ਸ਼ੁੱਕਰਵਾਰ 8 ਅਗਸਤ
ਖਰੇ ਰਾਹ ʼਤੇ ਚੱਲਣ ਵਾਲਾ ਯਹੋਵਾਹ ਦਾ ਡਰ ਰੱਖਦਾ ਹੈ।—ਕਹਾ. 14:2.
ਅੱਜ ਲੋਕ ਬੁਰੇ ਤੋਂ ਬੁਰੇ ਹੁੰਦੇ ਜਾ ਰਹੇ ਹਨ। ਇਹ ਸਭ ਦੇਖ ਕੇ ਅਸੀਂ ਧਰਮੀ ਲੂਤ ਵਾਂਗ ਮਹਿਸੂਸ ਕਰਦੇ ਹਾਂ। ਉਹ “ਇਸ ਗੱਲੋਂ ਬੜਾ ਦੁਖੀ ਹੁੰਦਾ ਸੀ ਕਿ ਬੁਰੇ ਲੋਕ ਕਿੰਨੇ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਦੇ ਸਨ।” ਕਿਉਂ? ਕਿਉਂਕਿ ਉਸ ਨੂੰ ਪਤਾ ਸੀ ਕਿ ਸਾਡਾ ਸਵਰਗੀ ਪਿਤਾ ਇੱਦਾਂ ਦੇ ਗ਼ਲਤ ਕੰਮਾਂ ਨਾਲ ਨਫ਼ਰਤ ਕਰਦਾ ਹੈ। (2 ਪਤ. 2:7, 8) ਪਰਮੇਸ਼ੁਰ ਦਾ ਡਰ ਰੱਖਣ ਅਤੇ ਉਸ ਨਾਲ ਪਿਆਰ ਹੋਣ ਕਰਕੇ ਲੂਤ ਆਪਣੇ ਆਲੇ-ਦੁਆਲੇ ਦੇ ਲੋਕਾਂ ਵਰਗਾ ਨਹੀਂ ਬਣਿਆ। ਅੱਜ ਅਸੀਂ ਵੀ ਅਜਿਹੇ ਲੋਕਾਂ ਨਾਲ ਘਿਰੇ ਹੋਏ ਹਾਂ ਜੋ ਯਹੋਵਾਹ ਦੇ ਮਿਆਰਾਂ ਦੀ ਥੋੜ੍ਹੀ-ਬਹੁਤੀ ਜਾਂ ਬਿਲਕੁਲ ਵੀ ਪਰਵਾਹ ਨਹੀਂ ਕਰਦੇ। ਇਸ ਦੇ ਬਾਵਜੂਦ, ਜੇ ਅਸੀਂ ਯਹੋਵਾਹ ਨਾਲ ਆਪਣਾ ਪਿਆਰ ਬਣਾਈ ਰੱਖੀਏ ਅਤੇ ਆਪਣੇ ਮਨ ਵਿਚ ਉਸ ਦਾ ਡਰ ਪੈਦਾ ਕਰੀਏ, ਤਾਂ ਅਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖ ਸਕਦੇ ਹਾਂ। ਯਹੋਵਾਹ ਇਸ ਤਰ੍ਹਾਂ ਕਰਨ ਵਿਚ ਸਾਡੀ ਮਦਦ ਕਰਦਾ ਹੈ। ਉਹ ਕਹਾਉਤਾਂ ਦੀ ਕਿਤਾਬ ਦੇ ਜ਼ਰੀਏ ਸਾਨੂੰ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। ਇਸ ਵਿਚ ਦਰਜ ਬੁੱਧ ਦੀਆਂ ਸਲਾਹਾਂ ਤੋਂ ਸਾਰੇ ਮਸੀਹੀਆਂ ਨੂੰ ਜ਼ਰੂਰ ਫ਼ਾਇਦਾ ਹੋ ਸਕਦਾ ਹੈ, ਫਿਰ ਚਾਹੇ ਉਹ ਆਦਮੀ, ਔਰਤ, ਜਵਾਨ ਤੇ ਸਿਆਣੀ ਉਮਰ ਦੇ ਹੀ ਕਿਉਂ ਨਾ ਹੋਣ। ਯਹੋਵਾਹ ਦਾ ਡਰ ਰੱਖਣ ਕਰਕੇ ਅਸੀਂ ਗ਼ਲਤ ਕੰਮ ਕਰਨ ਵਾਲਿਆਂ ਨਾਲ ਦੋਸਤੀ ਨਹੀਂ ਕਰਦੇ। w23.06 20 ਪੈਰੇ 1-2; 21 ਪੈਰਾ 5
ਸ਼ਨੀਵਾਰ 9 ਅਗਸਤ
ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਹਰ ਰੋਜ਼ ਆਪਣੀ ਤਸੀਹੇ ਦੀ ਸੂਲ਼ੀ ਚੁੱਕ ਕੇ ਮੇਰੇ ਪਿੱਛੇ-ਪਿੱਛੇ ਚੱਲਦਾ ਰਹੇ।—ਲੂਕਾ 9:23.
