ਅਧਿਐਨ ਲੇਖ 10
ਗੀਤ 31 ਪਰਮੇਸ਼ੁਰ ਦੇ ਨਾਲ-ਨਾਲ ਚੱਲੋ!
ਯਹੋਵਾਹ ਅਤੇ ਯਿਸੂ ਵਰਗੀ ਸੋਚ ਰੱਖੋ
“ਇਹ ਜਾਣਦੇ ਹੋਏ ਕਿ ਮਸੀਹ ਨੇ ਇਨਸਾਨ ਹੁੰਦਿਆਂ ਦੁੱਖ ਝੱਲੇ ਸਨ, ਤੁਹਾਡੇ ਮਨ ਦਾ ਸੁਭਾਅ ਵੀ ਉਸ ਵਰਗਾ ਹੋਣਾ ਚਾਹੀਦਾ ਹੈ।”—1 ਪਤ. 4:1.
ਕੀ ਸਿੱਖਾਂਗੇ?
ਅਸੀਂ ਜਾਣਾਂਗੇ ਕਿ ਪਤਰਸ ਰਸੂਲ ਨੇ ਯਿਸੂ ਦੀ ਸੋਚ ਤੇ ਨਜ਼ਰੀਏ ਤੋਂ ਕਿਹੜੇ ਸਬਕ ਸਿੱਖੇ ਅਤੇ ਅਸੀਂ ਕੀ ਸਿੱਖ ਸਕਦੇ ਹਾਂ।
1-2. (ੳ) ਯਹੋਵਾਹ ਨੂੰ ਪਿਆਰ ਕਰਨ ਵਿਚ ਕੀ ਕੁਝ ਸ਼ਾਮਲ ਹੈ? (ਅ) ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਆਪਣੀ ਪੂਰੀ ਸਮਝ ਨਾਲ ਯਹੋਵਾਹ ਨੂੰ ਪਿਆਰ ਕਰਦਾ ਸੀ?
ਯਿਸੂ ਨੇ ਸਾਫ਼-ਸਾਫ਼ ਦੱਸਿਆ ਕਿ ਮੂਸਾ ਦੇ ਕਾਨੂੰਨ ਵਿਚ ਸਭ ਤੋਂ ਵੱਡਾ ਹੁਕਮ ਕਿਹੜਾ ਸੀ। ਉਸ ਨੇ ਕਿਹਾ: “ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਤਾਕਤ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।” (ਮਰ. 12:30) ਧਿਆਨ ਦਿਓ ਕਿ ਸਾਨੂੰ ਆਪਣੇ ਪੂਰੇ ਦਿਲ ਨਾਲ ਯਹੋਵਾਹ ਨੂੰ ਪਿਆਰ ਕਰਨਾ ਚਾਹੀਦਾ ਹੈ ਯਾਨੀ ਇਸ ਵਿਚ ਸਾਡੀਆਂ ਇੱਛਾਵਾਂ ਤੇ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਸਾਨੂੰ ਪੂਰੀ ਜਾਨ ਅਤੇ ਪੂਰੀ ਤਾਕਤ ਨਾਲ ਯਹੋਵਾਹ ਦੀ ਭਗਤੀ ਕਰਨੀ ਚਾਹੀਦੀ ਹੈ। ਪਰ ਸਾਨੂੰ ਆਪਣੀ ਪੂਰੀ ਸਮਝ ਨਾਲ ਵੀ ਯਹੋਵਾਹ ਨੂੰ ਪਿਆਰ ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਸੋਚਣ ਦੇ ਤਰੀਕੇ ਤੋਂ ਵੀ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਭਾਵੇਂ ਕਿ ਅਸੀਂ ਕਦੇ ਵੀ ਯਹੋਵਾਹ ਦੀ ਸੋਚ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ, ਪਰ ਫਿਰ ਵੀ ਸਾਨੂੰ ਉਸ ਵਰਗੀ ਸੋਚ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਅਸੀਂ ‘ਮਸੀਹ ਦੇ ਮਨ’ ਬਾਰੇ ਅਧਿਐਨ ਕਰੀਏ, ਤਾਂ ਅਸੀਂ ਯਹੋਵਾਹ ਦੀ ਸੋਚ ਨੂੰ ਹੋਰ ਵਧੀਆ ਤਰੀਕੇ ਨਾਲ ਸਮਝ ਸਕਦੇ ਹਾਂ। ਕਿਉਂ? ਕਿਉਂਕਿ ਯਿਸੂ ਹੂ-ਬਹੂ ਆਪਣੇ ਪਿਤਾ ਯਹੋਵਾਹ ਵਰਗੀ ਸੋਚ ਰੱਖਦਾ ਹੈ।—1 ਕੁਰਿੰ. 2:16.
