FPG/The Image Bank via Getty Images
ਖ਼ਬਰਦਾਰ ਰਹੋ!
ਨੇਤਾਵਾਂ ਨੇ ਦਿੱਤੀ ਮਹਾਂ ਯੁੱਧ ਦੀ ਚੇਤਾਵਨੀ—ਬਾਈਬਲ ਕੀ ਕਹਿੰਦੀ ਹੈ?
8 ਅਕਤੂਬਰ 2022 ਨੂੰ ਯੂਕਰੇਨ ਨੇ ਰੂਸ ਦੇ ਪੁਲ ʼਤੇ ਬੰਬ ਧਮਾਕਾ ਕਰਾਇਆ ਜਿਸ ਕਰਕੇ ਰੂਸ ਅਤੇ ਕ੍ਰੀਮੀਆ ਨੂੰ ਜੋੜਨ ਵਾਲਾ ਪੁਲ ਤਬਾਹ ਹੋ ਗਿਆ। ਰੂਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਸੋਮਵਾਰ 10 ਅਕਤੂਬਰ 2022 ਨੂੰ ਯੂਕਰੇਨ ਦੇ ਕਈ ਸ਼ਹਿਰਾਂ ʼਤੇ ਭਿਆਨਕ ਮਿਸਾਈਲ ਹਮਲੇ ਕਰਵਾਏ। ਕੁਝ ਸਮਾਂ ਪਹਿਲਾਂ ਹੀ ਨੇਤਾਵਾਂ ਨੇ ਚੇਤਾਵਨੀ ਦਿੱਤੀ ਸੀ ਕਿ ਦੁਨੀਆਂ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ ਜਲਦੀ ਹੀ ਆਰਮਾਗੇਡਨ ਯਾਨੀ ਇਕ ਮਹਾਂ ਯੁੱਧ ਹੋਣ ਦੀ ਸੰਭਾਵਨਾ ਹੈ ਜਿਸ ਵਿਚ ਦੁਨੀਆਂ ਦਾ ਵਿਨਾਸ਼ ਹੋ ਜਾਵੇਗਾ।
‘ਕਿਊਬਨ ਮਿਸਾਈਲ ਸੰਕਟ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਸਾਡੇ ʼਤੇ ਆਰਮਾਗੇਡਨ ਦਾ ਖ਼ਤਰਾ ਮੰਡਰਾ ਰਿਹਾ ਹੈ। ਇੱਦਾਂ ਹੋ ਹੀ ਨਹੀਂ ਸਕਦਾ ਕਿ ਅਸੀਂ ਪਰਮਾਣੂ ਹਥਿਆਰ ਵਰਤੀਏ ਅਤੇ ਦੁਨੀਆਂ ਦਾ ਸਰਬਨਾਸ਼ ਨਾ ਹੋਵੇ।’—ਅਮਰੀਕਾ ਦਾ ਰਾਸ਼ਟਰਪਤੀ ਜੋਅ ਬਾਈਡਨ, 6 ਅਕਤੂਬਰ 2022.
“ਮੇਰਾ ਮੰਨਣਾ ਹੈ ਕਿ ਇਹ ਆਰਮਾਗੇਡਨ ਦੀ ਸ਼ੁਰੂਆਤ ਹੈ। ਪੂਰੀ ਧਰਤੀ ਨੂੰ ਇਸ ਦਾ ਖ਼ਤਰਾ ਹੈ।”—ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੇਰ ਜ਼ਲੈਂਸਕੀ ਨੇ ਇਹ ਗੱਲ 8 ਅਕਤੂਬਰ 2022 ਨੂੰ ਬੀ.ਬੀ.ਸੀ. ਨਿਊਜ਼ ਨੂੰ ਕਹੀ ਜਦੋਂ ਪਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਉਸ ਦੇ ਵਿਚਾਰ ਪੁੱਛੇ ਗਏ।
ਕੀ ਪਰਮਾਣੂ ਹਥਿਆਰਾਂ ਦੀ ਵਰਤੋਂ ਨਾਲ ਆਰਮਾਗੇਡਨ ਦਾ ਯੁੱਧ ਸ਼ੁਰੂ ਹੋ ਜਾਵੇਗਾ? ਬਾਈਬਲ ਕੀ ਕਹਿੰਦੀ ਹੈ?
