ਅਧਿਐਨ ਲੇਖ 37
ਗੀਤ 114 “ਧੀਰਜ ਰੱਖੋ”
ਅਨਿਆਂ ਹੋਣ ਤੇ ਕੀ ਕਰੀਏ?
“ਉਹ ਨਿਆਂ ਦੀ ਉਡੀਕ ਕਰਦਾ ਰਿਹਾ, ਪਰ ਦੇਖੋ, ਹਰ ਪਾਸੇ ਅਨਿਆਂ ਹੁੰਦਾ ਸੀ।”—ਯਸਾ. 5:7.
ਕੀ ਸਿੱਖਾਂਗੇ?
ਦੂਜਿਆਂ ਨਾਲ ਅਨਿਆਂ ਹੁੰਦਿਆਂ ਦੇਖ ਕੇ ਯਿਸੂ ਨੇ ਕੀ ਕੀਤਾ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ।
1-2. ਅਨਿਆਂ ਹੋਣ ਤੇ ਕਈ ਲੋਕ ਕੀ ਕਰਦੇ ਹਨ ਅਤੇ ਇਸ ਬਾਰੇ ਸ਼ਾਇਦ ਅਸੀਂ ਕੀ ਸੋਚੀਏ?
ਅੱਜ ਚਾਰੇ ਪਾਸੇ ਅਨਿਆਂ ਦਾ ਬੋਲਬਾਲਾ ਹੈ। ਬਹੁਤ ਸਾਰੇ ਲੋਕਾਂ ਨਾਲ ਉਨ੍ਹਾਂ ਦੀ ਜਾਤ, ਭਾਸ਼ਾ ਜਾਂ ਰੰਗ-ਰੂਪ ਕਰਕੇ ਪੱਖਪਾਤ ਕੀਤਾ ਜਾਂਦਾ ਹੈ। ਨਾਲੇ ਗ਼ਰੀਬਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਲਾਲਚੀ ਵਪਾਰੀ ਅਤੇ ਭ੍ਰਿਸ਼ਟਾਚਾਰੀ ਨੇਤਾ ਸਿਰਫ਼ ਆਪਣੀਆਂ ਜੇਬਾਂ ਭਰਨ ਬਾਰੇ ਹੀ ਸੋਚਦੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਕਿ ਉਨ੍ਹਾਂ ਕਰਕੇ ਵਾਤਾਵਰਣ ਅਤੇ ਲੋਕਾਂ ʼਤੇ ਕਿੰਨਾ ਬੁਰਾ ਅਸਰ ਪੈ ਰਿਹਾ ਹੈ। ਅਸੀਂ ਭਾਵੇਂ ਜਿੱਥੇ ਵੀ ਰਹਿੰਦੇ ਹੋਈਏ, ਸਾਨੂੰ ਸਾਰਿਆਂ ਨੂੰ ਕਿਸੇ-ਨਾ-ਕਿਸੇ ਤਰ੍ਹਾਂ ਦਾ ਅਨਿਆਂ ਸਹਿਣਾ ਪੈਂਦਾ ਹੈ।
2 ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਕਈ ਲੋਕ ਦੁਨੀਆਂ ਵਿਚ ਹੁੰਦੇ ਅਨਿਆਂ ਕਰਕੇ ਬਹੁਤ ਗੁੱਸੇ ਵਿਚ ਹਨ। ਅਸੀਂ ਸਾਰੇ ਅਜਿਹੀ ਦੁਨੀਆਂ ਵਿਚ ਰਹਿਣਾ ਚਾਹੁੰਦੇ ਹਾਂ ਜਿੱਥੇ ਅਸੀਂ ਸੁਰੱਖਿਅਤ ਮਹਿਸੂਸ ਕਰੀਏ ਅਤੇ ਸਾਡੇ ਨਾਲ ਨਿਆਂ ਹੋਵੇ। ਇਸ ਕਰਕੇ ਬਹੁਤ ਸਾਰੇ ਲੋਕ ਦੁਨੀਆਂ ਜਾਂ ਆਪਣੇ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅੰਦੋਲਨ ਕਰਦੇ ਹਨ। ਉਹ ਧਰਨੇ ਲਾਉਂਦੇ ਹਨ ਅਤੇ ਅਜਿਹੇ ਨੇਤਾਵਾਂ ਦਾ ਸਾਥ ਦਿੰਦੇ ਹਨ ਜੋ ਅਨਿਆਂ ਖ਼ਿਲਾਫ਼ ਲੜਨ ਦਾ ਵਾਅਦਾ ਕਰਦੇ ਹਨ। ਪਰ ਮਸੀਹੀ ਹੋਣ ਕਰਕੇ ਸਾਨੂੰ ਸਿਖਾਇਆ ਗਿਆ ਹੈ ਕਿ ਅਸੀਂ “ਦੁਨੀਆਂ ਦੇ ਨਹੀਂ” ਹਾਂ ਅਤੇ ਸਾਨੂੰ ਭਰੋਸਾ ਹੈ ਕਿ ਪਰਮੇਸ਼ੁਰ ਦਾ ਰਾਜ ਹਰ ਤਰ੍ਹਾਂ ਦੇ ਅਨਿਆਂ ਨੂੰ ਖ਼ਤਮ ਕਰੇਗਾ। (ਯੂਹੰ. 17:16) ਫਿਰ ਵੀ ਕਿਸੇ ਨਾਲ ਅਨਿਆਂ ਹੁੰਦਾ ਦੇਖ ਕੇ ਸਾਨੂੰ ਦੁੱਖ ਹੁੰਦਾ ਹੈ ਅਤੇ ਕਈ ਵਾਰ ਗੁੱਸਾ ਵੀ ਚੜ੍ਹਦਾ ਹੈ। ਅਸੀਂ ਸ਼ਾਇਦ ਸੋਚੀਏ: ‘ਅਨਿਆਂ ਹੋਣ ਤੇ ਮੈਨੂੰ ਕੀ ਕਰਨਾ ਚਾਹੀਦਾ ਹੈ? ਕੀ ਮੈਂ ਅਨਿਆਂ ਖ਼ਿਲਾਫ਼ ਹੁਣ ਕੁਝ ਕਰ ਸਕਦਾ ਹਾਂ?’ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਤੋਂ ਪਹਿਲਾਂ ਆਓ ਆਪਾਂ ਦੇਖੀਏ ਕਿ ਅਨਿਆਂ ਹੁੰਦਾ ਦੇਖ ਕੇ ਯਹੋਵਾਹ ਤੇ ਯਿਸੂ ਨੂੰ ਕਿਵੇਂ ਲੱਗਦਾ ਹੈ।
ਯਹੋਵਾਹ ਅਤੇ ਯਿਸੂ ਅਨਿਆਂ ਨਾਲ ਨਫ਼ਰਤ ਕਰਦੇ ਹਨ
3. ਅਨਿਆਂ ਹੋਣ ਤੇ ਸਾਡਾ ਗੁੱਸੇ ਹੋਣਾ ਜਾਇਜ਼ ਕਿਉਂ ਹੈ? (ਯਸਾਯਾਹ 5:7)
