-
5 ਗੱਲਬਾਤ ਕਰੋਜਾਗਰੂਕ ਬਣੋ!—2018 | ਨੰ. 2
-
-
ਗੱਲਬਾਤ ਕਰਨਾ ਇਕ ਪੁਲ ਵਾਂਗ ਹੈ ਜਿਸ ਨਾਲ ਤੁਸੀਂ ਆਪਣੇ ਬੱਚੇ ਦੇ ਨੇੜੇ ਜਾ ਸਕਦੇ ਹੋ
ਮਾਪਿਆਂ ਲਈ
5 ਗੱਲਬਾਤ ਕਰੋ
ਇਸ ਦਾ ਕੀ ਮਤਲਬ ਹੈ?
ਵਧੀਆ ਗੱਲਬਾਤ ਉਦੋਂ ਹੁੰਦੀ ਹੈ ਜਦੋਂ ਤੁਸੀਂ ਤੇ ਤੁਹਾਡੇ ਬੱਚੇ ਇਕ-ਦੂਜੇ ਨਾਲ ਆਪਣੀਆਂ ਭਾਵਨਾਵਾਂ ਅਤੇ ਵਿਚਾਰ ਸਾਂਝੇ ਕਰਦੇ ਹੋ।
ਇਹ ਜ਼ਰੂਰੀ ਕਿਉਂ ਹੈ?
ਅੱਲੜ੍ਹ ਉਮਰ ਦੇ ਬੱਚਿਆਂ ਨਾਲ ਗੱਲ ਕਰਨੀ ਮੁਸ਼ਕਲ ਹੋ ਸਕਦੀ ਹੈ। ਜਦੋਂ ਤੁਹਾਡੇ ਬੱਚੇ ਛੋਟੇ ਸੀ, ਤਾਂ ਉਹ ਤੁਹਾਨੂੰ ਸਭ ਕੁਝ ਦੱਸਦੇ ਸਨ। ਪਰ ਹੁਣ ਉਹ ਅੱਲੜ੍ਹ ਉਮਰ ਦੇ ਹਨ ਤੇ ਲੱਗਦਾ ਕਿ ਉਹ ਤੁਹਾਡੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਨੀ ਚਾਹੁੰਦੇ। ਇਸ ਲਈ ਤੁਸੀਂ ਉਨ੍ਹਾਂ ਦੇ ਵਿਚਾਰ ਅਤੇ ਭਾਵਨਾਵਾਂ ਨਹੀਂ ਜਾਣਦੇ। ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਵੱਡੀ ਸਾਰੀ ਨਦੀ ਦੇ ਇਕ ਕਿਨਾਰੇ ʼਤੇ ਖੜ੍ਹੇ ਹੋ ਅਤੇ ਤੁਹਾਡੇ ਬੱਚੇ ਦੂਜੇ ਕਿਨਾਰੇ ʼਤੇ। ਪਰ ਯਾਦ ਰੱਖੋ ਜਦੋਂ ਇੱਦਾਂ ਹੁੰਦਾ ਹੈ, ਤਾਂ ਬੱਚਿਆਂ ਨਾਲ ਹੋਰ ਵੀ ਜ਼ਿਆਦਾ ਗੱਲਬਾਤ ਕਰਨ ਦੀ ਲੋੜ ਹੁੰਦੀ ਹੈ!
ਤੁਸੀਂ ਕੀ ਕਰ ਸਕਦੇ ਹੋ?
ਉਦੋਂ ਗੱਲ ਕਰੋ ਜਦੋਂ ਬੱਚੇ ਚਾਹੁੰਦੇ। ਆਪਣੇ ਬੱਚੇ ਨਾਲ ਗੱਲ ਕਰਨ ਲਈ ਤਿਆਰ ਰਹੋ ਭਾਵੇਂ ਉਹ ਅੱਧੀ ਰਾਤ ਨੂੰ ਹੀ ਕਿਉਂ ਨਾ ਗੱਲ ਕਰਨੀ ਚਾਹੇ।
“ਸ਼ਾਇਦ ਤੁਸੀਂ ਆਪਣੇ ਮਨ ਵਿਚ ਸੋਚੋ, ‘ਤੈਨੂੰ ਹੁਣ ਸਮਾਂ ਮਿਲਿਆ? ਮੈਂ ਸਾਰਾ ਦਿਨ ਤੇਰੇ ਨਾਲ ਹੀ ਸੀ?’ ਪਰ ਕੀ ਸਾਨੂੰ ਪਰੇਸ਼ਾਨ ਹੋਣਾ ਚਾਹੀਦਾ ਜੇ ਸਾਡਾ ਬੱਚਾ ਆਪਣੇ ਦਿਲ ਦੀ ਗੱਲ ਕਰਨੀ ਚਾਹੁੰਦਾ ਹੈ? ਨਹੀਂ, ਹਰੇਕ ਮਾਤਾ-ਪਿਤਾ ਇਹੀ ਤਾਂ ਚਾਹੁੰਦਾਂ।”—ਲੀਸਾ।
“ਭਾਵੇਂ ਮੈਨੂੰ ਮੇਰੀ ਨੀਂਦ ਬਹੁਤ ਪਿਆਰੀ ਹੈ, ਪਰ ਮੇਰੀਆਂ ਆਪਣੇ ਬੱਚਿਆਂ ਨਾਲ ਸਭ ਤੋਂ ਵਧੀਆ ਗੱਲਾਂ-ਬਾਤਾਂ ਅੱਧੀ ਰਾਤ ਤੋਂ ਬਾਅਦ ਹੀ ਹੋਈਆਂ।”—ਹਰਬਰਟ।
ਬਾਈਬਲ ਦਾ ਅਸੂਲ: “ਹਰ ਕੋਈ ਆਪਣਾ ਹੀ ਫ਼ਾਇਦਾ ਨਾ ਸੋਚੇ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੇ।”—1 ਕੁਰਿੰਥੀਆਂ 10:24.
