-
ਉਮੀਦ—ਕੀ ਉਮੀਦ ਕਰਨ ਨਾਲ ਕੋਈ ਫ਼ਰਕ ਪੈਂਦਾ ਹੈ?ਜਾਗਰੂਕ ਬਣੋ!: ਉਮੀਦ ਕਿੱਥੋਂ ਮਿਲ ਸਕਦੀ ਹੈ?
-
-
ਉਮੀਦ—ਕੀ ਉਮੀਦ ਕਰਨ ਨਾਲ ਕੋਈ ਫ਼ਰਕ ਪੈਂਦਾ ਹੈ?
ਡੈਨਿਅਲ ਸਿਰਫ਼ ਦਸ ਸਾਲਾਂ ਦਾ ਹੀ ਸੀ। ਉਹ ਪਿਛਲੇ ਇਕ ਸਾਲ ਤੋਂ ਕੈਂਸਰ ਨਾਲ ਲੜ ਰਿਹਾ ਸੀ। ਉਸ ਦੇ ਘਰ ਵਾਲਿਆਂ ਅਤੇ ਡਾਕਟਰਾਂ ਨੂੰ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਪਰ ਡੈਨਿਅਲ ਨੇ ਉਮੀਦ ਨਹੀਂ ਛੱਡੀ। ਉਸ ਨੂੰ ਯਕੀਨ ਸੀ ਕਿ ਉਹ ਠੀਕ ਹੋ ਜਾਵੇਗਾ ਅਤੇ ਵੱਡਾ ਹੋ ਕੇ ਕੈਂਸਰ ਦਾ ਇਲਾਜ ਲੱਭੇਗਾ। ਕੁਝ ਦਿਨਾਂ ਬਾਅਦ ਕੈਂਸਰ ਦਾ ਇਕ ਮਾਹਰ ਡਾਕਟਰ ਉਸ ਨੂੰ ਦੇਖਣ ਆਉਣ ਵਾਲਾ ਸੀ। ਡੈਨਿਅਲ ਨੂੰ ਇਸ ਡਾਕਟਰ ਤੋਂ ਬਹੁਤ ਉਮੀਦਾਂ ਸੀ। ਇਸ ਲਈ ਉਹ ਉਸ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਪਰ ਮੌਸਮ ਖ਼ਰਾਬ ਹੋਣ ਕਰਕੇ ਉਹ ਡਾਕਟਰ ਉਸ ਦਿਨ ਨਹੀਂ ਆ ਸਕਿਆ। ਡੈਨਿਅਲ ਦੀਆਂ ਉਮੀਦਾਂ ʼਤੇ ਪਾਣੀ ਫਿਰ ਗਿਆ। ਜ਼ਿੰਦਗੀ ਵਿਚ ਪਹਿਲੀ ਵਾਰ ਉਹ ਨਿਰਾਸ਼ ਹੋਇਆ। ਦੋ ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਗਈ।
ਇਹ ਕਿੱਸਾ ਇਕ ਨਰਸ ਨੇ ਦੱਸਿਆ ਸੀ ਜੋ ਇਸ ਗੱਲ ʼਤੇ ਖੋਜਬੀਨ ਕਰ ਰਹੀ ਸੀ ਕਿ ਉਮੀਦ ਹੋਣ ਜਾਂ ਨਾ ਹੋਣ ਨਾਲ ਸਿਹਤ ʼਤੇ ਕੀ ਅਸਰ ਪੈਂਦਾ ਹੈ। ਤੁਸੀਂ ਵੀ ਸ਼ਾਇਦ ਇੱਦਾਂ ਦੇ ਕਈ ਕਿੱਸੇ ਸੁਣੇ ਹੋਣ। ਜਿਵੇਂ, ਇਕ ਬੁੱਢੇ ਵਿਅਕਤੀ ਦੀ ਸ਼ਾਇਦ ਆਖ਼ਰੀ ਇੱਛਾ ਹੋਵੇ ਕਿ ਉਹ ਕਿਸੇ ਅਜ਼ੀਜ਼ ਨੂੰ ਮਿਲੇ ਜਾਂ ਕਿਸੇ ਖ਼ਾਸ ਮੌਕੇ ਵਿਚ ਸ਼ਰੀਕ ਹੋਵੇ। ਜਦੋਂ ਤਕ ਉਸ ਨੂੰ ਉਮੀਦ ਰਹਿੰਦੀ ਹੈ, ਉਦੋਂ ਤਕ ਉਸ ਦੇ ਸਾਹ ਚੱਲਦੇ ਰਹਿੰਦੇ ਹਨ। ਪਰ ਜਿੱਦਾਂ ਹੀ ਉਸ ਦੀ ਇੱਛਾ ਪੂਰੀ ਹੋ ਜਾਂਦੀ ਹੈ, ਉਹ ਦਮ ਤੋੜ ਦਿੰਦਾ ਹੈ। ਇੱਦਾਂ ਕਿਉਂ ਹੁੰਦਾ ਹੈ? ਕੀ ਉਮੀਦ ਹੋਣ ਜਾਂ ਨਾ ਹੋਣ ਨਾਲ ਸੱਚੀਂ ਸਾਡੀ ਸਿਹਤ ʼਤੇ ਕੋਈ ਫ਼ਰਕ ਪੈਂਦਾ ਹੈ?
ਬਹੁਤ ਸਾਰੇ ਡਾਕਟਰ ਕਹਿੰਦੇ ਹਨ ਕਿ ਜੇ ਅਸੀਂ ਖ਼ੁਸ਼ ਰਹਿੰਦੇ ਹਾਂ ਅਤੇ ਚੰਗਾ ਸੋਚਦੇ ਹਾਂ ਤਾਂ ਸਾਡੀ ਸਿਹਤ ʼਤੇ ਇਸ ਦਾ ਚੰਗਾ ਅਸਰ ਪੈਂਦਾ ਹੈ। ਪਰ ਕੁਝ ਡਾਕਟਰ ਇਸ ਗੱਲ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬੀਮਾਰੀਆਂ ਸਿਰਫ਼ ਸਰੀਰਕ ਕਮਜ਼ੋਰੀ ਕਰਕੇ ਹੀ ਹੁੰਦੀਆਂ ਹਨ।
ਪੁਰਾਣੇ ਜ਼ਮਾਨੇ ਵਿਚ ਵੀ ਕਈ ਲੋਕਾਂ ਨੂੰ ਲੱਗਦਾ ਸੀ ਕਿ ਉਮੀਦ ਰੱਖਣ ਦਾ ਕੋਈ ਫ਼ਾਇਦਾ ਨਹੀਂ। ਹਜ਼ਾਰਾਂ ਸਾਲ ਪਹਿਲਾਂ ਅਰਸਤੂ ਨਾਂ ਦੇ ਇਕ ਯੂਨਾਨੀ ਵਿਦਵਾਨ ਨੇ ਕਿਹਾ ਕਿ “ਉਮੀਦ ਲਾਉਣੀ ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਦੇਖਣ ਦੇ ਬਰਾਬਰ ਹੈ।” ਤਕਰੀਬਨ 200 ਸਾਲ ਪਹਿਲਾਂ ਅਮਰੀਕੀ ਨੇਤਾ ਬੈਂਜਾਮਿਨ ਫ੍ਰੈਂਕਲਿਨ ਨੇ ਵੀ ਕਿਹਾ: “ਜੇ ਉਮੀਦ ਦੇ ਸਹਾਰੇ ਰਹੋਗੇ, ਤਾਂ ਭੁੱਖੇ ਮਰੋਗੇ।”
ਤਾਂ ਫਿਰ ਕੀ ਉਮੀਦ ਰੱਖਣ ਦਾ ਕੋਈ ਫ਼ਾਇਦਾ ਨਹੀਂ? ਕੀ ਇਹ ਸਿਰਫ਼ ਕਹਿਣ ਦੀ ਗੱਲ ਹੈ? ਕੀ ਉਮੀਦ ਰੱਖਣ ਨਾਲ ਸੱਚੀਂ ਸਾਡੀ ਸਿਹਤ ਵਿਚ ਕੋਈ ਸੁਧਾਰ ਆ ਸਕਦਾ ਹੈ ਜਾਂ ਕੀ ਅਸੀਂ ਖ਼ੁਸ਼ੀ ਰਹਿ ਸਕਦੇ ਹਾਂ?
