ਸ਼ੁੱਕਰਵਾਰ 5 ਸਤੰਬਰ
ਯਹੋਵਾਹ ਡਿਗ ਰਹੇ ਲੋਕਾਂ ਨੂੰ ਸਹਾਰਾ ਦਿੰਦਾ ਹੈ ਅਤੇ ਦੁੱਖਾਂ ਦੇ ਬੋਝ ਹੇਠ ਦੱਬੇ ਹੋਇਆਂ ਨੂੰ ਸੰਭਾਲਦਾ ਹੈ।—ਜ਼ਬੂ. 145:14.
ਦੁੱਖ ਦੀ ਗੱਲ ਹੈ ਕਿ ਚਾਹੇ ਸਾਡੇ ਵਿਚ ਜਿੰਨੀ ਮਰਜ਼ੀ ਇੱਛਾ ਹੋਵੇ ਜਾਂ ਅਸੀਂ ਜਿੰਨਾ ਮਰਜ਼ੀ ਅਨੁਸ਼ਾਸਨ ਵਿਚ ਰਹੀਏ, ਫਿਰ ਵੀ ਸਾਡੇ ਸਾਮ੍ਹਣੇ ਰੁਕਾਵਟਾਂ ਆ ਸਕਦੀਆਂ ਹਨ। ਉਦਾਹਰਣ ਲਈ, ਸਾਡੇ ਨਾਲ “ਅਚਾਨਕ ਕੁਝ ਵੀ ਵਾਪਰ ਸਕਦਾ ਹੈ” ਜਿਸ ਕਰਕੇ ਸਾਡਾ ਉਹ ਸਮਾਂ ਬਰਬਾਦ ਹੋ ਸਕਦਾ ਹੈ ਜੋ ਅਸੀਂ ਟੀਚਾ ਹਾਸਲ ਕਰਨ ਵਿਚ ਲਾਉਣਾ ਸੀ। (ਉਪ. 9:11) ਸ਼ਾਇਦ ਸਾਨੂੰ ਕੋਈ ਮੁਸ਼ਕਲ ਆਵੇ ਜਿਸ ਕਰਕੇ ਅਸੀਂ ਨਿਰਾਸ਼ ਹੋ ਜਾਈਏ ਅਤੇ ਸਾਡੀ ਤਾਕਤ ਘੱਟ ਜਾਵੇ। (ਕਹਾ. 24:10) ਨਾਮੁਕੰਮਲ ਹੋਣ ਕਰਕੇ ਸ਼ਾਇਦ ਸਾਡੇ ਤੋਂ ਗ਼ਲਤੀਆਂ ਹੋ ਜਾਣ ਜਿਸ ਕਰਕੇ ਅਸੀਂ ਆਪਣਾ ਟੀਚਾ ਹਾਸਲ ਨਾ ਕਰ ਸਕੀਏ। (ਰੋਮੀ. 7:23) ਜਾਂ ਹੋ ਸਕਦਾ ਹੈ ਕਿ ਅਸੀਂ ਬਹੁਤ ਥੱਕੇ ਹੋਈਏ। (ਮੱਤੀ 26:43) ਕਿਹੜੀਆਂ ਗੱਲਾਂ ਦੀ ਮਦਦ ਨਾਲ ਅਸੀਂ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਸਕਦੇ ਹਾਂ? ਯਾਦ ਰੱਖੋ ਕਿ ਰੁਕਾਵਟਾਂ ਆਉਣ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਹਾਰ ਗਏ ਹੋ। ਬਾਈਬਲ ਕਹਿੰਦੀ ਹੈ ਕਿ ਸਾਡੇ ʼਤੇ ਵਾਰ-ਵਾਰ ਮੁਸ਼ਕਲਾਂ ਆ ਸਕਦੀਆਂ ਹਨ। ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਫਿਰ ਤੋਂ ਖੜ੍ਹੇ ਹੋ ਸਕਦੇ ਹਾਂ। ਜੀ ਹਾਂ, ਰੁਕਾਵਟਾਂ ਦੇ ਬਾਵਜੂਦ ਵੀ ਜਦੋਂ ਅਸੀਂ ਅੱਗੇ ਵਧਦੇ ਰਹਿੰਦੇ ਹਾਂ, ਤਾਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਯਹੋਵਾਹ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਕਿ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ! w23.05 30 ਪੈਰੇ 14-15
ਸ਼ਨੀਵਾਰ 6 ਸਤੰਬਰ
ਭੇਡਾਂ ਲਈ ਮਿਸਾਲ ਬਣੋ।—1 ਪਤ. 5:3.