ਧਿਆਨ ਨਾ ਭਟਕਣ ਦਿਓ। ਇਕ ਪਿਤਾ ਦੱਸਦਾ ਹੈ: “ਜਦੋਂ ਮੇਰੇ ਬੱਚੇ ਮੇਰੇ ਨਾਲ ਗੱਲ ਕਰ ਰਹੇ ਹੁੰਦੇ ਹਨ, ਤਾਂ ਨਾਲ ਦੀ ਨਾਲ ਮੈਂ ਮਨ ਵਿਚ ਹੋਰ ਗੱਲਾਂ ਵੀ ਸੋਚ ਰਿਹਾ ਹੁੰਦਾ। ਮੈਂ ਉਨ੍ਹਾਂ ਨੂੰ ਮੂਰਖ ਨਹੀਂ ਬਣਾ ਸਕਦਾ। ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਉਨ੍ਹਾਂ ਦੀ ਗੱਲ ਧਿਆਨ ਨਾਲ ਨਹੀਂ ਸੁਣ ਰਿਹਾ!”
ਜੇ ਤੁਹਾਡੇ ਨਾਲ ਵੀ ਇੱਦਾਂ ਹੁੰਦਾ ਹੈ, ਤਾਂ ਟੀ. ਵੀ. ਬੰਦ ਕਰੋ ਅਤੇ ਫ਼ੋਨ ਵਗੈਰਾ ਇਕ ਪਾਸੇ ਰੱਖ ਦਿਓ। ਆਪਣੇ ਬੱਚੇ ਦੀ ਗੱਲ ਧਿਆਨ ਨਾਲ ਸੁਣੋ। ਦਿਖਾਓ ਕਿ ਤੁਹਾਡੇ ਲਈ ਉਨ੍ਹਾਂ ਦੀ ਗੱਲ ਸੁਣਨੀ ਸਭ ਤੋਂ ਜ਼ਰੂਰੀ ਹੈ, ਭਾਵੇਂ ਤੁਹਾਨੂੰ ਉਨ੍ਹਾਂ ਦੀ ਗੱਲ ਮਾਮੂਲੀ ਜਿਹੀ ਕਿਉਂ ਨਾ ਲੱਗੇ।
“ਬੱਚਿਆਂ ਨੂੰ ਇਹ ਅਹਿਸਾਸ ਕਰਾਉਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ, ਤਾਂ ਉਹ ਆਪਣੀ ਚਿੰਤਾਵਾਂ ਦੱਬੀ ਰੱਖਣਗੇ, ਜਾਂ ਸ਼ਾਇਦ ਕਿਸੇ ਹੋਰ ਕੋਲ ਜਾ ਕੇ ਦਿਲ ਹੌਲਾ ਕਰਨਗੇ।”—ਮਰਾਂਡਾ।
“ਭਾਵੇਂ ਤੁਹਾਡੇ ਬੱਚੇ ਦੀ ਸੋਚ ਨੂੰ ਸੁਧਾਰਨ ਦੀ ਲੋੜ ਕਿਉਂ ਨਾ ਹੋਵੇ, ਫਿਰ ਵੀ ਜਲਦਬਾਜ਼ੀ ਵਿਚ ਕੁਝ ਗ਼ਲਤ ਨਾ ਬੋਲੋ।”—ਐਂਟਨੀ।
ਬਾਈਬਲ ਦਾ ਅਸੂਲ: “ਧਿਆਨ ਨਾਲ ਸੁਣੋ।”—ਲੂਕਾ 8:18.
ਰੋਜ਼ ਦੇ ਕੰਮ-ਕਾਰ ਕਰਦੇ ਵੇਲੇ ਗੱਲਬਾਤ ਕਰੋ। ਕਈ ਵਾਰ ਬੱਚੇ ਮਾਪਿਆਂ ਦੇ ਆਮ੍ਹੋ-ਸਾਮ੍ਹਣੇ ਬੈਠ ਕੇ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੇ।
“ਕਾਰ ਵਿਚ ਕਿਤੇ ਜਾਂਦਿਆਂ ਸਾਡੇ ਕੋਲ ਗੱਲ ਕਰਨ ਦਾ ਵਧੀਆ ਮੌਕਾ ਹੁੰਦਾ। ਆਮ੍ਹੋ-ਸਾਮ੍ਹਣੇ ਬੈਠਣ ਦੀ ਬਜਾਇ ਅਸੀਂ ਇਕ-ਦੂਜੇ ਦੇ ਨਾਲ-ਨਾਲ ਬੈਠੇ ਹੁੰਦੇ ਹਾਂ ਤੇ ਇੱਦਾਂ ਸਾਡੀ ਕਈ ਵਾਰ ਵਧੀਆ ਗੱਲਬਾਤ ਹੋਈ ਹੈ।”—ਨੀਕੋਲ।
ਖਾਣਾ ਖਾਣ ਵੇਲੇ ਵੀ ਗੱਲ ਕਰਨ ਦਾ ਵਧੀਆ ਮੌਕਾ ਹੁੰਦਾ ਹੈ।
“ਖਾਣਾ ਖਾਂਦੇ ਸਮੇਂ ਪਰਿਵਾਰ ਦਾ ਹਰੇਕ ਮੈਂਬਰ ਦਿਨ ਦੌਰਾਨ ਵਾਪਰੀ ਸਭ ਤੋਂ ਮਾੜੀ ਅਤੇ ਸਭ ਤੋਂ ਚੰਗੀ ਗੱਲ ਦੱਸਦਾ ਹੈ। ਇੱਦਾਂ ਕਰਨ ਨਾਲ ਅਸੀਂ ਇਕ-ਦੂਜੇ ਦੇ ਹੋਰ ਨੇੜੇ ਹੁੰਦੇ ਹਾਂ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਦੂਜੇ ਵੀ ਸਾਡਾ ਸਾਥ ਦੇਣਗੇ।”—ਰੌਬਿਨ।
ਬਾਈਬਲ ਦਾ ਅਸੂਲ: ‘ਹਰ ਕੋਈ ਸੁਣਨ ਲਈ ਤਿਆਰ ਰਹੇ ਅਤੇ ਬੋਲਣ ਵਿਚ ਕਾਹਲੀ ਨਾ ਕਰੇ।’—ਯਾਕੂਬ 1:19.
