ਮੰਗਲਵਾਰ 21 ਅਕਤੂਬਰ
ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ, ਉਹੀ ਬਚਾਇਆ ਜਾਵੇਗਾ।—ਮੱਤੀ 24:13.
ਧੀਰਜਵਾਨ ਬਣਨ ਦੇ ਫ਼ਾਇਦਿਆਂ ʼਤੇ ਗੌਰ ਕਰੋ। ਜਦੋਂ ਅਸੀਂ ਧੀਰਜ ਰੱਖਦੇ ਹਾਂ, ਤਾਂ ਅਸੀਂ ਜ਼ਿਆਦਾ ਖ਼ੁਸ਼ ਤੇ ਸ਼ਾਂਤ ਰਹਿ ਪਾਉਂਦੇ ਹਾਂ। ਇਸ ਕਰਕੇ ਕਾਫ਼ੀ ਹੱਦ ਸਾਡੀ ਸਿਹਤ ਵਧੀਆ ਰਹਿੰਦੀ ਹੈ ਅਤੇ ਸਾਨੂੰ ਬਿਨਾਂ ਵਜ੍ਹਾ ਤਣਾਅ ਨਹੀਂ ਹੁੰਦਾ। ਧੀਰਜ ਰੱਖਣ ਕਰਕੇ ਦੂਜਿਆਂ ਨਾਲ ਸਾਡੇ ਰਿਸ਼ਤੇ ਵਧੀਆ ਬਣਦੇ ਹਨ। ਨਾਲੇ ਸਾਡੀ ਮੰਡਲੀ ਦੀ ਏਕਤਾ ਹੋਰ ਵੀ ਵਧਦੀ ਹੈ। ਜੇ ਸਾਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ, ਤਾਂ ਅਸੀਂ ਛੇਤੀ ਗੁੱਸੇ ਨਹੀਂ ਹੁੰਦੇ ਅਤੇ ਗੱਲ ਹੋਰ ਨਹੀਂ ਵਿਗੜਦੀ। (ਜ਼ਬੂ. 37:8, ਫੁਟਨੋਟ; ਕਹਾ. 14:29) ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਆਪਣੇ ਸਵਰਗੀ ਪਿਤਾ ਦੀ ਰੀਸ ਕਰਦੇ ਹਾਂ ਅਤੇ ਉਸ ਦੇ ਹੋਰ ਵੀ ਨੇੜੇ ਜਾਂਦੇ ਹਾਂ। ਧੀਰਜ ਕਿੰਨਾ ਹੀ ਵਧੀਆ ਅਤੇ ਫ਼ਾਇਦੇਮੰਦ ਗੁਣ ਹੈ। ਭਾਵੇਂ ਕਿ ਸਾਡੇ ਲਈ ਧੀਰਜ ਰੱਖਣਾ ਹਮੇਸ਼ਾ ਸੌਖਾ ਨਹੀਂ ਹੁੰਦਾ, ਪਰ ਯਹੋਵਾਹ ਦੀ ਮਦਦ ਨਾਲ ਅਸੀਂ ਇਹ ਗੁਣ ਦਿਖਾਉਂਦੇ ਰਹਿ ਸਕਦੇ ਹਾਂ। ਨਾਲੇ ਨਵੀਂ ਦੁਨੀਆਂ ਦੀ ‘ਧੀਰਜ ਨਾਲ ਉਡੀਕ ਕਰਦਿਆਂ’ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਅਤੇ ਹਿਫਾਜ਼ਤ ਕਰੇਗਾ। (ਮੀਕਾ. 7:7) ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਧੀਰਜ ਨੂੰ ਪਹਿਨਦੇ ਰਹਾਂਗੇ। w23.08 22 ਪੈਰਾ 7; 25 ਪੈਰੇ 16-17
ਬੁੱਧਵਾਰ 22 ਅਕਤੂਬਰ
ਕੰਮਾਂ ਤੋਂ ਬਿਨਾਂ ਤੁਹਾਡੀ ਨਿਹਚਾ ਮਰੀ ਹੋਈ ਹੈ।—ਯਾਕੂ. 2:17.
