NASA Photo
ਖ਼ਬਰਦਾਰ ਰਹੋ!
ਕੀ ਕੋਈ ਅਜਿਹੀ ਸਰਕਾਰ ਹੈ ਜੋ ਧਰਤੀ ʼਤੇ ਹਮੇਸ਼ਾ ਤਕ ਰਾਜ ਕਰੇ?—ਬਾਈਬਲ ਕੀ ਕਹਿੰਦੀ ਹੈ?
ਦੇਸ਼-ਦੇਸ਼ ਦੀਆਂ ਸਰਕਾਰਾਂ ਵਿਚ ਹਲਚਲ ਮਚੀ ਹੋਈ ਹੈ। ਦੇਖਣ ਨੂੰ ਜਿਹੜੀਆਂ ਸਰਕਾਰਾਂ ਮਜ਼ਬੂਤ ਲੱਗਦੀਆਂ ਹਨ, ਉਨ੍ਹਾਂ ਦੇ ਭ੍ਰਿਸ਼ਟ ਨੇਤਾਵਾਂ ਕਰਕੇ, ਰਾਜਨੀਤਿਕ ਮਾਮਲਿਆਂ ਨੂੰ ਲੈ ਕੇ ਲੋਕਾਂ ਵਿਚ ਵੰਡ ਪਈ ਹੋਣ ਕਰਕੇ, ਵੋਟਾਂ ਦੇ ਅਨਿਸ਼ਚਿਤ ਨਤੀਜਿਆਂ ਕਰਕੇ ਅਤੇ ਲੋਕਾਂ ਦੇ ਧਰਨੇ ਦੇਣ ਕਰਕੇ ਉਹ ਸਰਕਾਰਾਂ ਵੀ ਅੰਦਰੋਂ ਖੋਖਲੀਆਂ ਹੋਈਆਂ ਪਈਆਂ ਹਨ।
ਬਾਈਬਲ ਤੋਂ ਪਤਾ ਲੱਗਦਾ ਹੈ ਕਿ ਇਕ ਸਰਕਾਰ ਹੈ ਜੋ ਹਮੇਸ਼ਾ ਤਕ ਕਾਇਮ ਰਹੇਗੀ। ਹੋ ਸਕਦਾ ਹੈ ਕਿ ਤੁਸੀਂ ਇਸ ਸਰਕਾਰ ਬਾਰੇ ਸੁਣਿਆ ਹੋਵੇ। ਇਹ ਉਹੀ ਸਰਕਾਰ ਹੈ ਜਿਸ ਦਾ ਜ਼ਿਕਰ ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਕੀਤਾ ਸੀ।
“ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ: ‘ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ। ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।’”—ਮੱਤੀ 6:9, 10.
ਇਸ ਰਾਜ ਬਾਰੇ ਬਾਈਬਲ ਕੀ ਕਹਿੰਦੀ ਹੈ?
ਰਾਜ—ਹਮੇਸ਼ਾ ਤਕ ਕਾਇਮ ਰਹਿਣ ਵਾਲੀ ਸਰਕਾਰ
ਇਹ ਰਾਜ ਸਵਰਗੋਂ ਰਾਜ ਕਰਦਾ ਹੈ।
ਯਿਸੂ ਨੇ ਇਸ ਸਰਕਾਰ ਨੂੰ “ਸਵਰਗ ਦਾ ਰਾਜ” ਕਿਹਾ। (ਮੱਤੀ 4:17; 5:3, 10, 19, 20) ਇਸੇ ਕਰਕੇ ਉਸ ਨੇ ਕਿਹਾ: “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।”—ਯੂਹੰਨਾ 18:36.
