-
ਮੁਸ਼ਕਲਾਂ ਹਮੇਸ਼ਾ ਤਕ ਨਹੀਂ ਰਹਿਣਗੀਆਂਪਹਿਰਾਬੁਰਜ: ਬਾਈਬਲ ਦੀਆਂ 6 ਭਵਿੱਖਬਾਣੀਆਂ ਜੋ ਅੱਜ ਪੂਰੀਆਂ ਹੋ ਰਹੀਆਂ ਹਨ
-
-
ਮੁਸ਼ਕਲਾਂ ਹਮੇਸ਼ਾ ਤਕ ਨਹੀਂ ਰਹਿਣਗੀਆਂ
“ਆਖ਼ਰੀ ਦਿਨ ਮੁਸੀਬਤਾਂ ਨਾਲ ਭਰੇ ਹੋਣਗੇ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।”—2 ਤਿਮੋਥਿਉਸ 3:1.
ਕੀ ਤੁਸੀਂ ਕਦੇ ਇਹ ਹੁੰਦਾ ਦੇਖਿਆ ਹੈ?
● ਇਕ ਜਾਨਲੇਵਾ ਬੀਮਾਰੀ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ।
● ਕਾਲ਼ ਕਰਕੇ ਸੈਂਕੜੇ ਹੀ ਲੋਕਾਂ ਦੀ ਮੌਤ ਹੋ ਗਈ।
● ਭੁਚਾਲ਼ ਨੇ ਹਜ਼ਾਰਾਂ ਹੀ ਲੋਕਾਂ ਦੀ ਜਾਨ ਲੈ ਲਈ ਅਤੇ ਬਹੁਤ ਸਾਰੇ ਲੋਕਾਂ ਨੂੰ ਬੇਘਰ ਕਰ ਦਿੱਤਾ।
ਇਸ ਰਸਾਲੇ ਵਿਚ ਅਸੀਂ ਇਹੋ ਜਿਹੀਆਂ ਘਟਨਾਵਾਂ ਨਾਲ ਜੁੜੇ ਕੁਝ ਅੰਕੜੇ ਦੇਖਾਂਗੇ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸਾਡੇ ਦਿਨਾਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨਗੀਆਂ। ਬਾਈਬਲ ਵਿਚ ਇਸ ਸਮੇਂ ਨੂੰ “ਆਖ਼ਰੀ ਦਿਨ” ਕਿਹਾ ਗਿਆ ਹੈ।
ਇਸ ਰਸਾਲੇ ਦਾ ਮਕਸਦ ਤੁਹਾਨੂੰ ਇਹ ਦੱਸਣਾ ਨਹੀਂ ਹੈ ਕਿ ਅੱਜ ਦੁਨੀਆਂ ਵਿਚ ਕਿੰਨੀਆਂ ਮੁਸ਼ਕਲਾਂ ਹਨ। ਇਹ ਗੱਲ ਤਾਂ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ। ਇਸ ਦੀ ਬਜਾਇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਬਹੁਤ ਜਲਦ ਇਹ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ। ਇਸ ਰਸਾਲੇ ਵਿਚ ਬਾਈਬਲ ਦੀਆਂ 6 ਭਵਿੱਖਬਾਣੀਆਂ ਬਾਰੇ ਦੱਸਿਆ ਗਿਆ ਹੈ ਜੋ ਅੱਜ ਪੂਰੀਆਂ ਹੋ ਰਹੀਆਂ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਹੁਤ ਜਲਦ ਇਹ “ਆਖ਼ਰੀ ਦਿਨ” ਖ਼ਤਮ ਹੋ ਜਾਣਗੇ ਅਤੇ ਫਿਰ ਇਕ ਚੰਗਾ ਸਮਾਂ ਆਵੇਗਾ। ਕਈ ਲੋਕ ਇਸ ਗੱਲ ਨੂੰ ਨਹੀਂ ਮੰਨਦੇ, ਪਰ ਅਸੀਂ ਦੇਖਾਂਗੇ ਕਿ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਚੰਗਾ ਸਮਾਂ ਜ਼ਰੂਰ ਆਵੇਗਾ।
-
-
1. ਭੁਚਾਲ਼ਪਹਿਰਾਬੁਰਜ: ਬਾਈਬਲ ਦੀਆਂ 6 ਭਵਿੱਖਬਾਣੀਆਂ ਜੋ ਅੱਜ ਪੂਰੀਆਂ ਹੋ ਰਹੀਆਂ ਹਨ
-
-
1. ਭੁਚਾਲ਼
“ਵੱਡੇ-ਵੱਡੇ ਭੁਚਾਲ਼ ਆਉਣਗੇ।”—ਲੂਕਾ 21:11.
● ਵਿਨੀ ਜਦ ਸਿਰਫ਼ ਡੇਢ ਸਾਲਾਂ ਦੀ ਸੀ, ਤਾਂ ਹੈਤੀ ਵਿਚ ਇਕ ਬਹੁਤ ਵੱਡਾ ਭੁਚਾਲ਼ ਆਇਆ। ਦੇਖਦਿਆਂ ਹੀ ਦੇਖਦਿਆਂ ਸਾਰੀਆਂ ਇਮਾਰਤਾਂ ਢਹਿ ਗਈਆਂ ਅਤੇ ਇਹ ਮਾਸੂਮ ਜਿਹੀ ਬੱਚੀ ਮਲਬੇ ਥੱਲੇ ਫਸ ਗਈ। ਉਸ ਵੇਲੇ ਕੁਝ ਟੀ.ਵੀ. ਰਿਪੋਰਟਰ ਉਸ ਜਗ੍ਹਾ ਤੋਂ ਲੰਘ ਰਹੇ ਸਨ ਅਤੇ ਉਨ੍ਹਾਂ ਨੇ ਉਸ ਦੇ ਰੋਣ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਵਿਨੀ ਨੂੰ ਮਲਬੇ ਵਿੱਚੋਂ ਕੱਢ ਲਿਆ ਅਤੇ ਉਸ ਦੀ ਜਾਨ ਬਚਾ ਲਈ। ਪਰ ਦੁੱਖ ਦੀ ਗੱਲ ਹੈ ਕਿ ਇਸ ਹਾਦਸੇ ਵਿਚ ਉਸ ਦੇ ਮਾਪਿਆਂ ਦੀ ਮੌਤ ਹੋ ਗਈ।
ਅੰਕੜੇ ਕੀ ਦੱਸਦੇ ਹਨ? ਜਨਵਰੀ 2010 ਵਿਚ ਹੈਤੀ ਵਿਚ 7.0 ਦੀ ਤੀਬਰਤਾ ਦਾ ਇਕ ਭੁਚਾਲ਼ ਆਇਆ। ਇਸ ਵਿਚ ਤਕਰੀਬਨ 3 ਲੱਖ ਲੋਕਾਂ ਦੀ ਜਾਨ ਚਲੀ ਗਈ ਅਤੇ ਪਲਾਂ ਵਿਚ ਹੀ ਲਗਭਗ 13 ਲੱਖ ਲੋਕ ਬੇਘਰ ਹੋ ਗਏ। ਹਾਲ ਹੀ ਦੇ ਸਮੇਂ ਵਿਚ ਸਿਰਫ਼ ਇਹੀ ਵੱਡਾ ਭੁਚਾਲ਼ ਨਹੀਂ ਆਇਆ, ਸਗੋਂ ਅਪ੍ਰੈਲ 2009 ਤੋਂ ਅਪ੍ਰੈਲ 2010 ਦੌਰਾਨ ਦੁਨੀਆਂ ਭਰ ਵਿਚ ਲਗਭਗ 18 ਵੱਡੇ-ਵੱਡੇ ਭੁਚਾਲ਼ ਆਏ ਹਨ।
ਲੋਕ ਕੀ ਕਹਿੰਦੇ ਹਨ? ‘ਭੁਚਾਲ਼ ਤਾਂ ਪਹਿਲਾਂ ਵੀ ਬਥੇਰੇ ਆਉਂਦੇ ਸੀ। ਬਸ ਅੱਜ-ਕੱਲ੍ਹ ਤਕਨਾਲੋਜੀ ਕਰਕੇ ਸਾਨੂੰ ਇਨ੍ਹਾਂ ਦੀ ਖ਼ਬਰ ਮਿਲ ਜਾਂਦੀ ਹੈ।’
ਕੀ ਇਹ ਗੱਲ ਸੱਚ ਹੈ? ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਆਖ਼ਰੀ ਦਿਨਾਂ ਵਿਚ ਕਿੰਨੇ ਭੁਚਾਲ਼ ਆਉਣਗੇ, ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ “ਥਾਂ-ਥਾਂ” “ਵੱਡੇ-ਵੱਡੇ ਭੁਚਾਲ਼ ਆਉਣਗੇ।” ਇਸ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ।—ਮਰਕੁਸ 13:8; ਲੂਕਾ 21:11.
