Mary_Ukraine/stock.adobe.com
ਖ਼ਬਰਦਾਰ ਰਹੋ!
ਲੋਕਾਂ ਦਾ ਨੇਤਾਵਾਂ ਤੋਂ ਉੱਠ ਰਿਹਾ ਭਰੋਸਾ—ਬਾਈਬਲ ਕੀ ਕਹਿੰਦੀ ਹੈ?
ਸਾਲ 2024 ਦੌਰਾਨ ਪੂਰੀ ਦੁਨੀਆਂ ਵਿਚ ਜਿੰਨੀਆਂ ਚੋਣਾਂ ਹੋਣਗੀਆਂ ਉੱਨੀਆਂ ਪਹਿਲਾਂ ਕਿਸੇ ਵੀ ਸਾਲ ਵਿਚ ਨਹੀਂ ਹੋਈਆਂ। ਪਰ ਬਹੁਤ ਸਾਰੇ ਲੋਕਾਂ ਦਾ ਨੇਤਾਵਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ।
ਅਮਰੀਕਾ ਵਿਚ ਕੀਤੇ ਗਏ ਇਕ ਸਰਵੇ ਮੁਤਾਬਕ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ “ਜ਼ਿਆਦਾਤਰ ਨੇਤਾਵਾਂ ਦਾ ਮਕਸਦ ਆਪਣਾ ਸੁਆਰਥ ਪੂਰਾ ਕਰਨਾ ਹੁੰਦਾ ਹੈ” ਨਾ ਕਿ ਲੋਕਾਂ ਦਾ ਭਲਾ ਕਰਨਾ।a—ਪਿਊ ਰੀਸਰਚ ਸੈਂਟਰ, 19 ਸਤੰਬਰ 2023.
ਬਹੁਤ ਸਾਰੇ ਨੌਜਵਾਨ ਵੀ ਨੇਤਾਵਾਂ ʼਤੇ ਭਰੋਸਾ ਨਹੀਂ ਕਰਦੇ।
“ਨੌਜਵਾਨਾਂ ਦਾ ਧਿਆਨ ਅਕਸਰ ਮੁਸ਼ਕਲਾਂ ਦਾ ਹੱਲ ਲੱਭਣ ਵੱਲ ਹੁੰਦਾ ਹੈ। ਪਰ ਸਰਵੇ ਮੁਤਾਬਕ ਉਨ੍ਹਾਂ ਦਾ ਕਹਿਣਾ ਹੈ ਕਿ ਨੇਤਾ ਕਦੇ ਵੀ ਮੁਸ਼ਕਲਾਂ ਦੇ ਹੱਲ ਵੱਲ ਧਿਆਨ ਨਹੀਂ ਦਿੰਦੇ।”—ਦ ਨਿਊਯਾਰਕ ਟਾਈਮਜ਼, 29 ਜਨਵਰੀ 2024.
“ਇਕ ਸਰਵੇ ਮੁਤਾਬਕ ਨੌਜਵਾਨ ਨੇਤਾਵਾਂ ਨਾਲੋਂ ਸੋਸ਼ਲ ਮੀਡੀਆ ਦੀਆਂ ਮਸ਼ਹੂਰ ਹਸਤੀਆਂ ʼਤੇ ਜ਼ਿਆਦਾ ਭਰੋਸਾ ਕਰਦੇ ਹਨ।”—ਦ ਕੋਰੀਆ ਟਾਈਮਜ਼, 22 ਜਨਵਰੀ 2024.
ਕੀ ਚੰਗੇ ਭਵਿੱਖ ਲਈ ਅਸੀਂ ਨੇਤਾਵਾਂ ʼਤੇ ਭਰੋਸਾ ਕਰ ਸਕਦੇ ਹਾਂ? ਕਿਸ ʼਤੇ ਭਰੋਸਾ ਕੀਤਾ ਜਾ ਸਕਦਾ ਹੈ?