ਇਹ ਰਾਜ ਇਨਸਾਨੀ ਸਰਕਾਰਾਂ ਦੀ ਜਗ੍ਹਾ ਹਕੂਮਤ ਕਰੇਗਾ।
ਬਾਈਬਲ ਕਹਿੰਦੀ ਹੈ: “ਇਹ ਰਾਜ . . . ਇਨ੍ਹਾਂ ਸਾਰੀਆਂ [ਇਨਸਾਨੀ] ਹਕੂਮਤਾਂ ਨੂੰ ਚੂਰ-ਚੂਰ ਕਰ ਕੇ ਇਨ੍ਹਾਂ ਦਾ ਅੰਤ ਕਰ ਦੇਵੇਗਾ, ਪਰ ਆਪ ਹਮੇਸ਼ਾ ਲਈ ਕਾਇਮ ਰਹੇਗਾ।”—ਦਾਨੀਏਲ 2:44.
ਇਸ ਰਾਜ ਦਾ ਰਾਜਾ ਯਿਸੂ ਮਸੀਹ ਹੈ ਅਤੇ ਉਸ ਦੇ ਰਾਜ ਦਾ ਕਦੇ ਵੀ ਨਾਸ਼ ਨਹੀਂ ਹੋਵੇਗਾ।
ਬਾਈਬਲ ਕਹਿੰਦੀ ਹੈ: “ਉਸ ਦੀ ਹਕੂਮਤ ਹਮੇਸ਼ਾ ਕਾਇਮ ਰਹੇਗੀ ਅਤੇ ਕਦੇ ਖ਼ਤਮ ਨਹੀਂ ਹੋਵੇਗੀ ਅਤੇ ਉਸ ਦਾ ਰਾਜ ਕਦੇ ਨਾਸ਼ ਨਹੀਂ ਹੋਵੇਗਾ।”—ਦਾਨੀਏਲ 7:13, 14.
ਇਹ ਰਾਜ ਧਰਤੀ ʼਤੇ ਸ਼ਾਂਤੀ ਅਤੇ ਸੁਰੱਖਿਆ ਲਿਆਵੇਗਾ।
ਬਾਈਬਲ ਕਹਿੰਦੀ ਹੈ: “ਤਦ ਹਰ ਕੋਈ ਅਮਨ ਚੈਨ ਦੇ ਨਾਲ, ਆਪਣੇ ਅੰਗੂਰੀ ਤੇ ਅੰਜੀਰਾਂ ਦੇ ਬਾਗ ਵਿਚ ਬੈਠੇਗਾ, ਅਤੇ ਕੋਈ ਉਹਨਾਂ ਨੂੰ ਡਰਾਵੇਗਾ ਨਹੀਂ।”—ਮੀਕਾਹ 4:4, CL.
ਇਸ ਰਾਜ ਬਾਰੇ ਹੋਰ ਜਾਣੋ
ਧਰਤੀ ʼਤੇ ਹੁੰਦਿਆਂ ਯਿਸੂ ਨੇ ਆਪਣਾ ਸਮਾਂ “ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨ ਵਿਚ ਲਾਇਆ। (ਮੱਤੀ 9:35) ਨਾਲੇ ਉਸ ਨੇ ਇਹ ਪਹਿਲਾਂ ਹੀ ਦੱਸਿਆ ਸੀ:
“ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਫਿਰ ਅੰਤ ਆਵੇਗਾ।”—ਮੱਤੀ 24:14.
ਅੱਜ ਇਸ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ 240 ਤੋਂ ਵੀ ਜ਼ਿਆਦਾ ਦੇਸ਼ਾਂ ਵਿਚ ਕੀਤਾ ਜਾ ਰਿਹਾ ਹੈ। ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਇਸ ਸਰਕਾਰ ਬਾਰੇ ਹੋਰ ਜਾਣੋ ਅਤੇ ਦੇਖੋ ਕਿ ਤੁਸੀਂ ਇਸ ਰਾਜ ਤੋਂ ਕਿਵੇਂ ਫ਼ਾਇਦਾ ਪਾ ਸਕਦੇ ਹੋ।
ਇਹ ਵੀਡੀਓ ਦੇਖੋ ਪਰਮੇਸ਼ੁਰ ਦਾ ਰਾਜ ਕੀ ਹੈ?