ ਉਹ ਯਹੋਵਾਹ ਨਾਲ ਬੇਵਫ਼ਾਈ ਕਰੇ। (ਮੱਤੀ 4:1-11) ਸ਼ੈਤਾਨ ਨੇ ਤਾਂ ਜਿੱਦਾਂ ਸਹੁੰ ਹੀ ਖਾ ਲਈ ਸੀ ਕਿ ਉਹ ਯਿਸੂ ਤੋਂ ਪਾਪ ਕਰਵਾ ਕੇ ਹੀ ਰਹੇਗਾ ਤਾਂਕਿ ਉਹ ਰਿਹਾਈ ਦੀ ਕੀਮਤ ਨਾ ਚੁਕਾ ਸਕੇ।

8. ਯਿਸੂ ਨੂੰ ਹੋਰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?

8 ਜਦੋਂ ਯਿਸੂ ਨੇ ਧਰਤੀ ʼਤੇ ਸੇਵਕਾਈ ਸ਼ੁਰੂ ਕੀਤੀ, ਤਾਂ ਉਸ ਨੂੰ ਹੋਰ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰਨਾ ਪਿਆ। ਉਸ ਦੇ ਦੁਸ਼ਮਣਾਂ ਨੇ ਉਸ ʼਤੇ ਜ਼ੁਲਮ ਕੀਤੇ ਅਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। (ਲੂਕਾ 4:28, 29; 13:31) ਨਾਲੇ ਉਸ ਦੇ ਚੇਲੇ ਨਾਮੁਕੰਮਲ ਸਨ ਜਿਸ ਕਰਕੇ ਉਸ ਨੂੰ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਵੀ ਸਹਿਣੀਆਂ ਪਈਆਂ। (ਮਰ. 9:33, 34) ਫਿਰ ਜਦੋਂ ਉਸ ʼਤੇ ਮੁਕੱਦਮਾ ਚਲਾਇਆ ਗਿਆ, ਤਾਂ ਉਸ ਦਾ ਮਜ਼ਾਕ ਉਡਾਇਆ ਗਿਆ ਅਤੇ ਉਸ ਨੂੰ ਬਹੁਤ ਤੜਫਾਇਆ ਗਿਆ। (ਇਬ. 12:1-3) ਆਪਣੇ ਆਖ਼ਰੀ ਸਾਹਾਂ ਦੌਰਾਨ ਉਸ ਨੂੰ ਜੋ ਦਰਦ ਸਹਿਣਾ ਪਿਆ, ਉਸ ਨੇ ਉਹ ਸਭ ਯਹੋਵਾਹ ਦੀ ਮਦਦ ਤੋਂ ਬਿਨਾਂ ਹੀ ਸਹਿਆ।b​—ਮੱਤੀ 27:46.

9. ਯਿਸੂ ਨੇ ਸਾਡੇ ਲਈ ਜੋ ਕੁਰਬਾਨੀ ਦਿੱਤੀ, ਉਸ ਬਾਰੇ ਸੋਚ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ? (1 ਪਤਰਸ 1:8)

9 ਰਿਹਾਈ ਦੀ ਕੀਮਤ ਦੇਣ ਲਈ ਯਿਸੂ ਨੂੰ ਬਹੁਤ ਕੁਝ ਸਹਿਣਾ ਪਿਆ। ਜਦੋਂ ਅਸੀਂ ਇਸ ਬਾਰੇ ਸੋਚਦੇ ਹਾਂ ਕਿ ਯਿਸੂ ਨੇ ਸਾਡੀ ਖ਼ਾਤਰ ਕਿੰਨਾ ਕੁਝ ਸਹਿਆ, ਤਾਂ ਸਾਡਾ ਦਿਲ ਉਸ ਲਈ ਪਿਆਰ ਅਤੇ ਕਦਰਦਾਨੀ ਨਾਲ ਭਰ ਜਾਂਦਾ ਹੈ।​—1 ਪਤਰਸ 1:8 ਪੜ੍ਹੋ।

10. ਰਿਹਾਈ ਦੀ ਕੀਮਤ ਲਈ ਯਹੋਵਾਹ ਨੂੰ ਕੀ ਕੁਝ ਸਹਿਣਾ ਪਿਆ?

10 ਹੁਣ ਜ਼ਰਾ ਧਿਆਨ ਦਿਓ ਕਿ ਯਹੋਵਾਹ ਨੂੰ ਕੀ ਸਹਿਣਾ ਪਿਆ ਤਾਂਕਿ ਯਿਸੂ ਆਪਣੀ ਕੁਰਬਾਨੀ ਦੇ ਸਕੇ। ਇਕ ਪਿਤਾ ਤੇ ਪੁੱਤਰ ਦਾ ਰਿਸ਼ਤਾ ਬਹੁਤ ਗੂੜ੍ਹਾ ਹੁੰਦਾ ਹੈ। ਕਲਪਨਾ ਕਰੋ ਕਿ ਯਹੋਵਾਹ ਤੇ ਯਿਸੂ ਦਾ ਰਿਸ਼ਤਾ ਕਿੰਨਾ ਗੂੜ੍ਹਾ ਹੋਣਾ। (ਕਹਾ. 8:30) ਜ਼ਰਾ ਸੋਚੋ ਕਿ ਜਦੋਂ ਯਹੋਵਾਹ ਨੇ ਦੇਖਿਆ ਹੋਣਾ ਕਿ ਯਿਸੂ ਇਸ ਧਰਤੀ ʼਤੇ ਕਿੰਨੀਆਂ ਮੁਸ਼ਕਲਾਂ ਸਹਿ ਰਿਹਾ ਹੈ, ਤਾਂ ਉਸ ʼਤੇ ਕੀ ਬੀਤੀ ਹੋਣੀ। ਜਦੋਂ ਉਸ ਨੇ ਦੇਖਿਆ ਹੋਣਾ ਕਿ ਲੋਕ ਕਿਵੇਂ ਉਸ ਦੇ ਪੁੱਤਰ ਨੂੰ ਸਤਾ ਰਹੇ ਹਨ, ਉਸ ਨੂੰ ਠੁਕਰਾ ਰਹੇ ਹਨ ਅਤੇ ਉਸ ʼਤੇ ਜ਼ੁਲਮ ਕਰ ਰਹੇ ਹਨ, ਤਾਂ ਉਸ ਦਾ ਕਲੇਜਾ ਵਿੰਨ੍ਹਿਆ ਗਿਆ ਹੋਣਾ।