ਯਾਕੂਬ ਨੇ ਕਿਹਾ ਕਿ ਇਕ ਆਦਮੀ ਸ਼ਾਇਦ ਦਾਅਵਾ ਕਰੇ ਕਿ ਉਹ ਨਿਹਚਾ ਕਰਦਾ ਹੈ, ਪਰ ਕੀ ਉਸ ਦੇ ਕੰਮਾਂ ਤੋਂ ਉਸ ਦੀ ਨਿਹਚਾ ਦਾ ਸਬੂਤ ਮਿਲਦਾ ਹੈ? (ਯਾਕੂ. 2:1-5, 9) ਯਾਕੂਬ ਨੇ ਇਕ ਹੋਰ ਆਦਮੀ ਦੀ ਵੀ ਗੱਲ ਕੀਤੀ। ਉਹ ਆਦਮੀ ਦੇਖਦਾ ਹੈ ਕਿ ਉਸ ਦੇ “ਕਿਸੇ ਭਰਾ ਜਾਂ ਭੈਣ ਕੋਲ ਪਾਉਣ ਲਈ ਕੱਪੜੇ ਅਤੇ ਖਾਣ ਲਈ ਰੱਜਵੀਂ ਰੋਟੀ ਨਹੀਂ ਹੈ,” ਪਰ ਉਹ ਉਸ ਦੀ ਕੋਈ ਮਦਦ ਨਹੀਂ ਕਰਦਾ। ਭਾਵੇਂ ਇਸ ਤਰ੍ਹਾਂ ਦਾ ਵਿਅਕਤੀ ਨਿਹਚਾ ਰੱਖਣ ਦਾ ਦਾਅਵਾ ਕਰੇ, ਪਰ ਉਸ ਦੀ ਨਿਹਚਾ ਵਿਅਰਥ ਹੈ। ਕਿਉਂ? ਕਿਉਂਕਿ ਉਸ ਦੇ ਕੰਮ ਉਸ ਦੀ ਨਿਹਚਾ ਮੁਤਾਬਕ ਨਹੀਂ ਹਨ। (ਯਾਕੂ. 2:14-16) ਯਾਕੂਬ ਨੇ ਰਾਹਾਬ ਦੀ ਮਿਸਾਲ ਰਾਹੀਂ ਸਮਝਾਇਆ ਕਿ ਸਾਡੀ ਨਿਹਚਾ ਸਾਡੇ ਕੰਮਾਂ ਤੋਂ ਜ਼ਾਹਰ ਹੁੰਦੀ ਹੈ। (ਯਾਕੂ. 2:25, 26) ਰਾਹਾਬ ਨੇ ਸੁਣਿਆ ਸੀ ਕਿ ਯਹੋਵਾਹ ਕਿਵੇਂ ਇਜ਼ਰਾਈਲੀਆਂ ਦੀ ਮਦਦ ਕਰ ਰਿਹਾ ਸੀ। ਇਸ ਲਈ ਉਹ ਵੀ ਯਹੋਵਾਹ ʼਤੇ ਨਿਹਚਾ ਕਰਨ ਲੱਗ ਪਈ ਸੀ। (ਯਹੋ. 2:9-11) ਨਾਲੇ ਉਸ ਨੇ ਕੰਮਾਂ ਰਾਹੀਂ ਆਪਣੀ ਨਿਹਚਾ ਜ਼ਾਹਰ ਕੀਤੀ। ਜਦੋਂ ਦੋ ਇਜ਼ਰਾਈਲੀ ਜਾਸੂਸਾਂ ਦੀ ਜਾਨ ਖ਼ਤਰੇ ਵਿਚ ਸੀ, ਤਾਂ ਉਸ ਨੇ ਉਨ੍ਹਾਂ ਨੂੰ ਬਚਾਇਆ। ਇਹੀ ਕਾਰਨ ਸੀ ਕਿ ਅਬਰਾਹਾਮ ਵਾਂਗ ਉਸ ਨੂੰ ਵੀ ਧਰਮੀ ਕਿਹਾ ਗਿਆ, ਜਦ ਕਿ ਉਹ ਤਾਂ ਨਾਮੁਕੰਮਲ ਸੀ ਅਤੇ ਉਹ ਮੂਸਾ ਦਾ ਕਾਨੂੰਨ ਵੀ ਨਹੀਂ ਮੰਨਦੀ ਸੀ। ਰਾਹਾਬ ਤੋਂ ਅਸੀਂ ਸਿੱਖਦੇ ਹਾਂ ਕਿ ਨਿਹਚਾ ਹੋਣ ਦੇ ਨਾਲ-ਨਾਲ ਕੰਮ ਕਰਨੇ ਵੀ ਬਹੁਤ ਜ਼ਰੂਰੀ ਹਨ। w23.12 5-6 ਪੈਰੇ 12-13
ਵੀਰਵਾਰ 23 ਅਕਤੂਬਰ
ਤੁਸੀਂ ਨਿਹਚਾ ਦੀ ਨੀਂਹ ਉੱਤੇ ਮਜ਼ਬੂਤੀ ਨਾਲ ਖੜ੍ਹੇ ਰਹੋ।—ਅਫ਼. 3:17.
