ਇਹ ਕਿਸ ਦਾ ਕਮਾਲ ਹੈ?
ਪਾਇਲਟ ਵ੍ਹੇਲ ਵਿਚ ਖ਼ੁਦ ਚਮੜੀ ਸਾਫ਼ ਕਰਨ ਦੀ ਕਾਬਲੀਅਤ
ਬਾਰਨੇਕਲ ਅਤੇ ਹੋਰ ਸਮੁੰਦਰੀ ਜੀਵ ਜਹਾਜ਼ਾਂ ਦੇ ਢਾਂਚੇ ਨਾਲ ਚਿੰਬੜ ਜਾਂਦੇ ਹਨ ਜਿਸ ਕਰਕੇ ਜਹਾਜ਼ ਵਾਲੀਆਂ ਕੰਪਨੀਆਂ ਨੂੰ ਸਮੱਸਿਆ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਨ੍ਹਾਂ ਜੀਵਾਂ ਕਰਕੇ ਜਹਾਜ਼ ਦੀ ਰਫ਼ਤਾਰ ਘੱਟਦੀ ਹੈ, ਤੇਲ ਜ਼ਿਆਦਾ ਲੱਗਦਾ ਹੈ ਅਤੇ ਹਰ ਦੋ ਸਾਲ ਬਾਅਦ ਜਹਾਜ਼ ਦੀ ਸਫ਼ਾਈ ਕਰਵਾਉਣੀ ਪੈਂਦੀ ਹੈ। ਵਿਗਿਆਨੀ ਇਸ ਮੁਸ਼ਕਲ ਦਾ ਹੱਲ ਕੱਢਣ ਲਈ ਕੁਦਰਤ ਦੀ ਮਦਦ ਲੈ ਰਹੇ ਹਨ।
ਜ਼ਰਾ ਸੋਚੋ: ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਲੰਬੇ ਖੰਭਾਂ ਵਾਲੀ ਪਾਇਲਟ ਵ੍ਹੇਲ (Globicephala melas) ਵਿਚ ਖ਼ੁਦ ਚਮੜੀ ਸਾਫ਼ ਕਰਨ ਦੀ ਕਾਬਲੀਅਤ ਹੈ। ਇਸ ਦੇ ਸਰੀਰ ʼਤੇ ਛੋਟੀਆਂ-ਛੋਟੀਆਂ ਵੱਟਾਂ ਹੁੰਦੀਆਂ ਹਨ ਜਿਸ ਕਰਕੇ ਸਮੁੰਦਰੀ ਜੀਵ ਇਸ ʼਤੇ ਆਪਣੀ ਪਕੜ ਨਹੀਂ ਬਣਾ ਸਕਦੇ। ਇਨ੍ਹਾਂ ਵੱਟਾਂ ਵਿਚ ਜਿਹੜਾ ਵਿਹਲ ਹੁੰਦਾ ਹੈ, ਉਸ ਵਿਚ ਇਕ ਜੈੱਲ ਭਰਿਆ ਹੁੰਦਾ ਹੈ ਜੋ ਐਲਗੀ ਅਤੇ ਬੈਕਟੀਰੀਆ ʼਤੇ ਹਮਲਾ ਕਰਦੀ ਹੈ। ਵ੍ਹੇਲ ਆਪਣੀ ਚਮੜੀ ਲਾਹੁਦਿਆਂ ਤਾਜ਼ਾ ਜੈੱਲ ਛੱਡਦੀ ਹੈ।
ਜਹਾਜ਼ਾਂ ਦੇ ਢਾਂਚੇ ਨੂੰ ਸਾਫ਼ ਕਰਨ ਲਈ ਵਿਗਿਆਨੀ ਵ੍ਹੇਲ ਦੀ ਕਾਬਲੀਅਤ ਦੀ ਵਰਤੋਂ ਕਰਨੀ ਚਾਹੁੰਦੇ ਹਨ। ਜਹਾਜ਼ ਨੂੰ ਗੰਦਾ ਹੋਣ ਤੋਂ ਬਚਾਉਣ ਲਈ ਪਹਿਲਾਂ ਜਹਾਜ਼ਾਂ ʼਤੇ ਖ਼ਾਸ ਕਿਸਮ ਦਾ ਰੰਗ ਕੀਤਾ ਜਾਂਦਾ ਸੀ। ਪਰ ਹਾਲ ਹੀ ਵਿਚ ਇਸ ਤਰ੍ਹਾਂ ਦੇ ਰੰਗਾਂ ʼਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਇਹ ਸਮੁੰਦਰੀ ਜੀਵਾਂ ਲਈ ਘਾਤਕ ਹਨ। ਖੋਜਕਾਰਾਂ ਨੇ ਹੱਲ ਕੱਢਿਆ ਕਿ ਜਹਾਜ਼ਾਂ ਦੇ ਢਾਂਚਿਆਂ ʼਤੇ ਧਾਤ ਦੇ ਬਣੇ ਜਾਲ਼ ਪਾਏ ਜਾਣ ਜਿਸ ਦੇ ਸੁਰਾਖ਼ਾਂ ਵਿੱਚੋਂ ਰਸਾਇਣਕ ਪਦਾਰਥ ਰਿਸੇਗਾ ਜਿਸ ਦਾ ਕੋਈ ਖ਼ਤਰਾ ਨਹੀਂ। ਜਦੋਂ ਇਹ ਪਦਾਰਥ ਸਮੁੰਦਰ ਦੇ ਪਾਣੀ ਦੇ ਸੰਪਰਕ ਵਿਚ ਆਉਂਦਾ ਹੈ, ਇਹ ਜੈੱਲ ਬਣ ਜਾਂਦਾ ਹੈ ਅਤੇ ਜਹਾਜ਼ ਦੇ ਢਾਂਚੇ ʼਤੇ ਇਕ ਪਰਤ ਬਣ ਜਾਂਦੀ ਹੈ। ਸਮੇਂ ਦੇ ਬੀਤਣ ਨਾਲ, 0.03 ਇੰਚ [ਤਕਰੀਬਨ 0.7 ਮਿਲੀਮੀਟਰ] ਮੋਟੀ ਇਹ ਪਰਤ ਅਤੇ ਇਸ ਨਾਲ ਚਿੰਬੜੇ ਸਮੁੰਦਰੀ ਜੀਵ ਲਹਿ ਜਾਂਦੇ ਹਨ। ਇਸ ਤੋਂ ਬਾਅਦ ਜਹਾਜ਼ ਦੇ ਢਾਂਚੇ ʼਤੇ ਤਾਜ਼ਾ ਜੈੱਲ ਆਉਂਦੀ ਹੈ।
ਬਾਰਨੇਕਲ ਜਹਾਜ਼ ਦੀ ਰਫ਼ਤਾਰ ਘਟਾ ਦਿੰਦੇ ਹਨ ਅਤੇ ਇਨ੍ਹਾਂ ਨੂੰ ਲਾਹੁਣਾ ਬਹੁਤ ਔਖਾ ਹੈ
ਟੈੱਸਟਾਂ ਤੋਂ ਪਤਾ ਲੱਗਾ ਹੈ ਕਿ ਇਸ ਕਾਢ ਕਰਕੇ ਸਮੁੰਦਰੀ ਜੀਵਾਂ ਨੂੰ ਜਹਾਜ਼ਾਂ ਦੇ ਢਾਂਚੇ ਨਾਲ ਚਿੰਬੜਨ ਤੋਂ 100 ਗੁਣਾ ਘਟਾਇਆ ਜਾ ਸਕਦਾ ਹੈ। ਨਾਲੇ ਇਸ ਨਾਲ ਜਹਾਜ਼ ਕੰਪਨੀਆਂ ਦੇ ਪੈਸੇ ਵੀ ਬਚਣਗੇ ਕਿਉਂਕਿ ਸਫ਼ਾਈ ਲਈ ਜਹਾਜ਼ਾਂ ਨੂੰ ਬੰਦਰਗਾਹ ʼਤੇ ਲਿਆਉਣ ਲਈ ਬਹੁਤ ਸਾਰਾ ਪੈਸਾ ਖ਼ਰਚ ਹੁੰਦਾ ਹੈ।
ਤੁਹਾਡਾ ਕੀ ਖ਼ਿਆਲ ਹੈ? ਕੀ ਪਾਇਲਟ ਵ੍ਹੇਲ ਦੀ ਆਪਣੇ ਆਪ ਸਫ਼ਾਈ ਕਰਨ ਦੀ ਕਾਬਲੀਅਤ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ?