ਸ਼ੁੱਕਰਵਾਰ 17 ਅਕਤੂਬਰ
ਚਾਨਣ ਦੇ ਬੱਚਿਆਂ ਵਜੋਂ ਚੱਲਦੇ ਰਹੋ।—ਅਫ਼. 5:8.
ਹਮੇਸ਼ਾ “ਚਾਨਣ ਦੇ ਬੱਚਿਆਂ ਵਜੋਂ ਚੱਲਦੇ” ਰਹਿਣ ਲਈ ਸਾਨੂੰ ਪਵਿੱਤਰ ਸ਼ਕਤੀ ਦੀ ਲੋੜ ਹੈ। ਪਰ ਕਿਉਂ? ਕਿਉਂਕਿ ਇਹ ਦੁਨੀਆਂ ਅਨੈਤਿਕ ਲੋਕਾਂ ਨਾਲ ਭਰੀ ਹੋਈ ਹੈ ਅਤੇ ਇਸ ਵਿਚ ਆਪਣੇ ਆਪ ਨੂੰ ਸ਼ੁੱਧ ਬਣਾਈ ਰੱਖਣਾ ਸੌਖਾ ਨਹੀਂ ਹੈ। (1 ਥੱਸ. 4:3-5, 7, 8) ਪਰ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਦੁਨੀਆਂ ਦੀ ਸੋਚ ਅਤੇ ਫ਼ਲਸਫ਼ਿਆਂ ਨੂੰ ਠੁਕਰਾ ਸਕਾਂਗੇ। ਅਸੀਂ ਇੱਦਾਂ ਦੀ ਸੋਚ ਅਤੇ ਰਵੱਈਏ ਨੂੰ ਖ਼ੁਦ ʼਤੇ ਹਾਵੀ ਨਹੀਂ ਹੋਣ ਦੇਵਾਂਗੇ ਜੋ ਪਰਮੇਸ਼ੁਰ ਦੀ ਸੋਚ ਨਾਲ ਮੇਲ ਨਹੀਂ ਖਾਂਦਾ। ਇਸ ਤੋਂ ਇਲਾਵਾ, ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ‘ਹਰ ਤਰ੍ਹਾਂ ਦਾ ਭਲਾ ਕੰਮ ਕਰ ਸਕਾਂਗੇ ਅਤੇ ਧਰਮੀ ਅਸੂਲਾਂ ਮੁਤਾਬਕ ਜ਼ਿੰਦਗੀ ਜੀ’ ਸਕਾਂਗੇ। (ਅਫ਼. 5:9) ਪਵਿੱਤਰ ਸ਼ਕਤੀ ਪਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਇਸ ਲਈ ਪ੍ਰਾਰਥਨਾ ਕਰੀਏ। ਯਿਸੂ ਨੇ ਕਿਹਾ ਸੀ ਕਿ ਯਹੋਵਾਹ ਉਨ੍ਹਾਂ ਨੂੰ “ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ ਜੋ ਉਸ ਤੋਂ ਮੰਗਦੇ ਹਨ!” (ਲੂਕਾ 11:13) ਨਾਲੇ ਸਭਾਵਾਂ ਵਿਚ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਨਾਲ ਵੀ ਸਾਨੂੰ ਪਵਿੱਤਰ ਸ਼ਕਤੀ ਮਿਲਦੀ ਹੈ। (ਅਫ਼. 5:19, 20) ਜਦੋਂ ਪਵਿੱਤਰ ਸ਼ਕਤੀ ਸਾਡੇ ʼਤੇ ਕੰਮ ਕਰੇਗੀ, ਤਾਂ ਅਸੀਂ ਇੱਦਾਂ ਦੀ ਜ਼ਿੰਦਗੀ ਜੀ ਸਕਾਂਗੇ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। w24.03 23-24 ਪੈਰੇ 13-15
ਸ਼ਨੀਵਾਰ 18 ਅਕਤੂਬਰ
ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।—ਲੂਕਾ 11:9.
