ਅਧਿਐਨ ਲੇਖ 38
ਗੀਤ 120 ਯਿਸੂ ਵਾਂਗ ਨਰਮ ਦਿਲ ਬਣੋ
ਦੂਜਿਆਂ ਦਾ ਆਦਰ ਕਰੋ
“ਆਦਰ ਪਾਉਣਾ ਸੋਨੇ-ਚਾਂਦੀ ਨਾਲੋਂ ਬਿਹਤਰ ਹੈ।”—ਕਹਾ. 22:1.
ਕੀ ਸਿੱਖਾਂਗੇ?
ਸਾਨੂੰ ਦੂਜਿਆਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ ਅਤੇ ਜਦੋਂ ਇੱਦਾਂ ਕਰਨਾ ਔਖਾ ਹੋਵੇ, ਤਾਂ ਵੀ ਅਸੀਂ ਉਨ੍ਹਾਂ ਦਾ ਆਦਰ ਕਿਵੇਂ ਕਰ ਸਕਦੇ ਹਾਂ।
1. ਅਸੀਂ ਕਿਉਂ ਚਾਹੁੰਦੇ ਹਾਂ ਕਿ ਸਾਡਾ ਆਦਰ ਕੀਤਾ ਜਾਵੇ? (ਕਹਾਉਤਾਂ 22:1)
ਜਦੋਂ ਲੋਕ ਤੁਹਾਡਾ ਆਦਰ ਕਰਦੇ ਹਨ, ਤਾਂ ਤੁਹਾਨੂੰ ਕਿਵੇਂ ਲੱਗਦਾ ਹੈ? ਤੁਹਾਨੂੰ ਜ਼ਰੂਰ ਵਧੀਆ ਲੱਗਦਾ ਹੋਣਾ। ਹਰ ਇਨਸਾਨ ਆਦਰ ਪਾਉਣਾ ਚਾਹੁੰਦਾ ਹੈ। ਇਸ ਕਰਕੇ ਜਦੋਂ ਦੂਜੇ ਸਾਡਾ ਆਦਰ ਕਰਦੇ ਹਨ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਬਾਈਬਲ ਵਿਚ ਲਿਖਿਆ ਹੈ: “ਆਦਰ ਪਾਉਣਾ ਸੋਨੇ-ਚਾਂਦੀ ਨਾਲੋਂ ਬਿਹਤਰ ਹੈ।”—ਕਹਾਉਤਾਂ 22:1 ਪੜ੍ਹੋ।
2-3. (ੳ) ਸਾਡੇ ਲਈ ਦੂਜਿਆਂ ਦਾ ਆਦਰ ਕਰਨਾ ਹਮੇਸ਼ਾ ਸੌਖਾ ਕਿਉਂ ਨਹੀਂ ਹੁੰਦਾ? (ਅ) ਇਸ ਲੇਖ ਵਿਚ ਅਸੀਂ ਕੀ ਜਾਣਾਂਗੇ?
2 ਸ਼ਾਇਦ ਸਾਡੇ ਲਈ ਦੂਜਿਆਂ ਦਾ ਆਦਰ ਕਰਨਾ ਹਮੇਸ਼ਾ ਸੌਖਾ ਨਾ ਹੋਵੇ। ਇਸ ਦਾ ਇਕ ਕਾਰਨ ਇਹ ਹੈ ਕਿ ਨਾ ਚਾਹੁੰਦੇ ਹੋਏ ਵੀ ਸਾਡਾ ਧਿਆਨ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਚਲਾ ਜਾਂਦਾ ਹੈ। ਨਾਲੇ ਅੱਜ ਦੁਨੀਆਂ ਦੇ ਜ਼ਿਆਦਾਤਰ ਲੋਕ ਕਿਸੇ ਦਾ ਆਦਰ ਨਹੀਂ ਕਰਦੇ। ਪਰ ਸਾਨੂੰ ਉਨ੍ਹਾਂ ਤੋਂ ਵੱਖਰੇ ਨਜ਼ਰ ਆਉਣਾ ਚਾਹੀਦਾ ਹੈ। ਕਿਉਂ? ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ “ਹਰ ਤਰ੍ਹਾਂ ਦੇ ਲੋਕਾਂ ਦਾ ਆਦਰ” ਕਰੀਏ।—1 ਪਤ. 2:17.
3 ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਦੂਜਿਆਂ ਦਾ ਆਦਰ ਕਰਨ ਦਾ ਕੀ ਮਤਲਬ ਹੈ ਅਤੇ ਅਸੀਂ (1) ਆਪਣੇ ਪਰਿਵਾਰ ਦੇ ਮੈਂਬਰਾਂ, (2) ਮਸੀਹੀ ਭੈਣਾਂ-ਭਰਾਵਾਂ ਅਤੇ (3) ਦੁਨੀਆਂ ਦੇ ਲੋਕਾਂ ਨਾਲ ਕਿਵੇਂ ਆਦਰ ਨਾਲ ਪੇਸ਼ ਆ ਸਕਦੇ ਹਾਂ। ਅਸੀਂ ਇਹ ਵੀ ਜਾਣਾਂਗੇ ਕਿ ਜਦੋਂ ਸਾਡੇ ਲਈ ਦੂਜਿਆਂ ਦਾ ਆਦਰ ਕਰਨਾ ਔਖਾ ਹੋਵੇ, ਤਾਂ ਵੀ ਅਸੀਂ ਉਨ੍ਹਾਂ ਦਾ ਆਦਰ ਕਿਵੇਂ ਕਰ ਸਕਦੇ ਹਾਂ।
ਦੂਜਿਆਂ ਦਾ ਆਦਰ ਕਰਨ ਦਾ ਕੀ ਮਤਲਬ ਹੈ?
4. ਦੂਜਿਆਂ ਦਾ ਆਦਰ ਕਰਨ ਦਾ ਕੀ ਮਤਲਬ ਹੈ?
4 ਦੂਜਿਆਂ ਦਾ ਆਦਰ ਕਰਨ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਬਾਰੇ ਕੀ ਸੋਚਦੇ ਹਾਂ ਅਤੇ ਉਨ੍ਹਾਂ ਨਾਲ ਕਿੱਦਾਂ ਪੇਸ਼ ਆਉਂਦੇ ਹਾਂ। ਮਿਸਾਲ ਲਈ, ਜਦੋਂ ਅਸੀਂ ਦੂਜਿਆਂ ਦੇ ਚੰਗੇ ਗੁਣ ਦੇਖਦੇ ਹਾਂ ਅਤੇ ਧਿਆਨ ਦਿੰਦੇ ਹਾਂ ਕਿ ਉਹ ਕਿੰਨੇ ਭਲੇ ਕੰਮ ਕਰ ਰਹੇ ਹਨ, ਤਾਂ ਅਸੀਂ ਉਨ੍ਹਾਂ ਨਾਲ ਆਦਰ ਨਾਲ ਪੇਸ਼ ਆਉਂਦੇ ਹਾਂ। ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਨਾਲ ਵੀ ਆਦਰ ਨਾਲ ਪੇਸ਼ ਆਉਂਦੇ ਹਾਂ ਜਿਨ੍ਹਾਂ ਕੋਲ ਸਾਡੇ ʼਤੇ ਕੁਝ ਅਧਿਕਾਰ ਹੁੰਦਾ ਹੈ। ਅਸੀਂ ਇੱਦਾਂ ਦਿਖਾਵੇ ਲਈ ਨਹੀਂ, ਸਗੋਂ ਦਿਲੋਂ ਕਰਦੇ ਹਾਂ।—ਮੱਤੀ 15:8.
5. ਸਾਨੂੰ ਦੂਜਿਆਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ?
