ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਸਤੰਬਰ ਸਫ਼ੇ 2-7
  • ‘ਬਜ਼ੁਰਗਾਂ ਨੂੰ ਬਲਾਓ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਬਜ਼ੁਰਗਾਂ ਨੂੰ ਬਲਾਓ’
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਨੂੰ ‘ਬਜ਼ੁਰਗਾਂ ਨੂੰ ਕਦੋਂ ਬੁਲਾਉਣਾ’ ਚਾਹੀਦਾ ਹੈ?
  • ਸਾਨੂੰ ਬਜ਼ੁਰਗਾਂ ਨੂੰ ਕਿਉਂ ਬੁਲਾਉਣਾ ਚਾਹੀਦਾ ਹੈ?
  • ਬਜ਼ੁਰਗ ਸਾਡੀ ਮਦਦ ਕਿਵੇਂ ਕਰਦੇ ਹਨ?
  • ਸਾਡੀ ਖ਼ੁਦ ਦੀ ਕੀ ਜ਼ਿੰਮੇਵਾਰੀ ਹੈ?
  • ਪਾਪੀਆਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਮਸੀਹੀ ਮੰਡਲੀ ਨੂੰ ਕਿਵੇਂ ਚਲਾਇਆ ਜਾਂਦਾ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਭਰਾਵੋ​​—ਕੀ ਤੁਸੀਂ ਬਜ਼ੁਰਗ ਬਣਨ ਲਈ ਮਿਹਨਤ ਕਰ ਰਹੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਚਰਵਾਹੇ ਜੋ ਯਹੋਵਾਹ ਦੇ ਲੋਕਾਂ ਦੇ ਭਲੇ ਲਈ ਸਖ਼ਤ ਮਿਹਨਤ ਕਰਦੇ ਹਨ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਸਤੰਬਰ ਸਫ਼ੇ 2-7

ਅਧਿਐਨ ਲੇਖ 36

ਗੀਤ 103 ਚਰਵਾਹੇ, ਅਨਮੋਲ ਤੋਹਫ਼ੇ

‘ਬਜ਼ੁਰਗਾਂ ਨੂੰ ਬੁਲਾਓ’

“ਉਹ ਮੰਡਲੀ ਦੇ ਬਜ਼ੁਰਗਾਂ ਨੂੰ ਬੁਲਾਵੇ।”​—ਯਾਕੂ. 5:14.

ਕੀ ਸਿੱਖਾਂਗੇ?

ਸਾਨੂੰ ਲੋੜ ਪੈਣ ਤੇ ਬਜ਼ੁਰਗਾਂ ਤੋਂ ਮਦਦ ਕਿਉਂ ਲੈਣੀ ਚਾਹੀਦੀ ਹੈ?

1. ਯਹੋਵਾਹ ਨੇ ਕਿੱਦਾਂ ਦਿਖਾਇਆ ਹੈ ਕਿ ਉਸ ਲਈ ਆਪਣੀਆਂ ਭੇਡਾਂ ਬਹੁਤ ਅਨਮੋਲ ਹਨ?

ਯਹੋਵਾਹ ਲਈ ਆਪਣੀਆਂ ਭੇਡਾਂ ਬਹੁਤ ਅਨਮੋਲ ਹਨ। ਉਸ ਨੇ ਉਨ੍ਹਾਂ ਨੂੰ ਯਿਸੂ ਦੇ ਖ਼ੂਨ ਨਾਲ ਖ਼ਰੀਦਿਆ ਹੈ ਅਤੇ ਮੰਡਲੀ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। (ਰਸੂ. 20:28) ਪਰਮੇਸ਼ੁਰ ਚਾਹੁੰਦਾ ਹੈ ਕਿ ਬਜ਼ੁਰਗ ਉਸ ਦੀਆਂ ਭੇਡਾਂ ਨਾਲ ਪਿਆਰ ਨਾਲ ਪੇਸ਼ ਆਉਣ। ਯਿਸੂ ਦੀ ਅਗਵਾਈ ਅਧੀਨ ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਂਦੇ ਹਨ ਅਤੇ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਬਣਾਈ ਰੱਖਣ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ।​—ਯਸਾ. 32:1, 2.

2. ਯਹੋਵਾਹ ਖ਼ਾਸ ਕਰਕੇ ਕਿਨ੍ਹਾਂ ਦਾ ਖ਼ਿਆਲ ਰੱਖਦਾ ਹੈ? (ਹਿਜ਼ਕੀਏਲ 34:15, 16)

2 ਯਹੋਵਾਹ ਆਪਣੀਆਂ ਸਾਰੀਆਂ ਭੇਡਾਂ ਦੀ ਬਹੁਤ ਪਰਵਾਹ ਕਰਦਾ ਹੈ, ਪਰ ਉਹ ਖ਼ਾਸ ਕਰਕੇ ਆਪਣੀਆਂ ਕਮਜ਼ੋਰ ਭੇਡਾਂ ਦਾ ਖ਼ਿਆਲ ਰੱਖਦਾ ਹੈ। ਉਹ ਬਜ਼ੁਰਗਾਂ ਰਾਹੀਂ ਆਪਣੇ ਉਨ੍ਹਾਂ ਸੇਵਕਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਦਾ ਉਸ ਨਾਲ ਰਿਸ਼ਤਾ ਕਮਜ਼ੋਰ ਹੋ ਗਿਆ ਹੈ। (ਹਿਜ਼ਕੀਏਲ 34:15, 16 ਪੜ੍ਹੋ।) ਪਰ ਉਹ ਸਾਡੇ ਤੋਂ ਚਾਹੁੰਦਾ ਹੈ ਕਿ ਲੋੜ ਪੈਣ ਤੇ ਅਸੀਂ ਉਸ ਤੋਂ ਮਦਦ ਮੰਗੀਏ। ਉਹ ਸਿਰਫ਼ ਇਹੀ ਨਹੀਂ ਚਾਹੁੰਦਾ ਕਿ ਅਸੀਂ ਮਦਦ ਲਈ ਉਸ ਨੂੰ ਦਿਲੋਂ ਪ੍ਰਾਰਥਨਾਵਾਂ ਕਰੀਏ, ਸਗੋਂ ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਮੰਡਲੀ ਦੇ ‘ਚਰਵਾਹਿਆਂ ਤੇ ਸਿੱਖਿਅਕਾਂ’ ਤੋਂ ਮਦਦ ਮੰਗੀਏ।​—ਅਫ਼. 4:11, 12.

3. ਬਜ਼ੁਰਗਾਂ ਦੇ ਪ੍ਰਬੰਧ ʼਤੇ ਗੌਰ ਕਰਨ ਨਾਲ ਸਾਨੂੰ ਸਾਰਿਆਂ ਨੂੰ ਕੀ ਫ਼ਾਇਦੇ ਹੋਣਗੇ?

3 ਇਸ ਲੇਖ ਵਿਚ ਅਸੀਂ ਪਰਮੇਸ਼ੁਰ ਦੇ ਇਸ ਪ੍ਰਬੰਧ ਬਾਰੇ ਜਾਣਾਂਗੇ ਕਿ ਉਹ ਬਜ਼ੁਰਗਾਂ ਰਾਹੀਂ ਸਾਡੀ ਕਿਵੇਂ ਮਦਦ ਕਰਦਾ ਹੈ। ਅਸੀਂ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਦੇਖਾਂਗੇ: (1) ਸਾਨੂੰ ਬਜ਼ੁਰਗਾਂ ਤੋਂ ਕਦੋਂ ਮਦਦ ਲੈਣੀ ਚਾਹੀਦੀ ਹੈ? (2) ਸਾਨੂੰ ਉਨ੍ਹਾਂ ਤੋਂ ਮਦਦ ਕਿਉਂ ਲੈਣੀ ਚਾਹੀਦੀ ਹੈ? (3) ਨਾਲੇ ਉਹ ਸਾਡੀ ਮਦਦ ਕਿਵੇਂ ਕਰਦੇ ਹਨ? ਸ਼ਾਇਦ ਅੱਜ ਯਹੋਵਾਹ ਨਾਲ ਸਾਡਾ ਰਿਸ਼ਤਾ ਇੰਨਾ ਮਜ਼ਬੂਤ ਹੈ ਕਿ ਸਾਨੂੰ ਬਜ਼ੁਰਗਾਂ ਦੀ ਮਦਦ ਦੀ ਲੋੜ ਨਾ ਪਵੇ। ਪਰ ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਬਜ਼ੁਰਗਾਂ ਦੇ ਪ੍ਰਬੰਧ ਲਈ ਸਾਡੀ ਕਦਰ ਹੋਰ ਵਧ ਜਾਵੇਗੀ ਅਤੇ ਭਵਿੱਖ ਵਿਚ ਲੋੜ ਪੈਣ ਤੇ ਸਾਨੂੰ ਪਤਾ ਹੋਵੇਗਾ ਕਿ ਅਸੀਂ ਉਨ੍ਹਾਂ ਤੋਂ ਕਿਵੇਂ ਮਦਦ ਲੈ ਸਕਦੇ ਹਾਂ।

ਸਾਨੂੰ ‘ਬਜ਼ੁਰਗਾਂ ਨੂੰ ਕਦੋਂ ਬੁਲਾਉਣਾ’ ਚਾਹੀਦਾ ਹੈ?

