ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਅਗਸਤ ਸਫ਼ੇ 20-25
  • ਗ਼ਲਤ ਇੱਛਾਵਾਂ ʼਤੇ ਜਿੱਤ ਕਿਵੇਂ ਹਾਸਲ ਕਰੀਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਗ਼ਲਤ ਇੱਛਾਵਾਂ ʼਤੇ ਜਿੱਤ ਕਿਵੇਂ ਹਾਸਲ ਕਰੀਏ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਸ਼ੈਤਾਨ” ਸਾਨੂੰ ਕੀ ਯਕੀਨ ਦਿਵਾਉਣਾ ਚਾਹੁੰਦਾ ਹੈ?
  • ਪਾਪੀ ਹੋਣ ਕਰਕੇ ਸ਼ਾਇਦ ਅਸੀਂ ਕਿੱਦਾਂ ਮਹਿਸੂਸ ਕਰੀਏ?
  • ਗ਼ਲਤ ਇੱਛਾਵਾਂ ʼਤੇ ਜਿੱਤ ਕਿਵੇਂ ਹਾਸਲ ਕਰੀਏ?
  • “ਆਪਣੇ ਆਪ ਨੂੰ ਪਰਖਦੇ ਰਹੋ”
  • ਭਰਮਾਏ ਜਾਣ ਤੋਂ ਖ਼ਬਰਦਾਰ ਰਹੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਬਪਤਿਸਮੇ ਤੋਂ ਬਾਅਦ ਵੀ ਯਿਸੂ ਦੇ “ਪਿੱਛੇ-ਪਿੱਛੇ” ਚੱਲਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਯਹੋਵਾਹ ਨੇ ਪਾਪੀ ਇਨਸਾਨਾਂ ਨੂੰ ਬਚਾਉਣ ਲਈ ਕੀ ਕੀਤਾ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਅਗਸਤ ਸਫ਼ੇ 20-25

ਅਧਿਐਨ ਲੇਖ 35

ਗੀਤ 121 ਸੰਜਮ ਰੱਖੋ

ਗ਼ਲਤ ਇੱਛਾਵਾਂ ʼਤੇ ਜਿੱਤ ਕਿਵੇਂ ਹਾਸਲ ਕਰੀਏ?

“ਤੁਸੀਂ ਆਪਣੇ ਸਰੀਰਾਂ ਵਿਚ ਪਾਪ ਨੂੰ ਰਾਜੇ ਵਜੋਂ ਰਾਜ ਨਾ ਕਰਨ ਦਿਓ ਤਾਂਕਿ ਤੁਸੀਂ ਆਪਣੇ ਸਰੀਰ ਦੀਆਂ ਇੱਛਾਵਾਂ ਅਨੁਸਾਰ ਨਾ ਚੱਲੋ।”​—ਰੋਮੀ. 6:12.

ਕੀ ਸਿੱਖਾਂਗੇ?

ਅਸੀਂ ਜਾਣਾਂਗੇ ਕਿ ਮਨ ਵਿਚ ਗ਼ਲਤ ਇੱਛਾਵਾਂ ਆਉਣ ਕਰਕੇ ਸਾਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ ਅਤੇ ਅਸੀਂ ਇਨ੍ਹਾਂ ʼਤੇ ਜਿੱਤ ਕਿਵੇਂ ਹਾਸਲ ਕਰ ਸਕਦੇ ਹਾਂ।

1. ਸਾਰੇ ਨਾਮੁਕੰਮਲ ਇਨਸਾਨਾਂ ਨੂੰ ਕਿਹੜੀ ਲੜਾਈ ਲੜਨੀ ਪੈਂਦੀ ਹੈ?

ਕੀ ਤੁਹਾਡੇ ਮਨ ਵਿਚ ਕੁਝ ਅਜਿਹਾ ਕਰਨ ਦੀ ਜ਼ਬਰਦਸਤ ਇੱਛਾ ਆਈ ਹੈ ਜੋ ਯਹੋਵਾਹ ਨੂੰ ਪਸੰਦ ਨਾ ਹੋਵੇ? ਜੇ ਹਾਂ, ਤਾਂ ਨਿਰਾਸ਼ ਨਾ ਹੋਵੋ। ਬਾਈਬਲ ਦੱਸਦੀ ਹੈ: “ਤੁਹਾਡੇ ਉੱਤੇ ਅਜਿਹੀ ਕੋਈ ਪਰੀਖਿਆ ਨਹੀਂ ਆਈ ਜੋ ਦੂਸਰੇ ਲੋਕਾਂ ਉੱਤੇ ਨਾ ਆਈ ਹੋਵੇ।” (1 ਕੁਰਿੰ. 10:13) ਇਸ ਦਾ ਮਤਲਬ ਹੈ ਕਿ ਸਿਰਫ਼ ਤੁਸੀਂ ਹੀ ਆਪਣੀਆਂ ਗ਼ਲਤ ਇੱਛਾਵਾਂ ਨਾਲ ਨਹੀਂ ਲੜਦੇ, ਸਗੋਂ ਸਾਰੇ ਇਨਸਾਨਾਂ ਨੂੰ ਇਹ ਲੜਾਈ ਲੜਨੀ ਪੈਂਦੀ ਹੈ। ਪਰ ਖ਼ੁਸ਼ੀ ਦੀ ਗੱਲ ਹੈ ਕਿ ਤੁਸੀਂ ਯਹੋਵਾਹ ਦੀ ਮਦਦ ਨਾਲ ਇਹ ਲੜਾਈ ਜਿੱਤ ਸਕਦੇ ਹੋ।

2. ਕੁਝ ਮਸੀਹੀਆਂ ਅਤੇ ਬਾਈਬਲ ਵਿਦਿਆਰਥੀਆਂ ਨੂੰ ਕਿਨ੍ਹਾਂ ਗ਼ਲਤ ਇੱਛਾਵਾਂ ਨਾਲ ਲੜਨਾ ਪੈ ਸਕਦਾ ਹੈ? (ਤਸਵੀਰਾਂ ਵੀ ਦੇਖੋ।)

2 ਬਾਈਬਲ ਇਹ ਵੀ ਦੱਸਦੀ ਹੈ: “ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ।” (ਯਾਕੂ. 1:14) ਇਹ ਆਇਤ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਅਲੱਗ-ਅਲੱਗ ਲੋਕ ਵੱਖੋ-ਵੱਖਰੀਆਂ ਇੱਛਾਵਾਂ ਕਰਕੇ ਬਹਿਕਾਏ ਜਾ ਸਕਦੇ ਹਨ। ਮਿਸਾਲ ਲਈ, ਕਿਸੇ ਮਸੀਹੀ ਦਾ ਸ਼ਾਇਦ ਕਿਸੇ ਨਾਲ ਨਾਜਾਇਜ਼ ਸਰੀਰਕ ਸੰਬੰਧ ਬਣਾਉਣ ਦਾ ਮਨ ਕਰੇ। ਨਾਲੇ ਸ਼ਾਇਦ ਕਿਸੇ ਭਰਾ ਦਾ ਕਿਸੇ ਆਦਮੀ ਨਾਲ ਤੇ ਕਿਸੇ ਭੈਣ ਦਾ ਕਿਸੇ ਔਰਤ ਨਾਲ ਸਰੀਰਕ ਸੰਬੰਧ ਬਣਾਉਣ ਦਾ ਮਨ ਕਰੇ। ਇਸ ਤੋਂ ਇਲਾਵਾ, ਜਿਨ੍ਹਾਂ ਮਸੀਹੀਆਂ ਨੂੰ ਪਹਿਲਾਂ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ (ਪੋਰਨੋਗ੍ਰਾਫੀ) ਦੇਖਣ ਦੀ ਆਦਤ ਸੀ, ਉਨ੍ਹਾਂ ਦਾ ਸ਼ਾਇਦ ਦੁਬਾਰਾ ਪੋਰਨੋਗ੍ਰਾਫੀ ਦੇਖਣ ਦਾ ਦਿਲ ਕਰੇ। ਨਾਲੇ ਜਿਨ੍ਹਾਂ ਨੂੰ ਇਕ ਸਮੇਂ ਤੇ ਨਸ਼ੇ ਕਰਨ ਜਾਂ ਹੱਦੋਂ ਵੱਧ ਸ਼ਰਾਬ ਪੀਣ ਦੀ ਆਦਤ ਸੀ, ਉਨ੍ਹਾਂ ਦਾ ਸ਼ਾਇਦ ਦੁਬਾਰਾ ਇੱਦਾਂ ਕਰਨ ਦਾ ਮਨ ਕਰੇ। ਇੱਥੇ ਸਿਰਫ਼ ਕੁਝ ਹੀ ਗ਼ਲਤ ਇੱਛਾਵਾਂ ਬਾਰੇ ਗੱਲ ਕੀਤੀ ਹੈ ਜਿਨ੍ਹਾਂ ਨਾਲ ਕੁਝ ਮਸੀਹੀਆਂ ਜਾਂ ਬਾਈਬਲ ਵਿਦਿਆਰਥੀਆਂ ਨੂੰ ਲੜਨਾ ਪੈ ਸਕਦਾ ਹੈ। ਪਰ ਅਜਿਹੀਆਂ ਹੋਰ ਵੀ ਇੱਛਾਵਾਂ ਹਨ ਜਿਨ੍ਹਾਂ ਨਾਲ ਸ਼ਾਇਦ ਮਸੀਹੀਆਂ ਨੂੰ ਲੜਨਾ ਪਵੇ। ਸੱਚ ਤਾਂ ਇਹ ਹੈ ਕਿ ਸਾਰਿਆਂ ਦੀ ਜ਼ਿੰਦਗੀ ਵਿਚ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਹ ਪੌਲੁਸ ਰਸੂਲ ਵਾਂਗ ਮਹਿਸੂਸ ਕਰਦੇ ਹਨ ਜਿਸ ਨੇ ਲਿਖਿਆ: “ਜਦੋਂ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਾਂ ਮੇਰਾ ਝੁਕਾਅ ਬੁਰੇ ਕੰਮ ਕਰਨ ਵੱਲ ਹੁੰਦਾ ਹੈ।”​—ਰੋਮੀ. 7:21.