ਜਦੋਂ ਇਕ ਨੌਜਵਾਨ ਭਰਾ ਪਾਇਨੀਅਰਿੰਗ ਕਰਦਾ ਹੈ, ਤਾਂ ਉਹ ਅਲੱਗ-ਅਲੱਗ ਲੋਕਾਂ ਨਾਲ ਮਿਲ ਕੇ ਚੰਗੀ ਤਰ੍ਹਾਂ ਕੰਮ ਕਰਨਾ ਸਿੱਖਦਾ ਹੈ। ਨਾਲੇ ਉਹ ਸਿੱਖਦਾ ਹੈ ਕਿ ਉਸ ਕੋਲ ਜੋ ਹੈ, ਉਸ ਵਿਚ ਆਪਣਾ ਗੁਜ਼ਾਰਾ ਕਿਵੇਂ ਕਰੇ। (ਫ਼ਿਲਿ. 4:11-13) ਪੂਰੇ ਸਮੇਂ ਦੀ ਸੇਵਾ ਕਰਨ ਲਈ ਵਧੀਆ ਹੋਵੇਗਾ ਕਿ ਤੁਸੀਂ ਪਹਿਲਾਂ ਕੁਝ ਸਮੇਂ ਲਈ ਔਗਜ਼ੀਲਰੀ ਪਾਇਨੀਅਰਿੰਗ ਕਰੋ। ਇੱਦਾਂ ਕਰਨ ਕਰਕੇ ਤੁਸੀਂ ਅੱਗੇ ਚੱਲ ਕੇ ਰੈਗੂਲਰ ਪਾਇਨੀਅਰਿੰਗ ਕਰਨ ਲਈ ਤਿਆਰ ਹੋ ਸਕਦੇ ਹੋ। ਪਾਇਨੀਅਰਿੰਗ ਕਰਨ ਨਾਲ ਪੂਰੇ ਸਮੇਂ ਦੀ ਸੇਵਾ ਕਰਨ ਦੇ ਹੋਰ ਵੀ ਕਈ ਦਰਵਾਜ਼ੇ ਖੁੱਲ੍ਹਦੇ ਹਨ, ਜਿਵੇਂ ਕਿ ਉਸਾਰੀ ਦਾ ਕੰਮ ਕਰਨਾ ਜਾਂ ਬੈਥਲ ਵਿਚ ਸੇਵਾ ਕਰਨੀ। ਮਸੀਹੀ ਭਰਾਵਾਂ ਨੂੰ ਬਜ਼ੁਰਗ ਬਣਨ ਦਾ ਟੀਚਾ ਰੱਖਣਾ ਚਾਹੀਦਾ ਹੈ ਤਾਂਕਿ ਉਹ ਮੰਡਲੀ ਦੇ ਭੈਣਾਂ-ਭਰਾਵਾਂ ਦੀ ਸੇਵਾ ਕਰ ਸਕਣ। ਬਾਈਬਲ ਕਹਿੰਦੀ ਹੈ ਕਿ ਜਿਹੜੇ ਭਰਾ ਸੇਵਾ ਕਰਨ ਦੇ ਯੋਗ ਬਣਨ ਲਈ ਮਿਹਨਤ ਕਰਦੇ ਹਨ, ਉਨ੍ਹਾਂ ਵਿਚ “ਚੰਗਾ ਕੰਮ ਕਰਨ ਦੀ ਇੱਛਾ ਹੈ।” (1 ਤਿਮੋ. 3:1) ਇਕ ਭਰਾ ਨੂੰ ਪਹਿਲਾਂ ਸਹਾਇਕ ਸੇਵਕ ਵਜੋਂ ਸੇਵਾ ਕਰਨ ਦੇ ਕਾਬਲ ਹੋਣਾ ਚਾਹੀਦਾ ਹੈ। ਸਹਾਇਕ ਸੇਵਕ ਅਲੱਗ-ਅਲੱਗ ਤਰੀਕਿਆਂ ਨਾਲ ਬਜ਼ੁਰਗਾਂ ਦੀ ਮਦਦ ਕਰਦੇ ਹਨ। ਬਜ਼ੁਰਗ ਅਤੇ ਸਹਾਇਕ ਸੇਵਕ ਨਿਮਰਤਾ ਨਾਲ ਭੈਣਾਂ-ਭਰਾਵਾਂ ਦੀ ਸੇਵਾ ਕਰਦੇ ਹਨ ਅਤੇ ਜੋਸ਼ ਨਾਲ ਪ੍ਰਚਾਰ ਵਿਚ ਹਿੱਸਾ ਲੈਂਦੇ ਹਨ। w23.12 28 ਪੈਰੇ 14-16
ਐਤਵਾਰ 7 ਸਤੰਬਰ
ਜਦੋਂ ਉਹ ਅਜੇ ਮੁੱਛ-ਫੁੱਟ ਗੱਭਰੂ ਹੀ ਸੀ, ਉਸ ਨੇ ਆਪਣੇ ਵੱਡ-ਵਡੇਰੇ ਦਾਊਦ ਦੇ ਪਰਮੇਸ਼ੁਰ ਦੀ ਭਾਲ ਕਰਨੀ ਸ਼ੁਰੂ ਕੀਤੀ।—2 ਇਤਿ. 34:3.
