ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਜੂਨ ਸਫ਼ੇ 2-7
  • ਮਰਦੇ ਵੇਲੇ ਕੀਤੀ ਭਵਿੱਖਬਾਣੀ ਤੋਂ ਸਬਕ—ਭਾਗ 1

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਰਦੇ ਵੇਲੇ ਕੀਤੀ ਭਵਿੱਖਬਾਣੀ ਤੋਂ ਸਬਕ—ਭਾਗ 1
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਰਊਬੇਨ
  • ਸ਼ਿਮਓਨ ਅਤੇ ਲੇਵੀ
  • ਯਹੂਦਾਹ
  • ਮਰਦੇ ਵੇਲੇ ਕੀਤੀ ਭਵਿੱਖਬਾਣੀ ਤੋਂ ਸਬਕ—ਭਾਗ 2
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਯਾਕੂਬ ਤੇ ਏਸਾਓ ਵਿਚ ਸੁਲ੍ਹਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਯਾਕੂਬ ਦਾ ਵੱਡਾ ਪਰਿਵਾਰ
    ਬਾਈਬਲ ਕਹਾਣੀਆਂ ਦੀ ਕਿਤਾਬ
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਜੂਨ ਸਫ਼ੇ 2-7

ਅਧਿਐਨ ਲੇਖ 24

ਗੀਤ 98 ਪਰਮੇਸ਼ੁਰ ਦਾ ਬਚਨ

ਮਰਦੇ ਵੇਲੇ ਕੀਤੀ ਭਵਿੱਖਬਾਣੀ ਤੋਂ ਸਬਕ​—ਭਾਗ 1

“ਸਾਰੇ ਜਣੇ ਇਕੱਠੇ ਹੋ ਜਾਓ ਤਾਂਕਿ ਮੈਂ ਤੁਹਾਨੂੰ ਦੱਸਾਂ ਕਿ ਆਉਣ ਵਾਲੇ ਦਿਨਾਂ ਵਿਚ ਤੁਹਾਡੇ ਨਾਲ ਕੀ ਹੋਵੇਗਾ।”​—ਉਤ. 49:1.

ਕੀ ਸਿੱਖਾਂਗੇ?

ਯਾਕੂਬ ਨੇ ਰਊਬੇਨ, ਸ਼ਿਮਓਨ, ਲੇਵੀ ਅਤੇ ਯਹੂਦਾਹ ਨੂੰ ਜੋ ਆਖ਼ਰੀ ਸ਼ਬਦ ਕਹੇ, ਉਸ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?

1-2. ਜਦੋਂ ਯਾਕੂਬ ਮਰਨ ਕਿਨਾਰੇ ਸੀ, ਤਾਂ ਉਸ ਨੇ ਕੀ ਕੀਤਾ ਅਤੇ ਕਿਉਂ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਵੀ ਦੇਖੋ।)

ਯਹੋਵਾਹ ਦੇ ਵਫ਼ਾਦਾਰ ਸੇਵਕ ਯਾਕੂਬ ਨੂੰ ਆਪਣੇ ਪਰਿਵਾਰ ਨਾਲ ਕਨਾਨ ਤੋਂ ਮਿਸਰ ਆਏ ਨੂੰ ਲਗਭਗ 17 ਸਾਲ ਹੋ ਚੁੱਕੇ ਹਨ। (ਉਤ. 47:28) ਇੱਥੇ ਆ ਕੇ ਉਹ ਆਪਣੇ ਪਿਆਰੇ ਪੁੱਤਰ ਯੂਸੁਫ਼ ਨੂੰ ਦੁਬਾਰਾ ਮਿਲਿਆ ਸੀ। ਨਾਲੇ ਹੁਣ ਉਹ ਆਪਣੇ ਪੂਰੇ ਪਰਿਵਾਰ ਨਾਲ ਇੱਥੇ ਖ਼ੁਸ਼ੀ-ਖ਼ੁਸ਼ੀ ਰਹਿ ਰਿਹਾ ਹੈ। ਪਰ ਯਾਕੂਬ ਬਹੁਤ ਬੁੱਢਾ ਹੋ ਚੁੱਕਾ ਹੈ ਤੇ ਉਸ ਨੂੰ ਪਤਾ ਹੈ ਕਿ ਉਹ ਮਰਨ ਕਿਨਾਰੇ ਹੈ। ਇਸ ਲਈ ਉਹ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਬੁਲਾਉਂਦਾ ਹੈ ਤਾਂਕਿ ਉਹ ਉਨ੍ਹਾਂ ਨੂੰ ਕੁਝ ਜ਼ਰੂਰੀ ਗੱਲਾਂ ਦੱਸ ਸਕੇ।​—ਉਤ. 49:28.

2 ਉਨ੍ਹਾਂ ਦਿਨਾਂ ਦੌਰਾਨ ਪਰਿਵਾਰ ਦਾ ਮੁਖੀ ਆਪਣੀ ਮੌਤ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਜ਼ਰੂਰੀ ਹਿਦਾਇਤਾਂ ਦੇਣ ਲਈ ਬੁਲਾਉਂਦਾ ਹੁੰਦਾ ਸੀ। (ਯਸਾ. 38:1) ਸ਼ਾਇਦ ਉਸ ਵੇਲੇ ਉਹ ਉਨ੍ਹਾਂ ਨੂੰ ਇਹ ਵੀ ਦੱਸਦਾ ਸੀ ਕਿ ਉਸ ਦੇ ਮਰਨ ਤੋਂ ਬਾਅਦ ਘਰਾਣੇ ਦਾ ਮੁਖੀ ਕੌਣ ਹੋਵੇਗਾ।

ਯਾਕੂਬ ਮਰਨ ਕਿਨਾਰੇ ਹੈ ਅਤੇ ਉਹ ਆਪਣੇ 12 ਪੁੱਤਰਾਂ ਸਾਮ੍ਹਣੇ ਭਵਿੱਖਬਾਣੀ ਕਰ ਰਿਹਾ ਹੈ (ਪੈਰੇ 1-2 ਦੇਖੋ)


3. ਯਾਕੂਬ ਨੇ ਆਪਣੇ ਪੁੱਤਰਾਂ ਨੂੰ ਜੋ ਗੱਲਾਂ ਕਹੀਆਂ, ਉਹ ਮਾਅਨੇ ਕਿਉਂ ਰੱਖਦੀਆਂ ਸਨ? (ਉਤਪਤ 49:1, 2)

3 ਉਤਪਤ 49:1, 2 ਪੜ੍ਹੋ। ਪਰ ਯਾਕੂਬ ਦੀ ਆਪਣੇ ਪੁੱਤਰਾਂ ਨਾਲ ਇਹ ਗੱਲਬਾਤ ਆਮ ਨਹੀਂ ਸੀ। ਕਿਉਂ? ਕਿਉਂਕਿ ਯਾਕੂਬ ਇਕ ਨਬੀ ਸੀ। ਇਸ ਗੱਲਬਾਤ ਦੌਰਾਨ ਯਹੋਵਾਹ ਨੇ ਆਪਣੇ ਸੇਵਕ ਨੂੰ ਪ੍ਰੇਰਿਤ ਕੀਤਾ ਕਿ ਉਹ ਭਵਿੱਖ ਵਿਚ ਹੋਣ ਵਾਲੀਆਂ ਅਹਿਮ ਘਟਨਾਵਾਂ ਬਾਰੇ ਦੱਸੇ ਜਿਨ੍ਹਾਂ ਦਾ ਅਸਰ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ʼਤੇ ਪੈਣਾ ਸੀ। ਇਸੇ ਕਰਕੇ ਯਾਕੂਬ ਦੇ ਇਨ੍ਹਾਂ ਸ਼ਬਦਾਂ ਨੂੰ ਕਈ ਵਾਰ ਮਰਦੇ ਵੇਲੇ ਕੀਤੀ ਭਵਿੱਖਬਾਣੀ ਕਿਹਾ ਜਾਂਦਾ ਹੈ।

