ਕੀ ਯੂਹੰਨਾ ਬਪਤਿਸਮਾ ਦੇਣ ਵਾਲਾ ਸੱਚ-ਮੁੱਚ ਹੁੰਦਾ ਸੀ?
ਇੰਜੀਲਾਂ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਆਦਮੀ ਦਾ ਜ਼ਿਕਰ ਆਉਂਦਾ ਹੈ ਜਿਸ ਨੇ ਯਹੂਦਿਯਾ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕੀਤਾ ਸੀ। ਬਾਈਬਲ ਇਸ ਆਦਮੀ ਬਾਰੇ ਜੋ ਦੱਸਦੀ ਹੈ, ਕੀ ਉਹ ਸਹੀ ਹੈ? ਆਓ ਗੌਰ ਕਰੀਏ:
ਬਾਈਬਲ ਦੱਸਦੀ ਹੈ: “ਯੂਹੰਨਾ ਬਪਤਿਸਮਾ ਦੇਣ ਵਾਲਾ ਯਹੂਦਿਯਾ ਦੀ ਉਜਾੜ ਵਿਚ ਆ ਕੇ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਕਹਿਣ ਲੱਗਾ: ‘ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ।’” (ਮੱਤੀ 3:1, 2) ਕੀ ਬਾਈਬਲ ਤੋਂ ਇਲਾਵਾ ਇਸ ਗੱਲ ਦਾ ਕੋਈ ਇਤਿਹਾਸਕ ਸਬੂਤ ਹੈ?
ਪਹਿਲੀ ਸਦੀ ਦੇ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਨੇ “ਯੂਹੰਨਾ, ਜਿਸ ਨੂੰ ਬਪਤਿਸਮਾ ਦੇਣ ਵਾਲਾ ਕਿਹਾ ਜਾਂਦਾ ਸੀ,” ਬਾਰੇ ਲਿਖਿਆ ਕਿ ਉਸ ਨੇ “ਯਹੂਦੀਆਂ ਨੂੰ ਧਰਮੀ ਮਿਆਰਾਂ ਮੁਤਾਬਕ ਜੀਉਣ, ਪਰਮੇਸ਼ੁਰ ਦੀ ਭਗਤੀ ਕਰਨ ਅਤੇ ਬਪਤਿਸਮਾ ਲੈਣ ਦੀ ਹੱਲਾਸ਼ੇਰੀ ਦਿੱਤੀ।”—ਯਹੂਦੀ ਪੁਰਾਤਨ ਸਭਿਆਚਾਰ, ਕਿਤਾਬ 18 (ਅੰਗ੍ਰੇਜ਼ੀ)।
ਬਾਈਬਲ ਦੱਸਦੀ ਹੈ ਕਿ ਯੂਹੰਨਾ ਨੇ ਹੇਰੋਦੇਸ ਅੰਤਿਪਾਸ ਨੂੰ ਤਾੜਿਆ ਸੀ ਜੋ ਗਲੀਲ ਅਤੇ ਪੀਰਿਆ ਜ਼ਿਲ੍ਹੇ ਦਾ ਹਾਕਮ ਸੀ। ਹੇਰੋਦੇਸ ਦਾਅਵਾ ਕਰਦਾ ਸੀ ਕਿ ਉਹ ਇਕ ਯਹੂਦੀ ਹੈ ਜੋ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਦਾ ਸੀ। ਯੂਹੰਨਾ ਨੇ ਹੇਰੋਦੇਸ ਨੂੰ ਸਖ਼ਤ ਤਾੜਨਾ ਦਿੱਤੀ ਸੀ ਕਿ ਉਸ ਨੇ ਆਪਣੇ ਮਤਰੇਏ ਭਰਾ ਦੀ ਪਤਨੀ ਹੇਰੋਦਿਆਸ ਨਾਲ ਵਿਆਹ ਕਰਾ ਕੇ ਚੰਗਾ ਨਹੀਂ ਕੀਤਾ ਸੀ। (ਮਰਕੁਸ 6:18) ਬਾਈਬਲ ਤੋਂ ਇਲਾਵਾ ਵੀ ਇਸ ਗੱਲ ਦਾ ਸਬੂਤ ਹੈ।
ਇਤਿਹਾਸਕਾਰ ਜੋਸੀਫ਼ਸ ਨੇ ਕਿਹਾ ਕਿ ਅੰਤਿਪਾਸ ਨੂੰ “ਹੇਰੋਦਿਆਸ ਨਾਲ ਪਿਆਰ ਹੋ ਗਿਆ” ਅਤੇ ਉਸ ਨੇ “ਬਿਨਾਂ ਕਿਸੇ ਸ਼ਰਮ ਦੇ ਹੇਰੋਦਿਆਸ ਨੂੰ ਕਿਹਾ ਕਿ ਉਹ ਉਸ ਨਾਲ ਵਿਆਹ ਕਰਾ ਲਵੇ।” ਹੇਰੋਦਿਆਸ ਮੰਨ ਗਈ ਅਤੇ ਉਸ ਨੇ ਆਪਣੇ ਪਤੀ ਨੂੰ ਛੱਡ ਕੇ ਅੰਤਿਪਾਸ ਨਾਲ ਵਿਆਹ ਕਰਾ ਲਿਆ।
ਬਾਈਬਲ ਦੱਸਦੀ ਹੈ ਕਿ ‘ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦਰਿਆ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਤੋਂ ਲੋਕ ਯੂਹੰਨਾ ਕੋਲ ਆ ਰਹੇ ਸਨ ਅਤੇ ਉਨ੍ਹਾਂ ਨੇ ਯਰਦਨ ਦਰਿਆ ਵਿਚ ਉਸ ਤੋਂ ਬਪਤਿਸਮਾ ਲਿਆ।’—ਮੱਤੀ 3:5, 6.
ਜੋਸੀਫ਼ਸ ਵੀ ਇਸ ਗੱਲ ਨਾਲ ਸਹਿਮਤ ਹੈ। ਉਸ ਨੇ ਲਿਖਿਆ ਕਿ ਲੋਕਾਂ ਦੀਆਂ “ਭੀੜਾਂ” ਯੂਹੰਨਾ ਕੋਲ ਆਈਆਂ ਅਤੇ “ਲੋਕ ਉਸ ਦੀਆਂ ਸਿੱਖਿਆਵਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਏ।”
ਇਸ ਤੋਂ ਸਾਫ਼ ਜ਼ਾਹਰ ਹੈ ਕਿ ਪਹਿਲੀ ਸਦੀ ਦਾ ਇਤਿਹਾਸਕਾਰ ਜੋਸੀਫ਼ਸ ਮੰਨਦਾ ਸੀ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਸੱਚ-ਮੁੱਚ ਹੁੰਦਾ ਸੀ ਅਤੇ ਅਸੀਂ ਵੀ ਇਸ ਗੱਲ ʼਤੇ ਯਕੀਨ ਕਰ ਸਕਦੇ ਹਾਂ।