ਐਤਵਾਰ 7 ਸਤੰਬਰ
ਜਦੋਂ ਉਹ ਅਜੇ ਮੁੱਛ-ਫੁੱਟ ਗੱਭਰੂ ਹੀ ਸੀ, ਉਸ ਨੇ ਆਪਣੇ ਵੱਡ-ਵਡੇਰੇ ਦਾਊਦ ਦੇ ਪਰਮੇਸ਼ੁਰ ਦੀ ਭਾਲ ਕਰਨੀ ਸ਼ੁਰੂ ਕੀਤੀ।—2 ਇਤਿ. 34:3.
ਰਾਜਾ ਯੋਸੀਯਾਹ ਵਾਂਗ ਸਹੀ ਫ਼ੈਸਲੇ ਕਰੋ। ਨੌਜਵਾਨ ਹੁੰਦਿਆਂ ਹੀ ਯੋਸੀਯਾਹ ਨੇ ਯਹੋਵਾਹ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਯਹੋਵਾਹ ਬਾਰੇ ਸਿੱਖਣਾ ਚਾਹੁੰਦਾ ਸੀ ਅਤੇ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਸੀ। ਪਰ ਇਸ ਨੌਜਵਾਨ ਰਾਜੇ ਲਈ ਇਹ ਸਾਰਾ ਕੁਝ ਕਰਨਾ ਇੰਨਾ ਸੌਖਾ ਨਹੀਂ ਸੀ। ਕਿਉਂ? ਕਿਉਂਕਿ ਉਸ ਵੇਲੇ ਹਰ ਪਾਸੇ ਲੋਕ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ। ਉਨ੍ਹਾਂ ਨੂੰ ਰੋਕਣ ਲਈ ਯੋਸੀਯਾਹ ਨੂੰ ਦਲੇਰੀ ਦਿਖਾਉਣ ਦੀ ਲੋੜ ਸੀ। ਬਿਨਾਂ ਸ਼ੱਕ, ਉਸ ਨੇ ਬਿਲਕੁਲ ਇੱਦਾਂ ਹੀ ਕੀਤਾ। ਹਾਲੇ ਉਹ 20 ਸਾਲਾਂ ਦਾ ਵੀ ਨਹੀਂ ਸੀ ਜਦੋਂ ਉਸ ਨੇ ਇਜ਼ਰਾਈਲ ਕੌਮ ਵਿੱਚੋਂ ਝੂਠੀ ਭਗਤੀ ਦਾ ਸਫ਼ਾਇਆ ਕਰਨਾ ਸ਼ੁਰੂ ਕੀਤਾ। (2 ਇਤਿ. 34:1, 2) ਕੀ ਤੁਸੀਂ ਛੋਟੀ ਉਮਰ ਦੇ ਹੋ? ਜੇ ਹਾਂ, ਤਾਂ ਤੁਸੀਂ ਵੀ ਯੋਸੀਯਾਹ ਵਾਂਗ ਬਣ ਸਕਦੇ ਹੋ। ਉਹ ਕਿਵੇਂ? ਤੁਸੀਂ ਯਹੋਵਾਹ ਦੀ ਭਾਲ ਕਰ ਸਕਦੇ ਹੋ ਯਾਨੀ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਦੇ ਹੋ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਉਸ ਵਿਚ ਕਿਹੜੇ-ਕਿਹੜੇ ਗੁਣ ਹਨ। ਇੱਦਾਂ ਕਰ ਕੇ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੋਗੇ। ਜੋ ਲੋਕ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਨ, ਉਹ ਹਰ ਰੋਜ਼ ਕੀ ਕਰਨ ਦੀ ਕੋਸ਼ਿਸ਼ ਕਰਦੇ ਹਨ? ਲੂਕ ਨੇ 14 ਸਾਲਾਂ ਦੀ ਉਮਰ ਵਿਚ ਬਪਤਿਸਮਾ ਲਿਆ। ਉਹ ਕਹਿੰਦਾ ਹੈ: “ਹੁਣ ਤੋਂ ਮੈਂ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਵਾਂਗਾ ਅਤੇ ਉਸ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।” (ਮਰ. 12:30) ਜੇ ਤੁਸੀਂ ਵੀ ਇੱਦਾਂ ਹੀ ਕਰਨਾ ਚਾਹੁੰਦੇ ਹੋ, ਤਾਂ ਇਹ ਕਿੰਨੀ ਹੀ ਖ਼ੁਸ਼ੀ ਦੀ ਗੱਲ ਹੈ! w23.09 11 ਪੈਰੇ 12-13
ਸੋਮਵਾਰ 8 ਸਤੰਬਰ
ਉਨ੍ਹਾਂ ਭਰਾਵਾਂ ਦਾ ਆਦਰ ਕਰੋ ਜਿਹੜੇ ਤੁਹਾਡੇ ਵਿਚ ਸਖ਼ਤ ਮਿਹਨਤ ਕਰਦੇ ਹਨ ਅਤੇ ਪ੍ਰਭੂ ਦੀ ਸੇਵਾ ਵਿਚ ਤੁਹਾਡੀ ਅਗਵਾਈ ਕਰਦੇ ਹਨ।—1 ਥੱਸ. 5:12.
