ਸ਼ੁੱਕਰਵਾਰ 29 ਅਗਸਤ
ਮੈਂ ਤੇਰੇ ਨਾਂ ਬਾਰੇ ਦੱਸਿਆ ਹੈ।—ਯੂਹੰ. 17:26.
ਯਿਸੂ ਨੇ ਲੋਕਾਂ ਨੂੰ ਸਿਰਫ਼ ਇਹੀ ਨਹੀ ਦੱਸਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਦਰਅਸਲ, ਉਹ ਜਿਨ੍ਹਾਂ ਯਹੂਦੀਆਂ ਨੂੰ ਸਿਖਾਉਂਦਾ ਸੀ, ਉਹ ਤਾਂ ਪਹਿਲਾਂ ਤੋਂ ਹੀ ਪਰਮੇਸ਼ੁਰ ਦਾ ਨਾਂ ਜਾਣਦੇ ਸਨ। ਉਸ ਨੇ ਉਨ੍ਹਾਂ ਨੂੰ “ਪਿਤਾ” ਬਾਰੇ ਚੰਗੀ ਤਰ੍ਹਾਂ “ਸਮਝਾਇਆ।” (ਯੂਹੰ. 1:17, 18) ਜਿਵੇਂ ਇਬਰਾਨੀ ਲਿਖਤਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦਇਆਵਾਨ ਅਤੇ ਰਹਿਮਦਿਲ ਪਰਮੇਸ਼ੁਰ ਹੈ। (ਕੂਚ 34:5-7) ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਾਉਣ ਲਈ ਯਿਸੂ ਨੇ ਇਕ ਪਿਤਾ ਅਤੇ ਉਸ ਦੇ ਗੁਆਚੇ ਹੋਏ ਪੁੱਤਰ ਦੀ ਮਿਸਾਲ ਦਿੱਤੀ। ਬਾਈਬਲ ਵਿਚ ਅਸੀਂ ਪੜ੍ਹਦੇ ਹਾਂ ਕਿ ਪੁੱਤਰ ਤੋਬਾ ਕਰਦਾ ਹੈ ਅਤੇ ਆਪਣੇ ਪਿਤਾ ਦੇ ਘਰ ਵਾਪਸ ਆ ਜਾਂਦਾ ਹੈ। ਪਰ ਜਦੋਂ ਪੁੱਤਰ ਅਜੇ “ਦੂਰ ਹੀ ਸੀ,” ਤਾਂ ਪਿਤਾ ਦੀ ਨਜ਼ਰ ਉਸ ਉੱਤੇ ਪੈਂਦੀ ਹੈ। ਉਹ ਭੱਜ ਕੇ ਉਸ ਕੋਲ ਜਾਂਦਾ ਹੈ ਤੇ ਆਪਣੇ ਪੁੱਤਰ ਨੂੰ ਗਲ਼ੇ ਲਾ ਲੈਂਦਾ ਹੈ। ਪਿਤਾ ਦਿਲੋਂ ਉਸ ਨੂੰ ਮਾਫ਼ ਕਰ ਦਿੰਦਾ ਹੈ। ਇੱਦਾਂ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਕਿੰਨਾ ਦਇਆਵਾਨ ਅਤੇ ਰਹਿਮਦਿਲ ਹੈ। (ਲੂਕਾ 15:11-32) ਯਿਸੂ ਨੇ ਆਪਣੇ ਪਿਤਾ ਦੀ ਬਿਲਕੁਲ ਉਸੇ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਜਿੱਦਾਂ ਦਾ ਉਹ ਅਸਲ ਵਿਚ ਹੈ। w24.02 10 ਪੈਰੇ 8-9
ਸ਼ਨੀਵਾਰ 30 ਅਗਸਤ
‘ਅਸੀਂ ਪਰਮੇਸ਼ੁਰ ਤੋਂ ਦਿਲਾਸਾ ਪਾ ਕੇ ਉਸ ਦਿਲਾਸੇ ਨਾਲ ਦੂਸਰਿਆਂ ਨੂੰ ਦਿਲਾਸਾ ਦੇ ਸਕੀਏ।’—2 ਕੁਰਿੰ. 1:4.