3 ਬਾਈਬਲ ਦੱਸਦੀ ਹੈ ਕਿ ਅਨਿਆਂ ਹੋਣ ਤੇ ਸਾਡਾ ਗੁੱਸੇ ਹੋਣਾ ਜਾਇਜ਼ ਕਿਉਂ ਹੈ। ਇਹ ਦੱਸਦੀ ਹੈ ਕਿ ਯਹੋਵਾਹ ਨੇ ਸਾਨੂੰ ਆਪਣੇ ਸਰੂਪ ʼਤੇ ਬਣਾਇਆ ਹੈ ਅਤੇ ਉਹ “ਨਿਆਂ-ਪਸੰਦ ਪਰਮੇਸ਼ੁਰ ਹੈ ਅਤੇ ਬਿਨਾਂ ਪੱਖਪਾਤ ਦੇ ਨਿਆਂ ਕਰਦਾ ਹੈ।” (ਜ਼ਬੂ. 33:5; ਉਤ. 1:26) ਉਹ ਕਦੇ ਵੀ ਅਨਿਆਂ ਨਹੀਂ ਕਰਦਾ ਅਤੇ ਨਾ ਹੀ ਚਾਹੁੰਦਾ ਹੈ ਕਿ ਕੋਈ ਕਿਸੇ ਨਾਲ ਅਨਿਆਂ ਕਰੇ। (ਬਿਵ. 32:3, 4; ਮੀਕਾ. 6:8; ਜ਼ਕ. 7:9) ਮਿਸਾਲ ਲਈ, ਯਸਾਯਾਹ ਨਬੀ ਦੇ ਜ਼ਮਾਨੇ ਵਿਚ ਕਈ ਇਜ਼ਰਾਈਲੀ ਦੂਜੇ ਇਜ਼ਰਾਈਲੀਆਂ ਨਾਲ ਬੁਰਾ ਸਲੂਕ ਕਰ ਰਹੇ ਸਨ। ਉਸ ਵੇਲੇ ਯਹੋਵਾਹ ਨੇ ਉਨ੍ਹਾਂ ਦੀ “ਦੁੱਖ ਭਰੀ ਦੁਹਾਈ” ਸੁਣੀ। (ਯਸਾਯਾਹ 5:7 ਪੜ੍ਹੋ।) ਇੰਨਾ ਹੀ ਨਹੀਂ, ਯਹੋਵਾਹ ਨੇ ਉਨ੍ਹਾਂ ਇਜ਼ਰਾਈਲੀਆਂ ਨੂੰ ਸਜ਼ਾ ਵੀ ਦਿੱਤੀ ਜੋ ਵਾਰ-ਵਾਰ ਉਸ ਦੇ ਹੁਕਮ ਤੋੜ ਰਹੇ ਸਨ ਅਤੇ ਦੂਜਿਆਂ ਨਾਲ ਬੁਰਾ ਸਲੂਕ ਕਰ ਰਹੇ ਸਨ।—ਯਸਾ. 5:5, 13.
4. ਕਿਸੇ ਨਾਲ ਅਨਿਆਂ ਹੁੰਦਾ ਦੇਖ ਕੇ ਯਿਸੂ ਨੂੰ ਕਿਵੇਂ ਲੱਗਦਾ ਹੈ? (ਤਸਵੀਰ ਵੀ ਦੇਖੋ।)
4 ਯਹੋਵਾਹ ਵਾਂਗ ਯਿਸੂ ਵੀ ਨਿਆਂ ਨੂੰ ਪਸੰਦ ਕਰਦਾ ਹੈ ਅਤੇ ਅਨਿਆਂ ਨਾਲ ਨਫ਼ਰਤ ਕਰਦਾ ਹੈ। ਧਰਤੀ ʼਤੇ ਆਪਣੀ ਸੇਵਕਾਈ ਦੌਰਾਨ ਇਕ ਮੌਕੇ ਤੇ ਯਿਸੂ ਨੇ ਇਕ ਆਦਮੀ ਨੂੰ ਦੇਖਿਆ ਜਿਸ ਦਾ ਹੱਥ ਸੁੱਕਿਆ ਹੋਇਆ ਸੀ। ਯਿਸੂ ਨੂੰ ਉਸ ʼਤੇ ਤਰਸ ਆਇਆ ਅਤੇ ਉਸ ਨੇ ਉਸ ਦਾ ਹੱਥ ਠੀਕ ਕਰ ਦਿੱਤਾ। ਪਰ ਪੱਥਰ-ਦਿਲ ਧਾਰਮਿਕ ਆਗੂ ਇਹ ਦੇਖ ਕੇ ਬਹੁਤ ਗੁੱਸੇ ਹੋਏ। ਉਨ੍ਹਾਂ ਨੇ ਕਿਹਾ ਕਿ ਯਿਸੂ ਸਬਤ ਦਾ ਕਾਨੂੰਨ ਤੋੜ ਰਿਹਾ ਸੀ। ਪਰ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਉਹ ਆਦਮੀ ਹੁਣ ਬਿਲਕੁਲ ਠੀਕ ਹੋ ਗਿਆ ਸੀ। ਯਿਸੂ ਨੂੰ ਉਨ੍ਹਾਂ ਦਾ ਰਵੱਈਆ ਦੇਖ ਕੇ ਕਿਵੇਂ ਲੱਗਾ? “ਉਨ੍ਹਾਂ ਦੇ ਕਠੋਰ ਦਿਲਾਂ ਕਾਰਨ ਉਹ ਬਹੁਤ ਦੁਖੀ ਹੋਇਆ।”—ਮਰ. 3:1-6.
ਯਹੂਦੀ ਧਾਰਮਿਕ ਆਗੂਆਂ ਨੂੰ ਲੋੜਵੰਦਾਂ ਨਾਲ ਕੋਈ ਹਮਦਰਦੀ ਨਹੀਂ ਸੀ, ਪਰ ਯਿਸੂ ਉਨ੍ਹਾਂ ਵਰਗਾ ਨਹੀਂ ਸੀ (ਪੈਰਾ 4 ਦੇਖੋ)
5. ਅਨਿਆਂ ਹੋਣ ਤੇ ਸ਼ਾਇਦ ਸਾਨੂੰ ਗੁੱਸਾ ਆਵੇ, ਪਰ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
5 ਅਸੀਂ ਦੇਖਿਆ ਕਿ ਲੋਕਾਂ ਨਾਲ ਅਨਿਆਂ ਹੁੰਦਾ ਦੇਖ ਕੇ ਯਹੋਵਾਹ ਤੇ ਯਿਸੂ ਨੂੰ ਬਹੁਤ ਗੁੱਸਾ ਆਉਂਦਾ ਹੈ। ਇਸ ਲਈ ਜੇ ਸਾਨੂੰ ਵੀ ਅਨਿਆਂ ਹੁੰਦਾ ਦੇਖ ਕੇ ਗੁੱਸਾ ਆਉਂਦਾ ਹੈ, ਤਾਂ ਇਸ ਵਿਚ ਕੋਈ ਬੁਰਾਈ ਨਹੀਂ। (ਅਫ਼. 4:26) ਫਿਰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਚਾਹੇ ਸਾਡਾ ਗੁੱਸੇ ਹੋਣਾ ਜਾਇਜ਼ ਹੈ, ਪਰ ਇਸ ਨਾਲ ਅਨਿਆਂ ਦਾ ਖ਼ਾਤਮਾ ਨਹੀਂ ਹੋਣਾ। ਇਸ ਲਈ ਸਾਨੂੰ ਆਪਣੇ ਗੁੱਸੇ ʼਤੇ ਕਾਬੂ ਰੱਖਣਾ ਚਾਹੀਦਾ ਹੈ। ਪਰ ਜੇ ਅਸੀਂ ਲੰਬੇ ਸਮੇਂ ਤਕ ਗੁੱਸੇ ਵਿਚ ਰਹਿੰਦੇ ਹਾਂ ਜਾਂ ਆਪਣੇ ਗੁੱਸੇ ʼਤੇ ਕਾਬੂ ਨਹੀਂ ਪਾਉਂਦੇ, ਤਾਂ ਸਾਨੂੰ ਕੋਈ ਬੀਮਾਰੀ ਲੱਗ ਸਕਦੀ ਹੈ ਜਾਂ ਅਸੀਂ ਨਿਰਾਸ਼ ਹੋ ਸਕਦੇ ਹਾਂ। (ਜ਼ਬੂ. 37:1, 8; ਯਾਕੂ. 1:20) ਤਾਂ ਫਿਰ ਅਨਿਆਂ ਹੋਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਅਸੀਂ ਯਿਸੂ ਤੋਂ ਇਸ ਬਾਰੇ ਸਿੱਖ ਸਕਦੇ ਹਾਂ।
ਅਨਿਆਂ ਹੁੰਦਾ ਦੇਖ ਕੇ ਯਿਸੂ ਨੇ ਕੀ ਕੀਤਾ?