ਜਦੋਂ ਪੌਲੁਸ ਰਸੂਲ ਨੇ ਥੱਸਲੁਨੀਕੀਆਂ ਦੇ ਮਸੀਹੀਆਂ ਨੂੰ ਇਹ ਚਿੱਠੀ ਲਿਖੀ, ਤਾਂ ਇਸ ਮੰਡਲੀ ਨੂੰ ਬਣਿਆ ਅਜੇ ਸਾਲ ਵੀ ਨਹੀਂ ਹੋਇਆ ਸੀ। ਇਸ ਕਰਕੇ ਹੋ ਸਕਦਾ ਹੈ ਕਿ ਅਗਵਾਈ ਕਰਨ ਵਾਲੇ ਭਰਾ ਨਾਤਜਰਬੇਕਾਰ ਹੋਣ ਅਤੇ ਸ਼ਾਇਦ ਉਨ੍ਹਾਂ ਤੋਂ ਗ਼ਲਤੀਆਂ ਵੀ ਹੋਈਆਂ ਹੋਣ। ਫਿਰ ਵੀ ਉਹ ਆਦਰ ਲੈਣ ਦੇ ਹੱਕਦਾਰ ਸਨ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜਿੱਦਾਂ-ਜਿੱਦਾਂ ਮਹਾਂਕਸ਼ਟ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਾਨੂੰ ਆਪਣੀ ਮੰਡਲੀ ਦੇ ਬਜ਼ੁਰਗਾਂ ਤੋਂ ਸੇਧ ਲੈਣ ਦੀ ਲੋੜ ਪਵੇਗੀ। ਸ਼ਾਇਦ ਮੁੱਖ ਦਫ਼ਤਰ ਅਤੇ ਬ੍ਰਾਂਚ ਆਫ਼ਿਸ ਨਾਲ ਸਾਡਾ ਸੰਪਰਕ ਟੁੱਟ ਜਾਵੇ। ਇਸ ਕਰਕੇ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਅੱਜ ਹੀ ਬਜ਼ੁਰਗਾਂ ਨੂੰ ਪਿਆਰ ਕਰਨਾ ਤੇ ਉਨ੍ਹਾਂ ਦਾ ਆਦਰ ਕਰਨਾ ਸਿੱਖੀਏ! ਚਾਹੇ ਜੋ ਵੀ ਹੋ ਜਾਵੇ, ਆਓ ਆਪਾਂ ਹੋਸ਼ ਵਿਚ ਰਹੀਏ ਅਤੇ ਆਪਣੇ ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਧਿਆਨ ਨਾ ਲਾਈਏ। ਇਸ ਦੀ ਬਜਾਇ, ਇਸ ਗੱਲ ʼਤੇ ਧਿਆਨ ਲਾਈਏ ਕਿ ਯਹੋਵਾਹ ਮਸੀਹ ਰਾਹੀਂ ਇਨ੍ਹਾਂ ਵਫ਼ਾਦਾਰ ਆਦਮੀਆਂ ਦੀ ਅਗਵਾਈ ਕਰ ਰਿਹਾ ਹੈ। ਜਿਸ ਤਰ੍ਹਾਂ ਟੋਪ ਕਰਕੇ ਫ਼ੌਜੀ ਦੇ ਸਿਰ ਦੀ ਰਾਖੀ ਹੁੰਦੀ ਹੈ, ਉਸੇ ਤਰ੍ਹਾਂ ਮੁਕਤੀ ਦੀ ਉਮੀਦ ਕਰਕੇ ਸਾਡੀਆਂ ਸੋਚਾਂ ਦੀ ਰਾਖੀ ਹੁੰਦੀ ਹੈ। ਅਸੀਂ ਜਾਣਦੇ ਹਾਂ ਕਿ ਇਸ ਦੁਨੀਆਂ ਦੀ ਹਰ ਚੀਜ਼ ਵਿਅਰਥ ਹੈ। (ਫ਼ਿਲਿ. 3:8) ਉਮੀਦ ਹੋਣ ਕਰਕੇ ਅਸੀਂ ਸ਼ਾਂਤ ਤੇ ਸਥਿਰ ਰਹਿ ਪਾਉਂਦੇ ਹਾਂ। w23.06 11-12 ਪੈਰੇ 11-12
ਮੰਗਲਵਾਰ 9 ਸਤੰਬਰ
ਮੂਰਖ ਔਰਤ ਖੱਪ ਪਾਉਂਦੀ ਰਹਿੰਦੀ ਹੈ। ਉਹ ਬੇਅਕਲ ਹੈ।—ਕਹਾ. 9:13.