ਖ਼ਬਰਦਾਰ ਰਹੋ ਕਿ ਤੁਸੀਂ ਕਿਸ ʼਤੇ ਭਰੋਸਾ ਕਰਦੇ ਹੋ
ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਕਿਸ ʼਤੇ ਭਰੋਸਾ ਕਰਦੇ ਹਾਂ। ਬਾਈਬਲ ਕਹਿੰਦੀ ਹੈ: “ਭੋਲਾ ਹਰ ਗੱਲ ʼਤੇ ਯਕੀਨ ਕਰ ਲੈਂਦਾ ਹੈ, ਪਰ ਹੁਸ਼ਿਆਰ ਇਨਸਾਨ ਹਰ ਕਦਮ ਸੋਚ-ਸਮਝ ਕੇ ਚੁੱਕਦਾ ਹੈ।”—ਕਹਾਉਤਾਂ 14:15.
ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਕਿਹੜੀ ਜਾਣਕਾਰੀ ਸਹੀ ਹੈ ਤੇ ਕਿਹੜੀ ਗ਼ਲਤ? ਇਹ ਜਾਣਨ ਲਈ “ਗ਼ਲਤ ਜਾਣਕਾਰੀ ਤੋਂ ਆਪਣੀ ਰਾਖੀ ਕਰੋ” (ਅੰਗ੍ਰੇਜ਼ੀ) ਨਾਂ ਦਾ ਲੇਖ ਪੜ੍ਹੋ।
ਇਸ ਤੋਂ ਇਲਾਵਾ, ਭਾਵੇਂ ਕੋਈ ਨੇਤਾ ਜਿੰਨਾ ਮਰਜ਼ੀ ਈਮਾਨਦਾਰ ਹੋਵੇ ਜਾਂ ਉਸ ਦਾ ਇਰਾਦਾ ਜਿੰਨਾ ਮਰਜ਼ੀ ਨੇਕ ਹੋਵੇ, ਫਿਰ ਵੀ ਉਹ ਸਭ ਕੁਝ ਠੀਕ ਨਹੀਂ ਕਰ ਸਕਦਾ। ਇਸੇ ਕਰਕੇ ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ:
“ਹਾਕਮਾਂ [ਆਗੂਆਂ] ਉੱਤੇ ਭਰੋਸਾ ਨਾ ਰੱਖੋ ਅਤੇ ਨਾ ਹੀ ਮਨੁੱਖ ਦੇ ਕਿਸੇ ਪੁੱਤਰ ਉੱਤੇ ਜੋ ਮੁਕਤੀ ਨਹੀਂ ਦਿਵਾ ਸਕਦਾ।”—ਜ਼ਬੂਰ 146:3.
ਇਕ ਭਰੋਸੇਯੋਗ ਆਗੂ
ਬਾਈਬਲ ਦੱਸਦੀ ਹੈ ਕਿ ਰੱਬ ਨੇ ਇਕ ਕਾਬਲ ਅਤੇ ਭਰੋਸੇਯੋਗ ਆਗੂ ਨਿਯੁਕਤ ਕੀਤਾ ਹੈ। ਉਹ ਹੈ, ਯਿਸੂ ਮਸੀਹ। (ਲੂਕਾ 1:32, 33) ਯਿਸੂ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ। ਇਹ ਰਾਜ ਇਕ ਸਰਕਾਰ ਹੈ ਜੋ ਸਵਰਗ ਤੋਂ ਰਾਜ ਕਰਦੀ ਹੈ।—ਮੱਤੀ 6:10.
ਤੁਸੀਂ ਯਿਸੂ ʼਤੇ ਭਰੋਸਾ ਕਿਉਂ ਕਰ ਸਕਦੇ ਹੋ ਅਤੇ ਉਹ ਅੱਜ ਹੋ ਰਹੀਆਂ ਮੁਸ਼ਕਲਾਂ ਦਾ ਹੱਲ ਕਿਵੇਂ ਕਰੇਗਾ? ਇਹ ਜਾਣਨ ਲਈ “ਰਾਜ ਦਾ ਰਾਜਾ ਕੌਣ ਹੈ?” ਅਤੇ “ਪਰਮੇਸ਼ੁਰ ਦਾ ਰਾਜ ਕੀ ਕੁਝ ਕਰੇਗਾ?” ਨਾਂ ਦੇ ਲੇਖ ਪੜ੍ਹੋ।
a Pew Research Center, “Americans’ Dismal Views of the Nation’s Politics,” ਸਤੰਬਰ 2023.