ਤੁਹਾਨੂੰ ਕੀ ਲੱਗਦਾ ਹੈ? ਜਿਵੇਂ ਬਾਈਬਲ ਵਿਚ ਦੱਸਿਆ ਗਿਆ ਸੀ, ਕੀ ਅੱਜ ਵੱਡੇ-ਵੱਡੇ ਭੁਚਾਲ਼ ਆ ਰਹੇ ਹਨ?
ਸਿਰਫ਼ ਭੁਚਾਲ਼ ਹੀ ਇਸ ਗੱਲ ਦੀ ਨਿਸ਼ਾਨੀ ਨਹੀਂ ਹਨ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ, ਸਗੋਂ ਇਸ ਦੀਆਂ ਹੋਰ ਵੀ ਕਈ ਨਿਸ਼ਾਨੀਆਂ ਹਨ। ਆਓ ਆਪਾਂ ਦੂਸਰੀ ਭਵਿੱਖਬਾਣੀ ʼਤੇ ਗੌਰ ਕਰੀਏ।
[ਤਸਵੀਰ]
“ਭੁਚਾਲ਼ਾਂ ਕਰਕੇ ਤਬਾਹੀ ਮਚੀ ਹੋਈ ਹੈ।”—ਕੈੱਨ ਹੱਡਨਟ, U.S. GEOLOGICAL SURVEY
[ਤਸਵੀਰ ਦੀ ਕ੍ਰੈਡਿਟ]
© William Daniels/Panos Pictures
-
-
2. ਕਾਲ਼ਪਹਿਰਾਬੁਰਜ: ਬਾਈਬਲ ਦੀਆਂ 6 ਭਵਿੱਖਬਾਣੀਆਂ ਜੋ ਅੱਜ ਪੂਰੀਆਂ ਹੋ ਰਹੀਆਂ ਹਨ
-
-
2. ਕਾਲ਼
“ਕਾਲ਼ ਪੈਣਗੇ।”—ਮਰਕੁਸ 13:8.
● ਇਕ ਆਦਮੀ ਭੁੱਖਮਰੀ ਤੋਂ ਬਚਣ ਲਈ ਆਪਣਾ ਪਿੰਡ ਛੱਡ ਕੇ ਕਿਸੇ ਦੂਸਰੇ ਪਿੰਡ ਜਾਂਦਾ ਹੈ। ਉਸ ਦੇ ਭੈਣ-ਭਰਾ ਵੀ ਕਾਲ਼ ਪੈਣ ਕਰਕੇ ਆਪਣੇ ਘਰ ਛੱਡ ਕੇ ਉਸੇ ਪਿੰਡ ਵਿਚ ਜਾਂਦੇ ਹਨ। ਹੁਣ ਉਹ ਆਦਮੀ ਨਿਰਾਸ਼ ਹੋ ਕੇ ਸੜਕ ਦੇ ਕਿਸੇ ਕੋਨੇ ʼਤੇ ਇਕੱਲਾ ਬੈਠਾ ਹੈ। ਉਹ ਇਕੱਲਾ ਕਿਉਂ ਹੈ? ਉਸ ਪਿੰਡ ਦਾ ਮੁਖੀਆ ਇਸ ਦਾ ਕਾਰਨ ਦੱਸਦਾ ਹੈ, “ਉਹ ਆਪਣੇ ਪਰਿਵਾਰ ਨੂੰ ਰੋਟੀ ਨਹੀਂ ਖਿਲਾ ਸਕਿਆ, ਇਸ ਲਈ ਉਸ ਦੀ ਹਿੰਮਤ ਨਹੀਂ ਹੋ ਰਹੀ ਕਿ ਉਹ ਆਪਣੇ ਪਰਿਵਾਰ ਨਾਲ ਨਜ਼ਰਾਂ ਮਿਲਾਵੇ।”
ਅੰਕੜੇ ਕੀ ਦੱਸਦੇ ਹਨ? ਦੁਨੀਆਂ ਭਰ ਦੇ ਅੰਕੜੇ ਦੇਖੀਏ ਤਾਂ ਹਰ ਦਿਨ 7 ਵਿੱਚੋਂ 1 ਜਣੇ ਨੂੰ ਭਰ ਪੇਟ ਰੋਟੀ ਨਹੀਂ ਮਿਲਦੀ। ਪਰ ਅਫ਼ਰੀਕਾ ਦੇ ਕੁਝ ਇਲਾਕਿਆਂ ਵਿਚ ਤਾਂ ਹਾਲਾਤ ਇਸ ਤੋਂ ਵੀ ਮਾੜੇ ਹਨ। ਉੱਥੇ 3 ਵਿੱਚੋਂ 1 ਜਣੇ ਨੂੰ ਕਦੇ ਭਰ ਪੇਟ ਖਾਣਾ ਨਹੀਂ ਮਿਲਦਾ। ਇਸ ਗੱਲ ਨੂੰ ਸਮਝਣ ਲਈ ਸੋਚੋ, ਜੇ ਇਕ ਪਰਿਵਾਰ ਵਿਚ ਤਿੰਨ ਜਣੇ ਹਨ, ਮੰਮੀ, ਡੈਡੀ ਅਤੇ ਉਨ੍ਹਾਂ ਦਾ ਬੱਚਾ, ਤਾਂ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ-ਨਾ-ਕਿਸੇ ਨੂੰ ਤਾਂ ਭੁੱਖੇ ਪੇਟ ਸੌਣਾ ਪਵੇਗਾ। ਅਜਿਹੇ ਪਰਿਵਾਰਾਂ ਨੂੰ ਹਰ ਰੋਜ਼ ਇਹ ਫ਼ੈਸਲਾ ਕਰਨਾ ਪੈਂਦਾ ਹੈ ਕਿ ਅੱਜ ਕੋਣ ਭੁੱਖਾ ਸੌਂਵੇਗਾ।
