ਸ਼ਨੀਵਾਰ 16 ਅਗਸਤ
‘ਉਹ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।’—1 ਪਤ. 5:10.
ਖ਼ੁਦ ਦੀ ਜਾਂਚ ਕਰ ਕੇ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਨੂੰ ਆਪਣੇ ਵਿਚ ਕੁਝ ਸੁਧਾਰ ਕਰਨ ਦੀ ਲੋੜ ਹੈ। ਪਰ ਹਾਰ ਨਾ ਮੰਨੋ। ਕਿਉਂ? ਕਿਉਂਕਿ “ਪ੍ਰਭੂ ਦਿਆਲੂ ਹੈ” ਅਤੇ ਉਹ ਸੁਧਾਰ ਕਰਨ ਵਿਚ ਤੁਹਾਡੀ ਜ਼ਰੂਰ ਮਦਦ ਕਰੇਗਾ। (1 ਪਤ. 2:3) ਪਤਰਸ ਰਸੂਲ ਨੇ ਸਾਨੂੰ ਭਰੋਸਾ ਦਿਵਾਇਆ: “ਪਰਮੇਸ਼ੁਰ . . . ਆਪ ਤੁਹਾਡੀ ਸਿਖਲਾਈ ਪੂਰੀ ਕਰੇਗਾ। ਉਹ ਤੁਹਾਨੂੰ ਮਜ਼ਬੂਤ ਕਰੇਗਾ।” ਇਕ ਮੌਕੇ ʼਤੇ ਪਤਰਸ ਨੂੰ ਲੱਗਾ ਕਿ ਉਹ ਪਰਮੇਸ਼ੁਰ ਦੇ ਪੁੱਤਰ ਕੋਲ ਖੜ੍ਹੇ ਰਹਿਣ ਦੇ ਵੀ ਲਾਇਕ ਨਹੀਂ ਹੈ। (ਲੂਕਾ 5:8) ਪਰ ਉਸ ਨੇ ਹਾਰ ਨਹੀਂ ਮੰਨੀ। ਇਸ ਦੀ ਬਜਾਇ, ਯਹੋਵਾਹ ਅਤੇ ਯਿਸੂ ਦੀ ਮਦਦ ਨਾਲ ਉਹ ਵਫ਼ਾਦਾਰੀ ਨਾਲ ਸੇਵਾ ਕਰਦਾ ਰਿਹਾ। ਇਸ ਕਰਕੇ ਯਹੋਵਾਹ ਨੇ ਪਤਰਸ ਨੂੰ ‘ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਹਮੇਸ਼ਾ ਕਾਇਮ ਰਹਿਣ ਵਾਲੇ ਰਾਜ ਵਿਚ ਜਾਣ ਦਾ ਮਾਣ ਬਖ਼ਸ਼ਿਆ।’ (2 ਪਤ. 1:11) ਯਹੋਵਾਹ ਨੇ ਉਸ ਨੂੰ ਕਿੰਨਾ ਹੀ ਵੱਡਾ ਸਨਮਾਨ ਦਿੱਤਾ! ਜੇ ਤੁਸੀਂ ਵੀ ਪਤਰਸ ਵਾਂਗ ਹਾਰ ਨਾ ਮੰਨੋ, ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੋ ਅਤੇ ਉਸ ਤੋਂ ਸਿਖਲਾਈ ਲੈਂਦੇ ਰਹੋ, ਤਾਂ ਉਹ ਤੁਹਾਨੂੰ ਵੀ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। “ਤੁਹਾਨੂੰ ਆਪਣੀ ਨਿਹਚਾ ਕਰਕੇ ਮੁਕਤੀ ਮਿਲੇਗੀ।”—1 ਪਤ. 1:9. w23.09 31 ਪੈਰੇ 16-17
ਐਤਵਾਰ 17 ਅਗਸਤ
‘ਉਸ ਦੀ ਭਗਤੀ ਕਰੋ ਜਿਸ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ।’—ਪ੍ਰਕਾ. 14:7.