-
-
6 ਅਨੁਸ਼ਾਸਨ ਦਿਓਜਾਗਰੂਕ ਬਣੋ!—2018 | ਨੰ. 2
-
-
ਜਿਵੇਂ ਪਤਵਾਰ ਨਾਲ ਕਿਸ਼ਤੀ ਸਹੀ ਦਿਸ਼ਾ ਵਿਚ ਰਹਿੰਦੀ ਹੈ, ਉਸੇ ਤਰ੍ਹਾਂ ਅਨੁਸ਼ਾਸਨ ਨਾਲ ਬੱਚਾ ਸਹੀ ਦਿਸ਼ਾ ਵਿਚ ਰਹਿੰਦਾ ਹੈ
ਮਾਪਿਆਂ ਲਈ
6 ਅਨੁਸ਼ਾਸਨ ਦਿਓ
ਇਸ ਦਾ ਕੀ ਮਤਲਬ ਹੈ?
ਅਨੁਸ਼ਾਸਨ ਦੇਣ ਦਾ ਮਤਲਬ ਬੱਚੇ ਨੂੰ ਸਿਖਾਉਣਾ ਤੇ ਉਸ ਨੂੰ ਸੇਧ ਦੇਣਾ ਹੁੰਦਾ ਹੈ। ਕਦੇ-ਕਦੇ ਅਨੁਸ਼ਾਸਨ ਦਾ ਮਤਲਬ ਹੈ ਬੱਚੇ ਦੇ ਬੁਰੇ ਵਿਵਹਾਰ ਨੂੰ ਸੁਧਾਰਨਾ। ਪਰ ਅਕਸਰ ਇਸ ਵਿਚ ਬੱਚਿਆਂ ਨੂੰ ਨੇਕ ਚਾਲ-ਚਲਣ ਰੱਖਣ ਦੀ ਸਿੱਖਿਆ ਦੇਣੀ ਸ਼ਾਮਲ ਹੁੰਦੀ ਹੈ ਤਾਂਕਿ ਬੱਚੇ ਸਹੀ ਫ਼ੈਸਲੇ ਕਰ ਸਕਣ।
ਇਹ ਜ਼ਰੂਰੀ ਕਿਉਂ ਹੈ?
ਪਿਛਲੇ ਕੁਝ ਦਹਾਕਿਆਂ ਤੋਂ ਬੱਚਿਆਂ ਨੂੰ ਅਨੁਸ਼ਾਸਨ ਦੇਣਾ ਲਗਭਗ ਖ਼ਤਮ ਹੀ ਹੋ ਗਿਆ ਹੈ। ਮਾਪੇ ਡਰਦੇ ਹਨ ਕਿ ਜੇ ਉਹ ਬੱਚੇ ਦੀ ਗ਼ਲਤੀ ਨੂੰ ਸੁਧਾਰਨਗੇ, ਤਾਂ ਬੱਚਾ ਆਪਣਾ ਆਤਮ-ਸਨਮਾਨ ਗੁਆ ਬੈਠੇਗਾ। ਪਰ ਸਮਝਦਾਰ ਮਾਪੇ ਆਪਣੇ ਬੱਚਿਆਂ ਲਈ ਜਾਇਜ਼ ਨਿਯਮ ਬਣਾਉਂਦੇ ਹਨ ਅਤੇ ਇਨ੍ਹਾਂ ਨੂੰ ਮੰਨਣ ਦੀ ਸਿਖਲਾਈ ਵੀ ਦਿੰਦੇ ਹਨ।
“ਬੱਚਿਆਂ ਲਈ ਹੱਦਾਂ ਠਹਿਰਾਉਣੀਆਂ ਜ਼ਰੂਰੀ ਹੁੰਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਵੱਡੇ ਹੋ ਕੇ ਸਮਝਦਾਰ ਇਨਸਾਨ ਬਣਨਗੇ। ਜਿਸ ਬੱਚੇ ਨੂੰ ਹੱਦਾਂ ਵਿਚ ਰੱਖ ਕੇ ਅਨੁਸ਼ਾਸਨ ਨਹੀਂ ਦਿੱਤਾ ਜਾਂਦਾ ਉਹ ਬੱਚਾ ਬਿਨਾਂ ਪਤਵਾਰ ਦੇ ਕਿਸ਼ਤੀ ਵਾਂਗ ਹੈ। ਉਹ ਕਿਸ਼ਤੀ ਜਾਂ ਤਾਂ ਕਿਨਾਰੇ ਤੋਂ ਦੂਰ ਚਲੀ ਜਾਏਗੀ ਜਾਂ ਡੁੱਬ ਜਾਵੇਗੀ।”—ਪਾਮੇਲਾ।
ਤੁਸੀਂ ਕੀ ਕਰ ਸਕਦੇ ਹੋ?