ਲੋਕ ਕੀ ਕਹਿੰਦੇ ਹਨ? ‘ਦੁਨੀਆਂ ਵਿਚ ਖਾਣੇ ਦੀ ਕੋਈ ਕਮੀ ਨਹੀਂ ਹੈ। ਬਸ ਕੁਝ ਲੋਕਾਂ ਨੂੰ ਜ਼ਿਆਦਾ ਮਿਲ ਜਾਂਦਾ ਤੇ ਕੁਝ ਨੂੰ ਘੱਟ।’
ਕੀ ਇਹ ਗੱਲ ਸੱਚ ਹੈ? ਜੀ ਹਾਂ। ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅੰਨ ਉਗਾਇਆ ਜਾ ਰਿਹਾ ਹੈ ਅਤੇ ਇਸ ਨੂੰ ਆਸਾਨੀ ਨਾਲ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਇਆ ਜਾ ਸਕਦਾ ਹੈ। ਦੇਖਿਆ ਜਾਵੇ ਤਾਂ ਦੁਨੀਆਂ ਵਿਚ ਖਾਣੇ ਦੀ ਕਮੀ ਨਹੀਂ ਹੋਣੀ ਚਾਹੀਦੀ। ਪਰ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਜ਼ਰੂਰਤਮੰਦ ਲੋਕਾਂ ਤਕ ਖਾਣਾ ਪਹੁੰਚਾਉਣ ਵਿਚ ਨਾਕਾਮ ਰਹੀਆਂ ਹਨ। ਭਾਵੇਂ ਕਿ ਸਰਕਾਰਾਂ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਹੀਆਂ ਹਨ, ਪਰ ਇਹ ਸਮੱਸਿਆ ਅਜੇ ਤਕ ਹੱਲ ਨਹੀਂ ਹੋਈ।
ਤੁਹਾਨੂੰ ਕੀ ਲੱਗਦਾ ਹੈ? ਕੀ ਮਰਕੁਸ 13:8 ਵਿਚ ਲਿਖੀ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ? ਅੱਜ ਤਕਨਾਲੋਜੀ ਦੇ ਖੇਤਰ ਵਿਚ ਕਾਫ਼ੀ ਤਰੱਕੀ ਹੋਈ ਹੈ, ਪਰ ਕੀ ਅੱਜ ਵੀ ਦੁਨੀਆਂ ਵਿਚ ਖਾਣੇ ਦੀ ਕਮੀ ਹੈ?
ਭੁਚਾਲ਼ ਅਤੇ ਕਾਲ਼ ਤੋਂ ਬਾਅਦ ਅਕਸਰ ਇਕ ਹੋਰ ਸਮੱਸਿਆ ਖੜ੍ਹੀ ਹੁੰਦੀ ਹੈ। ਇਸ ਬਾਰੇ ਵੀ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ।
[ਵੱਡੇ ਅੱਖਰਾਂ ਵਿਚ ਖ਼ਾਸ ਗੱਲ]
ਐਨ. ਐੱਮ ਵੇਨਮਨ ਨੇ, ਜੋ ਇਕ ਸਮੇਂ ʼਤੇ ਯੂਨੀਸੈਫ਼ ਦੀ ਡਾਇਰੈਕਟਰ ਸੀ, ਕਿਹਾ: “ਬਹੁਤ ਸਾਰੇ ਬੱਚਿਆਂ ਦੀ ਨਮੂਨੀਆ, ਦਸਤ ਅਤੇ ਹੋਰ ਬੀਮਾਰੀਆਂ ਕਰਕੇ ਮੌਤ ਹੋ ਜਾਂਦੀ ਹੈ। ਇਨ੍ਹਾਂ ਵਿੱਚੋਂ ਇਕ-ਤਿਹਾਈ ਬੱਚੇ ਕੁਪੋਸ਼ਣ ਦੇ ਸ਼ਿਕਾਰ ਹੁੰਦੇ ਹਨ। ਜੇ ਉਨ੍ਹਾਂ ਨੂੰ ਕੁਪੋਸ਼ਣ ਨਾ ਹੁੰਦਾ, ਤਾਂ ਸ਼ਾਇਦ ਉਹ ਬਚ ਜਾਂਦੇ।”
[ਤਸਵੀਰ ਦੀ ਕ੍ਰੈਡਿਟ]
© Paul Lowe/Panos Pictures
-
-
3. ਬੀਮਾਰੀਪਹਿਰਾਬੁਰਜ: ਬਾਈਬਲ ਦੀਆਂ 6 ਭਵਿੱਖਬਾਣੀਆਂ ਜੋ ਅੱਜ ਪੂਰੀਆਂ ਹੋ ਰਹੀਆਂ ਹਨ
-
-
3. ਬੀਮਾਰੀ
“ਮਹਾਂਮਾਰੀਆਂ ਫੈਲਣਗੀਆਂ।”—ਲੂਕਾ 21:11.
