ਬੁੱਧਵਾਰ 3 ਸਤੰਬਰ
‘ਯੂਸੁਫ਼ ਨੇ ਯਹੋਵਾਹ ਦੇ ਦੂਤ ਦੇ ਕਹੇ ਅਨੁਸਾਰ ਕੀਤਾ ਅਤੇ ਉਹ ਆਪਣੀ ਪਤਨੀ ਨੂੰ ਘਰ ਲੈ ਆਇਆ।’—ਮੱਤੀ 1:24.
ਜਦੋਂ ਯਹੋਵਾਹ ਨੇ ਯੂਸੁਫ਼ ਨੂੰ ਕੋਈ ਸਲਾਹ ਦਿੱਤੀ, ਤਾਂ ਉਸ ਨੇ ਫ਼ੌਰਨ ਉਸ ਨੂੰ ਮੰਨਿਆ। ਇਸ ਕਰਕੇ ਯੂਸੁਫ਼ ਇਕ ਵਧੀਆ ਪਤੀ ਬਣ ਸਕਿਆ। ਬਾਈਬਲ ਵਿਚ ਅਜਿਹੇ ਤਿੰਨ ਬਿਰਤਾਂਤ ਦਰਜ ਹਨ ਜਦੋਂ ਪਰਮੇਸ਼ੁਰ ਨੇ ਪਰਿਵਾਰ ਦੇ ਮਾਮਲੇ ਬਾਰੇ ਉਸ ਨੂੰ ਹਿਦਾਇਤਾਂ ਦਿੱਤੀਆਂ। ਚਾਹੇ ਕਿ ਉਨ੍ਹਾਂ ਹਿਦਾਇਤਾਂ ਨੂੰ ਮੰਨਣ ਲਈ ਉਸ ਨੂੰ ਆਪਣੇ ਅੰਦਰ ਵੱਡੇ-ਵੱਡੇ ਬਦਲਾਅ ਕਰਨੇ ਪਏ, ਫਿਰ ਵੀ ਉਸ ਨੇ ਉਨ੍ਹਾਂ ਨੂੰ ਮੰਨਿਆ। (ਮੱਤੀ 1:20; 2:13-15, 19-21) ਪਰਮੇਸ਼ੁਰ ਦੀ ਸਲਾਹ ਮੰਨ ਕੇ ਯੂਸੁਫ਼ ਮਰੀਅਮ ਦੀ ਹਿਫਾਜ਼ਤ ਕਰ ਸਕਿਆ, ਉਸ ਦਾ ਸਾਥ ਦੇ ਸਕਿਆ ਅਤੇ ਉਸ ਦੀਆਂ ਲੋੜਾਂ ਪੂਰੀਆਂ ਕਰ ਸਕਿਆ। ਜ਼ਰਾ ਸੋਚੋ ਕਿ ਯੂਸੁਫ਼ ਦੇ ਇਨ੍ਹਾਂ ਕੰਮਾਂ ਨੂੰ ਦੇਖ ਕੇ ਮਰੀਅਮ ਉਸ ਨੂੰ ਹੋਰ ਜ਼ਿਆਦਾ ਪਿਆਰ ਅਤੇ ਉਸ ਦਾ ਹੋਰ ਜ਼ਿਆਦਾ ਆਦਰ ਕਰਨ ਲੱਗ ਪਈ ਹੋਣੀ। ਪਤੀਓ, ਤੁਸੀਂ ਵੀ ਪਰਿਵਾਰ ਦੀ ਦੇਖ-ਭਾਲ ਕਰਨ ਦੇ ਮਾਮਲੇ ਵਿਚ ਬਾਈਬਲ-ਆਧਾਰਿਤ ਸਲਾਹ ਮੰਨ ਕੇ ਯੂਸੁਫ਼ ਵਾਂਗ ਬਣ ਸਕਦੇ ਹੋ। ਸ਼ਾਇਦ ਇਸ ਤਰ੍ਹਾਂ ਕਰਨ ਲਈ ਤੁਹਾਨੂੰ ਆਪਣੇ ਅੰਦਰ ਬਦਲਾਅ ਕਰਨੇ ਪੈਣੇ, ਪਰ ਇੱਦਾਂ ਕਰ ਕੇ ਤੁਸੀਂ ਦਿਖਾਓਗੇ ਕਿ ਤੁਸੀਂ ਆਪਣੀ ਪਤਨੀ ਨੂੰ ਕਿੰਨਾ ਪਿਆਰ ਕਰਦੇ ਹੋ। ਨਾਲੇ ਇਸ ਤਰ੍ਹਾਂ ਤੁਹਾਡਾ ਦੋਹਾਂ ਦਾ ਰਿਸ਼ਤਾ ਵੀ ਮਜ਼ਬੂਤ ਹੋ ਜਾਵੇਗਾ। ਵਨਾਵਟੂ ਦੇਸ਼ ਵਿਚ ਰਹਿਣ ਵਾਲੀ ਇਕ ਭੈਣ ਦੇ ਵਿਆਹ ਨੂੰ 20 ਤੋਂ ਜ਼ਿਆਦਾ ਸਾਲ ਹੋ ਗਏ ਹਨ। ਉਹ ਦੱਸਦੀ ਹੈ: “ਜਦੋਂ ਮੇਰੇ ਪਤੀ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਕਿਸੇ ਮਾਮਲੇ ਬਾਰੇ ਯਹੋਵਾਹ ਨੇ ਕੀ ਸਲਾਹ ਦਿੱਤੀ ਹੈ ਅਤੇ ਫਿਰ ਉਸ ਨੂੰ ਲਾਗੂ ਕਰਦੇ ਹਨ, ਤਾਂ ਮੇਰੇ ਦਿਲ ਵਿਚ ਉਨ੍ਹਾਂ ਲਈ ਇੱਜ਼ਤ ਹੋਰ ਜ਼ਿਆਦਾ ਵਧ ਜਾਂਦੀ ਹੈ। ਮੈਨੂੰ ਭਰੋਸਾ ਹੋ ਜਾਂਦਾ ਹੈ ਕਿ ਉਹ ਸਹੀ ਫ਼ੈਸਲੇ ਕਰਨਗੇ ਅਤੇ ਫਿਰ ਮੈਨੂੰ ਕਿਸੇ ਗੱਲ ਦੀ ਕੋਈ ਟੈਂਸ਼ਨ ਨਹੀਂ ਰਹਿੰਦੀ।” w23.05 21 ਪੈਰਾ 5