ਹੋ ਸਕਦਾ ਹੈ ਕਿ ਤੁਹਾਡੇ ਘਰਦਿਆਂ ਨੇ ਤੁਹਾਡਾ ਵਿਰੋਧ ਕੀਤਾ ਹੋਵੇ ਜਾਂ ਫਿਰ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਲਈ ਤੁਸੀਂ ਜ਼ਿਆਦਾ ਪੈਸਾ ਕਮਾਉਣ ਦਾ ਮੌਕਾ ਛੱਡਿਆ ਹੋਵੇ। (ਮੱਤੀ 6:33) ਜੇ ਇੱਦਾਂ ਹੈ, ਤਾਂ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਤੁਸੀਂ ਜੋ ਵੀ ਤਿਆਗ ਕੀਤੇ ਹਨ, ਯਹੋਵਾਹ ਉਨ੍ਹਾਂ ਨੂੰ ਕਦੇ ਨਹੀਂ ਭੁੱਲੇਗਾ। (ਇਬ. 6:10) ਹੋ ਸਕਦਾ ਹੈ ਕਿ ਇਹ ਤਿਆਗ ਕਰ ਕੇ ਤੁਸੀਂ ਆਪਣੀ ਜ਼ਿੰਦਗੀ ਵਿਚ ਯਿਸੂ ਦੀ ਕਹੀ ਇਹ ਗੱਲ ਸੱਚ ਸਾਬਤ ਹੁੰਦੀ ਦੇਖੀ ਹੋਣੀ: “ਜਿਸ ਨੇ ਵੀ ਮੇਰੀ ਖ਼ਾਤਰ ਅਤੇ ਖ਼ੁਸ਼ ਖ਼ਬਰੀ ਦੀ ਖ਼ਾਤਰ ਘਰ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਂ ਜਾਂ ਪਿਉ ਜਾਂ ਬੱਚਿਆਂ ਜਾਂ ਖੇਤਾਂ ਨੂੰ ਛੱਡਿਆ ਹੈ, ਉਹ ਹੁਣ ਇਹ ਸਭ 100 ਗੁਣਾ ਪਾਵੇਗਾ: ਘਰ, ਭਰਾ, ਭੈਣਾਂ, ਮਾਵਾਂ, ਬੱਚੇ ਤੇ ਖੇਤ, ਪਰ ਅਤਿਆਚਾਰਾਂ ਨਾਲ ਅਤੇ ਆਉਣ ਵਾਲੇ ਸਮੇਂ ਵਿਚ ਹਮੇਸ਼ਾ ਦੀ ਜ਼ਿੰਦਗੀ।” (ਮਰ. 10:29, 30) ਸੱਚ-ਮੁੱਚ, ਤੁਸੀਂ ਜ਼ਰੂਰ ਇਹ ਮਹਿਸੂਸ ਕੀਤਾ ਹੋਣਾ ਕਿ ਤੁਸੀਂ ਜਿੰਨੇ ਵੀ ਤਿਆਗ ਕੀਤੇ ਹਨ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਤੁਹਾਨੂੰ ਬਰਕਤਾਂ ਮਿਲੀਆਂ ਹਨ।—ਜ਼ਬੂ. 37:4. w24.03 9 ਪੈਰਾ 5
ਐਤਵਾਰ 10 ਅਗਸਤ
ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।—ਕਹਾ. 17:17.
