ਸ਼ੁੱਕਰਵਾਰ 22 ਅਗਸਤ
ਮਰਦ ਬਣ।—1 ਰਾਜ. 2:2.
ਇਕ ਮਸੀਹੀ ਭਰਾ ਨੂੰ ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿੱਖਣੀ ਚਾਹੀਦੀ ਹੈ। ਜਿਸ ਵਿਅਕਤੀ ਨੂੰ ਚੰਗੀ ਤਰ੍ਹਾਂ ਗੱਲਬਾਤ ਕਰਨੀ ਆਉਂਦੀ ਹੈ, ਉਹ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਦਾ ਹੈ ਅਤੇ ਉਨ੍ਹਾਂ ਦੀ ਸੋਚ ਤੇ ਭਾਵਨਾਵਾਂ ਨੂੰ ਸਮਝਦਾ ਹੈ। (ਕਹਾ. 20:5) ਉਹ ਦੂਜਿਆਂ ਦੇ ਬੋਲਣ ਦੇ ਲਹਿਜੇ ਤੋਂ ਅਤੇ ਉਨ੍ਹਾਂ ਦੇ ਹਾਵਾਂ-ਭਾਵਾਂ ਤੋਂ ਉਨ੍ਹਾਂ ਬਾਰੇ ਬਹੁਤ ਕੁਝ ਸਮਝ ਜਾਂਦਾ ਹੈ। ਪਰ ਤੁਸੀਂ ਇਹ ਹੁਨਰ ਦੂਜਿਆਂ ਨਾਲ ਸਮਾਂ ਬਿਤਾਏ ਬਗੈਰ ਨਹੀਂ ਸਿੱਖ ਸਕਦੇ। ਜੇ ਤੁਸੀਂ ਹਮੇਸ਼ਾ ਈ-ਮੇਲ ਜਾਂ ਮੈਸਿਜ ਕਰ ਕੇ ਹੀ ਲੋਕਾਂ ਨਾਲ ਗੱਲਬਾਤ ਕਰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਨਾਲ ਆਮ੍ਹੋ-ਸਾਮ੍ਹਣੇ ਮਿਲ ਕੇ ਗੱਲ ਕਰਨੀ ਔਖੀ ਲੱਗੇਗੀ। ਇਸ ਲਈ ਦੂਜਿਆਂ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਨ ਦੇ ਮੌਕੇ ਭਾਲੋ। (2 ਯੂਹੰ. 12) ਇਕ ਸਮਝਦਾਰ ਮਸੀਹੀ ਭਰਾ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਦੇ ਵੀ ਕਾਬਲ ਹੋਣਾ ਚਾਹੀਦਾ ਹੈ। (1 ਤਿਮੋ. 5:8) ਕੋਈ-ਨਾ-ਕੋਈ ਹੁਨਰ ਸਿੱਖਣਾ ਵਧੀਆ ਗੱਲ ਹੈ। ਇਸ ਨਾਲ ਅੱਗੇ ਚੱਲ ਕੇ ਤੁਹਾਨੂੰ ਕੋਈ ਨੌਕਰੀ ਮਿਲ ਸਕੇਗੀ। (ਰਸੂ. 18:2, 3; 20:34; ਅਫ਼. 4:28) ਉਸ ਵਿਅਕਤੀ ਵਜੋਂ ਆਪਣੀ ਪਛਾਣ ਬਣਾਓ ਜੋ ਮਿਹਨਤੀ ਹੈ ਅਤੇ ਹਰ ਉਹ ਕੰਮ ਪੂਰਾ ਕਰਦਾ ਹੈ ਜੋ ਉਸ ਨੂੰ ਦਿੱਤਾ ਜਾਂਦਾ ਹੈ। ਇਸ ਕਰਕੇ ਤੁਹਾਨੂੰ ਸੌਖਿਆਂ ਹੀ ਨੌਕਰੀ ਮਿਲ ਸਕਦੀ ਹੈ ਅਤੇ ਹੋ ਸਕਦਾ ਹੈ ਕਿ ਤੁਹਾਨੂੰ ਨੌਕਰੀ ਤੋਂ ਕੱਢਿਆ ਵੀ ਨਾ ਜਾਵੇ। w23.12 27 ਪੈਰੇ 12-13
ਸ਼ਨੀਵਾਰ 23 ਅਗਸਤ
ਯਹੋਵਾਹ ਦਾ ਦਿਨ ਉਸੇ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।—1 ਥੱਸ. 5:2.