● ਬੋਨਜ਼ਾਲੀ ਇਕ ਸਿਹਤ ਅਧਿਕਾਰੀ ਸੀ। ਉਹ ਅਫ਼ਰੀਕਾ ਦੇ ਇਕ ਅਜਿਹੇ ਦੇਸ਼ ਵਿਚ ਰਹਿੰਦਾ ਸੀ ਜਿੱਥੇ ਘਰੇਲੂ ਯੁੱਧ ਚੱਲ ਰਿਹਾ ਸੀ। ਉੱਥੇ ਮਾਰਬਰਗ ਵਾਇਰਸa ਵੀ ਫੈਲ ਗਿਆ ਸੀ। ਉੱਥੇ ਇਕ ਖਾਣ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਇਹ ਵਾਇਰਸ ਹੋ ਗਿਆ। ਇਸ ਲਈ ਬੋਨਜ਼ਾਲੀ ਉਨ੍ਹਾਂ ਦਾ ਇਲਾਜ ਕਰ ਰਿਹਾ ਸੀ। ਉਸ ਨੇ ਵੱਡੇ ਸ਼ਹਿਰ ਦੇ ਅਧਿਕਾਰੀਆਂ ਤੋਂ ਮਦਦ ਮੰਗੀ, ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਚਾਰ ਮਹੀਨਿਆਂ ਬਾਅਦ ਉਨ੍ਹਾਂ ਅਧਿਕਾਰੀਆਂ ਨੇ ਮਦਦ ਭੇਜੀ। ਪਰ ਉਦੋਂ ਤਕ ਹਾਲਾਤ ਬਹੁਤ ਵਿਗੜ ਚੁੱਕੇ ਸਨ। ਇਸ ਵਾਇਰਸ ਕਰਕੇ ਬੋਨਜ਼ਾਲੀ ਦੀ ਵੀ ਮੌਤ ਹੋ ਚੁੱਕੀ ਸੀ।
ਅੰਕੜੇ ਕੀ ਦੱਸਦੇ ਹਨ? ਨਮੂਨੀਆ, ਦਸਤ, ਏਡਜ਼, ਟੀ.ਬੀ. ਅਤੇ ਮਲੇਰੀਆ ਵਰਗੀਆਂ ਬੀਮਾਰੀਆਂ ਕਰਕੇ ਹਰ ਸਾਲ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸਾਲ 2004 ਦੀ ਗੱਲ ਕਰੀਏ, ਤਾਂ ਸਿਰਫ਼ ਇਨ੍ਹਾਂ ਪੰਜ ਬੀਮਾਰੀਆਂ ਕਰਕੇ ਹੀ 1 ਕਰੋੜ 7 ਲੱਖ ਲੋਕਾਂ ਦੀ ਜਾਨ ਚਲੀ ਗਈ ਯਾਨੀ ਹਰ ਤਿੰਨ ਸੈਕਿੰਡ ਵਿਚ ਇਕ ਵਿਅਕਤੀ ਦੀ ਮੌਤ ਹੋਈ।
ਲੋਕ ਕੀ ਕਹਿੰਦੇ ਹਨ? ‘ਦੁਨੀਆਂ ਦੀ ਆਬਾਦੀ ਵਧਦੀ ਹੀ ਜਾ ਰਹੀ ਹੈ, ਤਾਂ ਫਿਰ ਸਿੱਧੀ ਜਿਹੀ ਗੱਲ ਹੈ ਕਿ ਲੋਕ ਵੀ ਜ਼ਿਆਦਾ ਹੀ ਬੀਮਾਰ ਹੋਣਗੇ।’
ਕੀ ਇਹ ਗੱਲ ਸੱਚ ਹੈ? ਭਾਵੇਂ ਕਿ ਦੁਨੀਆਂ ਦੀ ਆਬਾਦੀ ਵਧਦੀ ਜਾ ਰਹੀ ਹੈ, ਪਰ ਇਲਾਜ ਕਰਨ ਦੇ ਨਵੇਂ-ਨਵੇਂ ਤਰੀਕੇ ਵੀ ਨਿਕਲੇ ਹਨ। ਤਾਂ ਫਿਰ ਇਸ ਹਿਸਾਬ ਨਾਲ ਬੀਮਾਰੀਆਂ ਘਟਣੀਆਂ ਚਾਹੀਦੀਆਂ ਹਨ, ਪਰ ਬੀਮਾਰੀਆਂ ਤਾਂ ਵਧਦੀਆਂ ਹੀ ਜਾ ਰਹੀਆਂ ਹਨ।
ਤੁਹਾਨੂੰ ਕੀ ਲੱਗਦਾ ਹੈ? ਕੀ ਬਾਈਬਲ ਵਿਚ ਲਿਖੀ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ? ਕੀ ਅੱਜ ਮਹਾਂਮਾਰੀਆਂ ਫੈਲ ਰਹੀਆਂ ਹਨ?
ਭੁਚਾਲ਼, ਕਾਲ਼ ਅਤੇ ਬੀਮਾਰੀਆਂ ਕਰਕੇ ਅੱਜ ਲੱਖਾਂ ਹੀ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਗਈ ਹੈ। ਪਰ ਲੋਕ ਇਕ ਹੋਰ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹਨ। ਇਕ ਵਿਅਕਤੀ ਜਿਨ੍ਹਾਂ ਲੋਕਾਂ ਵਿਚ ਸੁਰੱਖਿਅਤ ਮਹਿਸੂਸ ਕਰਦਾ ਹੈ ਉਹੀ ਉਸ ਨਾਲ ਮਾੜਾ ਸਲੂਕ ਕਰਦੇ ਹਨ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਬਾਈਬਲ ਵਿਚ ਇਸ ਬਾਰੇ ਕੀ ਦੱਸਿਆ ਗਿਆ ਹੈ।
[ਫੁਟਨੋਟ]
a ਮਾਰਬਰਗ ਵਾਇਰਸ ਈਬੋਲਾ ਵਰਗਾ ਹੀ ਇਕ ਵਾਇਰਸ ਹੈ।
[ਵੱਡੇ ਅੱਖਰਾਂ ਵਿਚ ਖ਼ਾਸ ਗੱਲ]
ਡਾਕਟਰ ਮਾਈਕਲ ਓਸਟਰਹੋਮ ਨੇ ਕਿਹਾ: “ਜਦੋਂ ਤੁਹਾਨੂੰ ਕੋਈ ਵੱਡੀ ਬੀਮਾਰੀ ਲੱਗ ਜਾਂਦੀ ਹੈ, ਤਾਂ ਇਹ ਉੱਨਾ ਹੀ ਖ਼ੌਫ਼ਨਾਕ ਹੁੰਦਾ ਹੈ ਜਿੰਨਾ ਕਿਸੇ ਜੰਗਲੀ ਜਾਨਵਰ ਦਾ ਵਾਰ। ਪਰ ਜਦ ਤੁਸੀਂ ਦੇਖਦੇ ਹੋ ਕਿ ਤੁਹਾਡੇ ਆਲੇ-ਦੁਆਲੇ ਲੋਕ ਬੀਮਾਰੀਆਂ ਨਾਲ ਤੜਫ਼ ਰਹੇ ਹਨ, ਤਾਂ ਉਸ ਨੂੰ ਦੇਖਣਾ ਹੋਰ ਵੀ ਔਖਾ ਹੁੰਦਾ ਹੈ।”
[ਤਸਵੀਰ ਦੀ ਕ੍ਰੈਡਿਟ ਲਾਈਨ]
© William Daniels/Panos Pictures
-
-
4. ਪਰਿਵਾਰਾਂ ਵਿਚ ਪਿਆਰ ਦੀ ਕਮੀਪਹਿਰਾਬੁਰਜ: ਬਾਈਬਲ ਦੀਆਂ 6 ਭਵਿੱਖਬਾਣੀਆਂ ਜੋ ਅੱਜ ਪੂਰੀਆਂ ਹੋ ਰਹੀਆਂ ਹਨ
-
-
4. ਪਰਿਵਾਰਾਂ ਵਿਚ ਪਿਆਰ ਦੀ ਕਮੀ
‘ਲੋਕ ਨਿਰਮੋਹੀ ਹੋਣਗੇ।’—2 ਤਿਮੋਥਿਉਸ 3:1-3.