ਅਸੀਂ ਅਚਾਨਕ ਕਦੇ ਵੀ ਅਤੇ ਕਿਤੇ ਵੀ ਗ਼ਲਤ ਕੰਮ ਕਰਨ ਲਈ ਬਹਿਕਾਏ ਜਾ ਸਕਦੇ ਹਾਂ (ਪੈਰਾ 2 ਦੇਖੋ)c


3. ਜੇ ਇਕ ਵਿਅਕਤੀ ਦੇ ਮਨ ਵਿਚ ਵਾਰ-ਵਾਰ ਗ਼ਲਤ ਇੱਛਾ ਆਉਂਦੀ ਹੈ, ਤਾਂ ਉਹ ਕੀ ਸੋਚਣ ਲੱਗ ਸਕਦਾ ਹੈ?

3 ਜੇ ਤੁਹਾਡੇ ਮਨ ਵਿਚ ਵਾਰ-ਵਾਰ ਗ਼ਲਤ ਇੱਛਾ ਆਉਂਦੀ ਹੈ, ਤਾਂ ਸ਼ਾਇਦ ਤੁਸੀਂ ਇੰਨੇ ਲਾਚਾਰ ਮਹਿਸੂਸ ਕਰੋ ਕਿ ਤੁਸੀਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜ ਹੀ ਨਹੀਂ ਸਕਦੇ। ਤੁਸੀਂ ਇਹ ਵੀ ਮਹਿਸੂਸ ਕਰੋ ਕਿ ਤੁਹਾਡੇ ਬਦਲਣ ਦੀ ਕੋਈ ਉਮੀਦ ਨਹੀਂ ਹੈ ਅਤੇ ਯਹੋਵਾਹ ਸਿਰਫ਼ ਤੁਹਾਡੇ ਮਨ ਵਿਚ ਗ਼ਲਤ ਇੱਛਾਵਾਂ ਆਉਣ ਕਰਕੇ ਹੀ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ। ਪਰ ਇਹ ਦੋਵੇਂ ਖ਼ਿਆਲ ਗ਼ਲਤ ਹਨ। ਇਹ ਖ਼ਿਆਲ ਗ਼ਲਤ ਕਿਉਂ ਹਨ, ਇਨ੍ਹਾਂ ਨੂੰ ਸਮਝਾਉਣ ਲਈ ਇਨ੍ਹਾਂ ਦੋ ਸਵਾਲਾਂ ʼਤੇ ਚਰਚਾ ਕੀਤੀ ਜਾਵੇਗੀ: (1) ਤੁਹਾਨੂੰ ਕਿਉਂ ਲੱਗ ਸਕਦਾ ਹੈ ਕਿ ਤੁਸੀਂ ਲਾਚਾਰ ਹੋ ਅਤੇ ਤੁਹਾਡੇ ਬਦਲਣ ਦੀ ਕੋਈ ਉਮੀਦ ਨਹੀਂ ਹੈ? (2) ਤੁਸੀਂ ਗ਼ਲਤ ਇੱਛਾਵਾਂ ʼਤੇ ਜਿੱਤ ਕਿਵੇਂ ਹਾਸਲ ਕਰ ਸਕਦੇ ਹੋ?

“ਸ਼ੈਤਾਨ” ਸਾਨੂੰ ਕੀ ਯਕੀਨ ਦਿਵਾਉਣਾ ਚਾਹੁੰਦਾ ਹੈ?

4. (ੳ) ਸ਼ੈਤਾਨ ਸਾਨੂੰ ਕਿਉਂ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜ ਹੀ ਨਹੀਂ ਸਕਦੇ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਸਾਮ੍ਹਣੇ ਲਾਚਾਰ ਨਹੀਂ ਹਾਂ?

4 ਸ਼ੈਤਾਨ ਚਾਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਗ਼ਲਤ ਇੱਛਾ ਕਰਕੇ ਬਹਿਕਾਏ ਜਾਂਦੇ ਹਾਂ, ਤਾਂ ਅਸੀਂ ਇਹ ਸੋਚੀਏ ਕਿ ਅਸੀਂ ਇੰਨੇ ਲਾਚਾਰ ਹਾਂ ਕਿ ਅਸੀਂ ਉਸ ਇੱਛਾ ਨਾਲ ਲੜ ਹੀ ਨਹੀਂ ਸਕਦੇ। ਯਿਸੂ ਜਾਣਦਾ ਸੀ ਕਿ ਸ਼ੈਤਾਨ ਉਸ ਦੇ ਚੇਲਿਆਂ ਦੀ ਪਰੀਖਿਆ ਲਵੇਗਾ, ਇਸ ਲਈ ਉਸ ਨੇ ਉਨ੍ਹਾਂ ਨੂੰ ਇਸ ਬਾਰੇ ਪ੍ਰਾਰਥਨਾ ਕਰਨ ਲਈ ਕਿਹਾ: “ਸਾਨੂੰ ਪਰੀਖਿਆ ਵਿਚ ਨਾ ਪੈਣ ਦੇ ਤੇ ਸਾਨੂੰ ਸ਼ੈਤਾਨ ਤੋਂ ਬਚਾ।” (ਮੱਤੀ 6:13) ਸ਼ੈਤਾਨ ਦਾ ਦਾਅਵਾ ਹੈ ਕਿ ਜੇ ਇਕ ਇਨਸਾਨ ਨੂੰ ਗ਼ਲਤ ਕੰਮ ਕਰਨ ਲਈ ਬਹਿਕਾਇਆ ਜਾਵੇ, ਤਾਂ ਉਹ ਯਹੋਵਾਹ ਦਾ ਵਫ਼ਾਦਾਰ ਨਹੀਂ ਰਹੇਗਾ। (ਅੱਯੂ. 2:4, 5) ਸ਼ੈਤਾਨ ਇੱਦਾਂ ਕਿਉਂ ਸੋਚਦਾ ਹੈ? ਕਿਉਂਕਿ ਜਦੋਂ ਉਸ ਦੇ ਆਪਣੇ ਮਨ ਵਿਚ ਗ਼ਲਤ ਇੱਛਾ ਆਈ, ਤਾਂ ਉਹ ਇਸ ਇੱਛਾ ਨਾਲ ਲੜਿਆ ਨਹੀਂ ਅਤੇ ਯਹੋਵਾਹ ਦਾ ਵਫ਼ਾਦਾਰ ਨਹੀਂ ਰਿਹਾ। ਸ਼ੈਤਾਨ ਨੂੰ ਲੱਗਦਾ ਹੈ ਕਿ ਅਸੀਂ ਵੀ ਉਸ ਵਰਗੇ ਹੀ ਹਾਂ ਅਤੇ ਬਹਿਕਾਏ ਜਾਣ ਤੇ ਅਸੀਂ ਵੀ ਯਹੋਵਾਹ ਦੇ ਵਫ਼ਾਦਾਰ ਨਹੀਂ ਰਹਾਂਗੇ। ਉਸ ਨੂੰ ਤਾਂ ਇਹ ਵੀ ਲੱਗਾ ਸੀ ਕਿ ਪਰਮੇਸ਼ੁਰ ਦਾ ਮੁਕੰਮਲ ਪੁੱਤਰ ਵੀ ਬਹਿਕਾਏ ਜਾਣ ਤੇ ਯਹੋਵਾਹ ਦਾ ਕਹਿਣਾ ਨਹੀਂ ਮੰਨੇਗਾ। (ਮੱਤੀ 4:8, 9) ਪਰ ਜ਼ਰਾ ਸੋਚੋ, ਕੀ ਅਸੀਂ ਸੱਚ-ਮੁੱਚ ਇੰਨੇ ਲਾਚਾਰ ਹਾਂ ਕਿ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜ ਹੀ ਨਹੀਂ ਸਕਦੇ? ਬਿਲਕੁਲ ਨਹੀਂ! ਅਸੀਂ ਪੌਲੁਸ ਰਸੂਲ ਦੀ ਇਸ ਗੱਲ ਨਾਲ ਸਹਿਮਤ ਹਾਂ ਜਿਸ ਨੇ ਲਿਖਿਆ: “ਪਰਮੇਸ਼ੁਰ ਆਪਣੀ ਸ਼ਕਤੀ ਨਾਲ ਮੈਨੂੰ ਹਰ ਹਾਲਾਤ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ਦਾ ਹੈ।”​—ਫ਼ਿਲਿ. 4:13.

5. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਨੂੰ ਭਰੋਸਾ ਹੈ ਕਿ ਅਸੀਂ ਗ਼ਲਤ ਇੱਛਾਵਾਂ ਨਾਲ ਲੜ ਸਕਦੇ ਹਾਂ?

5 ਪਰ ਸ਼ੈਤਾਨ ਤੋਂ ਉਲਟ ਯਹੋਵਾਹ ਨੂੰ ਪੂਰਾ ਭਰੋਸਾ ਹੈ ਕਿ ਅਸੀਂ ਗ਼ਲਤ ਇੱਛਾਵਾਂ ਨਾਲ ਲੜ ਸਕਦੇ ਹਾਂ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਬਾਈਬਲ ਵਿਚ ਉਸ ਨੇ ਪਹਿਲਾਂ ਹੀ ਲਿਖਵਾਇਆ ਹੈ ਕਿ ਉਸ ਦੇ ਵਫ਼ਾਦਾਰ ਲੋਕਾਂ ਦੀ ਇਕ ਵੱਡੀ ਭੀੜ ਮਹਾਂਕਸ਼ਟ ਵਿੱਚੋਂ ਬਚ ਨਿਕਲੇਗੀ। ਜ਼ਰਾ ਸੋਚੋ ਕਿ ਇਸ ਦਾ ਕੀ ਮਤਲਬ ਹੈ। ਯਹੋਵਾਹ, ਜੋ ਕਦੇ ਝੂਠ ਨਹੀਂ ਬੋਲ ਸਕਦਾ, ਨੇ ਕਿਹਾ ਹੈ ਕਿ ਸਿਰਫ਼ ਥੋੜ੍ਹੇ ਜਿਹੇ ਲੋਕ ਨਹੀਂ, ਸਗੋਂ ਇਕ ਵੱਡੀ ਭੀੜ ਨਵੀਂ ਦੁਨੀਆਂ ਵਿਚ ਜਾਵੇਗੀ। ਉਸ ਨੂੰ ਭਰੋਸਾ ਹੈ ਕਿ ਬਹੁਤ ਸਾਰੇ ਲੋਕ “ਆਪਣੇ ਚੋਗੇ ਲੇਲੇ ਦੇ ਖ਼ੂਨ ਨਾਲ ਧੋ ਕੇ ਚਿੱਟੇ” ਕਰਨਗੇ ਯਾਨੀ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਵਿੱਤਰ ਠਹਿਰਨਗੇ। (ਪ੍ਰਕਾ. 7:9, 13, 14) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਲਾਚਾਰ ਨਹੀਂ ਸਮਝਦਾ, ਸਗੋਂ ਉਸ ਨੂੰ ਭਰੋਸਾ ਹੈ ਕਿ ਅਸੀਂ ਗ਼ਲਤ ਇੱਛਾਵਾਂ ਨਾਲ ਲੜ ਸਕਦੇ ਹਾਂ।

6-7. ਸ਼ੈਤਾਨ ਸਾਨੂੰ ਹੋਰ ਕਿਹੜੀ ਗੱਲ ਦਾ ਯਕੀਨ ਦਿਵਾਉਣਾ ਚਾਹੁੰਦਾ ਹੈ?

6 ਸ਼ੈਤਾਨ ਸਾਨੂੰ ਇਹ ਵੀ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਬਦਲ ਨਹੀਂ ਸਕਦੇ, ਇਸ ਕਰਕੇ ਸਾਡੇ ਕੋਲ ਕੋਈ ਉਮੀਦ ਨਹੀਂ ਹੈ ਅਤੇ ਯਹੋਵਾਹ ਸਿਰਫ਼ ਸਾਡੇ ਮਨ ਵਿਚ ਗ਼ਲਤ ਇੱਛਾਵਾਂ ਆਉਣ ਕਰਕੇ ਹੀ ਸਾਨੂੰ ਦੋਸ਼ੀ ਠਹਿਰਾਉਂਦਾ ਹੈ। ਸ਼ੈਤਾਨ ਸਾਨੂੰ ਇਹ ਯਕੀਨ ਕਿਉਂ ਦਿਵਾਉਣਾ ਚਾਹੁੰਦਾ ਹੈ? ਕਿਉਂਕਿ ਉਸ ਕੋਲ ਖ਼ੁਦ ਕੋਈ ਉਮੀਦ ਨਹੀਂ ਹੈ ਅਤੇ ਯਹੋਵਾਹ ਨੇ ਉਸ ਨੂੰ ਸਜ਼ਾ ਸੁਣਾ ਦਿੱਤੀ ਹੈ ਕਿ ਉਸ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ। (ਉਤ. 3:15; ਪ੍ਰਕਾ. 20:10) ਬਿਨਾਂ ਸ਼ੱਕ, ਉਹ ਸਾਡੇ ਤੋਂ ਈਰਖਾ ਕਰਦਾ ਹੈ ਕਿਉਂਕਿ ਸਾਡੇ ਕੋਲ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਹੈ। ਇਸ ਲਈ ਉਹ ਸਾਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਸਾਡੇ ਕੋਲ ਵੀ ਕੋਈ ਉਮੀਦ ਨਹੀਂ ਹੈ। ਪਰ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ, ਸਗੋਂ ਸਾਡੀ ਮਦਦ ਕਰਨੀ ਚਾਹੁੰਦਾ ਹੈ। ਇਸ ਵਿਚ ਲਿਖਿਆ ਹੈ: “ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।”​—2 ਪਤ. 3:9.

7 ਪਰ ਜੇ ਅਸੀਂ ਸ਼ੈਤਾਨ ਦੀਆਂ ਇਨ੍ਹਾਂ ਗੱਲਾਂ ʼਤੇ ਯਕੀਨ ਕਰ ਲਈਏ ਕਿ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜ ਹੀ ਨਹੀਂ ਸਕਦੇ ਜਾਂ ਯਹੋਵਾਹ ਸਿਰਫ਼ ਸਾਡੇ ਮਨ ਵਿਚ ਗ਼ਲਤ ਇੱਛਾਵਾਂ ਆਉਣ ਕਰਕੇ ਹੀ ਸਾਨੂੰ ਦੋਸ਼ੀ ਠਹਿਰਾਉਂਦਾ ਹੈ, ਤਾਂ ਅਸੀਂ ਅਜਿਹੀ ਸੋਚ ਰੱਖ ਰਹੇ ਹੋਵਾਂਗੇ ਜੋ ਸ਼ੈਤਾਨ ਚਾਹੁੰਦਾ ਹੈ। ਇਹ ਗੱਲ ਚੰਗੀ ਤਰ੍ਹਾਂ ਸਮਝਣ ਨਾਲ ਅਸੀਂ ਡਟ ਕੇ ਉਸ ਦਾ ਮੁਕਾਬਲਾ ਕਰ ਸਕਦੇ ਹਾਂ।​—1 ਪਤ. 5:8, 9.

ਪਾਪੀ ਹੋਣ ਕਰਕੇ ਸ਼ਾਇਦ ਅਸੀਂ ਕਿੱਦਾਂ ਮਹਿਸੂਸ ਕਰੀਏ?

8. ਪਾਪ ਵਿਚ ਕੀ ਕੁਝ ਸ਼ਾਮਲ ਹੈ? (ਜ਼ਬੂਰ 51:5) (“ਸ਼ਬਦ ਦਾ ਮਤਲਬ” ਵੀ ਦੇਖੋ।)

8 ਜਿੱਦਾਂ ਅਸੀਂ ਹੁਣ ਤਕ ਦੇਖਿਆ, ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਅਸੀਂ ਗ਼ਲਤ ਇੱਛਾਵਾਂ ਨਾਲ ਲੜ ਹੀ ਨਹੀਂ ਸਕਦੇ। ਪਰ ਇਕ ਹੋਰ ਕਾਰਨ ਕਰਕੇ ਸਾਨੂੰ ਇੱਦਾਂ ਲੱਗ ਸਕਦਾ ਹੈ। ਉਹ ਕੀ ਹੈ? ਉਹ ਹੈ, ਆਦਮ ਅਤੇ ਹੱਵਾਹ ਤੋਂ ਵਿਰਾਸਤ ਵਿਚ ਮਿਲਿਆ ਪਾਪ।a​—ਅੱਯੂ. 14:4; ਜ਼ਬੂਰ 51:5 ਪੜ੍ਹੋ।

9-10. (ੳ) ਪਾਪ ਦਾ ਆਦਮ ਅਤੇ ਹੱਵਾਹ ʼਤੇ ਕੀ ਅਸਰ ਪਿਆ? (ਤਸਵੀਰ ਵੀ ਦੇਖੋ।) (ਅ) ਪਾਪੀ ਹੋਣ ਕਰਕੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ?

9 ਜ਼ਰਾ ਸੋਚੋ ਕਿ ਪਾਪ ਦਾ ਆਦਮ ਅਤੇ ਹੱਵਾਹ ʼਤੇ ਕੀ ਅਸਰ ਪਿਆ। ਯਹੋਵਾਹ ਦਾ ਹੁਕਮ ਤੋੜਨ ਤੋਂ ਬਾਅਦ ਉਹ ਯਹੋਵਾਹ ਤੋਂ ਲੁਕ ਗਏ ਅਤੇ ਉਨ੍ਹਾਂ ਨੇ ਆਪਣੇ ਸਰੀਰਾਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਇਨਸਾਈਟ ਔਨ ਦ ਸਕ੍ਰਿਪਚਰਸ ਵਿਚ ਲਿਖਿਆ ਹੈ: “ਪਾਪ ਕਰਕੇ ਉਨ੍ਹਾਂ ਨੇ ਦੋਸ਼ੀ ਮਹਿਸੂਸ ਕੀਤਾ, ਉਨ੍ਹਾਂ ਨੂੰ ਚਿੰਤਾ ਹੋਈ, ਉਹ ਡਰ ਗਏ ਅਤੇ ਉਨ੍ਹਾਂ ਨੇ ਸ਼ਰਮਿੰਦਗੀ ਮਹਿਸੂਸ ਕੀਤੀ।” ਇਹ ਇੱਦਾਂ ਸੀ ਜਿੱਦਾਂ ਆਦਮ ਅਤੇ ਹੱਵਾਹ ਚਾਰ ਕਮਰਿਆਂ ਵਾਲੇ ਇਕ ਘਰ ਵਿਚ ਕੈਦ ਹੋ ਗਏ ਹੋਣ। ਉਹ ਇਕ ਕਮਰੇ ਤੋਂ ਦੂਜੇ ਕਮਰੇ ਵਿਚ ਤਾਂ ਜਾ ਸਕਦੇ ਸਨ, ਪਰ ਕਦੀ ਵੀ ਇਸ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਸਨ। ਇਸ ਦਾ ਮਤਲਬ ਹੈ ਕਿ ਉਹ ਆਪਣੀ ਪਾਪੀ ਹਾਲਤ ਤੋਂ ਕਦੇ ਛੁਟਕਾਰਾ ਨਹੀਂ ਪਾ ਸਕਦੇ ਸਨ।

10 ਬਿਨਾਂ ਸ਼ੱਕ, ਸਾਡੇ ਹਾਲਾਤ ਆਦਮ ਤੇ ਹੱਵਾਹ ਤੋਂ ਬਿਲਕੁਲ ਵੱਖਰੇ ਹਨ। ਉਨ੍ਹਾਂ ਨੂੰ ਰਿਹਾਈ ਦੀ ਕੀਮਤ ਤੋਂ ਕੋਈ ਫ਼ਾਇਦਾ ਨਹੀਂ ਹੋਣਾ। ਪਰ ਸਾਨੂੰ ਇਸ ਤੋਂ ਫ਼ਾਇਦਾ ਹੋ ਸਕਦਾ ਹੈ। ਸਾਨੂੰ ਸਾਡੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ ਅਤੇ ਅਸੀਂ ਸਾਫ਼ ਜ਼ਮੀਰ ਨਾਲ ਯਹੋਵਾਹ ਦੀ ਸੇਵਾ ਕਰ ਸਕਦੇ ਹਾਂ। (1 ਕੁਰਿੰ. 6:11) ਪਰ ਇਕ ਗੱਲ ਤਾਂ ਹੈ ਕਿ ਸਾਨੂੰ ਆਦਮ ਤੇ ਹੱਵਾਹ ਤੋਂ ਵਿਰਾਸਤ ਵਿਚ ਪਾਪ ਜ਼ਰੂਰ ਮਿਲਿਆ ਹੈ। ਇਸ ਲਈ ਗ਼ਲਤੀਆਂ ਕਰਨ ਤੋਂ ਬਾਅਦ ਅਸੀਂ ਵੀ ਦੋਸ਼ੀ ਮਹਿਸੂਸ ਕਰਦੇ ਹਾਂ, ਸਾਨੂੰ ਚਿੰਤਾ ਹੁੰਦੀ ਹੈ, ਸਾਨੂੰ ਡਰ ਲੱਗਦਾ ਹੈ ਅਤੇ ਅਸੀਂ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ। ਦਰਅਸਲ, ਬਾਈਬਲ ਦੱਸਦੀ ਹੈ ਕਿ ਇਨਸਾਨ ਪਾਪ ਦੇ ਚੁੰਗਲ ਵਿਚ ਹਨ ਅਤੇ ਇਸ ਦਾ ਅਸਰ ਉਨ੍ਹਾਂ ਸਾਰਿਆਂ ʼਤੇ ਵੀ ਪਿਆ ਹੈ ਜਿਨ੍ਹਾਂ ਨੇ ‘ਅਜਿਹਾ ਪਾਪ ਨਹੀਂ ਕੀਤਾ ਜਿਹੋ ਜਿਹਾ ਆਦਮ ਨੇ ਕੀਤਾ ਸੀ।’ (ਰੋਮੀ. 5:14) ਚਾਹੇ ਇਹ ਨਿਰਾਸ਼ ਕਰਨ ਵਾਲੀ ਗੱਲ ਹੈ, ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਲਾਚਾਰ ਹਾਂ ਜਾਂ ਸਾਡੇ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਹੈ। ਅਸੀਂ ਅਜਿਹੀਆਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਕਿਵੇਂ?

ਆਦਮ ਤੇ ਹੱਵਾਹ ਸ਼ਰਮਿੰਦੇ ਹੋ ਕੇ ਅਦਨ ਦੇ ਬਾਗ਼ ਵਿੱਚੋਂ ਨਿਕਲ ਰਹੇ ਹਨ ਅਤੇ ਉਨ੍ਹਾਂ ਨੇ ਜਾਨਵਰਾਂ ਦੀ ਖੱਲ ਦੇ ਬਣੇ ਕੱਪੜੇ ਪਾਏ ਹੋਏ ਹਨ।

ਪਾਪ ਕਰਕੇ ਆਦਮ ਤੇ ਹੱਵਾਹ ਨੇ ਦੋਸ਼ੀ ਮਹਿਸੂਸ ਕੀਤਾ, ਉਨ੍ਹਾਂ ਨੂੰ ਚਿੰਤਾ ਹੋਈ, ਉਹ ਡਰ ਗਏ ਅਤੇ ਉਨ੍ਹਾਂ ਨੇ ਸ਼ਰਮਿੰਦਗੀ ਮਹਿਸੂਸ ਕੀਤੀ (ਪੈਰਾ 9 ਦੇਖੋ)


11. ਜਦੋਂ ਸਾਡਾ ਦਿਲ ਸਾਨੂੰ ਕਹੇ ਕਿ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜ ਹੀ ਨਹੀਂ ਸਕਦੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ? (ਰੋਮੀਆਂ 6:12)

11 ਪਾਪੀ ਹੋਣ ਕਰਕੇ ਸ਼ਾਇਦ ਕਦੇ-ਕਦਾਈਂ ਸਾਡਾ ਦਿਲ ਸਾਨੂੰ “ਕਹੇ” ਕਿ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜ ਹੀ ਨਹੀਂ ਸਕਦੇ। ਪਰ ਸਾਨੂੰ ਇਸ ਦੀ ਗੱਲ ਨਹੀਂ ਸੁਣਨੀ ਚਾਹੀਦੀ। ਕਿਉਂ? ਕਿਉਂਕਿ ਬਾਈਬਲ ਵਿਚ ਲਿਖਿਆ ਹੈ ਕਿ ਅਸੀਂ ਪਾਪ ਨੂੰ ਆਪਣੇ ʼਤੇ “ਰਾਜੇ ਵਜੋਂ ਰਾਜ” ਨਾ ਕਰਨ ਦੇਈਏ। (ਰੋਮੀਆਂ 6:12 ਪੜ੍ਹੋ।) ਇਸ ਦਾ ਮਤਲਬ ਹੈ ਕਿ ਇਹ ਸਾਡੇ ਹੱਥ-ਵੱਸ ਹੈ ਕਿ ਅਸੀਂ ਆਪਣੀ ਗ਼ਲਤ ਇੱਛਾ ਮੁਤਾਬਕ ਕੰਮ ਕਰਾਂਗੇ ਜਾਂ ਨਹੀਂ। (ਗਲਾ. 5:16) ਯਹੋਵਾਹ ਨੂੰ ਪੂਰਾ ਭਰੋਸਾ ਹੈ ਕਿ ਬਹਿਕਾਏ ਜਾਣ ਤੇ ਅਸੀਂ ਗ਼ਲਤ ਇੱਛਾ ਨੂੰ ਠੁਕਰਾ ਸਕਦੇ ਹਾਂ। ਜੇ ਉਸ ਨੂੰ ਇਸ ਗੱਲ ਦਾ ਭਰੋਸਾ ਨਾ ਹੁੰਦਾ, ਤਾਂ ਉਸ ਨੇ ਸਾਨੂੰ ਇੱਦਾਂ ਕਰਨ ਲਈ ਕਹਿਣਾ ਹੀ ਕਿਉਂ ਸੀ। (ਬਿਵ. 30:11-14; ਰੋਮੀ. 6:6; 1 ਥੱਸ. 4:3) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਸਾਮ੍ਹਣੇ ਲਾਚਾਰ ਨਹੀਂ ਹਾਂ।