ਕੀ ਪਰਮਾਣੂ ਹਥਿਆਰਾਂ ਕਰਕੇ ਆਰਮਾਗੇਡਨ ਸ਼ੁਰੂ ਹੋ ਜਾਵੇਗਾ?
ਨਹੀਂ। “ਆਰਮਾਗੇਡਨ” ਸ਼ਬਦ ਪੂਰੀ ਬਾਈਬਲ ਵਿਚ ਸਿਰਫ਼ ਇਕ ਵਾਰ ਪ੍ਰਕਾਸ਼ ਦੀ ਕਿਤਾਬ 16:16 ਵਿਚ ਆਉਂਦਾ ਹੈ। ਇਹ ਯੁੱਧ ਕੌਮਾਂ ਵਿਚਕਾਰ ਨਹੀਂ, ਸਗੋਂ ਰੱਬ ਅਤੇ “ਸਾਰੀ ਧਰਤੀ ਦੇ ਰਾਜਿਆਂ” ਵਿਚਕਾਰ ਹੋਵੇਗਾ। (ਪ੍ਰਕਾਸ਼ ਦੀ ਕਿਤਾਬ 16:14) ਇਸ ਯੁੱਧ ਵਿਚ ਰੱਬ ਸਾਰੀਆਂ ਸਰਕਾਰਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।—ਦਾਨੀਏਲ 2:44.
ਆਰਮਾਗੇਡਨ ਦਾ ਧਰਤੀ ʼਤੇ ਕੀ ਅਸਰ ਪਵੇਗਾ, ਇਸ ਬਾਰੇ ਹੋਰ ਜਾਣਨ ਲਈ ਆਰਮਾਗੇਡਨ ਦੀ ਲੜਾਈ ਕੀ ਹੈ? ਨਾਂ ਦਾ ਲੇਖ ਪੜ੍ਹੋ।
ਕੀ ਪਰਮਾਣੂ ਯੁੱਧ ਕਰਕੇ ਧਰਤੀ ਅਤੇ ਇਸ ʼਤੇ ਰਹਿਣ ਵਾਲਿਆਂ ਦਾ ਨਾਸ਼ ਹੋ ਜਾਵੇਗਾ?
ਨਹੀਂ। ਹੋ ਸਕਦਾ ਹੈ ਕਿ ਸਰਕਾਰਾਂ ਆਉਣ ਵਾਲੇ ਸਮੇਂ ਵਿਚ ਪਰਮਾਣੂ ਹਥਿਆਰ ਵਰਤਣ, ਪਰ ਰੱਬ ਧਰਤੀ ਨੂੰ ਕਿਸੇ ਵੀ ਹਾਲ ਵਿਚ ਤਬਾਹ ਨਹੀਂ ਹੋਣ ਦੇਵੇਗਾ। ਬਾਈਬਲ ਕਹਿੰਦੀ ਹੈ:
“ਧਰਤੀ ਹਮੇਸ਼ਾ ਕਾਇਮ ਰਹਿੰਦੀ ਹੈ।”—ਉਪਦੇਸ਼ਕ ਦੀ ਕਿਤਾਬ 1:4.
“ਧਰਮੀ ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।”—ਜ਼ਬੂਰ 37:29.
ਪਰ ਬਾਈਬਲ ਦੀਆਂ ਭਵਿੱਖਬਾਣੀਆਂ ਅਤੇ ਅੱਜ ਦੇ ਹਾਲਾਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਜਲਦੀ ਹੀ ਦੁਨੀਆਂ ਵਿਚ ਵੱਡੇ-ਵੱਡੇ ਬਦਲਾਅ ਹੋਣਗੇ। (ਮੱਤੀ 24:3-7; 2 ਤਿਮੋਥਿਉਸ 3:1-5) ਬਾਈਬਲ ਭਵਿੱਖ ਬਾਰੇ ਕੀ ਕਹਿੰਦੀ ਹੈ, ਇਸ ਬਾਰੇ ਹੋਰ ਜਾਣਨ ਲਈ ਮੁਫ਼ਤ ਵਿਚ ਬਾਈਬਲ ਤੋਂ ਸਿੱਖੋ।