11. ਸਮਝਾਓ ਕਿ ਯਹੋਵਾਹ ਨੂੰ ਉਦੋਂ ਕਿੱਦਾਂ ਲੱਗਾ ਹੋਣਾ ਜਦੋਂ ਯਿਸੂ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ ਗਿਆ।

11 ਜਿਸ ਮਾਂ-ਬਾਪ ਦੇ ਬੱਚੇ ਦੀ ਮੌਤ ਹੋ ਗਈ ਹੈ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਪਣੇ ਬੱਚੇ ਨੂੰ ਗੁਆਉਣ ਦਾ ਗਮ ਕੀ ਹੁੰਦਾ ਹੈ। ਵੈਸੇ ਤਾਂ ਸਾਨੂੰ ਪੂਰੀ ਨਿਹਚਾ ਹੈ ਕਿ ਜੋ ਹੁਣ ਨਹੀਂ ਰਹੇ, ਉਨ੍ਹਾਂ ਨੂੰ ਯਹੋਵਾਹ ਇਕ ਦਿਨ ਜ਼ਰੂਰ ਜੀਉਂਦਾ ਕਰੇਗਾ। ਪਰ ਫਿਰ ਵੀ ਆਪਣਿਆਂ ਦੀ ਮੌਤ ਦਾ ਗਮ ਸਹਿਣਾ ਬਰਦਾਸ਼ਤ ਤੋਂ ਬਾਹਰ ਹੁੰਦਾ ਹੈ। ਤਾਂ ਫਿਰ ਸੋਚੋ ਕਿ 14 ਨੀਸਾਨ 33 ਈਸਵੀ ਨੂੰ ਜਦੋਂ ਯਹੋਵਾਹ ਨੇ ਦੇਖਿਆ ਹੋਣਾ ਕਿ ਕਿਵੇਂ ਉਸ ਦੇ ਪਿਆਰੇ ਪੁੱਤਰ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ ਗਿਆ, ਤਾਂ ਉਸ ਨੂੰ ਕਿੰਨਾ ਦੁੱਖ ਹੋਇਆ ਹੋਣਾ!c​—ਮੱਤੀ 3:17.

12. ਜਿੱਦਾਂ-ਜਿੱਦਾਂ ਮੈਮੋਰੀਅਲ ਨੇੜੇ ਆ ਰਿਹਾ ਹੈ, ਅਸੀਂ ਕੀ ਕਰ ਸਕਦੇ ਹਾਂ?

12 ਮੈਮੋਰੀਅਲ ਆਉਣ ਤਕ ਕਿਉਂ ਨਾ ਤੁਸੀਂ ਨਿੱਜੀ ਅਧਿਐਨ ਜਾਂ ਪਰਿਵਾਰਕ ਸਟੱਡੀ ਵਿਚ ਰਿਹਾਈ ਦੀ ਕੀਮਤ ਬਾਰੇ ਹੋਰ ਚੰਗੀ ਤਰ੍ਹਾਂ ਸਟੱਡੀ ਕਰੋ? ਜੇ ਤੁਸੀਂ ਚਾਹੋ, ਤਾਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਜਾਂ ਹੋਰ ਪ੍ਰਕਾਸ਼ਨਾਂ ਦੀ ਮਦਦ ਨਾਲ ਇਸ ਵਿਸ਼ੇ ʼਤੇ ਖੋਜਬੀਨ ਕਰ ਸਕਦੇ ਹੋ ਤਾਂਕਿ ਤੁਸੀਂ ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੋ।d ਇਸ ਤੋਂ ਇਲਾਵਾ, ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ​—ਸਭਾ ਪੁਸਤਿਕਾ ਵਿਚ ਬਾਈਬਲ ਪੜ੍ਹਾਈ ਲਈ ਜੋ ਸ਼ਡਿਉਲ ਦਿੱਤਾ ਗਿਆ ਹੈ, ਉਸ ਅਨੁਸਾਰ ਬਾਈਬਲ ਪੜ੍ਹੋ। ਨਾਲੇ ਮੈਮੋਰੀਅਲ ਵਾਲੇ ਦਿਨ “ਬਾਈਬਲ ਹਵਾਲੇ ਦੀ ਚਰਚਾ” ਵਿਚ ਜੋ ਖ਼ਾਸ ਪ੍ਰੋਗ੍ਰਾਮ ਆਵੇਗਾ, ਉਸ ਨੂੰ ਵੀ ਜ਼ਰੂਰ ਦੇਖੋ। ਜਦੋਂ ਅਸੀਂ ਇਸ ਤਰ੍ਹਾਂ ਮੈਮੋਰੀਅਲ ਲਈ ਆਪਣਾ ਦਿਲ ਤਿਆਰ ਕਰਾਂਗੇ, ਤਾਂ ਅਸੀਂ ਮੈਮੋਰੀਅਲ ਤੋਂ ਫ਼ਾਇਦਾ ਪਾਉਣ ਵਿਚ ਦੂਜਿਆਂ ਦੀ ਵੀ ਮਦਦ ਕਰ ਸਕਾਂਗੇ।​—ਅਜ਼. 7:10.