-
-
ਸਾਨੂੰ ਉਮੀਦ ਦੀ ਲੋੜ ਕਿਉਂ ਹੈ?ਜਾਗਰੂਕ ਬਣੋ!: ਉਮੀਦ ਕਿੱਥੋਂ ਮਿਲ ਸਕਦੀ ਹੈ?
-
-
ਸਾਨੂੰ ਉਮੀਦ ਦੀ ਲੋੜ ਕਿਉਂ ਹੈ?
ਜ਼ਰਾ ਸੋਚੋ ਜੇ ਪਿਛਲੇ ਲੇਖ ਵਿਚ ਜ਼ਿਕਰ ਕੀਤੇ ਡੈਨਿਅਲ ਨਾਂ ਦੇ ਬੱਚੇ ਨੇ ਉਮੀਦ ਨਾ ਛੱਡੀ ਹੁੰਦੀ, ਤਾਂ ਕੀ ਹੁੰਦਾ? ਕੀ ਉਸ ਨੇ ਠੀਕ ਹੋ ਜਾਣਾ ਸੀ? ਕੀ ਉਹ ਅੱਜ ਜ਼ਿੰਦਾ ਹੁੰਦਾ? ਜੋ ਲੋਕ ਮੰਨਦੇ ਹਨ ਕਿ ਉਮੀਦ ਰੱਖਣ ਨਾਲ ਸਿਹਤ ਵਧੀਆ ਰਹਿੰਦੀ ਹੈ, ਸ਼ਾਇਦ ਉਹ ਵੀ ਕਹਿਣ ਕਿ ਇੱਦਾਂ ਨਹੀਂ ਹੋ ਸਕਦਾ। ਬਿਨਾਂ ਸ਼ੱਕ, ਸਿਰਫ਼ ਉਮੀਦ ਰੱਖਣ ਨਾਲ ਸਾਰਾ ਕੁਝ ਠੀਕ ਨਹੀਂ ਹੋ ਜਾਂਦਾ।
ਡਾਕਟਰ ਨੇਥਨ ਚਰਨੇ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਜਿਹੜੇ ਮਰੀਜ਼ ਜ਼ਿਆਦਾ ਬੀਮਾਰ ਹੁੰਦੇ ਹਨ, ਉਨ੍ਹਾਂ ਨੂੰ ਇਹ ਕਹਿਣਾ ਗ਼ਲਤ ਹੋਵੇਗਾ ਕਿ ਜੇ ਤੁਸੀਂ ਚੰਗਾ ਸੋਚੋਗੇ, ਤਾਂ ਠੀਕ ਹੋ ਜਾਵੋਗੇ। ਉਸ ਨੇ ਅੱਗੇ ਕਿਹਾ: “ਅਸੀਂ ਕਈ ਵਾਰ ਦੇਖਿਆ ਹੈ ਕਿ ਜਦੋਂ ਕੋਈ ਪਤਨੀ ਠੀਕ ਨਹੀਂ ਹੁੰਦੀ, ਤਾਂ ਉਸ ਦਾ ਪਤੀ ਉਸੇ ʼਤੇ ਦੋਸ਼ ਲਾਉਂਦਾ ਹੈ ਅਤੇ ਕਹਿੰਦਾ ਹੈ, ‘ਤੂੰ ਚੰਗੀ ਤਰ੍ਹਾਂ ਅੰਤਰ-ਧਿਆਨ ਨਹੀਂ ਕਰਦੀ ਅਤੇ ਚੰਗੀਆਂ ਗੱਲਾਂ ਬਾਰੇ ਨਹੀਂ ਸੋਚਦੀ। ਤਾਂ ਹੀ ਤੂੰ ਠੀਕ ਨਹੀਂ ਹੋ ਰਹੀ।’ ਇਸ ਤਰ੍ਹਾਂ ਦੀ ਸੋਚ ਗ਼ਲਤ ਹੈ ਕਿਉਂਕਿ ਇੱਦਾਂ ਮਰੀਜ਼ ਨੂੰ ਲੱਗ ਸਕਦਾ ਹੈ ਕਿ ਬੀਮਾਰੀ ਤੋਂ ਠੀਕ ਹੋਣਾ ਜਾਂ ਨਾ ਹੋਣਾ ਉਸ ਦੇ ਆਪਣੇ ਹੱਥ ਵੱਸ ਹੈ। ਯਾਨੀ ਜੇ ਉਹ ਠੀਕ ਨਹੀਂ ਹੁੰਦਾ, ਤਾਂ ਇਸ ਵਿਚ ਉਸ ਦੀ ਗ਼ਲਤੀ ਹੈ।”