ਬਾਈਬਲ ਵਿਚ ਜਦੋਂ “ਯਹੋਵਾਹ ਦੇ ਦਿਨ” ਦਾ ਜ਼ਿਕਰ ਆਉਂਦਾ ਹੈ, ਤਾਂ ਇਸ ਦਾ ਮਤਲਬ ਉਹ ਸਮਾਂ ਹੁੰਦਾ ਹੈ ਜਦੋਂ ਯਹੋਵਾਹ ਆਪਣੇ ਦੁਸ਼ਮਣਾਂ ਨੂੰ ਸਜ਼ਾ ਦਿੰਦਾ ਹੈ ਅਤੇ ਆਪਣੇ ਲੋਕਾਂ ਨੂੰ ਬਚਾਉਂਦਾ ਹੈ। ਪੁਰਾਣੇ ਸਮੇਂ ਵਿਚ ਯਹੋਵਾਹ ਨੇ ਕਈ ਵਾਰ ਕੁਝ ਕੌਮਾਂ ਨੂੰ ਸਜ਼ਾ ਦਿੱਤੀ। (ਯਸਾ. 13:1, 6; ਹਿਜ਼. 13:5; ਸਫ਼. 1:8) ਸਾਡੇ ਸਮੇਂ ਵਿਚ “ਯਹੋਵਾਹ ਦਾ ਦਿਨ” ਮਹਾਂ ਬਾਬਲ ʼਤੇ ਹੋਣ ਵਾਲੇ ਹਮਲੇ ਨਾਲ ਸ਼ੁਰੂ ਹੋਵੇਗਾ ਅਤੇ ਆਰਮਾਗੇਡਨ ਦੇ ਯੁੱਧ ਨਾਲ ਖ਼ਤਮ ਹੋਵੇਗਾ। ਇਸ “ਦਿਨ” ਵਿੱਚੋਂ ਬਚ ਨਿਕਲਣ ਲਈ ਸਾਨੂੰ ਹੁਣ ਤੋਂ ਹੀ ਤਿਆਰੀ ਕਰਨ ਦੀ ਲੋੜ ਹੈ। ਯਿਸੂ ਨੇ ਕਿਹਾ ਸੀ ਕਿ ਸਾਨੂੰ “ਮਹਾਂਕਸ਼ਟ” ਲਈ ਸਿਰਫ਼ ਤਿਆਰ ਹੀ ਨਹੀਂ ਹੋਣਾ ਚਾਹੀਦਾ, ਸਗੋਂ ‘ਹਮੇਸ਼ਾ ਤਿਆਰ ਰਹਿਣਾ’ ਚਾਹੀਦਾ ਹੈ। (ਮੱਤੀ 24:21; ਲੂਕਾ 12:40) ਪੌਲੁਸ ਰਸੂਲ ਨੇ ਥੱਸਲੁਨੀਕੀਆਂ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਬਹੁਤ ਸਾਰੀਆਂ ਮਿਸਾਲਾਂ ਵਰਤੀਆਂ। ਇਨ੍ਹਾਂ ਕਰਕੇ ਉਸ ਸਮੇਂ ਦੇ ਮਸੀਹੀਆਂ ਦੀ ਯਹੋਵਾਹ ਦੇ ਮਹਾਨ ਦਿਨ ਲਈ ਤਿਆਰ ਰਹਿਣ ਵਿਚ ਮਦਦ ਹੋ ਸਕੀ। ਪੌਲੁਸ ਜਾਣਦਾ ਸੀ ਕਿ ਯਹੋਵਾਹ ਦਾ ਦਿਨ ਉਸੇ ਵੇਲੇ ਨਹੀਂ ਆਵੇਗਾ। (2 ਥੱਸ. 2:1-3) ਫਿਰ ਵੀ ਉਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਗੁਜ਼ਾਰਸ਼ ਕੀਤੀ ਕਿ ਉਹ ਉਸ ਦਿਨ ਲਈ ਉੱਦਾਂ ਤਿਆਰ ਰਹਿਣ ਜਿੱਦਾਂ ਉਹ ਦਿਨ ਕੱਲ੍ਹ ਹੀ ਆਉਣ ਵਾਲਾ ਹੋਵੇ। ਅਸੀਂ ਵੀ ਉਸ ਦੀ ਇਹ ਸਲਾਹ ਲਾਗੂ ਕਰ ਸਕਦੇ ਹਾਂ। w23.06 8 ਪੈਰੇ 1-2
ਐਤਵਾਰ 24 ਅਗਸਤ
ਮੇਰੇ ਪਿਆਰੇ ਭਰਾਵੋ, ਤਕੜੇ ਹੋਵੋ, ਦ੍ਰਿੜ੍ਹ ਬਣੋ।—1 ਕੁਰਿੰ. 15:58.
