ਬੁੱਧਵਾਰ 6 ਅਗਸਤ
ਧਰਮੀਆਂ ਦਾ ਰਾਹ ਸਵੇਰ ਦੇ ਚਾਨਣ ਵਰਗਾ ਹੈ ਜੋ ਪੂਰਾ ਦਿਨ ਚੜ੍ਹਨ ਤਕ ਵਧਦਾ ਜਾਂਦਾ ਹੈ। —ਕਹਾ. 4:18.
ਇਨ੍ਹਾਂ ਆਖ਼ਰੀ ਦਿਨਾਂ ਵਿਚ ਵੀ ਯਹੋਵਾਹ ਨੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ “ਪਵਿੱਤਰ ਰਾਹ” ਉੱਤੇ ਕੰਮ ਹੁੰਦਾ ਰਹੇ। ਉਹ ਆਪਣੇ ਸੰਗਠਨ ਰਾਹੀਂ ਲਗਾਤਾਰ ਆਪਣੇ ਬਚਨ ਤੋਂ ਹਿਦਾਇਤਾਂ ਦੇ ਰਿਹਾ ਹੈ ਤਾਂਕਿ ਅਸੀਂ ਸਾਰੇ ਇਸ ਰਾਹ ʼਤੇ ਚੱਲਦੇ ਰਹੀਏ। (ਯਸਾ. 35:8; 48:17; 60:17) ਜਦੋਂ ਇਕ ਵਿਅਕਤੀ ਬਾਈਬਲ ਸਟੱਡੀ ਕਰਨ ਲੱਗਦਾ ਹੈ, ਤਾਂ ਉਸ ਕੋਲ “ਪਵਿੱਤਰ ਰਾਹ” ਉੱਤੇ ਚੱਲਣ ਦਾ ਮੌਕਾ ਹੁੰਦਾ ਹੈ। ਕੁਝ ਲੋਕ ਥੋੜ੍ਹੀ ਦੂਰ ਤਕ ਹੀ ਇਸ ਰਾਹ ʼਤੇ ਚੱਲਦੇ ਹਨ ਅਤੇ ਫਿਰ ਇਸ ਨੂੰ ਛੱਡ ਦਿੰਦੇ ਹਨ। ਪਰ ਦੂਜੇ ਪਾਸੇ, ਕੁਝ ਲੋਕਾਂ ਨੇ ਪੱਕਾ ਇਰਾਦਾ ਕੀਤਾ ਹੈ ਕਿ ਜਦ ਤਕ ਉਹ ਆਪਣੀ ਮੰਜ਼ਲ ʼਤੇ ਨਹੀਂ ਪਹੁੰਚ ਜਾਂਦੇ, ਤਦ ਤਕ ਉਹ ਇਸ ਰਾਹ ʼਤੇ ਚੱਲਦੇ ਰਹਿਣਗੇ। ਆਖ਼ਰ, ਉਹ ਮੰਜ਼ਲ ਹੈ ਕੀ? ਜਿਨ੍ਹਾਂ ਕੋਲ ਸਵਰਗ ਜਾਣ ਦੀ ਉਮੀਦ ਹੈ, ਉਨ੍ਹਾਂ ਨੂੰ ਇਹ “ਪਵਿੱਤਰ ਰਾਹ” ਸਵਰਗ ਵਿਚ “ਪਰਮੇਸ਼ੁਰ ਦੇ ਬਾਗ਼” ਵਿਚ ਲੈ ਜਾਵੇਗਾ। (ਪ੍ਰਕਾ. 2:7) ਪਰ ਜਿਨ੍ਹਾਂ ਕੋਲ ਧਰਤੀ ʼਤੇ ਰਹਿਣ ਦੀ ਉਮੀਦ ਹੈ, ਉਹ ਇਸ ਰਾਹ ʼਤੇ ਲਗਾਤਾਰ ਚੱਲਦੇ ਹੋਏ ਮਸੀਹ ਦੇ ਹਜ਼ਾਰ ਸਾਲ ਦੇ ਅਖ਼ੀਰ ਤਕ ਮੁਕੰਮਲ ਹੋ ਜਾਣਗੇ। ਜੇ ਅੱਜ ਤੁਸੀਂ ਇਸ ਰਾਜਮਾਰਗ ʼਤੇ ਚੱਲ ਰਹੇ ਹੋ, ਤਾਂ ਪਿੱਛੇ ਮੁੜ ਕੇ ਨਾ ਦੇਖੋ। ਜਦ ਤਕ ਤੁਹਾਡਾ ਸਫ਼ਰ ਪੂਰਾ ਨਹੀਂ ਹੋ ਜਾਂਦਾ ਅਤੇ ਤੁਸੀਂ ਨਵੀਂ ਦੁਨੀਆਂ ਵਿਚ ਨਹੀਂ ਪਹੁੰਚ ਜਾਂਦੇ, ਤਦ ਤਕ ਇਸ ʼਤੇ ਚੱਲਦੇ ਰਹੋ। w23.05 17 ਪੈਰਾ 15; 19 ਪੈਰੇ 16-18
ਵੀਰਵਾਰ 7 ਅਗਸਤ
ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ।—1 ਯੂਹੰ. 4:19.