4. ਯਾਕੂਬ 5:14-16, 19, 20 ਵਿਚ ਕਿਹੋ ਜਿਹੇ ਬੀਮਾਰ ਵਿਅਕਤੀ ਦੀ ਗੱਲ ਕੀਤੀ ਗਈ ਹੈ ਅਤੇ ਅਸੀਂ ਇੱਦਾਂ ਕਿਉਂ ਕਹਿੰਦੇ ਹਾਂ? (ਤਸਵੀਰਾਂ ਵੀ ਦੇਖੋ।)

4 ਚੇਲੇ ਯਾਕੂਬ ਨੇ ਦੱਸਿਆ ਕਿ ਯਹੋਵਾਹ ਬਜ਼ੁਰਗਾਂ ਰਾਹੀਂ ਸਾਡੀ ਕਿਵੇਂ ਮਦਦ ਕਰਦਾ ਹੈ। ਉਸ ਨੇ ਲਿਖਿਆ: “ਕੀ ਤੁਹਾਡੇ ਵਿੱਚੋਂ ਕੋਈ ਬੀਮਾਰ ਹੈ? ਉਹ ਮੰਡਲੀ ਦੇ ਬਜ਼ੁਰਗਾਂ ਨੂੰ ਬੁਲਾਵੇ।” (ਯਾਕੂਬ 5:14-16, 19, 20 ਪੜ੍ਹੋ।) ਯਾਕੂਬ ਇੱਥੇ ਸੱਚ-ਮੁੱਚ ਦੀ ਬੀਮਾਰੀ ਦੀ ਗੱਲ ਨਹੀਂ ਕਰ ਰਿਹਾ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਉਸ ਨੇ ਲਿਖਿਆ ਕਿ ਜੇ ਕੋਈ ਬੀਮਾਰ ਹੈ, ਤਾਂ ਉਹ ਬਜ਼ੁਰਗਾਂ ਨੂੰ ਬੁਲਾਵੇ, ਨਾ ਕਿ ਕਿਸੇ ਡਾਕਟਰ ਨੂੰ। ਉਸ ਨੇ ਇਹ ਵੀ ਕਿਹਾ ਕਿ ਜਦੋਂ ਉਸ ਵਿਅਕਤੀ ਦੇ ਪਾਪ ਮਾਫ਼ ਕਰ ਦਿੱਤੇ ਜਾਂਦੇ ਹਨ, ਤਾਂ ਉਹ ਠੀਕ ਹੋ ਜਾਂਦਾ ਹੈ। ਪਰ ਦੇਖਿਆ ਜਾਵੇ, ਤਾਂ ਜਿਸ ਵਿਅਕਤੀ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਪੈ ਜਾਂਦਾ ਹੈ, ਉਸ ਦੀ ਹਾਲਤ ਇਕ ਬੀਮਾਰ ਵਿਅਕਤੀ ਵਾਂਗ ਹੀ ਹੁੰਦੀ ਹੈ। ਉਸ ਨੂੰ ਵੀ ਉਹੀ ਕਦਮ ਚੁੱਕਣੇ ਪੈਂਦੇ ਹਨ ਜੋ ਇਕ ਬੀਮਾਰ ਵਿਅਕਤੀ ਨੂੰ ਚੁੱਕਣੇ ਪੈਂਦੇ ਹਨ। ਮਿਸਾਲ ਲਈ, ਇਕ ਬੀਮਾਰ ਵਿਅਕਤੀ ਡਾਕਟਰ ਕੋਲ ਜਾਂਦਾ ਹੈ, ਉਸ ਨੂੰ ਆਪਣੀ ਮੁਸ਼ਕਲ ਦੱਸਦਾ ਹੈ ਅਤੇ ਡਾਕਟਰ ਜੋ ਵੀ ਕਹਿੰਦਾ ਹੈ, ਉਹ ਉਸ ਨੂੰ ਮੰਨਦਾ ਹੈ। ਬਿਲਕੁਲ ਇਸੇ ਤਰ੍ਹਾਂ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਪੈਣ ਤੇ ਸਾਨੂੰ ਬਜ਼ੁਰਗਾਂ ਕੋਲ ਜਾਣਾ ਚਾਹੀਦਾ ਹੈ, ਉਨ੍ਹਾਂ ਨੂੰ ਆਪਣੀ ਮੁਸ਼ਕਲ ਦੱਸਣੀ ਚਾਹੀਦੀ ਹੈ ਅਤੇ ਉਹ ਬਾਈਬਲ ਤੋਂ ਜੋ ਵੀ ਸਲਾਹ ਦਿੰਦੇ ਹਨ, ਉਸ ਨੂੰ ਮੰਨਣਾ ਚਾਹੀਦਾ ਹੈ।

ਤਸਵੀਰਾਂ: 1. ਇਕ ਆਦਮੀ ਡਾਕਟਰ ਨੂੰ ਆਪਣੇ ਮੋਢੇ ਦੇ ਦਰਦ ਬਾਰੇ ਦੱਸ ਰਿਹਾ ਹੈ। 2. ਇਕ ਭਰਾ ਅਤੇ ਮੰਡਲੀ ਦਾ ਬਜ਼ੁਰਗ ਬਾਹਰ ਬੈਂਚ ʼਤੇ ਬੈਠੇ ਹਨ ਅਤੇ ਭਰਾ ਆਪਣੀ ਮੁਸ਼ਕਲ ਬਾਰੇ ਦੱਸ ਰਿਹਾ ਹੈ।

ਜਦੋਂ ਅਸੀਂ ਬੀਮਾਰ ਪੈ ਜਾਂਦੇ ਹਾਂ, ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ, ਬਿਲਕੁਲ ਇਸੇ ਤਰ੍ਹਾਂ ਜਦੋਂ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਪੈ ਜਾਂਦਾ ਹੈ, ਤਾਂ ਸਾਨੂੰ ਬਜ਼ੁਰਗਾਂ ਕੋਲ ਜਾਣਾ ਚਾਹੀਦਾ ਹੈ (ਪੈਰਾ 4 ਦੇਖੋ)


5. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਹੋਣ ਲੱਗ ਪਿਆ ਹੈ?

