ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਪ੍ਰਾਰਥਨਾ ਕਿਉਂ ਕਰੀਏ?
    ਪਹਿਰਾਬੁਰਜ: ਪ੍ਰਾਰਥਨਾ ਬਾਰੇ ਸੱਤ ਸਵਾਲ
    • 1 ਪ੍ਰਾਰਥਨਾ ਕਿਉਂ ਕਰੀਏ?

      ਪ੍ਰਾਰਥਨਾ ਇਕ ਅਜਿਹਾ ਵਿਸ਼ਾ ਹੈ ਜਿਸ ਵਿਚ ਬਹੁਤ ਸਾਰੇ ਲੋਕਾਂ ਨੂੰ ਦਿਲਚਸਪੀ ਹੈ। ਇਸ ਰਸਾਲੇ ਵਿਚ ਪ੍ਰਾਰਥਨਾ ਬਾਰੇ ਪੁੱਛੇ ਜਾਂਦੇ ਸੱਤ ਸਵਾਲਾਂ ਬਾਰੇ ਦੱਸਿਆ ਗਿਆ ਹੈ ਤੇ ਬਾਈਬਲ ਵਿੱਚੋਂ ਇਨ੍ਹਾਂ ਦੇ ਜਵਾਬ ਦਿੱਤੇ ਗਏ ਹਨ। ਇਨ੍ਹਾਂ ਲੇਖਾਂ ਤੋਂ ਤੁਸੀਂ ਸਿੱਖੋਗੇ ਕਿ ਤੁਸੀਂ ਪ੍ਰਾਰਥਨਾ ਕਿਵੇਂ ਕਰ ਸਕਦੇ ਹੋ ਅਤੇ ਜੇ ਤੁਸੀਂ ਪਹਿਲਾਂ ਤੋਂ ਹੀ ਪ੍ਰਾਰਥਨਾ ਕਰਦੇ ਹੋ, ਤਾਂ ਤੁਸੀਂ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਕਰ ਸਕਦੇ ਹੋ।

      ਪੂਰੀ ਦੁਨੀਆਂ ਵਿਚ ਹਰ ਸਭਿਆਚਾਰ ਅਤੇ ਹਰ ਧਰਮ ਦੇ ਲੋਕ ਪ੍ਰਾਰਥਨਾ ਕਰਦੇ ਹਨ। ਉਹ ਇਕੱਲਿਆਂ ਵਿਚ ਜਾਂ ਦੂਸਰਿਆਂ ਨਾਲ ਮਿਲ ਕੇ ਪ੍ਰਾਰਥਨਾ ਕਰਦੇ ਹਨ। ਉਹ ਚਰਚ, ਮੰਦਰ, ਗੁਰਦੁਆਰੇ ਅਤੇ ਸਭਾ ਘਰ ਵਿਚ ਪ੍ਰਾਰਥਨਾ ਕਰਦੇ ਹਨ। ਕੁਝ ਲੋਕ ਆਪਣੇ ਦੇਵੀ-ਦੇਵਤਿਆਂ ਦੀ ਤਸਵੀਰ ਅੱਗੇ ਝੁਕ ਕੇ ਪ੍ਰਾਰਥਨਾ ਕਰਦੇ ਹਨ ਤੇ ਕਈ ਲੋਕ ਕਿਤਾਬਾਂ ਤੋਂ ਪ੍ਰਾਰਥਨਾਵਾਂ ਪੜ੍ਹਦੇ ਹਨ। ਕਈ ਲੋਕ ਪ੍ਰਾਰਥਨਾ ਚੱਕਰ ਰਾਹੀਂ ਜਾਂ ਜਨਮਾਜ਼ ʼਤੇ ਗੋਡੇ ਟੇਕ ਕੇ ਪ੍ਰਾਰਥਨਾ ਕਰਦੇ ਹਨ। ਕਈ ਲੋਕ ਤਾਂ ਆਪਣੀਆਂ ਦੁਆਵਾਂ ਇਕ ਲੱਕੜ ਦੀ ਫੱਟੀ ʼਤੇ ਲਿਖ ਲੈਂਦੇ ਹਨ ਤੇ ਫਿਰ ਉਸ ਨੂੰ ਟੰਗ ਦਿੰਦੇ ਹਨ।

      ਸਿਰਫ਼ ਇਨਸਾਨ ਹੀ ਪ੍ਰਾਰਥਨਾ ਕਰਦੇ ਹਨ। ਜਾਨਵਰਾਂ ਵਾਂਗ ਸਾਨੂੰ ਵੀ ਹਵਾ, ਪਾਣੀ ਅਤੇ ਭੋਜਨ ਦੀ ਲੋੜ ਹੈ। ਉਨ੍ਹਾਂ ਵਾਂਗ ਅਸੀਂ ਵੀ ਪੈਦਾ ਹੁੰਦੇ ਹਾਂ ਤੇ ਇਕ ਦਿਨ ਮਰ ਜਾਂਦੇ ਹਾਂ। (ਉਪਦੇਸ਼ਕ ਦੀ ਕਿਤਾਬ 3:19) ਪਰ ਜਿੱਥੇ ਤਕ ਪ੍ਰਾਰਥਨਾ ਦੀ ਗੱਲ ਹੈ, ਉਹ ਸਿਰਫ਼ ਇਨਸਾਨ ਹੀ ਕਰਦੇ ਹਨ। ਇੱਦਾਂ ਕਿਉਂ?

      ਇਸ ਦਾ ਸਿੱਧਾ ਜਿਹਾ ਜਵਾਬ ਹੈ ਕਿ ਸਾਨੂੰ ਇਸ ਦੀ ਲੋੜ ਹੈ। ਪ੍ਰਾਰਥਨਾ ਰਾਹੀਂ ਲੋਕ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਉਨ੍ਹਾਂ ਤੋਂ ਕਿਤੇ ਜ਼ਿਆਦਾ ਮਹਾਨ ਅਤੇ ਪਵਿੱਤਰ ਹੈ। ਬਾਈਬਲ ਦੱਸਦੀ ਹੈ ਕਿ ਸਾਨੂੰ ਬਣਾਇਆ ਹੀ ਇੱਦਾਂ ਗਿਆ ਹੈ ਕਿ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। (ਉਪਦੇਸ਼ਕ ਦੀ ਕਿਤਾਬ 3:11) ਇਕ ਵਾਰ ਯਿਸੂ ਨੇ ਕਿਹਾ ਸੀ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।”​—ਮੱਤੀ 5:3.

      ਅਸੀਂ ਸਾਰੇ “ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ” ਹਾਂ, ਇਸੇ ਕਰਕੇ ਲੋਕ ਭਗਤੀ ਦੀਆਂ ਥਾਵਾਂ ਤੇ ਭਗਤੀ ਕਰਨ ਲਈ ਚੀਜ਼ਾਂ ਬਣਾਉਂਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ। ਕਈ ਲੋਕ ਦੂਜਿਆਂ ਦੀ ਸਲਾਹ ਲੈਣੀ ਪਸੰਦ ਕਰਦੇ ਹਨ ਜਦ ਕਿ ਕਈ ਆਪਣੇ-ਆਪ ʼਤੇ ਭਰੋਸਾ ਰੱਖਦੇ ਹਨ। ਪਰ ਕੀ ਵਾਕਈ ਇਨਸਾਨ ਸਾਨੂੰ ਸਹੀ ਰਾਹ ਦਿਖਾ ਸਕਦੇ ਹਨ? ਸਾਡੀ ਜ਼ਿੰਦਗੀ ਬਹੁਤ ਛੋਟੀ ਜਿਹੀ ਹੈ। ਨਾਲੇ ਕਿਹੜਾ ਇਨਸਾਨ ਭਵਿੱਖ ਬਾਰੇ ਸਹੀ-ਸਹੀ ਦੱਸ ਸਕਦਾ ਹੈ? ਸਿਰਫ਼ ਰੱਬ ਹੀ ਸਾਨੂੰ ਸਹੀ ਰਾਹ ਦਿਖਾ ਸਕਦਾ ਹੈ ਕਿਉਂਕਿ ਉਹ ਸਾਡੇ ਤੋਂ ਕਿਤੇ ਜ਼ਿਆਦਾ ਤਾਕਤਵਰ ਤੇ ਬੁੱਧੀਮਾਨ ਹੈ ਅਤੇ ਉਹ ਹਮੇਸ਼ਾ ਰਹੇਗਾ। ਪਰ ਸਾਨੂੰ ਅਗਵਾਈ ਦੀ ਲੋੜ ਕਦੋਂ ਹੁੰਦੀ ਹੈ?

      ਜ਼ਰਾ ਸੋਚੋ, ਕੀ ਤੁਹਾਡੇ ਮਨ ਵਿਚ ਕਦੀ ਇੱਦਾਂ ਦੇ ਸਵਾਲ ਆਏ ਜਿਨ੍ਹਾਂ ਦੇ ਜਵਾਬ ਕੋਈ ਨਹੀਂ ਦੇ ਸਕਿਆ? ਜਾਂ ਕੀ ਕਦੀ ਇੱਦਾਂ ਹੋਇਆ ਕਿ ਤੁਸੀਂ ਕੋਈ ਫ਼ੈਸਲਾ ਲੈਣਾ ਸੀ, ਪਰ ਤੁਹਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਤੁਹਾਨੂੰ ਕੀ ਕਰਨਾ ਚਾਹੀਦਾ? ਜਦੋਂ ਤੁਹਾਡੇ ਕਿਸੇ ਆਪਣੇ ਦੀ ਮੌਤ ਹੋਈ ਸੀ, ਤਾਂ ਕੀ ਉਦੋਂ ਤੁਹਾਨੂੰ ਦਿਲਾਸੇ ਦੀ ਲੋੜ ਸੀ? ਜਾਂ ਜਦੋਂ ਤੁਸੀਂ ਦੋਸ਼ੀ ਮਹਿਸੂਸ ਕਰਦੇ ਹੋ, ਤਾਂ ਕੀ ਤੁਹਾਨੂੰ ਮਾਫ਼ੀ ਦੀ ਲੋੜ ਹੁੰਦੀ ਹੈ?

      ਬਾਈਬਲ ਦੱਸਦੀ ਹੈ ਕਿ ਅਸੀਂ ਇਨ੍ਹਾਂ ਸਾਰੇ ਮੌਕਿਆਂ ʼਤੇ ਪ੍ਰਾਰਥਨਾ ਕਰ ਸਕਦੇ ਹਾਂ। ਪ੍ਰਾਰਥਨਾ ਬਾਰੇ ਬਾਈਬਲ ਵਿਚ ਬਹੁਤ ਕੁਝ ਦੱਸਿਆ ਗਿਆ ਹੈ। ਇਸ ਵਿਚ ਬਹੁਤ ਸਾਰੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀਆਂ ਪ੍ਰਾਰਥਨਾਵਾਂ ਦਰਜ ਹਨ। ਉਨ੍ਹਾਂ ਨੇ ਸੇਧ ਲਈ, ਦਿਲਾਸਾ ਪਾਉਣ ਲਈ, ਮਾਫ਼ੀ ਮੰਗਣ ਲਈ ਅਤੇ ਆਪਣੇ ਸਵਾਲਾਂ ਦੇ ਜਵਾਬ ਪਾਉਣ ਲਈ ਪ੍ਰਾਰਥਨਾ ਕੀਤੀ।​—ਜ਼ਬੂਰ 23:3; 71:21; ਦਾਨੀਏਲ 9:4, 5, 19; ਹੱਬਕੂਕ 1:3.

      ਚਾਹੇ ਉਨ੍ਹਾਂ ਸਾਰਿਆਂ ਨੇ ਵੱਖੋ-ਵੱਖਰੀਆਂ ਗੱਲਾਂ ਬਾਰੇ ਪ੍ਰਾਰਥਨਾ ਕੀਤੀ, ਪਰ ਉਨ੍ਹਾਂ ਸਾਰਿਆਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅੱਜ-ਕੱਲ੍ਹ ਲੋਕ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੰਦੇ ਕਿ ਉਨ੍ਹਾਂ ਨੂੰ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਇਹ ਗੱਲ ਜਾਣਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਿਰਫ਼ ਤਾਂ ਹੀ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲੇਗਾ।

  • 2 ਪ੍ਰਾਰਥਨਾ ਕਿਸ ਨੂੰ ਕਰੀਏ?
    ਪਹਿਰਾਬੁਰਜ: ਪ੍ਰਾਰਥਨਾ ਬਾਰੇ ਸੱਤ ਸਵਾਲ
    • 2 ਪ੍ਰਾਰਥਨਾ ਕਿਸ ਨੂੰ ਕਰੀਏ?

      ਅੱਜ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਚਾਹੇ ਅਸੀਂ ਜਿਹੜਾ ਮਰਜ਼ੀ ਨਾਂ ਲੈ ਕੇ ਪ੍ਰਾਰਥਨਾ ਕਰੀਏ, ਪਰ ਇਹ ਸਾਰੀਆਂ ਪ੍ਰਾਰਥਨਾਵਾਂ ਪਹੁੰਚਦੀਆਂ ਤਾਂ ਰੱਬ ਕੋਲ ਹੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਜਿਹੜੇ ਮਰਜ਼ੀ ਧਰਮ ਨੂੰ ਮੰਨੋ, ਸਾਰੇ ਰਾਹ ਰੱਬ ਕੋਲ ਹੀ ਲੈ ਕੇ ਜਾਂਦੇ ਹਨ। ਪਰ ਕੀ ਇਹ ਗੱਲ ਸੱਚ ਹੈ?

      ਬਾਈਬਲ ਦੱਸਦੀ ਹੈ ਕਿ ਬਹੁਤ ਸਾਰੇ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਨਹੀਂ ਜਾਂਦੀਆਂ। ਪੁਰਾਣੇ ਜ਼ਮਾਨੇ ਵਿਚ ਵੀ ਲੋਕ ਮੂਰਤਾਂ ਅੱਗੇ ਪ੍ਰਾਰਥਨਾ ਕਰਦੇ ਸਨ। ਪਰ ਇਹ ਗੱਲ ਪਰਮੇਸ਼ੁਰ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਜ਼ਬੂਰ 115:4-6 ਵਿਚ ਮੂਰਤਾਂ ਬਾਰੇ ਕਿਹਾ ਗਿਆ ਹੈ: “ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣ ਨਹੀਂ ਸਕਦੇ।” ਤਾਂ ਫਿਰ ਕੀ ਇੱਦਾਂ ਦੇ ਰੱਬ ਨੂੰ ਪ੍ਰਾਰਥਨਾ ਕਰਨਾ ਦਾ ਕੋਈ ਫ਼ਾਇਦਾ ਹੈ ਜੋ ਸਾਡੀ ਗੱਲ ਸੁਣ ਹੀ ਨਹੀਂ ਸਕਦਾ?

      ਬਾਈਬਲ ਵਿਚ ਦੱਸੀ ਇਕ ਘਟਨਾ ਤੋਂ ਅਸੀਂ ਇਹ ਗੱਲ ਹੋਰ ਵੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਇਹ ਉਦੋਂ ਦੀ ਗੱਲ ਹੈ ਜਦ ਕੁਝ ਲੋਕ ਬਆਲ ਨਾਂ ਦੇ ਦੇਵਤੇ ਨੂੰ ਪੂਜਣ ਲੱਗ ਪਏ ਸਨ। ਸੱਚੇ ਪਰਮੇਸ਼ੁਰ ਦੇ ਨਬੀ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਕਿਹਾ ਕਿ ਉਹ ਆਪਣੇ ਦੇਵਤੇ ਨੂੰ ਪੁਕਾਰਨ ਤੇ ਏਲੀਯਾਹ ਆਪਣੇ ਰੱਬ ਨੂੰ ਪੁਕਾਰੇਗਾ। ਉਸ ਨੇ ਅੱਗੇ ਕਿਹਾ ਕਿ ਜਿਹੜਾ ਪਰਮੇਸ਼ੁਰ ਪ੍ਰਾਰਥਨਾ ਦਾ ਜਵਾਬ ਦੇਵੇਗਾ, ਉਹੀ ਸੱਚਾ ਪਰਮੇਸ਼ੁਰ ਹੋਵੇਗਾ। ਬਆਲ ਦੇ ਪੁਜਾਰੀਆਂ ਨੇ ਇਹ ਚੁਣੌਤੀ ਸਵੀਕਾਰ ਕਰ ਲਈ। ਉਹ ਕਾਫ਼ੀ ਦੇਰ ਤਕ ਉੱਚੀ-ਉੱਚੀ ਬਆਲ ਨੂੰ ਪ੍ਰਾਰਥਨਾ ਕਰਦੇ ਰਹੇ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਬਾਈਬਲ ਵਿਚ ਲਿਖਿਆ ਹੈ: “ਨਾ ਕੋਈ ਜਵਾਬ ਦੇਣ ਵਾਲਾ ਸੀ; ਧਿਆਨ ਦੇਣ ਵਾਲਾ ਕੋਈ ਨਹੀਂ ਸੀ।” (1 ਰਾਜਿਆਂ 18:29) ਪਰ ਜਦੋਂ ਏਲੀਯਾਹ ਨੇ ਪ੍ਰਾਰਥਨਾ ਕੀਤੀ, ਉਦੋਂ ਕੀ ਹੋਇਆ?

      ਜਦੋਂ ਏਲੀਯਾਹ ਪ੍ਰਾਰਥਨਾ ਕਰ ਹਟਿਆ, ਤਾਂ ਪਰਮੇਸ਼ੁਰ ਨੇ ਇਕਦਮ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਉਸ ਨੇ ਸਵਰਗੋਂ ਅੱਗ ਭੇਜੀ ਤੇ ਏਲੀਯਾਹ ਦੇ ਚੜ੍ਹਾਵੇ ਨੂੰ ਕਬੂਲ ਕੀਤਾ। ਪਰ ਏਲੀਯਾਹ ਦੀ ਹੀ ਪ੍ਰਾਰਥਨਾ ਕਿਉਂ ਸੁਣੀ ਗਈ? ਉਸ ਨੇ ਪ੍ਰਾਰਥਨਾ ਵਿਚ ਇਕ ਖ਼ਾਸ ਗੱਲ ਕਹੀ ਜੋ ਪਹਿਲਾ ਰਾਜਿਆਂ 18:36, 37 ਵਿਚ ਦਰਜ ਹੈ। ਉਸ ਨੇ ਇਕ ਛੋਟੀ ਜਿਹੀ ਪ੍ਰਾਰਥਨਾ ਕੀਤੀ ਸੀ। ਮੂਲ ਇਬਰਾਨੀ ਭਾਸ਼ਾ ਵਿਚ ਉਸ ਨੇ ਸਿਰਫ਼ 30 ਕੁ ਸ਼ਬਦ ਹੀ ਕਹੇ, ਪਰ ਇਸ ਛੋਟੀ ਜਿਹੀ ਪ੍ਰਾਰਥਨਾ ਵਿਚ ਵੀ ਏਲੀਯਾਹ ਨੇ ਤਿੰਨ ਵਾਰ ਪਰਮੇਸ਼ੁਰ ਨੂੰ ਉਸ ਦੇ ਨਾਮ ਯਹੋਵਾਹ ਤੋਂ ਬੁਲਾਇਆ।

      ਬਆਲ ਸ਼ਬਦ ਦਾ ਮਤਲਬ ਹੈ, “ਮਾਲਕ।” ਇਹ ਕਨਾਨ ਦੇਸ਼ ਦਾ ਦੇਵਤਾ ਸੀ। ਉਸ ਜ਼ਮਾਨੇ ਦੇ ਅਲੱਗ-ਅਲੱਗ ਇਲਾਕਿਆਂ ਦੇ ਛੋਟੇ-ਮੋਟੇ ਦੇਵਤਿਆਂ ਨੂੰ ਵੀ ਬਆਲ ਕਿਹਾ ਜਾਂਦਾ ਸੀ। ਪਰ ਜਿੱਥੇ ਤਕ ਯਹੋਵਾਹ ਦੀ ਗੱਲ ਹੈ, ਪੂਰੇ ਬ੍ਰਹਿਮੰਡ ਵਿਚ ਸਿਰਫ਼ ਇਕ ਸ਼ਖ਼ਸ ਦਾ ਹੀ ਨਾਂ ਯਹੋਵਾਹ ਹੈ। ਉਸ ਨੇ ਆਪਣੇ ਲੋਕਾਂ ਨੂੰ ਕਿਹਾ: “ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ, ਮੈਂ ਆਪਣੀ ਮਹਿਮਾ ਹੋਰ ਕਿਸੇ ਨੂੰ ਨਹੀਂ ਦਿੰਦਾ।”—ਯਸਾਯਾਹ 42:8.

      ਏਲੀਯਾਹ ਦੀ ਪ੍ਰਾਰਥਨਾ ਸੁਣੀ ਗਈ, ਪਰ ਬਆਲ ਦੇ ਨਬੀਆਂ ਦੀ ਕਿਉਂ ਨਹੀਂ ਸੁਣੀ ਗਈ? ਬਆਲ ਦੀ ਭਗਤੀ ਕਰਨ ਵਾਲੇ ਲੋਕ ਅਨੈਤਿਕ ਕੰਮ ਕਰਦੇ ਸਨ, ਇੱਥੋਂ ਤਕ ਕਿ ਇਨਸਾਨਾਂ ਦੀ ਬਲ਼ੀ ਵੀ ਚੜ੍ਹਾਉਂਦੇ ਸਨ। ਪਰ ਯਹੋਵਾਹ ਚਾਹੁੰਦਾ ਸੀ ਕਿ ਉਸ ਦੇ ਸੇਵਕ ਚੰਗੇ ਕੰਮ ਕਰਨ, ਤਾਂ ਹੀ ਉਹ ਉਨ੍ਹਾਂ ਦੀ ਭਗਤੀ ਕਬੂਲ ਕਰੇਗਾ। ਸਾਡੀਆਂ ਪ੍ਰਾਰਥਨਾਵਾਂ ਤਾਂ ਹੀ ਸੁਣੀਆਂ ਜਾਣਗੀਆਂ ਜੇ ਅਸੀਂ ਯਹੋਵਾਹ ਦਾ ਨਾਂ ਲੈ ਕੇ ਉਸ ਨੂੰ ਪ੍ਰਾਰਥਨਾ ਕਰਾਂਗੇ। ਮੰਨ ਲਓ ਜੇ ਤੁਸੀਂ ਆਪਣੇ ਕਿਸੇ ਦੋਸਤ ਨੂੰ ਚਿੱਠੀ ਲਿਖਣੀ ਚਾਹੁੰਦੇ ਹੋ, ਤਾਂ ਕੀ ਤੁਸੀਂ ਕਿਸੇ ਹੋਰ ਦੇ ਨਾਂ ʼਤੇ ਚਿੱਠੀ ਭੇਜੋਗੇ? ਬਿਲਕੁਲ ਨਹੀਂ!