ਆਪਣੀ ਗੱਲ ʼਤੇ ਪੱਕੇ ਰਹੋ। ਜੇ ਤੁਹਾਡਾ ਬੱਚਾ ਤੁਹਾਡੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਤਾਂ ਉਸ ਨੂੰ ਉਸ ਦੇ ਨਤੀਜੇ ਭੁਗਤਣ ਦਿਓ। ਦੂਜੇ ਪਾਸੇ, ਜਦੋਂ ਬੱਚਾ ਕਹਿਣੇ ਵਿਚ ਰਹਿੰਦਾ ਹੈ, ਤਾਂ ਉਸ ਦੀ ਤਾਰੀਫ਼ ਕਰਨ ਵਿਚ ਢਿੱਲ-ਮੱਠ ਨਾ ਕਰੋ।
“ਜਦੋਂ ਮੇਰੇ ਬੱਚੇ ਮੇਰਾ ਕਹਿਣਾ ਮੰਨਦੇ ਹਨ, ਤਾਂ ਮੈਂ ਹਮੇਸ਼ਾ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦੀ ਹਾਂ ਕਿਉਂਕਿ ਅਸੀਂ ਇਕ ਅਣਆਗਿਆਕਾਰ ਦੁਨੀਆਂ ਵਿਚ ਰਹਿੰਦੇ ਹਾਂ। ਜਦੋਂ ਬੱਚੇ ਦੀ ਤਾਰੀਫ਼ ਕੀਤੀ ਜਾਂਦੀ ਹੈ, ਤਾਂ ਉਸ ਲਈ ਤਾੜਨਾ ਕਬੂਲ ਕਰਨੀ ਵੀ ਸੌਖੀ ਹੁੰਦੀ ਹੈ।”—ਕ੍ਰਿਸਟੀਨ।
ਬਾਈਬਲ ਦਾ ਅਸੂਲ: “ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।”—ਗਲਾਤੀਆਂ 6:7.
ਹੱਦੋਂ ਵੱਧ ਉਮੀਦ ਨਾ ਰੱਖੋ। ਗ਼ਲਤੀ ਦੀ ਗੰਭੀਰਤਾ ਦੇ ਨਾਲ-ਨਾਲ ਬੱਚੇ ਦੀ ਉਮਰ ਅਤੇ ਸਮਝ ਨੂੰ ਧਿਆਨ ਵਿਚ ਰੱਖਦਿਆਂ ਅਨੁਸ਼ਾਸਨ ਦਿਓ। ਵਧੀਆ ਹੋਵੇਗਾ ਕਿ ਤਾੜਨਾ ਜਾਂ ਸਜ਼ਾ ਗ਼ਲਤੀ ਦੇ ਮੁਤਾਬਕ ਹੀ ਹੋਵੇ। ਮਿਸਾਲ ਲਈ, ਜੇ ਬੱਚਾ ਮੋਬਾਇਲ ਦੀ ਗ਼ਲਤ ਵਰਤੋਂ ਕਰਦਾ ਹੈ, ਤਾਂ ਮਾਪੇ ਸ਼ਾਇਦ ਉਸ ਤੋਂ ਕੁਝ ਸਮੇਂ ਲਈ ਮੋਬਾਇਲ ਲੈ ਲੈਣ। ਬੱਚਿਆਂ ਨੂੰ ਉਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਲਈ ਗੁੱਸੇ ਨਾ ਹੋਵੇ ਜੋ ਤੁਹਾਨੂੰ ਪਸੰਦ ਨਹੀਂ।
“ਮੈਂ ਹਮੇਸ਼ਾ ਇਹ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰੇ ਬੱਚੇ ਨੇ ਜਾਣ-ਬੁੱਝ ਕੇ ਮੇਰਾ ਕਹਿਣਾ ਨਹੀਂ ਮੰਨਿਆ ਜਾਂ ਉਸ ਨੇ ਅਣਜਾਣੇ ਵਿਚ ਇੱਦਾਂ ਕੀਤਾ ਹੈ। ਕੀ ਇਹ ਬਹੁਤ ਵੱਡੀ ਸਮੱਸਿਆ ਹੈ ਜਿਸ ਕਰਕੇ ਉਸ ਨੂੰ ਵਾਰ-ਵਾਰ ਸੁਧਾਰਨ ਦੀ ਲੋੜ ਪੈਣੀ, ਜਾਂ ਇਕ ਛੋਟੀ ਜਿਹੀ ਗੱਲ ਹੈ ਜੋ ਇੱਕੋ ਵਾਰ ਕਹਿਣ ʼਤੇ ਖ਼ਤਮ ਹੋ ਜਾਣੀ।”—ਵੈੱਨਡਲ।
ਬਾਈਬਲ ਦਾ ਅਸੂਲ: “ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ ਤਾਂਕਿ ਉਹ ਦਿਲ ਨਾ ਹਾਰ ਬੈਠਣ।”—ਕੁਲੁੱਸੀਆਂ 3:21.
ਪਿਆਰ ਨਾਲ ਸੁਧਾਰੋ। ਜਦੋਂ ਬੱਚਿਆਂ ਨੂੰ ਪਤਾ ਹੁੰਦਾ ਹੈ ਕਿ ਮਾਪੇ ਪਿਆਰ ਕਰਨ ਕਰਕੇ ਤਾੜਨਾ ਦੇ ਰਹੇ ਹਨ, ਤਾਂ ਉਨ੍ਹਾਂ ਲਈ ਉਸ ਤਾੜਨਾ ਨੂੰ ਮੰਨਣਾ ਤੇ ਉਸ ʼਤੇ ਚੱਲਣਾ ਸੌਖਾ ਹੁੰਦਾ ਹੈ।
“ਜਦੋਂ ਸਾਡਾ ਮੁੰਡਾ ਗ਼ਲਤੀਆਂ ਕਰਦਾ ਸੀ, ਤਾਂ ਅਸੀਂ ਉਸ ਨੂੰ ਇਸ ਗੱਲ ਦਾ ਭਰੋਸਾ ਦਿਵਾਉਂਦੇ ਸੀ ਕਿ ਸਾਨੂੰ ਉਸ ਦੇ ਪਹਿਲਾਂ ਕੀਤੇ ਚੰਗੇ ਫ਼ੈਸਲਿਆਂ ਕਰਕੇ ਉਸ ʼਤੇ ਮਾਣ ਹੈ। ਅਸੀਂ ਉਸ ਨੂੰ ਸਮਝਾਇਆ ਕਿ ਜੇ ਉਹ ਆਪਣੀ ਗ਼ਲਤੀ ਨੂੰ ਸੁਧਾਰ ਲੈਂਦਾ ਹੈ, ਤਾਂ ਉਸ ਦਾ ਨਾਂ ਖ਼ਰਾਬ ਨਹੀਂ ਹੋਵੇਗਾ। ਨਾਲੇ ਅਸੀਂ ਉਸ ਨੂੰ ਕਿਹਾ ਕਿ ਅਸੀਂ ਉਸ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਹਾਂ।”—ਡੈਨੀਏਲ।
ਬਾਈਬਲ ਦਾ ਅਸੂਲ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ।”—1 ਕੁਰਿੰਥੀਆਂ 13:4.