5 ਯਾਕੂਬ ਦੇ ਅਧਿਆਇ 5 ਵਿਚ ਦੱਸੇ ਪ੍ਰਬੰਧ ਤੋਂ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਜੇ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਹੋਣ ਲੱਗ ਪਿਆ ਹੈ, ਤਾਂ ਸਾਨੂੰ ਬਜ਼ੁਰਗਾਂ ਨਾਲ ਗੱਲ ਕਰਨੀ ਚਾਹੀਦੀ ਹੈ। ਸਾਨੂੰ ਛੇਤੀ ਤੋਂ ਛੇਤੀ ਇੱਦਾਂ ਕਰਨਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਦੇਰ ਕਰ ਦਿੱਤੀ, ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਪੂਰੀ ਤਰ੍ਹਾਂ ਟੁੱਟ ਸਕਦਾ ਹੈ। ਪਰ ਇਸ ਮਾਮਲੇ ਵਿਚ ਸਾਨੂੰ ਖ਼ੁਦ ਦੀ ਜਾਂਚ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਅਸੀਂ ਝੂਠੀਆਂ ਦਲੀਲਾਂ ਨਾਲ ਖ਼ੁਦ ਨੂੰ ਧੋਖਾ ਦੇ ਸਕਦੇ ਹਾਂ। (ਯਾਕੂ. 1:22) ਸਾਰਦੀਸ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਵੀ ਇੱਦਾਂ ਹੀ ਹੋਇਆ ਸੀ। ਇਸ ਕਰਕੇ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਕਿ ਹੁਣ ਉਹ ਯਹੋਵਾਹ ਨੂੰ ਖ਼ੁਸ਼ ਨਹੀਂ ਕਰ ਰਹੇ ਸਨ। (ਪ੍ਰਕਾ. 3:1, 2) ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਹੋਣ ਲੱਗ ਪਿਆ ਹੈ? ਜ਼ਰਾ ਸੋਚੋ, ਕੀ ਤੁਹਾਡੇ ਵਿਚ ਯਹੋਵਾਹ ਦੀ ਭਗਤੀ ਲਈ ਅੱਜ ਵੀ ਉੱਨਾ ਹੀ ਜੋਸ਼ ਹੈ ਜਿੰਨਾ ਬਪਤਿਸਮੇ ਵੇਲੇ ਸੀ? (ਪ੍ਰਕਾ. 2:4, 5) ਇਹ ਜਾਣਨ ਲਈ ਖ਼ੁਦ ਨੂੰ ਅਜਿਹੇ ਸਵਾਲ ਪੁੱਛੋ, ‘ਕੀ ਮੈਨੂੰ ਬਾਈਬਲ ਪੜ੍ਹ ਕੇ ਅਤੇ ਉਸ ʼਤੇ ਸੋਚ-ਵਿਚਾਰ ਕਰ ਕੇ ਉੱਨਾ ਹੀ ਮਜ਼ਾ ਆਉਂਦਾ ਹੈ ਜਿੰਨਾ ਪਹਿਲਾਂ ਆਉਂਦਾ ਸੀ? ਕੀ ਮੈਂ ਕਦੇ-ਕਦਾਈਂ ਹੀ ਸਭਾਵਾਂ ਦੀ ਤਿਆਰੀ ਕਰਦਾ ਹਾਂ ਅਤੇ ਉਨ੍ਹਾਂ ਵਿਚ ਹਾਜ਼ਰ ਹੁੰਦਾ ਹਾਂ? ਕੀ ਪ੍ਰਚਾਰ ਲਈ ਮੇਰਾ ਜੋਸ਼ ਪਹਿਲਾਂ ਨਾਲੋਂ ਘੱਟ ਗਿਆ ਹੈ? ਕੀ ਮੈਂ ਹਮੇਸ਼ਾ ਮੌਜ-ਮਸਤੀ ਕਰਨ ਜਾਂ ਚੀਜ਼ਾਂ ਖ਼ਰੀਦਣ ਬਾਰੇ ਹੀ ਸੋਚਦਾ ਰਹਿੰਦਾ ਹਾਂ?’ ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਮਾਮਲੇ ਵਿਚ ਢਿੱਲੇ ਪੈ ਗਏ ਹੋ, ਤਾਂ ਛੇਤੀ ਤੋਂ ਛੇਤੀ ਕਦਮ ਚੁੱਕੋ, ਨਹੀਂ ਤਾਂ ਮਾਮਲਾ ਹੋਰ ਵਿਗੜ ਜਾਵੇਗਾ। ਜੇ ਤੁਸੀਂ ਇਸ ਵਿਚ ਸੁਧਾਰ ਨਹੀਂ ਕਰ ਪਾ ਰਹੇ ਹੋ ਜਾਂ ਇਸ ਕਰਕੇ ਕੁਝ ਅਜਿਹਾ ਕਰ ਬੈਠੇ ਹੋ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹੈ, ਤਾਂ ਤੁਹਾਨੂੰ ਫ਼ੌਰਨ ਬਜ਼ੁਰਗਾਂ ਤੋਂ ਮਦਦ ਲੈਣੀ ਚਾਹੀਦੀ ਹੈ।

6. ਗੰਭੀਰ ਪਾਪ ਕਰਨ ਵਾਲੇ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ?

6 ਕੁਝ ਪਾਪ ਬਹੁਤ ਗੰਭੀਰ ਹੁੰਦੇ ਹਨ। ਅਜਿਹੇ ਪਾਪਾਂ ਤੋਂ ਤੋਬਾ ਨਾ ਕਰਨ ਵਾਲੇ ਕਿਸੇ ਭੈਣ ਜਾਂ ਭਰਾ ਨੂੰ ਮੰਡਲੀ ਵਿੱਚੋਂ ਕੱਢਿਆ ਜਾ ਸਕਦਾ ਹੈ। ਜੇ ਕਿਸੇ ਨੇ ਅਜਿਹਾ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਉਸ ਨੂੰ ਇਸ ਬਾਰੇ ਕਿਸੇ ਬਜ਼ੁਰਗ ਨਾਲ ਗੱਲ ਕਰਨੀ ਚਾਹੀਦੀ ਹੈ। (1 ਕੁਰਿੰ. 5:11-13) ਕਿਉਂ? ਕਿਉਂਕਿ ਯਹੋਵਾਹ ਨਾਲ ਉਸ ਦਾ ਰਿਸ਼ਤਾ ਖ਼ਰਾਬ ਹੋ ਗਿਆ ਹੈ ਅਤੇ ਉਹ ਖ਼ੁਦ ਇਸ ਨੂੰ ਠੀਕ ਨਹੀਂ ਕਰ ਸਕਦਾ। ਜੇ ਉਹ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਯਹੋਵਾਹ ਤੋਂ ਮਾਫ਼ੀ ਪਾਉਣੀ ਚਾਹੁੰਦਾ ਹੈ, ਤਾਂ ਉਸ ਨੂੰ “ਆਪਣੇ ਕੰਮਾਂ ਰਾਹੀਂ ਤੋਬਾ ਦਾ ਸਬੂਤ” ਦੇਣਾ ਚਾਹੀਦਾ ਹੈ। (ਰਸੂ. 26:20) ਇਨ੍ਹਾਂ ਵਿੱਚੋਂ ਇਕ ਕੰਮ ਹੈ ਕਿ ਉਹ ਆਪਣੇ ਗੰਭੀਰ ਪਾਪ ਬਾਰੇ ਬਜ਼ੁਰਗਾਂ ਨਾਲ ਗੱਲ ਕਰੇ।

7. ਗੰਭੀਰ ਪਾਪ ਕਰਨ ਵਾਲਿਆਂ ਤੋਂ ਇਲਾਵਾ ਹੋਰ ਕੌਣ ਬਜ਼ੁਰਗਾਂ ਤੋਂ ਮਦਦ ਲੈ ਸਕਦੇ ਹਨ?

7 ਬਜ਼ੁਰਗ ਸਿਰਫ਼ ਗੰਭੀਰ ਪਾਪ ਕਰਨ ਵਾਲਿਆਂ ਦੀ ਹੀ ਮਦਦ ਨਹੀਂ ਕਰਦੇ, ਸਗੋਂ ਉਨ੍ਹਾਂ ਭੈਣਾਂ-ਭਰਾਵਾਂ ਦੀ ਵੀ ਮਦਦ ਕਰਦੇ ਹਨ ਜੋ ਗ਼ਲਤ ਇੱਛਾਵਾਂ ਨਾਲ ਲੜਦੇ ਹਨ। (ਰਸੂ. 20:35) ਮਿਸਾਲ ਲਈ, ਹੋ ਸਕਦਾ ਹੈ ਕਿ ਸੱਚਾਈ ਵਿਚ ਆਉਣ ਤੋਂ ਪਹਿਲਾਂ ਤੁਸੀਂ ਨਸ਼ੇ ਕਰਦੇ ਸੀ, ਪੋਰਨੋਗ੍ਰਾਫੀ (ਅਸ਼ਲੀਲ ਫ਼ਿਲਮਾਂ ਜਾਂ ਤਸਵੀਰਾਂ) ਦੇਖਦੇ ਸੀ ਜਾਂ ਗੰਦੇ-ਮੰਦੇ ਕੰਮ ਕਰਦੇ ਸੀ। ਇਸ ਕਰਕੇ ਸੱਚਾਈ ਸਿੱਖਣ ਤੋਂ ਬਾਅਦ ਵੀ ਤੁਹਾਡੇ ਅੰਦਰ ਉਨ੍ਹਾਂ ਗ਼ਲਤ ਕੰਮਾਂ ਨੂੰ ਕਰਨ ਦੀ ਇੱਛਾ ਜਾਗ ਸਕਦੀ ਹੈ। ਪਰ ਯਾਦ ਰੱਖੋ ਕਿ ਤੁਹਾਨੂੰ ਇਹ ਲੜਾਈ ਇਕੱਲਿਆਂ ਲੜਨ ਦੀ ਲੋੜ ਨਹੀਂ ਹੈ। ਤੁਸੀਂ ਕਿਸੇ ਅਜਿਹੇ ਬਜ਼ੁਰਗ ਨੂੰ ਇਸ ਬਾਰੇ ਦੱਸ ਸਕਦੇ ਹੋ ਜਿਸ ਨਾਲ ਤੁਸੀਂ ਦਿਲ ਖੋਲ੍ਹ ਕੇ ਗੱਲ ਕਰ ਸਕਦੇ ਹੋ। ਉਹ ਤੁਹਾਡੀ ਗੱਲ ਧਿਆਨ ਨਾਲ ਸੁਣੇਗਾ, ਤੁਹਾਨੂੰ ਬਾਈਬਲ ਵਿੱਚੋਂ ਵਧੀਆ ਸਲਾਹ ਦੇਵੇਗਾ ਅਤੇ ਤੁਹਾਨੂੰ ਯਕੀਨ ਦਿਵਾਏਗਾ ਕਿ ਤੁਸੀਂ ਇਨ੍ਹਾਂ ਇੱਛਾਵਾਂ ਨੂੰ ਕਿਵੇਂ ਠੁਕਰਾ ਕੇ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹੋ। (ਉਪ. 4:12) ਸ਼ਾਇਦ ਤੁਸੀਂ ਗ਼ਲਤ ਇੱਛਾਵਾਂ ʼਤੇ ਕਾਬੂ ਪਾਉਣ ਲਈ ਲੱਖਾਂ ਕੋਸ਼ਿਸ਼ਾਂ ਕੀਤੀਆਂ ਹਨ, ਪਰ ਤੁਸੀਂ ਇਨ੍ਹਾਂ ʼਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾ ਸਕੇ ਹੋ। ਇਸ ਤਰ੍ਹਾਂ ਹੋਣ ਤੇ ਨਿਰਾਸ਼ ਨਾ ਹੋਵੋ। ਇੱਦਾਂ ਦੇ ਹਾਲਾਤਾਂ ਵਿਚ ਬਜ਼ੁਰਗ ਤੁਹਾਨੂੰ ਯਕੀਨ ਦਿਲਾਉਣਗੇ ਕਿ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੈ ਕਿ ਤੁਸੀਂ ਉਸ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਮਿਹਨਤ ਕਰ ਰਹੇ ਹੋ ਅਤੇ ਖ਼ੁਦ ʼਤੇ ਹੱਦੋਂ ਵੱਧ ਭਰੋਸਾ ਨਹੀਂ ਕਰ ਰਹੇ ਹੋ।​—1 ਕੁਰਿੰ. 10:12.