4. ਇਸ ਲੇਖ ਵਿਚ ਅਸੀਂ ਕੀ ਜਾਣਾਂਗੇ? (“ਯਾਕੂਬ ਦਾ ਪਰਿਵਾਰ” ਨਾਂ ਦੀ ਡੱਬੀ ਵੀ ਦੇਖੋ।)

4 ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਯਾਕੂਬ ਨੇ ਆਪਣੇ ਚਾਰ ਪੁੱਤਰਾਂ ਰਊਬੇਨ, ਸ਼ਿਮਓਨ, ਲੇਵੀ ਅਤੇ ਯਹੂਦਾਹ ਨੂੰ ਕੀ ਕਿਹਾ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਾਕੂਬ ਨੇ ਆਪਣੇ ਹੋਰ ਅੱਠ ਪੁੱਤਰਾਂ ਨੂੰ ਕੀ ਕਿਹਾ। ਅਸੀਂ ਇਹ ਵੀ ਦੇਖਾਂਗੇ ਕਿ ਯਾਕੂਬ ਨੇ ਇਹ ਗੱਲਾਂ ਨਾ ਸਿਰਫ਼ ਆਪਣੇ ਪੁੱਤਰਾਂ ਬਾਰੇ ਕਹੀਆਂ, ਸਗੋਂ ਉਨ੍ਹਾਂ ਦੇ ਵੰਸ਼ ਬਾਰੇ ਵੀ ਕਹੀਆਂ। ਅੱਗੇ ਚੱਲ ਕੇ ਇਨ੍ਹਾਂ ਦੇ ਵੰਸ਼ ਤੋਂ ਇਜ਼ਰਾਈਲ ਕੌਮ ਬਣੀ। ਜੇ ਅਸੀਂ ਇਜ਼ਰਾਈਲ ਕੌਮ ਦੇ ਇਤਿਹਾਸ ʼਤੇ ਗੌਰ ਕਰੀਏ, ਤਾਂ ਅਸੀਂ ਸਮਝ ਸਕਾਂਗੇ ਕਿ ਯਾਕੂਬ ਦੀ ਭਵਿੱਖਬਾਣੀ ਦਾ ਇਕ-ਇਕ ਸ਼ਬਦ ਕਿਵੇਂ ਪੂਰਾ ਹੋਇਆ। ਨਾਲੇ ਇਸ ਤੋਂ ਅਸੀਂ ਕੁਝ ਅਹਿਮ ਸਬਕ ਵੀ ਸਿੱਖਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਾਂ।

ਚਾਰਟ ਵਿਚ ਯਾਕੂਬ ਦਾ ਪਰਿਵਾਰ ਦਿਖਾਇਆ ਗਿਆ ਹੈ। ਉਸ ਦੀਆਂ ਦੋ ਪਤਨੀਆਂ, ਲੇਆਹ ਤੇ ਰਾਕੇਲ ਦੇ ਨਾਲ-ਨਾਲ ਉਸ ਦੀਆਂ ਦੋ ਰਖੇਲਾਂ, ਬਿਲਹਾਹ ਤੇ ਜਿਲਫਾਹ ਵੀ ਹਨ। ਲੇਆਹ ਤੋਂ ਉਸ ਦੇ ਬੱਚੇ ਸਨ: ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿਸਾਕਾਰ, ਜ਼ਬੂਲੁਨ ਤੇ ਦੀਨਾਹ। ਰਾਕੇਲ ਤੋਂ ਉਸ ਦੇ ਬੱਚੇ ਸਨ: ਯੂਸੁਫ਼ ਤੇ ਬਿਨਯਾਮੀਨ। ਬਿਲਹਾਹ ਤੋਂ ਉਸ ਦੇ ਬੱਚੇ ਸਨ: ਦਾਨ ਤੇ ਨਫ਼ਤਾਲੀ। ਜਿਲਫਾਹ ਤੋਂ ਉਸ ਦੇ ਬੱਚੇ ਸਨ: ਗਾਦ ਤੇ ਆਸ਼ੇਰ।

ਰਊਬੇਨ

5. ਰਊਬੇਨ ਨੇ ਆਪਣੇ ਪਿਤਾ ਤੋਂ ਸ਼ਾਇਦ ਕੀ ਕੁਝ ਪਾਉਣ ਦੀ ਉਮੀਦ ਕੀਤੀ ਹੋਣੀ?

5 ਯਾਕੂਬ ਨੇ ਸਭ ਤੋਂ ਪਹਿਲਾਂ ਰਊਬੇਨ ਨਾਲ ਗੱਲ ਕੀਤੀ। ਉਸ ਨੇ ਕਿਹਾ: “ਤੂੰ ਮੇਰਾ ਜੇਠਾ ਪੁੱਤਰ ਹੈਂ।” (ਉਤ. 49:3) ਜੇਠਾ ਪੁੱਤਰ ਹੋਣ ਕਰਕੇ ਰਊਬੇਨ ਨੂੰ ਜ਼ਰੂਰ ਲੱਗਾ ਹੋਣਾ ਕਿ ਉਸ ਨੂੰ ਆਪਣੇ ਪਿਤਾ ਦੀ ਵਿਰਾਸਤ ਦਾ ਦੁਗਣਾ ਹਿੱਸਾ ਮਿਲੇਗਾ। ਉਸ ਨੇ ਸ਼ਾਇਦ ਇਹ ਵੀ ਉਮੀਦ ਕੀਤੀ ਹੋਣੀ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਘਰਾਣੇ ਦਾ ਮੁਖੀ ਬਣੇਗਾ ਤੇ ਅੱਗੇ ਚੱਲ ਕੇ ਉਸ ਦੀ ਔਲਾਦ ਨੂੰ ਵੀ ਇਹੀ ਸਨਮਾਨ ਮਿਲੇਗਾ।

6. ਰਊਬੇਨ ਜੇਠੇ ਹੋਣ ਦਾ ਹੱਕ ਕਿਉਂ ਗੁਆ ਬੈਠਾ? (ਉਤਪਤ 49:3, 4)