6. ਧਰਤੀ ʼਤੇ ਹੁੰਦਿਆਂ ਯਿਸੂ ਨੇ ਕਿਹੜੇ ਅਨਿਆਂ ਹੁੰਦੇ ਦੇਖੇ? (ਤਸਵੀਰ ਵੀ ਦੇਖੋ।)
6 ਧਰਤੀ ʼਤੇ ਹੁੰਦਿਆਂ ਯਿਸੂ ਨੇ ਦੇਖਿਆ ਕਿ ਲੋਕਾਂ ਨਾਲ ਬਹੁਤ ਅਨਿਆਂ ਹੋ ਰਿਹਾ ਸੀ। ਉਸ ਨੇ ਦੇਖਿਆ ਸੀ ਕਿ ਧਾਰਮਿਕ ਆਗੂਆਂ ਨੇ ਵਾਧੂ ਕਾਨੂੰਨ ਬਣਾਏ ਸਨ ਜਿਨ੍ਹਾਂ ਕਰਕੇ ਆਮ ਲੋਕਾਂ ਦਾ ਜੀਉਣਾ ਔਖਾ ਹੋ ਗਿਆ ਸੀ। (ਮੱਤੀ 23:2-4) ਉਹ ਇਹ ਵੀ ਜਾਣਦਾ ਸੀ ਕਿ ਰੋਮੀ ਅਧਿਕਾਰੀ ਲੋਕਾਂ ਨਾਲ ਬਹੁਤ ਬੁਰਾ ਸਲੂਕ ਕਰ ਰਹੇ ਸਨ। ਇਸ ਕਰਕੇ ਬਹੁਤ ਸਾਰੇ ਯਹੂਦੀ ਲੋਕ ਰੋਮੀ ਹਕੂਮਤ ਤੋਂ ਆਜ਼ਾਦੀ ਪਾਉਣੀ ਚਾਹੁੰਦੇ ਸਨ। ਕੁਝ ਕੱਟੜਪੰਥੀ ਯਹੂਦੀਆਂ ਨੇ ਉਨ੍ਹਾਂ ਖ਼ਿਲਾਫ਼ ਲੜਨ ਲਈ ਆਪਣਾ ਗੁੱਟ ਬਣਾ ਲਿਆ ਸੀ। ਪਰ ਯਿਸੂ ਨੇ ਸਰਕਾਰ ਖ਼ਿਲਾਫ਼ ਲੜਨ ਵਾਲੇ ਕਿਸੇ ਵੀ ਗੁੱਟ ਦਾ ਸਾਥ ਨਹੀਂ ਦਿੱਤਾ। ਜਦੋਂ ਉਸ ਨੂੰ ਪਤਾ ਲੱਗਾ ਕਿ ਲੋਕ ਉਸ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ, ਤਾਂ ਉਹ ਉੱਥੋਂ ਚਲਾ ਗਿਆ।—ਯੂਹੰ. 6:15.
ਜਦੋਂ ਲੋਕ ਯਿਸੂ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ, ਤਾਂ ਉਹ ਉੱਥੋਂ ਚਲਾ ਗਿਆ (ਪੈਰਾ 6 ਦੇਖੋ)
7-8. ਧਰਤੀ ʼਤੇ ਹੁੰਦਿਆਂ ਯਿਸੂ ਨੇ ਅਨਿਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? (ਯੂਹੰਨਾ 18:36)
7 ਧਰਤੀ ʼਤੇ ਹੁੰਦਿਆਂ ਯਿਸੂ ਨੇ ਅਨਿਆਂ ਨੂੰ ਖ਼ਤਮ ਕਰਨ ਲਈ ਕਦੇ ਵੀ ਕਿਸੇ ਰਾਜਨੀਤਿਕ ਗੁੱਟ ਨਾਲ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਿਉਂ? ਕਿਉਂਕਿ ਉਹ ਜਾਣਦਾ ਸੀ ਕਿ ਇਨਸਾਨਾਂ ਕੋਲ ਦੂਜੇ ਇਨਸਾਨਾਂ ʼਤੇ ਹਕੂਮਤ ਕਰਨ ਦਾ ਨਾ ਤਾਂ ਹੱਕ ਹੈ ਅਤੇ ਨਾ ਹੀ ਕਾਬਲੀਅਤ। (ਜ਼ਬੂ. 146:3; ਯਿਰ. 10:23) ਨਾਲੇ ਇਨਸਾਨ ਅਨਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਕਾਬਲ ਨਹੀਂ ਹਨ ਕਿਉਂਕਿ ਇਸ ਦੁਨੀਆਂ ਦੇ ਬਹੁਤ ਸਾਰੇ ਲੋਕ ਅਕਸਰ ਸ਼ੈਤਾਨ ਦੀ ਰੀਸ ਕਰਦੇ ਹਨ ਜੋ ਇਸ ਦੁਨੀਆਂ ʼਤੇ ਰਾਜ ਕਰਦਾ ਹੈ ਅਤੇ ਉਸ ਨੂੰ ਅਨਿਆਂ ਪਸੰਦ ਹੈ। (ਯੂਹੰ. 8:44; ਅਫ਼. 2:2) ਨਾਲੇ ਨਾਮੁਕੰਮਲ ਹੋਣ ਕਰਕੇ ਇਕ ਚੰਗੇ ਤੋਂ ਚੰਗਾ ਇਨਸਾਨ ਵੀ ਹਰ ਵੇਲੇ ਨਿਆਂ ਨਹੀਂ ਕਰ ਸਕਦਾ।—ਉਪ. 7:20.