12. ਜਦੋਂ ਸਾਡਾ ਦਿਲ ਕਹੇ ਕਿ ਸਾਡੇ ਬਦਲਣ ਦੀ ਕੋਈ ਉਮੀਦ ਨਹੀਂ ਹੈ ਅਤੇ ਯਹੋਵਾਹ ਸਿਰਫ਼ ਸਾਡੇ ਮਨ ਵਿਚ ਗ਼ਲਤ ਇੱਛਾਵਾਂ ਆਉਣ ਕਰਕੇ ਹੀ ਸਾਨੂੰ ਦੋਸ਼ੀ ਠਹਿਰਾਉਂਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

12 ਇਸੇ ਤਰ੍ਹਾਂ ਸ਼ਾਇਦ ਕਦੇ-ਕਦਾਈਂ ਸਾਡਾ ਦਿਲ “ਕਹੇ” ਕਿ ਸਾਡੇ ਬਦਲਣ ਦੀ ਕੋਈ ਉਮੀਦ ਨਹੀਂ ਹੈ ਅਤੇ ਯਹੋਵਾਹ ਸਿਰਫ਼ ਸਾਡੇ ਮਨ ਵਿਚ ਗ਼ਲਤ ਇੱਛਾਵਾਂ ਆਉਣ ਕਰਕੇ ਹੀ ਸਾਨੂੰ ਦੋਸ਼ੀ ਠਹਿਰਾਉਂਦਾ ਹੈ। ਪਰ ਸਾਨੂੰ ਇਸ ਦੀ ਗੱਲ ਨਹੀਂ ਸੁਣਨੀ ਚਾਹੀਦੀ।ਕਿਉਂ? ਕਿਉਂਕਿ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਅਸੀਂ ਜਨਮ ਤੋਂ ਹੀ ਪਾਪੀ ਹਾਂ। (ਜ਼ਬੂ. 103:13, 14) ਨਾਲੇ ਉਹ ਸਾਡੇ ਬਾਰੇ “ਸਭ ਕੁਝ ਜਾਣਦਾ ਹੈ।” (1 ਯੂਹੰ. 3:19, 20) ਉਹ ਜਾਣਦਾ ਹੈ ਕਿ ਪਾਪੀ ਹੋਣ ਕਰਕੇ ਸਾਡਾ ਝੁਕਾਅ ਹਮੇਸ਼ਾ ਬੁਰਾਈ ਵੱਲ ਹੁੰਦਾ ਹੈ। ਪਰ ਜੇ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜੀਏ ਅਤੇ ਪਾਪ ਕਰਨ ਤੋਂ ਦੂਰ ਰਹੀਏ, ਤਾਂ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਬਣੇ ਰਹਾਂਗੇ। ਅਸੀਂ ਇਸ ਗੱਲ ਦਾ ਭਰੋਸਾ ਕਿਉਂ ਰੱਖ ਸਕਦੇ ਹਾਂ?

13-14. ਜੇ ਕਿਸੇ ਦੇ ਮਨ ਵਿਚ ਗ਼ਲਤ ਇੱਛਾਵਾਂ ਆਉਂਦੀਆਂ ਹਨ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਉਸ ਤੋਂ ਖ਼ੁਸ਼ ਨਹੀਂ ਹੈ? ਸਮਝਾਓ।

13 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਗ਼ਲਤ ਕੰਮ ਕਰਨ ਦੀ ਇੱਛਾ ਹੋਣੀ ਅਤੇ ਉਸ ਮੁਤਾਬਕ ਕਦਮ ਚੁੱਕਣ ਵਿਚ ਫ਼ਰਕ ਹੈ। ਨਾ ਚਾਹੁੰਦੇ ਹੋਏ ਵੀ ਸਾਡੇ ਮਨ ਵਿਚ ਗ਼ਲਤ ਇੱਛਾਵਾਂ ਆ ਸਕਦੀਆਂ ਹਨ, ਪਰ ਅਸੀਂ ਇਨ੍ਹਾਂ ਇੱਛਾਵਾਂ ਮੁਤਾਬਕ ਕਦਮ ਚੁੱਕਣ ਤੋਂ ਖ਼ੁਦ ਨੂੰ ਰੋਕ ਸਕਦੇ ਹਾਂ। ਮਿਸਾਲ ਲਈ, ਪਹਿਲੀ ਸਦੀ ਵਿਚ ਕੁਰਿੰਥੁਸ ਦੀ ਮੰਡਲੀ ਵਿਚ ਕੁਝ ਜਣੇ ਅਜਿਹੇ ਸਨ ਜੋ ਮਸੀਹੀ ਬਣਨ ਤੋਂ ਪਹਿਲਾਂ ਸਮਲਿੰਗੀ ਸਨ। ਉਨ੍ਹਾਂ ਬਾਰੇ ਪੌਲੁਸ ਨੇ ਕਿਹਾ: “ਤੁਹਾਡੇ ਵਿੱਚੋਂ ਕੁਝ ਜਣੇ ਪਹਿਲਾਂ ਅਜਿਹੇ ਹੀ ਸਨ।” ਪਰ ਕੀ ਇਸ ਦਾ ਇਹ ਮਤਲਬ ਹੈ ਕਿ ਮਸੀਹੀ ਬਣਨ ਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਕਦੇ ਗ਼ਲਤ ਕੰਮ ਕਰਨ ਦਾ ਖ਼ਿਆਲ ਨਹੀਂ ਆਇਆ ਹੋਣਾ? ਇੱਦਾਂ ਕਹਿਣਾ ਸਹੀ ਨਹੀਂ ਹੋਵੇਗਾ। ਕਿਉਂ? ਕਿਉਂਕਿ ਅਜਿਹੀਆਂ ਗ਼ਲਤ ਇੱਛਾਵਾਂ ਮਨ ਵਿਚ ਘਰ ਕਰ ਲੈਂਦੀਆਂ ਹਨ ਅਤੇ ਇਨ੍ਹਾਂ ਤੋਂ ਪਿੱਛਾ ਛੁਡਾਉਣਾ ਸੌਖਾ ਨਹੀਂ ਹੁੰਦਾ। ਪਰ ਕੁਰਿੰਥੁਸ ਦੇ ਜਿਨ੍ਹਾਂ ਮਸੀਹੀਆਂ ਨੇ ਸੰਜਮ ਰੱਖਿਆ ਅਤੇ ਆਪਣੀਆਂ ਗ਼ਲਤ ਇੱਛਾਵਾਂ ਮੁਤਾਬਕ ਕਦਮ ਨਹੀਂ ਚੁੱਕੇ, ਉਨ੍ਹਾਂ ਤੋਂ ਯਹੋਵਾਹ ਖ਼ੁਸ਼ ਸੀ ਅਤੇ ਉਸ ਨੇ ਉਨ੍ਹਾਂ ਨੂੰ “ਧੋ ਕੇ ਸ਼ੁੱਧ” ਕੀਤਾ। (1 ਕੁਰਿੰ. 6:9-11) ਅੱਜ ਅਸੀਂ ਵੀ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਬਣੇ ਰਹਿ ਸਕਦੇ ਹਾਂ।

14 ਚਾਹੇ ਤੁਸੀਂ ਜਿਹੜੀਆਂ ਮਰਜ਼ੀ ਗ਼ਲਤ ਇੱਛਾਵਾਂ ਨਾਲ ਲੜ ਰਹੇ ਹੋਵੋ, ਪਰ ਤੁਸੀਂ ਉਨ੍ਹਾਂ ʼਤੇ ਜਿੱਤ ਹਾਸਲ ਕਰ ਸਕਦੇ ਹੋ। ਭਾਵੇਂ ਤੁਸੀਂ ਉਨ੍ਹਾਂ ਇੱਛਾਵਾਂ ਨੂੰ ਪੂਰੀ ਤਰ੍ਹਾਂ ਆਪਣੇ ਮਨ ਵਿੱਚੋਂ ਨਾ ਕੱਢ ਸਕੋ, ਪਰ ਤੁਸੀਂ ਸੰਜਮ ਰੱਖ ਸਕਦੇ ਹੋ ਤੇ ਆਪਣੀਆਂ “ਸਰੀਰ ਦੀਆਂ ਇੱਛਾਵਾਂ ਅਤੇ ਆਪਣੀਆਂ ਸੋਚਾਂ ਮੁਤਾਬਕ” ਚੱਲਣ ਤੋਂ ਖ਼ੁਦ ਨੂੰ ਰੋਕ ਸਕਦੇ ਹੋ। (ਅਫ਼. 2:3) ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਆਓ ਦੇਖੀਏ।

ਗ਼ਲਤ ਇੱਛਾਵਾਂ ʼਤੇ ਜਿੱਤ ਕਿਵੇਂ ਹਾਸਲ ਕਰੀਏ?