5 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਦਾ ਆਦਰ ਕਰੀਏ। ਮਿਸਾਲ ਲਈ, ਉਹ ਚਾਹੁੰਦਾ ਹੈ ਕਿ ਅਸੀਂ “ਉੱਚ ਅਧਿਕਾਰੀਆਂ” ਦਾ ਆਦਰ ਕਰੀਏ। (ਰੋਮੀ. 13:1, 7) ਪਰ ਕੁਝ ਜਣੇ ਸ਼ਾਇਦ ਕਹਿਣ: “ਆਦਰ ਉੱਦਾਂ ਹੀ ਨਹੀਂ ਮਿਲਦਾ, ਇਸ ਨੂੰ ਕਮਾਉਣਾ ਪੈਂਦਾ ਹੈ।” ਕੀ ਇੱਦਾਂ ਸੋਚਣਾ ਸਹੀ ਹੈ? ਨਹੀਂ। ਚਾਹੇ ਇਕ ਇਨਸਾਨ ਜਿੱਦਾਂ ਦਾ ਮਰਜ਼ੀ ਹੋਵੇ ਅਤੇ ਉਹ ਜੋ ਮਰਜ਼ੀ ਕਰੇ, ਸਾਨੂੰ ਉਸ ਦਾ ਆਦਰ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇੱਦਾਂ ਕਰੀਏ ਅਤੇ ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ।—ਯਹੋ. 4:14; 1 ਪਤ. 3:15.
6. ਕੀ ਕਿਸੇ ਅਜਿਹੇ ਵਿਅਕਤੀ ਦਾ ਆਦਰ ਕਰਨਾ ਮੁਮਕਿਨ ਹੈ ਜੋ ਤੁਹਾਡਾ ਆਦਰ ਨਹੀਂ ਕਰਦਾ? ਸਮਝਾਓ। (ਤਸਵੀਰ ਵੀ ਦੇਖੋ।)
6 ਕੁਝ ਜਣੇ ਸ਼ਾਇਦ ਸੋਚਣ, ‘ਕੀ ਅਜਿਹੇ ਵਿਅਕਤੀ ਦਾ ਆਦਰ ਕਰਨਾ ਮੁਮਕਿਨ ਹੈ ਜੋ ਤੁਹਾਡਾ ਆਦਰ ਨਹੀਂ ਕਰਦਾ?’ ਜੀ ਹਾਂ। ਆਓ ਆਪਾਂ ਕੁਝ ਮਿਸਾਲਾਂ ʼਤੇ ਗੌਰ ਕਰੀਏ। ਰਾਜਾ ਸ਼ਾਊਲ ਨੇ ਸਾਰਿਆਂ ਸਾਮ੍ਹਣੇ ਆਪਣੇ ਪੁੱਤਰ ਯੋਨਾਥਾਨ ਦੀ ਬੇਇੱਜ਼ਤੀ ਕੀਤੀ। (1 ਸਮੂ. 20:30-34) ਫਿਰ ਵੀ ਉਸ ਨੇ ਆਪਣੇ ਪਿਤਾ ਦਾ ਆਦਰ ਕੀਤਾ। ਉਹ ਆਖ਼ਰੀ ਦਮ ਤਕ ਉਸ ਨਾਲ ਮਿਲ ਕੇ ਦੁਸ਼ਮਣਾਂ ਨਾਲ ਲੜਦਾ ਰਿਹਾ। (ਕੂਚ 20:12; 2 ਸਮੂ. 1:23) ਹੁਣ ਜ਼ਰਾ ਹੰਨਾਹ ਬਾਰੇ ਸੋਚੋ। ਮਹਾਂ ਪੁਜਾਰੀ ਏਲੀ ਨੇ ਉਸ ʼਤੇ ਨਸ਼ੇ ਵਿਚ ਹੋਣ ਦਾ ਦੋਸ਼ ਲਾਇਆ। (1 ਸਮੂ. 1:12-14) ਇਜ਼ਰਾਈਲ ਦੇ ਸਾਰੇ ਲੋਕ ਜਾਣਦੇ ਸਨ ਕਿ ਏਲੀ ਨੇ ਆਪਣੇ ਪੁੱਤਰਾਂ ਦੀ ਗ਼ਲਤੀ ਲਈ ਉਨ੍ਹਾਂ ਨੂੰ ਨਹੀਂ ਸੁਧਾਰਿਆ ਸੀ। ਨਾਲੇ ਉਹ ਪਿਤਾ ਤੇ ਮਹਾਂ ਪੁਜਾਰੀ ਵਜੋਂ ਇਕ ਚੰਗੀ ਮਿਸਾਲ ਵੀ ਨਹੀਂ ਸੀ। ਫਿਰ ਵੀ ਹੰਨਾਹ ਨੇ ਏਲੀ ਨਾਲ ਆਦਰ ਨਾਲ ਗੱਲ ਕੀਤੀ। (1 ਸਮੂ. 1:15-18; 2:22-24) ਆਓ ਹੁਣ ਪੌਲੁਸ ਬਾਰੇ ਗੱਲ ਕਰਦੇ ਹਾਂ। ਐਥਿਨਜ਼ ਦੇ ਲੋਕਾਂ ਨੇ ਪੌਲੁਸ ਰਸੂਲ ਦੀ ਬੇਇੱਜ਼ਤੀ ਕੀਤੀ ਅਤੇ ਉਸ ਨੂੰ “ਬਕਵਾਸ ਕਰਨ ਵਾਲਾ” ਕਿਹਾ। (ਰਸੂ. 17:18) ਪਰ ਫਿਰ ਵੀ ਪੌਲੁਸ ਨੇ ਉਨ੍ਹਾਂ ਨਾਲ ਆਦਰ ਨਾਲ ਗੱਲ ਕੀਤੀ। (ਰਸੂ. 17:22) ਇਨ੍ਹਾਂ ਮਿਸਾਲਾਂ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਅਸੀਂ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਹਾਂ ਅਤੇ ਉਸ ਨੂੰ ਨਾਰਾਜ਼ ਕਰਨ ਤੋਂ ਡਰਦੇ ਹਾਂ, ਤਾਂ ਅਸੀਂ ਉਦੋਂ ਵੀ ਦੂਜਿਆਂ ਦਾ ਆਦਰ ਕਰਾਂਗੇ, ਜਦੋਂ ਸਾਨੂੰ ਇੱਦਾਂ ਕਰਨਾ ਔਖਾ ਲੱਗੇਗਾ। ਆਓ ਹੁਣ ਆਪਾਂ ਦੇਖੀਏ ਕਿ ਸਾਨੂੰ ਕਿਨ੍ਹਾਂ ਲੋਕਾਂ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਕਿਉਂ।
ਰਾਜਾ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਦੀ ਬੇਇੱਜ਼ਤੀ ਕੀਤੀ, ਫਿਰ ਵੀ ਉਸ ਨੇ ਆਪਣੇ ਪਿਤਾ ਦਾ ਸਾਥ ਦਿੱਤਾ ਅਤੇ ਉਸ ਨਾਲ ਮਿਲ ਕੇ ਦੁਸ਼ਮਣਾਂ ਨਾਲ ਲੜਦਾ ਰਿਹਾ (ਪੈਰਾ 6 ਦੇਖੋ)
ਆਪਣੇ ਪਰਿਵਾਰ ਦੇ ਮੈਂਬਰਾਂ ਦਾ ਆਦਰ ਕਰੋ
7. ਘਰਦਿਆਂ ਦਾ ਆਦਰ ਕਰਨਾ ਸਾਡੇ ਲਈ ਔਖਾ ਕਿਉਂ ਹੋ ਸਕਦਾ ਹੈ?