ਜਦੋਂ ਯਹੂਦਿਯਾ ਵਿਚ ਇਕ ਵੱਡਾ ਕਾਲ਼ ਪਿਆ, ਤਾਂ ਅੰਤਾਕੀਆ ਦੇ ਭੈਣਾਂ-ਭਰਾਵਾਂ ਨੇ “ਫ਼ੈਸਲਾ ਕੀਤਾ ਕਿ ਹਰੇਕ ਜਣਾ ਆਪਣੀ ਹੈਸੀਅਤ ਅਨੁਸਾਰ ਯਹੂਦਿਯਾ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ ਘੱਲੇ।” (ਰਸੂ. 11:27-30) ਭਾਵੇਂ ਕਿ ਉਹ ਯਹੂਦਿਯਾ ਦੇ ਮਸੀਹੀਆਂ ਤੋਂ ਬਹੁਤ ਦੂਰ ਰਹਿੰਦੇ ਸਨ, ਫਿਰ ਵੀ ਉਹ ਉਨ੍ਹਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟੇ। (1 ਯੂਹੰ. 3:17, 18) ਅੱਜ ਅਸੀਂ ਵੀ ਹਮਦਰਦੀ ਦਿਖਾ ਸਕਦੇ ਹਾਂ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਭੈਣਾਂ-ਭਰਾਵਾਂ ʼਤੇ ਕੋਈ ਆਫ਼ਤ ਆਈ ਹੈ। ਅਸੀਂ ਝੱਟ ਕਦਮ ਚੁੱਕਦੇ ਹਾਂ, ਜਿਵੇਂ ਕਿ ਸ਼ਾਇਦ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਬਾਰੇ ਬਜ਼ੁਰਗਾਂ ਨੂੰ ਪੁੱਛ ਸਕਦੇ ਹਾਂ, ਪੂਰੀ ਦੁਨੀਆਂ ਵਿਚ ਹੋ ਰਹੇ ਕੰਮਾਂ ਲਈ ਦਾਨ ਦੇ ਸਕਦੇ ਹਾਂ ਅਤੇ ਆਫ਼ਤ ਵਾਲੇ ਇਲਾਕਿਆਂ ਵਿਚ ਰਹਿਣ ਵਾਲੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। ਸ਼ਾਇਦ ਸਾਡੇ ਭੈਣਾਂ-ਭਰਾਵਾਂ ਨੂੰ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਸਾਡੀ ਮਦਦ ਦੀ ਲੋੜ ਪਵੇ। ਹਮਦਰਦੀ ਹੋਣ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਾਂਗੇ। ਫਿਰ ਜਦੋਂ ਸਾਡਾ ਰਾਜਾ ਯਿਸੂ ਮਸੀਹ ਇਸ ਦੁਨੀਆਂ ਦਾ ਨਿਆਂ ਕਰਨ ਆਵੇਗਾ ਅਤੇ ਸਾਨੂੰ ਹਮਦਰਦੀ ਕਰਦਿਆਂ ਦੇਖੇਗਾ, ਤਾਂ ਉਹ ਸਾਨੂੰ “ਰਾਜ ਨੂੰ ਕਬੂਲ” ਕਰਨ ਦਾ ਸੱਦਾ ਦੇਵੇਗਾ।—ਮੱਤੀ 25:34-40. w23.07 4 ਪੈਰੇ 9-10; 6 ਪੈਰਾ 12