ਡੇਰੇ ਵਿਚ ਇਕ ਵਿਹੜਾ ਵੀ ਸੀ ਜਿਸ ਦੇ ਚਾਰੇ ਪਾਸੇ ਵਾੜ ਲੱਗੀ ਹੋਈ ਸੀ। ਇਸ ਵਿਹੜੇ ਵਿਚ ਪੁਜਾਰੀ ਸੇਵਾ ਕਰਦੇ ਸਨ। ਇੱਥੇ ਹੋਮ-ਬਲ਼ੀਆਂ ਚੜ੍ਹਾਉਣ ਲਈ ਤਾਂਬੇ ਦੀ ਇਕ ਵੱਡੀ ਸਾਰੀ ਵੇਦੀ ਸੀ। ਵਿਹੜੇ ਵਿਚ ਤਾਂਬੇ ਦਾ ਇਕ ਹੌਦ ਵੀ ਸੀ ਜਿਸ ਵਿਚ ਪਾਣੀ ਭਰਿਆ ਰਹਿੰਦਾ ਸੀ। ਪਵਿੱਤਰ ਸੇਵਾ ਕਰਨ ਤੋਂ ਪਹਿਲਾਂ ਪੁਜਾਰੀ ਇਸੇ ਪਾਣੀ ਨਾਲ ਆਪਣੇ ਹੱਥ-ਪੈਰ ਧੋ ਕੇ ਆਪਣੇ ਆਪ ਨੂੰ ਸ਼ੁੱਧ ਕਰਦੇ ਸਨ। (ਕੂਚ 30:17-20; 40:6-8) ਬਾਕੀ ਚੁਣੇ ਹੋਏ ਮਸੀਹੀ ਅੱਜ ਧਰਤੀ ʼਤੇ ਮਹਾਨ ਮੰਦਰ ਦੇ ਅੰਦਰਲੇ ਵਿਹੜੇ ਵਿਚ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਇਸ ਵਿਹੜੇ ਵਿਚ ਪਾਣੀ ਦਾ ਜੋ ਵੱਡਾ ਹੌਦ ਸੀ, ਉਹ ਉਨ੍ਹਾਂ ਨੂੰ ਅਤੇ ਸਾਨੂੰ ਸਾਰਿਆਂ ਨੂੰ ਇਕ ਜ਼ਰੂਰੀ ਗੱਲ ਯਾਦ ਦਿਵਾਉਂਦਾ ਹੈ ਕਿ ਸਾਨੂੰ ਨੈਤਿਕ ਤੌਰ ਤੇ ਸ਼ੁੱਧ ਰਹਿਣਾ ਚਾਹੀਦਾ ਤੇ ਸ਼ੁੱਧ ਭਗਤੀ ਕਰਨੀ ਚਾਹੀਦੀ ਹੈ। ਤਾਂ ਫਿਰ “ਵੱਡੀ ਭੀੜ” ਕਿੱਥੇ ਸੇਵਾ ਕਰ ਰਹੀ ਹੈ? ਯੂਹੰਨਾ ਰਸੂਲ ਨੇ ਦਰਸ਼ਣ ਵਿਚ ਦੇਖਿਆ ਕਿ ਉਹ “ਸਿੰਘਾਸਣ ਦੇ ਸਾਮ੍ਹਣੇ” ਖੜ੍ਹੀ ਹੈ। ਇਸ ਦਾ ਮਤਲਬ ਹੈ ਕਿ ਉਹ ਧਰਤੀ ʼਤੇ ਮੰਦਰ ਦੇ ਬਾਹਰਲੇ ਵਿਹੜੇ ਵਿਚ “ਦਿਨ-ਰਾਤ [ਪਰਮੇਸ਼ੁਰ] ਦੀ ਪਵਿੱਤਰ ਸੇਵਾ” ਕਰ ਰਹੀ ਹੈ। (ਪ੍ਰਕਾ. 7:9, 13-15) ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਸਾਰਿਆਂ ਨੂੰ ਉਸ ਦੇ ਮਹਾਨ ਮੰਦਰ ਵਿਚ ਸ਼ੁੱਧ ਭਗਤੀ ਕਰਨ ਦੀ ਥਾਂ ਦਿੱਤੀ ਹੈ! w23.10 28 ਪੈਰੇ 15-16
ਸੋਮਵਾਰ 18 ਅਗਸਤ
‘ਉਸ ਨੂੰ ਪਰਮੇਸ਼ੁਰ ਦੇ ਵਾਅਦੇ ʼਤੇ ਨਿਹਚਾ ਸੀ, ਇਸ ਲਈ ਉਸ ਨੇ ਆਪਣੀ ਨਿਹਚਾ ਨੂੰ ਮਜ਼ਬੂਤ ਕੀਤਾ।’—ਰੋਮੀ. 4:20.