6 ਪਰ ਰਊਬੇਨ ਆਪਣੇ ਜੇਠੇ ਹੋਣ ਦਾ ਹੱਕ ਗੁਆ ਬੈਠਾ। (1 ਇਤਿ. 5:1) ਕਿਉਂ? ਕਿਉਂਕਿ ਰਾਕੇਲ ਦੀ ਮੌਤ ਤੋਂ ਕੁਝ ਸਮਾਂ ਬਾਅਦ ਰਊਬੇਨ ਨੇ ਉਸ ਦੀ ਨੌਕਰਾਣੀ ਬਿਲਹਾਹ ਨਾਲ ਸਰੀਰਕ ਸੰਬੰਧ ਕਾਇਮ ਕੀਤੇ। ਰਾਕੇਲ ਨੇ ਆਪਣੇ ਪਤੀ ਯਾਕੂਬ ਨੂੰ ਆਪਣੀ ਨੌਕਰਾਣੀ ਬਿਲਹਾਹ ਦਿੱਤੀ ਸੀ ਤਾਂਕਿ ਉਹ ਉਸ ਦੀ ਪਤਨੀ ਬਣੇ। (ਉਤ. 35:19, 22) ਪਰ ਰਊਬੇਨ ਨੇ ਬਿਲਹਾਹ ਨਾਲ ਸਰੀਰਕ ਸੰਬੰਧ ਕਿਉਂ ਕਾਇਮ ਕੀਤੇ ਸਨ? ਰਊਬੇਨ ਰਾਕੇਲ ਦੀ ਭੈਣ ਲੇਆਹ ਦਾ ਪੁੱਤਰ ਸੀ। ਇਸ ਲਈ ਉਹ ਸ਼ਾਇਦ ਚਾਹੁੰਦਾ ਸੀ ਕਿ ਯਾਕੂਬ ਬਿਲਹਾਹ ਨਾਲ ਨਫ਼ਰਤ ਕਰਨ ਲੱਗ ਪਵੇ ਅਤੇ ਆਪਣੀ ਪਹਿਲੀ ਪਤਨੀ ਲੇਆਹ ਨਾਲ ਜ਼ਿਆਦਾ ਪਿਆਰ ਕਰੇ। ਜਾਂ ਸ਼ਾਇਦ ਆਪਣੀ ਹਵਸ ਪੂਰੀ ਕਰਨ ਲਈ ਰਊਬੇਨ ਨੇ ਬਿਲਹਾਹ ਨਾਲ ਸਰੀਰਕ ਸੰਬੰਧ ਕਾਇਮ ਕੀਤੇ। ਗੱਲ ਚਾਹੇ ਜੋ ਵੀ ਸੀ, ਰਊਬੇਨ ਨੇ ਜੋ ਕੀਤਾ, ਉਹ ਯਹੋਵਾਹ ਅਤੇ ਉਸ ਦੇ ਪਿਤਾ ਯਾਕੂਬ ਦੀਆਂ ਨਜ਼ਰਾਂ ਵਿਚ ਬਹੁਤ ਘਿਣਾਉਣਾ ਸੀ।​—ਉਤਪਤ 49:3, 4 ਪੜ੍ਹੋ।

7. ਰਊਬੇਨ ਅਤੇ ਉਸ ਦੇ ਵੰਸ਼ ਨਾਲ ਕੀ ਹੋਇਆ? (“ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ” ਨਾਂ ਦੀ ਡੱਬੀ ਵੀ ਦੇਖੋ।)

7 ਯਾਕੂਬ ਨੇ ਰਊਬੇਨ ਨੂੰ ਕਿਹਾ: “ਤੂੰ ਆਪਣੇ ਭਰਾਵਾਂ ਤੋਂ ਉੱਚਾ ਨਹੀਂ ਹੋਵੇਂਗਾ।” ਇਹ ਗੱਲ ਸੱਚ ਸਾਬਤ ਹੋਈ। ਰਊਬੇਨ ਦੇ ਵੰਸ਼ ਵਿੱਚੋਂ ਨਾ ਤਾਂ ਕੋਈ ਰਾਜਾ ਬਣਿਆ, ਨਾ ਪੁਜਾਰੀ ਤੇ ਨਾ ਹੀ ਨਬੀ। ਫਿਰ ਵੀ ਯਾਕੂਬ ਨੇ ਆਪਣੇ ਪੁੱਤਰ ਰਊਬੇਨ ਨੂੰ ਵਿਰਾਸਤ ਵਿਚ ਹਿੱਸਾ ਦਿੱਤਾ ਅਤੇ ਅੱਗੇ ਜਾ ਕੇ ਰਊਬੇਨ ਦਾ ਵੰਸ਼ ਇਜ਼ਰਾਈਲ ਦਾ ਇਕ ਗੋਤ ਬਣਿਆ। (ਯਹੋ. 12:6) ਭਾਵੇਂ ਰਊਬੇਨ ਤੋਂ ਗ਼ਲਤੀਆਂ ਹੋਈਆਂ ਸਨ, ਪਰ ਉਸ ਨੇ ਕਈ ਹੋਰ ਮੌਕਿਆਂ ʼਤੇ ਚੰਗੇ ਗੁਣ ਵੀ ਦਿਖਾਏ। ਨਾਲੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਸ ਨੇ ਦੁਬਾਰਾ ਕਦੇ ਨਾਜਾਇਜ਼ ਸਰੀਰਕ ਸੰਬੰਧ ਬਣਾਏ ਸਨ।​—ਉਤ. 37:20-22; 42:37.

ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ

ਰਊਬੇਨ।

ਪੁੱਤਰ

ਰਊਬੇਨ

ਭਵਿੱਖਬਾਣੀ

‘ਤੂੰ ਆਪਣੇ ਭਰਾਵਾਂ ਤੋਂ ਉੱਚਾ ਨਹੀਂ ਹੋਵੇਂਗਾ।’ ​—ਉਤ. 49:4.

ਪੂਰਤੀ

ਰਊਬੇਨ ਦੇ ਗੋਤ ਨੂੰ ਕਦੇ ਵੀ ਇਜ਼ਰਾਈਲ ਕੌਮ ਦੀ ਅਗਵਾਈ ਕਰਨ ਦਾ ਮੌਕਾ ਨਹੀਂ ਮਿਲਿਆ। ​—1 ਇਤਿ. 5:1, 2.

8. ਰਊਬੇਨ ਦੀ ਮਿਸਾਲ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?

8 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਸਾਨੂੰ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਨਾ ਚਾਹੀਦਾ ਹੈ ਅਤੇ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਕਿ ਅਸੀਂ ਨਾਜਾਇਜ਼ ਸਰੀਰਕ ਸੰਬੰਧ ਕਾਇਮ ਕਰਨ ਤੋਂ ਦੂਰ ਰਹਾਂਗੇ। ਪਰ ਜੇ ਅਸੀਂ ਕਦੇ ਕੋਈ ਪਾਪ ਕਰਨ ਲਈ ਭਰਮਾਏ ਜਾਂਦੇ ਹਾਂ, ਤਾਂ ਸਾਨੂੰ ਰੁਕ ਕੇ ਸੋਚਣਾ ਚਾਹੀਦਾ ਹੈ ਕਿ ਸਾਡੇ ਕੰਮਾਂ ਦਾ ਯਹੋਵਾਹ, ਸਾਡੇ ਪਰਿਵਾਰ ਅਤੇ ਹੋਰਾਂ ʼਤੇ ਕੀ ਅਸਰ ਪਵੇਗਾ। ਸਾਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ “ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।” (ਗਲਾ. 6:7) ਦੂਜੇ ਪਾਸੇ, ਰਊਬੇਨ ਨਾਲ ਜੋ ਹੋਇਆ, ਉਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿੰਨਾ ਦਇਆਵਾਨ ਪਰਮੇਸ਼ੁਰ ਹੈ। ਭਾਵੇਂ ਕਿ ਯਹੋਵਾਹ ਸਾਨੂੰ ਸਾਡੇ ਗ਼ਲਤ ਕੰਮਾਂ ਦੇ ਅੰਜਾਮਾਂ ਤੋਂ ਨਹੀਂ ਬਚਾਉਂਦਾ, ਪਰ ਜੇ ਅਸੀਂ ਤੋਬਾ ਕਰੀਏ ਅਤੇ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ ਅਤੇ ਬਰਕਤ ਦਿੰਦਾ ਹੈ।