15. ਗ਼ਲਤ ਇੱਛਾਵਾਂ ʼਤੇ ਜਿੱਤ ਹਾਸਲ ਕਰਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਅਤੇ ਕਿਉਂ?

15 ਗ਼ਲਤ ਇੱਛਾਵਾਂ ʼਤੇ ਜਿੱਤ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਈਮਾਨਦਾਰੀ ਨਾਲ ਆਪਣੀਆਂ ਕਮੀਆਂ-ਕਮਜ਼ੋਰੀਆਂ ਕਬੂਲ ਕਰੋ ਅਤੇ “ਝੂਠੀਆਂ ਦਲੀਲਾਂ” ਦੇ ਕੇ ਖ਼ੁਦ ਨੂੰ ਧੋਖਾ ਨਾ ਦਿਓ। (ਯਾਕੂ. 1:22) ਮਿਸਾਲ ਲਈ, ਸ਼ਾਇਦ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹੋ, ਪਰ ਖ਼ੁਦ ਨੂੰ ਇਹ ਦਲੀਲ ਦਿੰਦੇ ਹੋ, ‘ਦੂਜੇ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਪੀਂਦੇ ਹਨ।’ ਜਾਂ ਸ਼ਾਇਦ ਤੁਹਾਨੂੰ ਪੋਰਨੋਗ੍ਰਾਫੀ ਦੇਖਣ ਦੀ ਆਦਤ ਹੈ ਅਤੇ ਸ਼ਾਇਦ ਤੁਸੀਂ ਖ਼ੁਦ ਨੂੰ ਕਹੋ, ‘ਜੇ ਮੇਰੀ ਪਤਨੀ ਮੈਨੂੰ ਪਿਆਰ ਕਰਦੀ ਹੁੰਦੀ, ਤਾਂ ਫਿਰ ਮੈਂ ਪੋਰਨੋਗ੍ਰਾਫੀ ਕਿਉਂ ਦੇਖਦਾ।’ ਜੇ ਤੁਸੀਂ ਖ਼ੁਦ ਨੂੰ ਇੱਦਾਂ ਦੀਆਂ ਦਲੀਲਾਂ ਦਿਓਗੇ, ਤਾਂ ਤੁਸੀਂ ਸੌਖਿਆਂ ਹੀ ਗ਼ਲਤ ਕੰਮ ਕਰ ਬੈਠੋਗੇ। ਇਸ ਲਈ ਆਪਣੇ ਮਨ ਵਿਚ ਵੀ ਖ਼ੁਦ ਨੂੰ ਗ਼ਲਤ ਕੰਮਾਂ ਲਈ ਸਫ਼ਾਈ ਨਾ ਦਿਓ। ਆਪਣੀ ਗ਼ਲਤੀ ਮੰਨੋ ਅਤੇ ਖ਼ੁਦ ਨੂੰ ਸੁਧਾਰੋ।​—ਗਲਾ. 6:7.

16. ਤੁਸੀਂ ਸਹੀ ਕੰਮ ਕਰਨ ਦਾ ਆਪਣਾ ਇਰਾਦਾ ਪੱਕਾ ਕਿਵੇਂ ਕਰ ਸਕਦੇ ਹੋ?

16 ਈਮਾਨਦਾਰੀ ਨਾਲ ਆਪਣੀਆਂ ਕਮੀਆਂ-ਕਮਜ਼ੋਰੀਆਂ ਕਬੂਲ ਕਰਨ ਦੇ ਨਾਲ-ਨਾਲ ਤੁਹਾਨੂੰ ਪੱਕਾ ਇਰਾਦਾ ਕਰਨ ਦੀ ਲੋੜ ਹੈ ਕਿ ਤੁਸੀਂ ਆਪਣੀਆਂ ਗ਼ਲਤ ਇੱਛਾਵਾਂ ਅੱਗੇ ਹਾਰ ਨਹੀਂ ਮੰਨੋਗੇ। (1 ਕੁਰਿੰ. 9:26, 27; 1 ਥੱਸ. 4:4; 1 ਪਤ. 1:15, 16) ਇਸ ਤਰ੍ਹਾਂ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਸੋਚੋ ਕਿ ਤੁਹਾਡੇ ਵਿਚ ਕਿਹੜੀ ਕਮੀ-ਕਮਜ਼ੋਰੀ ਹੈ ਅਤੇ ਤੁਸੀਂ ਕਿਹੜੇ ਹਾਲਾਤਾਂ ਵਿਚ ਜਾਂ ਕਿਸ ਸਮੇਂ ʼਤੇ ਬਹਿਕਾਏ ਜਾ ਸਕਦੇ ਹੋ। ਮਿਸਾਲ ਲਈ, ਕੀ ਤੁਸੀਂ ਉਦੋਂ ਗ਼ਲਤ ਕੰਮ ਕਰਨ ਲਈ ਬਹਿਕਾਏ ਜਾ ਸਕਦੇ ਹੋ ਜਦੋਂ ਤੁਸੀਂ ਬਹੁਤ ਥੱਕੇ ਹੁੰਦੇ ਹੋ ਜਾਂ ਕਾਫ਼ੀ ਰਾਤ ਹੋ ਚੁੱਕੀ ਹੁੰਦੀ ਹੈ? ਸੋਚੋ ਕਿ ਅਜਿਹੇ ਹਾਲਾਤਾਂ ਵਿਚ ਤੁਸੀਂ ਕੀ ਕਰੋਗੇ। ਪਹਿਲਾਂ ਤੋਂ ਹੀ ਸੋਚਣ ਕਰਕੇ ਤੁਸੀਂ ਪਰੀਖਿਆ ਵਿਚ ਨਹੀਂ ਪਵੋਗੇ।​—ਕਹਾ. 22:3.

17. ਤੁਸੀਂ ਯੂਸੁਫ਼ ਤੋਂ ਕੀ ਸਿੱਖ ਸਕਦੇ ਹੋ? (ਉਤਪਤ 39:7-9) (ਤਸਵੀਰਾਂ ਵੀ ਦੇਖੋ।)

17 ਜ਼ਰਾ ਸੋਚੋ, ਜਦੋਂ ਪੋਟੀਫਰ ਦੀ ਪਤਨੀ ਨੇ ਯੂਸੁਫ਼ ʼਤੇ ਸਰੀਰਕ ਸੰਬੰਧ ਬਣਾਉਣ ਦਾ ਜ਼ੋਰ ਪਾਇਆ, ਤਾਂ ਯੂਸੁਫ਼ ਨੇ ਕੀ ਕੀਤਾ? ਉਸ ਨੇ ਤੁਰੰਤ ਉਸ ਨੂੰ ਮਨ੍ਹਾ ਕੀਤਾ ਅਤੇ ਉੱਥੋਂ ਭੱਜ ਗਿਆ। (ਉਤਪਤ 39:7-9 ਪੜ੍ਹੋ।) ਇਸ ਤੋਂ ਕੀ ਪਤਾ ਲੱਗਦਾ ਹੈ? ਇਹੀ ਕਿ ਯੂਸੁਫ਼ ਨੇ ਪਹਿਲਾਂ ਤੋਂ ਹੀ ਸਹੀ ਕੰਮ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਉਸੇ ਤਰ੍ਹਾਂ ਤੁਹਾਨੂੰ ਵੀ ਪਹਿਲਾਂ ਤੋਂ ਹੀ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਕਿ ਗ਼ਲਤ ਕੰਮ ਕਰਨ ਲਈ ਬਹਿਕਾਏ ਜਾਣ ਤੇ ਤੁਸੀਂ ਕੀ ਕਰੋਗੇ। ਇੱਦਾਂ ਕਰਨ ਨਾਲ ਜਦੋਂ ਤੁਸੀਂ ਕੋਈ ਗ਼ਲਤ ਕੰਮ ਕਰਨ ਲਈ ਬਹਿਕਾਏ ਜਾਂਦੇ ਹੋ, ਤਾਂ ਤੁਸੀਂ ਸਹੀ ਕੰਮ ਕਰ ਸਕੋਗੇ ਕਿਉਂਕਿ ਤੁਸੀਂ ਪਹਿਲਾਂ ਤੋਂ ਹੀ ਇਸ ਬਾਰੇ ਸੋਚਿਆ ਹੈ।

