1924—ਸੌ ਸਾਲ ਪਹਿਲਾਂ
ਜਨਵਰੀ 1924 ਦੇ ਬੁਲੇਟਿਨa ਅੰਕ ਵਿਚ ਇਹ ਕਿਹਾ ਗਿਆ: ‘ਨਵਾਂ ਸਾਲ ਸ਼ੁਰੂ ਹੋ ਰਿਹਾ ਹੈ। ਹਰ ਬਪਤਿਸਮਾ-ਪ੍ਰਾਪਤ ਮਸੀਹੀ ਕੋਲ ਹੋਰ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਦਾ ਮੌਕਾ ਹੈ।’ ਬਾਈਬਲ ਸਟੂਡੈਂਟਸ ਨੇ ਇਸ ਸਲਾਹ ਨੂੰ ਦੋ ਤਰੀਕਿਆਂ ਨਾਲ ਲਾਗੂ ਕੀਤਾ। ਪਹਿਲਾ, ਉਨ੍ਹਾਂ ਨੇ ਦਲੇਰੀ ਦਿਖਾਉਂਦਿਆਂ ਕੁਝ ਕਦਮ ਚੁੱਕੇ। ਦੂਜਾ, ਉਨ੍ਹਾਂ ਨੇ ਨਿਡਰਤਾ ਨਾਲ ਪ੍ਰਚਾਰ ਕੀਤਾ।
ਦਲੇਰੀ ਦਿਖਾਈ ਅਤੇ ਰੇਡੀਓ ਰਾਹੀਂ ਪ੍ਰਚਾਰ ਕੀਤਾ
ਬੈਥਲ ਦੇ ਭਰਾਵਾਂ ਨੂੰ ਡਬਲਯੂ. ਬੀ. ਬੀ. ਆਰ. ਰੇਡੀਓ ਸਟੇਸ਼ਨ ਨੂੰ ਬਣਾਉਂਦਿਆਂ ਇਕ ਸਾਲ ਤੋਂ ਜ਼ਿਆਦਾ ਹੋ ਗਿਆ ਸੀ। ਇਹ ਰੇਡੀਓ ਸਟੇਸ਼ਨ ਨਿਊਯਾਰਕ ਸ਼ਹਿਰ ਦੇ ਸਟੇਟਨ ਆਈਲੈਂਡ ਵਿਚ ਬਣਾਇਆ ਜਾ ਰਿਹਾ ਸੀ। ਉਨ੍ਹਾਂ ਨੇ ਪਹਿਲਾਂ ਦਰਖ਼ਤਾਂ ਨੂੰ ਕੱਟ ਕੇ ਜ਼ਮੀਨ ਨੂੰ ਸਾਫ਼ ਕੀਤਾ। ਫਿਰ ਕੰਮ ਵਿਚ ਹੱਥ ਵਟਾਉਣ ਲਈ ਆਏ ਭੈਣਾਂ-ਭਰਾਵਾਂ ਲਈ ਇਕ ਵੱਡਾ ਜਿਹਾ ਘਰ ਬਣਾਇਆ। ਨਾਲੇ ਰੇਡੀਓ ਸਟੇਸ਼ਨ ਲਈ ਉਨ੍ਹਾਂ ਨੇ ਇਕ ਹੋਰ ਇਮਾਰਤ ਬਣਾਈ। ਇਸ ਤੋਂ ਬਾਅਦ ਭਰਾਵਾਂ ਨੇ ਸਟੇਸ਼ਨ ਵਿਚ ਸਾਮਾਨ ਰੱਖਣਾ ਸ਼ੁਰੂ ਕਰ ਦਿੱਤਾ ਤਾਂਕਿ ਜਲਦ ਤੋਂ ਜਲਦ ਰੇਡੀਓ ਪ੍ਰਸਾਰਣ ਸ਼ੁਰੂ ਕੀਤਾ ਜਾਵੇ। ਪਰ ਇਸ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਣਾ ਸੀ।
ਭਰਾਵਾਂ ਲਈ ਰੇਡੀਓ ਸਟੇਸ਼ਨ ਦਾ ਮੁੱਖ ਐਂਟੀਨਾ ਲਾਉਣਾ ਬਹੁਤ ਔਖਾ ਸੀ। ਇਹ ਐਂਟੀਨਾ 300 ਫੁੱਟ (91 ਮੀਟਰ) ਲੰਬਾ ਸੀ। ਇਸ ਨੂੰ ਦੋ ਲੱਕੜ ਦੇ ਖੰਭਿਆਂ ਵਿਚਕਾਰ ਟੰਗਣਾ ਸੀ। ਇਹ ਦੋਨੋਂ ਲੱਕੜ ਦੇ ਖੰਭੇ 200 ਫੁੱਟ (61 ਮੀਟਰ) ਉੱਚੇ ਸਨ। ਭਰਾਵਾਂ ਦੀ ਪਹਿਲੀ ਕੋਸ਼ਿਸ਼ ਨਾਕਾਮ ਰਹੀ। ਪਰ ਉਨ੍ਹਾਂ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ ਆਖ਼ਰਕਾਰ ਉਹ ਇਸ ਨੂੰ ਲਗਾਉਣ ਵਿਚ ਸਫ਼ਲ ਹੋ ਗਏ। ਇਸ ਪ੍ਰਾਜੈਕਟ ʼਤੇ ਕੰਮ ਕਰਨ ਵਾਲੇ ਭਰਾ ਕੈਲਵਿਨ ਪ੍ਰੌਸਰ ਨੇ ਕਿਹਾ: “ਜੇ ਅਸੀਂ ਪਹਿਲੀ ਵਾਰੀ ਵਿਚ ਹੀ ਸਫ਼ਲ ਹੋ ਜਾਂਦੇ, ਤਾਂ ਅਸੀਂ ਆਪਣੀਆਂ ਪਿੱਠਾਂ ਥਾਪੜਦਿਆਂ ਕਹਿਣਾ ਸੀ ਕਿ ‘ਅਸੀਂ ਕਿੰਨਾ ਵਧੀਆ ਕੰਮ ਕੀਤਾ।’” ਪਰ ਭਰਾਵਾਂ ਨੇ ਇਸ ਕੰਮ ਦਾ ਸਿਹਰਾ ਯਹੋਵਾਹ ਨੂੰ ਦਿੱਤਾ। ਪਰ ਅਜੇ ਹੋਰ ਵੀ ਕਈ ਮੁਸ਼ਕਲਾਂ ਆਉਣ ਵਾਲੀਆਂ ਸਨ।