ਸ਼ਿਮਓਨ ਅਤੇ ਲੇਵੀ

9. ਯਾਕੂਬ ਸ਼ਿਮਓਨ ਅਤੇ ਲੇਵੀ ਤੋਂ ਖ਼ੁਸ਼ ਕਿਉਂ ਨਹੀਂ ਸੀ? (ਉਤਪਤ 49:5-7)

9 ਉਤਪਤ 49:5-7 ਪੜ੍ਹੋ। ਫਿਰ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨਾਲ ਗੱਲ ਕੀਤੀ। ਯਾਕੂਬ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਉਨ੍ਹਾਂ ਦੋਵਾਂ ਤੋਂ ਖ਼ੁਸ਼ ਨਹੀਂ ਸੀ। ਕਈ ਸਾਲ ਪਹਿਲਾਂ ਸ਼ਕਮ ਨਾਂ ਦੇ ਇਕ ਕਨਾਨੀ ਆਦਮੀ ਨੇ ਯਾਕੂਬ ਦੀ ਧੀ ਦੀਨਾਹ ਦਾ ਬਲਾਤਕਾਰ ਕੀਤਾ ਸੀ। ਬਿਨਾਂ ਸ਼ੱਕ, ਇਸ ਕਰਕੇ ਯਾਕੂਬ ਦੇ ਸਾਰੇ ਮੁੰਡਿਆਂ ਨੂੰ ਬਹੁਤ ਗੁੱਸਾ ਚੜ੍ਹਿਆ। ਪਰ ਸ਼ਿਮਓਨ ਅਤੇ ਲੇਵੀ ਆਪਣੇ ਗੁੱਸੇ ʼਤੇ ਕਾਬੂ ਨਹੀਂ ਪਾ ਸਕੇ। ਉਨ੍ਹਾਂ ਨੇ ਇਕ ਚਾਲ ਚੱਲੀ। ਉਨ੍ਹਾਂ ਨੇ ਸ਼ਕਮ ਅਤੇ ਉਸ ਦੇ ਆਦਮੀਆਂ ਨੂੰ ਕਿਹਾ ਕਿ ਜੇ ਉਹ ਸੁੰਨਤ ਕਰਾਉਣਗੇ, ਤਾਂ ਯਾਕੂਬ ਦਾ ਘਰਾਣਾ ਉਨ੍ਹਾਂ ਨਾਲ ਸ਼ਾਂਤੀ ਕਾਇਮ ਕਰ ਲਵੇਗਾ। ਉਨ੍ਹਾਂ ਦੀ ਗੱਲ ਮੰਨ ਕੇ ਸਾਰੇ ਆਦਮੀਆਂ ਨੇ ਸੁੰਨਤ ਕਰਾ ਲਈ। ਜਦੋਂ ਸ਼ਕਮ ਦੇ ਆਦਮੀਆਂ ਦਾ ਦਰਦ ਨਾਲ ਬੁਰਾ ਹਾਲ ਸੀ, ਤਾਂ ਸ਼ਿਮਓਨ ਅਤੇ ਲੇਵੀ “ਆਪਣੀਆਂ ਤਲਵਾਰਾਂ ਲੈ ਕੇ ਸ਼ਹਿਰ ਵਿਚ ਗਏ, ਪਰ ਉੱਥੇ ਕਿਸੇ ਨੂੰ ਉਨ੍ਹਾਂ ʼਤੇ ਸ਼ੱਕ ਨਹੀਂ ਹੋਇਆ। ਉਨ੍ਹਾਂ ਨੇ ਸ਼ਹਿਰ ਦੇ ਸਾਰੇ ਆਦਮੀਆਂ ਦੀ ਹੱਤਿਆ ਕਰ ਦਿੱਤੀ।”​—ਉਤ. 34:25-29.

10. ਸ਼ਿਮਓਨ ਅਤੇ ਲੇਵੀ ਬਾਰੇ ਕੀਤੀ ਯਾਕੂਬ ਦੀ ਭਵਿੱਖਬਾਣੀ ਕਿੱਦਾਂ ਪੂਰੀ ਹੋਈ? (“ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ” ਨਾਂ ਦੀ ਡੱਬੀ ਵੀ ਦੇਖੋ।)

10 ਯਾਕੂਬ ਆਪਣੇ ਦੋਹਾਂ ਮੁੰਡਿਆਂ ਨਾਲ ਬਹੁਤ ਗੁੱਸੇ ਸੀ ਕਿਉਂਕਿ ਉਨ੍ਹਾਂ ਨੇ ਇੰਨੇ ਸਾਰੇ ਲੋਕਾਂ ਦੀ ਹੱਤਿਆ ਕੀਤੀ ਸੀ। ਉਸ ਨੇ ਭਵਿੱਖਬਾਣੀ ਕੀਤੀ ਕਿ ਉਨ੍ਹਾਂ ਨੂੰ ਦੇਸ਼ ਵਿਚ ਖਿੰਡਾ ਦਿੱਤਾ ਜਾਵੇਗਾ ਅਤੇ ਪੂਰੇ ਇਜ਼ਰਾਈਲ ਵਿਚ ਤਿੱਤਰ-ਬਿੱਤਰ ਕਰ ਦਿੱਤਾ ਜਾਵੇਗਾ। ਇਹ ਭਵਿੱਖਬਾਣੀ 200 ਤੋਂ ਵੀ ਜ਼ਿਆਦਾ ਸਾਲ ਬਾਅਦ ਜਾ ਕੇ ਪੂਰੀ ਹੋਈ। ਜਦੋਂ ਇਜ਼ਰਾਈਲ ਕੌਮ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚੀ, ਤਾਂ ਸ਼ਿਮਓਨ ਦੇ ਗੋਤ ਨੂੰ ਯਹੂਦਾਹ ਦੇ ਇਲਾਕੇ ਵਿਚ ਅਲੱਗ-ਅਲੱਗ ਥਾਵਾਂ ʼਤੇ ਕੁਝ ਸ਼ਹਿਰ ਮਿਲੇ। (ਯਹੋ. 19:1) ਨਾਲੇ ਲੇਵੀ ਦੇ ਗੋਤ ਨੂੰ ਪੂਰੇ ਇਜ਼ਰਾਈਲ ਵਿਚ 48 ਸ਼ਹਿਰ ਮਿਲੇ ਜੋ ਇੱਧਰ-ਉੱਧਰ ਖਿੰਡੇ ਹੋਏ ਸਨ।​—ਯਹੋ. 21:41.

ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ

ਸ਼ਿਮਓਨ।

ਪੁੱਤਰ

ਸ਼ਿਮਓਨ

ਭਵਿੱਖਬਾਣੀ

“ਮੈਂ ਉਨ੍ਹਾਂ ਨੂੰ ਯਾਕੂਬ ਦੇ ਦੇਸ਼ ਵਿਚ ਖਿੰਡਾ ਦਿਆਂਗਾ।”​—ਉਤ. 49:7.

ਪੂਰਤੀ

ਸ਼ਿਮਓਨ ਦੇ ਗੋਤ ਨੂੰ ਯਹੂਦਾਹ ਦੇ ਇਲਾਕੇ ਵਿਚ ਅਲੱਗ-ਅਲੱਗ ਥਾਵਾਂ ʼਤੇ ਕੁਝ ਸ਼ਹਿਰ ਮਿਲੇ। ​—ਯਹੋ. 19:1-8.

ਲੇਵੀ।

ਪੁੱਤਰ

ਲੇਵੀ

ਭਵਿੱਖਬਾਣੀ

‘ਮੈਂ ਉਨ੍ਹਾਂ ਨੂੰ ਇਜ਼ਰਾਈਲ ਵਿਚ ਤਿੱਤਰ-ਬਿੱਤਰ ਕਰ ਦਿਆਂਗਾ।’​—ਉਤ. 49:7.

ਪੂਰਤੀ

ਲੇਵੀ ਦੇ ਗੋਤ ਨੂੰ ਪੂਰੇ ਇਜ਼ਰਾਈਲ ਵਿਚ 48 ਸ਼ਹਿਰ ਮਿਲੇ ਜੋ ਇੱਧਰ-ਉੱਧਰ ਖਿੰਡੇ ਹੋਏ ਸਨ।​—ਯਹੋ. 21:41.

11. ਸ਼ਿਮਓਨ ਅਤੇ ਲੇਵੀ ਦੇ ਗੋਤਾਂ ਨੇ ਕਿਹੜੇ ਚੰਗੇ ਕੰਮ ਕੀਤੇ?

11 ਸ਼ਿਮਓਨ ਅਤੇ ਲੇਵੀ ਦੇ ਵੰਸ਼ ਨੇ ਆਪਣੇ ਪਿਓ-ਦਾਦਿਆਂ ਦੀਆਂ ਗ਼ਲਤੀਆਂ ਨੂੰ ਨਹੀਂ ਦੁਹਰਾਇਆ। ਲੇਵੀ ਦੇ ਗੋਤ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਯਹੋਵਾਹ ਦੀ ਵਫ਼ਾਦਾਰੀ ਨਾਲ ਭਗਤੀ ਕੀਤੀ। ਜਦੋਂ ਮੂਸਾ ਸੀਨਈ ਪਹਾੜ ਤੋਂ ਯਹੋਵਾਹ ਦਾ ਕਾਨੂੰਨ ਲੈ ਕੇ ਥੱਲੇ ਆਇਆ, ਤਾਂ ਉਸ ਨੇ ਦੇਖਿਆ ਕਿ ਬਹੁਤ ਸਾਰੇ ਇਜ਼ਰਾਈਲੀ ਵੱਛੇ ਦੀ ਪੂਜਾ ਕਰ ਰਹੇ ਸਨ। ਪਰ ਲੇਵੀਆਂ ਨੇ ਇੱਦਾਂ ਨਹੀਂ ਕੀਤਾ। ਇਸ ਦੀ ਬਜਾਇ, ਉਨ੍ਹਾਂ ਨੇ ਵੱਛੇ ਦੀ ਪੂਜਾ ਕਰਨ ਵਾਲਿਆਂ ਨੂੰ ਖ਼ਤਮ ਕਰਨ ਵਿਚ ਮੂਸਾ ਦੀ ਮਦਦ ਕੀਤੀ। (ਕੂਚ 32:26-29) ਯਹੋਵਾਹ ਨੇ ਲੇਵੀ ਦੇ ਗੋਤ ਵਿੱਚੋਂ ਕੁਝ ਜਣਿਆਂ ਨੂੰ ਚੁਣਿਆ ਤੇ ਉਨ੍ਹਾਂ ਨੂੰ ਪੁਜਾਰੀ ਬਣਨ ਦਾ ਖ਼ਾਸ ਸਨਮਾਨ ਦਿੱਤਾ। (ਕੂਚ 40:12-15; ਗਿਣ. 3:11, 12) ਸ਼ਿਮਓਨ ਦੇ ਗੋਤ ਨੇ ਵੀ ਪਰਮੇਸ਼ੁਰ ਦੇ ਮਕਸਦ ਅਨੁਸਾਰ ਕੰਮ ਕੀਤਾ। ਉਨ੍ਹਾਂ ਨੇ ਵਾਅਦਾ ਕੀਤੇ ਹੋਏ ਦੇਸ਼ ਵਿੱਚੋਂ ਕਨਾਨੀਆਂ ਨੂੰ ਬਾਹਰ ਕੱਢਣ ਵਿਚ ਯਹੂਦਾਹ ਦੇ ਗੋਤ ਦਾ ਸਾਥ ਦਿੱਤਾ।​—ਨਿਆ. 1:3, 17.

12. ਅਸੀਂ ਸ਼ਿਮਓਨ ਅਤੇ ਲੇਵੀ ਤੋਂ ਕੀ ਸਿੱਖ ਸਕਦੇ ਹਾਂ?

12 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਸਾਨੂੰ ਨਾ ਤਾਂ ਕਦੇ ਗੁੱਸੇ ਵਿਚ ਆ ਕੇ ਕੋਈ ਕੰਮ ਕਰਨਾ ਚਾਹੀਦਾ ਹੈ ਅਤੇ ਨਾ ਹੀ ਕੋਈ ਫ਼ੈਸਲਾ। ਜਦੋਂ ਕੋਈ ਸਾਡੇ ਨਾਲ ਜਾਂ ਸਾਡੇ ਕਿਸੇ ਆਪਣੇ ਨਾਲ ਬੁਰਾ ਕਰਦਾ ਹੈ, ਤਾਂ ਗੁੱਸੇ ਹੋਣਾ ਕੁਦਰਤੀ ਹੈ। (ਜ਼ਬੂ. 4:4) ਪਰ ਯਾਦ ਰੱਖੋ ਕਿ ਜੇ ਅਸੀਂ ਗੁੱਸੇ ਵਿਚ ਆ ਕੇ ਉਸ ਵਿਅਕਤੀ ਨੂੰ ਕੁਝ ਬੁਰਾ-ਭਲਾ ਕਹਿ ਦਿੰਦੇ ਹਾਂ ਜਾਂ ਉਸ ਨਾਲ ਕੁਝ ਬੁਰਾ ਕਰਦੇ ਹਾਂ, ਤਾਂ ਇਹ ਗੱਲ ਯਹੋਵਾਹ ਨੂੰ ਬਿਲਕੁਲ ਵੀ ਪਸੰਦ ਨਹੀਂ ਆਉਂਦੀ। (ਯਾਕੂ. 1:20) ਚਾਹੇ ਸਾਡੇ ਭੈਣ-ਭਰਾ ਜਾਂ ਹੋਰ ਲੋਕ ਸਾਡੇ ਨਾਲ ਕੋਈ ਬੇਇਨਸਾਫ਼ੀ ਕਰਨ, ਪਰ ਸਾਨੂੰ ਹਮੇਸ਼ਾ ਬਾਈਬਲ ਦੇ ਅਸੂਲ ਮੰਨਣੇ ਚਾਹੀਦੇ ਹਨ। ਫਿਰ ਅਸੀਂ ਕਦੇ ਵੀ ਗੁੱਸੇ ਵਿਚ ਆ ਕੇ ਨਾ ਤਾਂ ਕੁਝ ਅਜਿਹਾ ਕਹਾਂਗੇ ਅਤੇ ਨਾ ਕਰਾਂਗੇ ਜਿਸ ਨਾਲ ਦੂਜਿਆਂ ਨੂੰ ਨੁਕਸਾਨ ਪਹੁੰਚੇ। (ਰੋਮੀ. 12:17, 19; 1 ਪਤ. 3:9) ਇਸ ਤੋਂ ਇਲਾਵਾ, ਹੋ ਸਕਦਾ ਹੈ ਕਿ ਤੁਹਾਡੇ ਮਾਪੇ ਕੁਝ ਅਜਿਹਾ ਕਰਨ ਜੋ ਯਹੋਵਾਹ ਨੂੰ ਪਸੰਦ ਨਾ ਹੋਵੇ, ਪਰ ਤੁਹਾਨੂੰ ਉਨ੍ਹਾਂ ਦੀ ਰੀਸ ਕਰਨ ਦੀ ਲੋੜ ਨਹੀਂ ਹੈ। ਇਹ ਨਾ ਸੋਚੋ ਕਿ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰ ਹੀ ਨਹੀਂ ਸਕਦੇ। ਯਹੋਵਾਹ ਸਹੀ ਕੰਮ ਕਰਨ ਵਿਚ ਜ਼ਰੂਰ ਤੁਹਾਡੀ ਮਦਦ ਕਰੇਗਾ ਅਤੇ ਤੁਹਾਨੂੰ ਇਨਾਮ ਵੀ ਦੇਵੇਗਾ।