ਖੋਜਬੀਨ ਕਰਨ ਲਈ ਸੁਝਾਅ

ਰਿਹਾਈ ਦੀ ਕੀਮਤ ਬਾਰੇ ਖੋਜਬੀਨ ਕਰਦਿਆਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰੋ:

  • ਰਿਹਾਈ ਦੀ ਕੀਮਤ ਦੇਣ ਦੀ ਲੋੜ ਕਿਉਂ ਪਈ? ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਮਾਫ਼ ਕਿਉਂ ਨਹੀਂ ਕੀਤਾ?

  • ਯਹੋਵਾਹ ਨੇ ਯਿਸੂ ਨੂੰ ਹੀ ਕਿਉਂ ਚੁਣਿਆ ਕਿ ਉਹ ਧਰਤੀ ʼਤੇ ਆ ਕੇ ਆਪਣੀ ਕੁਰਬਾਨੀ ਦੇਵੇ ਤੇ ਸਾਨੂੰ ਛੁਡਾਵੇ?

  • ਰਿਹਾਈ ਦੀ ਕੀਮਤ ਕਰਕੇ ਸਾਨੂੰ ਅੱਜ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

  • ਰਿਹਾਈ ਦੀ ਕੀਮਤ ਕਰਕੇ ਸਾਨੂੰ ਭਵਿੱਖ ਵਿਚ ਕਿਹੜੀਆਂ ਬਰਕਤਾਂ ਮਿਲਣਗੀਆਂ?

ਮੈਮੋਰੀਅਲ ਤੋਂ ਫ਼ਾਇਦਾ ਪਾਉਣ ਵਿਚ ਦੂਜਿਆਂ ਦੀ ਮਦਦ ਕਰੋ

13. ਲੋਕਾਂ ਨੂੰ ਮੈਮੋਰੀਅਲ ਤੋਂ ਫ਼ਾਇਦਾ ਹੋਵੇ, ਇਸ ਲਈ ਸਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਵੇਗਾ?

13 ਮੈਮੋਰੀਅਲ ਤੋਂ ਫ਼ਾਇਦਾ ਪਾਉਣ ਵਿਚ ਅਸੀਂ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ? ਸਭ ਤੋਂ ਪਹਿਲਾਂ ਤਾਂ ਸਾਨੂੰ ਲੋਕਾਂ ਨੂੰ ਸੱਦਾ ਦੇਣਾ ਪਵੇਗਾ। ਅਸੀਂ ਪ੍ਰਚਾਰ ਵਿਚ ਤਾਂ ਲੋਕਾਂ ਨੂੰ ਸੱਦਾ ਦੇਵਾਂਗੇ ਹੀ, ਪਰ ਅਸੀਂ ਨਾਲ ਦੇ ਨਾਲ ਉਨ੍ਹਾਂ ਲੋਕਾਂ ਦੇ ਵੀ ਨਾਂ ਲਿਖ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਬੁਲਾਉਣਾ ਚਾਹੁੰਦੇ ਹਾਂ। ਜਿਵੇਂ, ਸਾਡੇ ਰਿਸ਼ਤੇਦਾਰ, ਸਾਡੇ ਨਾਲ ਕੰਮ ਕਰਨ ਵਾਲੇ, ਸਾਡੇ ਨਾਲ ਪੜ੍ਹਨ ਵਾਲੇ ਜਾਂ ਹੋਰ ਲੋਕ। ਜੇ ਸਾਡੇ ਕੋਲ ਛਪੇ ਹੋਏ ਸੱਦਾ-ਪੱਤਰ ਜ਼ਿਆਦਾ ਨਹੀਂ ਹਨ, ਤਾਂ ਅਸੀਂ ਆਪਣੇ ਫ਼ੋਨ ਜਾਂ ਟੈਬਲੇਟ ਤੋਂ ਲੋਕਾਂ ਨੂੰ ਸੱਦਾ-ਪੱਤਰ ਭੇਜ ਸਕਦੇ ਹਾਂ। ਆਓ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਦਾ ਦੇਈਏ, ਕੀ ਪਤਾ ਕੌਣ ਆ ਜਾਵੇ!​—ਉਪ. 11:6.

14. ਇਕ ਉਦਾਹਰਣ ਦੇ ਕੇ ਸਮਝਾਓ ਕਿ ਜਦੋਂ ਅਸੀਂ ਕਿਸੇ ਜਾਣ-ਪਛਾਣ ਵਾਲੇ ਨੂੰ ਨਿੱਜੀ ਤੌਰ ਤੇ ਸੱਦਾ ਦਿੰਦੇ ਹਾਂ, ਤਾਂ ਉਸ ਦਾ ਕੀ ਫ਼ਾਇਦਾ ਹੋ ਸਕਦਾ ਹੈ।