ਡਬਲਯੂ. ਬੀ. ਬੀ. ਆਰ. ਦੇ ਐਂਟੀਨੇ ਲਈ ਇਕ ਖੰਭਾ ਲਾਇਆ ਜਾ ਰਿਹਾ ਹੈ
ਉਸ ਸਮੇਂ ਬਹੁਤ ਹੀ ਘੱਟ ਰੇਡੀਓ ਸਟੇਸ਼ਨ ਹੁੰਦੇ ਸਨ ਜਿਸ ਕਰਕੇ ਬਾਜ਼ਾਰ ਵਿਚ ਵੀ ਇਸ ਦੀਆਂ ਚੀਜ਼ਾਂ ਸੌਖੀਆਂ ਨਹੀਂ ਮਿਲਦੀਆਂ ਸਨ। ਪਰ ਭਰਾਵਾਂ ਨੂੰ 500-ਵਾਟ ਦਾ ਇਕ ਪੁਰਾਣਾ ਟ੍ਰਾਂਸਮੀਟਰ ਮਿਲ ਗਿਆ ਜਿਸ ਨੂੰ ਇਕ ਆਦਮੀ ਨੇ ਖ਼ੁਦ ਬਣਾਇਆ ਸੀ। ਉਨ੍ਹਾਂ ਨੂੰ ਇਕ ਮਾਈਕ ਦੀ ਵੀ ਲੋੜ ਸੀ, ਪਰ ਉਨ੍ਹਾਂ ਨੇ ਨਵਾਂ ਮਾਈਕ ਖ਼ਰੀਦਣ ਦੀ ਬਜਾਇ ਇਕ ਟੈਲੀਫ਼ੋਨ ਦਾ ਮਾਈਕ ਵਰਤਿਆ। ਇਹ ਸਭ ਜੁਗਾੜ ਕਰਨ ਤੋਂ ਬਾਅਦ ਭਰਾਵਾਂ ਨੇ ਸੋਚਿਆ ਕਿ ਉਹ ਇਸ ਦਾ ਟੈੱਸਟ ਕਰ ਕੇ ਦੇਖਣਗੇ। ਪਰ ਸਵਾਲ ਸੀ ਕਿ ਉਹ ਪ੍ਰਸਾਰਿਤ ਕੀ ਕਰਨਗੇ। ਉਨ੍ਹਾਂ ਨੇ ਸੋਚਿਆ ਕਿ ਉਹ ਰਾਜ ਦੇ ਗੀਤ ਗਾਉਣਗੇ। ਇਸ ਮਜ਼ੇਦਾਰ ਕਿੱਸੇ ਨੂੰ ਯਾਦ ਕਰਦਿਆਂ ਭਰਾ ਅਰਨਸਟ ਲੋਅ ਦੱਸਦੇ ਹਨ ਕਿ ਜਦੋਂ ਭਰਾ ਗਾ ਰਹੇ ਸਨ, ਤਾਂ ਉਨ੍ਹਾਂ ਨੂੰ ਜੱਜ ਰਦਰਫ਼ਰਡb ਦਾ ਫ਼ੋਨ ਆਇਆ। ਉਹ 25 ਕਿਲੋਮੀਟਰ (15 ਮੀਲ) ਦੂਰ ਬਰੁਕਲਿਨ ਵਿਚ ਬੈਠੇ ਰੇਡੀਓ ʼਤੇ ਇਹ ਗਾਣਾ ਸੁਣ ਰਹੇ ਸਨ।
ਭਰਾ ਰਦਰਫ਼ਰਡ ਨੇ ਕਿਹਾ: “ਇਹ ਰੌਲ਼ਾ ਬੰਦ ਕਰੋ। ਇੱਦਾਂ ਲੱਗਦਾ ਜਿੱਦਾਂ ਬਿੱਲੀਆਂ ਚੀਕ ਰਹੀਆਂ ਹਨ।” ਸ਼ਰਮ ਦੇ ਮਾਰੇ ਭਰਾਵਾਂ ਨੇ ਫਟਾਫਟ ਪ੍ਰੋਗ੍ਰਾਮ ਬੰਦ ਕਰ ਦਿੱਤਾ। ਪਰ ਭਰਾਵਾਂ ਨੂੰ ਇਹ ਪਤਾ ਲੱਗ ਗਿਆ ਕਿ ਰੇਡੀਓ ਕੰਮ ਕਰ ਰਿਹਾ ਹੈ ਤੇ ਉਹ ਆਪਣਾ ਪਹਿਲਾ ਪ੍ਰੋਗ੍ਰਾਮ ਬ੍ਰਾਡਕਾਸਟ ਕਰਨ ਲਈ ਤਿਆਰ ਸਨ।
ਫਿਰ 24 ਫਰਵਰੀ 1924 ਨੂੰ ਸਾਡੇ ਰੇਡੀਓ ਸਟੇਸ਼ਨ ਤੋਂ ਪਹਿਲਾ ਪ੍ਰੋਗ੍ਰਾਮ ਪ੍ਰਸਾਰਿਤ ਕੀਤਾ ਗਿਆ। ਉਸ ਪ੍ਰੋਗ੍ਰਾਮ ਵਿਚ ਭਰਾ ਰਦਰਫ਼ਰਡ ਨੇ ਦੱਸਿਆ ਕਿ ਇਸ ਸਟੇਸ਼ਨ ਦੇ ਜ਼ਰੀਏ ਅਸੀਂ “ਉਹ ਕੰਮ ਚੰਗੀ ਤਰ੍ਹਾਂ ਕਰ ਸਕਾਂਗੇ ਜੋ ਸਾਡੇ ਰਾਜੇ ਮਸੀਹ ਨੇ ਸਾਨੂੰ ਸੌਂਪਿਆ ਹੈ।” ਭਰਾ ਨੇ ਇਹ ਵੀ ਦੱਸਿਆ ਕਿ ਇਹ ਰੇਡੀਓ ਸਟੇਸ਼ਨ ਇਸ ਲਈ ਤਿਆਰ ਕੀਤਾ ਗਿਆ ਹੈ ਤਾਂਕਿ “ਸਾਰੇ ਲੋਕਾਂ ਤਕ ਬਾਈਬਲ ਦੀ ਰੌਸ਼ਨੀ ਪਹੁੰਚੇ, ਫਿਰ ਚਾਹੇ ਉਹ ਕਿਸੇ ਵੀ ਧਰਮ ਜਾਂ ਪੰਥ ਦੇ ਹੋਣ। ਨਾਲੇ ਹਰ ਕੋਈ ਇਹ ਸਮਝ ਸਕੇ ਕਿ ਅੱਜ ਅਸੀਂ ਕਿਸ ਸਮੇਂ ਵਿਚ ਜੀ ਰਹੇ ਹਾਂ।”
