ਬਾਈਬਲ ਆਇਤਾਂ ਦੀ ਸਮਝ
ਕਹਾਉਤਾਂ 17:17—“ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ”
“ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।”—ਕਹਾਉਤਾਂ 17:17, ਨਵੀਂ ਦੁਨੀਆਂ ਅਨੁਵਾਦ।
“ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”—ਕਹਾਉਤਾਂ 17:17, ਪਵਿੱਤਰ ਬਾਈਬਲ।
ਕਹਾਉਤਾਂ 17:17 ਦਾ ਮਤਲਬ
ਸੱਚਾ ਦੋਸਤ ਭਰੋਸੇਯੋਗ ਹੁੰਦਾ ਹੈ। ਉਹ ਸਕੇ ਭੈਣ-ਭਰਾ ਵਾਂਗ ਵਫ਼ਾਦਾਰ ਹੁੰਦਾ ਅਤੇ ਪਰਵਾਹ ਕਰਦਾ ਹੈ, ਖ਼ਾਸ ਕਰਕੇ ਔਖੀਆਂ ਘੜੀਆਂ ਵਿਚ।
“ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ।” ਇਸ ਆਇਤ ਨੂੰ ਇੱਦਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ: “ਦੋਸਤ ਹਮੇਸ਼ਾ ਪਿਆਰ ਦਿਖਾਉਂਦੇ ਹਨ।” ਇਸ ਆਇਤ ਵਿਚ ਪਿਆਰ ਲਈ ਜੋ ਇਬਰਾਨੀ ਸ਼ਬਦ ਵਰਤਿਆ ਗਿਆ ਹੈ, ਉਸ ਵਿਚ ਕਿਸੇ ਇਨਸਾਨ ਲਈ ਭਾਵਨਾਵਾਂ ਹੋਣ ਤੋਂ ਇਲਾਵਾ ਹੋਰ ਵੀ ਕੁਝ ਸ਼ਾਮਲ ਹੁੰਦਾ ਹੈ। ਇਹ ਪਿਆਰ ਨਿਰਸੁਆਰਥ ਹੁੰਦਾ ਹੈ ਤੇ ਇਹ ਕੰਮਾਂ ਰਾਹੀਂ ਦਿਖਾਇਆ ਜਾਂਦਾ ਹੈ। (1 ਕੁਰਿੰਥੀਆਂ 13:4-7) ਜਿਹੜੇ ਦੋਸਤ ਇਕ-ਦੂਜੇ ਨੂੰ ਅਜਿਹਾ ਪਿਆਰ ਕਰਦੇ ਹਨ, ਉਹ ਉਦੋਂ ਵੀ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿੰਦੇ ਹਨ ਜਦੋਂ ਗ਼ਲਤਫ਼ਹਿਮੀਆਂ ਕਰਕੇ ਜਾਂ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਕਰਕੇ ਉਨ੍ਹਾਂ ਦੀ ਦੋਸਤੀ ਪਰਖੀ ਜਾਂਦੀ ਹੈ। ਉਹ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਹਨ। (ਕਹਾਉਤਾਂ 10:12) ਅਜਿਹਾ ਦੋਸਤ ਉਦੋਂ ਆਪਣੇ ਦੋਸਤ ਨਾਲ ਈਰਖਾ ਨਹੀਂ ਕਰਦਾ ਜਦੋਂ ਉਸ ਦੇ ਦੋਸਤ ਨਾਲ ਕੁਝ ਚੰਗਾ ਹੁੰਦਾ ਹੈ। ਇਸ ਦੀ ਬਜਾਇ, ਉਹ ਆਪਣੇ ਦੋਸਤ ਨਾਲ ਖ਼ੁਸ਼ੀਆਂ ਮਨਾਉਂਦਾ ਹੈ।—ਰੋਮੀਆਂ 12:15.