ਅਸੀਂ ਸਿਰਫ਼ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਦੀ ਸਮਝ ਲੈ ਕੇ ਹੀ ਸੰਤੁਸ਼ਟ ਨਹੀਂ ਹੋ ਜਾਂਦੇ। ਇਸ ਦੀ ਬਜਾਇ, ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ “ਪਰਮੇਸ਼ੁਰ ਦੇ ਡੂੰਘੇ ਭੇਤਾਂ ਦੀ ਵੀ” ਸਮਝ ਲੈਣੀ ਚਾਹੁੰਦੇ ਹਾਂ। (1 ਕੁਰਿੰ. 2:9, 10) ਤਾਂ ਫਿਰ ਕਿਉਂ ਨਾ ਤੁਸੀਂ ਨਿੱਜੀ ਅਧਿਐਨ ਦੌਰਾਨ ਅਜਿਹੇ ਵਿਸ਼ਿਆਂ ਬਾਰੇ ਗਹਿਰਾਈ ਨਾਲ ਅਧਿਐਨ ਕਰੋ ਜਿਨ੍ਹਾਂ ਕਰਕੇ ਤੁਸੀਂ ਯਹੋਵਾਹ ਦੇ ਹੋਰ ਵੀ ਨੇੜੇ ਜਾ ਸਕੋ? ਉਦਾਹਰਣ ਲਈ, ਤੁਸੀਂ ਇਸ ਬਾਰੇ ਅਧਿਐਨ ਕਰ ਸਕਦੇ ਹੋ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਸੇਵਕਾਂ ਲਈ ਪਿਆਰ ਕਿਵੇਂ ਜ਼ਾਹਰ ਕੀਤਾ ਅਤੇ ਇਸ ਤੋਂ ਕਿਵੇਂ ਸਾਬਤ ਹੁੰਦਾ ਹੈ ਕਿ ਉਹ ਤੁਹਾਡੇ ਨਾਲ ਵੀ ਪਿਆਰ ਕਰਦਾ ਹੈ। ਜਾਂ ਤੁਸੀਂ ਇਸ ਬਾਰੇ ਅਧਿਐਨ ਕਰ ਸਕਦੇ ਹੋ ਕਿ ਇਜ਼ਰਾਈਲੀਆਂ ਦੇ ਭਗਤੀ ਕਰਨ ਦੇ ਤਰੀਕੇ ਅਤੇ ਅੱਜ ਮਸੀਹੀਆਂ ਦੇ ਭਗਤੀ ਕਰਨ ਦੇ ਤਰੀਕੇ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਜਾਂ ਤੁਸੀਂ ਉਨ੍ਹਾਂ ਭਵਿੱਖਬਾਣੀਆਂ ਦਾ ਗਹਿਰਾਈ ਨਾਲ ਅਧਿਐਨ ਕਰ ਸਕਦੇ ਹੋ ਜੋ ਯਿਸੂ ਨੇ ਧਰਤੀ ʼਤੇ ਆਪਣੀ ਜ਼ਿੰਦਗੀ ਅਤੇ ਸੇਵਕਾਈ ਦੌਰਾਨ ਪੂਰੀਆਂ ਕੀਤੀਆਂ ਸਨ। ਇਨ੍ਹਾਂ ਵਿਸ਼ਿਆਂ ʼਤੇ ਖੋਜਬੀਨ ਕਰਨ ਲਈ ਤੁਸੀਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਰਤ ਸਕਦੇ ਹੋ। ਇਸ ਤਰ੍ਹਾਂ ਅਧਿਐਨ ਕਰ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੋਵੇਗੀ। ਗਹਿਰਾਈ ਨਾਲ ਬਾਈਬਲ ਦਾ ਅਧਿਐਨ ਕਰ ਕੇ ਤੁਹਾਡੀ ਨਿਹਚਾ ਮਜ਼ਬੂਤ ਹੋ ਸਕਦੀ ਹੈ ਅਤੇ ਤੁਸੀਂ “ਪਰਮੇਸ਼ੁਰ ਦਾ ਗਿਆਨ ਹਾਸਲ” ਕਰ ਸਕਦੇ ਹੋ।—ਕਹਾ. 2:4, 5. w23.10 18-19 ਪੈਰੇ 3-5