ਖੱਬੇ ਪਾਸੇ: ਪਹਿਲੇ ਸਟੂਡੀਓ ਵਿਚ ਭਰਾ ਰਦਰਫ਼ਰਡ
ਸੱਜੇ ਪਾਸੇ: ਰੇਡੀਓ ਸਟੇਸ਼ਨ ਵਿਚ ਵਰਤਿਆ ਜਾਣ ਵਾਲਾ ਟ੍ਰਾਂਸਮੀਟਰ ਅਤੇ ਹੋਰ ਚੀਜ਼ਾਂ
ਸਾਡਾ ਪਹਿਲਾ ਪ੍ਰੋਗ੍ਰਾਮ ਬਹੁਤ ਵਧੀਆ ਰਿਹਾ। ਅਗਲੇ 33 ਸਾਲਾਂ ਤਕ ਡਬਲਯੂ. ਬੀ. ਬੀ. ਆਰ. ਰਾਹੀਂ ਯਹੋਵਾਹ ਦੇ ਸੰਗਠਨ ਨੇ ਕਈ ਪ੍ਰੋਗ੍ਰਾਮ ਪ੍ਰਸਾਰਿਤ ਕੀਤੇ।
ਦਲੇਰੀ ਦਿਖਾਈ ਅਤੇ ਪਾਦਰੀਆਂ ਦਾ ਪਰਦਾਫ਼ਾਸ਼ ਕੀਤਾ
ਜੁਲਾਈ 1924 ਵਿਚ ਬਾਈਬਲ ਸਟੂਡੈਂਟਸ ਓਹੀਓ ਦੇ ਕੋਲੰਬਸ ਸ਼ਹਿਰ ਵਿਚ ਸੰਮੇਲਨ ਲਈ ਇਕੱਠੇ ਹੋਏ। ਇਸ ਸੰਮੇਲਨ ਵਿਚ ਦੁਨੀਆਂ ਭਰ ਤੋਂ ਭੈਣ-ਭਰਾ ਆਏ ਸਨ। ਕਈ ਭਾਸ਼ਾਵਾਂ ਵਿਚ ਭਾਸ਼ਣ ਦਿੱਤੇ ਗਏ, ਜਿਵੇਂ ਅਰਬੀ, ਅੰਗ੍ਰੇਜ਼ੀ, ਫ਼੍ਰੈਂਚ, ਜਰਮਨ, ਗ੍ਰੀਕ, ਹੰਗਰੀਆਈ, ਇਤਾਲਵੀ, ਲਿਥੂਨੀ, ਪੋਲਿਸ਼, ਰੂਸੀ, ਸਕੈਂਡੇਨੇਵੀਅਨ ਅਤੇ ਯੂਕਰੇਨੀ ਭਾਸ਼ਾ ਵਿਚ। ਪ੍ਰੋਗ੍ਰਾਮ ਦੇ ਕੁਝ ਭਾਗ ਰੇਡੀਓ ʼਤੇ ਵੀ ਪ੍ਰਸਾਰਿਤ ਕੀਤੇ ਗਏ। ਇਸ ਤੋਂ ਇਲਾਵਾ, ਭਰਾਵਾਂ ਨੇ ਇਕ ਅਖ਼ਬਾਰ ਵਿਚ ਹਰ ਦਿਨ ਦੇ ਪ੍ਰੋਗ੍ਰਾਮ ਬਾਰੇ ਖ਼ਬਰਾਂ ਵੀ ਛਪਵਾਈਆਂ।
1924 ਵਿਚ ਓਹੀਓ ਦੇ ਕੋਲੰਬਸ ਸ਼ਹਿਰ ਵਿਚ ਵੱਡਾ ਸੰਮੇਲਨ
ਵੀਰਵਾਰ 24 ਜੁਲਾਈ ਨੂੰ “ਸੇਵਾ ਦਿਵਸ” ਰੱਖਿਆ ਗਿਆ। ਇਸ ਦਿਨ ਸੰਮੇਲਨ ਵਿਚ ਆਏ 5,000 ਤੋਂ ਵੀ ਜ਼ਿਆਦਾ ਭੈਣਾਂ-ਭਰਾਵਾਂ ਨੇ ਪ੍ਰਚਾਰ ਵਿਚ ਹਿੱਸਾ ਲਿਆ। ਉਨ੍ਹਾਂ ਨੇ ਤਕਰੀਬਨ 30,000 ਕਿਤਾਬਾਂ ਵੰਡੀਆਂ ਅਤੇ ਹਜ਼ਾਰਾਂ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਬਾਅਦ ਵਿਚ ਇਸ ਦਿਨ ਬਾਰੇ ਪਹਿਰਾਬੁਰਜ ਵਿਚ ਕਿਹਾ ਗਿਆ ਕਿ “ਇਹ ਸੰਮੇਲਨ ਦਾ ਸਭ ਤੋਂ ਵਧੀਆ ਦਿਨ ਸੀ।”
ਸ਼ੁੱਕਰਵਾਰ 25 ਜੁਲਾਈ ਨੂੰ ਸੰਮੇਲਨ ਵਿਚ ਇਕ ਹੋਰ ਖ਼ਾਸ ਗੱਲ ਹੋਈ। ਆਪਣੇ ਭਾਸ਼ਣ ਵਿਚ ਭਰਾ ਰਦਰਫ਼ਰਡ ਨੇ ਇਕ ਦਸਤਾਵੇਜ਼ ਪੜ੍ਹਿਆ ਜਿਸ ਵਿਚ ਚਰਚ ਦੇ ਪਾਦਰੀਆਂ ਦੀ ਖੁੱਲ੍ਹ ਕੇ ਨਿੰਦਿਆ ਕੀਤੀ ਗਈ ਸੀ। ਇਸ ਵਿਚ ਇਹ ਵੀ ਲਿਖਿਆ ਸੀ ਕਿ ਨੇਤਾ, ਧਰਮ-ਗੁਰੂ ਅਤੇ ਵੱਡੇ-ਵੱਡੇ ਵਪਾਰੀ “ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਜਾਣਨ ਤੋਂ ਰੋਕ ਰਹੇ ਹਨ ਜਿਸ ਰਾਹੀਂ ਪਰਮੇਸ਼ੁਰ ਪੂਰੀ ਮਨੁੱਖਜਾਤੀ ਨੂੰ ਬਰਕਤਾਂ ਦੇਵੇਗਾ।” ਇਸ ਵਿਚ ਇਹ ਵੀ ਦੱਸਿਆ ਗਿਆ ਸੀ ਕਿ “ਇਹ ਸਾਰੇ ਆਦਮੀ ਰਾਸ਼ਟਰ-ਸੰਘ ਦਾ ਸਾਥ ਦੇ ਰਹੇ ਹਨ ਅਤੇ ਦਾਅਵਾ ਕਰਦੇ ਹਨ ਕਿ ਅੱਜ ਪਰਮੇਸ਼ੁਰ ਇਸ ਸੰਘ ਦੇ ਜ਼ਰੀਏ ਦੁਨੀਆਂ ʼਤੇ ਹਕੂਮਤ ਕਰ ਰਿਹਾ ਹੈ।” ਲੋਕਾਂ ਤਕ ਇਹ ਸਖ਼ਤ ਸੰਦੇਸ਼ ਪਹੁੰਚਾਉਣ ਲਈ ਬਾਈਬਲ ਸਟੂਡੈਂਟਸ ਨੂੰ ਸੱਚ-ਮੁੱਚ ਬਹੁਤ ਦਲੇਰੀ ਦੀ ਲੋੜ ਸੀ।
ਇਸ ਸੰਮੇਲਨ ਬਾਰੇ ਪਹਿਰਾਬੁਰਜ ਦੇ ਇਕ ਲੇਖ ਵਿਚ ਲਿਖਿਆ ਸੀ ਕਿ ਇਸ ਸੰਮੇਲਨ ਤੋਂ ਭੈਣਾਂ-ਭਰਾਵਾਂ ਦੀ ਨਿਹਚਾ ਇੰਨੀ ਮਜ਼ਬੂਤ ਹੋਈ ਕਿ ਉਹ ਕਿਸੇ ਵੀ ਵਿਰੋਧ ਦੇ ਬਾਵਜੂਦ ਪ੍ਰਚਾਰ ਕਰਨ ਲਈ ਤਿਆਰ ਸਨ। ਇਸ ਸੰਮੇਲਨ ਵਿਚ ਹਾਜ਼ਰ ਹੋਏ ਭਰਾ ਲੀਓ ਕਲਾਊਸ ਨੇ ਕਿਹਾ: “ਸੰਮੇਲਨ ਤੋਂ ਬਾਅਦ ਅਸੀਂ ਜੋਸ਼ ਨਾਲ ਭਰ ਗਏ। ਅਸੀਂ ਆਪਣੇ ਇਲਾਕੇ ਵਿਚ ਇਹ ਸੰਦੇਸ਼ ਸੁਣਾਉਣ ਲਈ ਬਹੁਤ ਉਤਾਵਲੇ ਸੀ।”
ਉਸ ਪਰਚੇ ਦੀ ਇਕ ਕਾਪੀ ਜਿਸ ਵਿਚ ਪਾਦਰੀਆਂ ਦਾ ਪਰਦਾਫ਼ਾਸ਼ ਕੀਤਾ ਗਿਆ ਸੀ
ਭਰਾ ਰਦਰਫ਼ਰਡ ਨੇ ਆਪਣੇ ਭਾਸ਼ਣ ਵਿਚ ਜੋ ਦਸਤਾਵੇਜ਼ ਪੜ੍ਹਿਆ ਸੀ, ਉਸ ਵਿਚ ਦਿੱਤੀ ਜਾਣਕਾਰੀ ਅੱਗੇ ਚੱਲ ਕੇ ਇਕ ਪਰਚੇ ਵਿਚ ਛਾਪੀ ਗਈ। ਉਸ ਪਰਚੇ ਦਾ ਨਾਂ ਸੀ, ਏਕਲੀਸਿਆਸਟਿਸ ਇੰਡਿਕਟਿਡ (ਪਾਦਰੀਆਂ ਉੱਤੇ ਇਲਜ਼ਾਮ)। ਅਕਤੂਬਰ ਮਹੀਨੇ ਵਿਚ ਬਾਈਬਲ ਸਟੂਡੈਂਟਸ ਨੇ ਇਸ ਪਰਚੇ ਦੀਆਂ ਲੱਖਾਂ ਹੀ ਕਾਪੀਆਂ ਵੰਡੀਆਂ। ਓਕਲਾਹੋਮਾ ਦੇ ਕਲੀਵਲੈਂਡ ਸ਼ਹਿਰ ਦੇ ਇਕ ਛੋਟੇ ਜਿਹੇ ਕਸਬੇ ਵਿਚ ਕੁਝ ਭੈਣਾਂ-ਭਰਾਵਾਂ ਨੇ ਇਹ ਪਰਚਾ ਵੰਡਿਆ। ਭਰਾ ਫਰੈਂਕ ਜੌਨਸਨ ਵੀ ਉਨ੍ਹਾਂ ਵਿੱਚੋਂ ਇਕ ਸੀ। ਬਾਕੀ ਭੈਣਾਂ-ਭਰਾਵਾਂ ਦੇ ਪ੍ਰਚਾਰ ਖ਼ਤਮ ਕਰਨ ਤੋਂ 20 ਮਿੰਟ ਪਹਿਲਾਂ ਹੀ ਭਰਾ ਨੇ ਆਪਣੇ ਇਲਾਕੇ ਵਿਚ ਇਹ ਪਰਚਾ ਵੰਡ ਦਿੱਤਾ ਸੀ। ਪਰ ਉਸ ਨੂੰ ਬਾਕੀ ਭੈਣਾਂ-ਭਰਾਵਾਂ ਦਾ ਇੰਤਜ਼ਾਰ ਕਰਨਾ ਪੈਣਾ ਸੀ। ਪਰ ਉਹ ਖੁੱਲ੍ਹੇ-ਆਮ ਖੜ੍ਹੇ ਹੋ ਕੇ ਇੰਤਜ਼ਾਰ ਨਹੀਂ ਕਰ ਸਕਦਾ ਸੀ ਕਿਉਂਕਿ ਉਸ ਪਰਚੇ ਕਰਕੇ ਉਸ ਇਲਾਕੇ ਦੇ ਆਦਮੀ ਭੜਕੇ ਹੋਏ ਸਨ ਤੇ ਉਸ ਨੂੰ ਲੱਭ ਰਹੇ ਸਨ। ਇਸ ਲਈ ਉਹ ਨੇੜੇ ਦੇ ਇਕ ਚਰਚ ਵਿਚ ਜਾ ਕੇ ਲੁਕ ਗਿਆ। ਪਰ ਜਦੋਂ ਉਸ ਨੇ ਦੇਖਿਆ ਕਿ ਚਰਚ ਖਾਲੀ ਸੀ, ਤਾਂ ਉਸ ਨੇ ਪਾਦਰੀ ਦੀ ਬਾਈਬਲ ਵਿਚ ਅਤੇ ਹਰ ਸੀਟ ਉੱਤੇ ਉਹ ਪਰਚਾ ਰੱਖ ਦਿੱਤਾ। ਫਿਰ ਉਹ ਫਟਾਫਟ ਚਰਚ ਵਿੱਚੋਂ ਨਿਕਲ ਗਿਆ। ਪਰ ਅਜੇ ਵੀ ਉਸ ਕੋਲ ਕੁਝ ਸਮਾਂ ਸੀ। ਇਸ ਲਈ ਉਹ ਹੋਰ ਦੋ ਚਰਚਾਂ ਵਿਚ ਗਿਆ ਤੇ ਉਸ ਨੇ ਉੱਥੇ ਵੀ ਪਰਚੇ ਰੱਖ ਦਿੱਤੇ।
ਇਸ ਤੋਂ ਬਾਅਦ, ਭਰਾ ਫ਼ਰੈਂਕ ਉਸ ਜਗ੍ਹਾ ਚਲਾ ਗਿਆ ਜਿੱਥੇ ਭੈਣਾਂ-ਭਰਾਵਾਂ ਨੇ ਉਸ ਨੂੰ ਲੈਣ ਆਉਣਾ ਸੀ। ਉਹ ਇਕ ਪੈਟਰੋਲ ਪੰਪ ਪਿੱਛੇ ਲੁਕ ਗਿਆ ਅਤੇ ਦੇਖਣ ਲੱਗਾ ਕਿ ਜੋ ਆਦਮੀ ਉਸ ਨੂੰ ਲੱਭ ਰਹੇ ਸਨ, ਕਿਤੇ ਉਹ ਉਸ ਦਾ ਪਿੱਛਾ ਤਾਂ ਨਹੀਂ ਕਰ ਰਹੇ। ਉਹ ਆਦਮੀ ਇਕ ਗੱਡੀ ਵਿਚ ਉੱਥੋਂ ਦੀ ਲੰਘੇ, ਪਰ ਉਨ੍ਹਾਂ ਨੇ ਭਰਾ ਨੂੰ ਦੇਖਿਆ ਨਹੀਂ। ਜਿੱਦਾਂ ਹੀ ਉਹ ਆਦਮੀ ਉੱਥੋਂ ਗਏ, ਬਾਕੀ ਭੈਣ-ਭਰਾ ਆ ਗਏ ਤੇ ਭਰਾ ਨੂੰ ਗੱਡੀ ਵਿਚ ਬਿਠਾ ਕੇ ਉੱਥੋਂ ਨਿਕਲ ਗਏ।
ਇਕ ਭਰਾ ਇਹ ਕਿੱਸਾ ਯਾਦ ਕਰਦਿਆਂ ਦੱਸਦਾ ਹੈ: “ਜਦੋਂ ਅਸੀਂ ਉਸ ਇਲਾਕੇ ਵਿੱਚੋਂ ਨਿਕਲ ਰਹੇ ਸੀ, ਤਾਂ ਅਸੀਂ ਉਨ੍ਹਾਂ ਤਿੰਨ ਚਰਚਾਂ ਦੇ ਸਾਮ੍ਹਣਿਓਂ ਨਿਕਲੇ। ਹਰ ਚਰਚ ਸਾਮ੍ਹਣੇ ਘੱਟੋ-ਘੱਟ 50 ਜਣੇ ਖੜ੍ਹੇ ਸਨ। ਕੁਝ ਲੋਕ ਉਹ ਪਰਚਾ ਪੜ੍ਹ ਰਹੇ ਸਨ ਤੇ ਕੁਝ ਜਣੇ ਉਹ ਪਰਚਾ ਪਾਦਰੀ ਨੂੰ ਦਿਖਾ ਰਹੇ ਸਨ। ਸੱਚੀ, ਉਸ ਦਿਨ ਤਾਂ ਅਸੀਂ ਮਸਾਂ-ਮਸਾਂ ਬਚੇ! ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਸ਼ੁਕਰ ਕਰਦੇ ਹਾਂ ਕਿ ਉਸ ਨੇ ਸਾਨੂੰ ਬੁੱਧ ਦਿੱਤੀ ਕਿ ਅਸੀਂ ਉਨ੍ਹਾਂ ਵਿਰੋਧੀਆਂ ਦੇ ਹੱਥੋਂ ਬਚ ਕੇ ਨਿਕਲ ਸਕੀਏ।”
ਹੋਰ ਦੇਸ਼ਾਂ ਵਿਚ ਦਲੇਰੀ ਨਾਲ ਪ੍ਰਚਾਰ ਕੀਤਾ ਗਿਆ
ਜੋਸਫ਼ ਕਰੈੱਟ
ਹੋਰ ਦੇਸ਼ਾਂ ਵਿਚ ਵੀ ਬਾਈਬਲ ਸਟੂਡੈਂਟਸ ਨੇ ਦਲੇਰੀ ਨਾਲ ਪ੍ਰਚਾਰ ਕੀਤਾ। ਮਿਸਾਲ ਲਈ, ਉੱਤਰੀ ਫਰਾਂਸ ਵਿਚ ਭਰਾ ਜੋਸਫ਼ ਕਰੈੱਟ ਨੇ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕੀਤਾ ਜੋ ਖਾਣਾਂ ਵਿਚ ਕੰਮ ਕਰਦੇ ਸਨ। ਇਹ ਲੋਕ ਪੋਲੈਂਡ ਤੋਂ ਆ ਕੇ ਇੱਥੇ ਵੱਸ ਗਏ ਸਨ। ਭਰਾ ਕਰੈੱਟ ਨੇ ਇਕ ਭਾਸ਼ਣ ਦੇਣਾ ਸੀ ਜਿਸ ਦਾ ਵਿਸ਼ਾ ਸੀ, “ਮਰ ਚੁੱਕੇ ਲੋਕਾਂ ਨੂੰ ਜਲਦੀ ਹੀ ਜੀਉਂਦਾ ਕੀਤਾ ਜਾਵੇਗਾ।” ਜਦੋਂ ਭੈਣਾਂ-ਭਰਾਵਾਂ ਨੇ ਕਸਬੇ ਦੇ ਲੋਕਾਂ ਨੂੰ ਇਹ ਭਾਸ਼ਣ ਸੁਣਨ ਦਾ ਸੱਦਾ ਦਿੱਤਾ, ਤਾਂ ਉੱਥੇ ਦੇ ਪਾਦਰੀ ਨੇ ਆਪਣੇ ਚਰਚ ਦੇ ਲੋਕਾਂ ਨੂੰ ਉੱਥੇ ਜਾਣ ਤੋਂ ਮਨ੍ਹਾ ਕੀਤਾ। ਪਰ ਹੋਇਆ ਬਿਲਕੁਲ ਇਸ ਤੋਂ ਉਲਟ। ਪੰਜ ਹਜ਼ਾਰ ਤੋਂ ਜ਼ਿਆਦਾ ਲੋਕ ਇਹ ਭਾਸ਼ਣ ਸੁਣਨ ਆਏ ਜਿਸ ਵਿਚ ਉਹ ਪਾਦਰੀ ਵੀ ਸ਼ਾਮਲ ਸੀ। ਭਰਾ ਕਰੈੱਟ ਨੇ ਪਾਦਰੀ ਨੂੰ ਕਿਹਾ ਕਿ ਤੁਸੀਂ ਜੋ ਮੰਨਦੇ ਹੋ, ਉਸ ਬਾਰੇ ਅਸੀਂ ਸਾਰਿਆਂ ਸਾਮ੍ਹਣੇ ਤੁਹਾਨੂੰ ਕੁਝ ਸਵਾਲ ਪੁੱਛਣਾ ਚਾਹੁੰਦੇ ਹਾਂ, ਪਰ ਉਸ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਭਰਾ ਨੇ ਧਿਆਨ ਦਿੱਤਾ ਕਿ ਲੋਕ ਸੱਚਾਈ ਲਈ ਪਿਆਸੇ ਹਨ ਯਾਨੀ ਉਹ ਪਰਮੇਸ਼ੁਰ ਬਾਰੇ ਜਾਣਨਾ ਚਾਹੁੰਦੇ ਹਨ। ਇਸ ਕਰਕੇ ਉਸ ਕੋਲ ਜਿੰਨੇ ਵੀ ਪ੍ਰਕਾਸ਼ਨ ਸਨ, ਉਸ ਨੇ ਉਹ ਸਾਰੇ ਵੰਡ ਦਿੱਤੇ।—ਆਮੋ. 8:11.
ਕਲੋਡ ਬਰਾਊਨ
ਭਰਾ ਕਲੋਡ ਬਰਾਊਨ ਅਫ਼ਰੀਕਾ ਦੇ ਗੋਲਡ ਕੋਸਟ ਦੇਸ਼ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਗਿਆ। ਇਸ ਦੇਸ਼ ਨੂੰ ਹੁਣ ਘਾਨਾ ਕਿਹਾ ਜਾਂਦਾ ਹੈ। ਉਸ ਨੇ ਕਈ ਭਾਸ਼ਣ ਦਿੱਤੇ ਅਤੇ ਬਹੁਤ ਸਾਰੇ ਪ੍ਰਕਾਸ਼ਨ ਵੰਡੇ ਜਿਸ ਕਰਕੇ ਜਲਦੀ ਹੀ ਸਾਰੇ ਦੇਸ਼ ਵਿਚ ਸੱਚਾਈ ਫੈਲ ਗਈ। ਜੌਨ ਬਲੈਕਸੰਨ ਨੇ ਭਰਾ ਬਰਾਊਨ ਦਾ ਭਾਸ਼ਣ ਸੁਣਿਆ। ਉਹ ਉਸ ਵੇਲੇ ਫਾਰਮੇਸੀ ਦੀ ਪੜ੍ਹਾਈ ਕਰ ਰਿਹਾ ਸੀ। ਭਾਸ਼ਣ ਸੁਣ ਕੇ ਉਹ ਸਮਝ ਗਿਆ ਕਿ ਇਹੀ ਸੱਚਾਈ ਹੈ। ਉਸ ਨੇ ਕਿਹਾ: “ਸੱਚਾਈ ਮਿਲਣ ਕਰਕੇ ਮੈਂ ਬਹੁਤ ਖ਼ੁਸ਼ ਸੀ। ਮੈਂ ਆਪਣੇ ਕਾਲਜ ਵਿਚ ਬਹੁਤ ਜਣਿਆਂ ਨੂੰ ਇਸ ਬਾਰੇ ਦੱਸਿਆ।”
ਜੌਨ ਬਲੈਕਸੰਨ
ਜੌਨ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਤ੍ਰਿਏਕ ਦੀ ਸਿੱਖਿਆ ਬਾਈਬਲ ਤੋਂ ਨਹੀਂ ਹੈ। ਇਸ ਲਈ ਉਹ ਇਕ ਦਿਨ ਪਾਦਰੀ ਨਾਲ ਇਸ ਬਾਰੇ ਗੱਲ ਕਰਨ ਲਈ ਚਰਚ ਗਿਆ। ਪਾਦਰੀ ਨੇ ਗੁੱਸੇ ਵਿਚ ਉਸ ਨੂੰ ਕਿਹਾ: “ਤੂੰ ਮਸੀਹੀ ਨਹੀਂ ਹੈਂ, ਤੂੰ ਸ਼ੈਤਾਨ ਪਿੱਛੇ ਲੱਗਾ ਹੈਂ। ਦਫ਼ਾ ਹੋ ਜਾਹ ਇੱਥੋਂ!”