ਰਾਜਾ ਯੋਸੀਯਾਹ ਵਾਂਗ ਸਹੀ ਫ਼ੈਸਲੇ ਕਰੋ। ਨੌਜਵਾਨ ਹੁੰਦਿਆਂ ਹੀ ਯੋਸੀਯਾਹ ਨੇ ਯਹੋਵਾਹ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਯਹੋਵਾਹ ਬਾਰੇ ਸਿੱਖਣਾ ਚਾਹੁੰਦਾ ਸੀ ਅਤੇ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਸੀ। ਪਰ ਇਸ ਨੌਜਵਾਨ ਰਾਜੇ ਲਈ ਇਹ ਸਾਰਾ ਕੁਝ ਕਰਨਾ ਇੰਨਾ ਸੌਖਾ ਨਹੀਂ ਸੀ। ਕਿਉਂ? ਕਿਉਂਕਿ ਉਸ ਵੇਲੇ ਹਰ ਪਾਸੇ ਲੋਕ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ। ਉਨ੍ਹਾਂ ਨੂੰ ਰੋਕਣ ਲਈ ਯੋਸੀਯਾਹ ਨੂੰ ਦਲੇਰੀ ਦਿਖਾਉਣ ਦੀ ਲੋੜ ਸੀ। ਬਿਨਾਂ ਸ਼ੱਕ, ਉਸ ਨੇ ਬਿਲਕੁਲ ਇੱਦਾਂ ਹੀ ਕੀਤਾ। ਹਾਲੇ ਉਹ 20 ਸਾਲਾਂ ਦਾ ਵੀ ਨਹੀਂ ਸੀ ਜਦੋਂ ਉਸ ਨੇ ਇਜ਼ਰਾਈਲ ਕੌਮ ਵਿੱਚੋਂ ਝੂਠੀ ਭਗਤੀ ਦਾ ਸਫ਼ਾਇਆ ਕਰਨਾ ਸ਼ੁਰੂ ਕੀਤਾ। (2 ਇਤਿ. 34:1, 2) ਕੀ ਤੁਸੀਂ ਛੋਟੀ ਉਮਰ ਦੇ ਹੋ? ਜੇ ਹਾਂ, ਤਾਂ ਤੁਸੀਂ ਵੀ ਯੋਸੀਯਾਹ ਵਾਂਗ ਬਣ ਸਕਦੇ ਹੋ। ਉਹ ਕਿਵੇਂ? ਤੁਸੀਂ ਯਹੋਵਾਹ ਦੀ ਭਾਲ ਕਰ ਸਕਦੇ ਹੋ ਯਾਨੀ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਦੇ ਹੋ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਉਸ ਵਿਚ ਕਿਹੜੇ-ਕਿਹੜੇ ਗੁਣ ਹਨ। ਇੱਦਾਂ ਕਰ ਕੇ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੋਗੇ। ਜੋ ਲੋਕ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਨ, ਉਹ ਹਰ ਰੋਜ਼ ਕੀ ਕਰਨ ਦੀ ਕੋਸ਼ਿਸ਼ ਕਰਦੇ ਹਨ? ਲੂਕ ਨੇ 14 ਸਾਲਾਂ ਦੀ ਉਮਰ ਵਿਚ ਬਪਤਿਸਮਾ ਲਿਆ। ਉਹ ਕਹਿੰਦਾ ਹੈ: “ਹੁਣ ਤੋਂ ਮੈਂ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਵਾਂਗਾ ਅਤੇ ਉਸ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।” (ਮਰ. 12:30) ਜੇ ਤੁਸੀਂ ਵੀ ਇੱਦਾਂ ਹੀ ਕਰਨਾ ਚਾਹੁੰਦੇ ਹੋ, ਤਾਂ ਇਹ ਕਿੰਨੀ ਹੀ ਖ਼ੁਸ਼ੀ ਦੀ ਗੱਲ ਹੈ! w23.09 11 ਪੈਰੇ 12-13