ਐਤਵਾਰ 19 ਅਕਤੂਬਰ
ਤੁਸੀਂ ਆਪਣੇ ਜਾਲ਼ ਪਾਣੀ ਵਿਚ ਪਾਓ।—ਲੂਕਾ 5:4.
ਯਿਸੂ ਨੇ ਪਤਰਸ ਰਸੂਲ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ। ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੇ ਪਤਰਸ ਅਤੇ ਹੋਰ ਰਸੂਲਾਂ ਦੀ ਚਮਤਕਾਰ ਕਰ ਕੇ ਇਕ ਵਾਰ ਫਿਰ ਮੱਛੀਆਂ ਫੜਨ ਵਿਚ ਮਦਦ ਕੀਤੀ। (ਯੂਹੰ. 21:4-6) ਬਿਨਾਂ ਸ਼ੱਕ, ਇਸ ਚਮਤਕਾਰ ਕਰਕੇ ਪਤਰਸ ਨੂੰ ਦੁਬਾਰਾ ਭਰੋਸਾ ਹੋ ਗਿਆ ਹੋਣਾ ਕਿ ਯਹੋਵਾਹ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ। ਸ਼ਾਇਦ ਉਦੋਂ ਪਤਰਸ ਰਸੂਲ ਨੂੰ ਯਿਸੂ ਦੀ ਕਹੀ ਇਹ ਗੱਲ ਯਾਦ ਆਈ ਹੋਣੀ ਕਿ ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਜੋ ‘ਉਸ ਦੇ ਰਾਜ ਨੂੰ ਪਹਿਲ ਦਿੰਦੇ ਹਨ।’ (ਮੱਤੀ 6:33) ਇਨ੍ਹਾਂ ਸਾਰੀਆਂ ਗੱਲਾਂ ਕਰਕੇ ਪਤਰਸ ਨੇ ਆਪਣੀ ਜ਼ਿੰਦਗੀ ਵਿਚ ਪ੍ਰਚਾਰ ਕੰਮ ਨੂੰ ਪਹਿਲ ਦਿੱਤੀ, ਨਾ ਕਿ ਮੱਛੀਆਂ ਫੜਨ ਦੇ ਆਪਣੇ ਕੰਮ ਨੂੰ। ਪੰਤੇਕੁਸਤ 33 ਈਸਵੀ ਨੂੰ ਪਤਰਸ ਨੇ ਦਲੇਰੀ ਨਾਲ ਗਵਾਹੀ ਦਿੱਤੀ ਜਿਸ ਕਰਕੇ ਹਜ਼ਾਰਾਂ ਹੀ ਲੋਕਾਂ ਨੇ ਖ਼ੁਸ਼ ਖ਼ਬਰੀ ਕਬੂਲ ਕੀਤੀ। (ਰਸੂ. 2:14, 37-41) ਇਸ ਤੋਂ ਬਾਅਦ ਉਸ ਨੇ ਸਾਮਰੀਆਂ ਅਤੇ ਗ਼ੈਰ-ਯਹੂਦੀਆਂ ਦੀ ਮਸੀਹ ਬਾਰੇ ਜਾਣਨ ਅਤੇ ਉਸ ਦੇ ਚੇਲੇ ਬਣਨ ਵਿਚ ਮਦਦ ਕੀਤੀ। (ਰਸੂ. 8:14-17; 10:44-48) ਬਿਨਾਂ ਸ਼ੱਕ, ਯਹੋਵਾਹ ਨੇ ਹਰ ਤਰ੍ਹਾਂ ਦੇ ਲੋਕਾਂ ਨੂੰ ਮਸੀਹੀ ਮੰਡਲੀ ਵਿਚ ਲਿਆਉਣ ਲਈ ਪਤਰਸ ਨੂੰ ਜ਼ਬਰਦਸਤ ਤਰੀਕੇ ਨਾਲ ਵਰਤਿਆ। w23.09 20 ਪੈਰਾ 1; 23 ਪੈਰਾ 11
ਸੋਮਵਾਰ 20 ਅਕਤੂਬਰ
ਜੇ ਤੁਸੀਂ ਮੈਨੂੰ ਮੇਰਾ ਸੁਪਨਾ ਅਤੇ ਇਸ ਦਾ ਮਤਲਬ ਨਹੀਂ ਦੱਸਿਆ, ਤਾਂ ਤੁਹਾਡੇ ਟੋਟੇ-ਟੋਟੇ ਕਰ ਦਿੱਤੇ ਜਾਣਗੇ।—ਦਾਨੀ. 2:5.