8 ਯਿਸੂ ਜਾਣਦਾ ਸੀ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਅਨਿਆਂ ਨੂੰ ਜੜ੍ਹੋਂ ਖ਼ਤਮ ਕਰ ਸਕਦਾ ਹੈ। ਇਸ ਕਰਕੇ ਉਸ ਨੇ ਆਪਣਾ ਸਮਾਂ ਤੇ ਤਾਕਤ “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨ ਵਿਚ ਲਾਈ। (ਲੂਕਾ 8:1) ਉਸ ਨੇ “ਇਨਸਾਫ਼ ਦੇ ਭੁੱਖੇ ਅਤੇ ਪਿਆਸੇ” ਲੋਕਾਂ ਨੂੰ ਯਕੀਨ ਦਿਵਾਇਆ ਕਿ ਭ੍ਰਿਸ਼ਟਾਚਾਰ ਅਤੇ ਅਨਿਆਂ ਦਾ ਜ਼ਰੂਰ ਖ਼ਾਤਮਾ ਹੋਵੇਗਾ। (ਮੱਤੀ 5:6 ਅਤੇ ਹਿੰਦੀ ਦੀ ਅਧਿਐਨ ਬਾਈਬਲ ਵਿਚ ਇਸ ਆਇਤ ਬਾਰੇ ਦਿੱਤਾ ਸਟੱਡੀ ਨੋਟ ਦੇਖੋ; ਲੂਕਾ 18:7, 8) ਪਰ ਇਹ ਸਾਰਾ ਕੁਝ ਕਿਸੇ ਇਨਸਾਨੀ ਸੰਗਠਨ ਜਾਂ ਸਮਾਜ ਨੂੰ ਸੁਧਾਰਨ ਲਈ ਕੀਤੇ ਜਾਂਦੇ ਅੰਦੋਲਨਾਂ ਰਾਹੀਂ ਨਹੀਂ, ਸਗੋਂ ਸਿਰਫ਼ ਪਰਮੇਸ਼ੁਰ ਦੇ ਰਾਜ ਦੇ ਜ਼ਰੀਏ ਹੋਵੇਗਾ ਅਤੇ ਇਹ “ਰਾਜ ਇਸ ਦੁਨੀਆਂ ਦਾ ਨਹੀਂ ਹੈ।”—ਯੂਹੰਨਾ 18:36 ਪੜ੍ਹੋ।
ਅਨਿਆਂ ਹੁੰਦਾ ਦੇਖ ਕੇ ਯਿਸੂ ਦੀ ਰੀਸ ਕਿਵੇਂ ਕਰੀਏ?
9. ਕਿਹੜੀ ਗੱਲ ਕਰਕੇ ਤੁਹਾਨੂੰ ਯਕੀਨ ਹੈ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਹਰ ਤਰ੍ਹਾਂ ਦੇ ਅਨਿਆਂ ਨੂੰ ਖ਼ਤਮ ਕਰ ਸਕਦਾ ਹੈ?
9 ਯਿਸੂ ਦੇ ਦਿਨਾਂ ਵਿਚ ਲੋਕਾਂ ਨਾਲ ਜਿੰਨਾ ਅਨਿਆਂ ਹੋ ਰਿਹਾ ਸੀ, ਉਸ ਨਾਲੋਂ ਕਿਤੇ ਜ਼ਿਆਦਾ ਅੱਜ ਇਨ੍ਹਾਂ ‘ਆਖ਼ਰੀ ਦਿਨਾਂ’ ਵਿਚ ਹੋ ਰਿਹਾ ਹੈ। ਪਰ ਅੱਜ ਵੀ ਇਸ ਦਾ ਕਾਰਨ ਸ਼ੈਤਾਨ ਤੇ ਉਸ ਦੇ ਇਸ਼ਾਰਿਆਂ ʼਤੇ ਚੱਲਣ ਵਾਲੇ ਲੋਕ ਹੀ ਹਨ। (2 ਤਿਮੋ. 3:1-5, 13; ਪ੍ਰਕਾ. 12:12) ਯਿਸੂ ਵਾਂਗ ਅਸੀਂ ਵੀ ਜਾਣਦੇ ਹਾਂ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਅਨਿਆਂ ਨੂੰ ਜੜ੍ਹੋਂ ਖ਼ਤਮ ਕਰ ਸਕਦਾ ਹੈ। ਇਸ ਲਈ ਅਸੀਂ ਪਰਮੇਸ਼ੁਰ ਦੇ ਰਾਜ ਦਾ ਪੂਰੀ ਤਰ੍ਹਾਂ ਸਾਥ ਦਿੰਦੇ ਹਾਂ ਅਤੇ ਅਨਿਆਂ ਨੂੰ ਖ਼ਤਮ ਕਰਨ ਲਈ ਇਸ ਦੁਨੀਆਂ ਵਿਚ ਕੱਢੇ ਜਾਂਦੇ ਮੋਰਚਿਆਂ, ਧਰਨਿਆਂ ਤੇ ਹੋਰ ਇੱਦਾਂ ਦੇ ਕੰਮਾਂ ਵਿਚ ਹਿੱਸਾ ਨਹੀਂ ਲੈਂਦੇ। ਜ਼ਰਾ ਭੈਣ ਸਟੇਸੀa ਦੇ ਤਜਰਬੇ ʼਤੇ ਗੌਰ ਕਰੋ। ਸੱਚਾਈ ਸਿੱਖਣ ਤੋਂ ਪਹਿਲਾਂ ਉਹ ਅਕਸਰ ਅਨਿਆਂ ਖ਼ਿਲਾਫ਼ ਲਾਏ ਜਾਂਦੇ ਧਰਨਿਆਂ ਵਿਚ ਹਿੱਸਾ ਲੈਂਦੀ ਸੀ। ਪਰ ਥੋੜ੍ਹੇ ਸਮੇਂ ਬਾਅਦ ਉਹ ਸੋਚਣ ਲੱਗ ਪਈ ਕਿ ਉਹ ਜੋ ਕਰ ਰਹੀ ਹੈ, ਪਤਾ ਨਹੀਂ ਉਸ ਨਾਲ ਸੱਚੀਂ ਲੋਕਾਂ ਦੀ ਮਦਦ ਹੋਵੇਗੀ ਜਾਂ ਨਹੀਂ। ਉਹ ਦੱਸਦੀ ਹੈ: “ਜਦੋਂ ਮੈਂ ਧਰਨਿਆਂ ʼਤੇ ਜਾਂਦੀ ਸੀ, ਤਾਂ ਮੈਂ ਸੋਚਦੀ ਸੀ ਕਿ ਮੈਂ ਜੋ ਕਰ ਰਹੀ ਹਾਂ, ਉਹ ਸਹੀ ਵੀ ਹੈ ਜਾਂ ਨਹੀਂ। ਪਰ ਹੁਣ ਮੈਂ ਪਰਮੇਸ਼ੁਰ ਦੇ ਰਾਜ ਦਾ ਪੱਖ ਲੈ ਰਹੀ ਹਾਂ ਅਤੇ ਜਾਣਦੀ ਹਾਂ ਕਿ ਮੈਂ ਸਹੀ ਕਰ ਰਹੀ ਹਾਂ। ਮੈਨੂੰ ਪਤਾ ਹੈ ਕਿ ਯਹੋਵਾਹ ਅਨਿਆਂ ਦੇ ਸ਼ਿਕਾਰ ਲੋਕਾਂ ਨੂੰ ਮੇਰੇ ਨਾਲੋਂ ਕਿਤੇ ਜ਼ਿਆਦਾ ਵਧੀਆ ਤਰੀਕੇ ਨਾਲ ਨਿਆਂ ਦਿਵਾ ਸਕਦਾ ਹੈ।”—ਜ਼ਬੂ. 72:1, 4.