-
-
7 ਕਦਰਾਂ-ਕੀਮਤਾਂ ਸਿਖਾਓਜਾਗਰੂਕ ਬਣੋ!—2018 | ਨੰ. 2
-
-
ਕਦਰਾਂ-ਕੀਮਤਾਂ ਕੰਪਾਸ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਤੁਹਾਡੇ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਨੇ ਕਿਹੜੇ ਰਸਤੇ ਜਾਣਾ ਹੈ
ਮਾਪਿਆਂ ਲਈ
7 ਕਦਰਾਂ-ਕੀਮਤਾਂ ਸਿਖਾਓ
ਇਸ ਦਾ ਕੀ ਮਤਲਬ ਹੈ?
ਸਾਰੇ ਇਨਸਾਨ ਆਪ ਫ਼ੈਸਲਾ ਕਰਦੇ ਹਨ ਕਿ ਉਹ ਕਿਨ੍ਹਾਂ ਕਦਰਾਂ-ਕੀਮਤਾਂ ਜਾਂ ਸੰਸਕਾਰਾਂ ਅਨੁਸਾਰ ਜੀਉਣਗੇ। ਮਿਸਾਲ ਲਈ, ਕੀ ਤੁਸੀਂ ਹਰ ਕੰਮ ਈਮਾਨਦਾਰੀ ਨਾਲ ਕਰਦੇ ਹੋ? ਜੇ ਹਾਂ, ਤਾਂ ਜ਼ਰੂਰ ਤੁਸੀਂ ਚਾਹੋਗੇ ਕਿ ਤੁਹਾਡੇ ਬੱਚੇ ਵੀ ਈਮਾਨਦਾਰ ਹੋਣ।
ਕਦਰਾਂ-ਕੀਮਤਾਂ ਵਿਚ ਨੈਤਿਕ ਮਿਆਰ ਵੀ ਸ਼ਾਮਲ ਹਨ। ਮਿਸਾਲ ਲਈ, ਜਿਸ ਇਨਸਾਨ ਦੇ ਨੈਤਿਕ ਮਿਆਰ ਵਧੀਆ ਹੁੰਦੇ ਹਨ ਉਹ ਮਿਹਨਤੀ ਹੁੰਦਾ, ਪੱਖਪਾਤ ਨਹੀਂ ਕਰਦਾ ਤੇ ਦੂਸਰਿਆਂ ਦਾ ਧਿਆਨ ਰੱਖਦਾ ਹੈ। ਛੋਟੀ ਉਮਰ ਵਿਚ ਇੱਦਾਂ ਦੇ ਗੁਣਾਂ ਨੂੰ ਪੈਦਾ ਕਰਨਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ।
ਬਾਈਬਲ ਦਾ ਅਸੂਲ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।”—ਕਹਾਉਤਾਂ 22:6.
ਇਹ ਜ਼ਰੂਰੀ ਕਿਉਂ ਹੈ?
ਤਕਨਾਲੋਜੀ ਦੇ ਜ਼ਮਾਨੇ ਵਿਚ ਕਦਰਾਂ-ਕੀਮਤਾਂ ਜਾਂ ਸੰਸਕਾਰ ਹੋਣੇ ਬਹੁਤ ਜ਼ਰੂਰੀ ਹਨ। ਕੈਰਨ ਨਾਂ ਦੀ ਮਾਂ ਦੱਸਦੀ ਹੈ ਕਿ “ਅਸੀਂ ਮੋਬਾਇਲ ਦੇ ਜ਼ਰੀਏ ਕਿਸੇ ਵੀ ਵੇਲੇ ਗ਼ਲਤ ਕੰਮਾਂ ਵਿਚ ਫੱਸ ਸਕਦੇ ਹਾਂ। ਸ਼ਾਇਦ ਸਾਡੇ ਬੱਚੇ ਸਾਡੇ ਲਾਗੇ ਹੀ ਬੈਠੇ ਹੀ ਕੁਝ ਗ਼ਲਤ ਦੇਖਦੇ ਹੋਣ ਤੇ ਸਾਨੂੰ ਇਸ ਗੱਲ ਦੀ ਕੋਈ ਖ਼ਬਰ ਵੀ ਨਾ ਹੋਵੇ!”
ਬਾਈਬਲ ਦਾ ਅਸੂਲ: ਸਮਝਦਾਰ ਲੋਕ “ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਗਏ ਹਨ।”—ਇਬਰਾਨੀਆਂ 5:14.