ਜਿਹੜੇ ਲੋਕ ਕਿਸੇ ਵੱਡੀ ਬੀਮਾਰੀ ਦੇ ਸ਼ਿਕਾਰ ਹੁੰਦੇ ਹਨ, ਉਹ ਪਹਿਲਾਂ ਹੀ ਬਹੁਤ ਨਿਰਾਸ਼ ਅਤੇ ਥੱਕੇ ਹੋਏ ਹੁੰਦੇ ਹਨ। ਉੱਪਰੋਂ ਜੇ ਉਨ੍ਹਾਂ ਦੇ ਘਰ ਵਾਲੇ ਜਾਂ ਦੋਸਤ ਉਨ੍ਹਾਂ ʼਤੇ ਦੋਸ਼ ਲਾਉਣ, ਤਾਂ ਉਹ ਪੂਰੀ ਤਰ੍ਹਾਂ ਟੁੱਟ ਸਕਦੇ ਹਨ। ਤਾਂ ਫਿਰ ਕੀ ਚੰਗੇ ਭਵਿੱਖ ਦੀ ਉਮੀਦ ਰੱਖਣ ਦਾ ਕੋਈ ਫ਼ਾਇਦਾ ਨਹੀਂ?
ਨਹੀਂ, ਇੱਦਾਂ ਨਹੀਂ ਹੈ। ਡਾਕਟਰ ਨੇਥਨ ਚਰਨੇ ਅਜਿਹੇ ਮਰੀਜ਼ਾਂ ਦਾ ਇਲਾਜ ਕਰਦੇ ਹਨ ਜਿਨ੍ਹਾਂ ਨੂੰ ਕੋਈ ਵੱਡੀ ਬੀਮਾਰੀ ਹੈ। ਉਹ ਜਿਸ ਵਿਭਾਗ ਵਿਚ ਕੰਮ ਕਰਦੇ ਹਨ, ਉੱਥੇ ਬੀਮਾਰੀ ਖ਼ਤਮ ਕਰਨ ʼਤੇ ਜ਼ੋਰ ਦੇਣ ਦੀ ਬਜਾਇ ਇਸ ਗੱਲ ʼਤੇ ਧਿਆਨ ਦਿੱਤਾ ਜਾਂਦਾ ਹੈ ਕਿ ਮਰੀਜ਼ ਦਾ ਆਖ਼ਰੀ ਸਮਾਂ ਆਰਾਮ ਨਾਲ ਲੰਘੇ। ਇਸ ਵਿਭਾਗ ਦੇ ਡਾਕਟਰ ਇਸ ਤਰ੍ਹਾਂ ਇਲਾਜ ਕਰਦੇ ਹਨ ਕਿ ਮਰੀਜ਼ ਖ਼ੁਸ਼ ਰਹੇ ਅਤੇ ਉਸ ਦੀ ਮਾਨਸਿਕ ਹਾਲਤ ਵਧੀਆ ਰਹੇ। ਇਨ੍ਹਾਂ ਡਾਕਟਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਇਲਾਜ ਫ਼ਾਇਦੇਮੰਦ ਹੈ। ਇਸ ਗੱਲ ਦੇ ਕਈ ਸਬੂਤ ਹਨ ਕਿ ਉਮੀਦ ਖ਼ੁਸ਼ੀ ਦੇਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰ ਸਕਦੀ ਹੈ।
ਉਮੀਦ ਹੋਣ ਦੇ ਫ਼ਾਇਦੇ
