Military equipment: Anton Petrus/Moment via Getty Images; money: Wara1982/iStock via Getty Images Plus
ਖ਼ਬਰਦਾਰ ਰਹੋ!
ਯੁੱਧਾਂ ʼਤੇ ਖ਼ਰਚਿਆ ਗਿਆ ਅਰਬਾਂ-ਖਰਬਾਂ ਪੈਸਾ—ਬੱਸ ਕੀ ਇਹੀ ਕੀਮਤ ਚੁਕਾਉਣੀ ਪਈ?
ਯੁੱਧਾਂ ਕਰਕੇ ਬਹੁਤ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ।
“ਪਿਛਲੇ ਸਾਲ ਦੁਨੀਆਂ ਭਰ ਵਿਚ ਸਰਕਾਰਾਂ ਨੇ ਅਲੱਗ-ਅਲੱਗ ਯੁੱਧਾਂ ʼਤੇ 22 ਖ਼ਰਬ ਡਾਲਰ ਖ਼ਰਚ ਕੀਤੇ।”—ਵਾਸ਼ਿੰਗਟਨ ਪੋਸਟ, 13 ਫਰਵਰੀ 2024.
ਇਸ ਕੀਮਤ ਵਿਚ ਸਿਰਫ਼ ਪੈਸਾ ਹੀ ਦਾਅ ʼਤੇ ਨਹੀਂ ਲੱਗਦਾ, ਸਗੋਂ ਹੋਰ ਵੀ ਨੁਕਸਾਨ ਹੁੰਦਾ ਹੈ। ਜ਼ਰਾ ਯੂਕਰੇਨ ਵਿਚ ਹੋ ਰਹੇ ਯੁੱਧ ʼਤੇ ਗੌਰ ਕਰੋ।
ਫ਼ੌਜੀ। ਕੁਝ ਮਾਹਰਾਂ ਅਨੁਸਾਰ ਯੂਕਰੇਨ ਵਿਚ ਦੋ ਸਾਲ ਪਹਿਲਾਂ ਸ਼ੁਰੂ ਹੋਏ ਯੁੱਧ ਵਿਚ ਲਗਭਗ ਪੰਜ ਲੱਖ ਫ਼ੌਜੀ ਜਾਂ ਤਾਂ ਮਾਰੇ ਗਏ ਜਾਂ ਜ਼ਖ਼ਮੀ ਹੋਏ।
ਆਮ ਨਾਗਰਿਕ। ਸੰਯੁਕਤ ਰਾਸ਼ਟਰ ਅਨੁਸਾਰ ਯੁੱਧ ਵਿਚ ਅਠਾਈ ਹਜ਼ਾਰ ਲੋਕ ਜਾਂ ਤਾਂ ਮਾਰੇ ਗਏ ਜਾਂ ਜ਼ਖ਼ਮੀ ਹੋਏ। ਪਰ ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਨੇ ਕਿਹਾ: “ਇਹ ਅੰਦਾਜ਼ਾ ਲਾਉਣਾ ਨਾਮੁਮਕਿਨ ਹੈ ਕਿ ਇਸ ਭਿਆਨਕ ਯੁੱਧ ਕਰਕੇ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਗਈਆਂ।”a
ਦੁਨੀਆਂ ਭਰ ਵਿਚ ਹੋ ਰਹੇ ਯੁੱਧਾਂ ਅਤੇ ਲੜਾਈਆਂ ਕਰਕੇ ਲੋਕਾਂ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ।
11 ਕਰੋੜ 40 ਲੱਖ। ਦੁਨੀਆਂ ਭਰ ਵਿਚ ਹੋ ਰਹੇ ਯੁੱਧਾਂ ਅਤੇ ਹਿੰਸਾ ਕਰਕੇ ਸਤੰਬਰ 2023 ਤਕ ਇੰਨੇ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਭੱਜਣਾ ਪਿਆ।
78 ਕਰੋੜ 3 ਲੱਖ। ਬਹੁਤ ਸਾਰੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। “ਲੜਾਈਆਂ ਭੁੱਖਮਰੀ ਦਾ ਸਭ ਤੋਂ ਵੱਡਾ ਕਾਰਨ ਹੈ। ਦੁਨੀਆਂ ਭਰ ਵਿਚ 70 ਪ੍ਰਤਿਸ਼ਤ ਭੁੱਖਮਰੀ ਦੇ ਸ਼ਿਕਾਰ ਲੋਕ ਉਨ੍ਹਾਂ ਇਲਾਕਿਆਂ ਵਿਚ ਰਹਿੰਦੇ ਹਨ ਜਿੱਥੇ ਯੁੱਧ ਅਤੇ ਹਿੰਸਾ ਹੋ ਰਹੀ ਹੈ।”— ਵਰਲਡ ਫੂਡ ਪ੍ਰੋਗ੍ਰਾਮ।