10. ਸਮਾਜ-ਸੁਧਾਰ ਅੰਦੋਲਨ ਯਿਸੂ ਦੀ ਸਿੱਖਿਆ ਤੋਂ ਉਲਟ ਕਿਵੇਂ ਹਨ? (ਮੱਤੀ 5:43-48) (ਤਸਵੀਰ ਵੀ ਦੇਖੋ।)
10 ਬਹੁਤ ਸਾਰੇ ਲੋਕ ਸਮਾਜ-ਸੁਧਾਰ ਅੰਦੋਲਨਾਂ ਵਿਚ ਹਿੱਸਾ ਲੈਂਦੇ ਹਨ। ਪਰ ਅਕਸਰ ਦੇਖਿਆ ਗਿਆ ਹੈ ਕਿ ਅਜਿਹੇ ਅੰਦੋਲਨਾਂ ਵਿਚ ਲੋਕ ਗੁੱਸੇ ਵਿਚ ਭੜਕ ਉੱਠਦੇ ਹਨ, ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਲੈਂਦੇ ਹਨ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਯਿਸੂ ਨੇ ਸਾਨੂੰ ਇਹ ਸਭ ਕਰਨਾ ਨਹੀਂ ਸਿਖਾਇਆ। (ਅਫ਼. 4:31) ਜੈਫ਼ਰੀ ਨਾਂ ਦੇ ਇਕ ਭਰਾ ਨੇ ਦੱਸਿਆ: “ਜਦੋਂ ਲੋਕ ਧਰਨੇ ਦਿੰਦੇ ਹਨ, ਤਾਂ ਦੇਖਣ ਨੂੰ ਇੱਦਾਂ ਲੱਗਦਾ ਹੈ ਜਿੱਦਾਂ ਸਾਰਾ ਕੁਝ ਸ਼ਾਂਤੀ ਨਾਲ ਹੋ ਰਿਹਾ ਹੈ। ਪਰ ਮਿੰਟਾਂ-ਸਕਿੰਟਾਂ ਵਿਚ ਹੀ ਲੋਕ ਗੁੱਸੇ ਵਿਚ ਭੜਕ ਉੱਠਦੇ ਹਨ, ਭੰਨ-ਤੋੜ ਕਰਦੇ ਹਨ, ਲੁੱਟ-ਖਸੁੱਟ ਕਰਦੇ ਹਨ ਅਤੇ ਇਕ-ਦੂਜੇ ਨਾਲ ਮਾਰ-ਕੁੱਟ ਕਰਦੇ ਹਨ।” ਪਰ ਯਿਸੂ ਨੇ ਸਿਖਾਇਆ ਕਿ ਸਾਨੂੰ ਸਾਰੇ ਇਨਸਾਨਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਇੱਥੋਂ ਤਕ ਕਿ ਉਨ੍ਹਾਂ ਨਾਲ ਵੀ ਜੋ ਸਾਡੇ ਨਾਲ ਸਹਿਮਤ ਨਹੀਂ ਹੁੰਦੇ ਜਾਂ ਸਾਨੂੰ ਸਤਾਉਂਦੇ ਹਨ। (ਮੱਤੀ 5:43-48 ਪੜ੍ਹੋ।) ਮਸੀਹੀਆਂ ਵਜੋਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇੱਦਾਂ ਦਾ ਕੁਝ ਵੀ ਨਾ ਕਰੀਏ ਜੋ ਯਿਸੂ ਦੀਆਂ ਸਿੱਖਿਆਵਾਂ ਖ਼ਿਲਾਫ਼ ਹੋਵੇ।
ਅੱਜ ਦੇ ਰਾਜਨੀਤਿਕ ਤੇ ਸਮਾਜਕ ਮਾਮਲਿਆਂ ਵਿਚ ਨਿਰਪੱਖ ਰਹਿਣ ਲਈ ਸਾਨੂੰ ਦਲੇਰ ਬਣਨ ਦੀ ਲੋੜ ਹੈ (ਪੈਰਾ 10 ਦੇਖੋ)
11. ਸਾਡੇ ਲਈ ਨਿਰਪੱਖ ਬਣੇ ਰਹਿਣਾ ਕਦੋਂ ਔਖਾ ਹੋ ਸਕਦਾ ਹੈ?
11 ਭਾਵੇਂ ਕਿ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਅਨਿਆਂ ਨੂੰ ਜੜ੍ਹੋਂ ਖ਼ਤਮ ਕਰੇਗਾ, ਪਰ ਸਾਡੇ ਲਈ ਉਦੋਂ ਯਿਸੂ ਦੀ ਰੀਸ ਕਰਨੀ ਔਖੀ ਹੋ ਸਕਦੀ ਹੈ ਜਦੋਂ ਸਾਡੇ ਨਾਲ ਅਨਿਆਂ ਕੀਤਾ ਜਾਂਦਾ ਹੈ। ਜ਼ਰਾ ਗੌਰ ਕਰੋ ਕਿ ਭੈਣ ਜਾਨਿਆ ਨਾਲ ਕੀ ਹੋਇਆ। ਕੁਝ ਲੋਕਾਂ ਨੇ ਉਸ ਦੇ ਰੰਗ-ਰੂਪ ਕਰਕੇ ਉਸ ਨਾਲ ਬੁਰਾ ਸਲੂਕ ਕੀਤਾ। ਉਹ ਦੱਸਦੀ ਹੈ: “ਮੇਰਾ ਖ਼ੂਨ ਖੌਲ ਉੱਠਿਆ ਅਤੇ ਮੈਨੂੰ ਦੁੱਖ ਵੀ ਲੱਗਾ। ਮੈਂ ਚਾਹੁੰਦੀ ਸੀ ਕਿ ਮੇਰੇ ਨਾਲ ਬੁਰਾ ਸਲੂਕ ਕਰਨ ਵਾਲਿਆਂ ਨੂੰ ਸਜ਼ਾ ਮਿਲੇ। ਫਿਰ ਮੈਂ ਸੋਚਿਆ ਕਿ ਮੈਂ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਜਾਵਾਂ ਜੋ ਜਾਤ-ਪਾਤ ਤੇ ਪੱਖਪਾਤ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ। ਮੈਨੂੰ ਲੱਗਾ ਕਿ ਇੱਦਾਂ ਕਰਨ ਨਾਲ ਮੇਰਾ ਗੁੱਸਾ ਸ਼ਾਂਤ ਹੋ ਜਾਣਾ।” ਪਰ ਸਮੇਂ ਦੇ ਬੀਤਣ ਨਾਲ ਜਾਨਿਆ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਉਹ ਦੱਸਦੀ ਹੈ: “ਮੈਨੂੰ ਅਹਿਸਾਸ ਹੋਇਆ ਕਿ ਮੈਂ ਯਹੋਵਾਹ ʼਤੇ ਭਰੋਸਾ ਕਰਨ ਦੀ ਬਜਾਇ ਲੋਕਾਂ ਦੀਆਂ ਗੱਲਾਂ ਵਿਚ ਆ ਗਈ ਹਾਂ ਅਤੇ ਉਨ੍ਹਾਂ ʼਤੇ ਭਰੋਸਾ ਕਰਨ ਲੱਗ ਪਈ ਹਾਂ। ਇਸ ਕਰਕੇ ਮੈਂ ਅੰਦੋਲਨ ਕਰਨ ਵਾਲੇ ਉਨ੍ਹਾਂ ਸਾਰੇ ਲੋਕਾਂ ਨਾਲ ਮੇਲ-ਜੋਲ ਰੱਖਣਾ ਛੱਡ ਦਿੱਤਾ।” ਭਾਵੇਂ ਆਪਣੇ ਨਾਲ ਜਾਂ ਕਿਸੇ ਹੋਰ ਨਾਲ ਬੁਰਾ ਸਲੂਕ ਹੋਣ ਤੇ ਸਾਨੂੰ ਗੁੱਸਾ ਆਉਂਦਾ ਹੈ, ਫਿਰ ਵੀ ਸਾਨੂੰ ਆਪਣੇ ਗੁੱਸੇ ʼਤੇ ਕਾਬੂ ਰੱਖਣਾ ਚਾਹੀਦਾ ਹੈ ਅਤੇ ਇਸ ਦੁਨੀਆਂ ਦੇ ਰਾਜਨੀਤਿਕ ਤੇ ਸਮਾਜਕ ਮਾਮਲਿਆਂ ਵਿਚ ਨਿਰਪੱਖ ਰਹਿਣਾ ਚਾਹੀਦਾ ਹੈ।—ਯੂਹੰ. 15:19.
12. ਸਾਨੂੰ ਇਸ ਗੱਲ ਦਾ ਧਿਆਨ ਕਿਉਂ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਪੜ੍ਹਦੇ, ਸੁਣਦੇ ਅਤੇ ਦੇਖਦੇ ਹਾਂ?
12 ਜੇ ਅਨਿਆਂ ਹੁੰਦਾ ਦੇਖ ਕੇ ਸਾਨੂੰ ਗੁੱਸਾ ਆਉਂਦਾ ਹੈ, ਤਾਂ ਅਸੀਂ ਆਪਣੇ ਆਪ ʼਤੇ ਕਾਬੂ ਕਿਵੇਂ ਰੱਖ ਸਕਦੇ ਹਾਂ? ਅਸੀਂ ਕੁਝ ਗੱਲਾਂ ਦਾ ਧਿਆਨ ਰੱਖ ਸਕਦੇ ਹਾਂ, ਜਿਵੇਂ ਕਿ ਅਸੀਂ ਕੀ ਪੜ੍ਹਦੇ, ਸੁਣਦੇ ਤੇ ਦੇਖਦੇ ਹਾਂ। ਸੋਸ਼ਲ ਮੀਡੀਆ ʼਤੇ ਛੋਟੀ ਜਿਹੀ ਗੱਲ ਨੂੰ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਹੈ। ਨਾਲੇ ਲੋਕਾਂ ਨੂੰ ਉਕਸਾਇਆ ਜਾਂਦਾ ਹੈ ਕਿ ਉਹ ਅਨਿਆਂ ਖ਼ਿਲਾਫ਼ ਆਵਾਜ਼ ਉਠਾਉਣ। ਇੰਨਾ ਹੀ ਨਹੀਂ, ਖ਼ਬਰਾਂ ਵਾਲੇ ਸ਼ਾਇਦ ਮਿਰਚ-ਮਸਾਲੇ ਲਾ ਕੇ ਅਜਿਹੀਆਂ ਖ਼ਬਰਾਂ ਫੈਲਾਉਣ, ਜੋ ਸੱਚ ਵੀ ਨਾ ਹੋਣ। ਪਰ ਕੋਈ ਘਟਨਾ ਸ਼ਾਇਦ ਸੱਚ ਵੀ ਹੋਵੇ, ਫਿਰ ਵੀ ਉਸ ਬਾਰੇ ਵਾਰ-ਵਾਰ ਸੋਚਦੇ ਰਹਿਣ ਨਾਲ ਕੀ ਸਾਨੂੰ ਕੋਈ ਫ਼ਾਇਦਾ ਹੋਵੇਗਾ? ਜੇ ਅਸੀਂ ਅਜਿਹੀਆਂ ਖ਼ਬਰਾਂ ਵਿਚ ਹੀ ਖੁੱਭੇ ਰਹਿੰਦੇ ਹਾਂ, ਤਾਂ ਅਸੀਂ ਬਿਨਾਂ ਵਜ੍ਹਾ ਹੀ ਪਰੇਸ਼ਾਨ ਜਾਂ ਨਿਰਾਸ਼ ਹੋ ਸਕਦੇ ਹਾਂ। (ਕਹਾ. 24:10) ਇਸ ਤੋਂ ਵੀ ਬੁਰਾ ਇਹ ਹੋ ਸਕਦਾ ਹੈ ਕਿ ਅਸੀਂ ਇਹ ਸੋਚਣਾ ਹੀ ਬੰਦ ਕਰ ਦੇਈਏ ਕਿ ਪਰਮੇਸ਼ੁਰ ਦਾ ਰਾਜ ਹੀ ਹਰ ਤਰ੍ਹਾਂ ਦੇ ਅਨਿਆਂ ਨੂੰ ਮਿਟਾਵੇਗਾ।
13. ਹਰ ਰੋਜ਼ ਬਾਈਬਲ ਪੜ੍ਹਨ ਨਾਲ ਅਸੀਂ ਕਿਵੇਂ ਅਨਿਆਂ ਹੋਣ ਤੇ ਸਹੀ ਨਜ਼ਰੀਆ ਰੱਖ ਸਕਾਂਗੇ?
13 ਹਰ ਰੋਜ਼ ਬਾਈਬਲ ਪੜ੍ਹਨ ਅਤੇ ਇਸ ʼਤੇ ਸੋਚ-ਵਿਚਾਰ ਕਰਨ ਨਾਲ ਅਸੀਂ ਅਨਿਆਂ ਹੋਣ ਤੇ ਸਹੀ ਨਜ਼ਰੀਆ ਰੱਖ ਸਕਾਂਗੇ। ਜ਼ਰਾ ਭੈਣ ਆਲੀਆ ਦੇ ਤਜਰਬੇ ʼਤੇ ਗੌਰ ਕਰੋ। ਜਦੋਂ ਉਸ ਨੇ ਦੇਖਿਆ ਕਿ ਉਸ ਦੇ ਆਲੇ-ਦੁਆਲੇ ਰਹਿਣ ਵਾਲੇ ਕੁਝ ਲੋਕਾਂ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਸੀ, ਤਾਂ ਉਹ ਬਹੁਤ ਪਰੇਸ਼ਾਨ ਹੋ ਗਈ। ਪਰ ਉਸ ਨੂੰ ਉਦੋਂ ਹੋਰ ਵੀ ਗੁੱਸਾ ਆਇਆ ਜਦੋਂ ਸਤਾਉਣ ਵਾਲਿਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ। ਉਹ ਦੱਸਦੀ ਹੈ: “ਮੈਂ ਆਰਾਮ ਨਾਲ ਬੈਠ ਕੇ ਸੋਚਿਆ, ‘ਕੀ ਮੈਂ ਸੱਚੀਂ ਮੰਨਦੀ ਹਾਂ ਕਿ ਯਹੋਵਾਹ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗਾ?’ ਫਿਰ ਮੈਂ ਅੱਯੂਬ 34:22 ਤੋਂ 29 ਪੜ੍ਹਿਆ। ਇਨ੍ਹਾਂ ਆਇਤਾਂ ਤੋਂ ਮੈਨੂੰ ਯਾਦ ਆਇਆ ਕਿ ਯਹੋਵਾਹ ਸਾਰਾ ਕੁਝ ਦੇਖ ਸਕਦਾ ਹੈ। ਉਹੀ ਸੱਚਾ ਨਿਆਂ ਕਰ ਸਕਦਾ ਅਤੇ ਮਾਮਲਿਆਂ ਨੂੰ ਪੂਰੀ ਤਰ੍ਹਾਂ ਠੀਕ ਕਰ ਸਕਦਾ ਹੈ।” ਅਸੀਂ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਕਰ ਰਹੇ ਹਾਂ ਜਿਸ ਵਿਚ ਹਰ ਕਿਸੇ ਨੂੰ ਨਿਆਂ ਮਿਲੇਗਾ। ਪਰ ਅਨਿਆਂ ਹੋਣ ਤੇ ਅੱਜ ਅਸੀਂ ਕੀ ਕਰ ਸਕਦੇ ਹਾਂ?