14 ਜਦੋਂ ਅਸੀਂ ਕਿਸੇ ਜਾਣ-ਪਛਾਣ ਵਾਲੇ ਨੂੰ ਸੱਦਾ ਦਿੰਦੇ ਹਾਂ ਅਤੇ ਉਸ ਨੂੰ ਕਹਿੰਦੇ ਹਾਂ ਕਿ ਇਹ ਖ਼ਾਸ ਉਸ ਲਈ ਹੈ, ਤਾਂ ਸ਼ਾਇਦ ਇਹ ਗੱਲ ਉਸ ਦੇ ਦਿਲ ਨੂੰ ਛੂਹ ਜਾਵੇ ਤੇ ਉਸ ਦਾ ਮੈਮੋਰੀਅਲ ʼਤੇ ਆਉਣ ਦਾ ਮਨ ਕਰੇ। ਜ਼ਰਾ ਧਿਆਨ ਦਿਓ ਕਿ ਇਕ ਭੈਣ ਨਾਲ ਕੀ ਹੋਇਆ। ਉਸ ਦਾ ਪਤੀ ਸੱਚਾਈ ਵਿਚ ਨਹੀਂ ਹੈ। ਇਕ ਦਿਨ ਉਸ ਦੇ ਪਤੀ ਨੇ ਖ਼ੁਸ਼ੀ-ਖ਼ੁਸ਼ੀ ਉਸ ਨੂੰ ਕਿਹਾ ਕਿ ਉਹ ਉਸ ਦੇ ਨਾਲ ਮੈਮੋਰੀਅਲ ʼਤੇ ਜਾਵੇਗਾ। ਇਹ ਸੁਣ ਕੇ ਭੈਣ ਹੈਰਾਨ ਰਹਿ ਗਈ। ਉਹ ਇਸ ਲਈ ਕਿਉਂਕਿ ਉਸ ਨੇ ਪਹਿਲਾਂ ਵੀ ਕਈ ਵਾਰ ਆਪਣੇ ਪਤੀ ਨੂੰ ਮੈਮੋਰੀਅਲ ʼਤੇ ਬੁਲਾਇਆ ਸੀ, ਪਰ ਉਹ ਕਦੀ ਨਹੀਂ ਆਇਆ। ਸੋ ਇਸ ਵਾਰ ਕੀ ਵੱਖਰਾ ਹੋਇਆ? ਉਸ ਦੇ ਪਤੀ ਨੇ ਉਸ ਨੂੰ ਕਿਹਾ: “ਮੈਨੂੰ ਅਲੱਗ ਤੋਂ ਸੱਦਾ ਮਿਲਿਆ ਹੈ।” ਉਸ ਨੇ ਦੱਸਿਆ ਕਿ ਮੰਡਲੀ ਦੇ ਜਿਸ ਬਜ਼ੁਰਗ ਨਾਲ ਉਸ ਦੀ ਜਾਣ-ਪਛਾਣ ਹੈ, ਉਸ ਨੇ ਉਸ ਨੂੰ ਖ਼ਾਸ ਤੌਰ ਤੇ ਸੱਦਾ ਦਿੱਤਾ ਹੈ। ਭੈਣ ਦਾ ਪਤੀ ਉਸ ਸਾਲ ਮੈਮੋਰੀਅਲ ʼਤੇ ਗਿਆ ਅਤੇ ਕਈ ਸਾਲਾਂ ਤਕ ਜਾਂਦਾ ਰਿਹਾ।

15. ਜਦੋਂ ਅਸੀਂ ਲੋਕਾਂ ਨੂੰ ਮੈਮੋਰੀਅਲ ʼਤੇ ਬੁਲਾਉਂਦੇ ਹਾਂ, ਤਾਂ ਅਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹਾਂ?

15 ਇਕ ਹੋਰ ਗੱਲ। ਧਿਆਨ ਰੱਖੋ ਕਿ ਜਦੋਂ ਅਸੀਂ ਕਿਸੇ ਨੂੰ ਮੈਮੋਰੀਅਲ ʼਤੇ ਬੁਲਾਉਂਦੇ ਹਾਂ, ਤਾਂ ਸ਼ਾਇਦ ਉਸ ਦੇ ਮਨ ਵਿਚ ਕੁਝ ਸਵਾਲ ਹੋਣ, ਖ਼ਾਸ ਕਰਕੇ ਜੇ ਉਹ ਪਹਿਲਾਂ ਕਦੀ ਸਾਡੀਆਂ ਸਭਾਵਾਂ ʼਤੇ ਨਹੀਂ ਆਇਆ। ਸੋ ਪਹਿਲਾਂ ਤੋਂ ਹੀ ਸੋਚੋ ਕਿ ਲੋਕ ਕਿਹੜੇ ਸਵਾਲ ਕਰ ਸਕਦੇ ਹਨ ਅਤੇ ਤੁਸੀਂ ਉਨ੍ਹਾਂ ਦੇ ਕਿਵੇਂ ਜਵਾਬ ਦਿਓਗੇ। (ਕੁਲੁ. 4:6) ਸ਼ਾਇਦ ਲੋਕ ਇਹ ਸਵਾਲ ਪੁੱਛਣ, ‘ਯਿਸੂ ਦੀ ਮੌਤ ਦੀ ਯਾਦਗਾਰ ਵਿਚ ਕੀ ਹੋਵੇਗਾ?’ ‘ਇਹ ਪ੍ਰੋਗ੍ਰਾਮ ਕਿੰਨੇ ਚਿਰ ਦਾ ਹੋਵੇਗਾ?’ ‘ਕੀ ਸਾਨੂੰ ਖ਼ਾਸ ਤਰ੍ਹਾਂ ਦੇ ਕੱਪੜੇ ਪਾ ਕੇ ਆਉਣਾ ਪਵੇਗਾ?’ ‘ਕੀ ਸਾਨੂੰ ਇੱਥੇ ਹਾਜ਼ਰ ਹੋਣ ਲਈ ਪੈਸੇ ਦੇਣੇ ਪੈਣਗੇ?’ ‘ਕੀ ਚੰਦਾ ਇਕੱਠਾ ਕੀਤਾ ਜਾਵੇਗਾ?’ ਸੋ ਜਦੋਂ ਤੁਸੀਂ ਕਿਸੇ ਨੂੰ ਮੈਮੋਰੀਅਲ ʼਤੇ ਬੁਲਾਉਂਦੇ ਹੋ, ਤਾਂ ਤੁਸੀਂ ਉਸ ਨੂੰ ਪੁੱਛ ਸਕਦੇ ਹੋ, “ਕੀ ਤੁਸੀਂ ਇਸ ਬਾਰੇ ਕੁਝ ਹੋਰ ਜਾਣਨਾ ਚਾਹੁੰਦੇ ਹੋ?” ਫਿਰ ਉਨ੍ਹਾਂ ਦੇ ਮਨ ਵਿਚ ਜੋ ਵੀ ਸਵਾਲ ਆਉਂਦੇ ਹਨ, ਤੁਸੀਂ ਉਨ੍ਹਾਂ ਦੇ ਜਵਾਬ ਦੇ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਅਤੇ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਵੀਡੀਓ ਦਿਖਾ ਸਕਦੇ ਹੋ। ਇਸ ਤਰ੍ਹਾਂ ਉਹ ਸਮਝ ਸਕਣਗੇ ਕਿ ਸਾਡੀਆਂ ਸਭਾਵਾਂ ਕਿਵੇਂ ਚਲਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਤੁਸੀਂ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਪਾਠ 28 ਵਿਚ ਜ਼ਿਕਰ ਕੀਤੀਆਂ ਕੁਝ ਗੱਲਾਂ ਦੱਸ ਸਕਦੇ ਹੋ।