      ਏਲੀਯਾਹ ਅਤੇ ਬਆਲ ਦੇ ਨਬੀਆਂ ਦੇ ਕਿੱਸੇ ਤੋਂ ਇਹ ਸਾਬਤ ਹੁੰਦਾ ਹੈ ਕਿ ਜੇ ਅਸੀਂ ਸੱਚੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੀਏ, ਤਾਂ ਹੀ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ

      ਜਦੋਂ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋ, ਤਾਂ ਦਰਅਸਲ ਤੁਸੀਂ ਸਾਰੇ ਜਹਾਨ ਦੇ ਮਾਲਕ ਤੇ ਸ੍ਰਿਸ਼ਟੀਕਰਤਾ ਨੂੰ ਪ੍ਰਾਰਥਨਾ ਕਰ ਰਹੇ ਹੁੰਦੇ ਹੋ।a ਯਸਾਯਾਹ ਨਬੀ ਨੇ ਆਪਣੀ ਪ੍ਰਾਰਥਨਾ ਵਿਚ ਕਿਹਾ: “ਤੂੰ, ਹੇ ਯਹੋਵਾਹ, ਸਾਡਾ ਪਿਤਾ ਹੈਂ।” (ਯਸਾਯਾਹ 63:16) ਯਿਸੂ ਵੀ ਯਹੋਵਾਹ ਨੂੰ ਆਪਣਾ ਪਿਤਾ ਕਹਿੰਦਾ ਸੀ। ਜਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ “ਮੈਂ ਉੱਪਰ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾ ਰਿਹਾ ਹਾਂ,” ਤਾਂ ਇੱਥੇ ਉਹ ਯਹੋਵਾਹ ਦੀ ਗੱਲ ਕਰ ਰਿਹਾ ਸੀ। (ਯੂਹੰਨਾ 20:17) ਯਿਸੂ ਯਹੋਵਾਹ ਨੂੰ ਹੀ ਪ੍ਰਾਰਥਨਾ ਕਰਦਾ ਸੀ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਵੀ ਸਿਖਾਇਆ ਕਿ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਨ।​—ਮੱਤੀ 6:9.

      ਕੀ ਸਾਨੂੰ ਯਿਸੂ, ਮਰੀਅਮ, ਸੰਤਾਂ ਜਾਂ ਦੂਤਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ? ਨਹੀਂ, ਬਾਈਬਲ ਸਾਨੂੰ ਸਿਰਫ਼ ਯਹੋਵਾਹ ਨੂੰ ਹੀ ਪ੍ਰਾਰਥਨਾ ਕਰਨ ਲਈ ਕਹਿੰਦੀ ਹੈ। ਜ਼ਰਾ ਦੋ ਕਾਰਨਾਂ ʼਤੇ ਗੌਰ ਕਰੋ। ਪਹਿਲਾ, ਭਗਤੀ ਕਰਨ ਵਿਚ ਪ੍ਰਾਰਥਨਾ ਕਰਨੀ ਸ਼ਾਮਲ ਹੈ ਅਤੇ ਬਾਈਬਲ ਕਹਿੰਦੀ ਹੈ ਕਿ ਭਗਤੀ ਸਿਰਫ਼ ਯਹੋਵਾਹ ਦੀ ਹੀ ਕੀਤੀ ਜਾਣੀ ਚਾਹੀਦੀ ਹੈ। (ਕੂਚ 20:5) ਦੂਜਾ, ਬਾਈਬਲ ਵਿਚ ਪਰਮੇਸ਼ੁਰ ਨੂੰ ‘ਪ੍ਰਾਰਥਨਾ ਦਾ ਸੁਣਨ ਵਾਲਾ’ ਕਿਹਾ ਗਿਆ ਹੈ। (ਜ਼ਬੂਰ 65:2) ਭਾਵੇਂ ਕਿ ਯਹੋਵਾਹ ਦੂਜਿਆਂ ਨੂੰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦਿੰਦਾ ਹੈ, ਪਰ ਪ੍ਰਾਰਥਨਾ ਸੁਣਨ ਦੀ ਜ਼ਿੰਮੇਵਾਰੀ ਉਸ ਨੇ ਕਦੇ ਕਿਸੇ ਨੂੰ ਨਹੀਂ ਦਿੱਤੀ। ਉਹ ਵਾਅਦਾ ਕਰਦਾ ਹੈ ਕਿ ਉਹ ਆਪ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ।

      ਸੋ ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ “ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।” (ਰਸੂਲਾਂ ਦੇ ਕੰਮ 2:21) ਪਰ ਕੀ ਯਹੋਵਾਹ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ? ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਕਿਹੜੀ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ?

      a ਕੁਝ ਧਾਰਮਿਕ ਰੀਤੀ-ਰਿਵਾਜਾਂ ਮੁਤਾਬਕ ਰੱਬ ਦਾ ਨਾਂ ਲੈਣਾ ਗ਼ਲਤ ਹੈ, ਇੱਥੋਂ ਤਕ ਕਿ ਪ੍ਰਾਰਥਨਾ ਵਿਚ ਵੀ। ਪਰ ਜਦ ਸ਼ੁਰੂ ਵਿਚ ਬਾਈਬਲ ਲਿਖੀ ਗਈ ਸੀ, ਉਦੋਂ ਪਰਮੇਸ਼ੁਰ ਨੇ ਉਸ ਵਿਚ ਆਪਣਾ ਨਾਂ 7,000 ਤੋਂ ਵੀ ਜ਼ਿਆਦਾ ਵਾਰ ਲਿਖਵਾਇਆ ਸੀ। ਬਾਈਬਲ ਵਿਚ ਪਰਮੇਸ਼ੁਰ ਦੇ ਕਈ ਸੇਵਕਾਂ ਦੀਆਂ ਪ੍ਰਾਰਥਨਾਵਾਂ ਅਤੇ ਭਜਨ ਦਰਜ ਹਨ ਜਿਨ੍ਹਾਂ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਪਾਇਆ ਜਾਂਦਾ ਹੈ।

  • 3 ਪ੍ਰਾਰਥਨਾ ਕਿਵੇਂ ਕਰੀਏ?
    ਪਹਿਰਾਬੁਰਜ: ਪ੍ਰਾਰਥਨਾ ਬਾਰੇ ਸੱਤ ਸਵਾਲ
    • 3 ਪ੍ਰਾਰਥਨਾ ਕਿਵੇਂ ਕਰੀਏ?

      ਜਦੋਂ ਪ੍ਰਾਰਥਨਾ ਕਰਨ ਦੀ ਗੱਲ ਆਉਂਦੀ ਹੈ, ਤਾਂ ਕਈ ਧਰਮਾਂ ਵਿਚ ਇਸ ਗੱਲ ʼਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਕਿ ਅਸੀਂ ਖੜ੍ਹੇ ਹੋ ਕੇ ਜਾਂ ਬੈਠ ਕੇ ਪ੍ਰਾਰਥਨਾ ਕਰੀਏ ਤੇ ਕੁਝ ਖ਼ਾਸ ਸ਼ਬਦ ਕਹੀਏ। ਬਾਈਬਲ ਇਸ ਬਾਰੇ ਕੁਝ ਜ਼ਰੂਰੀ ਗੱਲਾਂ ਦੱਸਦੀ ਹੈ ਕਿ ਸਾਨੂੰ ਕਿਵੇਂ  ਪ੍ਰਾਰਥਨਾ ਕਰਨੀ ਚਾਹੀਦੀ ਹੈ।

      ਬਾਈਬਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਭਗਤਾਂ ਨੇ ਅਲੱਗ-ਅਲੱਗ ਥਾਂ ʼਤੇ ਅਤੇ ਅਲੱਗ-ਅਲੱਗ ਸਮੇਂ ʼਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਕੁਝ ਲੋਕਾਂ ਨੇ ਬੋਲ ਕੇ ਪ੍ਰਾਰਥਨਾ ਕੀਤੀ ਤੇ ਕਈਆਂ ਨੇ ਆਪਣੇ ਮਨ ਵਿਚ। ਕਦੇ ਉਨ੍ਹਾਂ ਨੇ ਆਕਾਸ਼ ਵੱਲ ਦੇਖ ਕੇ ਅਤੇ ਕਦੇ ਸਿਰ ਝੁਕਾ ਕੇ ਪ੍ਰਾਰਥਨਾ ਕੀਤੀ। ਪ੍ਰਾਰਥਨਾ ਕਰਨ ਲਈ ਤਸਵੀਰਾਂ, ਮਾਲਾ ਜਪਣ ਜਾਂ ਕਿਤਾਬਾਂ ਵਰਤਣ ਦੀ ਬਜਾਇ ਉਨ੍ਹਾਂ ਸਾਰਿਆਂ ਨੇ ਦਿਲੋਂ ਪ੍ਰਾਰਥਨਾ ਕੀਤੀ। ਪਰ ਕਿਹੜੀ ਗੱਲ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਦੀ ਸੁਣੀ?

      ਜਿੱਦਾਂ ਪਿਛਲੇ ਲੇਖ ਵਿਚ ਦੱਸਿਆ ਗਿਆ ਸੀ, ਉਨ੍ਹਾਂ ਸਾਰਿਆਂ ਨੇ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ, ਇਸੇ ਲਈ ਉਨ੍ਹਾਂ ਦੀ ਸੁਣੀ ਗਈ। ਬਾਈਬਲ ਇਸ ਦਾ ਇਕ ਹੋਰ ਕਾਰਨ ਦੱਸਦੀ ਹੈ। ਪਹਿਲਾ ਯੂਹੰਨਾ 5:14 ਵਿਚ ਲਿਖਿਆ ਹੈ: “ਸਾਨੂੰ ਉਸ ਉੱਤੇ ਭਰੋਸਾ ਹੈ ਕਿ ਅਸੀਂ ਉਸ ਦੀ ਇੱਛਾ ਅਨੁਸਾਰ  ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।” ਸੋ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਰੱਬ ਦੀ ਇੱਛਾ ਮੁਤਾਬਕ ਹੋਣੀਆਂ ਚਾਹੀਦੀਆਂ ਹਨ। ਪਰ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

      ਰੱਬ ਦੀ ਇੱਛਾ ਮੁਤਾਬਕ ਪ੍ਰਾਰਥਨਾ ਕਰਨ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਇੱਛਾ ਹੈ ਕੀ। ਉਸ ਦੀ ਇੱਛਾ ਜਾਣਨ ਲਈ ਸਾਨੂੰ ਉਸ ਦਾ ਬਚਨ ਬਾਈਬਲ ਪੜ੍ਹਨ ਦੀ ਲੋੜ ਹੈ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਰੱਬ ਉਦੋਂ ਤਕ ਸਾਡੀ ਪ੍ਰਾਰਥਨਾ ਨਹੀਂ ਸੁਣੇਗਾ ਜਦ ਤਕ ਅਸੀਂ ਬਾਈਬਲ ਦੀ ਹਰ ਗੱਲ ਜ਼ਬਾਨੀ ਯਾਦ ਨਹੀਂ ਕਰ ਲੈਂਦੇ? ਨਹੀਂ। ਰੱਬ ਤਾਂ ਸਿਰਫ਼ ਇੰਨਾ ਚਾਹੁੰਦਾ ਹੈ ਕਿ ਅਸੀਂ ਉਸ ਦੀ ਮਰਜ਼ੀ ਜਾਣਨ ਦੀ ਕੋਸ਼ਿਸ਼ ਕਰੀਏ ਅਤੇ ਉਸ ਮੁਤਾਬਕ ਕੰਮ ਕਰੀਏ। (ਮੱਤੀ 7:21-23) ਫਿਰ ਉਹ ਸਾਡੀ ਜ਼ਰੂਰ ਸੁਣੇਗਾ।

      ਜੇ ਅਸੀਂ ਪਰਮੇਸ਼ੁਰ ਦੀ ਇੱਛਾ ਮੁਤਾਬਕ, ਨਿਹਚਾ ਨਾਲ ਅਤੇ ਯਿਸੂ ਦੇ ਨਾਂ ʼਤੇ ਪ੍ਰਾਰਥਨਾ ਕਰੀਏ, ਤਾਂ ਪਰਮੇਸ਼ੁਰ ਸਾਡੀ ਜ਼ਰੂਰ ਸੁਣੇਗਾ