7 ਇੱਦਾਂ ਕਰਨਾ ਔਖਾ ਕਿਉਂ ਹੋ ਸਕਦਾ ਹੈ? ਅਸੀਂ ਜ਼ਿਆਦਾਤਰ ਸਮਾਂ ਆਪਣੇ ਘਰਦਿਆਂ ਨਾਲ ਗੁਜ਼ਾਰਦੇ ਹਾਂ। ਇਸ ਕਰਕੇ ਸਾਨੂੰ ਉਨ੍ਹਾਂ ਦੇ ਗੁਣ ਅਤੇ ਕਮੀਆਂ-ਕਮਜ਼ੋਰੀਆਂ ਬਾਰੇ ਪਤਾ ਹੁੰਦਾ ਹੈ। ਹੋ ਸਕਦਾ ਹੈ ਕਿ ਸਾਡੇ ਪਰਿਵਾਰ ਵਿਚ ਕਿਸੇ ਨੂੰ ਕੋਈ ਗੰਭੀਰ ਬੀਮਾਰੀ ਹੋਵੇ ਅਤੇ ਸਾਨੂੰ ਉਸ ਦੀ ਦੇਖ-ਭਾਲ ਕਰਨੀ ਔਖੀ ਲੱਗੇ। ਜਾਂ ਸਾਡੇ ਪਰਿਵਾਰ ਵਿਚ ਕੋਈ ਹੱਦੋਂ ਵੱਧ ਚਿੰਤਾ ਕਰਦਾ ਹੋਵੇ। ਸਾਡੇ ਪਰਿਵਾਰ ਦਾ ਕੋਈ ਮੈਂਬਰ ਸ਼ਾਇਦ ਕੁਝ ਇੱਦਾਂ ਦਾ ਕਹਿ ਜਾਂ ਕਰ ਦੇਵੇ ਜਿਸ ਕਰਕੇ ਸਾਨੂੰ ਠੇਸ ਪਹੁੰਚੇ। ਇਸ ਤੋਂ ਇਲਾਵਾ, ਹੋ ਸਕਦਾ ਹੈ ਕਿ ਪਰਿਵਾਰ ਦਾ ਕੋਈ ਮੈਂਬਰ ਦੂਜਿਆਂ ਦਾ ਆਦਰ ਨਾ ਕਰਦਾ ਹੋਵੇ ਜਾਂ ਲੜਦਾ-ਝਗੜਦਾ ਹੋਵੇ। ਇਨ੍ਹਾਂ ਗੱਲਾਂ ਕਰਕੇ ਸ਼ਾਇਦ ਪਰਿਵਾਰ ਵਿਚ ਨਾ ਤਾਂ ਖ਼ੁਸ਼ੀ ਰਹੇ ਅਤੇ ਨਾ ਹੀ ਸ਼ਾਂਤੀ। ਨਤੀਜੇ ਵਜੋਂ, ਪਰਿਵਾਰ ਵਿਚ ਏਕਤਾ ਨਹੀਂ ਰਹਿੰਦੀ। ਠੀਕ ਜਿੱਦਾਂ ਗਠੀਏ ਦੀ ਬੀਮਾਰੀ ਕਰਕੇ ਸਰੀਰ ਦੇ ਅੰਗ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੇ, ਉਸੇ ਤਰ੍ਹਾਂ ਜਦੋਂ ਘਰਦੇ ਇਕ-ਦੂਜੇ ਦਾ ਆਦਰ ਨਹੀਂ ਕਰਦੇ, ਤਾਂ ਉਹ ਮਿਲ ਕੇ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੇ। ਇਹ ਸੱਚ ਹੈ ਕਿ ਗਠੀਏ ਦੀ ਬੀਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦੀ, ਪਰ ਪਰਿਵਾਰਕ ਰਿਸ਼ਤੇ ਠੀਕ ਹੋ ਸਕਦੇ ਹਨ। ਜੇ ਪਰਿਵਾਰ ਦਾ ਹਰ ਮੈਂਬਰ ਇਕ-ਦੂਜੇ ਦਾ ਆਦਰ ਕਰੇ, ਤਾਂ ਉਨ੍ਹਾਂ ਦੇ ਰਿਸ਼ਤਿਆਂ ਵਿਚ ਫਿਰ ਤੋਂ ਮਿਠਾਸ ਆ ਸਕਦੀ ਹੈ।
8. ਪਰਿਵਾਰ ਦੇ ਮੈਂਬਰਾਂ ਦਾ ਆਦਰ ਕਰਨਾ ਕਿਉਂ ਜ਼ਰੂਰੀ ਹੈ? (1 ਤਿਮੋਥਿਉਸ 5:4, 8)
8 ਆਦਰ ਕਿਉਂ ਕਰੀਏ? (1 ਤਿਮੋਥਿਉਸ 5:4, 8 ਪੜ੍ਹੋ।) ਪੌਲੁਸ ਨੇ ਤਿਮੋਥਿਉਸ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੂੰ ਇਕ-ਦੂਜੇ ਦਾ ਖ਼ਿਆਲ ਕਿਵੇਂ ਰੱਖਣਾ ਚਾਹੀਦਾ ਹੈ। ਉਸ ਨੇ ਸਮਝਾਇਆ ਕਿ ਸਾਨੂੰ ਆਪਣੇ ਘਰਦਿਆਂ ਦਾ ਆਦਰ ਸਿਰਫ਼ ਫ਼ਰਜ਼ ਸਮਝ ਕੇ ਨਹੀਂ, ਸਗੋਂ “ਪਰਮੇਸ਼ੁਰ ਦੀ ਭਗਤੀ” ਕਰਨ ਕਰਕੇ ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਦੂਜਿਆਂ ਦਾ ਆਦਰ ਕਰਨਾ ਸਾਡੀ ਭਗਤੀ ਦਾ ਹਿੱਸਾ ਹੈ। ਯਹੋਵਾਹ ਨੇ ਪਰਿਵਾਰ ਦਾ ਪ੍ਰਬੰਧ ਕੀਤਾ ਹੈ। (ਅਫ਼. 3:14, 15) ਇਸ ਕਰਕੇ ਜਦੋਂ ਅਸੀਂ ਆਪਣੇ ਘਰਦਿਆਂ ਦਾ ਆਦਰ ਕਰਦੇ ਹਾਂ, ਤਾਂ ਅਸਲ ਵਿਚ ਅਸੀਂ ਯਹੋਵਾਹ ਦਾ ਆਦਰ ਕਰ ਰਹੇ ਹੁੰਦੇ ਹਾਂ ਜਿਸ ਨੇ ਪਰਿਵਾਰ ਦੀ ਸ਼ੁਰੂਆਤ ਕੀਤੀ। ਘਰਦਿਆਂ ਦਾ ਆਦਰ ਕਰਨ ਦਾ ਇਹ ਕਿੰਨਾ ਹੀ ਜ਼ਬਰਦਸਤ ਕਾਰਨ ਹੈ!