16. ਮੈਮੋਰੀਅਲ ʼਤੇ ਆਉਣ ਵਾਲੇ ਲੋਕਾਂ ਦੇ ਮਨ ਵਿਚ ਸ਼ਾਇਦ ਕਿਹੜੇ ਸਵਾਲ ਆਉਣ?

16 ਜਿਹੜੇ ਨਵੇਂ ਲੋਕ ਮੈਮੋਰੀਅਲ ʼਤੇ ਆਉਣਗੇ, ਸ਼ਾਇਦ ਉਨ੍ਹਾਂ ਦੇ ਮਨ ਵਿਚ ਹੋਰ ਵੀ ਕੁਝ ਸਵਾਲ ਆਉਣ। ਹੋ ਸਕਦਾ ਹੈ ਉਹ ਜਾਣਨਾ ਚਾਹੁਣ ਕਿ ਕਿਸੇ ਨੇ ਰੋਟੀ ਤੇ ਦਾਖਰਸ ਕਿਉਂ ਨਹੀਂ ਲਿਆ ਜਾਂ ਸਿਰਫ਼ ਕੁਝ ਲੋਕਾਂ ਨੇ ਹੀ ਕਿਉਂ ਲਿਆ। ਜਾਂ ਸ਼ਾਇਦ ਉਹ ਜਾਣਨਾ ਚਾਹੁਣ ਕਿ ਅਸੀਂ ਕਦੋਂ-ਕਦੋਂ ਮੈਮੋਰੀਅਲ ਮਨਾਉਂਦੇ ਹਾਂ ਜਾਂ ਕੀ ਸਾਡੀਆਂ ਸਾਰੀਆਂ ਸਭਾਵਾਂ ਇਸੇ ਤਰੀਕੇ ਨਾਲ ਹੁੰਦੀਆਂ ਹਨ। ਵੈਸੇ ਤਾਂ ਉਨ੍ਹਾਂ ਵਿੱਚੋਂ ਕੁਝ ਗੱਲਾਂ ਮੈਮੋਰੀਅਲ ਦੇ ਭਾਸ਼ਣ ਵਿਚ ਦੱਸੀਆਂ ਜਾਣਗੀਆਂ, ਪਰ ਸ਼ਾਇਦ ਨਵੇਂ ਲੋਕਾਂ ਨੂੰ ਇਸ ਬਾਰੇ ਹੋਰ ਵੀ ਚੰਗੀ ਤਰ੍ਹਾਂ ਸਮਝਾਉਣਾ ਪਵੇ। ਇਸ ਤਰ੍ਹਾਂ ਦੇ ਕੁਝ ਸਵਾਲਾਂ ਦੇ ਜਵਾਬ jw.org/pa ʼਤੇ ਦਿੱਤੇ ਲੇਖ “ਯਹੋਵਾਹ ਦੇ ਗਵਾਹ ਪ੍ਰਭੂ ਦਾ ਭੋਜਨ ਦੂਜੇ ਧਰਮਾਂ ਤੋਂ ਅਲੱਗ ਤਰੀਕੇ ਨਾਲ ਕਿਉਂ ਮਨਾਉਂਦੇ ਹਨ?” ਵਿਚ ਦਿੱਤੇ ਗਏ ਹਨ। ਤੁਸੀਂ ਇਸ ਤੋਂ ਵੀ ਉਨ੍ਹਾਂ ਨੂੰ ਸਮਝਾ ਸਕਦੇ ਹੋ। ਅਸੀਂ ਚਾਹੁੰਦੇ ਹਾਂ ਕਿ “ਦਿਲੋਂ ਤਿਆਰ” ਲੋਕ ਮੈਮੋਰੀਅਲ ਤੋਂ ਪੂਰਾ ਫ਼ਾਇਦਾ ਲੈਣ। ਇਸ ਲਈ ਅਸੀਂ ਮੈਮੋਰੀਅਲ ਤੋਂ ਪਹਿਲਾਂ, ਇਸ ਦੌਰਾਨ ਅਤੇ ਇਸ ਤੋਂ ਬਾਅਦ ਵੀ ਉਨ੍ਹਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।​—ਰਸੂ. 13:48.