2 ਯਿਸੂ ਆਪਣੀ ਪੂਰੀ ਸਮਝ ਨਾਲ ਯਹੋਵਾਹ ਨੂੰ ਪਿਆਰ ਕਰਦਾ ਸੀ। ਉਹ ਜਾਣਦਾ ਸੀ ਕਿ ਉਸ ਲਈ ਪਰਮੇਸ਼ੁਰ ਦੀ ਕੀ ਇੱਛਾ ਹੈ ਅਤੇ ਉਸ ਨੂੰ ਪੂਰਾ ਕਰਨ ਲਈ ਉਸ ਨੂੰ ਬਹੁਤ ਦੁੱਖ ਝੱਲਣਾ ਪਵੇਗਾ। ਫਿਰ ਵੀ ਉਹ ਇੱਦਾਂ ਕਰਨ ਲਈ ਤਿਆਰ ਸੀ। ਉਸ ਦਾ ਪੂਰਾ ਧਿਆਨ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਤੇ ਸੀ ਅਤੇ ਕਿਸੇ ਵੀ ਚੀਜ਼ ਕਰਕੇ ਉਸ ਨੇ ਆਪਣਾ ਧਿਆਨ ਭਟਕਣ ਨਹੀਂ ਦਿੱਤਾ।
3. ਪਤਰਸ ਰਸੂਲ ਨੇ ਯਿਸੂ ਤੋਂ ਕੀ ਸਿੱਖਿਆ ਅਤੇ ਉਸ ਨੇ ਮਸੀਹੀਆਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ? (1 ਪਤਰਸ 4:1)
3 ਪਤਰਸ ਤੇ ਹੋਰ ਰਸੂਲਾਂ ਨੂੰ ਯਿਸੂ ਨਾਲ ਸਮਾਂ ਬਿਤਾਉਣ ਦਾ ਵਧੀਆ ਮੌਕਾ ਮਿਲਿਆ ਅਤੇ ਉਹ ਸਿੱਖ ਸਕੇ ਕਿ ਯਿਸੂ ਕਿਵੇਂ ਸੋਚਦਾ ਸੀ। ਜਦੋਂ ਪਤਰਸ ਨੇ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਆਪਣੀ ਪਹਿਲੀ ਚਿੱਠੀ ਲਿਖੀ, ਤਾਂ ਉਸ ਨੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਨ੍ਹਾਂ ਦੇ ਮਨ ਦਾ ਸੁਭਾਅ ਮਸੀਹ ਵਰਗਾ ਹੋਣਾ ਚਾਹੀਦਾ ਹੈ। (1 ਪਤਰਸ 4:1 ਪੜ੍ਹੋ।) ਮੂਲ ਭਾਸ਼ਾ ਵਿਚ ਇਹ ਗੱਲ ਲਿਖਦਿਆਂ ਪਤਰਸ ਨੇ ਜੋ ਸ਼ਬਦ ਵਰਤੇ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਮਨ ਵਿਚ ਇਕ ਅਜਿਹੇ ਫ਼ੌਜੀ ਦੀ ਤਸਵੀਰ ਸੀ ਜੋ ਯੁੱਧ ਲਈ ਆਪਣੇ ਆਪ ਨੂੰ ਹਥਿਆਰਾਂ ਨਾਲ ਤਿਆਰ ਰੱਖਦਾ ਹੈ। ਉਸੇ ਤਰ੍ਹਾਂ ਜੇ ਇਕ ਮਸੀਹੀ ਯਿਸੂ ਦੇ ਮਨ ਦਾ ਸੁਭਾਅ ਜਾਂ ਉਸ ਵਰਗੀ ਸੋਚ ਰੱਖੇ, ਤਾਂ ਇਹ ਇੱਦਾਂ ਹੈ ਜਿਵੇਂ ਉਹ ਸ਼ਕਤੀਸ਼ਾਲੀ ਹਥਿਆਰ ਲੈ ਕੇ ਸ਼ੈਤਾਨ ਦੀ ਇਸ ਦੁਨੀਆਂ ਅਤੇ ਆਪਣੇ ਪਾਪੀ ਝੁਕਾਅ ਨਾਲ ਲੜਨ ਲਈ ਤਿਆਰ ਹੈ।—2 ਕੁਰਿੰ. 10:3-5; ਅਫ਼. 6:12.
4. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
4 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਕਿਵੇਂ ਸੋਚਦਾ ਹੁੰਦਾ ਸੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ। ਉਸ ਦੀ ਮਿਸਾਲ ਤੋਂ ਅਸੀਂ ਸਿੱਖਾਂਗੇ ਕਿ (1) ਅਸੀਂ ਯਹੋਵਾਹ ਵਰਗੀ ਸੋਚ ਕਿਵੇਂ ਰੱਖ ਸਕਦੇ ਹਾਂ, (2) ਅਸੀਂ ਨਿਮਰ ਕਿਵੇਂ ਬਣ ਸਕਦੇ ਹਾਂ ਅਤੇ (3) ਅਸੀਂ ਯਹੋਵਾਹ ʼਤੇ ਭਰੋਸਾ ਰੱਖ ਕੇ ਸਮਝਦਾਰ ਕਿਵੇਂ ਬਣ ਸਕਦੇ ਹਾਂ।
ਯਹੋਵਾਹ ਵਰਗੀ ਸੋਚ ਰੱਖੋ
5. ਇਕ ਮੌਕੇ ʼਤੇ ਪਤਰਸ ਕਿਵੇਂ ਯਹੋਵਾਹ ਵਰਗੀ ਸੋਚ ਨਹੀਂ ਰੱਖ ਸਕਿਆ?
5 ਗੌਰ ਕਰੋ ਕਿ ਇਕ ਮੌਕੇ ʼਤੇ ਪਤਰਸ ਯਹੋਵਾਹ ਵਰਗੀ ਸੋਚ ਨਹੀਂ ਰੱਖ ਸਕਿਆ। ਯਿਸੂ ਨੇ ਆਪਣੇ ਰਸੂਲਾਂ ਨੂੰ ਦੱਸਿਆ ਸੀ ਕਿ ਉਸ ਨੂੰ ਯਰੂਸ਼ਲਮ ਜਾਣਾ ਪਵੇਗਾ, ਉੱਥੇ ਉਸ ਨੂੰ ਧਾਰਮਿਕ ਆਗੂਆਂ ਦੇ ਹੱਥ ਫੜਾ ਦਿੱਤਾ ਜਾਵੇਗਾ, ਉਸ ਨੂੰ ਅਤਿਆਚਾਰ ਸਹਿਣੇ ਪੈਣਗੇ ਅਤੇ ਫਿਰ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। (ਮੱਤੀ 16:21) ਪਤਰਸ ਜਾਣਦਾ ਸੀ ਕਿ ਯਿਸੂ ਵਾਅਦਾ ਕੀਤਾ ਹੋਇਆ ਮਸੀਹ ਹੈ ਜੋ ਪਰਮੇਸ਼ੁਰ ਦੇ ਲੋਕਾਂ ਨੂੰ ਬਚਾਵੇਗਾ। ਇਸ ਕਰਕੇ ਸ਼ਾਇਦ ਪਤਰਸ ਲਈ ਇਹ ਗੱਲ ਮੰਨਣੀ ਔਖੀ ਸੀ ਕਿ ਯਹੋਵਾਹ ਯਿਸੂ ਨੂੰ ਮਰਨ ਦੇਵੇਗਾ। (ਮੱਤੀ 16:16) ਇਸ ਲਈ ਪਤਰਸ ਯਿਸੂ ਨੂੰ ਇਕ ਪਾਸੇ ਲੈ ਗਿਆ ਤੇ ਉਸ ਨੂੰ ਕਿਹਾ: “ਪ੍ਰਭੂ, ਆਪਣੇ ʼਤੇ ਤਰਸ ਖਾਹ, ਤੇਰੇ ਨਾਲ ਇੱਦਾਂ ਨਹੀਂ ਹੋਵੇਗਾ।” (ਮੱਤੀ 16:22) ਇਸ ਮਾਮਲੇ ਬਾਰੇ ਯਿਸੂ ਤੇ ਪਤਰਸ ਦੀ ਸੋਚ ਇੱਕੋ ਜਿਹੀ ਨਹੀਂ ਸੀ ਕਿਉਂਕਿ ਪਤਰਸ ਦੀ ਸੋਚ ਯਹੋਵਾਹ ਵਰਗੀ ਨਹੀਂ ਸੀ।
6. ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਦੀ ਸੋਚ ਯਹੋਵਾਹ ਵਰਗੀ ਸੀ?