“ਸੱਚਾ ਦੋਸਤ . . . ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।” ਇਹ ਕਹਾਉਤ ਸਾਡਾ ਧਿਆਨ ਇਸ ਗੱਲ ਵੱਲ ਖਿੱਚਦੀ ਹੈ ਕਿ ਸਕੇ ਭੈਣ-ਭਰਾ ਖ਼ਾਸ ਕਰਕੇ ਇਕ-ਦੂਜੇ ਦੇ ਬਹੁਤ ਨੇੜੇ ਹੁੰਦੇ ਹਨ। ਅਸੀਂ ਆਪਣੇ ਦੋਸਤ ਲਈ ਉਦੋਂ ਭੈਣ ਜਾਂ ਭਰਾ ਸਾਬਤ ਹੁੰਦੇ ਹਾਂ ਜਦੋਂ ਅਸੀਂ ਪੂਰੀ ਵਾਹ ਲਾ ਕੇ ਮੁਸ਼ਕਲ ਘੜੀ ਵਿਚ ਆਪਣੇ ਦੋਸਤ ਦੀ ਮਦਦ ਕਰਦੇ ਹਾਂ। ਕੋਈ ਵੀ ਚੀਜ਼ ਉਨ੍ਹਾਂ ਦੀ ਦੋਸਤੀ ਵਿਚ ਫਿੱਕ ਨਹੀਂ ਪਾ ਸਕਦੀ, ਸਗੋਂ ਇਕ-ਦੂਜੇ ਲਈ ਉਨ੍ਹਾਂ ਦੇ ਦਿਲ ਵਿਚ ਪਿਆਰ ਤੇ ਆਦਰ ਦਿਨ-ਬਦਿਨ ਵਧਦਾ ਜਾਂਦਾ ਹੈ।
ਹੋਰ ਆਇਤਾਂ ਮੁਤਾਬਕ ਕਹਾਉਤਾਂ 17:17 ਦੀ ਸਮਝ
ਕਹਾਉਤਾਂ ਦੀ ਕਿਤਾਬ ਵਿਚ ਥੋੜ੍ਹੇ ਹੀ ਸ਼ਬਦਾਂ ਵਿਚ ਬੁੱਧ ਦੀਆਂ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਕਰਕੇ ਪੜ੍ਹਨ ਵਾਲਾ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਇਸ ਕਿਤਾਬ ਦੀਆਂ ਬਹੁਤ ਸਾਰੀਆਂ ਕਹਾਉਤਾਂ ਰਾਜਾ ਸੁਲੇਮਾਨ ਨੇ ਲਿਖੀਆਂ। ਉਸ ਦਾ ਕਹਾਉਤਾਂ ਲਿਖਣ ਦਾ ਢੰਗ ਇਬਰਾਨੀ ਕਵਿਤਾਵਾਂ ਲਿਖਣ ਵਾਂਗ ਸੀ। ਉਸ ਨੇ ਤੁਕਬੰਦੀ ਕਰਨ ਦੀ ਬਜਾਇ ਇੱਕੋ ਜਿਹੇ ਵਿਚਾਰ ਅਤੇ ਵਿਰੋਧੀ ਵਿਚਾਰ ਵਰਤ ਕੇ ਲਿਖਿਆ। ਇੱਕੋ ਜਿਹੇ ਵਿਚਾਰ ਵਰਤ ਕੇ ਉਸ ਨੇ ਇਕ ਵਿਚਾਰ ਰਾਹੀਂ ਦੂਜੇ ਵਿਚਾਰ ʼਤੇ ਜ਼ੋਰ ਦਿੱਤਾ। ਇਸ ਦੀ ਇਕ ਮਿਸਾਲ ਹੈ ਕਹਾਉਤਾਂ 17:17. ਨਾਲੇ ਵਿਰੋਧੀ ਵਿਚਾਰਾਂ ਦੀ ਇਕ ਮਿਸਾਲ ਹੈ ਕਹਾਉਤਾਂ 18:24. ਇੱਥੇ ਲਿਖਿਆ ਹੈ: “ਅਜਿਹੇ ਵੀ ਸਾਥੀ ਹਨ ਜੋ ਇਕ-ਦੂਜੇ ਨੂੰ ਤਬਾਹ ਕਰਨ ਲਈ ਤਿਆਰ ਰਹਿੰਦੇ ਹਨ, ਪਰ ਇਕ ਦੋਸਤ ਅਜਿਹਾ ਹੈ ਜੋ ਭਰਾ ਨਾਲੋਂ ਵੱਧ ਕੇ ਵਫ਼ਾ ਨਿਭਾਉਂਦਾ ਹੈ।”