9. ਪਤੀ-ਪਤਨੀ ਇਕ-ਦੂਜੇ ਦਾ ਆਦਰ ਕਿਵੇਂ ਕਰ ਸਕਦੇ ਹਨ? (ਤਸਵੀਰਾਂ ਵੀ ਦੇਖੋ।)
9 ਆਦਰ ਕਿਵੇਂ ਕਰੀਏ? ਜਿਹੜਾ ਪਤੀ ਆਪਣੀ ਪਤਨੀ ਦਾ ਆਦਰ ਕਰਦਾ ਹੈ, ਉਹ ਇਕੱਲਿਆਂ ਵਿਚ ਅਤੇ ਸਾਰਿਆਂ ਸਾਮ੍ਹਣੇ ਦਿਖਾਉਂਦਾ ਹੈ ਕਿ ਉਹ ਉਸ ਲਈ ਬਹੁਤ ਅਨਮੋਲ ਹੈ। (ਕਹਾ. 31:28; 1 ਪਤ. 3:7) ਉਹ ਕਦੇ ਵੀ ਉਸ ʼਤੇ ਹੱਥ ਨਹੀਂ ਚੁੱਕੇਗਾ, ਨਾ ਹੀ ਉਸ ਦੀ ਬੇਇੱਜ਼ਤੀ ਕਰੇਗਾ ਅਤੇ ਨਾ ਹੀ ਉਸ ਨੂੰ ਨਿਕੰਮਾ ਮਹਿਸੂਸ ਕਰਾਵੇਗਾ। ਅਰਜਨਟੀਨਾ ਵਿਚ ਰਹਿਣ ਵਾਲਾ ਭਰਾ ਏਰੀਅਲa ਦੱਸਦਾ ਹੈ: “ਮੇਰੀ ਪਤਨੀ ਬੀਮਾਰ ਹੋਣ ਕਰਕੇ ਕਈ ਵਾਰ ਮੈਨੂੰ ਬੁਰਾ-ਭਲਾ ਕਹਿ ਦਿੰਦੀ ਹੈ। ਪਰ ਫਿਰ ਮੈਂ ਆਪਣੇ ਆਪ ਨੂੰ ਯਾਦ ਕਰਾਉਂਦਾ ਹਾਂ ਕਿ ਉਸ ਤੋਂ ਇੱਦਾਂ ਬੋਲ ਹੋ ਜਾਂਦਾ ਹੈ, ਪਰ ਉਸ ਦੇ ਦਿਲ ਵਿਚ ਇੱਦਾਂ ਦਾ ਕੁਝ ਨਹੀਂ ਹੁੰਦਾ। ਨਾਲੇ ਮੈਂ ਆਪਣੇ ਆਪ ਨੂੰ ਪਹਿਲਾ ਕੁਰਿੰਥੀਆਂ 13:5 ਵਿਚ ਲਿਖੀ ਗੱਲ ਯਾਦ ਕਰਾਉਂਦਾ ਹਾਂ ਜਿਸ ਕਰਕੇ ਮੈਂ ਆਪਣੀ ਪਤਨੀ ਨਾਲ ਗੁੱਸੇ ਨਾਲ ਪੇਸ਼ ਆਉਣ ਦੀ ਬਜਾਇ ਆਦਰ ਨਾਲ ਪੇਸ਼ ਆਉਂਦਾ ਹਾਂ।” (ਕਹਾ. 19:11) ਜਿਹੜੀ ਪਤਨੀ ਆਪਣੇ ਪਤੀ ਦਾ ਆਦਰ ਕਰਦੀ ਹੈ, ਉਹ ਦੂਜਿਆਂ ਸਾਮ੍ਹਣੇ ਆਪਣੇ ਪਤੀ ਬਾਰੇ ਚੰਗੀਆਂ ਗੱਲਾਂ ਕਰਦੀ ਹੈ। (ਅਫ਼. 5:33) ਉਹ ਆਪਣੇ ਪਤੀ ਨੂੰ ਚੁਭਵੀਆਂ ਗੱਲਾਂ ਨਹੀਂ ਕਹਿੰਦੀ, ਉਸ ਦਾ ਮਜ਼ਾਕ ਨਹੀਂ ਉਡਾਉਂਦੀ ਤੇ ਉਸ ਦੇ ਪੁੱਠੇ-ਸਿੱਧੇ ਨਾਂ ਨਹੀਂ ਲੈਂਦੀ। ਉਹ ਜਾਣਦੀ ਹੈ ਕਿ ਇੱਦਾਂ ਦੀਆਂ ਗੱਲਾਂ ਜੰਗਾਲ ਵਾਂਗ ਹਨ ਜਿਨ੍ਹਾਂ ਕਰਕੇ ਉਨ੍ਹਾਂ ਦਾ ਵਿਆਹੁਤਾ ਰਿਸ਼ਤਾ ਹੌਲੀ-ਹੌਲੀ ਕਮਜ਼ੋਰ ਪੈ ਸਕਦਾ ਹੈ। (ਕਹਾ. 14:1) ਇਟਲੀ ਵਿਚ ਰਹਿਣ ਵਾਲੀ ਇਕ ਭੈਣ ਦੇ ਪਤੀ ਨੂੰ ਗੱਲ-ਗੱਲ ʼਤੇ ਟੈਨਸ਼ਨ ਹੋ ਜਾਂਦੀ ਹੈ। ਉਹ ਦੱਸਦੀ ਹੈ: “ਕਈ ਵਾਰ ਮੈਨੂੰ ਇੱਦਾਂ ਲੱਗਦਾ ਕਿ ਮੇਰੇ ਪਤੀ ਫਾਲਤੂ ਦੀਆਂ ਟੈਨਸ਼ਨਾਂ ਲੈਂਦੇ ਰਹਿੰਦੇ ਹਨ। ਬੀਤੇ ਸਮੇਂ ਵਿਚ ਮੇਰੀਆਂ ਗੱਲਾਂ ਅਤੇ ਹਾਵਾਂ-ਭਾਵਾਂ ਤੋਂ ਲੱਗਦਾ ਸੀ ਕਿ ਮੈਂ ਆਪਣੇ ਪਤੀ ਦਾ ਬਿਲਕੁਲ ਵੀ ਆਦਰ ਨਹੀਂ ਕਰਦੀ। ਪਰ ਮੈਂ ਦੇਖਿਆ ਹੈ ਕਿ ਮੈਂ ਜਿੰਨਾ ਜ਼ਿਆਦਾ ਉਨ੍ਹਾਂ ਲੋਕਾਂ ਨਾਲ ਸਮਾਂ ਬਿਤਾਇਆ ਜੋ ਦੂਜਿਆਂ ਬਾਰੇ ਆਦਰ ਨਾਲ ਗੱਲ ਕਰਦੇ ਹਨ, ਮੈਂ ਉੱਨਾ ਜ਼ਿਆਦਾ ਆਪਣੇ ਪਤੀ ਦਾ ਆਦਰ ਕਰ ਪਾਈ ਹਾਂ।”
ਜਦੋਂ ਅਸੀਂ ਆਪਣੇ ਘਰਦਿਆਂ ਦਾ ਆਦਰ ਕਰਦੇ ਹਾਂ, ਤਾਂ ਅਸੀਂ ਆਪਣੇ ਘਰ ਦੇ ਮੁਖੀ ਯਹੋਵਾਹ ਦਾ ਆਦਰ ਕਰ ਰਹੇ ਹੁੰਦੇ ਹਾਂ (ਪੈਰਾ 9 ਦੇਖੋ)
10. ਬੱਚੇ ਕਿਵੇਂ ਦਿਖਾ ਸਕਦੇ ਹਨ ਕਿ ਉਹ ਆਪਣੇ ਮਾਪਿਆਂ ਦਾ ਆਦਰ ਕਰਦੇ ਹਨ?