6 ਯਿਸੂ ਦੀ ਸੋਚ ਹੂ-ਬਹੂ ਆਪਣੇ ਪਿਤਾ ਯਹੋਵਾਹ ਵਰਗੀ ਸੀ। ਯਿਸੂ ਨੇ ਪਤਰਸ ਨੂੰ ਕਿਹਾ: “ਹੇ ਸ਼ੈਤਾਨ, ਪਰੇ ਹਟ! ਮੇਰੇ ਰਾਹ ਵਿਚ ਰੋੜਾ ਨਾ ਬਣ ਕਿਉਂਕਿ ਤੂੰ ਪਰਮੇਸ਼ੁਰ ਵਾਂਗ ਨਹੀਂ, ਸਗੋਂ ਇਨਸਾਨਾਂ ਵਾਂਗ ਸੋਚਦਾ ਹੈਂ।” (ਮੱਤੀ 16:23) ਯਿਸੂ ਜਾਣਦਾ ਸੀ ਕਿ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਅਤਿਆਚਾਰ ਸਹਿਣੇ ਪੈਣੇ ਸਨ ਅਤੇ ਮਰਨਾ ਪੈਣਾ ਸੀ। ਇਸ ਲਈ ਭਾਵੇਂ ਪਤਰਸ ਨੇ ਚੰਗੇ ਇਰਾਦੇ ਨਾਲ ਯਿਸੂ ਨੂੰ ਸਲਾਹ ਦਿੱਤੀ ਸੀ, ਫਿਰ ਵੀ ਉਸ ਨੇ ਪਤਰਸ ਦੀ ਸਲਾਹ ਠੁਕਰਾ ਦਿੱਤੀ। ਇਸ ਤੋਂ ਪਤਰਸ ਨੇ ਇਕ ਜ਼ਰੂਰੀ ਸਬਕ ਸਿੱਖਿਆ ਕਿ ਉਸ ਨੂੰ ਪਰਮੇਸ਼ੁਰ ਵਰਗੀ ਸੋਚ ਰੱਖਣ ਦੀ ਲੋੜ ਹੈ। ਸਾਨੂੰ ਵੀ ਇਸ ਤੋਂ ਇਹੀ ਸਬਕ ਸਿੱਖਣਾ ਚਾਹੀਦਾ ਹੈ।
7. ਅੱਗੇ ਚੱਲ ਕੇ ਪਤਰਸ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਵਰਗੀ ਸੋਚ ਰੱਖਣੀ ਚਾਹੁੰਦਾ ਸੀ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ।)
7 ਅੱਗੇ ਚੱਲ ਕੇ ਪਤਰਸ ਨੇ ਦਿਖਾਇਆ ਕਿ ਉਹ ਯਹੋਵਾਹ ਵਰਗੀ ਸੋਚ ਰੱਖਣੀ ਚਾਹੁੰਦਾ ਸੀ। ਧਿਆਨ ਦਿਓ ਕਿ ਉਦੋਂ ਕੀ ਹੋਇਆ ਜਦੋਂ ਯਹੋਵਾਹ ਨੇ ਬੇਸੁੰਨਤੇ ਗ਼ੈਰ-ਯਹੂਦੀਆਂ ਨੂੰ ਆਪਣੇ ਲੋਕ ਬਣਨ ਦਾ ਸੱਦਾ ਦਿੱਤਾ। ਪਰਮੇਸ਼ੁਰ ਨੇ ਪਤਰਸ ਨੂੰ ਕੁਰਨੇਲੀਅਸ ਨਾਂ ਦੇ ਗ਼ੈਰ-ਯਹੂਦੀ ਨੂੰ ਪ੍ਰਚਾਰ ਕਰਨ ਲਈ ਭੇਜਿਆ। ਕੁਰਨੇਲੀਅਸ ਪਹਿਲਾ ਗ਼ੈਰ-ਯਹੂਦੀ ਸੀ ਜੋ ਮਸੀਹੀ ਬਣਿਆ। ਯਹੂਦੀ ਆਮ ਤੌਰ ਤੇ ਗ਼ੈਰ-ਯਹੂਦੀਆਂ ਨਾਲ ਕੋਈ ਮੇਲ-ਜੋਲ ਨਹੀਂ ਰੱਖਦੇ ਸਨ। ਇਸ ਲਈ ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਕਰਨ ਲਈ ਪਤਰਸ ਨੂੰ ਆਪਣੀ ਸੋਚ ਬਦਲਣ ਦੀ ਲੋੜ ਸੀ। ਜਦੋਂ ਪਤਰਸ ਨੂੰ ਇਸ ਮਾਮਲੇ ਬਾਰੇ ਪਰਮੇਸ਼ੁਰ ਦੀ ਇੱਛਾ ਪਤਾ ਲੱਗੀ, ਤਾਂ ਉਸ ਨੇ ਆਪਣੀ ਸੋਚ ਬਦਲੀ। ਇਸ ਲਈ ਜਦੋਂ ਕੁਰਨੇਲੀਅਸ ਨੇ ਪਤਰਸ ਨੂੰ ਆਪਣੇ ਘਰ ਬੁਲਾਇਆ, ਤਾਂ ਉਹ ਬਿਨਾਂ “ਕੋਈ ਇਤਰਾਜ਼” ਕੀਤਿਆਂ ਉੱਥੇ ਗਿਆ। (ਰਸੂ. 10:28, 29) ਉਸ ਨੇ ਕੁਰਨੇਲੀਅਸ ਤੇ ਉਸ ਦੇ ਘਰਾਣੇ ਨੂੰ ਪ੍ਰਚਾਰ ਕੀਤਾ ਅਤੇ ਉਨ੍ਹਾਂ ਨੇ ਬਪਤਿਸਮਾ ਲੈ ਲਿਆ।—ਰਸੂ. 10:21-23, 34, 35, 44-48.