ਯਹੋਵਾਹ ਤੋਂ ਦਿਲਾਸਾ ਪਾ ਕੇ ਨਿਰਾਸ਼ ਲੋਕਾਂ ਨੂੰ ਤਾਜ਼ਗੀ ਮਿਲਦੀ ਹੈ। ਯਹੋਵਾਹ ਵਾਂਗ ਸਾਡੇ ਦਿਲ ਵਿਚ ਵੀ ਲੋਕਾਂ ਲਈ ਹਮਦਰਦੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਵੀ ਉਨ੍ਹਾਂ ਨੂੰ ਦਿਲਾਸਾ ਦੇਣਾ ਚਾਹੀਦਾ ਹੈ। ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ ਆਪਣੇ ਅੰਦਰ ਅਜਿਹੇ ਗੁਣ ਵਧਾ ਸਕਦੇ ਹਾਂ ਜਿਨ੍ਹਾਂ ਨਾਲ ਸਾਡਾ ਦਿਲ ਕਰੇ ਕਿ ਅਸੀਂ ਲੋਕਾਂ ਨੂੰ ਦਿਲਾਸਾ ਦੇਈਏ। ਇਹ ਗੁਣ ਕਿਹੜੇ ਹਨ? ਇਕ-ਦੂਸਰੇ ਨੂੰ ਪਿਆਰ ਕਰਦੇ ਰਹਿਣ ਅਤੇ “ਦਿਲਾਸਾ ਦਿੰਦੇ ਰਹਿਣ” ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? (1 ਥੱਸ. 4:18) ਸਾਨੂੰ ਦੁੱਖਾਂ ਵਿਚ ਇਕ-ਦੂਜੇ ਦਾ ਸਾਥ ਦੇਣ ਦੀ ਲੋੜ ਹੈ, ਭਰਾਵਾਂ ਵਾਂਗ ਪਿਆਰ ਕਰਨ ਅਤੇ ਦਇਆ ਦਿਖਾਉਣ ਦੀ ਲੋੜ ਹੈ। (ਕੁਲੁ. 3:12; 1 ਪਤ. 3:8) ਇਹ ਗੁਣ ਸਾਡੀ ਕਿੱਦਾਂ ਮਦਦ ਕਰਨਗੇ? ਜਦੋਂ ਇਹ ਗੁਣ ਸਾਡੇ ਸੁਭਾਅ ਦਾ ਹਿੱਸਾ ਬਣ ਜਾਣਗੇ, ਤਾਂ ਅਸੀਂ ਦੂਜਿਆਂ ਨੂੰ ਦੁੱਖ ਵਿਚ ਦੇਖ ਹੀ ਨਹੀਂ ਸਕਾਂਗੇ ਤੇ ਫ਼ੌਰਨ ਉਨ੍ਹਾਂ ਨੂੰ ਦਿਲਾਸਾ ਦੇਵਾਂਗੇ। ਨਾਲੇ ਯਿਸੂ ਨੇ ਵੀ ਕਿਹਾ ਸੀ ਕਿ “ਜੋ ਦਿਲ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ। ਚੰਗਾ ਆਦਮੀ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ।” (ਮੱਤੀ 12:34, 35) ਜਿਹੜੇ ਭੈਣ-ਭਰਾ ਕਿਸੇ ਤਕਲੀਫ਼ ਵਿਚ ਹਨ, ਉਨ੍ਹਾਂ ਨੂੰ ਦਿਲਾਸਾ ਦੇਣਾ ਬਹੁਤ ਜ਼ਰੂਰੀ ਹੈ। ਇਸ ਨਾਲ ਉਹ ਜਾਣ ਸਕਣਗੇ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਾਂ। w23.11 10 ਪੈਰੇ 10-11
ਐਤਵਾਰ 31 ਅਗਸਤ
ਜਿਨ੍ਹਾਂ ਨੂੰ ਡੂੰਘੀ ਸਮਝ ਹੈ, ਉਹ ਇਹ ਗੱਲਾਂ ਸਮਝ ਲੈਣਗੇ।—ਦਾਨੀ. 12:10.
ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਮਝਣ ਲਈ ਸਾਨੂੰ ਕਿਸੇ ਤੋਂ ਮਦਦ ਲੈਣੀ ਪੈਣੀ। ਜ਼ਰਾ ਇਕ ਉਦਾਹਰਣ ʼਤੇ ਗੌਰ ਕਰੋ। ਕਲਪਨਾ ਕਰੋ ਕਿ ਤੁਸੀਂ ਕਿਸੇ ਅਜਿਹੀ ਜਗ੍ਹਾ ਘੁੰਮਣ ਗਏ ਹੋ ਜਿਸ ਬਾਰੇ ਤੁਹਾਨੂੰ ਜ਼ਿਆਦਾ ਕੁਝ ਨਹੀਂ ਪਤਾ। ਪਰ ਤੁਹਾਡਾ ਦੋਸਤ ਵੀ ਤੁਹਾਡੇ ਨਾਲ ਆਇਆ ਹੈ। ਉਹ ਇਸ ਜਗ੍ਹਾ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਉਹ ਜਾਣਦਾ ਹੈ ਕਿ ਤੁਸੀਂ ਕਿੱਥੇ ਹੋ ਅਤੇ ਕਿਹੜਾ ਰਾਹ ਕਿੱਥੇ ਜਾਂਦਾ ਹੈ। ਤੁਸੀਂ ਕਿੰਨੇ ਖ਼ੁਸ਼ ਹੋਣੇ ਕਿ ਤੁਹਾਡਾ ਦੋਸਤ ਵੀ ਤੁਹਾਡੇ ਨਾਲ ਆਇਆ ਹੈ। ਯਹੋਵਾਹ ਵੀ ਇਸ ਦੋਸਤ ਵਾਂਗ ਹੈ। ਯਹੋਵਾਹ ਨੂੰ ਪਤਾ ਹੈ ਕਿ ਅਸੀਂ ਕਿਹੜੇ ਸਮੇਂ ਵਿਚ ਜੀ ਰਹੇ ਹਾਂ ਅਤੇ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ। ਇਸ ਲਈ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਮਝਣ ਲਈ ਸਾਨੂੰ ਨਿਮਰ ਹੋ ਕੇ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ। (ਦਾਨੀ. 2:28; 2 ਪਤ. 1:19, 20) ਇਕ ਚੰਗੇ ਪਿਤਾ ਵਾਂਗ ਯਹੋਵਾਹ ਵੀ ਚਾਹੁੰਦਾ ਹੈ ਕਿ ਉਸ ਦੇ ਬੱਚਿਆਂ ਦਾ ਭਵਿੱਖ ਵਧੀਆ ਹੋਵੇ। (ਯਿਰ. 29:11) ਪਰ ਕਿਸੇ ਵੀ ਇਨਸਾਨੀ ਪਿਤਾ ਤੋਂ ਉਲਟ ਯਹੋਵਾਹ ਸਹੀ-ਸਹੀ ਦੱਸ ਸਕਦਾ ਹੈ ਕਿ ਭਵਿੱਖ ਵਿਚ ਕੀ-ਕੀ ਹੋਵੇਗਾ। ਇਸ ਲਈ ਉਸ ਨੇ ਆਪਣੇ ਬਚਨ ਵਿਚ ਭਵਿੱਖਬਾਣੀਆਂ ਦਰਜ ਕਰਵਾਈਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਅਸੀਂ ਪਹਿਲਾਂ ਤੋਂ ਹੀ ਜਾਣ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਕੀ-ਕੀ ਹੋਵੇਗਾ।—ਯਸਾ. 46:10. w23.08 8 ਪੈਰੇ 3-4