ਨੈਤਿਕ ਮਿਆਰ ਵੀ ਜ਼ਰੂਰੀ ਹਨ। ਇਸ ਵਿਚ ਛੋਟੀਆਂ-ਛੋਟੀਆਂ ਗੱਲਾਂ ਕਹਿਣੀਆਂ ਸ਼ਾਮਲ ਹਨ (ਜਿਵੇਂ ਕਿ “ਪਲੀਜ਼” ਅਤੇ “ਥੈਂਕਯੂ” ਕਹਿਣਾ)। ਇਸ ਦੇ ਨਾਲ-ਨਾਲ ਇਸ ਵਿਚ ਦੂਜਿਆਂ ਬਾਰੇ ਸੋਚਣਾ ਵੀ ਸ਼ਾਮਲ ਹੈ। ਇਹ ਅਜਿਹਾ ਮਿਆਰ ਹੈ ਜੋ ਅੱਜ ਬਹੁਤ ਹੀ ਘੱਟ ਲੋਕਾਂ ਵਿਚ ਦੇਖਣ ਨੂੰ ਮਿਲਦਾ ਹੈ ਕਿਉਂਕਿ ਅੱਜ-ਕੱਲ੍ਹ ਇਨਸਾਨ ਲੋਕਾਂ ਨਾਲੋਂ ਚੀਜ਼ਾਂ ਦੀ ਜ਼ਿਆਦਾ ਪਰਵਾਹ ਕਰਦੇ ਹਨ।
ਬਾਈਬਲ ਦਾ ਅਸੂਲ: “ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”—ਲੂਕਾ 6:31.
ਤੁਸੀਂ ਕੀ ਕਰ ਸਕਦੇ ਹੋ?
ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦੱਸੋ। ਮਿਸਾਲ ਲਈ, ਰਿਪੋਰਟਾਂ ਤੋਂ ਪਤਾ ਲੱਗਦਾ ਹੈ ਜਿਨ੍ਹਾਂ ਬੱਚਿਆਂ ਨੂੰ ਪਹਿਲਾਂ ਹੀ ਦੱਸਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣੇ ਗ਼ਲਤ ਹਨ, ਤਾਂ ਅੱਲੜ੍ਹ ਉਮਰ ਵਿਚ ਉਹ ਇਸ ਫੰਦੇ ਵਿਚ ਨਹੀਂ ਫਸਣਗੇ।
ਸੁਝਾਅ: ਆਪਣੇ ਬੱਚਿਆਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਤੁਸੀਂ ਕੋਈ ਖ਼ਬਰ ਦਾ ਜ਼ਿਕਰ ਕਰ ਕੇ ਆਪਣੀਆਂ ਕਦਰਾਂ-ਕੀਮਤਾਂ ਬਾਰੇ ਸਮਝਾ ਸਕਦੇ ਹੋ। ਮਿਸਾਲ ਲਈ, ਤੁਸੀਂ ਅਪਰਾਧ ਬਾਰੇ ਕੋਈ ਖ਼ਬਰ ਲੈ ਕੇ ਪੁੱਛ ਸਕਦੇ ਹੋ: “ਕਿੰਨੀ ਮਾੜੀ ਗੱਲ ਹੈ ਕਿ ਲੋਕ ਦੂਸਰਿਆਂ ʼਤੇ ਕਿੱਦਾਂ ਗੁੱਸਾ ਕੱਢਦੇ ਹਨ। ਉਹ ਇੱਦਾਂ ਕਿਉਂ ਕਰਦੇ ਹਨ? ਤੁਹਾਨੂੰ ਕੀ ਲੱਗਦਾ?”
“ਜੇ ਬੱਚਿਆਂ ਨੂੰ ਸਹੀ ਤੇ ਗ਼ਲਤ ਵਿਚ ਫ਼ਰਕ ਨਾ ਪਤਾ ਹੋਵੇ, ਤਾਂ ਉਨ੍ਹਾਂ ਲਈ ਸਹੀ ਤੇ ਗ਼ਲਤ ਵਿਚ ਪਛਾਣ ਕਰਨੀ ਔਖੀ ਹੋ ਸਕਦੀ ਹੈ।”—ਬਰੈਂਡਨ।
ਆਪਣੇ ਬੱਚਿਆਂ ਨੂੰ ਨੈਤਿਕ ਮਿਆਰ ਸਿਖਾਓ। ਛੋਟੇ ਬੱਚੇ ਵੀ ਦੂਸਰਿਆਂ ਨੂੰ “ਪਲੀਜ਼” ਅਤੇ “ਥੈਂਕਯੂ” ਕਹਿਣਾ ਤੇ ਦੂਸਰਿਆਂ ਦੀ ਇੱਜ਼ਤ ਕਰਨੀ ਸਿੱਖ ਸਕਦੇ ਹਨ। ਇਕ ਕਿਤਾਬ ਕਹਿੰਦੀ ਹੈ: “ਜਦੋਂ ਬੱਚੇ ਦੇਖਦੇ ਹਨ ਕਿ ਉਹ ਇਕ ਪਰਿਵਾਰ, ਸਕੂਲ, ਸਭਿਆਚਾਰ ਦਾ ਹਿੱਸਾ ਹਨ, ਤਾਂ ਉਹ ਇੱਦਾਂ ਦੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਜਿਨ੍ਹਾਂ ਦਾ ਨਾ ਸਿਰਫ਼ ਉਨ੍ਹਾਂ ਨੂੰ ਸਗੋਂ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ।”—Parenting Without Borders.
ਸੁਝਾਅ: ਆਪਣੇ ਬੱਚਿਆਂ ਨੂੰ ਛੋਟੇ-ਛੋਟੇ ਕੰਮ ਦਿਓ ਤਾਂਕਿ ਉਹ ਦੂਸਰਿਆਂ ਦੀ ਸੇਵਾ ਕਰਨ ਦੇ ਫ਼ਾਇਦਿਆਂ ਬਾਰੇ ਸਿੱਖਣ।
“ਜੇ ਬੱਚਾ ਹੁਣੇ ਤੋਂ ਹੀ ਛੋਟੇ-ਛੋਟੇ ਕੰਮ ਕਰਨੇ ਸਿੱਖਦਾ ਹੈ, ਤਾਂ ਜਦੋਂ ਉਹ ਆਪਣੇ ਪੈਰਾਂ ʼਤੇ ਖੜ੍ਹਾ ਹੋ ਜਾਵੇਗਾ, ਉਸ ਲਈ ਕੰਮ ਕਰਨੇ ਔਖੇ ਨਹੀਂ ਹੋਣਗੇ। ਉਸ ਲਈ ਜ਼ਿੰਮੇਵਾਰੀਆਂ ਨਿਭਾਉਣੀਆਂ ਸੌਖੀਆਂ ਹੋ ਜਾਣਗੀਆਂ।”—ਤਾਰਾ।
-
-
8 ਮਿਸਾਲ ਬਣੋਜਾਗਰੂਕ ਬਣੋ!—2018 | ਨੰ. 2
-
-
ਤੁਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹੇ ਰਾਹ ʼਤੇ ਚੱਲਣਾ ਸਿਖਾ ਰਹੇ ਹੋ?