ਪਤਰਸ ਕੁਰਨੇਲੀਅਸ ਦੇ ਘਰ ਅੰਦਰ ਜਾ ਰਿਹਾ ਹੈ (ਪੈਰਾ 7 ਦੇਖੋ)
8. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਡੀ ਸੋਚ ਯਹੋਵਾਹ ਵਰਗੀ ਹੈ? (1 ਪਤਰਸ 3:8)
8 ਸਾਲਾਂ ਬਾਅਦ ਪਤਰਸ ਨੇ ਮਸੀਹੀਆਂ ਨੂੰ “ਇੱਕੋ ਜਿਹੀ ਸੋਚ” ਰੱਖਣ ਦੀ ਹੱਲਾਸ਼ੇਰੀ ਦਿੱਤੀ। (1 ਪਤਰਸ 3:8 ਪੜ੍ਹੋ।) ਸਾਡੀ ਸਾਰਿਆਂ ਦੀ ਸੋਚ ਤਾਂ ਹੀ ਇੱਕੋ ਜਿਹੀ ਹੋਵੇਗੀ ਜੇ ਅਸੀਂ ਸਾਰੇ ਜਣੇ ਯਹੋਵਾਹ ਵਰਗੀ ਸੋਚ ਰੱਖੀਏ ਜੋ ਸਾਨੂੰ ਬਾਈਬਲ ਤੋਂ ਪਤਾ ਲੱਗਦੀ ਹੈ। ਮਿਸਾਲ ਲਈ, ਯਿਸੂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦੇਈਏ। (ਮੱਤੀ 6:33) ਸ਼ਾਇਦ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਤੁਹਾਡੀ ਮੰਡਲੀ ਦਾ ਕੋਈ ਭੈਣ ਜਾਂ ਭਰਾ ਪੂਰੇ ਸਮੇਂ ਦੀ ਸੇਵਾ ਕਰਨ ਦਾ ਫ਼ੈਸਲਾ ਕਰੇ। ਉਸ ਸਮੇਂ ਅਸੀਂ ਉਸ ਨੂੰ ਅਜਿਹਾ ਕੁਝ ਨਹੀਂ ਕਹਾਂਗੇ ਜਿਸ ਨਾਲ ਉਸ ਦਾ ਇਰਾਦਾ ਕਮਜ਼ੋਰ ਪੈ ਜਾਵੇ। ਇਸ ਦੀ ਬਜਾਇ, ਅਸੀਂ ਉਸ ਦਾ ਹੌਸਲਾ ਵਧਾਵਾਂਗੇ ਤੇ ਉਸ ਦੀ ਮਦਦ ਕਰਾਂਗੇ।
ਨਿਮਰ ਬਣੇ ਰਹੋ
9-10. ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਬਹੁਤ ਨਿਮਰ ਸੀ?
9 ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਪਤਰਸ ਤੇ ਹੋਰ ਰਸੂਲਾਂ ਨੂੰ ਨਿਮਰਤਾ ਬਾਰੇ ਇਕ ਅਹਿਮ ਸਬਕ ਸਿਖਾਇਆ। ਉਸ ਰਾਤ ਯਿਸੂ ਨੇ ਉਨ੍ਹਾਂ ਨਾਲ ਆਖ਼ਰੀ ਵਾਰ ਭੋਜਨ ਖਾਣਾ ਸੀ। ਇਸ ਕਰਕੇ ਉਸ ਨੇ ਪਤਰਸ ਤੇ ਯੂਹੰਨਾ ਨੂੰ ਕੁਝ ਚੀਜ਼ਾਂ ਦਾ ਪ੍ਰਬੰਧ ਕਰਨ ਲਈ ਭੇਜਿਆ। ਉਨ੍ਹਾਂ ਨੇ ਜ਼ਰੂਰ ਇਕ ਬਾਟੇ ਤੇ ਤੌਲੀਏ ਦਾ ਵੀ ਪ੍ਰਬੰਧ ਕੀਤਾ ਹੋਣਾ ਕਿਉਂਕਿ ਆਮ ਤੌਰ ਤੇ ਖਾਣਾ ਖਾਣ ਤੋਂ ਪਹਿਲਾਂ ਮਹਿਮਾਨਾਂ ਦੇ ਪੈਰ ਧੋਤੇ ਜਾਂਦੇ ਸਨ। ਪਰ ਜਦੋਂ ਸਮਾਂ ਆਇਆ, ਤਾਂ ਕਿਸ ਨੇ ਨਿਮਰ ਹੋ ਕੇ ਇਹ ਮਾਮੂਲੀ ਜਿਹਾ ਕੰਮ ਕੀਤਾ?