● ਕ੍ਰਿਸ ਯੂਨਾਇਟਿਡ ਕਿੰਗਡਮ ਦੇ ਇਕ ਅਜਿਹੇ ਸੰਗਠਨ ਨਾਲ ਜੁੜਿਆ ਹੋਇਆ ਹੈ ਜੋ ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਦਾ ਹੈ। ਉਹ ਦੱਸਦਾ ਹੈ, “ਮੈਨੂੰ ਯਾਦ ਹੈ ਇਕ ਦਿਨ ਇਕ ਔਰਤ ਮੇਰੇ ਕੋਲ ਆਈ। ਉਸ ਦੇ ਪਤੀ ਨੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਸੀ ਕਿ ਉਸ ਨੂੰ ਪਛਾਣਨਾ ਵੀ ਮੁਸ਼ਕਲ ਹੋ ਗਿਆ ਸੀ। ਕੁਝ ਔਰਤਾਂ ਨਾਲ ਇੰਨਾ ਬੁਰਾ ਸਲੂਕ ਕੀਤਾ ਜਾਂਦਾ ਹੈ ਕਿ ਉਹ ਕਿਸੇ ਨਾਲ ਨਜ਼ਰਾਂ ਮਿਲਾ ਕੇ ਗੱਲ ਵੀ ਨਹੀਂ ਕਰ ਪਾਉਂਦੀਆਂ।”
ਅੰਕੜੇ ਕੀ ਦੱਸਦੇ ਹਨ? ਅਫ਼ਰੀਕਾ ਦੇ ਇਕ ਦੇਸ਼ ਵਿਚ ਸਰਵੇ ਕੀਤਾ ਗਿਆ। ਉਸ ਵਿਚ ਪਤਾ ਲੱਗਾ ਕਿ ਤਕਰੀਬਨ 3 ਵਿੱਚੋਂ 1 ਔਰਤ ਨਾਲ ਬਚਪਨ ਵਿਚ ਬਦਫ਼ੈਲੀ ਹੋਈ ਸੀ। ਉਸੇ ਦੇਸ਼ ਵਿਚ ਇਕ ਹੋਰ ਸਰਵੇ ਕੀਤਾ ਗਿਆ ਜਿਸ ਤੋਂ ਪਤਾ ਲੱਗਾ ਕਿ 33% ਆਦਮੀਆਂ ਨੂੰ ਆਪਣੀਆਂ ਪਤਨੀਆਂ ʼਤੇ ਹੱਥ ਚੁੱਕਣ ਵਿਚ ਕੋਈ ਖ਼ਰਾਬੀ ਨਹੀਂ ਲੱਗਦੀ। ਪਰ ਸਿਰਫ਼ ਔਰਤਾਂ ਨਾਲ ਹੀ ਨਹੀਂ, ਸਗੋਂ ਆਦਮੀਆਂ ਨਾਲ ਵੀ ਬੁਰਾ ਸਲੂਕ ਕੀਤਾ ਜਾਂਦਾ ਹੈ। ਜਿਵੇਂ ਕੈਨੇਡਾ ਵਿਚ 10 ਵਿੱਚੋਂ 3 ਆਦਮੀਆਂ ਦੀਆਂ ਪਤਨੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ।
ਲੋਕ ਕੀ ਕਹਿੰਦੇ ਹਨ? ‘ਘਰੇਲੂ ਹਿੰਸਾ ਕੋਈ ਨਵੀਂ ਗੱਲ ਨਹੀਂ ਹੈ, ਇਹ ਤਾਂ ਪਹਿਲਾਂ ਵੀ ਹੁੰਦੀ ਸੀ। ਬਸ ਅੱਜ-ਕਲ੍ਹ ਲੋਕ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਲੱਗ ਪਏ ਹਨ।’
ਕੀ ਇਹ ਗੱਲ ਸੱਚ ਹੈ? ਇਹ ਗੱਲ ਤਾਂ ਸਹੀ ਹੈ ਕਿ ਅੱਜ-ਕਲ੍ਹ ਲੋਕ ਘਰੇਲੂ ਹਿੰਸਾ ਬਾਰੇ ਖੁੱਲ੍ਹ ਕੇ ਗੱਲਬਾਤ ਕਰਦੇ ਹਨ। ਪਰ ਕੀ ਇਸ ਕਰਕੇ ਘਰੇਲੂ ਹਿੰਸਾ ਘੱਟ ਗਈ ਹੈ? ਨਹੀਂ। ਸੱਚ ਤਾਂ ਇਹ ਹੈ ਕਿ ਪਰਿਵਾਰਾਂ ਵਿਚ ਪਿਆਰ ਹੋਰ ਵੀ ਘੱਟ ਗਿਆ ਹੈ। ਇਸ ਕਰਕੇ ਘਰੇਲੂ ਹਿੰਸਾ ਦੇ ਮਾਮਲੇ ਵਧਦੇ ਜਾ ਰਹੇ ਹਨ।
ਤੁਹਾਨੂੰ ਕੀ ਲੱਗਦਾ ਹੈ? ਕੀ 2 ਤਿਮੋਥਿਉਸ 3:1-3 ਵਿਚ ਲਿਖੀ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ? ਕੀ ਪਰਿਵਾਰਾਂ ਵਿਚ ਪਿਆਰ ਘੱਟਦਾ ਜਾ ਰਿਹਾ ਹੈ?
ਹੁਣ ਅਸੀਂ ਬਾਈਬਲ ਵਿੱਚੋਂ ਪੰਜਵੀਂ ਭਵਿੱਖਬਾਣੀ ਪੜ੍ਹਾਂਗੇ, ਇਹ ਧਰਤੀ ਬਾਰੇ ਹੈ। ਆਓ ਇਸ ਬਾਰੇ ਦੇਖੀਏ।
[ਵੱਡੇ ਅੱਖਰਾਂ ਵਿਚ ਖ਼ਾਸ ਗੱਲ]
“ਅਕਸਰ ਲੋਕ ਘਰੇਲੂ ਹਿੰਸਾ ਦੇ ਮਾਮਲੇ ਪੁਲਿਸ ਵਿਚ ਦਰਜ ਨਹੀਂ ਕਰਾਉਂਦੇ। ਅਨੁਮਾਨ ਲਾਇਆ ਜਾਂਦਾ ਹੈ ਕਿ ਇਕ ਔਰਤ ਪੁਲਿਸ ਕੋਲ ਉਦੋਂ ਆਉਂਦੀ ਹੈ, ਜਦ ਉਸ ਦਾ ਪਤੀ ਉਸ ਨਾਲ 35 ਕੁ ਵਾਰ ਕੁੱਟ-ਮਾਰ ਕਰ ਚੁੱਕਾ ਹੁੰਦਾ ਹੈ।”—ਵੇਲਸ ਘਰੇਲੂ ਹਿੰਸਾ ਹੈਲਪਲਾਈਨ ਦੀ ਪ੍ਰਵਕਤਾ।
-
-
5. ਧਰਤੀ ਦੀ ਤਬਾਹੀਪਹਿਰਾਬੁਰਜ: ਬਾਈਬਲ ਦੀਆਂ 6 ਭਵਿੱਖਬਾਣੀਆਂ ਜੋ ਅੱਜ ਪੂਰੀਆਂ ਹੋ ਰਹੀਆਂ ਹਨ
-
-
5. ਧਰਤੀ ਦੀ ਤਬਾਹੀ
‘ਪਰਮੇਸ਼ੁਰ ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼ ਕਰੇਗਾ।’—ਪ੍ਰਕਾਸ਼ ਦੀ ਕਿਤਾਬ 11:18.