      ਯਹੋਵਾਹ ਅਤੇ ਉਸ ਦੀ ਇੱਛਾ ਬਾਰੇ ਸਿੱਖਣ ਨਾਲ ਸਾਡੀ ਨਿਹਚਾ ਵਧੇਗੀ। ਜੇ ਸਾਨੂੰ ਪਰਮੇਸ਼ੁਰ ʼਤੇ ਨਿਹਚਾ ਹੋਵੇਗੀ, ਤਾਂ ਹੀ ਉਹ ਸਾਡੀ ਪ੍ਰਾਰਥਨਾ ਸੁਣੇਗਾ। ਯਿਸੂ ਨੇ ਕਿਹਾ ਸੀ: “ਨਿਹਚਾ ਨਾਲ ਤੁਸੀਂ ਪ੍ਰਾਰਥਨਾ ਵਿਚ ਜੋ ਵੀ ਮੰਗੋਗੇ, ਉਹ ਸਭ ਕੁਝ ਤੁਹਾਨੂੰ ਮਿਲੇਗਾ।” (ਮੱਤੀ 21:22) ਨਿਹਚਾ ਕਰਨ ਦਾ ਮਤਲਬ ਅੰਨ੍ਹੇਵਾਹ ਭਰੋਸਾ ਕਰਨਾ ਨਹੀਂ ਹੈ। ਸਗੋਂ ਇਸ ਦਾ ਮਤਲਬ ਹੈ ਕਿ ਅਸੀਂ ਕਿਸੇ ਗੱਲ ʼਤੇ ਇਸ ਲਈ ਨਿਹਚਾ ਕਰੀਏ ਕਿਉਂਕਿ ਸਾਡੇ ਕੋਲ ਉਸ ʼਤੇ ਵਿਸ਼ਵਾਸ ਕਰਨ ਦਾ ਪੱਕਾ ਸਬੂਤ ਹੈ, ਭਾਵੇਂ ਕਿ ਅਸੀਂ ਉਸ ਨੂੰ ਦੇਖ ਨਹੀਂ ਸਕਦੇ। (ਇਬਰਾਨੀਆਂ 11:1) ਬਾਈਬਲ ਵਿਚ ਇਸ ਗੱਲ ਦੇ ਢੇਰ ਸਾਰੇ ਸਬੂਤ ਹਨ ਕਿ ਪਰਮੇਸ਼ੁਰ ਸੱਚ-ਮੁੱਚ ਹੈ, ਉਸ ʼਤੇ ਭਰੋਸਾ ਕੀਤਾ ਜਾ ਸਕਦਾ ਹੈ ਅਤੇ ਉਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜੋ ਉਸ ʼਤੇ ਨਿਹਚਾ ਕਰਦੇ ਹਨ। ਨਾਲੇ ਅਸੀਂ ਉਸ ਨੂੰ ਇਹ ਵੀ ਬੇਨਤੀ ਕਰ ਸਕਦੇ ਹਾਂ ਕਿ ਉਹ ਸਾਡੀ ਨਿਹਚਾ ਵਧਾਵੇ। ਯਹੋਵਾਹ ਖ਼ੁਸ਼ੀ-ਖ਼ੁਸ਼ੀ ਸਾਡੀ ਇਹ ਲੋੜ ਪੂਰੀ ਕਰਦਾ ਹੈ।​—​ਲੂਕਾ 17:5; ਯਾਕੂਬ 1:17.

      ਯਿਸੂ ਨੇ ਪ੍ਰਾਰਥਨਾ ਕਰਨ ਬਾਰੇ ਇਕ ਹੋਰ ਜ਼ਰੂਰੀ ਗੱਲ ਦੱਸੀ। ਉਸ ਨੇ ਕਿਹਾ: “ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਵਾਇ ਉਸ ਦੇ ਜੋ ਮੇਰੇ ਰਾਹੀਂ ਆਉਂਦਾ ਹੈ।” (ਯੂਹੰਨਾ 14:6) ਸੋ ਸਾਨੂੰ ਯਿਸੂ ਰਾਹੀਂ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਵੀ ਕਿਹਾ ਸੀ ਕਿ ਉਹ ਉਸ ਦੇ ਨਾਂ ʼਤੇ ਪ੍ਰਾਰਥਨਾ ਕਰਨ। (ਯੂਹੰਨਾ 14:13; 15:16) ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਯਿਸੂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਗੋਂ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਵੇਲੇ ਕਹਿਣਾ ਚਾਹੀਦਾ ਹੈ ਕਿ ਅਸੀਂ ਯਿਸੂ ਦੇ ਨਾਂ ʼਤੇ ਪ੍ਰਾਰਥਨਾ ਕਰ ਰਹੇ ਹਾਂ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਯਿਸੂ ਕਰਕੇ ਹੀ ਆਪਣੇ ਪਿਤਾ ਨਾਲ ਗੱਲ ਕਰ ਸਕਦੇ ਹਾਂ।

      ਇਕ ਵਾਰ ਯਿਸੂ ਦੇ ਚੇਲਿਆਂ ਨੇ ਉਸ ਨੂੰ ਕਿਹਾ: “ਪ੍ਰਭੂ, ਸਾਨੂੰ ਪ੍ਰਾਰਥਨਾ ਕਰਨੀ ਸਿਖਾ।” (ਲੂਕਾ 11:1) ਉਹ ਇਹ ਨਹੀਂ ਪੁੱਛ ਰਹੇ ਸਨ ਕਿ ਉਹ ਕਿਸ ਨੂੰ ਪ੍ਰਾਰਥਨਾ ਕਰਨ ਤੇ ਕਿਵੇਂ ਪ੍ਰਾਰਥਨਾ ਕਰਨ। ਸਗੋਂ ਉਹ ਇਹ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਪ੍ਰਾਰਥਨਾ ਵਿਚ ਕੀ ਕਹਿਣਾ ਚਾਹੀਦਾ ਹੈ।

  • 4 ਪ੍ਰਾਰਥਨਾ ਵਿਚ ਕੀ ਕਹੀਏ?
    ਪਹਿਰਾਬੁਰਜ: ਪ੍ਰਾਰਥਨਾ ਬਾਰੇ ਸੱਤ ਸਵਾਲ
    • 4 ਪ੍ਰਾਰਥਨਾ ਵਿਚ ਕੀ ਕਹੀਏ?

      ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ। ਲੋਕ ਇਸ ਨੂੰ ਪ੍ਰਭੂ ਦੀ ਪ੍ਰਾਰਥਨਾ ਵੀ ਕਹਿੰਦੇ ਹਨ। ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਪ੍ਰਾਰਥਨਾ ਮੂੰਹ-ਜ਼ਬਾਨੀ ਯਾਦ ਹੈ, ਉਹ ਦਿਨ ਵਿਚ ਕਈ ਵਾਰ ਇਹ ਪ੍ਰਾਰਥਨਾ ਦੁਹਰਾਉਂਦੇ ਹਨ। ਪਰ ਯਿਸੂ ਨਹੀਂ ਚਾਹੁੰਦਾ ਸੀ ਕਿ ਅਸੀਂ ਇਹ ਪ੍ਰਾਰਥਨਾ ਰਟ ਲਈਏ ਜਾਂ ਇਸ ਨੂੰ ਦੁਹਰਾਉਂਦੇ ਰਹੀਏ। ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ?

      ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਸਿਖਾਉਣ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ: ‘ਪ੍ਰਾਰਥਨਾ ਕਰਦੇ ਹੋਏ ਰਟੀਆਂ-ਰਟਾਈਆਂ ਗੱਲਾਂ ਨਾ ਕਹੋ।’ (ਮੱਤੀ 6:7) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਨਹੀਂ ਚਾਹੁੰਦਾ ਸੀ ਕਿ ਲੋਕ ਉਸ ਦੀ ਸਿਖਾਈ ਪ੍ਰਾਰਥਨਾ ਰਟ ਲੈਣ ਅਤੇ ਇਸ ਨੂੰ ਦੁਹਰਾਉਂਦੇ ਰਹਿਣ। ਯਿਸੂ ਤਾਂ ਸਿਰਫ਼ ਕੁਝ ਜ਼ਰੂਰੀ ਗੱਲਾਂ ਬਾਰੇ ਦੱਸ ਰਿਹਾ ਸੀ ਜਿਨ੍ਹਾਂ ਬਾਰੇ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ। ਇਹ ਪ੍ਰਾਰਥਨਾ ਬਾਈਬਲ ਵਿਚ ਮੱਤੀ 6:9-13 ਵਿਚ ਦਰਜ ਹੈ। ਆਓ ਇਸ ਵੱਲ ਧਿਆਨ ਦੇਈਏ।

      “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।”

      ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਸਿਰਫ਼ ਉਸ ਦੇ ਪਿਤਾ ਯਹੋਵਾਹ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਣਾ ਇੰਨਾ ਜ਼ਰੂਰੀ ਕਿਉਂ ਹੈ?

      ਜਦੋਂ ਤੋਂ ਪਹਿਲੇ ਆਦਮੀ ਅਤੇ ਔਰਤ ਨੂੰ ਬਣਾਇਆ ਗਿਆ, ਉਦੋਂ ਤੋਂ ਹੀ ਸ਼ੈਤਾਨ ਨੇ ਪਰਮੇਸ਼ੁਰ ਦੇ ਪਵਿੱਤਰ ਨਾਂ ਨੂੰ ਬਦਨਾਮ ਕੀਤਾ ਹੈ। (ਉਤਪਤ 3:1-6) ਸ਼ੈਤਾਨ ਕਹਿੰਦਾ ਹੈ ਕਿ ਯਹੋਵਾਹ ਝੂਠਾ ਹੈ, ਸੁਆਰਥੀ ਹੈ ਅਤੇ ਉਸ ਨੂੰ ਇਨਸਾਨਾਂ ʼਤੇ ਰਾਜ ਕਰਨ ਦਾ ਕੋਈ ਹੱਕ ਨਹੀਂ। ਬਹੁਤ ਸਾਰੇ ਲੋਕ ਸ਼ੈਤਾਨ ਦੀ ਇਸ ਗੱਲ ਨੂੰ ਸੱਚ ਮੰਨਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਰਮੇਸ਼ੁਰ ਨਿਰਦਈ ਹੈ ਅਤੇ ਉਸ ਨੂੰ ਇਨਸਾਨਾਂ ਦੀ ਕੋਈ ਪਰਵਾਹ ਨਹੀਂ ਹੈ। ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਰੱਬ ਹੈ ਹੀ ਨਹੀਂ। ਨਾਲੇ ਕਈ ਲੋਕਾਂ ਨੇ ਤਾਂ ਬਾਈਬਲਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਹੀ ਕੱਢ ਦਿੱਤਾ ਹੈ ਅਤੇ ਉਹ ਕਹਿੰਦੇ ਹਨ ਕਿ ਸਾਨੂੰ ਪਰਮੇਸ਼ੁਰ ਦਾ ਨਾਂ ਨਹੀਂ ਲੈਣਾ ਚਾਹੀਦਾ।

      ਭਾਵੇਂ ਪਰਮੇਸ਼ੁਰ ਦੇ ਨਾਂ ਦਾ ਅਪਮਾਨ ਕੀਤਾ ਗਿਆ, ਪਰ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਆਪਣੇ ਨਾਂ ਨੂੰ ਪਵਿੱਤਰ ਕਰੇਗਾ। (ਹਿਜ਼ਕੀਏਲ 39:7) ਇਸ ਦੇ ਨਾਲ-ਨਾਲ ਉਹ ਇਨਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰੇਗਾ। ਪਰ ਉਹ ਇਹ ਸਭ ਕਿਵੇਂ ਕਰੇਗਾ? ਯਿਸੂ ਦੀ ਪ੍ਰਾਰਥਨਾ ਤੋਂ ਸਾਨੂੰ ਇਸ ਗੱਲ ਦਾ ਜਵਾਬ ਮਿਲਦਾ ਹੈ।

      “ਤੇਰਾ ਰਾਜ ਆਵੇ।”