10 ਯਿਸੂ ਨੇ ਬੇਝਿਜਕ ਹੋ ਕੇ ਆਪਣੇ ਰਸੂਲਾਂ ਦੇ ਪੈਰ ਧੋਤੇ। ਯਿਸੂ ਨੂੰ ਪੈਰੇ ਧੋਂਦਿਆਂ ਦੇਖ ਕੇ ਉਹ ਜ਼ਰੂਰ ਹੈਰਾਨ ਰਹਿ ਗਏ ਹੋਣੇ ਕਿਉਂਕਿ ਇਹ ਕੰਮ ਅਕਸਰ ਨੌਕਰ ਕਰਦੇ ਸਨ। ਯਿਸੂ ਨੇ ਆਪਣਾ ਚੋਗਾ ਲਾਹਿਆ ਤੇ ਤੌਲੀਆ ਲੈ ਕੇ ਆਪਣੇ ਲੱਕ ਦੁਆਲੇ ਬੰਨ੍ਹ ਲਿਆ। ਫਿਰ ਬਾਟੇ ਵਿਚ ਪਾਣੀ ਲੈ ਕੇ ਉਹ ਆਪਣੇ ਰਸੂਲਾਂ ਦੇ ਪੈਰ ਧੋਣ ਲੱਗ ਪਿਆ। (ਯੂਹੰ. 13:4, 5) ਉਸ ਨੇ ਆਪਣੇ 12 ਰਸੂਲਾਂ ਦੇ ਪੈਰ ਧੋਤੇ। ਇਨ੍ਹਾਂ ਵਿਚ ਯਹੂਦਾ ਵੀ ਸੀ ਜਿਸ ਨੇ ਉਸ ਨੂੰ ਧੋਖਾ ਦੇਣਾ ਸੀ। ਸਾਰਿਆਂ ਦੇ ਪੈਰ ਧੋਣ ਵਿਚ ਜ਼ਰੂਰ ਸਮਾਂ ਲੱਗਾ ਹੋਣਾ। ਸੱਚ-ਮੁੱਚ, ਯਿਸੂ ਕਿੰਨਾ ਹੀ ਨਿਮਰ ਸੀ! ਫਿਰ ਯਿਸੂ ਨੇ ਪਿਆਰ ਨਾਲ ਆਪਣੇ ਚੇਲਿਆਂ ਨੂੰ ਕਿਹਾ: “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? ਤੁਸੀਂ ਮੈਨੂੰ ‘ਗੁਰੂ’ ਤੇ ‘ਪ੍ਰਭੂ’ ਬੁਲਾਉਂਦੇ ਹੋ ਅਤੇ ਇਹ ਠੀਕ ਵੀ ਹੈ ਕਿਉਂਕਿ ਮੈਂ ‘ਗੁਰੂ’ ਤੇ ‘ਪ੍ਰਭੂ’ ਹਾਂ। ਇਸ ਲਈ ਜੇ ਮੈਂ ਪ੍ਰਭੂ ਅਤੇ ਗੁਰੂ ਹੁੰਦੇ ਹੋਏ ਤੁਹਾਡੇ ਪੈਰ ਧੋਤੇ ਹਨ, ਤਾਂ ਤੁਹਾਨੂੰ ਵੀ ਚਾਹੀਦਾ ਹੈ ਕਿ ਇਕ-ਦੂਸਰੇ ਦੇ ਪੈਰ ਧੋਵੋ।”—ਯੂਹੰ. 13:12-14.
ਇਕ ਵਿਅਕਤੀ ਦੀ ਸੋਚ ਤੋਂ ਪਤਾ ਲੱਗਦਾ ਹੈ ਕਿ ਉਹ ਸੱਚ-ਮੁੱਚ ਨਿਮਰ ਹੈ ਜਾਂ ਨਹੀਂ
11. ਪਤਰਸ ਨੇ ਕਿਵੇਂ ਦਿਖਾਇਆ ਕਿ ਉਸ ਨੇ ਨਿਮਰ ਰਹਿਣਾ ਸਿੱਖ ਲਿਆ ਸੀ? (1 ਪਤਰਸ 5:5) (ਤਸਵੀਰ ਵੀ ਦੇਖੋ।)
11 ਪਤਰਸ ਨੇ ਯਿਸੂ ਤੋਂ ਨਿਮਰ ਰਹਿਣਾ ਸਿੱਖਿਆ। ਯਿਸੂ ਦੇ ਸਵਰਗ ਵਾਪਸ ਜਾਣ ਤੋਂ ਬਾਅਦ ਪਤਰਸ ਨੇ ਇਕ ਚਮਤਕਾਰ ਕੀਤਾ। ਉਸ ਨੇ ਇਕ ਜਮਾਂਦਰੂ ਲੰਗੜੇ ਆਦਮੀ ਨੂੰ ਠੀਕ ਕੀਤਾ। (ਰਸੂ. 1:8, 9; 3:2, 6-8) ਇਹ ਸ਼ਾਨਦਾਰ ਚਮਤਕਾਰ ਦੇਖ ਕੇ ਪਤਰਸ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ। (ਰਸੂ. 3:11) ਚਾਹੇ ਕਿ ਪਤਰਸ ਦੀ ਪਰਵਰਿਸ਼ ਇਕ ਅਜਿਹੇ ਸਮਾਜ ਵਿਚ ਹੋਈ ਸੀ ਜਿੱਥੇ ਲੋਕ ਆਪਣੇ ਨਾਂ, ਰੁਤਬੇ ਤੇ ਸ਼ੌਹਰਤ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਸਨ, ਪਰ ਪਤਰਸ ਨਿਮਰ ਸੀ। ਉਸ ਨੇ ਲੋਕਾਂ ਤੋਂ ਵਾਹ-ਵਾਹ ਨਹੀਂ ਖੱਟੀ, ਸਗੋਂ ਉਸ ਨੇ ਇਸ ਦਾ ਸਾਰਾ ਸਿਹਰਾ ਯਹੋਵਾਹ ਅਤੇ ਯਿਸੂ ਨੂੰ ਦਿੱਤਾ। ਉਸ ਨੇ ਲੋਕਾਂ ਨੂੰ ਕਿਹਾ: “[ਯਿਸੂ] ਦੇ ਨਾਂ ਸਦਕਾ ਅਤੇ ਉਸ ਦੇ ਨਾਂ ʼਤੇ ਸਾਡੀ ਨਿਹਚਾ ਕਰਕੇ ਇਸ ਆਦਮੀ ਨੂੰ ਤਕੜਾ ਕੀਤਾ ਗਿਆ ਹੈ ਜਿਸ ਨੂੰ ਤੁਸੀਂ ਦੇਖਦੇ ਅਤੇ ਜਾਣਦੇ ਹੋ।” (ਰਸੂ. 