ਕੀ ਤੁਹਾਨੂੰ ਹੋਰ ਜ਼ਿਆਦਾ ਧੀਰਜਵਾਨ ਬਣਨ ਦੀ ਲੋੜ ਹੈ? ਜੇ ਹਾਂ, ਤਾਂ ਇਸ ਲਈ ਪ੍ਰਾਰਥਨਾ ਕਰੋ। ਧੀਰਜ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਗੁਣ ਹੈ। (ਗਲਾ. 5:22, 23) ਇਸ ਲਈ ਅਸੀਂ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗ ਸਕਦੇ ਹਾਂ ਅਤੇ ਬੇਨਤੀ ਕਰ ਸਕਦੇ ਹਾਂ ਕਿ ਅਸੀਂ ਧੀਰਜ ਰੱਖ ਸਕੀਏ। ਜੇ ਅਸੀਂ ਅਜਿਹੇ ਹਾਲਾਤ ਦਾ ਸਾਮ੍ਹਣਾ ਕਰ ਰਹੇ ਹਾਂ ਜਦੋਂ ਸਾਨੂੰ ਧੀਰਜ ਰੱਖਣਾ ਔਖਾ ਲੱਗੇ, ਤਾਂ ਅਸੀਂ ਪਵਿੱਤਰ ਸ਼ਕਤੀ ‘ਮੰਗਦੇ ਰਹਿ’ ਸਕਦੇ ਹਾਂ। (ਲੂਕਾ 11:13) ਨਾਲੇ ਅਸੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ ਕਿ ਅਸੀਂ ਹਾਲਾਤਾਂ ਪ੍ਰਤੀ ਉਸ ਵਰਗਾ ਨਜ਼ਰੀਆ ਰੱਖ ਸਕੀਏ। ਫਿਰ ਪ੍ਰਾਰਥਨਾ ਕਰਨ ਤੋਂ ਬਾਅਦ ਸਾਨੂੰ ਹਰ ਰੋਜ਼ ਪੂਰੀ ਵਾਹ ਲਾ ਕੇ ਧੀਰਜ ਦਿਖਾਉਣ ਦੀ ਲੋੜ ਹੈ। ਅਸੀਂ ਜਿੰਨਾ ਜ਼ਿਆਦਾ ਧੀਰਜ ਲਈ ਪ੍ਰਾਰਥਨਾ ਕਰਾਂਗੇ ਅਤੇ ਧੀਰਜ ਰੱਖਣ ਦੀ ਕੋਸ਼ਿਸ਼ ਕਰਾਂਗੇ, ਇਹ ਗੁਣ ਉੱਨਾ ਜ਼ਿਆਦਾ ਸਾਡੇ ਦਿਲਾਂ ਵਿਚ ਜੜ੍ਹ ਫੜ ਲਵੇਗਾ ਅਤੇ ਸਾਡੀ ਸ਼ਖ਼ਸੀਅਤ ਦਾ ਹਿੱਸਾ ਬਣ ਜਾਵੇਗਾ। ਨਾਲੇ ਬਾਈਬਲ ਵਿਚ ਦਿੱਤੀਆਂ ਮਿਸਾਲਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰਨ ਨਾਲ ਵੀ ਸਾਡੀ ਮਦਦ ਹੁੰਦੀ ਹੈ। ਬਾਈਬਲ ਵਿਚ ਉਨ੍ਹਾਂ ਲੋਕਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਰਜ ਹਨ ਜਿਨ੍ਹਾਂ ਨੇ ਧੀਰਜ ਰੱਖਿਆ ਸੀ। ਉਨ੍ਹਾਂ ਦੀਆਂ ਮਿਸਾਲਾਂ ʼਤੇ ਸੋਚ-ਵਿਚਾਰ ਕਰ ਕੇ ਅਸੀਂ ਜਾਣ ਸਕਦੇ ਹਾਂ ਕਿ ਅਸੀਂ ਅਲੱਗ-ਅਲੱਗ ਹਾਲਾਤਾਂ ਵਿਚ ਧੀਰਜ ਕਿਵੇਂ ਦਿਖਾ ਸਕਦੇ ਹਾਂ। w23.08 22 ਪੈਰੇ 10-11
ਐਤਵਾਰ 19 ਅਕਤੂਬਰ
ਤੁਸੀਂ ਆਪਣੇ ਜਾਲ਼ ਪਾਣੀ ਵਿਚ ਪਾਓ।—ਲੂਕਾ 5:4.