      ਅੱਜ ਬਹੁਤ ਸਾਰੇ ਧਰਮ ਗੁਰੂ ਇਹ ਨਹੀਂ ਜਾਣਦੇ ਕਿ ਪਰਮੇਸ਼ੁਰ ਦਾ ਰਾਜ ਕੀ ਹੈ। ਇਸ ਬਾਰੇ ਉਨ੍ਹਾਂ ਦੇ ਅਲੱਗ-ਅਲੱਗ ਵਿਚਾਰ ਹਨ। ਪਰ ਯਿਸੂ ਦੇ ਚੇਲੇ ਜਾਣਦੇ ਸਨ ਕਿ ਪਰਮੇਸ਼ੁਰ ਦਾ ਰਾਜ ਇਕ ਸਰਕਾਰ ਹੈ। ਪੁਰਾਣੇ ਜ਼ਮਾਨੇ ਵਿਚ ਰੱਬ ਦੇ ਨਬੀਆਂ ਨੇ ਦੱਸਿਆ ਸੀ ਕਿ ਇਸ ਰਾਜ ਦਾ ਰਾਜਾ ਮਸੀਹ ਹੋਵੇਗਾ ਜਿਸ ਨੂੰ ਪਰਮੇਸ਼ੁਰ ਖ਼ੁਦ ਚੁਣੇਗਾ। (ਯਸਾਯਾਹ 9:6, 7; ਦਾਨੀਏਲ 2:44) ਪਰਮੇਸ਼ੁਰ ਦਾ ਰਾਜ ਸ਼ੈਤਾਨ ਦੇ ਝੂਠ ਦਾ ਪਰਦਾਫ਼ਾਸ਼ ਕਰੇਗਾ ਅਤੇ ਪਰਮੇਸ਼ੁਰ ਦੇ ਨਾਂ ʼਤੇ ਲੱਗਿਆ ਕਲੰਕ ਮਿਟਾਵੇਗਾ। ਉਹ ਸ਼ੈਤਾਨ ਨੂੰ ਵੀ ਖ਼ਤਮ ਕਰ ਦੇਵੇਗਾ। ਪਰਮੇਸ਼ੁਰ ਦੇ ਰਾਜ ਵਿਚ ਯੁੱਧ ਨਹੀਂ ਹੋਣਗੇ, ਕੋਈ ਬੀਮਾਰ ਨਹੀਂ ਹੋਵੇਗਾ, ਖਾਣੇ ਦੀ ਕਮੀ ਨਹੀਂ ਹੋਵੇਗੀ ਅਤੇ ਕਿਸੇ ਦੀ ਵੀ ਮੌਤ ਨਹੀਂ ਹੋਵੇਗੀ। (ਜ਼ਬੂਰ 46:9; 72:12-16; ਯਸਾਯਾਹ 25:8; 33:24) ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਕਿ ਪਰਮੇਸ਼ੁਰ ਦਾ ਰਾਜ ਆਵੇ, ਤਾਂ ਦਰਅਸਲ ਤੁਸੀਂ ਇਹ ਕਹਿ ਰਹੇ ਹੁੰਦੇ ਹੋ ਕਿ ਪਰਮੇਸ਼ੁਰ ਦੇ ਇਹ ਸਾਰੇ ਵਾਅਦੇ ਪੂਰੇ ਹੋਣ।

      “ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।”

      ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਪਰਮੇਸ਼ੁਰ ਦੀ ਮਰਜ਼ੀ ਸਵਰਗ ਵਿਚ ਪੂਰੀ ਹੁੰਦੀ ਹੈ, ਉਸੇ ਤਰ੍ਹਾਂ ਧਰਤੀ ʼਤੇ ਵੀ ਉਸ ਦੀ ਮਰਜ਼ੀ ਜ਼ਰੂਰ ਪੂਰੀ ਹੋਵੇਗੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਯਿਸੂ ਨੇ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਥੱਲੇ ਧਰਤੀ ʼਤੇ ਸੁੱਟ ਦਿੱਤਾ ਸੀ। (ਪ੍ਰਕਾਸ਼ ਦੀ ਕਿਤਾਬ 12:9-12) ਉਦੋਂ ਤੋਂ ਸਵਰਗ ਵਿਚ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋ ਰਹੀ ਹੈ ਅਤੇ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਸ ਦੀ ਮਰਜ਼ੀ ਧਰਤੀ ʼਤੇ ਵੀ ਪੂਰੀ ਹੋਵੇਗੀ। ਯਿਸੂ ਨੇ ਪ੍ਰਾਰਥਨਾ ਵਿਚ ਜਿਹੜੀਆਂ ਤਿੰਨ ਬੇਨਤੀਆਂ ਕੀਤੀਆਂ, ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਹੜੀ ਗੱਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਸਾਡੀ ਇੱਛਾ ਪੂਰੀ ਹੋਵੇ, ਸਗੋਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਣੀ ਚਾਹੀਦੀ ਹੈ। ਪਰਮੇਸ਼ੁਰ ਦੀ ਇੱਛਾ ਪੂਰੀ ਹੋਣ ਨਾਲ ਹੀ ਸਾਡਾ ਸਾਰਿਆਂ ਦਾ ਭਲਾ ਹੋਵੇਗਾ। ਇਸੇ ਕਰਕੇ ਯਿਸੂ ਨੇ ਆਪਣੇ ਪਿਤਾ ਯਹੋਵਾਹ ਨੂੰ ਕਿਹਾ: “ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਉਹੀ ਹੋਵੇ ਜੋ ਤੂੰ ਚਾਹੁੰਦਾ ਹੈਂ।”​—ਲੂਕਾ 22:42.

      “ਸਾਨੂੰ ਅੱਜ ਦੀ ਰੋਟੀ ਅੱਜ ਦੇ।”

      ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ। ਹਰ ਦਿਨ ਦੀਆਂ ਲੋੜਾਂ ਲਈ ਪ੍ਰਾਰਥਨਾ ਕਰ ਕੇ ਅਸੀਂ ਦਿਖਾ ਰਹੇ ਹੋਵਾਂਗੇ ਕਿ ਯਹੋਵਾਹ ਹੀ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਉਹੀ “ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ ਤੇ ਹੋਰ ਸਾਰੀਆਂ ਚੀਜ਼ਾਂ ਬਖ਼ਸ਼ਦਾ ਹੈ।” (ਰਸੂਲਾਂ ਦੇ ਕੰਮ 17:25) ਜਿਵੇਂ ਮਾਪੇ ਖ਼ੁਸ਼ੀ-ਖ਼ੁਸ਼ੀ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਉਸੇ ਤਰ੍ਹਾਂ ਯਹੋਵਾਹ ਵੀ ਆਪਣੇ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਪਰ ਜਿਵੇਂ ਮਾਪੇ ਆਪਣੇ ਬੱਚਿਆਂ ਦੀ ਹਰ ਗੱਲ ਨਹੀਂ ਮੰਨਦੇ, ਉਸੇ ਤਰ੍ਹਾਂ ਯਹੋਵਾਹ ਸਾਡੀ ਉਹ ਬੇਨਤੀ ਨਹੀਂ ਸੁਣਦਾ ਜੋ ਸਾਡੇ ਲਈ ਸਹੀ ਨਹੀਂ ਜਾਂ ਜਿਸ ਤੋਂ ਸਾਨੂੰ ਨੁਕਸਾਨ ਹੋ ਸਕਦਾ ਹੈ।

      “ਸਾਡੇ ਪਾਪ ਮਾਫ਼ ਕਰ।”

      ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਪਾਪਾਂ ਲਈ ਪਰਮੇਸ਼ੁਰ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ? ਅੱਜ ਕਈ ਲੋਕਾਂ ਨੂੰ ਨਹੀਂ ਪਤਾ ਕਿ ਪਾਪ ਕੀ ਹੈ ਅਤੇ ਇਸ ਦੇ ਕਿੰਨੇ ਬੁਰੇ ਨਤੀਜੇ ਨਿਕਲਦੇ ਹਨ। ਬਾਈਬਲ ਦੱਸਦੀ ਹੈ ਕਿ ਅਸੀਂ ਜਨਮ ਤੋਂ ਹੀ ਪਾਪੀ ਹਾਂ ਅਤੇ ਇਸੇ ਕਰਕੇ ਅਸੀਂ ਕਈ ਵਾਰ ਕੁਝ ਗ਼ਲਤ ਕਹਿ ਦਿੰਦੇ ਹਾਂ ਜਾਂ ਕੁਝ ਗ਼ਲਤ ਕਰ ਦਿੰਦੇ ਹਾਂ। ਪਾਪੀ ਹੋਣ ਕਰਕੇ ਹੀ ਅਸੀਂ ਬੁੱਢੇ ਹੋ ਕੇ ਮਰ ਜਾਂਦੇ ਹਾਂ। ਪਰ ਜੇ ਪਰਮੇਸ਼ੁਰ ਸਾਨੂੰ ਮਾਫ਼ ਕਰੇ, ਤਾਂ ਅੱਗੇ ਜਾ ਕੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ ਅਤੇ ਉਹ ਸਾਨੂੰ ਮਾਫ਼ ਕਰਦਾ ਵੀ ਹੈ। (ਰੋਮੀਆਂ 3:23; 5:12; 6:23) ਇਸ ਲਈ ਬਾਈਬਲ ਵਿਚ ਉਸ ਬਾਰੇ ਲਿਖਿਆ ਹੈ: “ਹੇ ਯਹੋਵਾਹ, ਤੂੰ ਭਲਾ ਹੈਂ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ।”​—ਜ਼ਬੂਰ 86:5.

      “ਸਾਨੂੰ ਸ਼ੈਤਾਨ ਤੋਂ ਬਚਾ।”

      ਕੁਝ ਬਾਈਬਲਾਂ ਵਿਚ ਲਿਖਿਆ ਹੈ: ‘ਸਾਨੂੰ ਬੁਰਿਆਈ ਤੋਂ ਬਚਾ।’ ਪਰ ਜਦੋਂ ਬਾਈਬਲ ਲਿਖੀ ਗਈ ਸੀ, ਉਦੋਂ ਇਸ ਆਇਤ ਵਿਚ ਸ਼ੈਤਾਨ ਦਾ ਜ਼ਿਕਰ ਕੀਤਾ ਗਿਆ ਸੀ। ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ। ਉਹੀ ਸਾਨੂੰ ਸ਼ੈਤਾਨ ਤੋਂ ਬਚਾ ਸਕਦਾ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ਸ਼ੈਤਾਨ ਨਹੀਂ ਹੈ। ਪਰ ਯਿਸੂ ਨੇ ਦੱਸਿਆ ਕਿ ਸ਼ੈਤਾਨ ਸੱਚ-ਮੁੱਚ ਹੈ। ਉਸ ਨੇ ਤਾਂ ਸ਼ੈਤਾਨ ਨੂੰ ਇਸ ‘ਦੁਨੀਆਂ ਦਾ ਹਾਕਮ’ ਵੀ ਕਿਹਾ। (ਯੂਹੰਨਾ 12:31; 16:11) ਸ਼ੈਤਾਨ ਦੁਨੀਆਂ ਨੂੰ ਤਾਂ ਪਰਮੇਸ਼ੁਰ ਤੋਂ ਦੂਰ ਕਰ ਹੀ ਚੁੱਕਾ ਹੈ, ਪਰ ਹੁਣ ਉਹ ਤੁਹਾਨੂੰ ਉਸ ਤੋਂ ਦੂਰ ਕਰਨਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਤੁਹਾਡਾ ਪਰਮੇਸ਼ੁਰ ਨਾਲ ਇਕ ਰਿਸ਼ਤਾ ਹੋਵੇ। (1 ਪਤਰਸ 5:8) ਪਰ ਯਹੋਵਾਹ ਸ਼ੈਤਾਨ ਤੋਂ ਕਿਤੇ ਜ਼ਿਆਦਾ ਤਾਕਤਵਰ ਹੈ ਅਤੇ ਉਹ ਉਨ੍ਹਾਂ ਲੋਕਾਂ ਦੀ ਰੱਖਿਆ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।

      ਯਿਸੂ ਦੀ ਸਿਖਾਈ ਪ੍ਰਾਰਥਨਾ ਤੋਂ ਅਸੀਂ ਸਿੱਖਿਆ ਕਿ ਸਾਨੂੰ ਕਿਨ੍ਹਾਂ ਜ਼ਰੂਰੀ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਅਸੀਂ ਹੋਰ ਗੱਲਾਂ ਬਾਰੇ ਵੀ ਪ੍ਰਾਰਥਨਾ ਕਰ ਸਕਦੇ ਹਾਂ। ਪਹਿਲਾ ਯੂਹੰਨਾ 5:14 ਵਿਚ ਲਿਖਿਆ ਹੈ: “ਅਸੀਂ ਉਸ ਦੀ ਇੱਛਾ ਅਨੁਸਾਰ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।” ਇਸ ਲਈ ਕਦੇ ਵੀ ਇੱਦਾਂ ਨਾ ਸੋਚੋ ਕਿ ‘ਇਹ ਤਾਂ ਛੋਟੀ ਜਿਹੀ ਗੱਲ ਹੈ, ਇਸ ਬਾਰੇ ਪ੍ਰਾਰਥਨਾ ਕਰਨ ਦੀ ਕੀ ਲੋੜ ਹੈ।’ ਤੁਸੀਂ ਯਹੋਵਾਹ ਨੂੰ ਆਪਣੇ ਦਿਲ ਦੀ ਹਰ ਗੱਲ ਦੱਸ ਸਕਦੇ ਹੋ।​—1 ਪਤਰਸ 5:7.

