ਵੀਰਵਾਰ 23 ਅਕਤੂਬਰ
ਤੁਸੀਂ ਨਿਹਚਾ ਦੀ ਨੀਂਹ ਉੱਤੇ ਮਜ਼ਬੂਤੀ ਨਾਲ ਖੜ੍ਹੇ ਰਹੋ।—ਅਫ਼. 3:17.
ਅਸੀਂ ਸਿਰਫ਼ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਦੀ ਸਮਝ ਲੈ ਕੇ ਹੀ ਸੰਤੁਸ਼ਟ ਨਹੀਂ ਹੋ ਜਾਂਦੇ। ਇਸ ਦੀ ਬਜਾਇ, ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ “ਪਰਮੇਸ਼ੁਰ ਦੇ ਡੂੰਘੇ ਭੇਤਾਂ ਦੀ ਵੀ” ਸਮਝ ਲੈਣੀ ਚਾਹੁੰਦੇ ਹਾਂ। (1 ਕੁਰਿੰ. 2:9, 10) ਤਾਂ ਫਿਰ ਕਿਉਂ ਨਾ ਤੁਸੀਂ ਨਿੱਜੀ ਅਧਿਐਨ ਦੌਰਾਨ ਅਜਿਹੇ ਵਿਸ਼ਿਆਂ ਬਾਰੇ ਗਹਿਰਾਈ ਨਾਲ ਅਧਿਐਨ ਕਰੋ ਜਿਨ੍ਹਾਂ ਕਰਕੇ ਤੁਸੀਂ ਯਹੋਵਾਹ ਦੇ ਹੋਰ ਵੀ ਨੇੜੇ ਜਾ ਸਕੋ? ਉਦਾਹਰਣ ਲਈ, ਤੁਸੀਂ ਇਸ ਬਾਰੇ ਅਧਿਐਨ ਕਰ ਸਕਦੇ ਹੋ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਸੇਵਕਾਂ ਲਈ ਪਿਆਰ ਕਿਵੇਂ ਜ਼ਾਹਰ ਕੀਤਾ ਅਤੇ ਇਸ ਤੋਂ ਕਿਵੇਂ ਸਾਬਤ ਹੁੰਦਾ ਹੈ ਕਿ ਉਹ ਤੁਹਾਡੇ ਨਾਲ ਵੀ ਪਿਆਰ ਕਰਦਾ ਹੈ। ਜਾਂ ਤੁਸੀਂ ਇਸ ਬਾਰੇ ਅਧਿਐਨ ਕਰ ਸਕਦੇ ਹੋ ਕਿ ਇਜ਼ਰਾਈਲੀਆਂ ਦੇ ਭਗਤੀ ਕਰਨ ਦੇ ਤਰੀਕੇ ਅਤੇ ਅੱਜ ਮਸੀਹੀਆਂ ਦੇ ਭਗਤੀ ਕਰਨ ਦੇ ਤਰੀਕੇ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਜਾਂ ਤੁਸੀਂ ਉਨ੍ਹਾਂ ਭਵਿੱਖਬਾਣੀਆਂ ਦਾ ਗਹਿਰਾਈ ਨਾਲ ਅਧਿਐਨ ਕਰ ਸਕਦੇ ਹੋ ਜੋ ਯਿਸੂ ਨੇ ਧਰਤੀ ʼਤੇ ਆਪਣੀ ਜ਼ਿੰਦਗੀ ਅਤੇ ਸੇਵਕਾਈ ਦੌਰਾਨ ਪੂਰੀਆਂ ਕੀਤੀਆਂ ਸਨ। ਇਨ੍ਹਾਂ ਵਿਸ਼ਿਆਂ ʼਤੇ ਖੋਜਬੀਨ ਕਰਨ ਲਈ ਤੁਸੀਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਰਤ ਸਕਦੇ ਹੋ। ਇਸ ਤਰ੍ਹਾਂ ਅਧਿਐਨ ਕਰ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੋਵੇਗੀ। ਗਹਿਰਾਈ ਨਾਲ ਬਾਈਬਲ ਦਾ ਅਧਿਐਨ ਕਰ ਕੇ ਤੁਹਾਡੀ ਨਿਹਚਾ ਮਜ਼ਬੂਤ ਹੋ ਸਕਦੀ ਹੈ ਅਤੇ ਤੁਸੀਂ “ਪਰਮੇਸ਼ੁਰ ਦਾ ਗਿਆਨ ਹਾਸਲ” ਕਰ ਸਕਦੇ ਹੋ।—ਕਹਾ. 2:4, 5. w23.10 18-19 ਪੈਰੇ 3-5
ਸ਼ੁੱਕਰਵਾਰ 24 ਅਕਤੂਬਰ
ਸਭ ਤੋਂ ਜ਼ਰੂਰੀ ਗੱਲ ਹੈ ਕਿ ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ ਕਿਉਂਕਿ ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।—1 ਪਤ. 4:8.