ਯਹੂਦਾਹ

13. ਜਦੋਂ ਯਾਕੂਬ ਨੇ ਯਹੂਦਾਹ ਨਾਲ ਗੱਲ ਕਰਨੀ ਸੀ, ਤਾਂ ਯਹੂਦਾਹ ਸ਼ਾਇਦ ਪਰੇਸ਼ਾਨ ਕਿਉਂ ਹੋ ਗਿਆ ਹੋਣਾ?

13 ਹੁਣ ਯਾਕੂਬ ਨੇ ਆਪਣੇ ਮੁੰਡੇ ਯਹੂਦਾਹ ਨਾਲ ਗੱਲ ਕਰਨੀ ਸੀ। ਯਾਕੂਬ ਨੇ ਆਪਣੇ ਹੋਰਾਂ ਮੁੰਡਿਆਂ ਬਾਰੇ ਜੋ ਕਿਹਾ, ਉਹ ਸੁਣ ਕੇ ਯਹੂਦਾਹ ਸ਼ਾਇਦ ਪਰੇਸ਼ਾਨ ਹੋ ਗਿਆ ਹੋਣਾ ਕਿਉਂਕਿ ਉਸ ਨੇ ਵੀ ਕੁਝ ਵੱਡੀਆਂ ਗ਼ਲਤੀਆਂ ਕੀਤੀਆਂ ਸਨ। ਉਸ ਨੇ ਸ਼ਕਮ ਸ਼ਹਿਰ ਨੂੰ ਲੁੱਟਣ ਵਿਚ ਆਪਣੇ ਭਰਾਵਾਂ ਦਾ ਸਾਥ ਦਿੱਤਾ ਸੀ। (ਉਤ. 34:27) ਨਾਲੇ ਉਸ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਯੂਸੁਫ਼ ਨੂੰ ਵੇਚਿਆ ਸੀ ਅਤੇ ਇਸ ਬਾਰੇ ਆਪਣੇ ਪਿਤਾ ਨੂੰ ਝੂਠ ਬੋਲਿਆ ਸੀ। (ਉਤ. 37:31-33) ਅੱਗੇ ਚੱਲ ਕੇ ਉਸ ਨੇ ਆਪਣੀ ਨੂੰਹ ਤਾਮਾਰ ਨਾਲ ਸਰੀਰਕ ਸੰਬੰਧ ਕਾਇਮ ਕੀਤੇ ਜਿਸ ਬਾਰੇ ਉਸ ਨੂੰ ਭੁਲੇਖਾ ਲੱਗਾ ਸੀ ਕਿ ਉਹ ਔਰਤ ਇਕ ਵੇਸਵਾ ਸੀ।​—ਉਤ. 38:15-18.

14. ਯਾਕੂਬ ਨੇ ਯਹੂਦਾਹ ਨੂੰ ਕੀ ਕਿਹਾ ਅਤੇ ਯਹੂਦਾਹ ਨੇ ਕਿਹੜੇ ਚੰਗੇ ਕੰਮ ਕੀਤੇ ਸਨ? (ਉਤਪਤ 49:8, 9)

14 ਪਰ ਯਾਕੂਬ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਯਹੂਦਾਹ ਨੂੰ ਸਿਰਫ਼ ਬਰਕਤ ਹੀ ਦਿੱਤੀ ਅਤੇ ਉਸ ਦੀ ਤਾਰੀਫ਼ ਕੀਤੀ। (ਉਤਪਤ 49:8, 9 ਪੜ੍ਹੋ।) ਕਿਉਂ? ਕਿਉਂਕਿ ਉਸ ਨੇ ਕੁਝ ਚੰਗੇ ਕੰਮ ਕੀਤੇ ਸਨ। ਉਹ ਆਪਣੇ ਬਜ਼ੁਰਗ ਪਿਤਾ ਯਾਕੂਬ ਦੀ ਬਹੁਤ ਪਰਵਾਹ ਕਰਦਾ ਸੀ ਅਤੇ ਉਸ ਦਾ ਖ਼ਿਆਲ ਰੱਖਦਾ ਸੀ। ਉਸ ਨੂੰ ਆਪਣੇ ਸਭ ਤੋਂ ਛੋਟੇ ਭਰਾ ਬਿਨਯਾਮੀਨ ਨਾਲ ਇੰਨਾ ਪਿਆਰ ਸੀ ਕਿ ਉਹ ਉਸ ਦੀ ਖ਼ਾਤਰ ਗ਼ੁਲਾਮ ਬਣਨ ਲਈ ਵੀ ਤਿਆਰ ਸੀ।​—ਉਤ. 44:18, 30-34.

15. ਯਹੂਦਾਹ ਨੂੰ ਕਿਹੜੀ ਬਰਕਤ ਮਿਲੀ?