ਅਨਿਆਂ ਹੋਣ ਤੇ ਅੱਜ ਅਸੀਂ ਕੀ ਕਰ ਸਕਦੇ ਹਾਂ?
14. ਅਸੀਂ ਦੂਸਰਿਆਂ ਨੂੰ ਅਨਿਆਂ ਕਰਨ ਤੋਂ ਰੋਕ ਤਾਂ ਨਹੀਂ ਸਕਦੇ, ਪਰ ਅਸੀਂ ਆਪਣੇ ਵੱਲੋਂ ਕੀ ਕਰ ਸਕਦੇ ਹਾਂ? (ਕੁਲੁੱਸੀਆਂ 3:10, 11)
14 ਅਸੀਂ ਦੂਸਰਿਆਂ ਨੂੰ ਅਨਿਆਂ ਕਰਨ ਤੋਂ ਰੋਕ ਨਹੀਂ ਸਕਦੇ, ਪਰ ਅਸੀਂ ਇਸ ਗੱਲ ਦਾ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਦੂਜਿਆਂ ਨਾਲ ਕਿਵੇਂ ਪੇਸ਼ ਆਉਂਦੇ ਹਾਂ। ਅਸੀਂ ਪਹਿਲਾਂ ਦੇਖਿਆ ਸੀ ਕਿ ਸਾਨੂੰ ਯਿਸੂ ਵਾਂਗ ਲੋਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਅਜਿਹਾ ਪਿਆਰ ਕਰਨ ਕਰਕੇ ਅਸੀਂ ਦੂਜਿਆਂ ਨਾਲ ਆਦਰ ਨਾਲ ਪੇਸ਼ ਆਵਾਂਗੇ, ਇੱਥੋਂ ਤਕ ਕਿ ਉਨ੍ਹਾਂ ਨਾਲ ਵੀ ਜੋ ਸਾਡੇ ʼਤੇ ਜ਼ੁਲਮ ਕਰਦੇ ਹਨ। (ਮੱਤੀ 7:12; ਰੋਮੀ. 12:17) ਜਦੋਂ ਯਹੋਵਾਹ ਇਹ ਦੇਖਦਾ ਹੈ ਕਿ ਅਸੀਂ ਸਾਰਿਆਂ ਨਾਲ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਨਾਲ ਚੰਗਾ ਸਲੂਕ ਕਰਦੇ ਹਾਂ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।—ਕੁਲੁੱਸੀਆਂ 3:10, 11 ਪੜ੍ਹੋ।
15. ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਨਾਲ ਕੀ ਫ਼ਾਇਦਾ ਹੋਵੇਗਾ?
15 ਅਨਿਆਂ ਦਾ ਲੋਕਾਂ ʼਤੇ ਬਹੁਤ ਬੁਰਾ ਅਸਰ ਹੋਇਆ ਹੈ। ਅਜਿਹੇ ਲੋਕਾਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਉਣਾ। ਅਸੀਂ ਇੱਦਾਂ ਕਿਉਂ ਕਹਿੰਦੇ ਹਾਂ? ਕਿਉਂਕਿ ‘ਯਹੋਵਾਹ ਦਾ ਗਿਆਨ’ ਇਕ ਇਨਸਾਨ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ। ਹੋ ਸਕਦਾ ਹੈ ਕਿ ਇਕ ਵਿਅਕਤੀ ਪਹਿਲਾਂ ਬਹੁਤ ਗੁੱਸੇਖ਼ੋਰ ਹੋਵੇ ਅਤੇ ਲੜਾਈ-ਝਗੜਾ ਕਰਦਾ ਹੋਵੇ, ਪਰ ਬਾਈਬਲ ਸੱਚਾਈਆਂ ਸਿੱਖਣ ਤੋਂ ਬਾਅਦ ਉਹ ਇਕ ਪਿਆਰ ਕਰਨ ਵਾਲਾ ਅਤੇ ਸ਼ਾਂਤ ਸੁਭਾਅ ਦਾ ਇਨਸਾਨ ਬਣ ਸਕਦਾ ਹੈ। (ਯਸਾ. 11:6, 7, 9) ਜ਼ਰਾ ਭਰਾ ਜੇਮਾਲ ਦੇ ਤਜਰਬੇ ʼਤੇ ਗੌਰ ਕਰੋ। ਸੱਚਾਈ ਸਿੱਖਣ ਤੋਂ ਪਹਿਲਾਂ ਉਹ ਇਕ ਅਜਿਹੇ ਗਰੁੱਪ ਨਾਲ ਜੁੜਿਆ ਹੋਇਆ ਸੀ ਜੋ ਸਰਕਾਰ ਖ਼ਿਲਾਫ਼ ਲੜਦਾ ਸੀ। ਉਸ ਨੂੰ ਲੱਗਦਾ ਸੀ ਕਿ ਸਰਕਾਰ ਲੋਕਾਂ ʼਤੇ ਜ਼ੁਲਮ ਕਰ ਰਹੀ ਸੀ। ਪਰ ਉਸ ਨੇ ਬਾਈਬਲ ਤੋਂ ਜੋ ਸਿੱਖਿਆ, ਉਸ ਕਰਕੇ ਉਸ ਨੇ ਲੜਨਾ ਛੱਡ ਦਿੱਤਾ। ਉਹ ਦੱਸਦਾ ਹੈ: “ਤੁਸੀਂ ਲੋਕਾਂ ਨਾਲ ਲੜ ਕੇ ਉਨ੍ਹਾਂ ਨੂੰ ਜ਼ਬਰਦਸਤੀ ਨਹੀਂ ਬਦਲ ਸਕਦੇ। ਪਰ ਬਾਈਬਲ ਦੀਆਂ ਸੱਚਾਈਆਂ ਸਿੱਖ ਕੇ ਲੋਕ ਬਦਲ ਸਕਦੇ ਹਨ ਕਿਉਂਕਿ ਮੈਂ ਵੀ ਤਾਂ ਇੱਦਾਂ ਹੀ ਬਦਲਿਆ ਹਾਂ।” ਜਿੰਨੇ ਜ਼ਿਆਦਾ ਲੋਕ ਬਾਈਬਲ ਦੀਆਂ ਸੱਚਾਈਆਂ ਸਿੱਖ ਕੇ ਖ਼ੁਦ ਨੂੰ ਬਦਲਣਗੇ, ਦੁਨੀਆਂ ਵਿਚ ਅਨਿਆਂ ਉੱਨਾ ਹੀ ਜ਼ਿਆਦਾ ਘਟਦਾ ਜਾਵੇਗਾ।
16. ਤੁਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਕਿਉਂ ਦੱਸਣਾ ਚਾਹੁੰਦੇ ਹੋ?