ਪਤਰਸ ਰਸੂਲ ਦੇ ਸ਼ਬਦਾਂ ʼਤੇ ਧਿਆਨ ਦੇਈਏ। ਆਇਤ 8 ਦੇ ਪਹਿਲੇ ਹਿੱਸੇ ਵਿਚ ਪਤਰਸ ਨੇ ਕਿਹਾ ਕਿ ਸਾਨੂੰ ਇਕ-ਦੂਜੇ ਨਾਲ “ਗੂੜ੍ਹਾ ਪਿਆਰ” ਕਰਨਾ ਚਾਹੀਦਾ ਹੈ। ਇੱਥੇ ਪਤਰਸ ਨੇ ਜਿਹੜੇ ਪਿਆਰ ਦੀ ਗੱਲ ਕੀਤੀ, ਉਸ ਲਈ ਉਸ ਨੇ ਜੋ ਯੂਨਾਨੀ ਸ਼ਬਦ ਵਰਤਿਆ, ਉਸ ਦਾ ਮਤਲਬ ਹੈ, “ਖਿੱਚ ਕੇ ਫੈਲਾਉਣਾ।” ਆਇਤ ਦੇ ਦੂਜੇ ਹਿੱਸੇ ਵਿਚ ਦੱਸਿਆ ਗਿਆ ਹੈ ਕਿ ਜਦੋਂ ਅਸੀਂ ਭੈਣਾਂ-ਭਰਾਵਾਂ ਨੂੰ ਇੱਦਾਂ ਦਾ ਗੂੜ੍ਹਾ ਪਿਆਰ ਕਰਦੇ ਹਾਂ, ਤਾਂ ਕੀ ਹੁੰਦਾ ਹੈ। ਇਹ ਪਿਆਰ ਉਨ੍ਹਾਂ ਦੇ ਸਾਰੇ ਪਾਪ ਢੱਕ ਲੈਂਦਾ ਹੈ। ਇਸ ਗੱਲ ਨੂੰ ਸਮਝਣ ਲਈ ਇਕ ਮਿਸਾਲ ਲਓ। ਕਲਪਨਾ ਕਰੋ ਕਿ ਇਕ ਮੇਜ਼ ʼਤੇ ਕਾਫ਼ੀ ਦਾਗ਼-ਧੱਬੇ ਹਨ। ਤੁਸੀਂ ਇਕ ਕੱਪੜਾ ਲੈਂਦੇ ਹੋ ਅਤੇ ਉਸ ਨੂੰ ਖਿੱਚ ਕੇ ਮੇਜ਼ ʼਤੇ ਵਿਛਾ ਦਿੰਦੇ ਹੋ। ਇਸ ਨਾਲ ਇਕ ਜਾਂ ਦੋ ਦਾਗ਼ ਨਹੀਂ, ਸਗੋਂ ਸਾਰੇ ਹੀ ਦਾਗ਼ ਢਕੇ ਜਾਂਦੇ ਹਨ। ਇਸੇ ਤਰ੍ਹਾਂ ਭੈਣਾਂ-ਭਰਾਵਾਂ ਨਾਲ ਗੂੜ੍ਹਾ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਦੀਆਂ ਇਕ ਜਾਂ ਦੋ ਗ਼ਲਤੀਆਂ ਨਹੀਂ, ਸਗੋਂ “ਬਹੁਤ ਸਾਰੇ ਪਾਪ ਢੱਕ” ਲੈਂਦੇ ਹਾਂ ਯਾਨੀ ਉਨ੍ਹਾਂ ਨੂੰ ਮਾਫ਼ ਕਰ ਦਿੰਦੇ ਹਾਂ। ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਇੰਨਾ ਕੁ ਗੂੜ੍ਹਾ ਹੋਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਨੂੰ ਉਦੋਂ ਵੀ ਮਾਫ਼ ਕਰ ਸਕੀਏ, ਜਦੋਂ ਸਾਡੇ ਲਈ ਇੱਦਾਂ ਕਰਨਾ ਔਖਾ ਹੋਵੇ। (ਕੁਲੁ. 3:13) ਜਦੋਂ ਅਸੀਂ ਭੈਣਾਂ-ਭਰਾਵਾਂ ਨੂੰ ਮਾਫ਼ ਕਰਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। w23.11 11-12 ਪੈਰੇ 13-15
ਸ਼ਨੀਵਾਰ 25 ਅਕਤੂਬਰ
ਸ਼ਾਫਾਨ ਰਾਜੇ ਅੱਗੇ ਉਸ ਕਿਤਾਬ ਵਿੱਚੋਂ ਪੜ੍ਹਨ ਲੱਗਾ।—2 ਇਤਿ. 34:18.
