ਐਤਵਾਰ 12 ਅਕਤੂਬਰ
[ਯਹੋਵਾਹ] ਤੁਹਾਨੂੰ ਮਜ਼ਬੂਤ ਕਰੇਗਾ ਅਤੇ ਤੁਹਾਨੂੰ ਤਕੜਾ ਕਰੇਗਾ ਅਤੇ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।—1 ਪਤ. 5:10.
ਬਾਈਬਲ ਵਿਚ ਅਕਸਰ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਵਫ਼ਾਦਾਰ ਸੇਵਕ ਤਾਕਤਵਰ ਸਨ। ਪਰ ਜੋ ਬਹੁਤ ਤਾਕਤਵਰ ਸਨ, ਉਨ੍ਹਾਂ ਨੂੰ ਵੀ ਹਮੇਸ਼ਾ ਇੱਦਾਂ ਨਹੀਂ ਲੱਗਦਾ ਸੀ ਕਿ ਉਹ ਤਾਕਤਵਰ ਹਨ। ਉਦਾਹਰਣ ਲਈ, ਰਾਜਾ ਦਾਊਦ ਨੂੰ ਕਈ ਮੌਕਿਆਂ ʼਤੇ ਲੱਗਾ ਕਿ ਉਹ “ਪਹਾੜ ਵਾਂਗ ਮਜ਼ਬੂਤ” ਸੀ, ਪਰ ਕੁਝ ਹੋਰ ਮੌਕਿਆਂ ʼਤੇ ਉਹ “ਬਹੁਤ ਡਰ ਗਿਆ” ਸੀ। (ਜ਼ਬੂ. 30:7) ਸਮਸੂਨ ʼਤੇ ਜਦੋਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕੰਮ ਕਰਦੀ ਸੀ, ਤਾਂ ਉਸ ਵਿਚ ਜ਼ਬਰਦਸਤ ਤਾਕਤ ਆ ਜਾਂਦੀ ਸੀ। ਪਰ ਉਹ ਜਾਣਦਾ ਸੀ ਕਿ ਪਰਮੇਸ਼ੁਰ ਦੀ ਤਾਕਤ ਤੋਂ ਬਗੈਰ ਉਹ ‘ਕਮਜ਼ੋਰ ਹੋ ਜਾਵੇਗਾ ਤੇ ਬਾਕੀ ਸਾਰੇ ਆਦਮੀਆਂ ਵਰਗਾ ਹੋ ਜਾਵੇਗਾ।’ (ਨਿਆ. 14:5, 6; 16:17) ਇਹ ਸਾਰੇ ਵਫ਼ਾਦਾਰ ਇਨਸਾਨ ਸਿਰਫ਼ ਇਸ ਕਰਕੇ ਹੀ ਤਾਕਤਵਰ ਸਨ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਤਾਕਤ ਦਿੱਤੀ ਸੀ। ਪੌਲੁਸ ਰਸੂਲ ਜਾਣਦਾ ਸੀ ਕਿ ਉਸ ਨੂੰ ਵੀ ਯਹੋਵਾਹ ਦੀ ਤਾਕਤ ਦੀ ਲੋੜ ਸੀ। (2 ਕੁਰਿੰ. 12:9, 10) ਉਸ ਨੂੰ ਵੀ ਸਿਹਤ ਸਮੱਸਿਆਵਾਂ ਸਨ। (ਗਲਾ. 4:13, 14) ਕਦੇ-ਕਦਾਈਂ ਉਸ ਨੂੰ ਸਹੀ ਕੰਮ ਕਰਨ ਲਈ ਵੀ ਜੱਦੋ-ਜਹਿਦ ਕਰਨੀ ਪੈਂਦੀ ਸੀ। (ਰੋਮੀ. 7:18, 19) ਨਾਲੇ ਕਈ ਵਾਰ ਉਹ ਪਰੇਸ਼ਾਨ ਹੁੰਦਾ ਸੀ ਅਤੇ ਉਸ ਨੂੰ ਇਹ ਸੋਚ ਕੇ ਡਰ ਲੱਗਦਾ ਸੀ ਕਿ ਪਤਾ ਨਹੀਂ ਉਸ ਨਾਲ ਅੱਗੇ ਕੀ ਹੋਣਾ। (2 ਕੁਰਿੰ. 1:8, 9) ਫਿਰ ਵੀ ਪੌਲੁਸ ਨੇ ਕਿਹਾ ਕਿ ਜਦੋਂ ਉਹ ਕਮਜ਼ੋਰ ਹੁੰਦਾ ਸੀ, ਉਦੋਂ ਉਹ ਤਾਕਤਵਰ ਹੁੰਦਾ ਸੀ। ਕਿਉਂ? ਕਿਉਂਕਿ ਪਰਮੇਸ਼ੁਰ ਨੇ ਹੀ ਉਸ ਨੂੰ ਤਾਕਤ ਦਿੱਤੀ। ਉਸ ਨੇ ਹੀ ਪੌਲੁਸ ਨੂੰ ਤਕੜਾ ਕੀਤਾ। w23.10 12 ਪੈਰੇ 1-2
ਸੋਮਵਾਰ 13 ਅਕਤੂਬਰ
ਯਹੋਵਾਹ ਦਿਲ ਦੇਖਦਾ ਹੈ।—1 ਸਮੂ. 16:7.