ਕੀ ਕਦੇ ਯੁੱਧ ਖ਼ਤਮ ਹੋਣਗੇ? ਕੀ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਕਦੇ ਸ਼ਾਂਤੀ ਭਰਿਆ ਸਮਾਂ ਆਵੇਗਾ? ਕੀ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਕੋਈ ਵੀ ਗ਼ਰੀਬ ਨਹੀਂ ਹੋਵੇਗਾ, ਸਾਰੇ ਜਣੇ ਧਰਤੀ ਦੀਆਂ ਚੀਜ਼ਾਂ ਦਾ ਆਨੰਦ ਮਾਣ ਸਕਣਗੇ ਅਤੇ ਸਾਰਿਆਂ ਕੋਲ ਬਹੁਤਾਤ ਵਿਚ ਖਾਣ ਨੂੰ ਹੋਵੇਗਾ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਯੁੱਧ ਦਾ ਸਮਾਂ
ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਪੂਰੀ ਧਰਤੀ ʼਤੇ ਯੁੱਧ ਹੋਣਗੇ। ਇਨ੍ਹਾਂ ਯੁੱਧਾਂ ਨੂੰ ਘੋੜਸਵਾਰ ਨਾਲ ਦਰਸਾਇਆ ਗਿਆ ਹੈ।
“ਫਿਰ ਇਕ ਹੋਰ ਘੋੜਾ ਆਇਆ ਜੋ ਲਾਲ ਰੰਗ ਦਾ ਸੀ। ਉਸ ਦੇ ਸਵਾਰ ਨੂੰ ਧਰਤੀ ਉੱਤੋਂ ਸ਼ਾਂਤੀ ਖ਼ਤਮ ਕਰਨ ਦਾ ਅਧਿਕਾਰ ਦਿੱਤਾ ਗਿਆ ਤਾਂਕਿ ਲੋਕ ਬੇਰਹਿਮੀ ਨਾਲ ਇਕ-ਦੂਸਰੇ ਦਾ ਕਤਲ ਕਰਨ। ਉਸ ਨੂੰ ਇਕ ਵੱਡੀ ਸਾਰੀ ਤਲਵਾਰ ਦਿੱਤੀ ਗਈ।”—ਪ੍ਰਕਾਸ਼ ਦੀ ਕਿਤਾਬ 6:4.
ਇਸ ਘੋੜਸਵਾਰ ਦੇ ਪਿੱਛੇ ਦੋ ਹੋਰ ਘੋੜੇ ਆਏ। ਇਕ ਘੋੜਾ ਕਾਲ਼ ਨੂੰ ਦਰਸਾਉਦਾ ਹੈ। ਨਾਲੇ ਇਕ ਹੋਰ ਘੋੜਾ ਮਹਾਂਮਾਰੀ ਤੇ ਹੋਰ ਕਾਰਨਾਂ ਕਰਕੇ ਹੋਣ ਵਾਲੀਆਂ ਮੌਤਾਂ ਨੂੰ ਦਰਸਾਉਂਦਾ ਹੈ। (ਪ੍ਰਕਾਸ਼ ਦੀ ਕਿਤਾਬ 6:5-8) ਇਹ ਜਾਣਨ ਲਈ ਕਿ ਇਹ ਭਵਿੱਖਬਾਣੀ ਕੀ ਹੈ ਅਤੇ ਅਸੀਂ ਕਿਉਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਇਹ ਸਾਡੇ ਦਿਨਾਂ ਵਿਚ ਪੂਰੀ ਹੋ ਰਹੀ ਹੈ “ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ਚਾਰ ਘੋੜਸਵਾਰ ਕੌਣ ਹਨ?” (ਹਿੰਦੀ) ਨਾਂ ਦਾ ਲੇਖ ਦੇਖੋ।
ਸ਼ਾਂਤੀ ਭਰੇ ਭਵਿੱਖ ਦਾ ਵਾਅਦਾ
ਜਲਦੀ ਹੀ ਇਕ ਸਮਾਂ ਅਜਿਹਾ ਆਵੇਗਾ ਜਦੋਂ ਦੁਨੀਆਂ ਦੀਆਂ ਚੀਜ਼ਾਂ ਨੂੰ ਯੁੱਧ ਲਈ ਨਹੀਂ ਵਰਤਿਆ ਜਾਵੇਗਾ। ਪਰ ਇਹ ਇਨਸਾਨਾਂ ਦੀਆਂ ਕੋਸ਼ਿਸ਼ਾਂ ਕਰਕੇ ਨਹੀਂ ਹੋਵੇਗਾ। ਬਾਈਬਲ ਦੱਸਦੀ ਹੈ:
ਪਰਮੇਸ਼ੁਰ “ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ ਦਿੰਦਾ ਹੈ।”—ਜ਼ਬੂਰ 46:9.