8. ਕੀ ਤੁਹਾਨੂੰ ਆਪਣੀ ਹਰ ਗ਼ਲਤੀ ਬਾਰੇ ਬਜ਼ੁਰਗਾਂ ਨਾਲ ਗੱਲ ਕਰਨ ਦੀ ਲੋੜ ਹੈ? ਸਮਝਾਓ।

8 ਇਹ ਸੱਚ ਹੈ ਕਿ ਅਸੀਂ ਬਜ਼ੁਰਗਾਂ ਤੋਂ ਮਦਦ ਲੈ ਸਕਦੇ ਹਾਂ, ਪਰ ਸਾਨੂੰ ਆਪਣੀ ਹਰ ਗ਼ਲਤੀ ਬਾਰੇ ਉਨ੍ਹਾਂ ਨਾਲ ਗੱਲ ਕਰਨ ਦੀ ਲੋੜ ਨਹੀਂ ਹੈ। ਮਿਸਾਲ ਲਈ, ਜੇ ਤੁਸੀਂ ਕਿਸੇ ਭੈਣ ਜਾਂ ਭਰਾ ਦਾ ਦਿਲ ਦੁਖਾਇਆ ਹੈ ਜਾਂ ਤੁਸੀਂ ਉਸ ʼਤੇ ਗੁੱਸੇ ਨਾਲ ਭੜਕ ਗਏ ਹੋ, ਤਾਂ ਇਹ ਜ਼ਰੂਰੀ ਨਹੀਂ ਕਿ ਤੁਸੀਂ ਇਸ ਬਾਰੇ ਬਜ਼ੁਰਗਾਂ ਨੂੰ ਜਾ ਕੇ ਦੱਸੋ। ਇਸ ਦੀ ਬਜਾਇ, ਤੁਸੀਂ ਯਿਸੂ ਦੀ ਸਲਾਹ ʼਤੇ ਚੱਲ ਸਕਦੇ ਹੋ ਅਤੇ ਉਸ ਭੈਣ ਜਾਂ ਭਰਾ ਤੋਂ ਮਾਫ਼ੀ ਮੰਗ ਸਕਦੇ ਹੋ ਅਤੇ ਉਸ ਨਾਲ ਸੁਲ੍ਹਾ ਕਰ ਸਕਦੇ ਹੋ। (ਮੱਤੀ 5:23, 24) ਇਸ ਤੋਂ ਇਲਾਵਾ, ਤੁਸੀਂ ਸਾਡੇ ਪ੍ਰਕਾਸ਼ਨਾਂ ਵਿਚ ਨਰਮਾਈ, ਧੀਰਜ ਅਤੇ ਸੰਜਮ ਵਰਗੇ ਗੁਣਾਂ ਬਾਰੇ ਖੋਜਬੀਨ ਕਰ ਸਕਦੇ ਹੋ ਅਤੇ ਸੋਚ-ਵਿਚਾਰ ਕਰ ਸਕਦੇ ਹੋ ਕਿ ਤੁਸੀਂ ਇਨ੍ਹਾਂ ਗੁਣਾਂ ਨੂੰ ਹੋਰ ਵਧੀਆ ਢੰਗ ਨਾਲ ਕਿਵੇਂ ਦਿਖਾ ਸਕਦੇ ਹੋ। ਪਰ ਇਹ ਸਭ ਕਰਨ ਤੋਂ ਬਾਅਦ ਵੀ ਜੇ ਮੁਸ਼ਕਲ ਹੱਲ ਨਹੀਂ ਹੁੰਦੀ, ਤਾਂ ਤੁਸੀਂ ਕਿਸੇ ਬਜ਼ੁਰਗ ਤੋਂ ਮਦਦ ਲੈ ਸਕਦੇ ਹੋ। ਪਹਿਲੀ ਸਦੀ ਵਿਚ ਜਦੋਂ ਯੂਓਦੀਆ ਅਤੇ ਸੁੰਤੁਖੇ ਵਿਚ ਅਣਬਣ ਹੋਈ ਅਤੇ ਉਹ ਦੋਵੇਂ ਆਪਸ ਵਿਚ ਮਸਲਾ ਸੁਲਝਾ ਨਾ ਸਕੀਆਂ, ਤਾਂ ਪੌਲੁਸ ਨੇ ਇਕ ਭਰਾ ਨੂੰ ਉਨ੍ਹਾਂ ਭੈਣਾਂ ਦੀ ਮਦਦ ਕਰਨ ਲਈ ਕਿਹਾ। ਇਸੇ ਤਰ੍ਹਾਂ ਕੋਈ ਬਜ਼ੁਰਗ ਤੁਹਾਡੀ ਵੀ ਮਦਦ ਕਰ ਸਕਦਾ ਹੈ।​—ਫ਼ਿਲਿ. 4:2, 3.

ਸਾਨੂੰ ਬਜ਼ੁਰਗਾਂ ਨੂੰ ਕਿਉਂ ਬੁਲਾਉਣਾ ਚਾਹੀਦਾ ਹੈ?

9. ਸਾਨੂੰ ਬਜ਼ੁਰਗਾਂ ਨਾਲ ਗੱਲ ਕਰਨ ਤੋਂ ਸ਼ਰਮਿੰਦਗੀ ਕਿਉਂ ਨਹੀਂ ਮਹਿਸੂਸ ਕਰਨੀ ਚਾਹੀਦੀ? (ਕਹਾਉਤਾਂ 28:13)