ਤਸਵੀਰਾਂ: 1. ਯੂਸੁਫ਼ ਪੋਟੀਫ਼ਰ ਦੀ ਪਤਨੀ ਤੋਂ ਦੂਰ ਭੱਜ ਰਿਹਾ ਹੈ ਅਤੇ ਉਸ ਔਰਤ ਦੇ ਹੱਥਾਂ ਵਿਚ ਯੂਸੁਫ਼ ਦਾ ਕੱਪੜਾ ਹੈ। 2. ਇਕ ਨੌਜਵਾਨ ਭਰਾ ਸਕੂਲ ਵਿਚ ਇਕ ਕੁੜੀ ਨੂੰ ਉਸ ਨਾਲ ਫਲਰਟ ਕਰਨ ਤੋਂ ਮਨ੍ਹਾ ਕਰ ਰਿਹਾ ਹੈ।

ਪਾਪ ਕਰਨ ਲਈ ਬਹਿਕਾਏ ਜਾਣ ਤੇ ਯੂਸੁਫ਼ ਵਾਂਗ ਤੁਰੰਤ ਕਦਮ ਚੁੱਕੋ! (ਪੈਰਾ 17 ਦੇਖੋ)


“ਆਪਣੇ ਆਪ ਨੂੰ ਪਰਖਦੇ ਰਹੋ”

18. ਗ਼ਲਤ ਇੱਛਾਵਾਂ ʼਤੇ ਜਿੱਤ ਹਾਸਲ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? (2 ਕੁਰਿੰਥੀਆਂ 13:5)

18 ਗ਼ਲਤ ਇੱਛਾਵਾਂ ʼਤੇ ਜਿੱਤ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ “ਆਪਣੇ ਆਪ ਨੂੰ ਪਰਖਦੇ ਰਹੋ।” ਇਸ ਦਾ ਮਤਲਬ ਹੈ ਕਿ ਤੁਹਾਨੂੰ ਸਮੇਂ-ਸਮੇਂ ਤੇ ਖ਼ੁਦ ਦੀ ਜਾਂਚ ਕਰ ਕੇ ਦੇਖਣ ਦੀ ਲੋੜ ਹੈ ਕਿ ਤੁਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ʼਤੇ ਕਿੰਨਾ ਕੁ ਕਾਬੂ ਪਾ ਲਿਆ ਹੈ। (2 ਕੁਰਿੰਥੀਆਂ 13:5 ਪੜ੍ਹੋ।) ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਆਪਣੀ ਸੋਚ ਅਤੇ ਕੰਮਾਂ ਦੀ ਜਾਂਚ ਕਰੋ ਅਤੇ ਜੇ ਤੁਹਾਨੂੰ ਇਨ੍ਹਾਂ ਵਿਚ ਕੋਈ ਸੁਧਾਰ ਕਰਨ ਦੀ ਲੋੜ ਹੈ, ਤਾਂ ਉਸ ਨੂੰ ਕਰੋ। ਮੰਨ ਲਓ, ਤੁਹਾਡੇ ਮਨ ਵਿਚ ਕੋਈ ਗ਼ਲਤ ਇੱਛਾ ਆਈ, ਪਰ ਤੁਸੀਂ ਉਸ ਨੂੰ ਠੁਕਰਾ ਦਿੱਤਾ। ਫਿਰ ਵੀ ਖ਼ੁਦ ਨੂੰ ਪੁੱਛੋ, ‘ਇਸ ਇੱਛਾ ਨੂੰ ਠੁਕਰਾਉਣ ਵਿਚ ਮੈਨੂੰ ਕਿੰਨਾ ਸਮਾਂ ਲੱਗਾ?’ ਜੇ ਤੁਹਾਨੂੰ ਜ਼ਿਆਦਾ ਸਮਾਂ ਲੱਗਾ, ਤਾਂ ਖ਼ੁਦ ਨੂੰ ਕੋਸੋ ਨਾ। ਇਸ ਦੀ ਬਜਾਇ, ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਅਗਲੀ ਵਾਰ ਤੁਸੀਂ ਤੁਰੰਤ ਉਸ ਨੂੰ ਠੁਕਰਾ ਸਕੋ। ਇਸ ਲਈ ਖ਼ੁਦ ਨੂੰ ਅਜਿਹੇ ਸਵਾਲ ਪੁੱਛੋ, ‘ਕੀ ਮੈਂ ਗ਼ਲਤ ਇੱਛਾ ਨੂੰ ਹੋਰ ਵੀ ਛੇਤੀ ਠੁਕਰਾ ਸਕਦਾ ਹਾਂ? ਮੈਂ ਜਿਸ ਤਰ੍ਹਾਂ ਦਾ ਮਨੋਰੰਜਨ ਕਰ ਰਿਹਾ ਹਾਂ, ਕੀ ਉਸ ਕਰਕੇ ਮੇਰੇ ਲਈ ਗ਼ਲਤ ਇੱਛਾ ਨੂੰ ਠੁਕਰਾਉਣਾ ਹੋਰ ਵੀ ਔਖਾ ਤਾਂ ਨਹੀਂ ਹੋ ਰਿਹਾ? ਕੀ ਕੋਈ ਗੰਦਾ ਸੀਨ ਆਉਣ ਤੇ ਮੈਂ ਤੁਰੰਤ ਆਪਣੀਆਂ ਅੱਖਾਂ ਫੇਰ ਲੈਂਦਾ ਹਾਂ? ਕੀ ਮੈਂ ਮੰਨਦਾ ਹਾਂ ਕਿ ਯਹੋਵਾਹ ਦੀ ਗੱਲ ਮੰਨਣ ਵਿਚ ਹੀ ਮੇਰੀ ਭਲਾਈ ਹੈ ਚਾਹੇ ਕਿ ਉਸ ਦੀ ਗੱਲ ਮੰਨਣ ਲਈ ਮੈਨੂੰ ਸੰਜਮ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਪੈਂਦੀ ਹੈ?’​—ਜ਼ਬੂ. 101:3.

19. ਛੋਟੇ-ਛੋਟੇ ਗ਼ਲਤ ਫ਼ੈਸਲੇ ਲੈਣ ਕਰਕੇ ਗ਼ਲਤ ਇੱਛਾਵਾਂ ਨਾਲ ਲੜਨਾ ਔਖਾ ਕਿਉਂ ਹੋ ਸਕਦਾ ਹੈ?

19 ਆਪਣੇ ਆਪ ਨੂੰ ਪਰਖਦਿਆਂ ਤੁਹਾਨੂੰ ਆਪਣੀਆਂ ਗ਼ਲਤੀਆਂ ਲਈ ਖ਼ੁਦ ਨੂੰ ਮਨ-ਹੀ-ਮਨ ਸਫ਼ਾਈ ਵੀ ਨਹੀਂ ਦੇਣੀ ਚਾਹੀਦੀ। ਬਾਈਬਲ ਵਿਚ ਲਿਖਿਆ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਅਤੇ ਬੇਸਬਰਾ ਹੈ।” (ਯਿਰ. 17:9) ਯਿਸੂ ਨੇ ਕਿਹਾ ਸੀ ਕਿ ਦਿਲ ਵਿੱਚੋਂ “ਭੈੜੀਆਂ ਸੋਚਾਂ” ਨਿਕਲਦੀਆਂ ਹਨ। (ਮੱਤੀ 15:19) ਮਿਸਾਲ ਲਈ, ਜਿਸ ਵਿਅਕਤੀ ਨੇ ਪੋਰਨੋਗ੍ਰਾਫੀ ਦੇਖਣੀ ਛੱਡ ਦਿੱਤੀ ਹੈ, ਉਹ ਕੁਝ ਸਮੇਂ ਬਾਅਦ ਸ਼ਾਇਦ ਅਜਿਹੀਆਂ ਤਸਵੀਰਾਂ ਦੇਖਣ ਲੱਗ ਪਵੇ ਜੋ ਉਸ ਨੂੰ ਇੰਨੀਆਂ ਗੰਦੀਆਂ ਨਹੀਂ ਲੱਗਦੀਆਂ ਅਤੇ ਖ਼ੁਦ ਨੂੰ ਇਹ ਦਲੀਲ ਦੇਵੇ, ‘ਇਨ੍ਹਾਂ ਤਸਵੀਰਾਂ ਵਿਚ ਕੋਈ ਬੁਰਾਈ ਨਹੀਂ ਹੈ, ਇਨ੍ਹਾਂ ਵਿਚ ਕਿਹੜਾ ਕਿਸੇ ਨੂੰ ਨੰਗਾ ਦਿਖਾਇਆ ਗਿਆ ਹੈ।’ ਜਾਂ ਹੋ ਸਕਦਾ ਹੈ ਕਿ ਉਹ ਗ਼ਲਤ ਕੰਮਾਂ ਦੇ ਸੁਪਨੇ ਲੈਂਦਾ ਹੋਵੇ ਅਤੇ ਸੋਚੇ, ‘ਇਸ ਵਿਚ ਕੋਈ ਬੁਰਾਈ ਨਹੀਂ। ਮੈਂ ਤਾਂ ਬੱਸ ਸੋਚ ਹੀ ਰਿਹਾ ਹਾਂ, ਮੈਂ ਕਿਹੜਾ ਇਹ ਕੰਮ ਕਰ ਰਿਹਾ ਹਾਂ।’ ਇਹ ਇੱਦਾਂ ਹੈ ਜਿੱਦਾਂ ਉਸ ਦਾ ਧੋਖੇਬਾਜ਼ ਦਿਲ “ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਦੀਆਂ ਯੋਜਨਾਵਾਂ” ਬਣਾ ਰਿਹਾ ਹੋਵੇ। (ਰੋਮੀ. 13:14) ਤੁਸੀਂ ਇਸ ਸਭ ਤੋਂ ਕਿਵੇਂ ਬਚ ਸਕਦੇ ਹੋ? ਯਾਦ ਰੱਖੋ, ਛੋਟੇ-ਛੋਟੇ ਗ਼ਲਤ ਫ਼ੈਸਲੇ ਲੈਣ ਕਰਕੇ ਤੁਸੀਂ ਕੋਈ ਵੱਡੀ ਗ਼ਲਤੀ ਕਰ ਸਕਦੇ ਹੋ। ਇਸ ਲਈ ਹਰ ਫ਼ੈਸਲਾ ਸੋਚ-ਸਮਝ ਕੇ ਲਓ।b ਗ਼ਲਤ ਕੰਮਾਂ ਲਈ ਬਹਾਨੇ ਨਾ ਬਣਾਓ, ਸਗੋਂ “ਭੈੜੀਆਂ ਸੋਚਾਂ” ਨੂੰ ਫ਼ੌਰਨ ਠੁਕਰਾ ਦਿਓ।