3:12-16) ਕੁਝ ਸਮੇਂ ਬਾਅਦ ਪਤਰਸ ਨੇ ਮੰਡਲੀ ਨੂੰ ਇਕ ਚਿੱਠੀ ਲਿਖੀ। ਇਸ ਚਿੱਠੀ ਵਿਚ ਪਤਰਸ ਨੇ ਮਸੀਹੀਆਂ ਨੂੰ ਨਿਮਰ ਰਹਿਣ ਲਈ ਕਿਹਾ। ਮੂਲ ਭਾਸ਼ਾ ਵਿਚ ਪਤਰਸ ਨੇ ਜੋ ਸ਼ਬਦ ਵਰਤੇ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਨਿਮਰਤਾ ਨੂੰ ਕੱਪੜੇ ਵਾਂਗ ਪਹਿਨਣ ਦੀ ਲੋੜ ਹੈ। ਉਸ ਦੀ ਇਸ ਗੱਲ ਤੋਂ ਸ਼ਾਇਦ ਸਾਨੂੰ ਉਹ ਘਟਨਾ ਯਾਦ ਆਵੇ ਜਦੋਂ ਯਿਸੂ ਨੇ ਆਪਣੇ ਲੱਕ ਦੁਆਲੇ ਤੌਲੀਆ ਬੰਨ੍ਹ ਕੇ ਆਪਣੇ ਰਸੂਲਾਂ ਦੇ ਪੈਰ ਧੋਤੇ ਸਨ।—1 ਪਤਰਸ 5:5 ਪੜ੍ਹੋ।
ਨਿਮਰ ਹੋਣ ਕਰਕੇ ਪਤਰਸ ਨੇ ਚਮਤਕਾਰ ਦਾ ਸਾਰਾ ਸਿਹਰਾ ਯਹੋਵਾਹ ਅਤੇ ਯਿਸੂ ਨੂੰ ਦਿੱਤਾ। ਅਸੀਂ ਵੀ ਸਹੀ ਇਰਾਦੇ ਨਾਲ ਅਤੇ ਬਿਨਾਂ ਕਿਸੇ ਤਾਰੀਫ਼ ਜਾਂ ਇਨਾਮ ਦੀ ਉਮੀਦ ਰੱਖਦਿਆਂ ਦੂਜਿਆਂ ਦੀ ਮਦਦ ਕਰ ਕੇ ਦਿਖਾ ਸਕਦੇ ਹਾਂ ਕਿ ਅਸੀਂ ਨਿਮਰ ਹਾਂ (ਪੈਰੇ 11-12 ਦੇਖੋ)
12. ਪਤਰਸ ਵਾਂਗ ਨਿਮਰ ਬਣੇ ਰਹਿਣ ਲਈ ਅਸੀਂ ਕੀ ਕਰ ਸਕਦੇ ਹਾਂ?
12 ਅਸੀਂ ਵੀ ਪਤਰਸ ਵਾਂਗ ਨਿਮਰ ਬਣੇ ਰਹਿਣਾ ਸਿੱਖ ਸਕਦੇ ਹਾਂ। ਯਾਦ ਰੱਖੋ ਕਿ ਇਕ ਨਿਮਰ ਇਨਸਾਨ ਸਿਰਫ਼ ਆਪਣੀਆਂ ਗੱਲਾਂ ਰਾਹੀਂ ਹੀ ਨਹੀਂ ਦਿਖਾਉਂਦਾ ਕਿ ਉਹ ਨਿਮਰ ਹੈ। ਪਤਰਸ ਨੇ ਨਿਮਰਤਾ ਲਈ ਜੋ ਸ਼ਬਦ ਇਸਤੇਮਾਲ ਕੀਤਾ, ਉਸ ਵਿਚ “ਮਨ ਦੀ ਹਲੀਮੀ” ਸ਼ਾਮਲ ਹੈ ਯਾਨੀ ਇਕ ਵਿਅਕਤੀ ਦੀ ਸੋਚ ਤੋਂ ਪਤਾ ਲੱਗਦਾ ਹੈ ਕਿ ਉਹ ਸੱਚ-ਮੁੱਚ ਨਿਮਰ ਹੈ ਜਾਂ ਨਹੀਂ। ਅਸੀਂ ਯਹੋਵਾਹ ਅਤੇ ਲੋਕਾਂ ਨਾਲ ਪਿਆਰ ਹੋਣ ਕਰਕੇ ਚੰਗੇ ਕੰਮ ਕਰਦੇ ਹਾਂ, ਨਾ ਕਿ ਵਾਹ-ਵਾਹ ਖੱਟਣ ਲਈ। ਜੇ ਅਸੀਂ ਉਦੋਂ ਵੀ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਹਾਂ ਅਤੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ ਜਦੋਂ ਸਾਨੂੰ ਕੋਈ ਨਹੀਂ ਦੇਖ ਰਿਹਾ ਹੁੰਦਾ, ਤਾਂ ਅਸੀਂ ਸਬੂਤ ਦੇ ਰਹੇ ਹੁੰਦੇ ਹਾਂ ਕਿ ਅਸੀਂ ਸੱਚ-ਮੁੱਚ ਨਿਮਰ ਹਾਂ।—ਮੱਤੀ 6:1-4.
“ਸਮਝਦਾਰ” ਬਣੇ ਰਹੋ
13. ਸਮਝਦਾਰ ਬਣਨ ਵਿਚ ਕੀ ਕੁਝ ਸ਼ਾਮਲ ਹੈ?
13 ਸਮਝਦਾਰ ਬਣਨ ਵਿਚ ਕੀ ਕੁਝ ਸ਼ਾਮਲ ਹੈ? (1 ਪਤ. 4:7) ਜੇ ਅਸੀਂ ਇਕ ਸਮਝਦਾਰ ਮਸੀਹੀ ਹਾਂ, ਤਾਂ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਅਸੀਂ ਸੋਚਾਂਗੇ ਕਿ ਯਹੋਵਾਹ ਉਸ ਮਾਮਲੇ ਬਾਰੇ ਕੀ ਸੋਚਦਾ ਹੈ। ਅਸੀਂ ਯਾਦ ਰੱਖਾਂਗੇ ਕਿ ਕੋਈ ਵੀ ਚੀਜ਼ ਯਹੋਵਾਹ ਨਾਲ ਸਾਡੇ ਰਿਸ਼ਤੇ ਨਾਲੋਂ ਜ਼ਿਆਦਾ ਅਹਿਮ ਨਹੀਂ ਹੈ। ਅਸੀਂ ਖ਼ੁਦ ਨੂੰ ਹੱਦੋਂ-ਵੱਧ ਨਹੀਂ ਸਮਝਾਂਗੇ ਅਤੇ ਯਾਦ ਰੱਖਾਂਗੇ ਕਿ ਸਾਨੂੰ ਸਾਰਾ ਕੁਝ ਨਹੀਂ ਪਤਾ ਹੁੰਦਾ। ਪ੍ਰਾਰਥਨਾ ਕਰ ਕੇ ਅਸੀਂ ਦਿਖਾਵਾਂਗੇ ਕਿ ਸਾਨੂੰ ਯਹੋਵਾਹ ʼਤੇ ਭਰੋਸਾ ਹੈ।
14. ਇਕ ਮੌਕੇ ʼਤੇ ਪਤਰਸ ਯਹੋਵਾਹ ʼਤੇ ਭਰੋਸਾ ਕਿਉਂ ਨਹੀਂ ਦਿਖਾ ਸਕਿਆ?