9 ਜੇ ਅਸੀਂ ਕੋਈ ਗੰਭੀਰ ਪਾਪ ਕੀਤਾ ਹੈ ਜਾਂ ਸਾਨੂੰ ਲੱਗਦਾ ਹੈ ਕਿ ਅਸੀਂ ਆਪਣੀਆਂ ਗ਼ਲਤ ਇੱਛਾਵਾਂ ʼਤੇ ਕਾਬੂ ਨਹੀਂ ਕਰ ਪਾ ਰਹੇ ਹਾਂ, ਤਾਂ ਸਾਨੂੰ ਬਜ਼ੁਰਗਾਂ ਨਾਲ ਗੱਲ ਕਰਨ ਲਈ ਦਲੇਰੀ ਅਤੇ ਨਿਹਚਾ ਦੀ ਲੋੜ ਪਵੇਗੀ। ਸਾਨੂੰ ਉਨ੍ਹਾਂ ਨਾਲ ਗੱਲ ਕਰਨ ਤੋਂ ਸ਼ਰਮਿੰਦਗੀ ਨਹੀਂ ਮਹਿਸੂਸ ਕਰਨੀ ਚਾਹੀਦੀ। ਕਿਉਂ? ਕਿਉਂਕਿ ਯਹੋਵਾਹ ਨੇ ਬਜ਼ੁਰਗਾਂ ਨੂੰ ਸਾਡੀ ਮਦਦ ਕਰਨ ਲਈ ਹੀ ਨਿਯੁਕਤ ਕੀਤਾ ਹੈ। ਇਸ ਲਈ ਬਜ਼ੁਰਗਾਂ ਤੋਂ ਮਦਦ ਲੈ ਕੇ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਯਹੋਵਾਹ ʼਤੇ ਭਰੋਸਾ ਹੈ, ਅਸੀਂ ਉਸ ਦਾ ਕਹਿਣਾ ਮੰਨਦੇ ਹਾਂ ਅਤੇ ਆਪਣੀ ਨਿਹਚਾ ਮਜ਼ਬੂਤ ਬਣਾਈ ਰੱਖਣੀ ਚਾਹੁੰਦੇ ਹਾਂ। ਇੰਨਾ ਹੀ ਨਹੀਂ, ਅਸੀਂ ਇਹ ਵੀ ਦਿਖਾਉਂਦੇ ਹਾਂ ਕਿ ਸਾਨੂੰ ਸਹੀ ਰਾਹ ʼਤੇ ਚੱਲਦੇ ਰਹਿਣ ਲਈ ਯਹੋਵਾਹ ਦੀ ਮਦਦ ਦੀ ਲੋੜ ਹੈ। (ਜ਼ਬੂ. 94:18) ਨਾਲੇ ਜੇ ਅਸੀਂ ਬਜ਼ੁਰਗਾਂ ਅੱਗੇ ਆਪਣਾ ਪਾਪ ਕਬੂਲ ਕਰਦੇ ਹਾਂ ਅਤੇ ਦੁਬਾਰਾ ਉਹ ਪਾਪ ਨਹੀਂ ਕਰਦੇ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਮਾਫ਼ ਕਰੇਗਾ।​—ਕਹਾਉਤਾਂ 28:13 ਪੜ੍ਹੋ।

10. ਜੇ ਅਸੀਂ ਆਪਣੇ ਪਾਪ ਲੁਕਾਈ ਰੱਖਦੇ ਹਾਂ, ਤਾਂ ਕੀ ਹੋ ਸਕਦਾ ਹੈ?

10 ਬਜ਼ੁਰਗਾਂ ਸਾਮ੍ਹਣੇ ਆਪਣੇ ਪਾਪ ਕਬੂਲ ਕਰਨ ਨਾਲ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਪਰ ਜੇ ਅਸੀਂ ਆਪਣੇ ਪਾਪ ਲੁਕਾਈ ਰੱਖਦੇ ਹਾਂ, ਤਾਂ ਸਾਨੂੰ ਬਹੁਤ ਸਾਰੇ ਦੁੱਖ ਸਹਿਣੇ ਪੈ ਸਕਦੇ ਹਨ। ਜ਼ਰਾ ਯਾਦ ਕਰੋ ਕਿ ਜਦੋਂ ਰਾਜਾ ਦਾਊਦ ਨੇ ਆਪਣੇ ਪਾਪ ਲੁਕਾਈ ਰੱਖੇ, ਤਾਂ ਉਸ ਦੀ ਕੀ ਹਾਲਤ ਹੋਈ। ਉਹ ਸਾਰਾ-ਸਾਰਾ ਦਿਨ ਹਉਕੇ ਭਰਦਾ ਰਿਹਾ ਅਤੇ ਬਹੁਤ ਬੇਚੈਨ ਹੋ ਗਿਆ ਸੀ ਕਿਉਂਕਿ ਉਹ ਜਾਣਦਾ ਸੀ ਕਿ ਯਹੋਵਾਹ ਨਾਲ ਉਸ ਦੀ ਦੋਸਤੀ ਟੁੱਟ ਗਈ ਸੀ। (ਜ਼ਬੂ. 32:3-5) ਜ਼ਰਾ ਸੋਚੋ ਕਿ ਜੇ ਸਾਨੂੰ ਕੋਈ ਗੰਭੀਰ ਸੱਟ ਲੱਗ ਜਾਂਦੀ ਹੈ ਜਾਂ ਅਸੀਂ ਬੀਮਾਰ ਹੋ ਜਾਂਦੇ ਹਾਂ ਅਤੇ ਡਾਕਟਰ ਕੋਲ ਨਹੀਂ ਜਾਂਦੇ, ਤਾਂ ਕੀ ਹੋਵੇਗਾ? ਸਾਡੀ ਸੱਟ ਠੀਕ ਨਹੀਂ ਹੋਵੇਗੀ ਜਾਂ ਅਸੀਂ ਹੋਰ ਬੀਮਾਰ ਹੋ ਜਾਵਾਂਗੇ। ਇਸੇ ਤਰ੍ਹਾਂ ਜੇ ਅਸੀਂ ਕੋਈ ਪਾਪ ਕੀਤਾ ਹੈ ਅਤੇ ਬਜ਼ੁਰਗਾਂ ਤੋਂ ਮਦਦ ਨਹੀਂ ਲੈਂਦੇ, ਤਾਂ ਯਹੋਵਾਹ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ। ਯਹੋਵਾਹ ਨਹੀਂ ਚਾਹੁੰਦਾ ਕਿ ਇੱਦਾਂ ਹੋਵੇ, ਇਸ ਲਈ ਉਹ ਸਾਨੂੰ ਕਹਿੰਦਾ ਹੈ ਕਿ ਅਸੀਂ ਉਸ ਨਾਲ ਆਪਣਾ ‘ਮਾਮਲਾ ਸੁਲਝਾਉਣ ਲਈ’ ਬਜ਼ੁਰਗਾਂ ਨਾਲ ਗੱਲ ਕਰੀਏ।​—ਯਸਾ. 1:5, 6, 18.

11. ਜੇ ਅਸੀਂ ਗੰਭੀਰ ਪਾਪ ਲੁਕਾਈ ਰੱਖਾਂਗੇ, ਤਾਂ ਇਸ ਦਾ ਦੂਜਿਆਂ ʼਤੇ ਕੀ ਅਸਰ ਪੈ ਸਕਦਾ ਹੈ?

11 ਜੇ ਅਸੀਂ ਆਪਣੇ ਗੰਭੀਰ ਪਾਪ ਲੁਕਾਈ ਰੱਖਾਂਗੇ, ਤਾਂ ਇਸ ਨਾਲ ਦੂਜਿਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਅਸੀਂ ਸ਼ਾਇਦ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਮੰਡਲੀ ʼਤੇ ਕੰਮ ਕਰਨ ਤੋਂ ਰੋਕ ਰਹੇ ਹੋਵਾਂਗੇ ਅਤੇ ਇਸ ਨਾਲ ਭੈਣਾਂ-ਭਰਾਵਾਂ ਦੀ ਸ਼ਾਂਤੀ ਵੀ ਭੰਗ ਹੋ ਸਕਦੀ ਹੈ। (ਅਫ਼. 4:30) ਪਰ ਜੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਗੰਭੀਰ ਪਾਪ ਕੀਤਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਉਸ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਜਾ ਕੇ ਬਜ਼ੁਰਗਾਂ ਨਾਲ ਗੱਲ ਕਰੇ।a ਜੇ ਅਸੀਂ ਉਸ ਦਾ ਗੰਭੀਰ ਪਾਪ ਲੁਕਾਈ ਰੱਖਦੇ ਹਾਂ, ਤਾਂ ਯਹੋਵਾਹ ਉਸ ਦੇ ਨਾਲ-ਨਾਲ ਸਾਨੂੰ ਵੀ ਦੋਸ਼ੀ ਠਹਿਰਾਵੇਗਾ। (ਲੇਵੀ. 5:1) ਯਹੋਵਾਹ ਨੂੰ ਪਿਆਰ ਕਰਨ ਕਰਕੇ ਅਸੀਂ ਬਜ਼ੁਰਗਾਂ ਨੂੰ ਸਾਰਾ ਕੁਝ ਸੱਚ-ਸੱਚ ਦੱਸਾਂਗੇ। ਇਸ ਤਰ੍ਹਾਂ ਅਸੀਂ ਮੰਡਲੀ ਨੂੰ ਸ਼ੁੱਧ ਬਣਾਈ ਰੱਖਣ ਵਿਚ ਅਤੇ ਉਸ ਭੈਣ ਜਾਂ ਭਰਾ ਦੀ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਦੁਬਾਰਾ ਮਜ਼ਬੂਤ ​​ਕਰਨ ਵਿਚ ਮਦਦ ਕਰ ਰਹੇ ਹੋਵਾਂਗੇ।

ਬਜ਼ੁਰਗ ਸਾਡੀ ਮਦਦ ਕਿਵੇਂ ਕਰਦੇ ਹਨ?