ਵੀਰਵਾਰ 4 ਸਤੰਬਰ
ਉੱਥੇ ਇਕ ਰਾਜਮਾਰਗ ਹੋਵੇਗਾ, ਹਾਂ, ਇਕ ਰਾਹ ਜੋ ਪਵਿੱਤਰ ਰਾਹ ਕਹਾਉਂਦਾ ਹੈ।—ਯਸਾ. 35:8.
ਬਾਬਲ ਤੋਂ ਆਪਣੇ ਦੇਸ਼ ਵਾਪਸ ਜਾ ਰਹੇ ਯਹੂਦੀਆਂ ਨੇ ਪਰਮੇਸ਼ੁਰ ਲਈ ਇਕ “ਪਵਿੱਤਰ ਪਰਜਾ” ਬਣਨਾ ਸੀ। (ਬਿਵ. 7:6) ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਹੁਣ ਉਨ੍ਹਾਂ ਨੂੰ ਕੋਈ ਬਦਲਾਅ ਕਰਨ ਦੀ ਲੋੜ ਨਹੀਂ ਸੀ। ਜ਼ਿਆਦਾਤਰ ਯਹੂਦੀਆਂ ਦਾ ਜਨਮ ਬਾਬਲ ਵਿਚ ਹੋਇਆ ਸੀ, ਇਸ ਕਰਕੇ ਉਨ੍ਹਾਂ ਦੀ ਸੋਚ ਅਤੇ ਤੌਰ-ਤਰੀਕੇ ਬਾਬਲੀਆਂ ਵਰਗੇ ਹੋ ਗਏ ਸਨ। ਜਦੋਂ ਯਹੂਦੀਆਂ ਦਾ ਪਹਿਲਾ ਗਰੁੱਪ ਇਜ਼ਰਾਈਲ ਵਾਪਸ ਗਿਆ, ਤਾਂ ਕਈ ਸਾਲਾਂ ਬਾਅਦ ਰਾਜਪਾਲ ਨਹਮਯਾਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਇਜ਼ਰਾਈਲ ਵਿਚ ਪੈਦਾ ਹੋਏ ਬੱਚਿਆਂ ਨੂੰ ਤਾਂ ਯਹੂਦੀਆਂ ਦੀ ਭਾਸ਼ਾ ਵੀ ਨਹੀਂ ਆਉਂਦੀ ਸੀ। (ਬਿਵ. 6:6, 7; ਨਹ. 13:23, 24) ਪਰਮੇਸ਼ੁਰ ਦੇ ਬਚਨ ਦਾ ਜ਼ਿਆਦਾਤਰ ਹਿੱਸਾ ਇਬਰਾਨੀ ਭਾਸ਼ਾ ਵਿਚ ਲਿਖਿਆ ਸੀ, ਪਰ ਇਨ੍ਹਾਂ ਬੱਚਿਆਂ ਨੂੰ ਤਾਂ ਇਬਰਾਨੀ ਭਾਸ਼ਾ ਸਮਝ ਹੀ ਨਹੀਂ ਆਉਂਦੀ ਸੀ। ਤਾਂ ਫਿਰ, ਉਹ ਕਿੱਦਾਂ ਯਹੋਵਾਹ ਨੂੰ ਪਿਆਰ ਕਰਨਾ ਅਤੇ ਉਸ ਦੀ ਭਗਤੀ ਕਰਨੀ ਸਿੱਖ ਸਕਦੇ ਸਨ? (ਅਜ਼. 10:3, 44) ਇਨ੍ਹਾਂ ਉਦਾਹਰਣਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਜ਼ਰਾਈਲ ਵਾਪਸ ਆਏ ਯਹੂਦੀਆਂ ਨੂੰ ਆਪਣੇ ਅੰਦਰ ਵੱਡੇ-ਵੱਡੇ ਬਦਲਾਅ ਕਰਨੇ ਪੈਣੇ ਸਨ। ਪਰ ਉਨ੍ਹਾਂ ਲਈ ਇਜ਼ਰਾਈਲ ਵਿਚ ਰਹਿ ਕੇ ਇਹ ਬਦਲਾਅ ਕਰਨੇ ਸੌਖੇ ਹੋਣੇ ਸਨ ਜਿੱਥੇ ਸ਼ੁੱਧ ਭਗਤੀ ਹੌਲੀ-ਹੌਲੀ ਬਹਾਲ ਹੋ ਰਹੀ ਸੀ।—ਨਹ. 8:8, 9. w23.05 15 ਪੈਰੇ 6-7
ਸ਼ੁੱਕਰਵਾਰ 5 ਸਤੰਬਰ
ਯਹੋਵਾਹ ਡਿਗ ਰਹੇ ਲੋਕਾਂ ਨੂੰ ਸਹਾਰਾ ਦਿੰਦਾ ਹੈ ਅਤੇ ਦੁੱਖਾਂ ਦੇ ਬੋਝ ਹੇਠ ਦੱਬੇ ਹੋਇਆਂ ਨੂੰ ਸੰਭਾਲਦਾ ਹੈ।—ਜ਼ਬੂ. 145:14.