10 ਬੱਚਿਓ, ਤੁਸੀਂ ਕਿੱਦਾਂ ਆਪਣੇ ਮਾਪਿਆਂ ਦਾ ਆਦਰ ਕਰ ਸਕਦੇ ਹੋ? ਤੁਹਾਡੇ ਮਾਪਿਆਂ ਨੇ ਪਰਿਵਾਰ ਲਈ ਜੋ ਨਿਯਮ ਬਣਾਏ ਹਨ, ਉਹ ਮੰਨੋ। (ਅਫ਼. 6:1-3) ਆਪਣੇ ਮਾਪਿਆਂ ਨਾਲ ਆਦਰ ਨਾਲ ਗੱਲ ਕਰੋ। (ਕੂਚ 21:17) ਜਦੋਂ ਤੁਹਾਡੇ ਮਾਪੇ ਸਿਆਣੀ ਉਮਰ ਦੇ ਹੋਣ ਲੱਗਦੇ ਹਨ, ਤਾਂ ਉਨ੍ਹਾਂ ਦਾ ਹੋਰ ਵੀ ਚੰਗੀ ਤਰ੍ਹਾਂ ਖ਼ਿਆਲ ਰੱਖੋ। ਜ਼ਰਾ ਭੈਣ ਮਾਰੀਆ ਦੀ ਮਿਸਾਲ ʼਤੇ ਗੌਰ ਕਰੋ। ਉਸ ਦਾ ਡੈਡੀ ਯਹੋਵਾਹ ਦਾ ਗਵਾਹ ਨਹੀਂ ਹੈ। ਜਦੋਂ ਉਹ ਬੀਮਾਰ ਹੋ ਗਿਆ, ਤਾਂ ਉਹ ਉਸ ਨੂੰ ਚੁਭਵੀਆਂ ਗੱਲਾਂ ਕਹਿ ਦਿੰਦਾ ਸੀ। ਇਸ ਲਈ ਮਾਰੀਆ ਲਈ ਆਪਣੇ ਡੈਡੀ ਦੀ ਦੇਖ-ਭਾਲ ਕਰਨੀ ਔਖੀ ਹੋ ਗਈ ਸੀ। ਉਹ ਦੱਸਦੀ ਹੈ: “ਮੈਂ ਪ੍ਰਾਰਥਨਾ ਕੀਤੀ ਕਿ ਮੈਂ ਆਪਣੇ ਡੈਡੀ ਦਾ ਸਿਰਫ਼ ਦਿਲ ਵਿਚ ਹੀ ਆਦਰ ਨਾ ਕਰਾਂ, ਸਗੋਂ ਆਪਣੇ ਕੰਮਾਂ ਰਾਹੀਂ ਵੀ ਆਦਰ ਦਿਖਾਵਾਂ। ਮੈਂ ਆਪਣੇ ਆਪ ਨੂੰ ਯਾਦ ਕਰਾਇਆ ਕਿ ਜੇ ਯਹੋਵਾਹ ਨੇ ਮਾਪਿਆਂ ਦਾ ਆਦਰ ਕਰਨ ਦਾ ਹੁਕਮ ਦਿੱਤਾ ਹੈ, ਤਾਂ ਉਹ ਮੈਨੂੰ ਇੱਦਾਂ ਕਰਨ ਦੀ ਤਾਕਤ ਵੀ ਦੇਵੇਗਾ। ਸਮੇਂ ਦੇ ਬੀਤਣ ਨਾਲ ਮੈਨੂੰ ਅਹਿਸਾਸ ਹੋਇਆ ਕਿ ਭਾਵੇਂ ਮੇਰੇ ਡੈਡੀ ਆਪਣਾ ਰਵੱਈਆ ਨਾ ਵੀ ਬਦਲਣ, ਫਿਰ ਵੀ ਮੈਨੂੰ ਹਰ ਹਾਲ ਵਿਚ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ।” ਜਦੋਂ ਅਸੀਂ ਆਪਣੇ ਘਰਦਿਆਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਨ੍ਹਾਂ ਦਾ ਆਦਰ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਪ੍ਰਬੰਧ ਦਾ ਆਦਰ ਕਰਦੇ ਹਾਂ।
ਮਸੀਹੀ ਭੈਣਾਂ-ਭਰਾਵਾਂ ਦਾ ਆਦਰ ਕਰੋ
11. ਸਾਡੇ ਲਈ ਮਸੀਹੀ ਭੈਣਾਂ-ਭਰਾਵਾਂ ਦਾ ਆਦਰ ਕਰਨਾ ਸ਼ਾਇਦ ਔਖਾ ਕਿਉਂ ਹੋ ਸਕਦਾ ਹੈ?
11 ਇੱਦਾਂ ਕਰਨਾ ਔਖਾ ਕਿਉਂ ਹੋ ਸਕਦਾ ਹੈ? ਸਾਡੇ ਮਸੀਹੀ ਭੈਣ-ਭਰਾ ਬਾਈਬਲ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਂਦੇ ਹਨ। ਪਰ ਕਦੇ-ਕਦਾਈਂ ਕੁਝ ਜਣੇ ਸ਼ਾਇਦ ਸਾਡੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਣ, ਸਾਡੇ ਬਾਰੇ ਗ਼ਲਤ ਰਾਇ ਕਾਇਮ ਕਰ ਲੈਣ ਜਾਂ ਸਾਨੂੰ ਖਿਝ ਚੜ੍ਹਾਉਣ। ਜੇ ਕਿਸੇ ਭੈਣ ਜਾਂ ਭਰਾ ਨੇ ਸਾਨੂੰ “ਕਿਸੇ ਗੱਲੋਂ ਨਾਰਾਜ਼ ਕੀਤਾ” ਹੈ, ਤਾਂ ਸ਼ਾਇਦ ਸਾਡੇ ਲਈ ਉਸ ਦਾ ਆਦਰ ਕਰਨਾ ਔਖਾ ਹੋ ਸਕਦਾ ਹੈ। (ਕੁਲੁ. 3:13) ਪਰ ਕਿਹੜੀ ਗੱਲ ਆਦਰ ਕਰਦੇ ਰਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ?
12. ਸਾਨੂੰ ਆਪਣੇ ਮਸੀਹੀ ਭੈਣਾਂ-ਭਰਾਵਾਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ? (2 ਪਤਰਸ 2:9-12)
12 ਆਦਰ ਕਿਉਂ ਕਰੀਏ? (2 ਪਤਰਸ 2:9-12 ਪੜ੍ਹੋ।) ਪਤਰਸ ਨੇ ਆਪਣੀ ਦੂਜੀ ਚਿੱਠੀ ਵਿਚ ਦੱਸਿਆ ਕਿ ਪਹਿਲੀ ਸਦੀ ਦੇ ਕੁਝ ਮਸੀਹੀ “ਮਹਿਮਾਵਾਨ ਭਰਾਵਾਂ” ਯਾਨੀ ਬਜ਼ੁਰਗਾਂ ਖ਼ਿਲਾਫ਼ ਬੁਰੀਆਂ ਗੱਲਾਂ ਕਰ ਰਹੇ ਸਨ। ਇਹ ਸਭ ਦੇਖ ਕੇ ਵਫ਼ਾਦਾਰ ਦੂਤਾਂ ਨੇ ਕੀ ਕੀਤਾ? “ਯਹੋਵਾਹ ਦਾ ਆਦਰ” ਕਰਨ ਕਰਕੇ ਦੂਤਾਂ ਨੇ ਬੁਰੀਆਂ ਗੱਲਾਂ ਕਰਨ ਵਾਲੇ ਆਦਮੀਆਂ ਖ਼ਿਲਾਫ਼ ਇਕ ਵੀ ਬੁਰਾ ਸ਼ਬਦ ਨਹੀਂ ਕਿਹਾ। ਜ਼ਰਾ ਸੋਚੋ ਕਿ ਦੂਤਾਂ ਨੇ ਉਨ੍ਹਾਂ ਘਮੰਡੀ ਆਦਮੀਆਂ ਬਾਰੇ ਕੁਝ ਵੀ ਬੁਰਾ-ਭਲਾ ਨਹੀਂ ਕਿਹਾ। ਇਸ ਦੀ ਬਜਾਇ, ਦੂਤਾਂ ਨੇ ਮਾਮਲੇ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ ਕਿ ਉਹੀ ਉਨ੍ਹਾਂ ਦਾ ਨਿਆਂ ਕਰੇ ਅਤੇ ਉਨ੍ਹਾਂ ਨੂੰ ਸਜ਼ਾ ਦੇਵੇ। (ਰੋਮੀ. 