12. ਬਜ਼ੁਰਗ ਉਸ ਭੈਣ ਜਾਂ ਭਰਾ ਦੀ ਮਦਦ ਕਿਵੇਂ ਕਰਦੇ ਹਨ ਜਿਸ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਹੋ ਗਿਆ ਹੈ?

12 ਬਜ਼ੁਰਗਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਜਿਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਹੋ ਗਿਆ ਹੈ। (1 ਥੱਸ. 5:14) ਜਦੋਂ ਉਹ ਗੰਭੀਰ ਪਾਪ ਕਰਨ ਵਾਲੇ ਕਿਸੇ ਭੈਣ ਜਾਂ ਭਰਾ ਨਾਲ ਗੱਲ ਕਰਦੇ ਹਨ, ਤਾਂ ਉਹ ਉਸ ਦੇ ਮਨ ਦੇ ਵਿਚਾਰਾਂ ਨੂੰ ‘ਬਾਹਰ ਕੱਢਣ’ ਲਈ ਸੋਚ-ਸਮਝ ਕੇ ਸਵਾਲ ਪੁੱਛਦੇ ਹਨ। (ਕਹਾ. 20:5) ਸ਼ਾਇਦ ਤੁਹਾਡੇ ਲਈ ਬਜ਼ੁਰਗਾਂ ਨਾਲ ਗੱਲ ਕਰਨੀ ਔਖੀ ਹੋਵੇ ਕਿਉਂਕਿ ਸ਼ਾਇਦ ਤੁਸੀਂ ਸ਼ਰਮੀਲੇ ਸੁਭਾਅ ਦੇ ਹੋ ਜਾਂ ਤੁਸੀਂ ਆਪਣੀ ਗ਼ਲਤੀ ਕਰਕੇ ਸ਼ਰਮਿੰਦਾ ਹੋ। ਫਿਰ ਵੀ ਬਜ਼ੁਰਗਾਂ ਨਾਲ ਗੱਲ ਕਰਨ ਤੋਂ ਝਿਜਕੋ ਨਾ, ਸਗੋਂ ਖੁੱਲ੍ਹ ਕੇ ਉਨ੍ਹਾਂ ਨਾਲ ਗੱਲ ਕਰੋ। ਇਹ ਸੋਚ ਕੇ ਘਬਰਾਓ ਨਾ ਕਿ ਕਿਤੇ ਤੁਸੀਂ “ਆਵਾਗੌਣ ਗੱਲਾਂ” ਨਾ ਕਰਨ ਲੱਗ ਪਵੋ। (ਅੱਯੂ. 6:3) ਯਾਦ ਰੱਖੋ ਕਿ ਬਜ਼ੁਰਗ ਤੁਹਾਡੇ ਬਾਰੇ ਕੋਈ ਰਾਇ ਕਾਇਮ ਨਹੀਂ ਕਰਨਗੇ, ਸਗੋਂ ਉਹ ਧਿਆਨ ਨਾਲ ਤੁਹਾਡੀ ਗੱਲ ਸੁਣਨਗੇ ਅਤੇ ਮਾਮਲੇ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਬਾਅਦ ਹੀ ਉਹ ਬਾਈਬਲ ਤੋਂ ਸਲਾਹ ਦੇ ਕੇ ਤੁਹਾਡੀ ਮਦਦ ਕਰਨਗੇ। (ਕਹਾ. 18:13) ਬਜ਼ੁਰਗ ਚੰਗੀ ਤਰ੍ਹਾਂ ਜਾਣਦੇ ਹਨ ਕਿ ਇੱਕੋ ਵਾਰ ਗੱਲ ਕਰ ਕੇ ਮਾਮਲਾ ਸੁਲਝਾਇਆ ਨਹੀਂ ਜਾ ਸਕਦਾ। ਇਸੇ ਲਈ ਉਹ ਇਕ ਤੋਂ ਜ਼ਿਆਦਾ ਵਾਰ ਮਿਲਣ ਲਈ ਤਿਆਰ ਰਹਿੰਦੇ ਹਨ।

13. ਜਦੋਂ ਬਜ਼ੁਰਗ ਸਾਡੇ ਲਈ ਪ੍ਰਾਰਥਨਾ ਕਰਦੇ ਹਨ ਅਤੇ ਬਾਈਬਲ ਦੀਆਂ ਆਇਤਾਂ ʼਤੇ ਸਾਡਾ ਧਿਆਨ ਦਿਵਾਉਂਦੇ ਹਨ, ਤਾਂ ਸਾਡੀ ਕਿਵੇਂ ਮਦਦ ਹੁੰਦੀ ਹੈ? (ਤਸਵੀਰਾਂ ਵੀ ਵੇਖੋ।)

13 ਬਜ਼ੁਰਗ ਜਾਣਦੇ ਹਨ ਕਿ ਤੁਸੀਂ ਆਪਣੀ ਗ਼ਲਤੀ ਕਰ ਕੇ ਪਹਿਲਾਂ ਹੀ ਦੋਸ਼ੀ ਮਹਿਸੂਸ ਕਰ ਰਹੇ ਹੋ। ਇਸ ਲਈ ਜਦੋਂ ਤੁਸੀਂ ਉਨ੍ਹਾਂ ਨੂੰ ਬੁਲਾਉਂਦੇ ਹੋ, ਤਾਂ ਉਹ ਤੁਹਾਨੂੰ ਹੋਰ ਦੋਸ਼ੀ ਮਹਿਸੂਸ ਨਹੀਂ ਕਰਾਉਣਗੇ। ਇਸ ਦੀ ਬਜਾਇ, ਉਹ ਤੁਹਾਡੇ ਲਈ ਪ੍ਰਾਰਥਨਾ ਕਰਨਗੇ। ਤੁਸੀਂ ਸ਼ਾਇਦ ਇਹ ਦੇਖ ਕੇ ਹੈਰਾਨ ਰਹਿ ਜਾਓ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਵਿਚ ਕਿੰਨਾ “ਦਮ” ਹੈ! ਨਾਲੇ ਉਹ ‘ਯਹੋਵਾਹ ਦੇ ਨਾਂ ʼਤੇ ਤੁਹਾਡੇ ਸਿਰ ਉੱਤੇ ਤੇਲ ਵੀ ਝੱਸਣਗੇ।’ (ਯਾਕੂ. 5:14-16) ਇੱਥੇ “ਤੇਲ” ਦਾ ਮਤਲਬ ਹੈ, ਪਰਮੇਸ਼ੁਰ ਦੇ ਬਚਨ ਵਿਚ ਦਰਜ ਸੱਚਾਈਆਂ। ਬਜ਼ੁਰਗ ਅਜਿਹੀਆਂ ਆਇਤਾਂ ਵੱਲ ਤੁਹਾਡਾ ਧਿਆਨ ਦਿਲਾਉਣਗੇ ਜਿਨ੍ਹਾਂ ਤੋਂ ਤੁਹਾਨੂੰ ਦਿਲਾਸਾ ਮਿਲੇਗਾ ਅਤੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ। (ਯਸਾ. 57:18) ਬਾਈਬਲ ਤੋਂ ਉਹ ਤੁਹਾਨੂੰ ਅਜਿਹੀਆਂ ਗੱਲਾਂ ਦੱਸਣਗੇ ਜਿਨ੍ਹਾਂ ਨਾਲ ਸਹੀ ਕੰਮ ਕਰਨ ਦਾ ਤੁਹਾਡਾ ਇਰਾਦਾ ਹੋਰ ਪੱਕਾ ਹੋ ਜਾਵੇਗਾ। ਬਜ਼ੁਰਗਾਂ ਰਾਹੀਂ ਤੁਸੀਂ ਯਹੋਵਾਹ ਨੂੰ ਇਹ ਕਹਿੰਦਿਆਂ ਸੁਣੋਗੇ: “ਰਾਹ ਇਹੋ ਹੀ ਹੈ। ਇਸ ਉੱਤੇ ਚੱਲੋ।”​—ਯਸਾ. 30:21.