ਬਾਬਲੀਆਂ ਦੁਆਰਾ ਯਰੂਸ਼ਲਮ ਦਾ ਨਾਸ਼ ਕੀਤਿਆਂ ਲਗਭਗ ਦੋ ਸਾਲ ਹੋ ਚੁੱਕੇ ਸਨ। ਉਸ ਵੇਲੇ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਇਕ ਵੱਡੀ ਮੂਰਤ ਦਾ ਡਰਾਉਣਾ ਸੁਪਨਾ ਦੇਖਿਆ ਜਿਸ ਕਰਕੇ ਉਹ ਬਹੁਤ ਬੇਚੈਨ ਹੋ ਗਿਆ। ਰਾਜੇ ਨੇ ਆਪਣੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਹ ਉਸ ਦਾ ਸੁਪਨਾ ਤੇ ਇਸ ਦਾ ਮਤਲਬ ਦੱਸਣ। ਇਨ੍ਹਾਂ ਬੁੱਧੀਮਾਨ ਆਦਮੀਆਂ ਵਿਚ ਦਾਨੀਏਲ ਵੀ ਸ਼ਾਮਲ ਸੀ। ਰਾਜੇ ਨੇ ਹੁਕਮ ਦਿੱਤਾ ਕਿ ਜੇ ਉਹ ਇਸ ਬਾਰੇ ਨਹੀਂ ਦੱਸਣਗੇ, ਤਾਂ ਉਨ੍ਹਾਂ ਸਾਰਿਆਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। (ਦਾਨੀ. 2:3-5) ਦਾਨੀਏਲ ਨੂੰ ਤੁਰੰਤ ਕਦਮ ਚੁੱਕਣਾ ਪੈਣਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਦਾਅ ʼਤੇ ਲੱਗੀਆਂ ਹੋਈਆਂ ਸਨ। ਦਾਨੀਏਲ ਨੇ “ਰਾਜੇ ਦੇ ਸਾਮ੍ਹਣੇ ਜਾ ਕੇ ਮਿੰਨਤ ਕੀਤੀ ਕਿ ਉਸ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ ਤਾਂਕਿ ਉਹ ਰਾਜੇ ਨੂੰ ਸੁਪਨੇ ਦਾ ਮਤਲਬ ਦੱਸ ਸਕੇ।” (ਦਾਨੀ. 2:16) ਇਸ ਤੋਂ ਪਤਾ ਲੱਗਦਾ ਹੈ ਕਿ ਦਾਨੀਏਲ ਕਿੰਨਾ ਦਲੇਰ ਸੀ ਅਤੇ ਉਸ ਨੂੰ ਪਰਮੇਸ਼ੁਰ ʼਤੇ ਕਿੰਨੀ ਨਿਹਚਾ ਸੀ। ਬਾਈਬਲ ਵਿਚ ਇਸ ਦਾ ਕਿਤੇ ਜ਼ਿਕਰ ਨਹੀਂ ਆਉਂਦਾ ਕਿ ਦਾਨੀਏਲ ਨੇ ਪਹਿਲਾਂ ਕਦੇ ਕਿਸੇ ਸੁਪਨੇ ਦਾ ਮਤਲਬ ਦੱਸਿਆ ਹੋਵੇ। ਦਾਨੀਏਲ ਨੇ ਆਪਣੇ ਦੋਸਤਾਂ ਨੂੰ “ਇਸ ਭੇਤ ਦੇ ਮਾਮਲੇ ਵਿਚ ਸਵਰਗ ਦੇ ਪਰਮੇਸ਼ੁਰ ਨੂੰ ਦਇਆ ਵਾਸਤੇ ਪ੍ਰਾਰਥਨਾ ਕਰਨ ਲਈ ਕਿਹਾ।” (ਦਾਨੀ. 2:18) ਯਹੋਵਾਹ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। ਦਾਨੀਏਲ ਨਬੀ ਪਰਮੇਸ਼ੁਰ ਦੀ ਮਦਦ ਨਾਲ ਨਬੂਕਦਨੱਸਰ ਦੇ ਸੁਪਨੇ ਦਾ ਮਤਲਬ ਦੱਸ ਸਕਿਆ। ਇਸ ਤਰ੍ਹਾਂ ਦਾਨੀਏਲ ਅਤੇ ਉਸ ਦੇ ਦੋਸਤਾਂ ਦੀਆਂ ਜਾਨਾਂ ਬਚ ਗਈਆਂ। w23.08 3 ਪੈਰਾ 4
ਮੰਗਲਵਾਰ 21 ਅਕਤੂਬਰ
ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ, ਉਹੀ ਬਚਾਇਆ ਜਾਵੇਗਾ।—ਮੱਤੀ 24:13.
ਧੀਰਜਵਾਨ ਬਣਨ ਦੇ ਫ਼ਾਇਦਿਆਂ ʼਤੇ ਗੌਰ ਕਰੋ। ਜਦੋਂ ਅਸੀਂ ਧੀਰਜ ਰੱਖਦੇ ਹਾਂ, ਤਾਂ ਅਸੀਂ ਜ਼ਿਆਦਾ ਖ਼ੁਸ਼ ਤੇ ਸ਼ਾਂਤ ਰਹਿ ਪਾਉਂਦੇ ਹਾਂ। ਇਸ ਕਰਕੇ ਕਾਫ਼ੀ ਹੱਦ ਸਾਡੀ ਸਿਹਤ ਵਧੀਆ ਰਹਿੰਦੀ ਹੈ ਅਤੇ ਸਾਨੂੰ ਬਿਨਾਂ ਵਜ੍ਹਾ ਤਣਾਅ ਨਹੀਂ ਹੁੰਦਾ। ਧੀਰਜ ਰੱਖਣ ਕਰਕੇ ਦੂਜਿਆਂ ਨਾਲ ਸਾਡੇ ਰਿਸ਼ਤੇ ਵਧੀਆ ਬਣਦੇ ਹਨ। ਨਾਲੇ ਸਾਡੀ ਮੰਡਲੀ ਦੀ ਏਕਤਾ ਹੋਰ ਵੀ ਵਧਦੀ ਹੈ। ਜੇ ਸਾਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ, ਤਾਂ ਅਸੀਂ ਛੇਤੀ ਗੁੱਸੇ ਨਹੀਂ ਹੁੰਦੇ ਅਤੇ ਗੱਲ ਹੋਰ ਨਹੀਂ ਵਿਗੜਦੀ। (ਜ਼ਬੂ. 37:8, ਫੁਟਨੋਟ; ਕਹਾ. 14:29) ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਆਪਣੇ ਸਵਰਗੀ ਪਿਤਾ ਦੀ ਰੀਸ ਕਰਦੇ ਹਾਂ ਅਤੇ ਉਸ ਦੇ ਹੋਰ ਵੀ ਨੇੜੇ ਜਾਂਦੇ ਹਾਂ। ਧੀਰਜ ਕਿੰਨਾ ਹੀ ਵਧੀਆ ਅਤੇ ਫ਼ਾਇਦੇਮੰਦ ਗੁਣ ਹੈ। ਭਾਵੇਂ ਕਿ ਸਾਡੇ ਲਈ ਧੀਰਜ ਰੱਖਣਾ ਹਮੇਸ਼ਾ ਸੌਖਾ ਨਹੀਂ ਹੁੰਦਾ, ਪਰ ਯਹੋਵਾਹ ਦੀ ਮਦਦ ਨਾਲ ਅਸੀਂ ਇਹ ਗੁਣ ਦਿਖਾਉਂਦੇ ਰਹਿ ਸਕਦੇ ਹਾਂ। ਨਾਲੇ ਨਵੀਂ ਦੁਨੀਆਂ ਦੀ ‘ਧੀਰਜ ਨਾਲ ਉਡੀਕ ਕਰਦਿਆਂ’ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਅਤੇ ਹਿਫਾਜ਼ਤ ਕਰੇਗਾ। (ਮੀਕਾ. 7:7) ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਧੀਰਜ ਨੂੰ ਪਹਿਨਦੇ ਰਹਾਂਗੇ। w23.08 22 ਪੈਰਾ 7; 25 ਪੈਰੇ 16-17