14 ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ: “ਅੱਜ ਰਾਤ ਮੇਰੇ ਨਾਲ ਜੋ ਵੀ ਹੋਵੇਗਾ, ਉਸ ਨੂੰ ਦੇਖ ਕੇ ਤੁਸੀਂ ਸਾਰੇ ਮੈਨੂੰ ਛੱਡ ਜਾਓਗੇ।” ਪਰ ਪਤਰਸ ਨੇ ਬੜੇ ਯਕੀਨ ਨਾਲ ਜਵਾਬ ਦਿੰਦਿਆਂ ਕਿਹਾ: “ਤੇਰੇ ਨਾਲ ਜੋ ਵੀ ਹੋਵੇਗਾ, ਉਸ ਕਰਕੇ ਬਾਕੀ ਸਾਰੇ ਭਾਵੇਂ ਤੈਨੂੰ ਛੱਡ ਜਾਣ, ਪਰ ਮੈਂ ਤੈਨੂੰ ਕਦੀ ਵੀ ਨਹੀਂ ਛੱਡਾਂਗਾ!” ਉਸੇ ਰਾਤ ਯਿਸੂ ਨੇ ਆਪਣੇ ਕੁਝ ਚੇਲਿਆਂ ਨੂੰ ਸਲਾਹ ਦਿੱਤੀ: “ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ।” (ਮੱਤੀ 26:31, 33, 41) ਜੇ ਪਤਰਸ ਇਹ ਸਲਾਹ ਮੰਨ ਲੈਂਦਾ, ਤਾਂ ਉਹ ਸ਼ਾਇਦ ਦਲੇਰੀ ਨਾਲ ਕਹਿ ਸਕਦਾ ਸੀ ਕਿ ਉਹ ਯਿਸੂ ਦਾ ਚੇਲਾ ਹੈ। ਪਰ ਪਤਰਸ ਨੇ ਆਪਣੇ ਪ੍ਰਭੂ ਨੂੰ ਪਛਾਣਨ ਤੋਂ ਇਨਕਾਰ ਕੀਤਾ। ਬਾਅਦ ਵਿਚ ਉਸ ਨੂੰ ਇਸ ਦਾ ਬਹੁਤ ਪਛਤਾਵਾ ਹੋਇਆ।—ਮੱਤੀ 26:69-75.
15. ਧਰਤੀ ʼਤੇ ਆਪਣੀ ਆਖ਼ਰੀ ਰਾਤ ਦੌਰਾਨ ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਸਮਝਦਾਰ ਹੈ?
15 ਯਿਸੂ ਨੇ ਯਹੋਵਾਹ ʼਤੇ ਪੂਰਾ ਭਰੋਸਾ ਰੱਖਿਆ। ਭਾਵੇਂ ਕਿ ਉਹ ਮੁਕੰਮਲ ਸੀ, ਪਰ ਫਿਰ ਵੀ ਉਸ ਨੇ ਵਾਰ-ਵਾਰ ਪ੍ਰਾਰਥਨਾ ਕੀਤੀ। ਇਸ ਤੋਂ ਉਸ ਨੂੰ ਉਹ ਕੰਮ ਕਰਨ ਦੀ ਹਿੰਮਤ ਮਿਲੀ ਜੋ ਯਹੋਵਾਹ ਉਸ ਤੋਂ ਚਾਹੁੰਦਾ ਸੀ। (ਮੱਤੀ 26:39, 42, 44; ਯੂਹੰ. 18:4, 5) ਬਿਨਾਂ ਸ਼ੱਕ, ਪਤਰਸ ਕਦੇ ਵੀ ਨਹੀਂ ਭੁੱਲਿਆ ਹੋਣਾ ਕਿ ਯਿਸੂ ਨੇ ਆਪਣੀ ਆਖ਼ਰੀ ਰਾਤ ਦੌਰਾਨ ਯਹੋਵਾਹ ਨੂੰ ਕਿੰਨੀ ਵਾਰ ਪ੍ਰਾਰਥਨਾ ਕੀਤੀ।
16. ਪਤਰਸ ਨੇ ਕਿਵੇਂ ਦਿਖਾਇਆ ਕਿ ਉਸ ਨੇ ਸਮਝਦਾਰ ਬਣ ਗਿਆ ਸੀ? (1 ਪਤਰਸ 4:7)
16 ਸਮੇਂ ਦੇ ਬੀਤਣ ਨਾਲ ਪਤਰਸ ਨੇ ਪ੍ਰਾਰਥਨਾ ਰਾਹੀਂ ਯਹੋਵਾਹ ʼਤੇ ਹੋਰ ਭਰੋਸਾ ਰੱਖਣਾ ਸਿੱਖਿਆ। ਜੀਉਂਦਾ ਕੀਤੇ ਜਾਣ ਤੋਂ ਬਾਅਦ ਯਿਸੂ ਨੇ ਪਤਰਸ ਅਤੇ ਬਾਕੀ ਰਸੂਲਾਂ ਨੂੰ ਇਹ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਦਿੱਤੀ ਜਾਵੇਗੀ ਤਾਂਕਿ ਉਹ ਪ੍ਰਚਾਰ ਕਰ ਸਕਣ। ਪਰ ਉਸ ਨੇ ਉਨ੍ਹਾਂ ਨੂੰ ਯਰੂਸ਼ਲਮ ਵਿਚ ਉਦੋਂ ਤਕ ਇੰਤਜ਼ਾਰ ਕਰਨ ਲਈ ਕਿਹਾ ਜਦੋਂ ਤਕ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਨਹੀਂ ਮਿਲ ਜਾਂਦੀ। (ਲੂਕਾ 24:49; ਰਸੂ. 1:4, 5) ਉਸ ਸਮੇਂ ਦਾ ਇੰਤਜ਼ਾਰ ਕਰਦਿਆਂ ਪਤਰਸ ਨੇ ਕੀ ਕੀਤਾ? ਪਤਰਸ ਅਤੇ ਹੋਰ ਮਸੀਹੀ “ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।” (ਰਸੂ. 