● ਪੀਰੀ ਨਾਂ ਦਾ ਇਕ ਆਦਮੀ ਨਾਈਜੀਰੀਆ ਦੇ ਕਪੋਰ ਪਿੰਡ ਵਿਚ ਰਹਿੰਦਾ ਹੈ। ਉਹ ਤਾੜੀ ਕੱਢਣ ਦਾ ਕੰਮ ਕਰਦਾ ਹੈ। ਪਰ ਜਦੋਂ ਤੋਂ ਨਾਈਜੀਰ ਡੈਲਟਾ ਵਿਚ ਤੇਲ ਦਾ ਰਿਸਾਅ ਹੋਇਆ ਹੈ, ਉਦੋਂ ਤੋਂ ਉਸ ਲਈ ਰੋਜ਼ੀ-ਰੋਟੀ ਕਮਾਉਣੀ ਬਹੁਤ ਔਖੀ ਹੋ ਗਈ ਹੈ। ਉਹ ਕਹਿੰਦਾ ਹੈ: “ਪਾਣੀ ਦੂਸ਼ਿਤ ਹੋ ਗਿਆ ਹੈ, ਮੱਛੀਆਂ ਮਰ ਰਹੀਆਂ ਹਨ, ਸਾਡੀ ਚਮੜੀ ਵੀ ਖ਼ਰਾਬ ਹੋ ਰਹੀ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਆਪਣੇ ਪਰਿਵਾਰ ਦਾ ਢਿੱਡ ਕਿੱਦਾਂ ਪਾਲਾਂ?”
ਅੰਕੜੇ ਕੀ ਦੱਸਦੇ ਹਨ? ਕੁਝ ਮਾਹਰਾਂ ਮੁਤਾਬਕ ਸਮੁੰਦਰ ਵਿਚ ਹਰ ਸਾਲ ਤਕਰੀਬਨ 65 ਲੱਖ ਟਨ ਕੂੜਾ ਸੁੱਟਿਆ ਜਾਂਦਾ ਹੈ, ਇਸ ਵਿੱਚੋਂ ਅੱਧਾ ਕੂੜਾ ਤਾਂ ਪਲਾਸਟਿਕ ਹੁੰਦਾ ਹੈ ਜਿਸ ਨੂੰ ਗਲ਼ਣ ਵਿਚ ਸੈਂਕੜੇ ਸਾਲ ਲੱਗ ਜਾਂਦੇ ਹਨ। ਧਰਤੀ ਨੂੰ ਦੂਸ਼ਿਤ ਕਰਨ ਤੋਂ ਇਲਾਵਾ ਕੁਦਰਤੀ ਚੀਜ਼ਾਂ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਕਰਕੇ ਇਹ ਬਹੁਤ ਤੇਜ਼ੀ ਨਾਲ ਘੱਟਦੀਆਂ ਜਾ ਰਹੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਨਸਾਨ ਇਕ ਸਾਲ ਵਿਚ ਜਿੰਨੀਆਂ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰਦਾ ਹੈ, ਉਨ੍ਹਾਂ ਚੀਜ਼ਾਂ ਨੂੰ ਦੁਬਾਰਾ ਬਣਾਉਣ ਵਿਚ ਧਰਤੀ ਨੂੰ ਲਗਭਗ ਇਕ ਸਾਲ ਪੰਜ ਮਹੀਨੇ ਲੱਗ ਜਾਂਦੇ ਹਨ। ਆਸਟ੍ਰੇਲੀਆ ਦੇ ਇਕ ਮਸ਼ਹੂਰ ਅਖ਼ਬਾਰ ਵਿਚ ਲਿਖਿਆ ਸੀ: “ਜੇ ਆਬਾਦੀ ਇਸੇ ਤਰ੍ਹਾਂ ਵਧਦੀ ਗਈ ਅਤੇ ਇਸੇ ਤਰ੍ਹਾਂ ਚੀਜ਼ਾਂ ਦੀ ਵਰਤੋਂ ਹੁੰਦੀ ਗਈ, ਤਾਂ ਗੁਜ਼ਾਰਾ ਤੋਰਨਾ ਔਖਾ ਹੋ ਜਾਵੇਗਾ ਤੇ 2035 ਤਕ ਸਾਨੂੰ ਇਕ ਹੋਰ ਧਰਤੀ ਦੀ ਲੋੜ ਪਵੇਗੀ।”
ਲੋਕ ਕੀ ਕਹਿੰਦੇ ਹਨ? ‘ਅੱਜ-ਕਲ੍ਹ ਤਕਨਾਲੋਜੀ ਬਹੁਤ ਵੱਧ ਗਈ ਹੈ, ਇਸ ਲਈ ਇਨਸਾਨ ਕਿਸੇ-ਨਾ-ਕਿਸੇ ਤਰੀਕੇ ਨਾਲ ਹਾਲਾਤ ਠੀਕ ਕਰ ਹੀ ਲੈਣਗੇ।’
ਕੀ ਇਹ ਗੱਲ ਸੱਚ ਹੈ? ਬਹੁਤ ਸਾਰੇ ਲੋਕ ਪ੍ਰਦੂਸ਼ਣ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪ੍ਰਦੂਸ਼ਣ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ।
ਤੁਹਾਨੂੰ ਕੀ ਲੱਗਦਾ ਹੈ? ਕੀ ਹੁਣ ਰੱਬ ਹੀ ਇਸ ਧਰਤੀ ਨੂੰ ਬਚਾ ਸਕਦਾ ਹੈ?
ਇਨ੍ਹਾਂ ਪੰਜ ਭਵਿੱਖਬਾਣੀਆਂ ਤੋਂ ਇਲਾਵਾ ਬਾਈਬਲ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ਕੁਝ ਚੰਗਾ ਵੀ ਹੋਵੇਗਾ। ਆਓ ਆਪਾਂ ਛੇਵੀਂ ਭਵਿੱਖਬਾਣੀ ʼਤੇ ਗੌਰ ਕਰੀਏ।
[ਵੱਡੇ ਅੱਖਰਾਂ ਵਿਚ ਖ਼ਾਸ ਗੱਲ]
ਏਰਿਨ ਟੈਮਬਰ ਅਮਰੀਕਾ ਦੇ ਸਮੁੰਦਰੀ ਤਟ ਕੋਲ ਰਹਿੰਦੀ ਹੈ। ਸਾਲ 2010 ਵਿਚ ਮੈਕਸੀਕੋ ਦੀ ਖਾੜੀ ਵਿਚ ਹੋਏ ਤੇਲ ਦੇ ਰਿਸਾਅ ਤੋਂ ਬਾਅਦ ਉਸ ਨੇ ਕਿਹਾ: “ਮੇਰਾ ਘਰ ਇਕ ਬਹੁਤ ਸੋਹਣੀ ਜਗ੍ਹਾ ʼਤੇ ਸੀ, ਪਰ ਹੁਣ ਇਹ ਜਗ੍ਹਾ ਨਰਕ ਬਣ ਗਈ ਹੈ।”
[ਡੱਬੀ]
ਕੀ ਰੱਬ ਸਾਡੇ ʼਤੇ ਦੁੱਖ ਲਿਆਉਂਦਾ ਹੈ?