ਯਿਸੂ ਨੇ ਪਤਰਸ ਰਸੂਲ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ। ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੇ ਪਤਰਸ ਅਤੇ ਹੋਰ ਰਸੂਲਾਂ ਦੀ ਚਮਤਕਾਰ ਕਰ ਕੇ ਇਕ ਵਾਰ ਫਿਰ ਮੱਛੀਆਂ ਫੜਨ ਵਿਚ ਮਦਦ ਕੀਤੀ। (ਯੂਹੰ. 21:4-6) ਬਿਨਾਂ ਸ਼ੱਕ, ਇਸ ਚਮਤਕਾਰ ਕਰਕੇ ਪਤਰਸ ਨੂੰ ਦੁਬਾਰਾ ਭਰੋਸਾ ਹੋ ਗਿਆ ਹੋਣਾ ਕਿ ਯਹੋਵਾਹ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ। ਸ਼ਾਇਦ ਉਦੋਂ ਪਤਰਸ ਰਸੂਲ ਨੂੰ ਯਿਸੂ ਦੀ ਕਹੀ ਇਹ ਗੱਲ ਯਾਦ ਆਈ ਹੋਣੀ ਕਿ ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਜੋ ‘ਉਸ ਦੇ ਰਾਜ ਨੂੰ ਪਹਿਲ ਦਿੰਦੇ ਹਨ।’ (ਮੱਤੀ 6:33) ਇਨ੍ਹਾਂ ਸਾਰੀਆਂ ਗੱਲਾਂ ਕਰਕੇ ਪਤਰਸ ਨੇ ਆਪਣੀ ਜ਼ਿੰਦਗੀ ਵਿਚ ਪ੍ਰਚਾਰ ਕੰਮ ਨੂੰ ਪਹਿਲ ਦਿੱਤੀ, ਨਾ ਕਿ ਮੱਛੀਆਂ ਫੜਨ ਦੇ ਆਪਣੇ ਕੰਮ ਨੂੰ। ਪੰਤੇਕੁਸਤ 33 ਈਸਵੀ ਨੂੰ ਪਤਰਸ ਨੇ ਦਲੇਰੀ ਨਾਲ ਗਵਾਹੀ ਦਿੱਤੀ ਜਿਸ ਕਰਕੇ ਹਜ਼ਾਰਾਂ ਹੀ ਲੋਕਾਂ ਨੇ ਖ਼ੁਸ਼ ਖ਼ਬਰੀ ਕਬੂਲ ਕੀਤੀ। (ਰਸੂ. 2:14, 37-41) ਇਸ ਤੋਂ ਬਾਅਦ ਉਸ ਨੇ ਸਾਮਰੀਆਂ ਅਤੇ ਗ਼ੈਰ-ਯਹੂਦੀਆਂ ਦੀ ਮਸੀਹ ਬਾਰੇ ਜਾਣਨ ਅਤੇ ਉਸ ਦੇ ਚੇਲੇ ਬਣਨ ਵਿਚ ਮਦਦ ਕੀਤੀ। (ਰਸੂ. 8:14-17; 10:44-48) ਬਿਨਾਂ ਸ਼ੱਕ, ਯਹੋਵਾਹ ਨੇ ਹਰ ਤਰ੍ਹਾਂ ਦੇ ਲੋਕਾਂ ਨੂੰ ਮਸੀਹੀ ਮੰਡਲੀ ਵਿਚ ਲਿਆਉਣ ਲਈ ਪਤਰਸ ਨੂੰ ਜ਼ਬਰਦਸਤ ਤਰੀਕੇ ਨਾਲ ਵਰਤਿਆ। w23.09 20 ਪੈਰਾ 1; 23 ਪੈਰਾ 11