ਪਰਮੇਸ਼ੁਰ ਯੁੱਧਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰੇਗਾ। “ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”—ਪ੍ਰਕਾਸ਼ ਦੀ ਕਿਤਾਬ 21:4.
ਪਰਮੇਸ਼ੁਰ ਇਸ ਗੱਲ ਦਾ ਧਿਆਨ ਰੱਖੇਗਾ ਕਿ ਸਾਰੇ ਜਣੇ ਸ਼ਾਂਤੀ ਨਾਲ ਰਹਿਣ। “ਮੇਰੇ ਲੋਕ ਅਜਿਹੀ ਥਾਂ ਵੱਸਣਗੇ ਜਿੱਥੇ ਸ਼ਾਂਤੀ ਹੋਵੇਗੀ, ਉਹ ਸੁਰੱਖਿਅਤ ਬਸੇਰਿਆਂ ਵਿਚ ਅਤੇ ਸਕੂਨ ਦੇਣ ਵਾਲੀਆਂ ਥਾਵਾਂ ʼਤੇ ਵੱਸਣਗੇ।”—ਯਸਾਯਾਹ 32:18.
ਬਾਈਬਲ ਦੀਆਂ ਭਵਿੱਖਬਾਣੀਆਂ ਅਨੁਸਾਰ ਅੱਜ ਅਸੀਂ ਜੋ ਯੁੱਧ ਅਤੇ ਹੋਰ ਘਟਨਾਵਾਂ ਹੁੰਦੀਆਂ ਦੇਖ ਰਹੇ ਹਾਂ ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਾਂਤੀ ਭਰਿਆ ਸਮਾਂ ਬਹੁਤ ਨੇੜੇ ਹੈ।
ਪਰਮੇਸ਼ੁਰ ਇਹ ਸ਼ਾਂਤੀ ਭਰਿਆ ਸਮਾਂ ਕਿਵੇਂ ਲੈ ਕੇ ਆਵੇਗਾ? ਉਹ ਆਪਣੇ ਸਵਰਗੀ ਰਾਜ ਦੇ ਜ਼ਰੀਏ ਲਿਆਵੇਗਾ। (ਮੱਤੀ 6:10) ਇਹ ਸਵਰਗੀ ਰਾਜ ਕੀ ਹੈ ਅਤੇ ਇਹ ਸਾਡੇ ਲਈ ਕੀ ਮਾਅਨੇ ਰੱਖਦਾ ਹੈ, ਇਸ ਬਾਰੇ ਜਾਣਨ ਲਈ ਪਰਮੇਸ਼ੁਰ ਦਾ ਰਾਜ ਕੀ ਹੈ? ਨਾਂ ਦੀ ਛੋਟੀ ਵੀਡੀਓ ਦੇਖੋ।
a ਮੀਰੋਸਲਾਵ ਜੈਨਕਾ, ਯੂਰਪ ਲਈ ਸੰਯੁਕਤ ਰਾਸ਼ਟਰ-ਸੰਘ ਦੇ ਸੈਕਟਰੀ-ਜਨਰਲ ਦਾ ਸਹਾਇਕ, 6 ਦਸੰਬਰ 2023.