ਮਾਪਿਆਂ ਲਈ
8 ਮਿਸਾਲ ਬਣੋ
ਇਸ ਦਾ ਕੀ ਮਤਲਬ ਹੈ?
ਜਿਹੜੇ ਮਾਪੇ ਆਪਣੇ ਬੱਚਿਆਂ ਲਈ ਵਧੀਆ ਮਿਸਾਲ ਰੱਖਦੇ ਹਨ, ਉਹ ਉਨ੍ਹਾਂ ਗੱਲਾਂ ਮੁਤਾਬਕ ਖ਼ੁਦ ਵੀ ਚੱਲਦੇ ਹਨ ਜੋ ਉਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ। ਮਿਸਾਲ ਲਈ, ਜੇ ਤੁਹਾਡੇ ਘਰ ਕੋਈ ਆਇਆ ਹੈ ਤੇ ਤੁਸੀਂ ਉਸ ਨਾਲ ਗੱਲ ਨਹੀਂ ਕਰਨੀ ਚਾਹੁੰਦੇ ਤੇ ਤੁਹਾਡਾ ਮੁੰਡਾ ਤੁਹਾਨੂੰ ਇਹ ਕਹਿੰਦੇ ਹੋਏ ਸੁਣਦਾ ਹੈ: “ਉਸ ਨੂੰ ਕਹਿ ਦੇ ਕਿ ਮੈਂ ਘਰੇ ਨਹੀਂ।” ਕੀ ਤੁਸੀਂ ਆਪਣੇ ਮੁੰਡੇ ਤੋਂ ਸੱਚ ਬੋਲਣ ਦੀ ਉਮੀਦ ਰੱਖ ਸਕਦੇ?
“ਮਾਪੇ ਆਪਣੇ ਬੱਚਿਆਂ ਤੋਂ ਇਹ ਆਸ ਨਹੀਂ ਰੱਖ ਸਕਦੇ ਕਿ ਉਹ ਉਨ੍ਹਾਂ ਦੇ ਕਹੇ ਮੁਤਾਬਕ ਕੰਮ ਕਰਨਗੇ ਜੇ ਮਾਪੇ ਆਪ ਉਹ ਕੰਮ ਨਹੀਂ ਕਰਦੇ। ਬੱਚੇ ਸਪੰਜ ਦੀ ਤਰ੍ਹਾਂ ਹੁੰਦੇ ਹਨ। ਤੁਸੀਂ ਜੋ ਕਰਦੇ ਹੋ ਅਤੇ ਜੋ ਕਹਿੰਦੇ ਹੋ ਉਹ ਸਾਰਾ ਕੁਝ ਸੋਖ ਲੈਂਦੇ ਹਨ ਅਤੇ ਜਦੋਂ ਮਾਪੇ ਬੱਚਿਆਂ ਨੂੰ ਸਿਖਾਈਆਂ ਗੱਲਾਂ ਮੁਤਾਬਕ ਨਹੀਂ ਚੱਲਦੇ, ਤਾਂ ਬੱਚੇ ਉਨ੍ਹਾਂ ਨੂੰ ਦੱਸ ਦਿੰਦੇ ਹਨ।”—ਡੇਵਿਡ।
ਬਾਈਬਲ ਦਾ ਅਸੂਲ: “ਤੂੰ ਦੂਜਿਆਂ ਨੂੰ ਸਿੱਖਿਆ ਦਿੰਦਾ ਹੈਂ, ‘ਚੋਰੀ ਨਾ ਕਰ,’ ਪਰ ਕੀ ਤੂੰ ਆਪ ਚੋਰੀ ਕਰਦਾ ਹੈਂ?”—ਰੋਮੀਆਂ 2:21.
ਇਹ ਜ਼ਰੂਰੀ ਕਿਉਂ ਹੈ?
ਬੱਚਿਆਂ ਅਤੇ ਨੌਜਵਾਨਾਂ ਦੀ ਜ਼ਿੰਦਗੀ ਵਿਚ ਮਾਪਿਆਂ ਤੋਂ ਛੁੱਟ ਕਿਸੇ ਦਾ ਵੀ ਇੰਨਾ ਅਸਰ ਨਹੀਂ ਪੈਂਦਾ, ਫਿਰ ਗੱਲ ਚਾਹੇ ਉਨ੍ਹਾਂ ਦੇ ਦੋਸਤਾਂ ਦੀ ਹੀ ਕਿਉਂ ਨਾ ਹੋਵੇ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਿਖਾ ਸਕਦੇ ਹੋ। ਪਰ ਸਿਰਫ਼ ਉਦੋਂ ਜਦੋਂ ਤੁਸੀਂ ਆਪਣੀ ਸਿੱਖਿਆ ਮੁਤਾਬਕ ਖ਼ੁਦ ਚੱਲਦੇ ਹੋ।
“ਕਈ ਵਾਰ ਅਸੀਂ ਆਪਣੇ ਬੱਚੇ ਨੂੰ ਕੋਈ ਗੱਲ ਸੌਂ ਵਾਰੀ ਕਹਿੰਦੇ ਹਾਂ ਤੇ ਅਸੀਂ ਸੋਚਦੇ ਹਾਂ ਕਿ ਉਹ ਸੁਣ ਵੀ ਰਿਹਾ ਕਿ ਨਹੀਂ। ਪਰ ਜੇ ਤੁਸੀਂ ਇਕ ਵਾਰੀ ਵੀ ਆਪਣੇ ਕਹੇ ਮੁਤਾਬਕ ਕੰਮ ਨਹੀਂ ਕੀਤਾ, ਤਾਂ ਉਹ ਤੁਹਾਨੂੰ ਟੋਕ ਦੇਣਗੇ। ਚਾਹੇ ਸਾਨੂੰ ਲੱਗਦਾ ਹੈ ਕਿ ਸਾਡੇ ਬੱਚੇ ਸਾਡੇ ਵੱਲ ਧਿਆਨ ਨਹੀਂ ਦੇ ਰਹੇ, ਪਰ ਉਹ ਸਾਡੀ ਹਰ ਗੱਲ ਵੱਲ ਧਿਆਨ ਦਿੰਦੇ ਹਨ।”—ਨਿਕੋਲ।
ਬਾਈਬਲ ਦਾ ਅਸੂਲ: “ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ . . . ਪਖੰਡ ਨਹੀਂ ਕਰਦਾ।”—ਯਾਕੂਬ 3:17.