ਤਸਵੀਰਾਂ: 1. ਪਿਛਲੀ ਤਸਵੀਰ ਵਿਚ ਜਿਹੜਾ ਡਾਕਟਰ ਦਿਖਾਇਆ ਗਿਆ ਸੀ, ਉਹ ਆਦਮੀ ਦੇ ਮੋਢੇ ਦੀ ਜਾਂਚ ਕਰ ਰਿਹਾ ਹੈ। ਆਦਮੀ ਦੇ ਮੋਢੇ ਦਾ ਐਕਸ-ਰੇ ਕੰਧ ʼਤੇ ਲੱਗਾ ਹੋਇਆ ਹੈ। 2. ਪਿਛਲੀ ਤਸਵੀਰ ਵਿਚ ਜਿਹੜਾ ਬਜ਼ੁਰਗ ਦਿਖਾਇਆ ਗਿਆ ਸੀ, ਉਹ ਤੇ ਇਕ ਹੋਰ ਬਜ਼ੁਰਗ ਉਸ ਭਰਾ ਦੇ ਘਰ ਹਨ ਅਤੇ ਉਸ ਨੂੰ ਬਾਈਬਲ ਤੋਂ ਹੌਸਲਾ ਦੇ ਰਹੇ ਹਨ। ਭਰਾ ਖ਼ੁਸ਼ੀ ਨਾਲ ਬਜ਼ੁਰਗਾਂ ਦੀ ਗੱਲ ਸੁਣ ਰਿਹਾ ਹੈ।

ਬਜ਼ੁਰਗ ਅਜਿਹੀਆਂ ਆਇਤਾਂ ʼਤੇ ਤੁਹਾਡਾ ਧਿਆਨ ਦਿਵਾਉਣਗੇ ਜਿਨ੍ਹਾਂ ਤੋਂ ਤੁਹਾਨੂੰ ਦਿਲਾਸਾ ਮਿਲੇਗਾ (ਪੈਰੇ 13-14 ਦੇਖੋ)


14. ਗਲਾਤੀਆਂ 6:1 ਮੁਤਾਬਕ ਬਜ਼ੁਰਗ “ਗ਼ਲਤ ਕਦਮ” ਉਠਾਉਣ ਵਾਲਿਆਂ ਦੀ ਮਦਦ ਕਿਵੇਂ ਕਰਦੇ ਹਨ? (ਤਸਵੀਰਾਂ ਵੀ ਵੇਖੋ।)

14 ਗਲਾਤੀਆਂ 6:1 ਪੜ੍ਹੋ। ਜਦੋਂ ਇਕ ਮਸੀਹੀ “ਗ਼ਲਤ ਕਦਮ” ਉਠਾ ਲੈਂਦਾ ਹੈ, ਤਾਂ ਉਹ ਯਹੋਵਾਹ ਦੇ ਮਿਆਰਾਂ ਖ਼ਿਲਾਫ਼ ਚਲਾ ਜਾਂਦਾ ਹੈ। ਹੋ ਸਕਦਾ ਹੈ ਕਿ ਉਸ ਨੇ ਬਿਨਾਂ ਸੋਚੇ-ਸਮਝੇ ਕੋਈ ਫ਼ੈਸਲਾ ਲਿਆ ਹੋਵੇ ਜਾਂ ਕੋਈ ਗੰਭੀਰ ਪਾਪ ਕੀਤਾ ਹੋਵੇ। ਪਿਆਰ ਹੋਣ ਕਰਕੇ ਬਜ਼ੁਰਗ “ਉਸ ਨੂੰ ਨਰਮਾਈ ਨਾਲ ਸੁਧਾਰਨ ਦੀ ਕੋਸ਼ਿਸ਼” ਕਰਦੇ ਹਨ। ਇੱਥੇ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਸੁਧਾਰਨ” ਕੀਤਾ ਗਿਆ ਹੈ, ਉਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਆਪਣੀ ਜਗ੍ਹਾ ਤੋਂ ਹਿੱਲੀ ਹੋਈ ਹੱਡੀ ਨੂੰ ਉਸੇ ਜਗ੍ਹਾ ʼਤੇ ਵਾਪਸ ਬਿਠਾਉਣਾ ਤਾਂਕਿ ਮਰੀਜ਼ ਜ਼ਿੰਦਗੀ ਭਰ ਲਈ ਅਪਾਹਜ ਨਾ ਹੋ ਜਾਵੇ। ਜਿੱਦਾਂ ਇਕ ਮਾਹਰ ਡਾਕਟਰ ਮਰੀਜ਼ ਦੀ ਟੁੱਟੀ ਹੋਈ ਹੱਡੀ ਨੂੰ ਬੜੀ ਸਾਵਧਾਨੀ ਨਾਲ ਬਿਠਾਉਂਦਾ ਹੈ ਤੇ ਮਰੀਜ਼ ਨੂੰ ਜ਼ਿਆਦਾ ਦਰਦ ਨਹੀਂ ਹੋਣ ਦਿੰਦਾ, ਉਸੇ ਤਰ੍ਹਾਂ ਬਜ਼ੁਰਗ ਕਿਸੇ ਨੂੰ ਸੁਧਾਰਦੇ ਸਮੇਂ ਉਸ ਨੂੰ ਪਿਆਰ ਨਾਲ ਸਮਝਾਉਂਦੇ ਹਨ ਅਤੇ ਕਿਸੇ ਵੀ ਤਰ੍ਹਾਂ ਨਾਲ ਉਸ ਦਾ ਦਰਦ ਨਹੀਂ ਵਧਾਉਂਦੇ। ਬਜ਼ੁਰਗਾਂ ਨੂੰ ਕਿਹਾ ਗਿਆ ਹੈ ਕਿ ਉਹ “ਆਪਣੇ ਉੱਤੇ ਵੀ ਨਜ਼ਰ” ਰੱਖਣ। ਦੂਜਿਆਂ ਦੀ ਮਦਦ ਕਰਦਿਆਂ ਉਹ ਯਾਦ ਰੱਖਦੇ ਹਨ ਕਿ ਉਹ ਵੀ ਨਾਮੁਕੰਮਲ ਹਨ ਅਤੇ ਗ਼ਲਤ ਕਦਮ ਉਠਾ ਸਕਦੇ ਹਨ। ਇਸੇ ਲਈ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਜ਼ਿਆਦਾ ਧਰਮੀ ਨਹੀਂ ਸਮਝਦੇ। ਇਸ ਦੀ ਬਜਾਇ, ਉਹ ਨਿਮਰ ਰਹਿੰਦੇ ਹਨ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ ਅਤੇ ਉਨ੍ਹਾਂ ਨਾਲ ਹਮਦਰਦੀ ਜਤਾਉਂਦੇ ਹਨ।​—1 ਪਤ. 3:8.

15. ਜੇ ਸਾਨੂੰ ਕੋਈ ਸਮੱਸਿਆ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?

15 ਅਸੀਂ ਆਪਣੀ ਮੰਡਲੀ ਦੇ ਬਜ਼ੁਰਗਾਂ ʼਤੇ ਪੂਰਾ ਭਰੋਸਾ ਕਰ ਸਕਦੇ ਹਾਂ। ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਹੈ ਕਿ ਉਹ ਭੈਣਾਂ-ਭਰਾਵਾਂ ਦੀਆਂ ਨਿੱਜੀ ਗੱਲਾਂ ਸਿਰਫ਼ ਆਪਣੇ ਤਕ ਹੀ ਰੱਖਣ ਅਤੇ ਉਨ੍ਹਾਂ ਨੂੰ ਆਪਣੀ ਰਾਇ ਦੱਸਣ ਦੀ ਬਜਾਇ ਬਾਈਬਲ ਵਿੱਚੋਂ ਸਲਾਹ ਦੇਣ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਇਹ ਵੀ ਸਿਖਲਾਈ ਦਿੱਤੀ ਗਈ ਹੈ ਕਿ ਉਹ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਰਹਿਣ। (ਕਹਾ. 11:13; ਗਲਾ. 6:2) ਹਰ ਬਜ਼ੁਰਗ ਦਾ ਸੁਭਾਅ ਵੱਖਰਾ ਹੁੰਦਾ ਹੈ ਅਤੇ ਕਿਸੇ ਬਜ਼ੁਰਗ ਕੋਲ ਬਹੁਤ ਤਜਰਬਾ ਹੁੰਦਾ ਹੈ ਤੇ ਕਿਸੇ ਕੋਲ ਘੱਟ। ਫਿਰ ਵੀ ਅਸੀਂ ਆਪਣੀ ਸਮੱਸਿਆ ਬਾਰੇ ਕਿਸੇ ਵੀ ਬਜ਼ੁਰਗ ਨਾਲ ਗੱਲ ਕਰ ਸਕਦੇ ਹਾਂ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਇਕ-ਇਕ ਕਰ ਕੇ ਹਰ ਬਜ਼ੁਰਗ ਕੋਲ ਜਾ ਕੇ ਸਲਾਹ ਲਈਏ ਜਦ ਤਕ ਸਾਨੂੰ ਉਹ ਸਲਾਹ ਨਾ ਮਿਲ ਜਾਵੇ ਜੋ ਅਸੀਂ ਸੁਣਨੀ ਚਾਹੁੰਦੇ ਹਾਂ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਲੋਕਾਂ ਵਰਗੇ ਹੋਵਾਂਗੇ ਜੋ “ਸਹੀ ਸਿੱਖਿਆ” ਨੂੰ ਜਾਣਨ ਦੀ ਬਜਾਇ ਸਿਰਫ਼ ਆਪਣੇ “ਮਨ ਨੂੰ ਭਾਉਣ ਵਾਲੀਆਂ ਗੱਲਾਂ” ਸੁਣਨੀਆਂ ਚਾਹੁੰਦੇ ਹਨ। (2 ਤਿਮੋ. 4:3) ਇਸ ਲਈ ਜਦੋਂ ਅਸੀਂ ਕਿਸੇ ਬਜ਼ੁਰਗ ਨੂੰ ਆਪਣੀ ਕੋਈ ਸਮੱਸਿਆ ਦੱਸਦੇ ਹਾਂ, ਤਾਂ ਉਹ ਸ਼ਾਇਦ ਪੁੱਛੇ, ‘ਕੀ ਤੁਸੀਂ ਇਸ ਬਾਰੇ ਕਿਸੇ ਹੋਰ ਬਜ਼ੁਰਗ ਨਾਲ ਵੀ ਗੱਲ ਕੀਤੀ ਹੈ ਅਤੇ ਉਸ ਨੇ ਤੁਹਾਨੂੰ ਕੀ ਸਲਾਹ ਦਿੱਤੀ?’ ਨਾਲੇ ਨਿਮਰ ਹੋਣ ਕਰਕੇ ਹੋ ਸਕਦਾ ਹੈ ਕਿ ਉਹ ਬਜ਼ੁਰਗ ਸਾਨੂੰ ਇਹ ਵੀ ਕਹੇ ਕਿ ਉਹ ਕਿਸੇ ਹੋਰ ਬਜ਼ੁਰਗ ਨਾਲ ਸਲਾਹ ਕਰੇਗਾ ਅਤੇ ਫਿਰ ਸਾਡੀ ਮਦਦ ਕਰੇਗਾ।​—ਕਹਾ. 13:10.