ਘਰ ਜਾ ਕੇ ਜੌਨ ਨੇ ਪਾਦਰੀ ਨੂੰ ਇਕ ਚਿੱਠੀ ਲਿਖੀ। ਚਿੱਠੀ ਵਿਚ ਉਸ ਨੇ ਲਿਖਿਆ ਕਿ ਉਹ ਲੋਕਾਂ ਸਾਮ੍ਹਣੇ ਆ ਕੇ ਇਸ ਗੱਲ ਦੇ ਸਬੂਤ ਦੇਵੇ ਕਿ ਤ੍ਰਿਏਕ ਦੀ ਸਿੱਖਿਆ ਸਹੀ ਹੈ। ਪਾਦਰੀ ਨੇ ਉਸ ਨੂੰ ਕਿਹਾ ਕਿ ਉਹ ਜਾ ਕੇ ਆਪਣੇ ਪ੍ਰਿੰਸੀਪਲ ਨੂੰ ਮਿਲੇ। ਜਦੋਂ ਜੌਨ ਆਫ਼ਿਸ ਵਿਚ ਗਿਆ, ਤਾਂ ਪ੍ਰਿੰਸੀਪਲ ਨੇ ਉਸ ਨੂੰ ਪੁੱਛਿਆ, ‘ਕੀ ਤੂੰ ਪਾਦਰੀ ਨੂੰ ਕੋਈ ਚਿੱਠੀ ਲਿਖੀ ਹੈ?’
ਜੌਨ ਨੇ ਜਵਾਬ ਦਿੱਤਾ: “ਹਾਂਜੀ ਸਰ।”
ਪ੍ਰਿੰਸੀਪਲ ਨੇ ਜੌਨ ਨੂੰ ਕਿਹਾ ਕਿ ਉਹ ਪਾਦਰੀ ਨੂੰ ਇਕ ਮਾਫ਼ੀਨਾਮਾ ਲਿਖੇ। ਇਸ ਲਈ ਜੌਨ ਨੇ ਲਿਖਿਆ:
“ਸ਼੍ਰੀਮਾਨ ਜੀ, ਮੇਰੇ ਪ੍ਰਿੰਸੀਪਲ ਨੇ ਮੈਨੂੰ ਤੁਹਾਡੇ ਤੋਂ ਮਾਫ਼ੀ ਮੰਗਣ ਲਈ ਕਿਹਾ ਹੈ। ਮੈਂ ਮਾਫ਼ੀ ਮੰਗਣ ਲਈ ਤਿਆਰ ਹਾਂ ਬਸ਼ਰਤੇ ਤੁਸੀਂ ਮੰਨੋ ਕਿ ਤੁਸੀਂ ਜੋ ਸਿਖਾਉਂਦੇ ਹੋ, ਉਹ ਸਰਾਸਰ ਗ਼ਲਤ ਹੈ।”
ਜਦੋਂ ਪ੍ਰਿੰਸੀਪਲ ਨੇ ਚਿੱਠੀ ਪੜ੍ਹੀ, ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਕਿਹਾ: “ਜੌਨ, ਇਹ ਤੂੰ ਕੀ ਲਿਖਿਆ?”
“ਸਰ, ਮੈਂ ਜੋ ਲਿਖਣਾ ਸੀ, ਲਿਖ ਦਿੱਤਾ।”
“ਤੈਨੂੰ ਕਾਲਜ ਵਿੱਚੋਂ ਕੱਢ ਦਿੱਤਾ ਜਾਣਾ। ਤੈਨੂੰ ਕੀ ਲੱਗਦਾ, ਸਰਕਾਰੀ ਪਾਦਰੀ ਖ਼ਿਲਾਫ਼ ਬੋਲ ਕੇ ਤੈਨੂੰ ਸਰਕਾਰੀ ਕਾਲਜ ਵਿਚ ਰਹਿਣ ਦਿੱਤਾ ਜਾਵੇਗਾ?”
“ਪਰ ਸਰ . . . ਜਦੋਂ ਤੁਸੀਂ ਸਾਨੂੰ ਪੜ੍ਹਾਉਂਦੇ ਹੋ ਤੇ ਸਾਨੂੰ ਕੁਝ ਸਮਝ ਨਹੀਂ ਆਉਂਦਾ, ਤਾਂ ਕੀ ਅਸੀਂ ਤੁਹਾਨੂੰ ਸਵਾਲ ਨਹੀਂ ਪੁੱਛਦੇ?”
“ਹਾਂ ਪੁੱਛਦੇ ਹੋ।”
“ਸਰ ਇਹੀ ਤਾਂ ਹੋਇਆ। ਉਹ ਪਾਦਰੀ ਬਾਈਬਲ ਤੋਂ ਸਿਖਾ ਰਿਹਾ ਸੀ ਅਤੇ ਮੈਂ ਉਸ ਤੋਂ ਇਕ ਸਵਾਲ ਪੁੱਛਿਆ। ਜੇ ਉਹ ਸਵਾਲ ਦਾ ਜਵਾਬ ਨਹੀਂ ਦੇ ਸਕਿਆ, ਤਾਂ ਇਸ ਵਿਚ ਮੇਰੀ ਕੀ ਗ਼ਲਤੀ? ਮੈਂ ਉਸ ਤੋਂ ਮਾਫ਼ੀ ਕਿਉਂ ਮੰਗਾਂ?”