ਜਦੋਂ ਤੁਸੀਂ ਇਸ ਬਾਰੇ ਸੋਚੋਗੇ ਕਿ ਯਹੋਵਾਹ ਨੇ ਤੁਹਾਡੇ ਲਈ ਕਿੰਨਾ ਕੁਝ ਕੀਤਾ ਹੈ, ਤਾਂ ਤੁਹਾਡਾ ਦਿਲ ਕਰੇਗਾ ਕਿ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ। (ਜ਼ਬੂ. 116:12-14) ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਯਹੋਵਾਹ ਤੋਂ ਹੀ ਮਿਲਦੀ ਹੈ। (ਯਾਕੂ. 1:17) ਯਹੋਵਾਹ ਨੇ ਸਾਨੂੰ ਜੋ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ, ਉਹ ਹੈ ਆਪਣੇ ਪੁੱਤਰ ਯਿਸੂ ਦੀ ਕੁਰਬਾਨੀ। ਜ਼ਰਾ ਸੋਚੋ ਕਿ ਇਸ ਕੁਰਬਾਨੀ ਕਰਕੇ ਕਿੰਨਾ ਕੁਝ ਮੁਮਕਿਨ ਹੋਇਆ ਹੈ! ਤੁਸੀਂ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾ ਸਕੇ ਹੋ ਅਤੇ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲੀ ਹੈ। (1 ਯੂਹੰ. 4:9, 10) ਸੱਚ-ਮੁੱਚ, ਇਸ ਤੋਂ ਵੱਡੇ ਪਿਆਰ ਦਾ ਸਬੂਤ ਹੋਰ ਕੀ ਹੋ ਸਕਦਾ ਹੈ! ਜਦੋਂ ਤੁਸੀਂ ਇਸ ਬਾਰੇ ਅਤੇ ਉਨ੍ਹਾਂ ਬਰਕਤਾਂ ਬਾਰੇ ਸੋਚੋਗੇ ਜੋ ਯਹੋਵਾਹ ਨੇ ਤੁਹਾਨੂੰ ਦਿੱਤੀਆਂ ਹਨ, ਤਾਂ ਤੁਹਾਡਾ ਦਿਲ ਅਹਿਸਾਨ ਨਾਲ ਭਰ ਜਾਵੇਗਾ ਤੇ ਤੁਹਾਡਾ ਦਿਲ ਕਰੇਗਾ ਕਿ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ।—ਬਿਵ. 16:17; 2 ਕੁਰਿੰ. 5:15. w24.03 5 ਪੈਰਾ 8
ਸ਼ੁੱਕਰਵਾਰ 8 ਅਗਸਤ
ਖਰੇ ਰਾਹ ʼਤੇ ਚੱਲਣ ਵਾਲਾ ਯਹੋਵਾਹ ਦਾ ਡਰ ਰੱਖਦਾ ਹੈ।—ਕਹਾ. 14:2.