ਸੱਚਾਈ ਵਿਚ ਠੰਢੇ ਪੈ ਚੁੱਕੇ ਲੋਕਾਂ ਦੀ ਮਦਦ ਕਰੋ

17. ਬਜ਼ੁਰਗ ਸੱਚਾਈ ਵਿਚ ਠੰਢੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਨ? (ਹਿਜ਼ਕੀਏਲ 34:12, 16)

17 ਮੈਮੋਰੀਅਲ ਦੇ ਆਲੇ-ਦੁਆਲੇ ਦੇ ਮਹੀਨਿਆਂ ਵਿਚ ਬਜ਼ੁਰਗ ਸੱਚਾਈ ਵਿਚ ਠੰਢੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਨ? ਉਨ੍ਹਾਂ ਨੂੰ ਅਹਿਸਾਸ ਦਿਵਾਓ ਕਿ ਤੁਸੀਂ ਉਨ੍ਹਾਂ ਦੀ ਪਰਵਾਹ ਕਰਦੇ ਹੋ। (ਹਿਜ਼ਕੀਏਲ 34:12, 16 ਪੜ੍ਹੋ।) ਮੈਮੋਰੀਅਲ ਤੋਂ ਪਹਿਲਾਂ ਇਸ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਯਕੀਨ ਦਿਵਾਓ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਅਤੇ ਤੁਸੀਂ ਹਰ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੋ। ਉਨ੍ਹਾਂ ਨੂੰ ਮੈਮੋਰੀਅਲ ʼਤੇ ਬੁਲਾਓ। ਜੇ ਉਹ ਆਉਣ, ਤਾਂ ਪਿਆਰ ਨਾਲ ਉਨ੍ਹਾਂ ਦਾ ਸੁਆਗਤ ਕਰੋ। ਮੈਮੋਰੀਅਲ ਤੋਂ ਬਾਅਦ ਵੀ ਉਨ੍ਹਾਂ ਭੈਣਾਂ-ਭਰਾਵਾਂ ਨਾਲ ਗੱਲਬਾਤ ਕਰਦੇ ਰਹੋ ਅਤੇ ਉਨ੍ਹਾਂ ਨੂੰ ਮਿਲਦੇ ਰਹੋ। ਯਹੋਵਾਹ ਕੋਲ ਵਾਪਸ ਮੁੜਨ ਵਿਚ ਉਨ੍ਹਾਂ ਨੂੰ ਜੋ ਵੀ ਮਦਦ ਚਾਹੀਦੀ ਹੈ, ਉਹ ਦੇਵੋ।​—1 ਪਤ. 2:25.

18. ਅਸੀਂ ਸੱਚਾਈ ਵਿਚ ਠੰਢੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ? (ਰੋਮੀਆਂ 12:10)

18 ਜਦੋਂ ਮੈਮੋਰੀਅਲ ਵਿਚ ਅਜਿਹੇ ਭੈਣ-ਭਰਾ ਆਉਣਗੇ ਜੋ ਸੱਚਾਈ ਵਿਚ ਠੰਢੇ ਪੈ ਚੁੱਕੇ ਹਨ, ਤਾਂ ਮੰਡਲੀ ਦੇ ਸਾਰੇ ਭੈਣ-ਭਰਾ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਉਹ ਕਿਵੇਂ? ਪਿਆਰ ਨਾਲ ਉਨ੍ਹਾਂ ਦਾ ਸੁਆਗਤ ਕਰੋ, ਉਨ੍ਹਾਂ ਨਾਲ ਚੰਗੀ ਤਰ੍ਹਾਂ ਅਤੇ ਆਦਰ ਨਾਲ ਪੇਸ਼ ਆਓ। (ਰੋਮੀਆਂ 12:10 ਪੜ੍ਹੋ।) ਸੋਚੋ ਕਿ ਸਭਾ ʼਤੇ ਆਉਣ ਲਈ ਉਨ੍ਹਾਂ ਨੂੰ ਕਿੰਨੀ ਝਿਜਕ ਮਹਿਸੂਸ ਹੁੰਦੀ ਹੋਣੀ। ਸ਼ਾਇਦ ਉਨ੍ਹਾਂ ਦੇ ਮਨ ਵਿਚ ਚੱਲ ਰਿਹਾ ਹੋਵੇ ਕਿ ਪਤਾ ਨਹੀਂ ਭੈਣ-ਭਰਾ ਉਨ੍ਹਾਂ ਬਾਰੇ ਕੀ ਸੋਚਣਗੇ, ਉਨ੍ਹਾਂ ਨੂੰ ਦੇਖ ਕੇ ਕੀ ਕਹਿਣਗੇ।e ਇਸ ਲਈ ਉਨ੍ਹਾਂ ਨੂੰ ਅਜਿਹਾ ਕੁਝ ਨਾ ਕਹੋ ਤੇ ਨਾ ਹੀ ਇੱਦਾਂ ਦੀ ਕੋਈ ਗੱਲ ਪੁੱਛੋ ਜਿਸ ਕਰਕੇ ਉਹ ਸ਼ਰਮਿੰਦਾ ਹੋਣ ਜਾਂ ਉਨ੍ਹਾਂ ਨੂੰ ਬੁਰਾ ਲੱਗੇ। (1 ਥੱਸ. 5:11) ਯਾਦ ਰੱਖੋ ਕਿ ਇਹ ਸਾਰੇ ਸਾਡੇ ਭੈਣ-ਭਰਾ ਹਨ। ਇਨ੍ਹਾਂ ਨਾਲ ਇਕ ਵਾਰ ਫਿਰ ਤੋਂ ਮਿਲ ਕੇ ਯਹੋਵਾਹ ਦੀ ਸੇਵਾ ਕਰ ਕੇ ਸਾਨੂੰ ਖ਼ੁਸ਼ੀ ਹੋਵੇਗੀ!​—ਜ਼ਬੂ. 119:176; ਰਸੂ. 20:35.