1:13, 14) ਬਾਅਦ ਵਿਚ ਉਸ ਨੇ ਆਪਣੀ ਪਹਿਲੀ ਚਿੱਠੀ ਵਿਚ ਭੈਣਾਂ-ਭਰਾਵਾਂ ਨੂੰ ਇਹ ਹੱਲਾਸ਼ੇਰੀ ਦਿੱਤੀ ਕਿ ਉਹ ਸਮਝਦਾਰ ਬਣਨ ਅਤੇ ਪ੍ਰਾਰਥਨਾ ਵਿਚ ਯਹੋਵਾਹ ʼਤੇ ਭਰੋਸਾ ਰੱਖਣ। (1 ਪਤਰਸ 4:7 ਪੜ੍ਹੋ।) ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਪਤਰਸ ਨੇ ਯਹੋਵਾਹ ʼਤੇ ਭਰੋਸਾ ਰੱਖਣਾ ਸਿੱਖ ਲਿਆ ਸੀ ਅਤੇ ਉਹ ਮੰਡਲੀ ਦਾ ਥੰਮ੍ਹ ਬਣ ਗਿਆ।—ਗਲਾ. 2:9.
17. ਚਾਹੇ ਸਾਡੇ ਵਿਚ ਜਿਹੜੀ ਮਰਜ਼ੀ ਕਾਬਲੀਅਤ ਹੋਵੇ, ਤਾਂ ਵੀ ਸਾਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ? (ਤਸਵੀਰ ਵੀ ਦੇਖੋ।)
17 ਸਮਝਦਾਰ ਬਣਨ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਸੀਂ ਇਹ ਗੱਲ ਸਮਝਦੇ ਹਾਂ ਕਿ ਚਾਹੇ ਸਾਡੇ ਵਿਚ ਜਿਹੜੀ ਮਰਜ਼ੀ ਕਾਬਲੀਅਤ ਹੋਵੇ, ਪਰ ਸਾਨੂੰ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ। ਇਸ ਲਈ ਕੋਈ ਵੀ ਫ਼ੈਸਲਾ ਲੈਂਦਿਆਂ ਅਸੀਂ ਸੇਧ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਖ਼ਾਸ ਕਰਕੇ ਅਹਿਮ ਫ਼ੈਸਲੇ ਲੈਂਦਿਆਂ। ਨਾਲੇ ਅਸੀਂ ਇਹ ਭਰੋਸਾ ਰੱਖਦੇ ਹਾਂ ਕਿ ਯਹੋਵਾਹ ਨੂੰ ਪਤਾ ਹੈ ਕਿ ਸਾਡੇ ਲਈ ਸਭ ਤੋਂ ਵਧੀਆ ਕੀ ਹੈ।
ਪਤਰਸ ਨੇ ਯਹੋਵਾਹ ʼਤੇ ਭਰੋਸਾ ਰੱਖਣਾ ਸਿੱਖਿਆ ਅਤੇ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ। ਅਸੀਂ ਵੀ ਯਹੋਵਾਹ ਤੋਂ ਮਦਦ ਲਈ ਪ੍ਰਾਰਥਨਾ ਕਰ ਕੇ ਸਮਝਦਾਰ ਬਣ ਸਕਦੇ ਹਾਂ, ਖ਼ਾਸ ਕਰਕੇ ਉਦੋਂ ਜਦੋਂ ਅਸੀਂ ਜ਼ਰੂਰੀ ਫ਼ੈਸਲੇ ਲੈਣੇ ਹੁੰਦੇ ਹਨ (ਪੈਰਾ 17 ਦੇਖੋ)a
18. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
18 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਅਸੀਂ ਉਸ ਦੇ ਗੁਣਾਂ ਦੀ ਰੀਸ ਕਰ ਸਕਦੇ ਹਾਂ। (ਉਤ. 1:26) ਇਹ ਸੱਚ ਹੈ ਕਿ ਅਸੀਂ ਪੂਰੀ ਤਰ੍ਹਾਂ ਯਹੋਵਾਹ ਦੀ ਰੀਸ ਨਹੀਂ ਕਰ ਸਕਦੇ। (ਯਸਾ. 55:9) ਪਰ ਪਤਰਸ ਵਾਂਗ ਅਸੀਂ ਯਹੋਵਾਹ ਵਰਗੀ ਸੋਚ ਰੱਖਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। ਤਾਂ ਫਿਰ ਆਓ ਆਪਾਂ ਯਹੋਵਾਹ ਵਰਗੀ ਸੋਚ ਰੱਖਣ, ਨਿਮਰ ਬਣਨ ਅਤੇ ਸਮਝਦਾਰ ਬਣਨ ਦਾ ਪੱਕਾ ਇਰਾਦਾ ਕਰੀਏ।
ਗੀਤ 30 ਯਹੋਵਾਹ ਮੇਰਾ ਪਿਤਾ, ਪਰਮੇਸ਼ੁਰ ਤੇ ਦੋਸਤ
a ਤਸਵੀਰਾਂ ਬਾਰੇ ਜਾਣਕਾਰੀ: ਇਕ ਭੈਣ ਨੌਕਰੀ ਲਈ ਇੰਟਰਵਿਊ ਦੇਣ ਤੋਂ ਪਹਿਲਾਂ ਮਨ-ਹੀ-ਮਨ ਪ੍ਰਾਰਥਨਾ ਕਰ ਰਹੀ ਹੈ।