ਜਦੋਂ ਸੁਲੇਮਾਨ ਨੇ ਕਹਾਉਤਾਂ 17:17 ਲਿਖਿਆ, ਤਾਂ ਸ਼ਾਇਦ ਉਸ ਨੇ ਆਪਣੇ ਪਿਤਾ ਦਾਊਦ ਅਤੇ ਰਾਜਾ ਸ਼ਾਊਲ ਦੇ ਪੁੱਤਰ ਯੋਨਾਥਾਨ ਦੀ ਗੂੜ੍ਹੀ ਦੋਸਤੀ ਬਾਰੇ ਸੋਚਿਆ ਹੋਵੇ। (1 ਸਮੂਏਲ 13:16; 18:1; 19:1-3; 20:30-34, 41, 42; 23:16-18) ਭਾਵੇਂ ਦਾਊਦ ਤੇ ਯੋਨਾਥਾਨ ਸਕੇ ਭਰਾ ਨਹੀਂ ਸਨ, ਫਿਰ ਵੀ ਉਹ ਇਕ-ਦੂਜੇ ਲਈ ਭਰਾਵਾਂ ਨਾਲੋਂ ਵੱਧ ਕੇ ਸਨ। ਯੋਨਾਥਾਨ ਨੇ ਆਪਣੇ ਦੋਸਤ ਲਈ ਆਪਣੀ ਜਾਨ ਖ਼ਤਰੇ ਵਿਚ ਪਾਈ ਜੋ ਉਸ ਤੋਂ ਉਮਰ ਵਿਚ ਛੋਟਾ ਸੀ।a
ਕਹਾਉਤਾਂ 17:17 ਦੇ ਹੋਰ ਅਨੁਵਾਦ
“ਇਕ ਦੋਸਤ ਹਰ ਸਮੇਂ ਪਿਆਰ ਕਰਦਾ ਹੈ, ਅਤੇ ਮੁਸੀਬਤ ਦੇ ਸਮੇਂ ਭਰਾ ਬਣ ਜਾਂਦਾ ਹੈ।”—ਮੁਢਲੀ ਅੰਗ੍ਰੇਜ਼ੀ ਵਿਚ ਬਾਈਬਲ (ਅੰਗ੍ਰੇਜ਼ੀ)।
“ਇਕ ਦੋਸਤ ਹਮੇਸ਼ਾ ਇਕ ਦੋਸਤ ਹੁੰਦਾ ਹੈ, ਉਹ ਮੁਸੀਬਤਾਂ ਲਈ ਜਨਮ ਤੋਂ ਹੀ ਭਰਾ ਹੁੰਦਾ ਹੈ।”—ਬਾਈਬਲ ਦਾ ਮੋਫਟ ਅਨੁਵਾਦ (ਅੰਗ੍ਰੇਜ਼ੀ)।
“ਇਕ ਮਿੱਤਰ ਹਰ ਸਮੇਂ ਆਪਣੀ ਦੋਸਤੀ ਦਿਖਾਉਂਦਾ ਹੈ—ਮੁਸੀਬਤਾਂ ਲਈ ਹੀ [ਅਜਿਹਾ] ਭਰਾ ਪੈਦਾ ਹੁੰਦਾ ਹੈ।”—ਸੰਪੂਰਨ ਯਹੂਦੀ ਅਧਿਐਨ ਬਾਈਬਲ (ਅੰਗ੍ਰੇਜ਼ੀ)।
ਕਹਾਉਤਾਂ ਦੀ ਕਿਤਾਬ ਦੀ ਝਲਕ ਦੇਖਣ ਲਈ ਇਹ ਛੋਟੀ ਜਿਹੀ ਵੀਡੀਓ ਦੇਖੋ।
a “ਉਨ੍ਹਾਂ ਦੇ ‘ਜੀਅ’ ਰਲ਼ ਗਏ” ਨਾਂ ਦਾ ਲੇਖ ਦੇਖੋ।