ਅਧਿਐਨ ਲਈ ਸੁਝਾਅ
ਸ਼ੀਸ਼ੇ ਦਾ ਚੰਗਾ ਇਸਤੇਮਾਲ ਕਰੋ
ਚੇਲੇ ਯਾਕੂਬ ਨੇ ਬਾਈਬਲ ਦੀ ਤੁਲਨਾ ਇਕ ਸ਼ੀਸ਼ੇ ਨਾਲ ਕੀਤੀ ਜਿਸ ਦੀ ਮਦਦ ਨਾਲ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਅੰਦਰੋਂ ਕਿਹੋ ਜਿਹੇ ਹਾਂ। (ਯਾਕੂ. 1:22-25) ਅਸੀਂ ਬਾਈਬਲ ਨੂੰ ਸ਼ੀਸ਼ੇ ਵਾਂਗ ਵਧੀਆ ਤਰੀਕੇ ਨਾਲ ਕਿਵੇਂ ਵਰਤ ਸਕਦੇ ਹਾਂ?
ਧਿਆਨ ਨਾਲ ਪੜ੍ਹੋ। ਜੇ ਅਸੀਂ ਸ਼ੀਸ਼ੇ ਵਿਚ ਸਿਰਫ਼ ਝਾਤ ਹੀ ਮਾਰਦੇ ਹਾਂ, ਤਾਂ ਸ਼ਾਇਦ ਸਾਨੂੰ ਕੋਈ ਕਮੀ ਨਜ਼ਰ ਨਾ ਆਵੇ। ਉਸੇ ਤਰ੍ਹਾਂ ਜੇ ਅਸੀਂ ਕਾਹਲੀ-ਕਾਹਲੀ ਬਾਈਬਲ ਪੜ੍ਹਦੇ ਹਾਂ, ਤਾਂ ਸ਼ਾਇਦ ਅਸੀਂ ਇਹ ਦੇਖ ਨਾ ਪਾਈਏ ਕਿ ਸਾਨੂੰ ਖ਼ੁਦ ਵਿਚ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਇਸ ਲਈ ਸਾਨੂੰ ਧਿਆਨ ਨਾਲ ਬਾਈਬਲ ਪੜ੍ਹਨੀ ਚਾਹੀਦੀ ਹੈ।
ਦੂਜਿਆਂ ਦੀ ਬਜਾਇ ਖ਼ੁਦ ਨੂੰ ਦੇਖੋ। ਕਦੇ-ਕਦੇ ਅਸੀਂ ਸ਼ੀਸ਼ੇ ਨੂੰ ਇੱਦਾਂ ਫੜਦੇ ਹਾਂ ਕਿ ਸਾਨੂੰ ਇਸ ਵਿਚ ਦੂਸਰੇ ਜਣੇ ਨਜ਼ਰ ਆਉਂਦੇ ਹਨ ਅਤੇ ਸਾਨੂੰ ਉਨ੍ਹਾਂ ਦੀਆਂ ਕਮੀਆਂ ਦਿਸਦੀਆਂ ਹਨ। ਇਸੇ ਤਰ੍ਹਾਂ, ਸ਼ਾਇਦ ਬਾਈਬਲ ਪੜ੍ਹਦਿਆਂ ਅਸੀਂ ਦੂਜਿਆਂ ਬਾਰੇ ਸੋਚਣ ਲੱਗ ਪਈਏ ਕਿ ਉਨ੍ਹਾਂ ਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਪਰ ਇੱਦਾਂ ਕਰਨ ਨਾਲ ਅਸੀਂ ਆਪਣੇ ਵਿਚ ਸੁਧਾਰ ਕਰਨ ਤੋਂ ਵਾਂਝੇ ਰਹਿ ਜਾਵਾਂਗੇ।
ਹੱਦੋਂ ਵੱਧ ਉਮੀਦਾਂ ਨਾ ਰੱਖੋ। ਜੇ ਅਸੀਂ ਸ਼ੀਸ਼ੇ ਵਿਚ ਹਮੇਸ਼ਾ ਆਪਣੀਆਂ ਖ਼ਾਮੀਆਂ ਹੀ ਦੇਖਦੇ ਹਾਂ, ਤਾਂ ਅਸੀਂ ਨਿਰਾਸ਼ ਹੋ ਸਕਦੇ ਹਾਂ। ਇਸ ਲਈ ਬਾਈਬਲ ਪੜ੍ਹਦਿਆਂ ਸਾਨੂੰ ਖ਼ੁਦ ਤੋਂ ਹੱਦੋਂ ਵੱਧ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਯਹੋਵਾਹ ਵੀ ਸਾਡੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਦਾ।—ਜ਼ਬੂ. 103:14.