ਤੁਸੀਂ ਕੀ ਕਰ ਸਕਦੇ ਹੋ?
ਆਪਣੇ ਮਿਆਰਾਂ ਦੀ ਜਾਂਚ ਕਰੋ। ਤੁਸੀਂ ਕਿਸ ਤਰ੍ਹਾਂ ਦਾ ਮਨੋਰੰਜਨ ਪਸੰਦ ਕਰਦੇ ਹੋ? ਤੁਸੀਂ ਆਪਣੇ ਜੀਵਨ-ਸਾਥੀ ਅਤੇ ਬੱਚਿਆਂ ਨਾਲ ਕਿਵੇਂ ਪੇਸ਼ ਆਉਂਦੇ ਹੋ? ਤੁਹਾਡੇ ਦੋਸਤ ਕਿਹੋ ਜਿਹੇ ਹਨ? ਕੀ ਤੁਸੀਂ ਦੂਸਰਿਆਂ ਬਾਰੇ ਸੋਚਦੇ ਹੋ? ਮੁਕਦੀ ਗੱਲ, ਕੀ ਤੁਸੀਂ ਖ਼ੁਦ ਉੱਦਾਂ ਦੇ ਇਨਸਾਨ ਹੋ ਜਿਸ ਤਰ੍ਹਾਂ ਦਾ ਤੁਸੀਂ ਆਪਣੇ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਹੋ?
“ਮੈਂ ਤੇ ਮੇਰਾ ਪਤੀ ਬੱਚਿਆਂ ਨੂੰ ਉਨ੍ਹਾਂ ਮਿਆਰਾਂ ʼਤੇ ਚੱਲਣ ਲਈ ਨਹੀਂ ਕਹਿੰਦੇ ਜਿਨ੍ਹਾਂ ʼਤੇ ਅਸੀਂ ਖ਼ੁਦ ਨਹੀਂ ਚੱਲਦੇ।”—ਕ੍ਰਿਸਟੀਨ।
ਆਪਣੀਆਂ ਗ਼ਲਤੀਆਂ ਲਈ ਮਾਫ਼ੀ ਮੰਗੋ। ਤੁਹਾਡੇ ਬੱਚਿਆਂ ਨੂੰ ਇਹ ਗੱਲ ਪਤਾ ਹੈ ਕਿ ਤੁਸੀਂ ਵੀ ਗ਼ਲਤੀਆਂ ਕਰਦੇ ਹੋ। ਪਰ ਗ਼ਲਤੀ ਹੋਣ ਤੇ ਆਪਣੇ ਜੀਵਨ-ਸਾਥੀ ਅਤੇ ਬੱਚਿਆਂ ਨੂੰ “ਮੈਨੂੰ ਮਾਫ਼ ਕਰ ਦਿਓ” ਵਰਗੇ ਸ਼ਬਦ ਕਹਿਣ ਨਾਲ ਤੁਸੀਂ ਉਨ੍ਹਾਂ ਨੂੰ ਈਮਾਨਦਾਰ ਅਤੇ ਨਿਮਰ ਬਣਨਾ ਸਿਖਾਉਂਦੇ ਹੋ।
“ਜਦੋਂ ਅਸੀਂ ਗ਼ਲਤ ਹੁੰਦੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਸਾਡੇ ਬੱਚੇ ਸਾਨੂੰ ਗ਼ਲਤੀ ਕਬੂਲ ਕਰਦਿਆਂ ਅਤੇ ਮਾਫ਼ੀ ਮੰਗਦਿਆਂ ਸੁਣਨ। ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਉਹ ਵੀ ਗ਼ਲਤੀ ਹੋਣ ʼਤੇ ਮਾਫ਼ੀ ਮੰਗਣ ਦੀ ਬਜਾਇ ਬਹਾਨੇ ਮਾਰਨਗੇ।”—ਰੌਬਿਨ।
“ਬੱਚਿਆਂ ʼਤੇ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਦੇ ਮਾਪਿਆਂ ਦਾ ਪੈਂਦਾ ਹੈ। ਇਸ ਲਈ ਆਪਣੀ ਮਿਸਾਲ ਦੁਆਰਾ ਸਿਖਾਉਣਾ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਬੱਚੇ ਹਰ ਵੇਲੇ ਸਾਨੂੰ ਦੇਖਦੇ ਹਨ। ਆਪਣੀ ਮਿਸਾਲ ਦੁਆਰਾ ਸਿਖਾਉਣਾ ਇਕ ਖੁੱਲ੍ਹੀ ਕਿਤਾਬ ਵਾਂਗ ਹੈ ਜਿਸ ਤੋਂ ਤੁਸੀਂ ਹਰ ਵੇਲੇ ਸਿਖਾ ਸਕਦੇ ਹੋ।”—ਵੈੱਨਡਲ।
-