ਪਾਠਕਾਂ ਵੱਲੋਂ ਸਵਾਲ
ਕਹਾਉਤਾਂ 30:18, 19 ਦੇ ਲਿਖਾਰੀ ਨੇ ਕਿਹਾ ਕਿ “ਮੁਟਿਆਰ ਨਾਲ ਆਦਮੀ ਦਾ ਵਰਤਾਅ” ਉਸ ਦੀ “ਸਮਝ ਤੋਂ ਬਾਹਰ” ਸੀ। ਉਸ ਦੇ ਕਹਿਣ ਦਾ ਕੀ ਮਤਲਬ ਸੀ?
ਇਨ੍ਹਾਂ ਸ਼ਬਦਾਂ ਨੂੰ ਲੈ ਕੇ ਬਹੁਤ ਸਾਰੇ ਲੋਕ ਅਤੇ ਕੁਝ ਮਾਹਰ ਉਲਝਣ ਵਿਚ ਹਨ। ਨਵੀਂ ਦੁਨੀਆਂ ਅਨੁਵਾਦ ਵਿਚ ਕਹਾਉਤਾਂ 30:18, 19 ਵਿਚ ਲਿਖਿਆ ਹੈ: “ਤਿੰਨ ਗੱਲਾਂ ਮੇਰੀ ਸਮਝ ਤੋਂ ਬਾਹਰ ਹਨ [ਜਾਂ “ਮੈਨੂੰ ਹੈਰਾਨ ਕਰਦੀਆਂ ਹਨ,” ਫੁਟਨੋਟ], ਸਗੋਂ ਚਾਰ ਹਨ ਜੋ ਮੈਨੂੰ ਸਮਝ ਨਹੀਂ ਲੱਗਦੀਆਂ: ਆਕਾਸ਼ ਵਿਚ ਉਕਾਬ ਦਾ ਰਾਹ, ਚਟਾਨ ਉੱਤੇ ਸੱਪ ਦਾ ਰਾਹ, ਸਮੁੰਦਰ ਵਿਚ ਜਹਾਜ਼ ਦਾ ਰਾਹ ਅਤੇ ਮੁਟਿਆਰ ਨਾਲ ਆਦਮੀ ਦਾ ਵਰਤਾਅ।”
ਪਹਿਲਾਂ ਅਸੀਂ ਮੰਨਦੇ ਸੀ ਕਿ ਇਹ ਸ਼ਬਦ “ਮੁਟਿਆਰ ਨਾਲ ਆਦਮੀ ਦਾ ਵਰਤਾਅ” ਕਿਸੇ ਬੁਰੀ ਗੱਲ ਨੂੰ ਦਰਸਾਉਂਦੇ ਹਨ। ਅਸੀਂ ਇਹ ਕਿਉਂ ਮੰਨਦੇ ਸੀ? ਕਿਉਂਕਿ ਇਸ ਅਧਿਆਇ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਵਿਚ ਵੀ ਬੁਰੀਆਂ ਗੱਲਾਂ ਦੱਸੀਆਂ ਗਈਆਂ ਹਨ ਜੋ ਕਦੇ “ਬੱਸ” ਨਹੀਂ ਕਹਿੰਦੀਆਂ। (ਕਹਾ. 30:15, 16) ਨਾਲੇ ਆਇਤ 20 ਵਿਚ ਇਕ “ਹਰਾਮਕਾਰ ਔਰਤ” ਦਾ ਜ਼ਿਕਰ ਕੀਤਾ ਗਿਆ ਹੈ ਜੋ ਦਾਅਵਾ ਕਰਦੀ ਹੈ ਕਿ ਉਸ ਨੇ ਕੁਝ ਗ਼ਲਤ ਨਹੀਂ ਕੀਤਾ। ਇਸ ਕਰਕੇ ਅਸੀਂ ਸੋਚਦੇ ਸੀ ਕਿ ਆਇਤ 18 ਤੇ 19 ਵਿਚ ਵੀ ਇਕ ਬੁਰੀ ਗੱਲ ਦੱਸੀ ਜਾ ਰਹੀ ਹੈ। ਅਸੀਂ ਮੰਨਦੇ ਸੀ ਕਿ ਜਿਸ ਤਰ੍ਹਾਂ ਆਕਾਸ਼ ਵਿਚ ਕਾਫ਼ੀ ਉਚਾਈ ʼਤੇ ਉੱਡਣ ਵਾਲਾ ਉਕਾਬ, ਚਟਾਨ ਉੱਤੇ ਸੱਪ ਅਤੇ ਸਮੁੰਦਰ ਵਿਚ ਲੰਘਦਾ ਪੁਰਾਣਾ ਜਹਾਜ਼ ਆਪਣੇ ਪਿੱਛੇ ਕੋਈ ਨਿਸ਼ਾਨ ਨਹੀਂ ਛੱਡਦਾ, ਉਸੇ ਤਰ੍ਹਾਂ ਇਕ ਆਦਮੀ ਆਪਣੇ ਕੰਮਾਂ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ। ਉਹ ਆਦਮੀ ਬੜੀ ਚਲਾਕੀ ਨਾਲ ਭੋਲੀ-ਭਾਲੀ ਮੁਟਿਆਰ ਨੂੰ ਫਸਾ ਲੈਂਦਾ ਹੈ ਅਤੇ ਉਸ ਮੁਟਿਆਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਦੋਂ ਉਸ ਦੀਆਂ ਗੱਲਾਂ ਵਿਚ ਆ ਗਈ।
ਪਰ ਅਸੀਂ ਕਈ ਕਾਰਨਾਂ ਕਰਕੇ ਇਹ ਯਕੀਨ ਕਰ ਸਕਦੇ ਹਾਂ ਕਿ ਇਨ੍ਹਾਂ ਆਇਤਾਂ ਵਿਚ ਚੰਗੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਆਇਤਾਂ ਵਿਚ ਲਿਖਾਰੀ ਸਿਰਫ਼ ਉਨ੍ਹਾਂ ਗੱਲਾਂ ਬਾਰੇ ਦੱਸ ਰਿਹਾ ਸੀ ਜਿਨ੍ਹਾਂ ਕਰਕੇ ਉਹ ਹੈਰਾਨ ਸੀ।
ਇਬਰਾਨੀ ਹੱਥ-ਲਿਖਤਾਂ ਦੀ ਜਾਂਚ ਕਰਨ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਆਇਤਾਂ ਵਿਚ ਚੰਗੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਥੀਓਲੌਜੀਕਲ ਲੈਕਸੀਕਨ ਆਫ਼ ਦ ਓਲਡ ਟੈਸਟਾਮੈਂਟ (ਅੰਗ੍ਰੇਜ਼ੀ) ਮੁਤਾਬਕ ਕਹਾਉਤਾਂ 30:18 ਵਿਚ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਮੇਰੀ ਸਮਝ ਤੋਂ ਬਾਹਰ ਹਨ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ‘ਕੋਈ ਅਜਿਹੀ ਘਟਨਾ ਜਾਂ ਗੱਲ ਜੋ ਇਕ ਵਿਅਕਤੀ ਨੂੰ ਇੰਨੀ ਲਾਜਵਾਬ ਜਾਂ ਸ਼ਾਨਦਾਰ ਲੱਗਦੀ ਹੈ ਕਿ ਉਹ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ।’
ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਕ੍ਰਾਫੋਰਡ ਐੱਚ. ਟੋਏ ਨੇ ਵੀ ਦੱਸਿਆ ਕਿ ਇਨ੍ਹਾਂ ਆਇਤਾਂ ਵਿਚ ਬੁਰੀਆਂ ਗੱਲਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਉਸ ਨੇ ਕਿਹਾ: “ਲਿਖਾਰੀ ਇੱਥੇ ਇਹ ਦੱਸ ਰਿਹਾ ਸੀ ਕਿ ਇਹ ਚੀਜ਼ਾਂ ਕਿੰਨੀਆਂ ਕਮਾਲ ਦੀਆਂ ਹਨ।”
ਇਸ ਕਰਕੇ ਇਹ ਕਹਿਣਾ ਸਹੀ ਹੋਵੇਗਾ ਕਿ ਜੋ ਗੱਲਾਂ ਕਹਾਉਤਾਂ 30:18, 19 ਵਿਚ ਲਿਖੀਆਂ ਗਈਆਂ ਹਨ, ਉਹ ਸੱਚ-ਮੁੱਚ ਕਮਾਲ ਦੀਆਂ ਹਨ ਅਤੇ ਸਾਡੀ ਸਮਝ ਤੋਂ ਬਾਹਰ ਹਨ। ਇਸ ਲਿਖਾਰੀ ਵਾਂਗ ਅਸੀਂ ਵੀ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ ਕਿ ਕਿਵੇਂ ਇਕ ਉਕਾਬ ਆਕਾਸ਼ ਵਿਚ ਇੰਨੀ ਉਚਾਈ ʼਤੇ ਉੱਡ ਸਕਦਾ ਹੈ, ਬਿਨਾਂ ਲੱਤਾਂ ਦੇ ਸੱਪ ਕਿਵੇਂ ਚਟਾਨ ʼਤੇ ਛੇਤੀ-ਛੇਤੀ ਚੜ੍ਹ ਸਕਦਾ ਹੈ, ਕਿਵੇਂ ਇਕ ਭਾਰਾ ਜਹਾਜ਼ ਸਮੁੰਦਰ ਦੇ ਇਕ ਕੰਢੇ ਤੋਂ ਦੂਜੇ ਕੰਢੇ ਤਕ ਪਹੁੰਚ ਸਕਦਾ ਹੈ ਅਤੇ ਕਿਵੇਂ ਇਕ ਜਵਾਨ ਮੁੰਡੇ ਤੇ ਇਕ ਜਵਾਨ ਕੁੜੀ ਨੂੰ ਇਕ-ਦੂਜੇ ਨਾਲ ਪਿਆਰ ਹੋ ਸਕਦਾ ਹੈ ਤੇ ਉਹ ਜ਼ਿੰਦਗੀ ਭਰ ਖ਼ੁਸ਼ੀ-ਖ਼ੁਸ਼ੀ ਇਕੱਠੇ ਰਹਿ ਸਕਦੇ ਹਨ।