ਜੌਨ ਨੂੰ ਨਾ ਤਾਂ ਕਾਲਜ ਵਿੱਚੋਂ ਕੱਢਿਆ ਗਿਆ ਤੇ ਨਾ ਹੀ ਉਸ ਨੂੰ ਮਾਫ਼ੀਨਾਮਾ ਲਿਖਣਾ ਪਿਆ।
ਬਾਈਬਲ ਸਟੂਡੈਂਟਸ ਹੋਰ ਵੀ ਕੰਮ ਕਰਨ ਲਈ ਤਿਆਰ ਸਨ
1924 ਵਿਚ ਭੈਣਾਂ-ਭਰਾਵਾਂ ਨੇ ਜਿੱਦਾਂ ਜੋਸ਼ ਨਾਲ ਪ੍ਰਚਾਰ ਕੀਤਾ ਸੀ, ਉਸ ਬਾਰੇ ਇਕ ਪਹਿਰਾਬੁਰਜ ਵਿਚ ਲਿਖਿਆ ਸੀ: “ਅਸੀਂ ਦਾਊਦ ਵਾਂਗ ਕਹਿ ਸਕਦੇ ਹਾਂ: ‘ਤੂੰ ਮੈਨੂੰ ਯੁੱਧ ਲੜਨ ਦੀ ਤਾਕਤ ਬਖ਼ਸ਼ੀ।’ (ਜ਼ਬੂ. 18:39) ਇਸ ਸਾਲ ਸਾਨੂੰ ਬਹੁਤ ਹੌਸਲਾ ਮਿਲਿਆ ਕਿਉਂਕਿ ਅਸੀਂ ਪ੍ਰਭੂ ਦਾ ਹੱਥ ਦੇਖਿਆ। . . . ਉਸ ਦੇ ਵਫ਼ਾਦਾਰ ਸੇਵਕ . . . ਖ਼ੁਸ਼ੀ ਨਾਲ ਗਵਾਹੀ ਦੇ ਰਹੇ ਹਨ।”
ਸਾਲ ਦੇ ਅਖ਼ੀਰ ਵਿਚ ਭਰਾਵਾਂ ਨੇ ਇਕ ਹੋਰ ਰੇਡੀਓ ਸਟੇਸ਼ਨ ਬਣਾਉਣ ਦੀ ਯੋਜਨਾ ਬਣਾਈ। ਸ਼ਿਕਾਗੋ ਸ਼ਹਿਰ ਦੇ ਨੇੜੇ ਇਕ ਹੋਰ ਰੇਡੀਓ ਸਟੇਸ਼ਨ ਬਣਾਉਣਾ ਸ਼ੁਰੂ ਕੀਤਾ ਗਿਆ। ਇਸ ਨਵੇਂ ਸਟੇਸ਼ਨ ਦਾ ਨਾਂ “ਵਰਡ” ਰੱਖਿਆ ਗਿਆ ਜਿਸ ਦਾ ਮਤਲਬ ਹੈ, ਬਚਨ। ਇਹ ਨਾਂ ਬਿਲਕੁਲ ਸਹੀ ਵੀ ਸੀ ਕਿਉਂਕਿ ਰੇਡੀਓ ਸਟੇਸ਼ਨ ਰਾਹੀਂ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕੀਤਾ ਜਾਣਾ ਸੀ। ਇਸ ਵਾਰ ਭਰਾਵਾਂ ਨੇ 5,000-ਵਾਟ ਦਾ ਟ੍ਰਾਂਸਮੀਟਰ ਲਗਾਇਆ ਜਿਸ ਨਾਲ ਸੈਂਕੜੇ ਕਿਲੋਮੀਟਰ ਦੂਰ ਕੈਨੇਡਾ ਵਿਚ ਵੀ ਲੋਕ ਰਾਜ ਦਾ ਸੰਦੇਸ਼ ਸੁਣ ਸਕਦੇ ਸਨ।
1925 ਵਿਚ ਬਾਈਬਲ ਸਟੂਡੈਂਟਸ ਨੂੰ ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 12 ਬਾਰੇ ਨਵੀਂ ਸਮਝ ਮਿਲਣ ਵਾਲੀ ਸੀ। ਇਸ ਨਵੀਂ ਸਮਝ ਕਰਕੇ ਕੁਝ ਜਣਿਆਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਣੀ ਸੀ। ਪਰ ਬਹੁਤ ਜਣਿਆਂ ਨੇ ਇਹ ਜਾਣ ਕੇ ਖ਼ੁਸ਼ ਹੋਣਾ ਸੀ ਕਿ ਭਵਿੱਖ ਵਿਚ ਸਵਰਗ ਵਿਚ ਕਿਹੜੀਆਂ ਘਟਨਾਵਾਂ ਹੋਣਗੀਆਂ ਅਤੇ ਇਨ੍ਹਾਂ ਦਾ ਧਰਤੀ ʼਤੇ ਰਹਿਣ ਵਾਲਿਆਂ ʼਤੇ ਕੀ ਅਸਰ ਪਵੇਗਾ।
a ਹੁਣ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ।
b ਉਸ ਸਮੇਂ ਜੇ. ਐੱਫ਼. ਰਦਰਫ਼ਰਡ ਬਾਈਬਲ ਸਟੂਡੈਂਟਸ ਦੀ ਅਗਵਾਈ ਕਰ ਰਹੇ ਸਨ। ਲੋਕ ਕਦੇ-ਕਦੇ ਉਨ੍ਹਾਂ ਨੂੰ “ਜੱਜ” ਰਦਰਫ਼ਰਡ ਵੀ ਕਹਿੰਦੇ ਸਨ ਕਿਉਂਕਿ ਬੈਥਲ ਵਿਚ ਸੇਵਾ ਕਰਨ ਤੋਂ ਪਹਿਲਾਂ ਉਹ ਮਿਸੂਰੀ ਰਾਜ ਦੀ ਇਕ ਅਦਾਲਤ ਵਿਚ ਇਕ ਜੱਜ ਵਜੋਂ ਕੰਮ ਕਰਦੇ ਸਨ।