20. ਭਵਿੱਖ ਲਈ ਸਾਡੇ ਕੋਲ ਕਿਹੜੀ ਉਮੀਦ ਹੈ ਅਤੇ ਅੱਜ ਅਸੀਂ ਗ਼ਲਤ ਇੱਛਾਵਾਂ ਨਾਲ ਕਿਵੇਂ ਲੜ ਸਕਦੇ ਹਾਂ?

20 ਅਸੀਂ ਸਿੱਖਿਆ ਕਿ ਯਹੋਵਾਹ ਸਾਨੂੰ ਗ਼ਲਤ ਇੱਛਾਵਾਂ ਨੂੰ ਠੁਕਰਾਉਣ ਦੀ ਤਾਕਤ ਦਿੰਦਾ ਹੈ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਡੇ ਲਈ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ ਹੈ ਤਾਂਕਿ ਸਾਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲ ਸਕੇ। ਜ਼ਰਾ ਸੋਚੋ, ਨਵੀਂ ਦੁਨੀਆਂ ਵਿਚ ਸ਼ੁੱਧ ਮਨ ਨਾਲ ਯਹੋਵਾਹ ਦੀ ਸੇਵਾ ਕਰ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲੇਗੀ! ਪਰ ਉਹ ਸਮਾਂ ਆਉਣ ਤਕ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ ਗ਼ਲਤ ਇੱਛਾਵਾਂ ਨਾਲ ਲੜ ਸਕਦੇ ਹਾਂ। ਅਸੀਂ ਇਨ੍ਹਾਂ ਇੱਛਾਵਾਂ ਅੱਗੇ ਲਾਚਾਰ ਨਹੀਂ ਹਾਂ ਅਤੇ ਨਾ ਹੀ ਇਨ੍ਹਾਂ ਇੱਛਾਵਾਂ ਕਰਕੇ ਯਹੋਵਾਹ ਸਾਨੂੰ ਦੋਸ਼ੀ ਠਹਿਰਾਉਂਦਾ ਹੈ। ਗ਼ਲਤ ਇੱਛਾਵਾਂ ਨਾਲ ਲੜਨ ਲਈ ਅਸੀਂ ਜੋ ਵੀ ਮਿਹਨਤ ਕਰ ਰਹੇ ਹਾਂ, ਯਹੋਵਾਹ ਉਸ ʼਤੇ ਬਰਕਤ ਪਾਵੇਗਾ। ਭਰੋਸਾ ਰੱਖੋ ਕਿ ਅਸੀਂ ਇਨ੍ਹਾਂ ਇੱਛਾਵਾਂ ʼਤੇ ਜਿੱਤ ਹਾਸਲ ਕਰ ਸਕਦੇ ਹਾਂ!

ਤੁਸੀਂ ਕੀ ਜਵਾਬ ਦਿਓਗੇ?

  • ਜੇ ਅਸੀਂ ਸੋਚੀਏ ਕਿ ਸਾਡੇ ਬਦਲਣ ਦੀ ਕੋਈ ਉਮੀਦ ਨਹੀਂ ਹੈ ਅਤੇ ਯਹੋਵਾਹ ਸਿਰਫ਼ ਸਾਡੇ ਮਨ ਵਿਚ ਗ਼ਲਤ ਇੱਛਾਵਾਂ ਆਉਣ ਕਰਕੇ ਹੀ ਸਾਨੂੰ ਦੋਸ਼ੀ ਠਹਿਰਾਉਂਦਾ ਹੈ, ਤਾਂ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

  • ਅਸੀਂ ਗ਼ਲਤ ਇੱਛਾਵਾਂ ʼਤੇ ਜਿੱਤ ਕਿਵੇਂ ਹਾਸਲ ਕਰ ਸਕਦੇ ਹਾਂ?

  • ਅਸੀਂ “ਆਪਣੇ ਆਪ ਨੂੰ ਪਰਖਦੇ” ਕਿਵੇਂ ਰਹਿ ਸਕਦੇ ਹਾਂ?

ਗੀਤ 122 ਤਕੜੇ ਹੋਵੋ, ਦ੍ਰਿੜ੍ਹ ਬਣੋ!

a ਸ਼ਬਦ ਦਾ ਮਤਲਬ: ਜਦੋਂ ਇਕ ਇਨਸਾਨ ਕੋਈ ਗ਼ਲਤ ਕੰਮ ਕਰਦਾ ਹੈ, ਜਿਵੇਂ ਚੋਰੀ, ਹਰਾਮਕਾਰੀ ਜਾਂ ਕਤਲ, ਤਾਂ ਬਾਈਬਲ ਵਿਚ ਅਕਸਰ ਇਸ ਨੂੰ “ਪਾਪ” ਕਿਹਾ ਜਾਂਦਾ ਹੈ। (ਕੂਚ 20:13-15; 1 ਕੁਰਿੰ. 6:18) ਬਾਈਬਲ ਦੀਆਂ ਕੁਝ ਆਇਤਾਂ ਵਿਚ ਸਾਡੀ ਨਾਮੁਕੰਮਲਤਾ ਜਾਂ ਪਾਪੀ ਹਾਲਤ ਨੂੰ ਵੀ “ਪਾਪ” ਕਿਹਾ ਗਿਆ ਹੈ ਜੋ ਸਾਨੂੰ ਵਿਰਾਸਤ ਵਿਚ ਮਿਲਿਆ ਹੈ। ਇਸ ਲਈ ਚਾਹੇ ਅਸੀਂ ਕੋਈ ਗ਼ਲਤ ਕੰਮ ਨਾ ਵੀ ਕੀਤਾ ਹੋਵੇ, ਤਾਂ ਵੀ ਅਸੀਂ ਪਾਪੀ ਹਾਂ।

b ਧਿਆਨ ਦਿਓ ਕਿ ਕਹਾਉਤਾਂ 7:7-23 ਵਿਚ ਜ਼ਿਕਰ ਕੀਤੇ ਨੌਜਵਾਨ ਨੇ ਕਿਵੇਂ ਛੋਟੇ-ਛੋਟੇ ਗ਼ਲਤ ਫ਼ੈਸਲੇ ਲਏ ਜਿਸ ਕਰਕੇ ਉਹ ਨਾਜਾਇਜ਼ ਸਰੀਰਕ ਸੰਬੰਧ ਬਣਾਉਣ ਦਾ ਗੰਭੀਰ ਪਾਪ ਕਰ ਬੈਠਾ।

c ਸਫ਼ਾ 21 ਉੱਤੇ ਤਸਵੀਰਾਂ ਬਾਰੇ ਜਾਣਕਾਰੀ: ਖੱਬੇ ਪਾਸੇ: ਕੌਫ਼ੀ ਸ਼ੌਪ ਵਿਚ ਬੈਠਾ ਇਕ ਨੌਜਵਾਨ ਭਰਾ ਦੇਖਦਾ ਹੈ ਕਿ ਦੋ ਆਦਮੀ ਇਕ-ਦੂਜੇ ਨੂੰ ਪਿਆਰ ਕਰ ਰਹੇ ਹਨ। ਸੱਜੇ ਪਾਸੇ: ਇਕ ਭੈਣ ਦੇਖਦੀ ਹੈ ਕਿ ਦੋ ਜਣੇ ਸਿਗਰਟ ਪੀ ਰਹੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