“ਮੂਰਖ ਔਰਤ” ਦਾ ਸੱਦਾ ਸੁਣਨ ਵਾਲਿਆਂ ਨੂੰ ਇਹ ਫ਼ੈਸਲਾ ਕਰਨਾ ਪੈਣਾ ਕਿ ਉਹ ਉਸ ਦਾ ਸੱਦਾ ਕਬੂਲ ਕਰਨਗੇ ਜਾਂ ਨਹੀਂ। ਸਾਨੂੰ ਕਈ ਚੰਗੇ ਕਾਰਨਾਂ ਕਰਕੇ ਗੰਦੇ ਚਾਲ-ਚਲਣ ਅਤੇ ਹਰਾਮਕਾਰੀ ਤੋਂ ਦੂਰ ਰਹਿਣਾ ਚਾਹੀਦਾ ਹੈ। “ਮੂਰਖ ਔਰਤ” ਕਹਿੰਦੀ ਹੈ: “ਚੋਰੀ ਦਾ ਪਾਣੀ ਮਿੱਠਾ ਹੈ।” (ਕਹਾ. 9:17) “ਚੋਰੀ ਦਾ ਪਾਣੀ” ਕੀ ਹੈ? ਬਾਈਬਲ ਵਿਚ ਦੱਸਿਆ ਗਿਆ ਹੈ ਕਿ ਵਿਆਹੁਤਾ ਜੋੜਿਆਂ ਵਿਚ ਸਰੀਰਕ ਸੰਬੰਧ ਤਾਜ਼ਗੀ ਦੇਣ ਵਾਲੇ ਪਾਣੀ ਵਾਂਗ ਹੈ। (ਕਹਾ. 5:15-18) ਜਿਸ ਆਦਮੀ ਤੇ ਔਰਤ ਦਾ ਕਾਨੂੰਨੀ ਤੌਰ ਤੇ ਵਿਆਹ ਹੋਇਆ ਹੁੰਦਾ ਹੈ, ਸਿਰਫ਼ ਉਹੀ ਇਕ-ਦੂਜੇ ਨਾਲ ਸਰੀਰਕ ਸੰਬੰਧ ਬਣਾ ਸਕਦੇ ਹਨ। ਪਰ ਇਹ ‘ਚੋਰੀ ਦੇ ਪਾਣੀ’ ਨਾਲੋਂ ਕਿਵੇਂ ਵੱਖਰਾ ਹੈ? “ਚੋਰੀ ਦਾ ਪਾਣੀ” ਵਿਆਹ ਤੋਂ ਬਗੈਰ ਜਾਂ ਨਾਜਾਇਜ਼ ਸਰੀਰਕ ਸੰਬੰਧਾਂ ਨੂੰ ਦਰਸਾ ਸਕਦਾ ਹੈ। ਜਿਵੇਂ ਚੋਰ ਅਕਸਰ ਲੁਕ-ਛਿਪ ਕੇ ਚੋਰੀ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਨਾਜਾਇਜ਼ ਸੰਬੰਧ ਵੀ ਲੁਕ-ਛਿਪ ਕੇ ਬਣਾਏ ਜਾਂਦੇ ਹਨ। “ਚੋਰੀ ਦਾ ਪਾਣੀ” ਸ਼ਾਇਦ ਉਨ੍ਹਾਂ ਨੂੰ ਮਿੱਠਾ ਲੱਗਦਾ ਹੈ ਜੋ ਸੋਚਦੇ ਹਨ ਕਿ ਉਨ੍ਹਾਂ ਦੇ ਪਾਪ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਪਰ ਇੱਦਾਂ ਸੋਚ ਕੇ ਉਹ ਆਪਣੇ ਆਪ ਨੂੰ ਕਿੰਨਾ ਵੱਡਾ ਧੋਖਾ ਦੇ ਰਹੇ ਹੁੰਦੇ ਹਨ! ਕਿਉਂ? ਕਿਉਂਕਿ ਯਹੋਵਾਹ ਸਾਰਾ ਕੁਝ ਦੇਖਦਾ ਹੈ। ਜੇ ਅਸੀਂ ਯਹੋਵਾਹ ਦੀ ਮਿਹਰ ਗੁਆ ਬੈਠੀਏ, ਤਾਂ ਇਸ ਨਾਲੋਂ ਕੌੜਾ ਹੋਰ ਕੀ ਹੋ ਸਕਦਾ ਹੈ? ਉਸ ਦੀ ਮਿਹਰ ਗੁਆ ਬੈਠਣਾ “ਮਿੱਠਾ” ਹੋ ਹੀ ਨਹੀਂ ਸਕਦਾ।—1 ਕੁਰਿੰ. 6:9, 10. w23.06 22 ਪੈਰੇ 7-9