ਅੱਜ-ਕੱਲ੍ਹ ਦੇ ਮਾੜੇ ਹਾਲਾਤਾਂ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ। ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਇਨ੍ਹਾਂ ਪਿੱਛੇ ਰੱਬ ਦਾ ਹੱਥ ਹੈ? ਕੀ ਉਹ ਸਾਡੇ ʼਤੇ ਦੁੱਖ ਲਿਆਉਂਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ 11ਵਾਂ ਅਧਿਆਇ ਦੇਖੋ।
[ਤਸਵੀਰ ਦੀ ਕ੍ਰੈਡਿਟ ਲਾਈਨ]
U.S. Coast Guard photo
-
-
6. ਪੂਰੀ ਦੁਨੀਆਂ ਵਿਚ ਪ੍ਰਚਾਰ ਕੰਮਪਹਿਰਾਬੁਰਜ: ਬਾਈਬਲ ਦੀਆਂ 6 ਭਵਿੱਖਬਾਣੀਆਂ ਜੋ ਅੱਜ ਪੂਰੀਆਂ ਹੋ ਰਹੀਆਂ ਹਨ
-
-
6. ਪੂਰੀ ਦੁਨੀਆਂ ਵਿਚ ਪ੍ਰਚਾਰ ਕੰਮ
“ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।”—ਮੱਤੀ 24:14.
● ਵਾਈਤੀਆ ਨਾਂ ਦੀ ਇਕ ਕੁੜੀ ਸ਼ਾਂਤ ਮਹਾਂਸਾਗਰ ਦੇ ਇਕ ਛੋਟੇ ਜਿਹੇ ਟਾਪੂ ʼਤੇ ਰਹਿੰਦੀ ਹੈ। ਉਸ ਟਾਪੂ ʼਤੇ ਬਹੁਤ ਹੀ ਘੱਟ ਲੋਕ ਰਹਿੰਦੇ ਹਨ। ਪਰ ਫਿਰ ਵੀ ਯਹੋਵਾਹ ਦੇ ਗਵਾਹ ਵਾਈਤੀਆ ਅਤੇ ਉਸ ਦੇ ਗੁਆਂਢੀਆਂ ਨੂੰ ਮਿਲਣ ਗਏ। ਕਿਉਂ? ਕਿਉਂਕਿ ਯਹੋਵਾਹ ਦੇ ਗਵਾਹ ਸਾਰਿਆਂ ਨੂੰ ਪ੍ਰਚਾਰ ਕਰਦੇ ਹਨ, ਫਿਰ ਚਾਹੇ ਉਹ ਕਿਤੇ ਵੀ ਰਹਿੰਦੇ ਹੋਣ।
ਅੰਕੜੇ ਕੀ ਦੱਸਦੇ ਹਨ? ਖ਼ੁਸ਼ ਖ਼ਬਰੀ ਦਾ ਪ੍ਰਚਾਰ ਧਰਤੀ ਦੇ ਕੋਨੇ-ਕੋਨੇ ਵਿਚ ਕੀਤਾ ਜਾ ਰਿਹਾ ਹੈ। ਸਾਲ 2010 ਵਿਚ ਯਹੋਵਾਹ ਦੇ ਗਵਾਹਾਂ ਨੇ 236 ਦੇਸ਼ਾਂ ਵਿਚ ਤਕਰੀਬਨ 160 ਕਰੋੜ ਘੰਟੇ ਪ੍ਰਚਾਰ ਕੀਤਾ। ਇਸ ਦਾ ਮਤਲਬ ਕਿ 2010 ਵਿਚ ਹਰ ਗਵਾਹ ਨੇ ਹਰ ਦਿਨ 30 ਮਿੰਟ ਲੋਕਾਂ ਨੂੰ ਯਹੋਵਾਹ ਦੇ ਰਾਜ ਬਾਰੇ ਦੱਸਿਆ। ਉਨ੍ਹਾਂ ਨੇ ਦਸ ਸਾਲਾਂ ਵਿਚ ਤਕਰੀਬਨ 20 ਅਰਬ ਬਾਈਬਲ ਆਧਾਰਿਤ ਪ੍ਰਕਾਸ਼ਨ ਛਾਪੇ ਅਤੇ ਵੰਡੇ।
ਲੋਕ ਕੀ ਕਹਿੰਦੇ ਹਨ? ‘ਇਸ ਵਿਚ ਕਿਹੜੀ ਨਵੀਂ ਗੱਲ ਹੈ, ਲੋਕ ਤਾਂ ਹਜ਼ਾਰਾਂ ਸਾਲਾਂ ਤੋਂ ਬਾਈਬਲ ਦੇ ਸੰਦੇਸ਼ ਦਾ ਪ੍ਰਚਾਰ ਕਰ ਰਹੇ ਹਨ।’
ਕੀ ਇਹ ਗੱਲ ਸੱਚ ਹੈ? ਹਾਲਾਂਕਿ ਕਈ ਲੋਕਾਂ ਨੇ ਬਾਈਬਲ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਹੈ, ਪਰ ਉਨ੍ਹਾਂ ਨੇ ਇਹ ਸਾਰਾ ਕੁਝ ਥੋੜ੍ਹੇ ਸਮੇਂ ਲਈ ਅਤੇ ਸਿਰਫ਼ ਕੁਝ ਇਲਾਕਿਆਂ ਵਿਚ ਹੀ ਕੀਤਾ ਹੈ। ਪਰ ਜਿੱਥੇ ਤਕ ਯਹੋਵਾਹ ਦੇ ਗਵਾਹਾਂ ਦੀ ਗੱਲ ਹੈ, ਉਹ ਪੂਰੀ ਦੁਨੀਆਂ ਵਿਚ ਵਿਵਸਥਿਤ ਢੰਗ ਨਾਲ ਕਰੋੜਾਂ ਲੋਕਾਂ ਨੂੰ ਪ੍ਰਚਾਰ ਕਰ ਰਹੇ ਹਨ। ਕਈ ਸਰਕਾਰਾਂ ਅਤੇ ਵੱਡੇ-ਵੱਡੇ ਲੋਕਾਂ ਨੇ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਨਾਕਾਮ ਰਹੇ। (ਮਰਕੁਸ 13:13) ਪ੍ਰਚਾਰ ਕਰਨ ਲਈ ਯਹੋਵਾਹ ਦੇ ਗਵਾਹਾਂ ਨੂੰ ਪੈਸੇ ਨਹੀਂ ਮਿਲਦੇ। ਉਹ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰਨ ਵਿਚ ਆਪਣਾ ਸਮਾਂ ਬਿਤਾਉਂਦੇ ਹਨ। ਨਾਲੇ ਉਹ ਦੂਜਿਆਂ ਨੂੰ ਮੁਫ਼ਤ ਵਿਚ ਕਿਤਾਬਾਂ ਅਤੇ ਰਸਾਲੇ ਦਿੰਦੇ ਹਨ। ਲੋਕ ਆਪਣੀ ਮਰਜ਼ੀ ਨਾਲ ਜੋ ਵੀ ਦਾਨ ਦਿੰਦੇ ਹਨ, ਉਸੇ ਨਾਲ ਇਸ ਕੰਮ ਦਾ ਖ਼ਰਚਾ ਚਲਾਇਆ ਜਾਂਦਾ ਹੈ।
ਤੁਹਾਨੂੰ ਕੀ ਲੱਗਦਾ ਹੈ? ਕੀ “ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਪੂਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਹੈ? ਤਾਂ ਫਿਰ ਕੀ ਹੁਣ ਚੰਗਾ ਸਮਾਂ ਆਉਣ ਵਾਲਾ ਹੈ?