ਦੁੱਖ ਦੀ ਗੱਲ ਹੈ ਕਿ ਚਾਹੇ ਸਾਡੇ ਵਿਚ ਜਿੰਨੀ ਮਰਜ਼ੀ ਇੱਛਾ ਹੋਵੇ ਜਾਂ ਅਸੀਂ ਜਿੰਨਾ ਮਰਜ਼ੀ ਅਨੁਸ਼ਾਸਨ ਵਿਚ ਰਹੀਏ, ਫਿਰ ਵੀ ਸਾਡੇ ਸਾਮ੍ਹਣੇ ਰੁਕਾਵਟਾਂ ਆ ਸਕਦੀਆਂ ਹਨ। ਉਦਾਹਰਣ ਲਈ, ਸਾਡੇ ਨਾਲ “ਅਚਾਨਕ ਕੁਝ ਵੀ ਵਾਪਰ ਸਕਦਾ ਹੈ” ਜਿਸ ਕਰਕੇ ਸਾਡਾ ਉਹ ਸਮਾਂ ਬਰਬਾਦ ਹੋ ਸਕਦਾ ਹੈ ਜੋ ਅਸੀਂ ਟੀਚਾ ਹਾਸਲ ਕਰਨ ਵਿਚ ਲਾਉਣਾ ਸੀ। (ਉਪ. 9:11) ਸ਼ਾਇਦ ਸਾਨੂੰ ਕੋਈ ਮੁਸ਼ਕਲ ਆਵੇ ਜਿਸ ਕਰਕੇ ਅਸੀਂ ਨਿਰਾਸ਼ ਹੋ ਜਾਈਏ ਅਤੇ ਸਾਡੀ ਤਾਕਤ ਘੱਟ ਜਾਵੇ। (ਕਹਾ. 24:10) ਨਾਮੁਕੰਮਲ ਹੋਣ ਕਰਕੇ ਸ਼ਾਇਦ ਸਾਡੇ ਤੋਂ ਗ਼ਲਤੀਆਂ ਹੋ ਜਾਣ ਜਿਸ ਕਰਕੇ ਅਸੀਂ ਆਪਣਾ ਟੀਚਾ ਹਾਸਲ ਨਾ ਕਰ ਸਕੀਏ। (ਰੋਮੀ. 7:23) ਜਾਂ ਹੋ ਸਕਦਾ ਹੈ ਕਿ ਅਸੀਂ ਬਹੁਤ ਥੱਕੇ ਹੋਈਏ। (ਮੱਤੀ 26:43) ਕਿਹੜੀਆਂ ਗੱਲਾਂ ਦੀ ਮਦਦ ਨਾਲ ਅਸੀਂ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਸਕਦੇ ਹਾਂ? ਯਾਦ ਰੱਖੋ ਕਿ ਰੁਕਾਵਟਾਂ ਆਉਣ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਹਾਰ ਗਏ ਹੋ। ਬਾਈਬਲ ਕਹਿੰਦੀ ਹੈ ਕਿ ਸਾਡੇ ʼਤੇ ਵਾਰ-ਵਾਰ ਮੁਸ਼ਕਲਾਂ ਆ ਸਕਦੀਆਂ ਹਨ। ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਫਿਰ ਤੋਂ ਖੜ੍ਹੇ ਹੋ ਸਕਦੇ ਹਾਂ। ਜੀ ਹਾਂ, ਰੁਕਾਵਟਾਂ ਦੇ ਬਾਵਜੂਦ ਵੀ ਜਦੋਂ ਅਸੀਂ ਅੱਗੇ ਵਧਦੇ ਰਹਿੰਦੇ ਹਾਂ, ਤਾਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਯਹੋਵਾਹ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਕਿ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ! w23.05 30 ਪੈਰੇ 14-15