14:10-12; ਯਹੂਦਾਹ 9 ਵਿਚ ਨੁਕਤਾ ਦੇਖੋ।) ਅਸੀਂ ਇਨ੍ਹਾਂ ਦੂਤਾਂ ਤੋਂ ਕੀ ਸਿੱਖ ਸਕਦੇ ਹਾਂ? ਜੇ ਸਾਨੂੰ ਆਪਣੇ ਵਿਰੋਧੀਆਂ ਦਾ ਆਦਰ ਕਰਨਾ ਚਾਹੀਦਾ ਹੈ, ਤਾਂ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਆਦਰ ਕਰੀਏ। ਇਸ ਲਈ ਆਓ ਆਪਾਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦਾ ਆਦਰ ਕਰਨ ਵਿਚ ‘ਪਹਿਲ ਕਰੀਏ।’ (ਰੋਮੀ. 12:10) ਇੱਦਾਂ ਕਰ ਕੇ ਅਸੀਂ ਯਹੋਵਾਹ ਦਾ ਆਦਰ ਕਰ ਰਹੇ ਹੋਵਾਂਗੇ।
13-14. ਅਸੀਂ ਮੰਡਲੀ ਵਿਚ ਦੂਜਿਆਂ ਦਾ ਆਦਰ ਕਿਵੇਂ ਕਰ ਸਕਦੇ ਹਾਂ? ਇਕ ਮਿਸਾਲ ਦਿਓ। (ਤਸਵੀਰਾਂ ਵੀ ਦੇਖੋ।)
13 ਆਦਰ ਕਿਵੇਂ ਕਰੀਏ? ਬਜ਼ੁਰਗੋ, ਦੂਜਿਆਂ ਨੂੰ ਪਿਆਰ ਨਾਲ ਸਿਖਾਓ। (ਫਿਲੇ. 8, 9) ਜੇ ਤੁਹਾਨੂੰ ਕਿਸੇ ਨੂੰ ਸਲਾਹ ਦੇਣ ਦੀ ਲੋੜ ਪੈਂਦੀ ਹੈ, ਤਾਂ ਖਿੱਝ ਕੇ ਨਹੀਂ, ਸਗੋਂ ਪਿਆਰ ਨਾਲ ਸਲਾਹ ਦਿਓ। ਭੈਣੋ, ਤੁਸੀਂ ਮੰਡਲੀ ਵਿਚ ਇਕ-ਦੂਜੇ ਦਾ ਆਦਰ ਕਰਨ ਵਿਚ ਵਧੀਆ ਮਿਸਾਲ ਰੱਖ ਸਕਦੀਆਂ ਹੋ। ਕਿਵੇਂ? ਤੁਹਾਨੂੰ ਨਾ ਤਾਂ ਕਿਸੇ ਬਾਰੇ ਬੁਰੀ ਗੱਲ ਕਰਨੀ ਚਾਹੀਦੀ ਹੈ, ਨਾ ਹੀ ਕਿਸੇ ਦਾ ਨਾਂ ਬਦਨਾਮ ਕਰਨਾ ਚਾਹੀਦਾ ਹੈ ਅਤੇ ਇੱਦਾਂ ਦੀਆਂ ਗੱਲਾਂ ਵਿਚ ਕਿਸੇ ਦਾ ਸਾਥ ਵੀ ਨਹੀਂ ਦੇਣਾ ਚਾਹੀਦਾ। (ਤੀਤੁ. 2:3-5) ਮੰਡਲੀ ਦੇ ਸਾਰੇ ਭੈਣ-ਭਰਾ ਬਜ਼ੁਰਗਾਂ ਦਾ ਆਦਰ ਕਰ ਸਕਦੇ ਹਨ। ਸਾਡੇ ਬਜ਼ੁਰਗ ਸਭਾਵਾਂ ਚਲਾਉਣ ਲਈ, ਪ੍ਰਚਾਰ ਵਿਚ ਅਗਵਾਈ ਕਰਨ ਲਈ ਅਤੇ ਉਸ ਭੈਣ ਜਾਂ ਭਰਾ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਜਿਸ ਨੇ “ਗ਼ਲਤ ਕਦਮ” ਉਠਾ ਲਿਆ ਹੈ। ਬਜ਼ੁਰਗਾਂ ਦੇ ਇਨ੍ਹਾਂ ਕੰਮਾਂ ਲਈ ਸ਼ੁਕਰਗੁਜ਼ਾਰ ਹੋ ਕੇ ਅਤੇ ਉਨ੍ਹਾਂ ਦਾ ਪੂਰਾ ਸਾਥ ਦੇ ਕੇ ਅਸੀਂ ਸਾਰੇ ਉਨ੍ਹਾਂ ਦਾ ਆਦਰ ਕਰ ਸਕਦੇ ਹਾਂ।—ਗਲਾ. 6:1; 1 ਤਿਮੋ. 5:17.
14 ਜ਼ਰਾ ਭੈਣ ਰੋਸੀਓ ਦੀ ਮਿਸਾਲ ʼਤੇ ਗੌਰ ਕਰੋ। ਉਸ ਲਈ ਇਕ ਬਜ਼ੁਰਗ ਦਾ ਆਦਰ ਕਰਨਾ ਔਖਾ ਸੀ ਜਿਸ ਨੇ ਉਸ ਨੂੰ ਸਲਾਹ ਦਿੱਤੀ ਸੀ। ਭੈਣ ਦੱਸਦੀ ਹੈ: “ਮੈਨੂੰ ਲੱਗਾ ਕਿ ਉਸ ਬਜ਼ੁਰਗ ਨੇ ਮੇਰੇ ਨਾਲ ਸਖ਼ਤੀ ਨਾਲ ਗੱਲ ਕੀਤੀ। ਘਰੇ ਮੈਂ ਉਸ ਬਾਰੇ ਬੁਰਾ-ਭਲਾ ਕਹਿਣ ਲੱਗ ਪਈ। ਭਾਵੇਂ ਕਿ ਮੈਂ ਉਸ ਨੂੰ ਇਹ ਨਹੀਂ ਦਿਖਾਇਆ ਕਿ ਮੈਂ ਉਸ ਬਾਰੇ ਕੀ ਸੋਚਦੀ ਸੀ, ਪਰ ਅੰਦਰੋਂ ਮੈਂ ਉਸ ਬਜ਼ੁਰਗ ਦੇ ਇਰਾਦਿਆਂ ʼਤੇ ਸ਼ੱਕ ਕੀਤਾ ਅਤੇ ਉਸ ਦੀ ਸਲਾਹ ਨੂੰ ਨਹੀਂ ਮੰਨਿਆ।” ਭੈਣ ਰੋਸੀਓ ਆਪਣੀ ਸੋਚ ਕਿਵੇਂ ਬਦਲ ਸਕੀ? ਉਹ ਕਹਿੰਦੀ ਹੈ: “ਬਾਈਬਲ ਪੜ੍ਹਦਿਆਂ ਮੈਂ ਪਹਿਲਾ ਥੱਸਲੁਨੀਕੀਆਂ 5 ਦਾ 12, 13 ਪੜ੍ਹਿਆ। ਮੈਨੂੰ ਅਹਿਸਾਸ ਹੋਇਆ ਕਿ ਮੈਂ ਉਸ ਭਰਾ ਦਾ ਆਦਰ ਨਹੀਂ ਕਰ ਰਹੀ ਸੀ। ਮੇਰੀ ਜ਼ਮੀਰ ਮੈਨੂੰ ਲਾਹਨਤਾਂ ਪਾਉਣ ਲੱਗ ਪਈ। ਮੈਂ ਯਹੋਵਾਹ ਨੂੰ ਇਸ ਬਾਰੇ ਪ੍ਰਾਰਥਨਾ ਕੀਤੀ ਅਤੇ ਆਪਣੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕੀਤੀ। ਮੈਨੂੰ ਅਜਿਹੀ ਜਾਣਕਾਰੀ ਮਿਲੀ ਜਿਸ ਕਰਕੇ ਮੈਂ ਆਪਣੀ ਸੋਚ ਬਦਲ ਸਕੀ। ਮੈਨੂੰ ਅਹਿਸਾਸ ਹੋਇਆ ਕਿ ਗ਼ਲਤੀ ਉਸ ਭਰਾ ਦੀ ਨਹੀਂ, ਸਗੋਂ ਮੇਰੀ ਸੀ। ਮੇਰਾ ਘਮੰਡ ਹੀ ਮੈਨੂੰ ਸਲਾਹ ਮੰਨਣ ਤੋਂ ਰੋਕ ਰਿਹਾ ਸੀ। ਇਸ ਤੋਂ ਮੈਂ ਇਕ ਗੱਲ ਸਿੱਖੀ ਕਿ ਦੂਜਿਆਂ ਦਾ ਆਦਰ ਕਰਨ ਲਈ ਨਿਮਰ ਹੋਣਾ ਬਹੁਤ ਜ਼ਰੂਰੀ ਹੈ। ਮੈਂ ਇੱਦਾਂ ਕਰਨ ਦੀ ਬਹੁਤ ਕੋਸ਼ਿਸ਼ ਕਰ ਰਹੀ ਹਾਂ ਅਤੇ ਮੈਂ ਜਾਣਦੀ ਹਾਂ ਕਿ ਯਹੋਵਾਹ ਮੇਰੀ ਮਿਹਨਤ ਦੇਖ ਕੇ ਖ਼ੁਸ਼ ਹੈ।”