1978 ਵਿਚ ਜਪਾਨ ਦੇ ਟੋਕੀਓ ਸ਼ਹਿਰ ਵਿਚ 60 ਮੰਜ਼ਲਾ ਉੱਚੀ ਬਿਲਡਿੰਗ ਬਣਾਈ ਗਈ ਸੀ ਜੋ ਆਸਮਾਨ ਨੂੰ ਛੂੰਹਦੀ ਸੀ। ਲੋਕ ਇਸ ਗੱਲੋਂ ਹੈਰਾਨ ਸਨ ਕਿ ਇਹ ਬਿਲਡਿੰਗ ਕਿੱਦਾਂ ਖੜ੍ਹੀ ਰਹੇਗੀ ਕਿਉਂਕਿ ਉਸ ਸ਼ਹਿਰ ਵਿਚ ਅਕਸਰ ਭੁਚਾਲ਼ ਆਉਂਦੇ ਸਨ। ਭੁਚਾਲ਼ ਦੇ ਬਾਵਜੂਦ ਵੀ ਇਸ ਬਿਲਡਿੰਗ ਦੇ ਖੜ੍ਹੇ ਰਹਿਣ ਦਾ ਕੀ ਰਾਜ਼ ਸੀ? ਇੰਜੀਨੀਅਰਾਂ ਨੇ ਇਸ ਬਿਲਡਿੰਗ ਨੂੰ ਇਸ ਤਰ੍ਹਾਂ ਤਿਆਰ ਕੀਤਾ ਸੀ ਕਿ ਇਹ ਮਜ਼ਬੂਤ ਹੋਣ ਦੇ ਨਾਲ-ਨਾਲ ਲਚਕਦਾਰ ਵੀ ਸੀ। ਇਸ ਕਰਕੇ ਇਹ ਭੁਚਾਲ਼ ਆਉਣ ʼਤੇ ਝੂਲਣ ਦੇ ਬਾਵਜੂਦ ਵੀ ਡਿਗਣੀ ਨਹੀਂ ਸੀ। ਮਸੀਹੀ ਵੀ ਇਸ ਉੱਚੀ ਬਿਲਡਿੰਗ ਵਾਂਗ ਹਨ। ਕਿਵੇਂ? ਉੱਚੀ ਬਿਲਡਿੰਗ ਵਾਂਗ ਮਸੀਹੀਆਂ ਨੂੰ ਮਜ਼ਬੂਤ ਹੋਣ ਦੇ ਨਾਲ-ਨਾਲ ਲਚਕਦਾਰ ਯਾਨੀ ਹਾਲਾਤਾਂ ਮੁਤਾਬਕ ਫੇਰ-ਬਦਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮਸੀਹੀਆਂ ਨੂੰ ਯਹੋਵਾਹ ਦੇ ਕਾਨੂੰਨਾਂ ਅਤੇ ਮਿਆਰਾਂ ਮੁਤਾਬਕ ਚੱਲਣ ਦਾ ਦ੍ਰਿੜ੍ਹ ਇਰਾਦਾ ਰੱਖਣਾ ਚਾਹੀਦਾ ਹੈ। ਉਹ “ਕਹਿਣਾ ਮੰਨਣ ਲਈ ਤਿਆਰ” ਰਹਿੰਦੇ ਹਨ ਅਤੇ ਕਦੇ ਵੀ ਸਮਝੌਤਾ ਨਹੀਂ ਕਰਦੇ, ਪਰ ਉਹ ਹਾਲਾਤਾਂ ਜਾਂ ਲੋੜ ਮੁਤਾਬਕ ਫੇਰ-ਬਦਲ ਕਰਨ ਲਈ ਤਿਆਰ ਰਹਿੰਦੇ ਹਨ। (ਯਾਕੂ. 3:17) ਜਿਹੜੇ ਮਸੀਹੀਆਂ ਨੇ ਇਸ ਤਰ੍ਹਾਂ ਦਾ ਸਹੀ ਨਜ਼ਰੀਆ ਬਣਾਈ ਰੱਖਣਾ ਸਿੱਖਿਆ ਹੈ, ਉਹ ਨਾ ਤਾਂ ਅੜਬ ਹੁੰਦੇ ਹਨ ਤੇ ਨਾ ਹੀ ਖੁੱਲ੍ਹ ਦੇਣ ਵਾਲੇ। w23.07 14 ਪੈਰੇ 1-2