15 ਯਾਕੂਬ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਸਾਰੇ ਮੁੰਡਿਆਂ ਵਿੱਚੋਂ ਯਹੂਦਾਹ ਅਗਵਾਈ ਕਰੇਗਾ। ਇਸ ਭਵਿੱਖਬਾਣੀ ਨੂੰ ਪੂਰਾ ਹੋਣ ਵਿਚ ਬਹੁਤ ਸਮਾਂ ਲੱਗਣਾ ਸੀ। ਲਗਭਗ 200 ਸਾਲ ਬਾਅਦ ਜਾ ਕੇ ਇਹ ਭਵਿੱਖਬਾਣੀ ਪੂਰੀ ਹੋਣ ਲੱਗੀ। ਜਦੋਂ ਇਜ਼ਰਾਈਲੀ ਉਜਾੜ ਵਿੱਚੋਂ ਹੋ ਕੇ ਵਾਅਦਾ ਕੀਤੇ ਹੋਏ ਦੇਸ਼ ਵੱਲ ਜਾ ਰਹੇ ਸਨ, ਤਾਂ ਯਹੂਦਾਹ ਦਾ ਗੋਤ ਸਾਰਿਆਂ ਨਾਲੋਂ ਅੱਗੇ ਸੀ। (ਗਿਣ. 10:14) ਕਈ ਸਾਲਾਂ ਬਾਅਦ ਜਦੋਂ ਕਨਾਨੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿੱਚੋਂ ਬਾਹਰ ਕੱਢਣਾ ਸੀ, ਤਾਂ ਯਹੋਵਾਹ ਨੇ ਉਨ੍ਹਾਂ ਨਾਲ ਲੜਨ ਲਈ ਸਭ ਤੋਂ ਪਹਿਲਾਂ ਯਹੂਦਾਹ ਦੇ ਗੋਤ ਨੂੰ ਭੇਜਿਆ। (ਨਿਆ. 1:1, 2) ਅੱਗੇ ਚੱਲ ਕੇ ਦਾਊਦ ਵੀ ਇਸੇ ਗੋਤ ਵਿੱਚੋਂ ਪੈਦਾ ਹੋਇਆ ਅਤੇ ਯਹੂਦਾਹ ਦੇ ਗੋਤ ਵਿੱਚੋਂ ਇਜ਼ਰਾਈਲ ਦੇ ਜਿੰਨੇ ਵੀ ਰਾਜੇ ਬਣੇ, ਉਨ੍ਹਾਂ ਵਿੱਚੋਂ ਦਾਊਦ ਪਹਿਲਾ ਰਾਜਾ ਸੀ। ਪਰ ਯਾਕੂਬ ਨੇ ਜੋ ਭਵਿੱਖਬਾਣੀ ਕੀਤੀ ਸੀ, ਉਸ ਦੀਆਂ ਕੁਝ ਗੱਲਾਂ ਆਉਣ ਵਾਲੇ ਸਮੇਂ ਵਿਚ ਪੂਰੀਆਂ ਹੋਣੀਆਂ ਸਨ।

16. ਉਤਪਤ 49:10 ਵਿਚ ਕੀਤੀ ਭਵਿੱਖਬਾਣੀ ਕਿੱਦਾਂ ਪੂਰੀ ਹੋਈ? (“ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ” ਨਾਂ ਦੀ ਡੱਬੀ ਵੀ ਦੇਖੋ।)

16 ਯਾਕੂਬ ਨੇ ਦੱਸਿਆ ਕਿ ਯਹੂਦਾਹ ਦੇ ਵੰਸ਼ ਵਿੱਚੋਂ ਇਕ ਰਾਜਾ ਆਵੇਗਾ ਜਿਹੜਾ ਹਮੇਸ਼ਾ ਲਈ ਰਾਜ ਕਰੇਗਾ। (ਉਤਪਤ 49:10 ਅਤੇ ਸਾਰੇ ਫੁਟਨੋਟ ਪੜ੍ਹੋ।) ਉਹ ਰਾਜਾ ਯਿਸੂ ਮਸੀਹ ਹੈ ਜਿਸ ਨੂੰ ਯਾਕੂਬ ਨੇ ਸ਼ੀਲੋਹ ਕਿਹਾ ਸੀ। ਯਿਸੂ ਬਾਰੇ ਇਕ ਦੂਤ ਨੇ ਕਿਹਾ: “ਯਹੋਵਾਹ ਪਰਮੇਸ਼ੁਰ ਉਸ ਨੂੰ ਉਸ ਦੇ ਪੂਰਵਜ ਦਾਊਦ ਦੀ ਰਾਜ-ਗੱਦੀ ਦੇਵੇਗਾ।” (ਲੂਕਾ 1:32, 33) ਇਸ ਤੋਂ ਇਲਾਵਾ, ਬਾਈਬਲ ਵਿਚ ਯਿਸੂ ਨੂੰ ‘ਯਹੂਦਾਹ ਦੇ ਗੋਤ ਦਾ ਸ਼ੇਰ’ ਵੀ ਕਿਹਾ ਗਿਆ ਹੈ।​—ਪ੍ਰਕਾ. 5:5.

ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ

ਯਹੂਦਾਹ।

ਪੁੱਤਰ

ਯਹੂਦਾਹ

ਭਵਿੱਖਬਾਣੀ

“ਜਦ ਤਕ ਸ਼ੀਲੋਹ ਨਾ ਆ ਜਾਵੇ, ਤਦ ਤਕ ਰਾਜ-ਡੰਡਾ ਯਹੂਦਾਹ ਦੇ ਹੱਥੋਂ ਨਹੀਂ ਜਾਵੇਗਾ।”​—ਉਤ. 49:10.

ਪੂਰਤੀ

ਯਿਸੂ ਯਹੂਦਾਹ ਦੇ ਵੰਸ਼ ਵਿੱਚੋਂ ਸੀ, ਉਹ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਿਆ।​—ਲੂਕਾ 1:32, 33.

17. ਦੂਜਿਆਂ ਬਾਰੇ ਸਹੀ ਨਜ਼ਰੀਆ ਰੱਖਣ ਸੰਬੰਧੀ ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?

17 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਭਾਵੇਂ ਕਿ ਯਹੂਦਾਹ ਨੇ ਕੁਝ ਵੱਡੀਆਂ ਗ਼ਲਤੀਆਂ ਕੀਤੀਆਂ ਸਨ, ਫਿਰ ਵੀ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ। ਪਰ ਯਹੂਦਾਹ ਦੇ ਭਰਾ ਸ਼ਾਇਦ ਇਹ ਸੋਚ ਕੇ ਹੈਰਾਨ ਹੁੰਦੇ ਹੋਣੇ ਕਿ ਯਹੋਵਾਹ ਨੇ ਉਸ ਵਿਚ ਕੀ ਦੇਖਿਆ। ਚਾਹੇ ਉਸ ਦੇ ਭਰਾ ਜੋ ਮਰਜ਼ੀ ਸੋਚਦੇ ਹੋਣ, ਪਰ ਯਹੋਵਾਹ ਨੇ ਯਹੂਦਾਹ ਵਿਚ ਜ਼ਰੂਰ ਕੁਝ ਚੰਗਾ ਦੇਖਿਆ ਅਤੇ ਉਸ ਨੇ ਉਸ ਨੂੰ ਬਰਕਤ ਦਿੱਤੀ। ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ? ਜਦੋਂ ਕਿਸੇ ਮਸੀਹੀ ਨੂੰ ਕੋਈ ਖ਼ਾਸ ਸਨਮਾਨ ਮਿਲਦਾ ਹੈ, ਤਾਂ ਹੋ ਸਕਦਾ ਹੈ ਕਿ ਪਹਿਲਾਂ-ਪਹਿਲ ਸਾਡਾ ਧਿਆਨ ਉਸ ਦੀਆਂ ਕਮੀਆਂ-ਕਮਜ਼ੋਰੀਆਂ ਵੱਲ ਜਾਵੇ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਜ਼ਰੂਰ ਉਸ ਵਿਚ ਕੁਝ ਚੰਗੇ ਗੁਣ ਦੇਖੇ ਹੋਣੇ ਜਿਨ੍ਹਾਂ ਤੋਂ ਉਹ ਖ਼ੁਸ਼ ਹੈ। ਯਹੋਵਾਹ ਆਪਣੇ ਸੇਵਕਾਂ ਵਿਚ ਚੰਗੀਆਂ ਗੱਲਾਂ ਦੇਖਦਾ ਹੈ। ਆਓ ਆਪਾਂ ਸਾਰੇ ਵੀ ਇਸੇ ਤਰ੍ਹਾਂ ਕਰਨ ਦੀ ਪੂਰੀ ਕੋਸ਼ਿਸ਼ ਕਰੀਏ।

18. ਅਸੀਂ ਯਹੂਦਾਹ ਦੇ ਗੋਤ ਦੀ ਰੀਸ ਕਿਵੇਂ ਕਰ ਸਕਦੇ ਹਾਂ?