ਮੰਡਲੀ ਦੇ ਸਾਰੇ ਭੈਣ-ਭਰਾ ਬਜ਼ੁਰਗਾਂ ਦਾ ਪੂਰਾ ਸਾਥ ਦੇ ਕੇ ਅਤੇ ਉਨ੍ਹਾਂ ਦੀ ਮਿਹਨਤ ਦੀ ਕਦਰ ਕਰ ਕੇ ਉਨ੍ਹਾਂ ਦਾ ਆਦਰ ਕਰ ਸਕਦੇ ਹਨ (ਪੈਰੇ 13-14 ਦੇਖੋ)
ਦੁਨੀਆਂ ਦੇ ਲੋਕਾਂ ਦਾ ਆਦਰ ਕਰੋ
15. ਦੁਨੀਆਂ ਦੇ ਲੋਕਾਂ ਦਾ ਆਦਰ ਕਰਨਾ ਔਖਾ ਕਿਉਂ ਹੋ ਸਕਦਾ ਹੈ?
15 ਇੱਦਾਂ ਕਰਨਾ ਔਖਾ ਕਿਉਂ ਹੋ ਸਕਦਾ ਹੈ? ਅਸੀਂ ਪ੍ਰਚਾਰ ਵਿਚ ਅਕਸਰ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਜਾਂ ਬਾਈਬਲ ਬਾਰੇ ਜਾਣਨ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ। (ਅਫ਼. 4:18) ਕੁਝ ਲੋਕ ਸਾਡੀ ਗੱਲ ਸੁਣਨ ਤੋਂ ਸਾਫ਼ ਮਨ੍ਹਾ ਕਰ ਦਿੰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਉਨ੍ਹਾਂ ਨੂੰ ਬਚਪਨ ਤੋਂ ਜੋ ਸਿਖਾਇਆ ਗਿਆ ਹੈ, ਉਹੀ ਸਹੀ ਹੈ। ਇਸ ਤੋਂ ਇਲਾਵਾ, ਸ਼ਾਇਦ ਸਾਡੇ ਨਾਲ ਕੰਮ ਕਰਨ ਵਾਲੇ ਜਾਂ ਸਕੂਲ ਵਿਚ ਪੜ੍ਹਨ ਵਾਲੇ ਸਾਡੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਣ। ਜਾਂ ਫਿਰ ਸਾਡਾ ਮਾਲਕ ਜਾਂ ਸਕੂਲ ਦਾ ਕੋਈ ਟੀਚਰ ਸਾਡੀ ਮਿਹਨਤ ਦੀ ਕੋਈ ਕਦਰ ਨਾ ਕਰੇ। ਸਮੇਂ ਦੇ ਬੀਤਣ ਨਾਲ ਇੱਦਾਂ ਦੇ ਲੋਕਾਂ ਲਈ ਸਾਡੇ ਦਿਲ ਵਿਚ ਆਦਰ ਘੱਟ ਸਕਦਾ ਹੈ ਅਤੇ ਸ਼ਾਇਦ ਅਸੀਂ ਉਨ੍ਹਾਂ ਨਾਲ ਉੱਦਾਂ ਪੇਸ਼ ਨਾ ਆਈਏ ਜਿੱਦਾਂ ਅਸੀਂ ਆਪ ਚਾਹੁੰਦੇ ਹਾਂ।
16. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਦੁਨੀਆਂ ਦੇ ਲੋਕਾਂ ਦਾ ਆਦਰ ਕਰੀਏ? (1 ਪਤਰਸ 2:12; 3:15)
16 ਆਦਰ ਕਿਉਂ ਕਰੀਏ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਇਸ ਗੱਲ ʼਤੇ ਧਿਆਨ ਦਿੰਦਾ ਹੈ ਕਿ ਅਸੀਂ ਦੁਨੀਆਂ ਦੇ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ। ਪਤਰਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਸੀ ਕਿ ਸਾਡਾ ਚੰਗਾ ਚਾਲ-ਚਲਣ ਦੇਖ ਕੇ ਸ਼ਾਇਦ ਲੋਕ “ਪਰਮੇਸ਼ੁਰ ਦੀ ਵਡਿਆਈ” ਕਰਨ। ਇਸ ਲਈ ਉਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜਦੋਂ ਉਹ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਦੇ ਹਨ, ਤਾਂ ਹਮੇਸ਼ਾ “ਨਰਮਾਈ ਅਤੇ ਪੂਰੇ ਆਦਰ ਨਾਲ” ਗੱਲ ਕਰਨ। (1 ਪਤਰਸ 2:12; 3:15 ਪੜ੍ਹੋ।) ਤਾਂ ਫਿਰ ਚਾਹੇ ਅਸੀਂ ਕਿਸੇ ਵੱਡੇ ਅਧਿਕਾਰੀ ਸਾਮ੍ਹਣੇ ਜਾਂ ਲੋਕਾਂ ਸਾਮ੍ਹਣੇ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰ ਰਹੇ ਹੋਈਏ, ਸਾਨੂੰ ਹਮੇਸ਼ਾ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਰਾ ਕੁਝ ਦੇਖ ਰਿਹਾ ਹੈ ਅਤੇ ਉਹ ਧਿਆਨ ਦਿੰਦਾ ਹੈ ਕਿ ਅਸੀਂ ਕੀ ਕਹਿੰਦੇ ਤੇ ਕਿੱਦਾਂ ਕਹਿੰਦੇ ਹਾਂ। ਦੁਨਿਆਵੀ ਲੋਕਾਂ ਦਾ ਆਦਰ ਕਰਨ ਦਾ ਇਹ ਕਿੰਨਾ ਹੀ ਜ਼ਬਰਦਸਤ ਕਾਰਨ ਹੈ!
17. ਅਸੀਂ ਦੁਨੀਆਂ ਦੇ ਲੋਕਾਂ ਦਾ ਆਦਰ ਕਿਵੇਂ ਕਰ ਸਕਦੇ ਹਾਂ?