16 ਯਿਸੂ ਵਾਂਗ ਅਸੀਂ ਵੀ ਲੋਕਾਂ ਨੂੰ ਇਹ ਦੱਸਣ ਲਈ ਤਿਆਰ ਰਹਿੰਦੇ ਹਾਂ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਹਰ ਤਰ੍ਹਾਂ ਦੇ ਅਨਿਆਂ ਨੂੰ ਮਿਟਾਵੇਗਾ। ਇਸ ਉਮੀਦ ਤੋਂ ਅਨਿਆਂ ਝੱਲ ਰਹੇ ਲੋਕਾਂ ਨੂੰ ਹੌਸਲਾ ਮਿਲ ਸਕਦਾ ਹੈ। (ਯਿਰ. 29:11) ਭੈਣ ਸਟੇਸੀ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਮੈਂ ਲੋਕਾਂ ਨਾਲ ਬਹੁਤ ਅਨਿਆਂ ਹੁੰਦਾ ਦੇਖਿਆ ਹੈ ਅਤੇ ਖ਼ੁਦ ਵੀ ਅਨਿਆਂ ਝੱਲਿਆ ਹੈ। ਪਰ ਸੱਚਾਈ ਜਾਣਨ ਕਰਕੇ ਮੈਂ ਇਹ ਸਾਰਾ ਕੁਝ ਝੱਲ ਸਕੀ ਹਾਂ। ਯਹੋਵਾਹ ਨੇ ਬਾਈਬਲ ਰਾਹੀਂ ਮੈਨੂੰ ਦਿਲਾਸਾ ਦਿੱਤਾ ਹੈ।” ਜੇ ਤੁਸੀਂ ਲੋਕਾਂ ਨੂੰ ਦਿਲਾਸਾ ਦੇਣਾ ਚਾਹੁੰਦੇ ਹੋ ਅਤੇ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਅਨਿਆਂ ਨੂੰ ਕਿਵੇਂ ਮਿਟਾਇਆ ਜਾਵੇਗਾ, ਤਾਂ ਤੁਹਾਨੂੰ ਇਸ ਲਈ ਚੰਗੀ ਤਿਆਰੀ ਕਰਨ ਦੀ ਲੋੜ ਹੈ। ਇਸ ਲੇਖ ਵਿਚ ਜ਼ਿਕਰ ਕੀਤੀਆਂ ਬਾਈਬਲ ਦੀਆਂ ਸੱਚਾਈਆਂ ʼਤੇ ਤੁਹਾਨੂੰ ਜਿੰਨਾ ਜ਼ਿਆਦਾ ਯਕੀਨ ਹੋਵੇਗਾ, ਤੁਸੀਂ ਉੱਨੇ ਵਧੀਆ ਤਰੀਕੇ ਨਾਲ ਸਕੂਲ ਅਤੇ ਕੰਮ ਦੀ ਥਾਂ ʼਤੇ ਦੂਜਿਆਂ ਨੂੰ ਅਨਿਆਂ ਬਾਰੇ ਸਮਝਾ ਸਕੋਗੇ।b
17. ਅੱਜ ਅਨਿਆਂ ਨੂੰ ਸਹਿਣ ਵਿਚ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ?
17 ਅਸੀਂ ਜਾਣਦੇ ਹਾਂ ਕਿ ਸਾਨੂੰ ਉਦੋਂ ਤਕ ਅਨਿਆਂ ਸਹਿਣਾ ਪੈਣਾ ਜਦੋਂ ਤਕ ਇਸ “ਦੁਨੀਆਂ ਦੇ ਹਾਕਮ” ਸ਼ੈਤਾਨ ਨੂੰ ‘ਬਾਹਰ ਨਹੀਂ ਕੱਢਿਆ ਜਾਂਦਾ।’ (ਯੂਹੰ. 12:31) ਪਰ ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਅੱਜ ਸਾਡੀ ਮਦਦ ਕਰੇਗਾ ਅਤੇ ਜਲਦੀ ਹੀ ਸ਼ੈਤਾਨ ਤੇ ਹਰ ਤਰ੍ਹਾਂ ਦੀ ਬੁਰਾਈ ਨੂੰ ਖ਼ਤਮ ਕਰ ਦੇਵੇਗਾ। ਇਸ ਕਰਕੇ ਅਸੀਂ ਉਸ ਵਧੀਆ ਸਮੇਂ ਦੀ ਉਡੀਕ ਕਰ ਰਹੇ ਹਾਂ। ਯਹੋਵਾਹ ਨੇ ਬਾਈਬਲ ਰਾਹੀਂ ਸਾਨੂੰ ਨਾ ਸਿਰਫ਼ ਇਹ ਦੱਸਿਆ ਹੈ ਕਿ ਦੁਨੀਆਂ ਵਿਚ ਇੰਨਾ ਅਨਿਆਂ ਕਿਉਂ ਹੈ, ਸਗੋਂ ਇਹ ਵੀ ਦੱਸਿਆ ਹੈ ਕਿ ਜਦੋਂ ਅਸੀਂ ਅਨਿਆਂ ਕਰਕੇ ਦੁਖੀ ਹੁੰਦੇ ਹਾਂ, ਤਾਂ ਉਸ ਨੂੰ ਕਿੱਦਾਂ ਲੱਗਦਾ ਹੈ। (ਜ਼ਬੂ. 34:17-19) ਇਸ ਤੋਂ ਇਲਾਵਾ, ਉਸ ਨੇ ਆਪਣੇ ਪੁੱਤਰ ਯਿਸੂ ਰਾਹੀਂ ਸਾਨੂੰ ਸਿਖਾਇਆ ਹੈ ਕਿ ਅਨਿਆਂ ਹੋਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਉਹ ਆਪਣੇ ਰਾਜ ਰਾਹੀਂ ਕਿਵੇਂ ਹਰ ਤਰ੍ਹਾਂ ਦੇ ਅਨਿਆਂ ਨੂੰ ਜੜ੍ਹੋਂ ਖ਼ਤਮ ਕਰੇਗਾ। (2 ਪਤ. 3:13) ਆਓ ਆਪਾਂ ਪੂਰੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਰਹੀਏ ਅਤੇ ਉਸ ਸਮੇਂ ਦੀ ਉਡੀਕ ਕਰੀਏ ਜਦੋਂ ਪੂਰੀ ਧਰਤੀ ਉੱਤੇ “ਨਿਆਂ ਅਤੇ ਧਾਰਮਿਕਤਾ” ਦਾ ਬਸੇਰਾ ਹੋਵੇਗਾ।—ਯਸਾ. 9:7.
ਗੀਤ 158 ਨਾ ਲਾਵੇਂਗਾ ਦੇਰ!
a ਕੁਝ ਨਾਂ ਬਦਲੇ ਗਏ ਹਨ।
b ਪਿਆਰ ਦਿਖਾਓ—ਚੇਲੇ ਬਣਾਓ ਬਰੋਸ਼ਰ ਵਿੱਚੋਂ “ਵਧੇਰੇ ਜਾਣਕਾਰੀ 1” ਵਿਚ 24-27 ਨੁਕਤੇ ਵੀ ਦੇਖੋ।