ਰਾਜਾ ਯੋਸੀਯਾਹ ਨੇ 26 ਸਾਲਾਂ ਦੀ ਉਮਰ ਵਿਚ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਾਉਣੀ ਸ਼ੁਰੂ ਕੀਤੀ। ਇਸ ਕੰਮ ਦੌਰਾਨ “ਯਹੋਵਾਹ ਦੇ ਕਾਨੂੰਨ ਦੀ ਕਿਤਾਬ ਮਿਲੀ ਜੋ ਮੂਸਾ ਰਾਹੀਂ ਦਿੱਤੀ ਗਈ ਸੀ।” ਕਾਨੂੰਨ ਵਿਚ ਲਿਖੀਆਂ ਗੱਲਾਂ ਨੂੰ ਸੁਣਦੇ ਸਾਰ ਰਾਜਾ ਯੋਸੀਯਾਹ ਨੇ ਇਸ ਮੁਤਾਬਕ ਕਦਮ ਚੁੱਕੇ। (2 ਇਤਿ. 34:14, 19-21) ਕੀ ਤੁਸੀਂ ਹਰ ਰੋਜ਼ ਬਾਈਬਲ ਪੜ੍ਹਨੀ ਚਾਹੋਗੇ? ਹੋ ਸਕਦਾ ਹੈ ਕਿ ਤੁਸੀਂ ਹਰ ਰੋਜ਼ ਇੱਦਾਂ ਕਰਨ ਦੀ ਕੋਸ਼ਿਸ਼ ਕਰਦੇ ਹੋ। ਪਰ ਕੀ ਤੁਹਾਨੂੰ ਇੱਦਾਂ ਕਰ ਕੇ ਮਜ਼ਾ ਆਉਂਦਾ ਹੈ? ਕੀ ਤੁਸੀਂ ਉਨ੍ਹਾਂ ਆਇਤਾਂ ਨੂੰ ਲਿਖ ਲੈਂਦੇ ਹੋ ਜਿਨ੍ਹਾਂ ਨਾਲ ਤੁਹਾਨੂੰ ਮਦਦ ਮਿਲ ਸਕਦੀ ਹੈ? ਲਗਭਗ 39 ਸਾਲਾਂ ਦੀ ਉਮਰ ਵਿਚ ਯੋਸੀਯਾਹ ਨੇ ਇਕ ਗੰਭੀਰ ਗ਼ਲਤੀ ਕੀਤੀ। ਉਸ ਨੇ ਯਹੋਵਾਹ ਤੋਂ ਸੇਧ ਲੈਣ ਦੀ ਬਜਾਇ ਆਪਣੇ ਆਪ ʼਤੇ ਭਰੋਸਾ ਕੀਤਾ। ਇਸ ਕਰਕੇ ਉਹ ਆਪਣੀ ਜਾਨ ਗੁਆ ਬੈਠਾ। (2 ਇਤਿ. 35:20-25) ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ? ਚਾਹੇ ਸਾਡੀ ਉਮਰ ਜਿੰਨੀ ਮਰਜ਼ੀ ਹੋ ਗਈ ਹੋਵੇ ਜਾਂ ਬਾਈਬਲ ਦਾ ਅਧਿਐਨ ਕਰਦਿਆਂ ਸਾਨੂੰ ਜਿੰਨਾ ਮਰਜ਼ੀ ਸਮਾਂ ਹੋ ਗਿਆ ਹੋਵੇ, ਸਾਨੂੰ ਯਹੋਵਾਹ ਦੀ ਭਾਲ ਕਰਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸੇਧ ਲਈ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰੀਏ, ਉਸ ਦੇ ਬਚਨ ਦਾ ਅਧਿਐਨ ਕਰੀਏ ਅਤੇ ਸਮਝਦਾਰ ਮਸੀਹੀਆਂ ਦੀ ਸਲਾਹ ਮੰਨੀਏ। ਇੱਦਾਂ ਅਸੀਂ ਗੰਭੀਰ ਗ਼ਲਤੀਆਂ ਕਰਨ ਤੋਂ ਬਚ ਸਕਾਂਗੇ ਅਤੇ ਖ਼ੁਸ਼ ਰਹਿ ਸਕਾਂਗੇ।—ਯਾਕੂ. 1:25. w23.09 12 ਪੈਰੇ 15-16