17 ਆਦਰ ਕਿਵੇਂ ਕਰੀਏ? ਹੋ ਸਕਦਾ ਹੈ ਕਿ ਸਾਡੇ ਇਲਾਕੇ ਦੇ ਜ਼ਿਆਦਾਤਰ ਲੋਕ ਬਾਈਬਲ ਬਾਰੇ ਬਿਲਕੁਲ ਵੀ ਨਾ ਜਾਣਦੇ ਹੋਣ ਜਾਂ ਬਹੁਤ ਘੱਟ ਜਾਣਦੇ ਹੋਣ। ਇਸ ਲਈ ਪ੍ਰਚਾਰ ਕਰਦਿਆਂ ਸਾਨੂੰ ਕਦੇ ਵੀ ਲੋਕਾਂ ਨੂੰ ਇੱਦਾਂ ਮਹਿਸੂਸ ਨਹੀਂ ਕਰਾਉਣਾ ਚਾਹੀਦਾ ਕਿ ਉਹ ਕਿਸੇ ਵੀ ਗੱਲੋਂ ਸਾਡੇ ਨਾਲੋਂ ਘੱਟ ਹਨ। ਸਾਨੂੰ ਹਮੇਸ਼ਾ ਉਨ੍ਹਾਂ ਨੂੰ ਆਪਣੇ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ। (ਹੱਜ. 2:7; ਫ਼ਿਲਿ. 2:3) ਜੇ ਪ੍ਰਚਾਰ ਵਿਚ ਕੋਈ ਤੁਹਾਡਾ ਵਿਰੋਧ ਕਰਦਾ ਹੈ ਜਾਂ ਤੁਹਾਨੂੰ ਬੁਰਾ-ਭਲਾ ਕਹਿੰਦਾ ਹੈ, ਤਾਂ ਤੁਸੀਂ ਬਦਲੇ ਵਿਚ ਉਸ ਨੂੰ ਬੁਰਾ-ਭਲਾ ਨਾ ਕਹੋ ਅਤੇ ਨਾ ਹੀ ਕੁਝ ਅਜਿਹਾ ਕਹੋ ਜਿਸ ਨਾਲ ਲੱਗੇ ਕਿ ਤੁਸੀਂ ਉਸ ਨਾਲੋਂ ਜ਼ਿਆਦਾ ਹੁਸ਼ਿਆਰ ਹੋ। (1 ਪਤ. 2:23) ਨਾਲੇ ਜੇ ਤੁਸੀਂ ਕਿਸੇ ਨੂੰ ਕੁਝ ਅਜਿਹਾ ਕਹਿ ਦਿੰਦੇ ਹੋ ਜੋ ਤੁਹਾਨੂੰ ਨਹੀਂ ਕਹਿਣਾ ਚਾਹੀਦਾ ਸੀ, ਤਾਂ ਤੁਰੰਤ ਉਸ ਤੋਂ ਮਾਫ਼ੀ ਮੰਗੋ। ਤੁਸੀਂ ਕੰਮ ਦੀ ਥਾਂ ʼਤੇ ਲੋਕਾਂ ਦਾ ਆਦਰ ਕਿਵੇਂ ਕਰ ਸਕਦੇ ਹੋ? ਤੁਸੀਂ ਜੋ ਵੀ ਕੰਮ ਕਰਦੇ ਹੋ, ਉਸ ਨੂੰ ਪੂਰੀ ਮਿਹਨਤ ਨਾਲ ਕਰੋ। ਆਪਣੇ ਨਾਲ ਕੰਮ ਕਰਨ ਵਾਲਿਆਂ ਅਤੇ ਆਪਣੇ ਮਾਲਕ ਦੇ ਚੰਗੇ ਗੁਣਾਂ ʼਤੇ ਧਿਆਨ ਦਿਓ। (ਤੀਤੁ. 2:9, 10) ਜਦੋਂ ਤੁਸੀਂ ਈਮਾਨਦਾਰ ਤੇ ਮਿਹਨਤੀ ਬਣੋਗੇ ਅਤੇ ਪੂਰੇ ਜੀ-ਜਾਨ ਨਾਲ ਕੰਮ ਕਰੋਗੇ, ਤਾਂ ਲੋਕ ਚਾਹੇ ਤੁਹਾਡੇ ਤੋਂ ਖ਼ੁਸ਼ ਹੋਣ ਜਾਂ ਨਾ ਹੋਣ, ਪਰ ਪਰਮੇਸ਼ੁਰ ਤੁਹਾਡੇ ਤੋਂ ਜ਼ਰੂਰ ਖ਼ੁਸ਼ ਹੋਵੇਗਾ।—ਕੁਲੁ. 3:22, 23.
18. ਸਾਨੂੰ ਆਦਰ ਕਰਨਾ ਕਿਉਂ ਸਿੱਖਣਾ ਚਾਹੀਦਾ ਹੈ ਅਤੇ ਦੂਜਿਆਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ?
18 ਇਸ ਲੇਖ ਵਿਚ ਅਸੀਂ ਦੇਖਿਆ ਕਿ ਸਾਡੇ ਕੋਲ ਬਹੁਤ ਸਾਰੇ ਕਾਰਨ ਹਨ ਕਿ ਅਸੀਂ ਦੂਜਿਆਂ ਦਾ ਆਦਰ ਕਰਨਾ ਸਿੱਖੀਏ ਅਤੇ ਉਨ੍ਹਾਂ ਦਾ ਆਦਰ ਕਰੀਏ। ਜਦੋਂ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਆਦਰ ਕਰਦੇ ਹਾਂ, ਤਾਂ ਅਸੀਂ ਆਪਣੇ ਘਰ ਦੇ ਮੁਖੀ ਯਹੋਵਾਹ ਦਾ ਆਦਰ ਕਰ ਰਹੇ ਹੁੰਦੇ ਹਾਂ। ਆਪਣੇ ਮਸੀਹੀ ਭੈਣਾਂ-ਭਰਾਵਾਂ ਦਾ ਆਦਰ ਕਰ ਕੇ ਵੀ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਸਵਰਗੀ ਪਿਤਾ ਦਾ ਆਦਰ ਕਰ ਰਹੇ ਹਾਂ। ਨਾਲੇ ਜਦੋਂ ਅਸੀਂ ਦੁਨੀਆਂ ਦੇ ਲੋਕਾਂ ਦਾ ਆਦਰ ਕਰਦੇ ਹਾਂ, ਤਾਂ ਹੋ ਸਕਦਾ ਹੈ ਕਿ ਉਹ ਸਾਡਾ ਚਾਲ-ਚਲਣ ਦੇਖ ਕੇ ਸਾਡੇ ਮਹਾਨ ਪਰਮੇਸ਼ੁਰ ਦੀ ਵਡਿਆਈ ਕਰਨ। ਭਾਵੇਂ ਦੂਜੇ ਸਾਡਾ ਆਦਰ ਨਾ ਵੀ ਕਰਨ, ਤਾਂ ਵੀ ਸਾਨੂੰ ਦੂਜਿਆਂ ਲਈ ਆਪਣੇ ਦਿਲ ਵਿਚ ਆਦਰ ਪੈਦਾ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਇੱਦਾਂ ਕਰਨ ਨਾਲ ਯਹੋਵਾਹ ਸਾਨੂੰ ਬਰਕਤ ਦੇਵੇਗਾ। ਉਸ ਨੇ ਵਾਅਦਾ ਕੀਤਾ ਹੈ: “ਜੋ ਮੇਰਾ ਆਦਰ ਕਰਦੇ ਹਨ, ਮੈਂ ਉਨ੍ਹਾਂ ਦਾ ਆਦਰ ਕਰਾਂਗਾ।”—1 ਸਮੂ. 2:30.
ਗੀਤ 129 ਅੰਤ ਤਕ ਧੀਰਜ ਰੱਖਾਂਗੇ
a ਕੁਝ ਨਾਂ ਬਦਲੇ ਗਏ ਹਨ।