ਕਦੇ-ਕਦਾਈਂ ਸ਼ਾਇਦ ਸਾਨੂੰ ਵੀ ਲੱਗੇ ਕਿ ਅਸੀਂ ਨਿਕੰਮੇ ਹਾਂ। ਇੱਦਾਂ ਦੇ ਸਮੇਂ ਵਿਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਸਾਨੂੰ ਆਪਣੇ ਵੱਲ ਖਿੱਚਿਆ ਹੈ। (ਯੂਹੰ. 6:44) ਉਹ ਸਾਡਾ ਦਿਲ ਦੇਖਦਾ ਹੈ। ਉਹ ਸਾਡੇ ਵਿਚ ਅਜਿਹੇ ਗੁਣ ਦੇਖਦਾ ਹੈ ਜੋ ਸ਼ਾਇਦ ਅਸੀਂ ਖ਼ੁਦ ਵੀ ਨਾ ਦੇਖ ਸਕੀਏ। (2 ਇਤਿ. 6:30) ਇਸ ਲਈ ਜਦੋਂ ਉਹ ਕਹਿੰਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਨੂੰ ਅਨਮੋਲ ਸਮਝਦਾ ਹੈ, ਤਾਂ ਅਸੀਂ ਉਸ ʼਤੇ ਪੂਰਾ ਯਕੀਨ ਰੱਖ ਸਕਦੇ ਹਾਂ। (1 ਯੂਹੰ. 3:19, 20) ਸੱਚਾਈ ਸਿੱਖਣ ਤੋਂ ਪਹਿਲਾਂ ਸਾਡੇ ਵਿੱਚੋਂ ਕਈਆਂ ਨੇ ਅਜਿਹੇ ਕੰਮ ਕੀਤੇ ਸਨ ਜਿਸ ਕਰਕੇ ਉਹ ਸ਼ਾਇਦ ਅੱਜ ਵੀ ਦੋਸ਼ੀ ਮਹਿਸੂਸ ਕਰਨ। (1 ਪਤ. 4:3) ਉਨ੍ਹਾਂ ਭੈਣਾਂ-ਭਰਾਵਾਂ ਨੂੰ ਵੀ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪੈਂਦਾ ਹੈ ਜੋ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਤੁਹਾਡੇ ਬਾਰੇ ਕੀ? ਕੀ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਯਹੋਵਾਹ ਤੁਹਾਨੂੰ ਕਦੇ ਮਾਫ਼ ਨਹੀਂ ਕਰ ਸਕਦਾ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਕੁਝ ਸੇਵਕਾਂ ਨੇ ਵੀ ਇੱਦਾਂ ਹੀ ਮਹਿਸੂਸ ਕੀਤਾ ਸੀ। ਜ਼ਰਾ ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਪੌਲੁਸ ਇਸ ਬਾਰੇ ਸੋਚਦਾ ਸੀ ਕਿ ਉਸ ਵਿਚ ਕਿੰਨੀਆਂ ਕਮੀਆਂ ਹਨ, ਤਾਂ ਉਹ ਬਹੁਤ ਦੁਖੀ ਹੁੰਦਾ ਸੀ। (ਰੋਮੀ. 7:24) ਪੌਲੁਸ ਨੇ ਪਹਿਲਾਂ ਜੋ ਪਾਪ ਕੀਤੇ ਸਨ, ਉਨ੍ਹਾਂ ਲਈ ਉਸ ਨੇ ਤੋਬਾ ਕੀਤੀ ਅਤੇ ਬਪਤਿਸਮਾ ਲਿਆ। ਪਰ ਫਿਰ ਵੀ ਉਸ ਨੇ ਆਪਣੇ ਬਾਰੇ ਕਿਹਾ: “ਮੈਂ ਸਾਰੇ ਰਸੂਲਾਂ ਵਿੱਚੋਂ ਛੋਟਾ ਰਸੂਲ ਹਾਂ” ਅਤੇ “ਸਭ ਤੋਂ ਵੱਡਾ ਪਾਪੀ ਮੈਂ ਹਾਂ।”—1 ਕੁਰਿੰ. 15:9; 1 ਤਿਮੋ. 1:15. w24.03 27 ਪੈਰੇ 5-6
ਮੰਗਲਵਾਰ 14 ਅਕਤੂਬਰ
‘ਉਨ੍ਹਾਂ ਨੇ ਯਹੋਵਾਹ ਦੇ ਭਵਨ ਨੂੰ ਤਿਆਗ ਦਿੱਤਾ।’—2 ਇਤਿ. 24:18.