18 ਯਹੂਦਾਹ ਦੇ ਤਜਰਬੇ ਤੋਂ ਅਸੀਂ ਇਕ ਹੋਰ ਸਬਕ ਸਿੱਖ ਸਕਦੇ ਹਾਂ। ਉਹ ਇਹ ਕਿ ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਯਹੋਵਾਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ, ਪਰ ਉਹ ਹਮੇਸ਼ਾ ਉਸ ਸਮੇਂ ਜਾਂ ਉਸ ਤਰੀਕੇ ਨਾਲ ਨਹੀਂ ਕਰਦਾ ਜਿੱਦਾਂ ਅਸੀਂ ਸੋਚਿਆ ਹੁੰਦਾ ਹੈ। ਯਹੂਦਾਹ ਦੇ ਵੰਸ਼ ਨੇ ਤੁਰੰਤ ਅਗਵਾਈ ਕਰਨੀ ਸ਼ੁਰੂ ਨਹੀਂ ਕੀਤੀ। ਪਰ ਉਨ੍ਹਾਂ ਨੇ ਵਫ਼ਾਦਾਰੀ ਨਾਲ ਉਨ੍ਹਾਂ ਆਦਮੀਆਂ ਦਾ ਸਾਥ ਦਿੱਤਾ ਜਿਨ੍ਹਾਂ ਨੂੰ ਯਹੋਵਾਹ ਨੇ ਅਗਵਾਈ ਕਰਨ ਲਈ ਚੁਣਿਆ ਸੀ, ਜਿਵੇਂ ਕਿ ਮੂਸਾ ਜੋ ਲੇਵੀ ਦੇ ਗੋਤ ਵਿੱਚੋਂ ਸੀ, ਯਹੋਸ਼ੁਆ ਜੋ ਇਫ਼ਰਾਈਮ ਦੇ ਗੋਤ ਵਿੱਚੋਂ ਸੀ ਜਾਂ ਰਾਜਾ ਸ਼ਾਊਲ ਜੋ ਬਿਨਯਾਮੀਨ ਦੇ ਗੋਤ ਵਿੱਚੋਂ ਸੀ। ਆਓ ਆਪਾਂ ਵੀ ਉਨ੍ਹਾਂ ਭਰਾਵਾਂ ਦਾ ਪੂਰਾ-ਪੂਰਾ ਸਾਥ ਦੇਈਏ ਜਿਨ੍ਹਾਂ ਨੂੰ ਯਹੋਵਾਹ ਸਾਡੀ ਅਗਵਾਈ ਕਰਨ ਲਈ ਚੁਣਦਾ ਹੈ।​—ਇਬ. 6:12.

19. ਯਾਕੂਬ ਨੇ ਮਰਦੇ ਵੇਲੇ ਜੋ ਭਵਿੱਖਬਾਣੀ ਕੀਤੀ ਸੀ, ਉਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਿਆ?

19 ਯਾਕੂਬ ਨੇ ਮਰਦੇ ਵੇਲੇ ਜੋ ਭਵਿੱਖਬਾਣੀ ਕੀਤੀ, ਉਸ ਤੋਂ ਅਸੀਂ ਬਹੁਤ ਵਧੀਆ ਗੱਲਾਂ ਸਿੱਖੀਆਂ। ਇਕ ਤਾਂ ਇਹ ਕਿ “ਜਿਸ ਤਰ੍ਹਾਂ ਇਨਸਾਨ ਦੇਖਦਾ ਹੈ, ਪਰਮੇਸ਼ੁਰ ਉਸ ਤਰ੍ਹਾਂ ਨਹੀਂ ਦੇਖਦਾ।” (1 ਸਮੂ. 16:7) ਯਹੋਵਾਹ ਬਹੁਤ ਧੀਰਜ ਰੱਖਦਾ ਹੈ ਅਤੇ ਦਿਲੋਂ ਮਾਫ਼ ਕਰਦਾ ਹੈ। ਇਹ ਸੱਚ ਹੈ ਕਿ ਉਹ ਗ਼ਲਤ ਕੰਮਾਂ ਨੂੰ ਬਰਦਾਸ਼ਤ ਨਹੀਂ ਕਰਦਾ, ਪਰ ਉਹ ਇਹ ਉਮੀਦ ਵੀ ਨਹੀਂ ਰੱਖਦਾ ਕਿ ਉਸ ਦੇ ਸੇਵਕ ਕਦੇ ਕੋਈ ਗ਼ਲਤੀ ਨਹੀਂ ਕਰਨਗੇ। ਨਾਲੇ ਜੇ ਬੀਤੇ ਸਮੇਂ ਵਿਚ ਗੰਭੀਰ ਗ਼ਲਤੀਆਂ ਕਰਨ ਵਾਲੇ ਵਿਅਕਤੀ ਦਿਲੋਂ ਤੋਬਾ ਕਰਦੇ ਹਨ ਅਤੇ ਸਹੀ ਕੰਮ ਕਰਦੇ ਹਨ, ਤਾਂ ਯਹੋਵਾਹ ਉਨ੍ਹਾਂ ਨੂੰ ਮਾਫ਼ ਕਰਦਾ ਹੈ ਤੇ ਬਰਕਤਾਂ ਵੀ ਦਿੰਦਾ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਾਕੂਬ ਨੇ ਆਪਣੇ ਬਾਕੀ ਅੱਠ ਮੁੰਡਿਆਂ ਨੂੰ ਕੀ ਕਿਹਾ।

ਅਸੀਂ ਉਨ੍ਹਾਂ ਗੱਲਾਂ ਤੋਂ ਕੀ ਸਿੱਖ ਸਕਦੇ ਹਾਂ ਜੋ ਯਾਕੂਬ ਨੇ . . .

  • ਰਊਬੇਨ ਨੂੰ ਕਹੀਆਂ ਸਨ?

  • ਸ਼ਿਮਓਨ ਅਤੇ ਲੇਵੀ ਨੂੰ ਕਹੀਆਂ ਸਨ?

  • ਯਹੂਦਾਹ ਨੂੰ ਕਹੀਆਂ ਸਨ?

ਗੀਤ 124 ਹਮੇਸ਼ਾ ਵਫ਼ਾਦਾਰ ਰਹਾਂਗੇ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