      ਪਰ ਸਾਨੂੰ ਕਿੱਥੇ ਅਤੇ ਕਦੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ?

  • 5 ਪ੍ਰਾਰਥਨਾ ਕਦੋਂ ਅਤੇ ਕਿੱਥੇ ਕਰੀਏ?
    ਪਹਿਰਾਬੁਰਜ: ਪ੍ਰਾਰਥਨਾ ਬਾਰੇ ਸੱਤ ਸਵਾਲ
    • 5 ਪ੍ਰਾਰਥਨਾ ਕਦੋਂ ਅਤੇ ਕਿੱਥੇ ਕਰੀਏ?

      ਤੁਸੀਂ ਜ਼ਰੂਰ ਦੇਖਿਆ ਹੋਣਾ ਕਿ ਜ਼ਿਆਦਾਤਰ ਧਰਮਾਂ ਦੇ ਲੋਕ ਕਿਸੇ ਖ਼ਾਸ ਸਮੇਂ ਅਤੇ ਖ਼ਾਸ ਜਗ੍ਹਾ ʼਤੇ ਪ੍ਰਾਰਥਨਾ ਕਰਦੇ ਹਨ। ਪਰ ਕੀ ਬਾਈਬਲ ਵੀ ਸਾਨੂੰ ਇੱਦਾਂ ਕਰਨ ਲਈ ਕਹਿੰਦੀ ਹੈ?

      ਬਾਈਬਲ ਦੱਸਦੀ ਹੈ ਕਿ ਅਸੀਂ ਕਿਨ੍ਹਾਂ ਕੁਝ ਮੌਕਿਆਂ ʼਤੇ ਪ੍ਰਾਰਥਨਾ ਕਰ ਸਕਦੇ ਹਾਂ। ਯਿਸੂ ਨੇ ਰੋਟੀ ਖਾਣ ਤੋਂ ਪਹਿਲਾਂ ਆਪਣੇ ਚੇਲਿਆਂ ਨਾਲ ਪ੍ਰਾਰਥਨਾ ਕੀਤੀ ਸੀ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਸੀ। (ਲੂਕਾ 22:17) ਜਦ ਯਿਸੂ ਦੇ ਚੇਲੇ ਭਗਤੀ ਕਰਨ ਲਈ ਇਕੱਠੇ ਹੁੰਦੇ ਸਨ, ਉਦੋਂ ਵੀ ਉਹ ਪ੍ਰਾਰਥਨਾ ਕਰਦੇ ਸਨ। ਇੱਦਾਂ ਕਰ ਕੇ ਚੇਲੇ ਉਸ ਰੀਤ ਮੁਤਾਬਕ ਚੱਲ ਰਹੇ ਸਨ ਜੋ ਯਹੂਦੀਆਂ ਦੇ ਸਭਾ-ਘਰਾਂ ਅਤੇ ਯਰੂਸ਼ਲਮ ਦੇ ਮੰਦਰ ਵਿਚ ਸਾਲਾਂ ਤੋਂ ਮਨਾਈ ਜਾ ਰਹੀ ਸੀ। ਪਰਮੇਸ਼ੁਰ ਚਾਹੁੰਦਾ ਸੀ ਕਿ ਜਿਸ ਜਗ੍ਹਾ ਲੋਕ ਉਸ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਨ, ਉਹ “ਸਭ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇ।”​—ਮਰਕੁਸ 11:17.

      ਜਦ ਪਰਮੇਸ਼ੁਰ ਦੇ ਸੇਵਕ ਇਕੱਠੇ ਹੁੰਦੇ ਹਨ ਤੇ ਉਸ ਦੀ ਇੱਛਾ ਮੁਤਾਬਕ ਪ੍ਰਾਰਥਨਾ ਕਰਦੇ ਹਨ, ਤਾਂ ਪਰਮੇਸ਼ੁਰ ਉਨ੍ਹਾਂ ਦੀ ਜ਼ਰੂਰ ਸੁਣਦਾ ਹੈ। ਉਹ ਪ੍ਰਾਰਥਨਾ ਵਿਚ ਜੋ ਮੰਗਦੇ ਹਨ, ਯਹੋਵਾਹ ਉਨ੍ਹਾਂ ਨੂੰ ਦੇਣ ਲਈ ਤਿਆਰ ਹੋ ਜਾਂਦਾ ਹੈ, ਫਿਰ ਭਾਵੇਂ ਉਸ ਨੇ ਪਹਿਲਾਂ ਇੱਦਾਂ ਕਰਨ ਦਾ ਸੋਚਿਆ ਵੀ ਨਾ ਹੋਵੇ। (ਇਬਰਾਨੀਆਂ 13:18, 19) ਯਹੋਵਾਹ ਦੇ ਗਵਾਹ ਆਪਣੀ ਸਭਾ ਦੇ ਸ਼ੁਰੂ ਅਤੇ ਅਖ਼ੀਰ ਵਿਚ ਪ੍ਰਾਰਥਨਾ ਕਰਦੇ ਹਨ। ਤੁਸੀਂ ਵੀ ਉਨ੍ਹਾਂ ਦੀ ਸਭਾ ਵਿਚ ਜਾ ਕੇ ਦੇਖ ਸਕਦੇ ਹੋ ਕਿ ਉਹ ਕਿਵੇਂ ਪ੍ਰਾਰਥਨਾ ਕਰਦੇ ਹਨ।

      ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਸਾਨੂੰ ਕਿਸੇ ਖ਼ਾਸ ਜਗ੍ਹਾ ਜਾਂ ਕਿਸੇ ਖ਼ਾਸ ਸਮੇਂ ʼਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਇਸ ਵਿਚ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਸੇਵਕਾਂ ਨੇ ਅਲੱਗ-ਅਲੱਗ ਜਗ੍ਹਾ ਅਤੇ ਸਮੇਂ ʼਤੇ ਉਸ ਨੂੰ ਪ੍ਰਾਰਥਨਾ ਕੀਤੀ। ਯਿਸੂ ਨੇ ਕਿਹਾ ਸੀ: “ਜਦ ਤੂੰ ਪ੍ਰਾਰਥਨਾ ਕਰੇਂ, ਤਾਂ ਆਪਣੇ ਕਮਰੇ ਵਿਚ ਜਾਹ ਅਤੇ ਦਰਵਾਜ਼ਾ ਬੰਦ ਕਰ ਕੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰ ਜਿਸ ਨੂੰ ਕੋਈ ਦੇਖ ਨਹੀਂ ਸਕਦਾ। ਫਿਰ ਤੇਰਾ ਪਿਤਾ ਜੋ ਸਭ ਕੁਝ ਦੇਖਦਾ ਹੈ, ਤੈਨੂੰ ਫਲ ਦੇਵੇਗਾ।”​—ਮੱਤੀ 6:6.

      ਅਸੀਂ ਕਿਸੇ ਵੀ ਜਗ੍ਹਾ ਅਤੇ ਕਿਸੇ ਵੀ ਸਮੇਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹਾਂ

      ਜ਼ਰਾ ਸੋਚੋ, ਤੁਸੀਂ ਸਾਰੇ ਜਹਾਨ ਦੇ ਮਾਲਕ ਯਹੋਵਾਹ ਨਾਲ ਕਿਸੇ ਵੀ ਵੇਲੇ ਗੱਲ ਕਰ ਸਕਦੇ ਹੋ! ਜੇ ਤੁਸੀਂ ਉਸ ਨਾਲ ਇਕੱਲਿਆਂ ਵਿਚ ਵੀ ਗੱਲ ਕਰਦੇ ਹੋ, ਤਾਂ ਵੀ ਉਹ ਸੁਣੇਗਾ। ਯਿਸੂ ਨੇ ਵੀ ਕਈ ਵਾਰ ਇਕੱਲੇ ਹੋ ਕੇ ਪ੍ਰਾਰਥਨਾ ਕੀਤੀ। ਇਕ ਵਾਰ ਜਦ ਉਸ ਨੇ ਇਕ ਅਹਿਮ ਫ਼ੈਸਲਾ ਕਰਨਾ ਸੀ, ਤਾਂ ਉਸ ਨੇ ਪੂਰੀ ਰਾਤ ਪਰਮੇਸ਼ੁਰ ਨਾਲ ਗੱਲ ਕੀਤੀ।​—ਲੂਕਾ 6:12, 13.

      ਬਾਈਬਲ ਵਿਚ ਦੱਸਿਆ ਗਿਆ ਹੈ ਕਿ ਜਦ ਪਰਮੇਸ਼ੁਰ ਦੇ ਸੇਵਕਾਂ ਨੇ ਕੋਈ ਜ਼ਰੂਰੀ ਫ਼ੈਸਲਾ ਕਰਨਾ ਹੁੰਦਾ ਸੀ ਜਾਂ ਜਦੋਂ ਉਹ ਕਿਸੇ ਮੁਸ਼ਕਲ ਵਿਚ ਹੁੰਦੇ ਸਨ, ਤਾਂ ਉਹ ਪ੍ਰਾਰਥਨਾ ਕਰਦੇ ਸਨ। ਕਈ ਵਾਰ ਉਨ੍ਹਾਂ ਨੇ ਬੋਲ ਕੇ ਪ੍ਰਾਰਥਨਾ ਕੀਤੀ ਤੇ ਕਈ ਵਾਰ ਆਪਣੇ ਮਨ ਵਿਚ। ਕਦੀ ਉਨ੍ਹਾਂ ਨੇ ਦੂਸਰਿਆਂ ਨਾਲ ਮਿਲ ਕੇ ਪ੍ਰਾਰਥਨਾ ਕੀਤੀ, ਪਰ ਕਈ ਵਾਰ ਇਕੱਲਿਆਂ ਵਿਚ। ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਉਨ੍ਹਾਂ ਨੇ ਕਿਵੇਂ ਪ੍ਰਾਰਥਨਾ ਕੀਤੀ, ਸਗੋਂ ਜ਼ਰੂਰੀ ਗੱਲ ਇਹ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਨਾਲ ਗੱਲ ਕੀਤੀ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ। ਇਸੇ ਲਈ ਉਸ ਨੇ ਲਿਖਵਾਇਆ: “ਲਗਾਤਾਰ ਪ੍ਰਾਰਥਨਾ ਕਰਦੇ ਰਹੋ।” (1 ਥੱਸਲੁਨੀਕੀਆਂ 5:17) ਉਸ ਦੇ ਸੇਵਕ ਚਾਹੇ ਕਿੰਨੀ ਹੀ ਵਾਰ ਉਸ ਨੂੰ ਪ੍ਰਾਰਥਨਾ ਕਿਉਂ ਨਾ ਕਰਨ, ਉਹ ਉਨ੍ਹਾਂ ਦੀ ਸੁਣਦਾ ਹੈ। ਸੱਚ-ਮੁੱਚ, ਪਰਮੇਸ਼ੁਰ ਸਾਨੂੰ ਕਿੰਨਾ ਪਿਆਰ ਕਰਦਾ ਹੈ!

      ਕਈ ਲੋਕ ਸੋਚਦੇ ਹਨ ਕਿ ਕੀ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਵੀ ਹੈ। ਕੀ ਤੁਸੀਂ ਵੀ ਇੱਦਾਂ ਹੀ ਸੋਚਦੇ ਹੋ?