ਤਸਵੀਰਾਂ: 1. ਸੱਚਾਈ ਵਿਚ ਠੰਢਾ ਪੈ ਚੁੱਕਾ ਇਕ ਭਰਾ ਕਿੰਗਡਮ ਹਾਲ ਵਿਚ ਜਾਣ ਤੋਂ ਝਿਜਕ ਰਿਹਾ ਹੈ। ਉਸ ਦੇ ਹੱਥ ਵਿਚ ਬਾਈਬਲ ਤੇ ਰਾਜ ਗੀਤਾਂ ਦੀ ਪੁਰਾਣੀ ਕਿਤਾਬ ਹੈ। ਉਹ ਦੂਰ ਖੜ੍ਹਾ ਭੈਣਾਂ-ਭਰਾਵਾਂ ਨੂੰ ਦੇਖ ਰਿਹਾ ਹੈ ਜੋ ਮੈਮੋਰੀਅਲ ਲਈ ਕਿੰਗਡਮ ਹਾਲ ਵਿਚ ਆ ਰਹੇ ਹਨ। 2. ਬਾਅਦ ਵਿਚ ਉਹ ਭਰਾ ਕਿੰਗਡਮ ਹਾਲ ਵਿਚ ਇਕ ਭਰਾ ਨਾਲ ਗੱਲ ਕਰ ਰਿਹਾ ਹੈ ਅਤੇ ਖ਼ੁਸ਼ ਲੱਗ ਰਿਹਾ ਹੈ।

ਭੈਣ-ਭਰਾ ਕਿਵੇਂ ਪੇਸ਼ ਆਏ?

“ਮੈਨੂੰ ਦੁਬਾਰਾ ਕਿੰਗਡਮ ਹਾਲ ਜਾਣ ਵਿਚ ਬਹੁਤ ਸ਼ਰਮ ਆਉਂਦੀ ਸੀ। ਮੈਂ ਸੋਚਦਾ ਸੀ ਕਿ ਭੈਣ-ਭਰਾ ਮੇਰੇ ਨਾਲ ਕਿਵੇਂ ਪੇਸ਼ ਆਉਣਗੇ। ਇਕ ਸਿਆਣੀ ਭੈਣ, ਜੋ 30 ਸਾਲ ਪਹਿਲਾਂ ਵੀ ਉਸ ਮੰਡਲੀ ਵਿਚ ਹੁੰਦੀ ਸੀ, ਨੇ ਮੈਨੂੰ ਕਿਹਾ, ‘ਜੀ ਆਇਆਂ ਨੂੰ, ਪੁੱਤ!’ ਇਹ ਸੁਣ ਕੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਵਾਕਈ ਘਰ ਆ ਗਿਆ ਹੋਵਾਂ।”​—ਖਾਵਿਅਰ।

“ਮੈਂ ਕਿੰਗਡਮ ਹਾਲ ਗਿਆ ਤੇ ਆਖ਼ਰੀ ਲਾਈਨ ਵਿਚ ਬੈਠ ਗਿਆ ਤਾਂਕਿ ਮੈਨੂੰ ਕੋਈ ਦੇਖੇ ਨਾ। ਪਰ ਕਈਆਂ ਨੇ ਮੈਨੂੰ ਪਛਾਣ ਲਿਆ ਕਿਉਂਕਿ ਮੈਂ ਛੋਟਾ ਹੁੰਦਾ ਉੱਥੇ ਮੀਟਿੰਗਾਂ ʼਤੇ ਜਾਂਦਾ ਸੀ। ਉਨ੍ਹਾਂ ਨੇ ਮੇਰਾ ਨਿੱਘਾ ਸੁਆਗਤ ਕੀਤਾ ਤੇ ਪਿਆਰ ਨਾਲ ਮੈਨੂੰ ਗਲ਼ੇ ਲਾਇਆ ਜਿਸ ਕਾਰਨ ਮੈਨੂੰ ਬਹੁਤ ਸਕੂਨ ਮਿਲਿਆ। ਮੈਨੂੰ ਇਵੇਂ ਲੱਗਾ ਜਿਵੇਂ ਮੈਂ ਆਪਣੇ ਘਰ ਵਾਪਸ ਆ ਗਿਆ ਹੋਵਾਂ।”​—ਮਾਰਕੋ।

19. ਯਿਸੂ ਦੀ ਕੁਰਬਾਨੀ ਨੂੰ ਯਾਦ ਕਰਨ ਦੇ ਕਿਹੜੇ ਫ਼ਾਇਦੇ ਹੋ ਸਕਦੇ ਹਨ?

19 ਅਸੀਂ ਕਿੰਨੇ ਅਹਿਸਾਨਮੰਦ ਹਾਂ ਕਿ ਯਿਸੂ ਨੇ ਸਾਨੂੰ ਕਿਹਾ ਕਿ ਅਸੀਂ ਹਰ ਸਾਲ ਉਸ ਦੀ ਕੁਰਬਾਨੀ ਨੂੰ ਯਾਦ ਕਰੀਏ। ਇੱਦਾਂ ਕਰ ਕੇ ਸਾਨੂੰ ਖ਼ੁਦ ਨੂੰ ਵੀ ਫ਼ਾਇਦਾ ਹੁੰਦਾ ਹੈ ਤੇ ਅਸੀਂ ਦੂਜਿਆਂ ਦੀ ਵੀ ਮਦਦ ਕਰ ਪਾਉਂਦੇ ਹਾਂ। (ਯਸਾ. 48:17, 18) ਅਸੀਂ ਯਹੋਵਾਹ ਤੇ ਯਿਸੂ ਨਾਲ ਹੋਰ ਵੀ ਪਿਆਰ ਕਰਨ ਲੱਗ ਪੈਂਦੇ ਹਾਂ। ਨਾਲੇ ਸਾਨੂੰ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਉਨ੍ਹਾਂ ਨੇ ਸਾਡੇ ਲਈ ਜੋ ਕੁਝ ਵੀ ਕੀਤਾ ਹੈ, ਅਸੀਂ ਉਸ ਦੀ ਬਹੁਤ ਕਦਰ ਕਰਦੇ ਹਾਂ। ਭੈਣਾਂ-ਭਰਾਵਾਂ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਇਸ ਤੋਂ ਇਲਾਵਾ, ਸਾਨੂੰ ਸ਼ਾਇਦ ਦੂਜਿਆਂ ਨੂੰ ਵੀ ਸਿਖਾਉਣ ਦਾ ਮੌਕਾ ਮਿਲੇ ਕਿ ਉਹ ਵੀ ਰਿਹਾਈ ਦੀ ਕੀਮਤ ਤੋਂ ਬੇਸ਼ੁਮਾਰ ਬਰਕਤਾਂ ਪਾ ਸਕਦੇ ਹਨ। ਤਾਂ ਫਿਰ ਆਓ ਆਪਾਂ ਪੂਰੀ ਵਾਹ ਲਾ ਕੇ ਮੈਮੋਰੀਅਲ ਲਈ ਤਿਆਰੀ ਕਰੀਏ ਕਿਉਂਕਿ ਇਹ ਸਾਲ ਦਾ ਸਭ ਤੋਂ ਅਹਿਮ ਦਿਨ ਹੈ!