ਯਹੋਵਾਹ ਮੰਡਲੀ ਦੇ ਬਜ਼ੁਰਗਾਂ ਰਾਹੀਂ ਵੀ ਤੁਹਾਨੂੰ ਤਾਕਤ ਦਿੰਦਾ ਹੈ। (ਯਸਾ. 32:1, 2) ਇਸ ਲਈ ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ, ਤਾਂ ਆਪਣੀਆਂ ਚਿੰਤਾਵਾਂ ਬਾਰੇ ਬਜ਼ੁਰਗਾਂ ਨਾਲ ਗੱਲ ਕਰੋ। ਜਦੋਂ ਉਹ ਤੁਹਾਡੀ ਮਦਦ ਕਰਦੇ ਹਨ, ਤਾਂ ਬਿਨਾਂ ਝਿਜਕੇ ਬਜ਼ੁਰਗਾਂ ਉਨ੍ਹਾਂ ਤੋਂ ਮਦਦ ਲਓ। ਉਨ੍ਹਾਂ ਰਾਹੀਂ ਯਹੋਵਾਹ ਤੁਹਾਨੂੰ ਤਕੜਾ ਕਰ ਸਕਦਾ ਹੈ। ਸਾਨੂੰ ਬਾਈਬਲ ਤੋਂ ਜੋ ਉਮੀਦ ਮਿਲੀ ਹੈ, ਉਸ ਕਰਕੇ ਸਾਨੂੰ ਤਾਕਤ ਮਿਲ ਸਕਦੀ ਹੈ, ਚਾਹੇ ਇਹ ਉਮੀਦ ਸਵਰਗ ਵਿਚ ਹਮੇਸ਼ਾ ਲਈ ਰਹਿਣ ਦੀ ਹੋਵੇ ਜਾਂ ਬਾਗ਼ ਵਰਗੀ ਸੋਹਣੀ ਧਰਤੀ ʼਤੇ ਹਮੇਸ਼ਾ ਤਕ ਰਹਿਣ ਦੀ। (ਰੋਮੀ. 4:3, 18, 19) ਸਾਡੀ ਇਸ ਉਮੀਦ ਕਰਕੇ ਸਾਨੂੰ ਅਜ਼ਮਾਇਸ਼ਾਂ ਸਹਿਣ, ਖ਼ੁਸ਼ ਖ਼ਬਰੀ ਸੁਣਾਉਣ ਅਤੇ ਮੰਡਲੀ ਵਿਚ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਤਾਕਤ ਮਿਲਦੀ ਹੈ। (1 ਥੱਸ. 1:3) ਇਸੇ ਉਮੀਦ ਕਰਕੇ ਪੌਲੁਸ ਰਸੂਲ ਨੂੰ ਵੀ ਤਾਕਤ ਮਿਲੀ। ਉਹ ‘ਮੁਸੀਬਤਾਂ ਨਾਲ ਘਿਰਿਆ ਹੋਇਆ’ ਸੀ। ਉਹ “ਉਲਝਣ” ਵਿਚ ਸੀ। ਉਸ ਉੱਤੇ “ਅਤਿਆਚਾਰ” ਕੀਤੇ ਜਾਂਦੇ ਸਨ। ਉਸ ਨੂੰ “ਡੇਗਿਆ” ਜਾਂਦਾ ਸੀ। ਇੱਥੋਂ ਤਕ ਕਿ ਉਸ ਦੀ ਜਾਨ ਵੀ ਖ਼ਤਰੇ ਵਿਚ ਸੀ। (2 ਕੁਰਿੰ. 4:8-10) ਪੌਲੁਸ ਨੇ ਆਪਣੀ ਉਮੀਦ ʼਤੇ ਧਿਆਨ ਲਾ ਕੇ ਤਾਕਤ ਹਾਸਲ ਕੀਤੀ। (2 ਕੁਰਿੰ. 4:16-18) ਪੌਲੁਸ ਨੇ ਆਪਣਾ ਧਿਆਨ ਸਵਰਗ ਵਿਚ ਮਿਲਣ ਵਾਲੀ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ʼਤੇ ਲਾਇਆ। ਇਸ ਉਮੀਦ ʼਤੇ ਸੋਚ-ਵਿਚਾਰ ਕਰਨ ਕਰਕੇ ਪੌਲੁਸ ਨੂੰ ਲੱਗਦਾ ਸੀ ਕਿ ਉਹ ‘ਦਿਨ-ਬਦਿਨ ਨਵਾਂ’ ਬਣਦਾ ਜਾ ਰਿਹਾ ਹੈ। w23.10 15-16 ਪੈਰੇ 14-17