  • 6 ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਹੈ?
    ਪਹਿਰਾਬੁਰਜ: ਪ੍ਰਾਰਥਨਾ ਬਾਰੇ ਸੱਤ ਸਵਾਲ
    • 6 ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਹੈ?

      ਕੀ ਰੱਬ ਨੂੰ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਹੈ? ਬਾਈਬਲ ਦੱਸਦੀ ਹੈ ਕਿ ਜਦ ਪਰਮੇਸ਼ੁਰ ਦੇ ਸੇਵਕ ਪ੍ਰਾਰਥਨਾ ਕਰਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। (ਲੂਕਾ 22:40; ਯਾਕੂਬ 5:13) ਪ੍ਰਾਰਥਨਾ ਕਰਨ ਨਾਲ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਹੈ, ਸਾਨੂੰ ਹਿੰਮਤ ਮਿਲਦੀ ਹੈ, ਅਸੀਂ ਖ਼ੁਸ਼ ਰਹਿੰਦੇ ਹਾਂ ਤੇ ਸਾਡੀ ਸਿਹਤ ਵੀ ਵਧੀਆ ਰਹਿੰਦੀ ਹੈ। ਉਹ ਕਿਵੇਂ?

      ਮੰਨ ਲਓ ਕਿ ਕੋਈ ਤੁਹਾਡੇ ਬੱਚੇ ਨੂੰ ਇਕ ਤੋਹਫ਼ਾ ਦਿੰਦਾ ਹੈ। ਅਜਿਹੇ ਮੌਕੇ ʼਤੇ ਤੁਸੀਂ ਅਕਸਰ ਆਪਣੇ ਬੱਚੇ ਨੂੰ ਧੰਨਵਾਦ ਕਹਿਣ ਲਈ ਕਹਿੰਦੇ ਹੋ। ਅਸੀਂ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਸਿਖਾਉਂਦੇ ਹਾਂ ਕਿ ਜੇ ਉਹ ਕਿਸੇ ਦੇ ਅਹਿਸਾਨਮੰਦ ਹੋਣ, ਤਾਂ ਉਹ ਬੋਲ ਕੇ ਇਸ ਨੂੰ ਜ਼ਾਹਰ ਵੀ ਕਰਨ। ਜਦ ਅਸੀਂ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿਚ ਬਿਆਨ ਕਰਦੇ ਹਾਂ, ਤਾਂ ਇਸ ਦਾ ਸਾਡੇ ਦਿਲ ʼਤੇ ਗਹਿਰਾ ਅਸਰ ਪੈਂਦਾ ਹੈ। ਸੋ ਜਦ ਅਸੀਂ ਪਰਮੇਸ਼ੁਰ ਅੱਗੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਹਾਂ, ਤਾਂ ਉਦੋਂ ਵੀ ਇਸ ਦਾ ਸਾਡੇ ਦਿਲ ʼਤੇ ਗਹਿਰਾ ਅਸਰ ਪੈਂਦਾ ਹੈ। ਆਓ ਦੇਖੀਏ ਕਿਵੇਂ।

      ਧੰਨਵਾਦ ਲਈ ਪ੍ਰਾਰਥਨਾ। ਜਦ ਅਸੀਂ ਕਿਸੇ ਗੱਲ ਲਈ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ, ਤਾਂ ਸਾਡਾ ਧਿਆਨ ਚੰਗੀਆਂ ਗੱਲਾਂ ʼਤੇ ਲੱਗਾ ਰਹਿੰਦਾ ਹੈ। ਇਸ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ ਤੇ ਅਸੀਂ ਪਰਮੇਸ਼ੁਰ ਦਾ ਹੋਰ ਵੀ ਅਹਿਸਾਨ ਮੰਨਦੇ ਹਾਂ।​—ਫ਼ਿਲਿੱਪੀਆਂ 4:6.

      ਉਦਾਹਰਣ: ਯਹੋਵਾਹ ਨੇ ਯਿਸੂ ਦੀਆਂ ਪ੍ਰਾਰਥਨਾਵਾਂ ਸੁਣੀਆਂ ਤੇ ਉਨ੍ਹਾਂ ਦਾ ਜਵਾਬ ਦਿੱਤਾ, ਇਸ ਲਈ ਯਿਸੂ ਨੇ ਉਸ ਦਾ ਧੰਨਵਾਦ ਕੀਤਾ।​—ਯੂਹੰਨਾ 11:41.

      ਮਾਫ਼ੀ ਲਈ ਪ੍ਰਾਰਥਨਾ। ਜਦ ਸਾਡੇ ਕੋਲੋਂ ਕੋਈ ਗ਼ਲਤੀ ਹੋ ਜਾਂਦੀ ਹੈ ਤੇ ਅਸੀਂ ਪਰਮੇਸ਼ੁਰ ਕੋਲੋਂ ਮਾਫ਼ੀ ਮੰਗਦੇ ਹਾਂ, ਤਾਂ ਸਾਨੂੰ ਆਪਣੀ ਗ਼ਲਤੀ ਦਾ ਹੋਰ ਵੀ ਅਹਿਸਾਸ ਹੁੰਦਾ ਹੈ। ਸਾਨੂੰ ਬਹੁਤ ਬੁਰਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਦਾ ਦਿਲ ਦੁਖੀ ਕੀਤਾ ਅਤੇ ਫਿਰ ਅਸੀਂ ਠਾਣ ਲੈਂਦੇ ਹਾਂ ਕਿ ਅਸੀਂ ਇਹ ਗ਼ਲਤੀ ਦੁਬਾਰਾ ਨਹੀਂ ਕਰਾਂਗੇ। ਪਰਮੇਸ਼ੁਰ ਤੋਂ ਮਾਫ਼ੀ ਮੰਗਣ ਤੋਂ ਬਾਅਦ ਅਸੀਂ ਆਪਣੀਆਂ ਗ਼ਲਤੀਆਂ ਕਰਕੇ ਜ਼ਿਆਦਾ ਨਿਰਾਸ਼ ਨਹੀਂ ਹੁੰਦੇ।

      ਉਦਾਹਰਣ: ਜਦ ਦਾਊਦ ਨੇ ਪਾਪ ਕੀਤਾ, ਤਾਂ ਉਸ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਨੇ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਤੋਂ ਮਾਫ਼ੀ ਮੰਗੀ।​—ਜ਼ਬੂਰ 51.

      ਸੇਧ ਅਤੇ ਬੁੱਧ ਲਈ ਪ੍ਰਾਰਥਨਾ। ਜਦ ਅਸੀਂ ਕੋਈ ਫ਼ੈਸਲਾ ਕਰਨ ਲਈ ਪਰਮੇਸ਼ੁਰ ਤੋਂ ਬੁੱਧ ਮੰਗਦੇ ਹਾਂ, ਤਾਂ ਅਸੀਂ ਹੋਰ ਵੀ ਨਿਮਰ ਹੋ ਜਾਂਦੇ ਹਾਂ। ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਆਪਣੀ ਤਾਕਤ ਨਾਲ ਕੁਝ ਨਹੀਂ ਕਰ ਸਕਦੇ ਤੇ ਸਾਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ। ਇੱਦਾਂ ਅਸੀਂ ਪਰਮੇਸ਼ੁਰ ʼਤੇ ਭਰੋਸਾ ਰੱਖਣਾ ਸਿੱਖਦੇ ਹਾਂ।​—ਕਹਾਉਤਾਂ 3:5, 6.

      ਉਦਾਹਰਣ: ਰਾਜਾ ਸੁਲੇਮਾਨ ਨੇ ਨਿਮਰ ਹੋ ਕੇ ਪਰਮੇਸ਼ੁਰ ਤੋਂ ਬੁੱਧ ਮੰਗੀ ਤਾਂਕਿ ਉਹ ਇਜ਼ਰਾਈਲ ਕੌਮ ʼਤੇ ਚੰਗੀ ਤਰ੍ਹਾਂ ਰਾਜ ਕਰ ਸਕੇ।​—1 ਰਾਜਿਆਂ 3:5-12.

      ਮਦਦ ਲਈ ਪ੍ਰਾਰਥਨਾ। ਜਦ ਅਸੀਂ ਕਿਸੇ ਤਕਲੀਫ਼ ਵਿਚ ਹੁੰਦੇ ਹਾਂ ਤੇ ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ, ਤਾਂ ਸਾਨੂੰ ਪਰਮੇਸ਼ੁਰ ਨੂੰ ਆਪਣੇ ਦਿਲ ਦਾ ਹਾਲ ਦੱਸਣਾ ਚਾਹੀਦਾ ਹੈ। ਇੱਦਾਂ ਕਰਨ ਨਾਲ ਸਾਨੂੰ ਮਨ ਦੀ ਸ਼ਾਂਤੀ ਮਿਲੇਗੀ ਤੇ ਅਸੀਂ ਖ਼ੁਦ ਦੀ ਬਜਾਇ ਪਰਮੇਸ਼ੁਰ ʼਤੇ ਭਰੋਸਾ ਰੱਖਾਂਗੇ।​—ਜ਼ਬੂਰ 62:8.

      ਉਦਾਹਰਣ: ਦੁਸ਼ਮਣ ਫ਼ੌਜ ਵੱਲੋਂ ਹਮਲਾ ਹੋਣ ਤੇ ਰਾਜਾ ਆਸਾ ਨੇ ਯਹੋਵਾਹ ਤੋਂ ਮਦਦ ਮੰਗੀ।​—2 ਇਤਿਹਾਸ 14:11.

      ਦੂਸਰਿਆਂ ਲਈ ਪ੍ਰਾਰਥਨਾ। ਜਦ ਅਸੀਂ ਦੂਸਰਿਆਂ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਖ਼ੁਦ ਦੀ ਬਜਾਇ ਦੂਜਿਆਂ ਬਾਰੇ ਸੋਚਦੇ ਹਾਂ, ਉਨ੍ਹਾਂ ਨਾਲ ਹਮਦਰਦੀ ਰੱਖਦੇ ਹਾਂ ਤੇ ਉਨ੍ਹਾਂ ਦੇ ਦਰਦ ਨੂੰ ਸਮਝਦੇ ਹਾਂ।

      ਉਦਾਹਰਣ: ਯਿਸੂ ਆਪਣੇ ਚੇਲਿਆਂ ਲਈ ਪ੍ਰਾਰਥਨਾ ਕਰਦਾ ਸੀ।​—ਯੂਹੰਨਾ 17:9-17.

      ਮਹਿਮਾ ਦੀ ਪ੍ਰਾਰਥਨਾ। ਜੇ ਅਸੀਂ ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਤੇ ਉਸ ਦੇ ਗੁਣਾਂ ਲਈ ਉਸ ਦੀ ਮਹਿਮਾ ਕਰੀਏ, ਤਾਂ ਸਾਡੇ ਦਿਲ ਵਿਚ ਉਸ ਲਈ ਪਿਆਰ ਅਤੇ ਆਦਰ ਵਧੇਗਾ। ਨਾਲੇ ਅਸੀਂ ਉਸ ਦੇ ਹੋਰ ਵੀ ਨੇੜੇ ਆਵਾਂਗੇ।

      ਉਦਾਹਰਣ: ਦਾਊਦ ਨੇ ਪਰਮੇਸ਼ੁਰ ਦੀ ਬਣਾਈ ਸ੍ਰਿਸ਼ਟੀ ਦੇਖ ਕੇ ਉਸ ਦੀ ਮਹਿਮਾ ਕੀਤੀ।​—ਜ਼ਬੂਰ 8.