ਅੱਜ ਲੋਕ ਬੁਰੇ ਤੋਂ ਬੁਰੇ ਹੁੰਦੇ ਜਾ ਰਹੇ ਹਨ। ਇਹ ਸਭ ਦੇਖ ਕੇ ਅਸੀਂ ਧਰਮੀ ਲੂਤ ਵਾਂਗ ਮਹਿਸੂਸ ਕਰਦੇ ਹਾਂ। ਉਹ “ਇਸ ਗੱਲੋਂ ਬੜਾ ਦੁਖੀ ਹੁੰਦਾ ਸੀ ਕਿ ਬੁਰੇ ਲੋਕ ਕਿੰਨੇ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਦੇ ਸਨ।” ਕਿਉਂ? ਕਿਉਂਕਿ ਉਸ ਨੂੰ ਪਤਾ ਸੀ ਕਿ ਸਾਡਾ ਸਵਰਗੀ ਪਿਤਾ ਇੱਦਾਂ ਦੇ ਗ਼ਲਤ ਕੰਮਾਂ ਨਾਲ ਨਫ਼ਰਤ ਕਰਦਾ ਹੈ। (2 ਪਤ. 2:7, 8) ਪਰਮੇਸ਼ੁਰ ਦਾ ਡਰ ਰੱਖਣ ਅਤੇ ਉਸ ਨਾਲ ਪਿਆਰ ਹੋਣ ਕਰਕੇ ਲੂਤ ਆਪਣੇ ਆਲੇ-ਦੁਆਲੇ ਦੇ ਲੋਕਾਂ ਵਰਗਾ ਨਹੀਂ ਬਣਿਆ। ਅੱਜ ਅਸੀਂ ਵੀ ਅਜਿਹੇ ਲੋਕਾਂ ਨਾਲ ਘਿਰੇ ਹੋਏ ਹਾਂ ਜੋ ਯਹੋਵਾਹ ਦੇ ਮਿਆਰਾਂ ਦੀ ਥੋੜ੍ਹੀ-ਬਹੁਤੀ ਜਾਂ ਬਿਲਕੁਲ ਵੀ ਪਰਵਾਹ ਨਹੀਂ ਕਰਦੇ। ਇਸ ਦੇ ਬਾਵਜੂਦ, ਜੇ ਅਸੀਂ ਯਹੋਵਾਹ ਨਾਲ ਆਪਣਾ ਪਿਆਰ ਬਣਾਈ ਰੱਖੀਏ ਅਤੇ ਆਪਣੇ ਮਨ ਵਿਚ ਉਸ ਦਾ ਡਰ ਪੈਦਾ ਕਰੀਏ, ਤਾਂ ਅਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖ ਸਕਦੇ ਹਾਂ। ਯਹੋਵਾਹ ਇਸ ਤਰ੍ਹਾਂ ਕਰਨ ਵਿਚ ਸਾਡੀ ਮਦਦ ਕਰਦਾ ਹੈ। ਉਹ ਕਹਾਉਤਾਂ ਦੀ ਕਿਤਾਬ ਦੇ ਜ਼ਰੀਏ ਸਾਨੂੰ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। ਇਸ ਵਿਚ ਦਰਜ ਬੁੱਧ ਦੀਆਂ ਸਲਾਹਾਂ ਤੋਂ ਸਾਰੇ ਮਸੀਹੀਆਂ ਨੂੰ ਜ਼ਰੂਰ ਫ਼ਾਇਦਾ ਹੋ ਸਕਦਾ ਹੈ, ਫਿਰ ਚਾਹੇ ਉਹ ਆਦਮੀ, ਔਰਤ, ਜਵਾਨ ਤੇ ਸਿਆਣੀ ਉਮਰ ਦੇ ਹੀ ਕਿਉਂ ਨਾ ਹੋਣ। ਯਹੋਵਾਹ ਦਾ ਡਰ ਰੱਖਣ ਕਰਕੇ ਅਸੀਂ ਗ਼ਲਤ ਕੰਮ ਕਰਨ ਵਾਲਿਆਂ ਨਾਲ ਦੋਸਤੀ ਨਹੀਂ ਕਰਦੇ। w23.06 20 ਪੈਰੇ 1-2; 21 ਪੈਰਾ 5