ਸਾਡੀ ਖ਼ੁਦ ਦੀ ਕੀ ਜ਼ਿੰਮੇਵਾਰੀ ਹੈ?

16. ਸਾਡੇ ਖ਼ੁਦ ਦੀ ਕੀ ਜ਼ਿੰਮੇਵਾਰੀ ਹੈ?

16 ਬਜ਼ੁਰਗ ਸਾਨੂੰ ਪਿਆਰ ਨਾਲ ਸਲਾਹ ਦਿੰਦੇ ਹਨ ਅਤੇ ਸਮੱਸਿਆ ਆਉਣ ਤੇ ਸਾਡੀ ਮਦਦ ਕਰਦੇ ਹਨ, ਪਰ ਉਹ ਸਾਨੂੰ ਇਹ ਨਹੀਂ ਦੱਸਦੇ ਕਿ ਸਾਨੂੰ ਕੀ ਕਰਨ ਚਾਹੀਦਾ ਹੈ ਤੇ ਕੀ ਨਹੀਂ। ਸਾਡੀ ਖ਼ੁਦ ਦੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਕਹਿਣੀ ਤੇ ਕਰਨੀ ਰਾਹੀਂ ਹਰ ਰੋਜ਼ ਦਿਖਾਈਏ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਪਰ ਯਹੋਵਾਹ ਸਹੀ ਫ਼ੈਸਲਾ ਲੈਣ ਅਤੇ ਵਫ਼ਾਦਾਰ ਬਣੇ ਰਹਿਣ ਵਿਚ ਸਾਡੀ ਮਦਦ ਕਰ ਸਕਦਾ ਹੈ। (ਰੋਮੀ. 14:12) ਇਸ ਲਈ ਬਜ਼ੁਰਗ ਸਾਡੇ ਲਈ ਫ਼ੈਸਲੇ ਕਰਨ ਦੀ ਬਜਾਇ ਸਾਨੂੰ ਬਾਈਬਲ ਤੋਂ ਦੱਸਦੇ ਹਨ ਕਿ ਕਿਸੇ ਮਾਮਲੇ ਬਾਰੇ ਯਹੋਵਾਹ ਦੀ ਕੀ ਸੋਚ ਹੈ। ਨਾਲੇ ਜਦੋਂ ਅਸੀਂ ਬਾਈਬਲ ਤੋਂ ਦਿੱਤੀ ਉਨ੍ਹਾਂ ਦੀ ਸਲਾਹ ਨੂੰ ਮੰਨਦੇ ਹਾਂ, ਤਾਂ ਅਸੀਂ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ” ਨੂੰ ਵਰਤ ਕੇ ਚੰਗੇ ਫ਼ੈਸਲੇ ਕਰ ਸਕਦੇ ਹਾਂ।​—ਇਬ. 5:14.

17. ਸਾਡਾ ਕੀ ਪੱਕਾ ਇਰਾਦਾ ਹੋਣਾ ਚਾਹੀਦਾ ਹੈ?

17 ਸਾਡੇ ਲਈ ਯਹੋਵਾਹ ਦੀ ਭੇਡ ਹੋਣਾ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ! ਯਹੋਵਾਹ ਨੇ ਸਭ ਤੋਂ ‘ਵਧੀਆ ਚਰਵਾਹੇ’ ਯਿਸੂ ਨੂੰ ਧਰਤੀ ʼਤੇ ਭੇਜਿਆ। ਯਿਸੂ ਨੇ ਰਿਹਾਈ ਦੀ ਕੀਮਤ ਵਜੋਂ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ ਤਾਂਕਿ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕੇ। (ਯੂਹੰ. 10:11) ਨਾਲੇ ਮੰਡਲੀਆਂ ਵਿਚ ਬਜ਼ੁਰਗਾਂ ਰਾਹੀਂ ਯਹੋਵਾਹ ਆਪਣਾ ਇਹ ਵਾਅਦਾ ਪੂਰਾ ਕਰਦਾ ਹੈ: “ਮੈਂ ਤੁਹਾਨੂੰ ਚਰਵਾਹੇ ਦਿਆਂਗਾ ਜੋ ਮੇਰੀ ਇੱਛਾ ਮੁਤਾਬਕ ਚੱਲਣਗੇ ਅਤੇ ਉਹ ਤੁਹਾਨੂੰ ਗਿਆਨ ਅਤੇ ਡੂੰਘੀ ਸਮਝ ਦੀ ਖ਼ੁਰਾਕ ਦੇਣਗੇ।” (ਯਿਰ. 3:15) ਜਦੋਂ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ, ਤਾਂ ਸਾਨੂੰ ਮਦਦ ਲਈ ਬਜ਼ੁਰਗਾਂ ਨੂੰ ਬੁਲਾਉਣ ਤੋਂ ਝਿਜਕਣਾ ਨਹੀਂ ਚਾਹੀਦਾ। ਯਹੋਵਾਹ ਨੇ ਮੰਡਲੀ ਵਿਚ ਬਜ਼ੁਰਗਾਂ ਦਾ ਜੋ ਪ੍ਰਬੰਧ ਕੀਤਾ ਹੈ, ਆਓ ਆਪਾਂ ਉਸ ਤੋਂ ਪੂਰਾ-ਪੂਰਾ ਫ਼ਾਇਦਾ ਲੈਣ ਦਾ ਪੱਕਾ ਇਰਾਦਾ ਕਰੀਏ।

ਤੁਸੀਂ ਕੀ ਜਵਾਬ ਦਿਓਗੇ?

  • ਸਾਨੂੰ ਮਦਦ ਲਈ ‘ਬਜ਼ੁਰਗਾਂ ਨੂੰ ਕਦੋਂ ਬੁਲਾਉਣਾ’ ਚਾਹੀਦਾ ਹੈ?

  • ਸਾਨੂੰ ਬਜ਼ੁਰਗਾਂ ਨੂੰ ਕਿਉਂ ਬੁਲਾਉਣਾ ਚਾਹੀਦਾ ਹੈ?

  • ਬਜ਼ੁਰਗ ਸਾਡੀ ਮਦਦ ਕਿਵੇਂ ਕਰਦੇ ਹਨ?

ਗੀਤ 31 ਪਰਮੇਸ਼ੁਰ ਦੇ ਨਾਲ-ਨਾਲ ਚੱਲ!

a ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਜੇ ਪਾਪ ਕਰਨ ਵਾਲਾ ਵਿਅਕਤੀ ਬਜ਼ੁਰਗਾਂ ਨੂੰ ਆਪਣੇ ਪਾਪ ਬਾਰੇ ਨਹੀਂ ਦੱਸਦਾ, ਤਾਂ ਤੁਹਾਨੂੰ ਬਜ਼ੁਰਗਾਂ ਕੋਲ ਜਾ ਕੇ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਤੁਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਸਕੋਗੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