ਇਸ ਸਾਲ ਮੈਮੋਰੀਅਲ ਐਤਵਾਰ ਨੂੰ ਮਨਾਇਆ ਜਾਵੇਗਾ ਜਿਸ ਕਰਕੇ ਸ਼ਨੀ-ਐਤਵਾਰ ਨੂੰ ਕੋਈ ਸਭਾ ਨਹੀਂ ਹੋਵੇਗੀ। ਇਸ ਕਰਕੇ ਅਗਲੇ ਹਫ਼ਤੇ ਲਈ ਕੋਈ ਅਧਿਐਨ ਲੇਖ ਨਹੀਂ ਦਿੱਤਾ ਗਿਆ ਹੈ।

ਤੁਸੀਂ ਕੀ ਜਵਾਬ ਦਿਓਗੇ?

  • ਤੁਸੀਂ ਮੈਮੋਰੀਅਲ ਲਈ ਆਪਣਾ ਦਿਲ ਕਿਵੇਂ ਤਿਆਰ ਕਰ ਸਕਦੇ ਹੋ?

  • ਅਸੀਂ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਤਾਂਕਿ ਉਨ੍ਹਾਂ ਨੂੰ ਮੈਮੋਰੀਅਲ ਤੋਂ ਫ਼ਾਇਦਾ ਹੋਵੇ?

  • ਅਸੀਂ ਸੱਚਾਈ ਵਿਚ ਠੰਢੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

ਗੀਤ 18 ਰਿਹਾਈ ਲਈ ਅਹਿਸਾਨਮੰਦ

a ਇਸ ਲੇਖ ਵਿਚ ਜਿਨ੍ਹਾਂ ਲੇਖਾਂ ਅਤੇ ਵੀਡੀਓ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਨੂੰ ਦੇਖਣ ਲਈ jw.org/pa ʼਤੇ ਦਿੱਤਾ “ਲੱਭੋ” ਫੀਚਰ ਵਰਤੋ।

b ਅਪ੍ਰੈਲ 2021 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।

c ਯਹੋਵਾਹ ਦੇ ਨੇੜੇ ਰਹੋ ਕਿਤਾਬ ਦੇ ਅਧਿਆਇ 23 ਦੇ ਪੈਰੇ 8-9 ਦੇਖੋ।

d “ਖੋਜਬੀਨ ਲਈ ਸੁਝਾਅ” ਨਾਂ ਦੀ ਡੱਬੀ ਦੇਖੋ।

e ਤਸਵੀਰਾਂ ਅਤੇ “ਭੈਣ-ਭਰਾ ਕਿਵੇਂ ਪੇਸ਼ ਆਏ” ਨਾਂ ਦੀ ਡੱਬੀ ਦੇਖੋ। ਇਕ ਭਰਾ ਕੁਝ ਸਮੇਂ ਤੋਂ ਸੱਚਾਈ ਵਿਚ ਠੰਢਾ ਪੈ ਚੁੱਕਾ ਸੀ। ਉਹ ਕਿੰਗਡਮ ਹਾਲ ਜਾਣ ਤੋਂ ਝਿਜਕ ਰਿਹਾ ਹੈ, ਪਰ ਉਹ ਹਿੰਮਤ ਕਰਕੇ ਅੰਦਰ ਜਾਂਦਾ ਹੈ। ਸਾਰੇ ਭੈਣ-ਭਰਾ ਬਹੁਤ ਪਿਆਰ ਨਾਲ ਉਸ ਦਾ ਸੁਆਗਤ ਕਰਦੇ ਹਨ ਅਤੇ ਸਾਰਿਆਂ ਨਾਲ ਮਿਲ ਕੇ ਉਸ ਨੂੰ ਬਹੁਤ ਚੰਗਾ ਲੱਗਦਾ ਹੈ।

f ਤਸਵੀਰਾਂ ਬਾਰੇ ਜਾਣਕਾਰੀ: ਦੁਨੀਆਂ ਦੇ ਇਕ ਹਿੱਸੇ ਵਿਚ ਯਹੋਵਾਹ ਦੇ ਗਵਾਹ ਮੈਮੋਰੀਅਲ ਮਨਾ ਰਹੇ ਹਨ ਅਤੇ ਹੋਰ ਦੇਸ਼ਾਂ ਦੇ ਭੈਣ-ਭਰਾ ਇਸ ਖ਼ਾਸ ਪ੍ਰੋਗ੍ਰਾਮ ਨੂੰ ਮਨਾਉਣ ਦੀ ਤਿਆਰੀ ਕਰ ਰਹੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