      ਅੱਜ ਦੇ ਹਾਲਾਤਾਂ ਕਰਕੇ ਅਸੀਂ ਕਈ ਵਾਰ ਪਰੇਸ਼ਾਨ ਹੋ ਜਾਂਦੇ ਹਾਂ, ਪਰ ਪ੍ਰਾਰਥਨਾ ਕਰਨ ਨਾਲ ਸਾਨੂੰ ‘ਪਰਮੇਸ਼ੁਰ ਦੀ ਸ਼ਾਂਤੀ ਮਿਲੇਗੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।’ (ਫ਼ਿਲਿੱਪੀਆਂ 4:7) ਨਾਲੇ ਇਸ ਨਾਲ ਸਾਡੀ ਸਿਹਤ ਵੀ ਵਧੀਆ ਰਹੇਗੀ। (ਕਹਾਉਤਾਂ 14:30) ਪਰ ਕੀ ਸਿਰਫ਼ ਪ੍ਰਾਰਥਨਾ ਕਰਨੀ ਹੀ ਕਾਫ਼ੀ ਹੈ? ਜਾਂ ਸਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ?

      ਪ੍ਰਾਰਥਨਾ ਕਰਨ ਨਾਲ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਹੈ, ਸਾਨੂੰ ਹਿੰਮਤ ਮਿਲਦੀ ਹੈ, ਅਸੀਂ ਖ਼ੁਸ਼ ਰਹਿੰਦੇ ਹਾਂ ਅਤੇ ਸਾਡੀ ਸਿਹਤ ਵੀ ਵਧੀਆ ਰਹਿੰਦੀ ਹੈ

  • 7 ਕੀ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ?
    ਪਹਿਰਾਬੁਰਜ: ਪ੍ਰਾਰਥਨਾ ਬਾਰੇ ਸੱਤ ਸਵਾਲ
    • 7 ਕੀ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ?

      ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਜਾਂ ਨਹੀਂ। ਬਾਈਬਲ ਦੱਸਦੀ ਹੈ ਕਿ ਯਹੋਵਾਹ ਪ੍ਰਾਰਥਨਾਵਾਂ ਸੁਣਦਾ ਹੈ। ਪਰ ਉਹ ਸਾਡੀ ਪ੍ਰਾਰਥਨਾ ਸੁਣੇਗਾ ਜਾਂ ਨਹੀਂ, ਇਹ ਕਾਫ਼ੀ ਹੱਦ ਤਕ ਸਾਡੇ ʼਤੇ ਨਿਰਭਰ ਕਰਦਾ ਹੈ।

      ਯਿਸੂ ਨੇ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਦੀ ਨਿੰਦਿਆ ਕੀਤੀ ਕਿਉਂਕਿ ਉਹ ਦਿਲੋਂ ਪ੍ਰਾਰਥਨਾ ਕਰਨ ਦੀ ਬਜਾਇ ਸਿਰਫ਼ ਦਿਖਾਵੇ ਲਈ ਪ੍ਰਾਰਥਨਾ ਕਰਦੇ ਸਨ ਤਾਂਕਿ ਲੋਕ ਉਨ੍ਹਾਂ ਦੀ ਵਾਹ-ਵਾਹ ਕਰਨ। ਇਸੇ ਲਈ ਯਿਸੂ ਨੇ ਉਨ੍ਹਾਂ ਬਾਰੇ ਕਿਹਾ, “ਉਹ ਆਪਣਾ ਫਲ ਪਾ ਚੁੱਕੇ ਹਨ” ਯਾਨੀ ਲੋਕਾਂ ਨੇ ਤਾਂ ਉਨ੍ਹਾਂ ਦੀ ਵਾਹ-ਵਾਹ ਕੀਤੀ, ਪਰ ਪਰਮੇਸ਼ੁਰ ਨੇ ਉਨ੍ਹਾਂ ਦੀ ਨਹੀਂ ਸੁਣੀ। (ਮੱਤੀ 6:5) ਅੱਜ ਵੀ ਕਈ ਲੋਕ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਪ੍ਰਾਰਥਨਾ ਨਹੀਂ ਕਰਦੇ। ਉਹ ਸਿਰਫ਼ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਪ੍ਰਾਰਥਨਾ ਕਰਦੇ ਹਨ। ਪਰ ਜਿਵੇਂ ਅਸੀਂ ਦੇਖਿਆ, ਪਰਮੇਸ਼ੁਰ ਅਜਿਹੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ।

      ਕੀ ਪਰਮੇਸ਼ੁਰ ਤੁਹਾਡੀਆਂ ਪ੍ਰਾਰਥਨਾਵਾਂ ਸੁਣੇਗਾ? ਪਰਮੇਸ਼ੁਰ ਇਹ ਨਹੀਂ ਦੇਖਦਾ ਕਿ ਤੁਸੀਂ ਕਿਹੜੇ ਦੇਸ਼ ਜਾਂ ਕੌਮ ਦੇ ਹੋ ਜਾਂ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ। ਬਾਈਬਲ ਵਿਚ ਲਿਖਿਆ ਹੈ, “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।” (ਰਸੂਲਾਂ ਦੇ ਕੰਮ 10:34, 35) ਕੀ ਤੁਸੀਂ ਪਰਮੇਸ਼ੁਰ ਦਾ ਡਰ ਮੰਨਦੇ ਹੋ ਤੇ ਸਹੀ ਕੰਮ ਕਰਦੇ ਹੋ? ਪਰਮੇਸ਼ੁਰ ਦਾ ਡਰ ਮੰਨਣ ਦਾ ਮਤਲਬ ਹੈ, ਉਸ ਦਾ ਆਦਰ ਕਰਨਾ ਤੇ ਅਜਿਹਾ ਕੋਈ ਕੰਮ ਨਾ ਕਰਨਾ ਜਿਸ ਤੋਂ ਉਹ ਨਾਰਾਜ਼ ਹੋਵੇ। ਸਹੀ ਕੰਮ ਉਹ ਨਹੀਂ ਹਨ ਜੋ ਸਾਡੀਆਂ ਜਾਂ ਦੂਜਿਆਂ ਦੀਆਂ ਨਜ਼ਰਾਂ ਵਿਚ ਸਹੀ ਹੋਣ, ਸਗੋਂ ਉਹ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹਨ। ਜੇ ਅਸੀਂ ਪਰਮੇਸ਼ੁਰ ਦਾ ਡਰ ਮੰਨਦੇ ਹਾਂ ਤੇ ਸਹੀ ਕੰਮ ਕਰਦੇ ਹਾਂ, ਤਾਂ ਉਹ ਸਾਡੀ ਜ਼ਰੂਰ ਸੁਣੇਗਾ।a

      ਕਈ ਲੋਕ ਚਾਹੁੰਦੇ ਹਨ ਕਿ ਪਰਮੇਸ਼ੁਰ ਚਮਤਕਾਰ ਕਰ ਕੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇ। ਪਰ ਸਾਨੂੰ ਅਜਿਹੀ ਉਮੀਦ ਨਹੀਂ ਰੱਖਣੀ ਚਾਹੀਦੀ। ਪੁਰਾਣੇ ਜ਼ਮਾਨੇ ਵਿਚ ਵੀ ਪਰਮੇਸ਼ੁਰ ਨੇ ਕਦੇ-ਕਦੇ ਹੀ ਚਮਤਕਾਰ ਕਰ ਕੇ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਸੀ। ਕਈ ਵਾਰ ਤਾਂ ਸਦੀਆਂ ਬੀਤ ਗਈਆਂ, ਪਰ ਪਰਮੇਸ਼ੁਰ ਨੇ ਕੋਈ ਚਮਤਕਾਰ ਨਹੀਂ ਕੀਤਾ। ਨਾਲੇ ਰਸੂਲਾਂ ਦੀ ਮੌਤ ਤੋਂ ਬਾਅਦ ਤਾਂ ਚਮਤਕਾਰ ਹੋਣੇ ਹੀ ਬੰਦ ਹੋ ਗਏ। (1 ਕੁਰਿੰਥੀਆਂ 13:8-10) ਤਾਂ ਫਿਰ ਕੀ ਇਸ ਦਾ ਮਤਲਬ ਇਹ ਹੈ ਕਿ ਅੱਜ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ? ਨਹੀਂ, ਇੱਦਾਂ ਨਹੀਂ ਹੈ। ਆਓ ਦੇਖੀਏ ਕਿ ਪਰਮੇਸ਼ੁਰ ਕਿੱਦਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ।

      ਪਰਮੇਸ਼ੁਰ ਬੁੱਧ ਦਿੰਦਾ ਹੈ। ਬਾਈਬਲ ਦੱਸਦੀ ਹੈ ਕਿ ਯਹੋਵਾਹ ਹੀ ਬੁੱਧ ਦਾ ਸੋਮਾ ਹੈ। ਜਿਹੜੇ ਲੋਕ ਉਸ ਤੋਂ ਬੁੱਧ ਮੰਗਦੇ ਹਨ ਅਤੇ ਉਸ ਦੇ ਕਹਿਣੇ ਮੁਤਾਬਕ ਚੱਲਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਬੁੱਧ ਦਿੰਦਾ ਹੈ।​—ਯਾਕੂਬ 1:5.

      ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। ਇਹ ਸ਼ਕਤੀ ਪਰਮੇਸ਼ੁਰ ਦੀ ਜ਼ਬਰਦਸਤ ਤਾਕਤ ਹੈ। ਇਸ ਤਾਕਤ ਤੋਂ ਵੱਧ ਕੇ ਹੋਰ ਕੋਈ ਤਾਕਤ ਨਹੀਂ। ਇਸ ਦੀ ਮਦਦ ਨਾਲ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਉਂਦੇ ਹਾਂ। ਨਾਲੇ ਜਦ ਅਸੀਂ ਨਿਰਾਸ਼ ਹੁੰਦੇ ਹਾਂ, ਤਾਂ ਇਹ ਸਾਨੂੰ ਹਿੰਮਤ ਤੇ ਮਨ ਦੀ ਸ਼ਾਂਤੀ ਦਿੰਦੀ ਹੈ। ਇਸ ਦੀ ਮਦਦ ਨਾਲ ਅਸੀਂ ਆਪਣੇ ਅੰਦਰ ਚੰਗੇ ਗੁਣ ਪੈਦਾ ਕਰ ਪਾਉਂਦੇ ਹਾਂ। (ਗਲਾਤੀਆਂ 5:22, 23) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਜੇ ਉਹ ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਮੰਗਣ, ਤਾਂ ਉਹ ਜ਼ਰੂਰ ਦੇਵੇਗਾ।​—ਲੂਕਾ 11:13.

      ਜਿਹੜੇ ਲੋਕ ਪਰਮੇਸ਼ੁਰ ਨੂੰ ਜਾਣਨਾ ਚਾਹੁੰਦੇ ਹਨ, ਉਹ ਉਨ੍ਹਾਂ ਦੀ ਮਦਦ ਕਰਦਾ ਹੈ। (ਰਸੂਲਾਂ ਦੇ ਕੰਮ 17:26, 27) ਦੁਨੀਆਂ ਭਰ ਵਿਚ ਕਈ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਰੱਬ ਦਾ ਨਾਂ ਕੀ ਹੈ, ਰੱਬ ਨੇ ਇਨਸਾਨਾਂ ਨੂੰ ਕਿਉਂ ਬਣਾਇਆ ਤੇ ਉਹ ਰੱਬ ਦੇ ਦੋਸਤ ਕਿਵੇਂ ਬਣ ਸਕਦੇ ਹਨ। (ਯਾਕੂਬ 4:8) ਯਹੋਵਾਹ ਦੇ ਗਵਾਹ ਲੋਕਾਂ ਨੂੰ ਬਾਈਬਲ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੇ ਹਨ।

      ਕੀ ਤੁਸੀਂ ਵੀ ਪਰਮੇਸ਼ੁਰ ਬਾਰੇ ਜਾਣਨਾ ਚਾਹੁੰਦੇ ਸੀ? ਸ਼ਾਇਦ ਰੱਬ ਨੇ ਤੁਹਾਡੀ ਸੁਣ ਲਈ ਅਤੇ ਇਸ ਰਸਾਲੇ ਰਾਹੀਂ ਤੁਹਾਡੀ ਪ੍ਰਾਰਥਨਾ ਦਾ ਜਵਾਬ ਦਿੱਤਾ ਹੈ।

      a ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ? ਇਹ ਜਾਣਨ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ ਦਾ 17ਵਾਂ ਅਧਿਆਇ ਪੜ੍ਹੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