[ਵੱਡੇ ਅੱਖਰਾਂ ਵਿਚ ਖ਼ਾਸ ਗੱਲ]
“ਜਦ ਤਕ ਯਹੋਵਾਹ ਨੇ ਚਾਹਿਆ, ਉਦੋਂ ਤਕ ਅਸੀਂ ਪੂਰੇ ਜੋਸ਼ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂਗੇ ਅਤੇ ਲੋਕਾਂ ਤਕ ਪਹੁੰਚਣ ਦੀ ਹਰ ਮੁਮਕਿਨ ਕੋਸ਼ਿਸ਼ ਕਰਾਂਗੇ।”—2010 ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ।
-
-
ਇਕ ਸੁਨਹਿਰਾ ਭਵਿੱਖ!ਪਹਿਰਾਬੁਰਜ: ਬਾਈਬਲ ਦੀਆਂ 6 ਭਵਿੱਖਬਾਣੀਆਂ ਜੋ ਅੱਜ ਪੂਰੀਆਂ ਹੋ ਰਹੀਆਂ ਹਨ
-
-
ਇਕ ਸੁਨਹਿਰਾ ਭਵਿੱਖ!
“ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ . . . ਪਰ ਹਲੀਮ ਲੋਕ ਧਰਤੀ ਦੇ ਵਾਰਸ ਬਣਨਗੇ ਅਤੇ ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ।”—ਜ਼ਬੂਰ 37:10, 11.
ਕੀ ਤੁਸੀਂ ਚਾਹੁੰਦੇ ਹੋ ਕਿ ਇਹ ਭਵਿੱਖਬਾਣੀ ਪੂਰੀ ਹੋ ਜਾਵੇ? ਤੁਸੀਂ ਜ਼ਰੂਰ ਚਾਹੁੰਦੇ ਹੋਣੇ। ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਬਾਈਬਲ ਵਿਚ ਲਿਖੀ ਇਹ ਗੱਲ ਜ਼ਰੂਰ ਪੂਰੀ ਹੋਵੇਗੀ।
ਹੁਣ ਤਕ ਅਸੀਂ ਜਿਨ੍ਹਾਂ ਭਵਿੱਖਬਾਣੀਆਂ ਵੱਲ ਧਿਆਨ ਦਿੱਤਾ, ਉਨ੍ਹਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਇਸ ਦੁਸ਼ਟ ਦੁਨੀਆਂ ਦੇ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1-5) ਪਰਮੇਸ਼ੁਰ ਨੇ ਇਨ੍ਹਾਂ ਭਵਿੱਖਬਾਣੀਆਂ ਨੂੰ ਬਾਈਬਲ ਵਿਚ ਇਸ ਲਈ ਲਿਖਵਾਇਆ ਤਾਂਕਿ ਸਾਨੂੰ ਇਕ ਉਮੀਦ ਮਿਲ ਸਕੇ। (ਰੋਮੀਆਂ 15:4) ਇਹ ਭਵਿੱਖਬਾਣੀਆਂ ਅੱਜ ਪੂਰੀਆਂ ਹੋ ਰਹੀਆਂ ਹਨ, ਇਸ ਦਾ ਮਤਲਬ ਹੈ ਕਿ ਬਹੁਤ ਜਲਦੀ ਇਕ ਚੰਗਾ ਸਮਾਂ ਆਉਣ ਵਾਲਾ ਹੈ।
ਆਖ਼ਰੀ ਦਿਨਾਂ ਤੋਂ ਬਾਅਦ ਕੀ ਹੋਵੇਗਾ? ਪਰਮੇਸ਼ੁਰ ਦਾ ਰਾਜ ਪੂਰੀ ਧਰਤੀ ʼਤੇ ਹਕੂਮਤ ਕਰੇਗਾ। (ਮੱਤੀ 6:9, 10) ਆਓ ਦੇਖੀਏ ਕਿ ਉਸ ਵੇਲੇ ਹਾਲਾਤ ਕਿਹੋ ਜਿਹੇ ਹੋਣਗੇ:
● ਕੋਈ ਭੁੱਖਾ ਨਹੀਂ ਰਹੇਗਾ। “ਧਰਤੀ ਉੱਤੇ ਬਹੁਤ ਅੰਨ ਹੋਵੇਗਾ; ਪਹਾੜਾਂ ਦੀਆਂ ਚੋਟੀਆਂ ਉੱਤੇ ਇਸ ਦੀ ਭਰਮਾਰ ਹੋਵੇਗੀ।”—ਜ਼ਬੂਰ 72:16.
● ਕੋਈ ਬੀਮਾਰ ਨਹੀਂ ਹੋਵੇਗਾ। “ਕੋਈ ਵਾਸੀ ਨਾ ਕਹੇਗਾ: ‘ਮੈਂ ਬੀਮਾਰ ਹਾਂ।’”—ਯਸਾਯਾਹ 33:24.
● ਧਰਤੀ ਫਿਰ ਤੋਂ ਸੋਹਣੀ ਬਣ ਜਾਵੇਗੀ। “ਉਜਾੜ ਅਤੇ ਝੁਲ਼ਸੀ ਜ਼ਮੀਨ ਖ਼ੁਸ਼ੀਆਂ ਮਨਾਵੇਗੀ, ਰੇਗਿਸਤਾਨ ਬਾਗ਼-ਬਾਗ਼ ਹੋਵੇਗਾ ਤੇ ਕੇਸਰ ਦੇ ਫੁੱਲ ਵਾਂਗ ਖਿੜੇਗਾ।”—ਯਸਾਯਾਹ 35:1.
ਇਸ ਤੋਂ ਇਲਾਵਾ, ਬਾਈਬਲ ਵਿਚ ਹੋਰ ਵੀ ਕਈ ਭਵਿੱਖਬਾਣੀਆਂ ਲਿਖੀਆਂ ਗਈਆਂ ਹਨ ਜੋ ਬਹੁਤ ਜਲਦੀ ਪੂਰੀਆਂ ਹੋਣਗੀਆਂ। ਪਰ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਇਹ ਭਵਿੱਖਬਾਣੀਆਂ ਜ਼ਰੂਰ ਪੂਰੀਆਂ ਹੋਣਗੀਆਂ? ਯਹੋਵਾਹ ਦੇ ਗਵਾਹਾਂ ਨੂੰ ਤੁਹਾਨੂੰ ਇਸ ਬਾਰੇ ਦੱਸ ਕੇ ਬਹੁਤ ਖ਼ੁਸ਼ੀ ਹੋਵੇਗੀ।
-