ਇਕ ਸਬਕ ਜੋ ਅਸੀਂ ਰਾਜਾ ਯਹੋਆਸ਼ ਦੇ ਬੁਰੇ ਫ਼ੈਸਲੇ ਤੋਂ ਸਿੱਖ ਸਕਦੇ ਹਾਂ, ਉਹ ਹੈ ਕਿ ਸਾਨੂੰ ਸਿਰਫ਼ ਉਹੀ ਦੋਸਤ ਬਣਾਉਣੇ ਚਾਹੀਦੇ ਹਨ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਇਹ ਦੋਸਤ ਚੰਗੇ ਕੰਮ ਕਰਨ ਵਿਚ ਸਾਡੀ ਮਦਦ ਕਰਨਗੇ। ਨਾਲੇ ਸਾਨੂੰ ਸਿਰਫ਼ ਆਪਣੀ ਉਮਰ ਦੇ ਲੋਕਾਂ ਨਾਲ ਹੀ ਦੋਸਤੀ ਨਹੀਂ ਕਰਨੀ ਚਾਹੀਦੀ। ਯਾਦ ਰੱਖੋ, ਯਹੋਆਸ਼ ਆਪਣੇ ਦੋਸਤ ਯਹੋਯਾਦਾ ਤੋਂ ਬਹੁਤ ਛੋਟਾ ਸੀ। ਦੋਸਤਾਂ ਦੀ ਚੋਣ ਦੇ ਮਾਮਲੇ ਵਿਚ ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਦੋਸਤ ਮੇਰੀ ਮਦਦ ਕਰਦੇ ਹਨ ਕਿ ਮੈਂ ਯਹੋਵਾਹ ʼਤੇ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਾਂ? ਕੀ ਉਹ ਮੈਨੂੰ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਣ ਦੀ ਹੱਲਾਸ਼ੇਰੀ ਦਿੰਦੇ ਹਨ? ਕੀ ਉਹ ਯਹੋਵਾਹ ਅਤੇ ਉਸ ਦੀਆਂ ਅਨਮੋਲ ਸੱਚਾਈਆਂ ਬਾਰੇ ਗੱਲ ਕਰਦੇ ਹਨ? ਕੀ ਉਹ ਯਹੋਵਾਹ ਦੇ ਮਿਆਰਾਂ ਦਾ ਆਦਰ ਕਰਦੇ ਹਨ? ਕੀ ਉਹ ਮੈਨੂੰ ਸਿਰਫ਼ ਉਹੀ ਗੱਲਾਂ ਕਹਿੰਦੇ ਹਨ ਜੋ ਮੈਂ ਸੁਣਨੀਆਂ ਚਾਹੁੰਦਾ ਹਾਂ? ਜਾਂ ਉਹ ਹਿੰਮਤ ਕਰਕੇ ਮੈਨੂੰ ਸੁਧਾਰਦੇ ਹਨ ਜਦੋਂ ਮੇਰੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ?’ (ਕਹਾ. 27:5, 6, 17) ਸੱਚ ਤਾਂ ਇਹ ਹੈ ਕਿ ਜੇ ਤੁਹਾਡੇ ਦੋਸਤ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਤਾਂ ਤੁਹਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਪਰ ਜੇ ਤੁਹਾਡੇ ਦੋਸਤ ਯਹੋਵਾਹ ਨੂੰ ਪਿਆਰ ਕਰਦੇ ਹਨ, ਤਾਂ ਉਨ੍ਹਾਂ ਨਾਲ ਦੋਸਤੀ ਬਣਾਈ ਰੱਖੋ। ਉਹ ਹਮੇਸ਼ਾ ਤੁਹਾਡੀ ਮਦਦ ਕਰਨਗੇ।—ਕਹਾ. 13:20. w23.09 9-10 ਪੈਰੇ 6-7