ਡਾਕਟਰ ਗਿਫ਼ਰਡ-ਜੋਨਜ਼ ਨੇ ਕਿਹਾ: “ਉਮੀਦ ਮਲ੍ਹਮ ਦਾ ਕੰਮ ਕਰਦੀ ਹੈ।” ਉਸ ਨੇ ਇਹ ਜਾਣਨ ਲਈ ਬਹੁਤ ਸਾਰੇ ਅਧਿਐਨ ਕੀਤੇ ਕਿ ਲਾਇਲਾਜ ਬੀਮਾਰੀਆਂ ਨਾਲ ਪੀੜਿਤ ਮਰੀਜ਼ਾਂ ਨੂੰ ਹੌਸਲਾ ਦੇਣ ਦਾ ਕਿੰਨਾ ਕੁ ਫ਼ਾਇਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਅਜਿਹੇ ਮਰੀਜ਼ਾਂ ਨੂੰ ਹੌਸਲਾ ਦਿੱਤਾ ਜਾਂਦਾ ਹੈ, ਤਾਂ ਉਹ ਖ਼ੁਸ਼ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਜੀਉਣ ਦੀ ਉਮੀਦ ਮਿਲਦੀ ਹੈ। ਸੰਨ 1989 ਵਿਚ ਕੁਝ ਮਰੀਜ਼ਾਂ ਦਾ ਸਰਵੇ ਕੀਤਾ ਗਿਆ। ਇਸ ਵਿਚ ਪਤਾ ਲੱਗਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਹੌਸਲਾ ਦਿੱਤਾ ਗਿਆ, ਉਹ ਲੰਬੇ ਸਮੇਂ ਤਕ ਜੀ ਸਕੇ। ਲੇਕਿਨ ਹਾਲ ਹੀ ਵਿਚ ਕੀਤੀ ਗਈ ਖੋਜਬੀਨ ਤੋਂ ਪਤਾ ਲੱਗਾ ਹੈ ਕਿ ਇੱਦਾਂ ਹਰ ਵਾਰ ਨਹੀਂ ਹੁੰਦਾ। ਪਰ ਇਕ ਗੱਲ ਤਾਂ ਪੱਕੀ ਹੈ, ਜਿਨ੍ਹਾਂ ਮਰੀਜ਼ਾਂ ਦਾ ਹੌਸਲਾ ਵਧਾਇਆ ਜਾਂਦਾ ਹੈ, ਉਹ ਇੰਨੇ ਨਿਰਾਸ਼ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਦੂਜੇ ਮਰੀਜ਼ਾਂ ਨਾਲੋਂ ਦਰਦ ਵੀ ਘੱਟ ਹੁੰਦਾ ਹੈ।
ਸਾਡੀ ਸੋਚ ਦਾ ਸਾਡੀ ਸਿਹਤ ʼਤੇ ਕਿਹੋ ਜਿਹਾ ਅਸਰ ਪੈਂਦਾ ਹੈ, ਇਸ ਬਾਰੇ ਇਕ ਵਾਰ ਫਿਰ ਤੋਂ ਖੋਜਬੀਨ ਕੀਤੀ ਗਈ। ਤਕਰੀਬਨ 1,300 ਆਦਮੀਆਂ ਦਾ ਸਰਵੇ ਕੀਤਾ ਗਿਆ। ਇਸ ਵਿਚ ਪਤਾ ਕੀਤਾ ਗਿਆ ਕਿ ਉਹ ਆਪਣੀ ਜ਼ਿੰਦਗੀ ਬਾਰੇ ਚੰਗਾ ਸੋਚਦੇ ਹਨ ਜਾਂ ਮਾੜਾ। ਦਸ ਸਾਲ ਬਾਅਦ ਦੇਖਿਆ ਗਿਆ ਕਿ ਇਨ੍ਹਾਂ ਵਿੱਚੋਂ 160 ਲੋਕਾਂ ਨੂੰ ਦਿਲ ਦੀ ਬੀਮਾਰੀ ਹੋ ਗਈ। ਉਨ੍ਹਾਂ 160 ਜਣਿਆਂ ਵਿੱਚੋਂ ਜ਼ਿਆਦਾਤਰ ਲੋਕ ਅਜਿਹੇ ਸਨ, ਜੋ ਸੋਚਦੇ ਸਨ ਕਿ ਉਨ੍ਹਾਂ ਨਾਲ ਕੁਝ ਮਾੜਾ ਹੋਵੇਗਾ। ਇਸ ਖੋਜਬੀਨ ਬਾਰੇ ਅਮਰੀਕਾ ਦੀ ਇਕ ਮੰਨੀ-ਪ੍ਰਮੰਨੀ ਯੂਨੀਵਰਸਿਟੀ ਵਿਚ ਪੜ੍ਹਾਉਣ ਵਾਲੀ ਡਾਕਟਰ ਲੌਰਾ ਕੁਬਜ਼ਾਂਸਕੀ ਨੇ ਕਿਹਾ: “ਹੁਣ ਤਕ ਬਸ ਕੁਝ ਲੋਕਾਂ ਦਾ ਕਹਿਣਾ ਸੀ ਕਿ ਚੰਗੀਆਂ ਗੱਲਾਂ ਬਾਰੇ ਸੋਚਣ ਨਾਲ ਸਿਹਤ ਵਧੀਆ ਰਹਿੰਦੀ ਹੈ। ਪਰ ਇਸ ਖੋਜਬੀਨ ਤੋਂ ਪਹਿਲੀ ਵਾਰ ਇਹ ਸਾਬਤ ਹੋਇਆ ਕਿ ਚੰਗਾ ਸੋਚਣ ਵਾਲਿਆਂ ਨੂੰ ਦਿਲ ਦੀ ਬੀਮਾਰੀ ਘੱਟ ਹੀ ਲੱਗਦੀ ਹੈ।”
ਖੋਜਬੀਨ ਕਰਕੇ ਇਹ ਵੀ ਪਤਾ ਲੱਗਿਆ ਕਿ ਜਿਨ੍ਹਾਂ ਲੋਕਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਸਿਹਤ ਵਧੀਆ ਹੈ, ਉਹ ਓਪਰੇਸ਼ਨ ਕਰਾਉਣ ਤੋਂ ਬਾਅਦ ਜਲਦੀ ਠੀਕ ਹੋ ਗਏ। ਪਰ ਜਿਨ੍ਹਾਂ ਲੋਕਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਉਨ੍ਹਾਂ ਨੂੰ ਓਪਰੇਸ਼ਨ ਤੋਂ ਬਾਅਦ ਠੀਕ ਹੋਣ ਵਿਚ ਜ਼ਿਆਦਾ ਸਮਾਂ ਲੱਗਾ। ਇਹ ਵੀ ਦੇਖਿਆ ਗਿਆ ਹੈ ਕਿ ਜੋ ਲੋਕ ਖ਼ੁਸ਼ ਰਹਿੰਦੇ ਹਨ, ਉਹ ਲੰਬੀ ਉਮਰ ਜੀਉਂਦੇ ਹਨ। ਇਕ ਖੋਜ ਤੋਂ ਇਹ ਵੀ ਪਤਾ ਲੱਗਾ ਕਿ ਚੰਗੀ ਅਤੇ ਮਾੜੀ ਸੋਚ ਦਾ ਬਿਰਧਾਂ ʼਤੇ ਕੀ ਅਸਰ ਪੈਂਦਾ ਹੈ। ਜਦੋਂ ਕੁਝ ਬਿਰਧ ਲੋਕਾਂ ਨੂੰ ਕਿਹਾ ਗਿਆ ਕਿ ਵੱਡੀ ਉਮਰ ਹੋਣ ਕਰਕੇ ਉਨ੍ਹਾਂ ਨੂੰ ਜ਼ਿਆਦਾ ਤਜਰਬਾ ਹੈ, ਉਹ ਬੁੱਧੀਮਾਨ ਹਨ, ਤਾਂ ਉਨ੍ਹਾਂ ਵਿਚ ਜੋਸ਼ ਭਰ ਆਇਆ। ਉਨ੍ਹਾਂ ਵਿਚ ਇੰਨੀ ਫੁਰਤੀ ਆ ਗਈ, ਜਿੰਨੀ 12 ਹਫ਼ਤੇ ਕਸਰਤ ਕਰਨ ਨਾਲ ਆਉਂਦੀ ਹੈ!
ਵਧੀਆ ਸੋਚਣ ਅਤੇ ਉਮੀਦ ਰੱਖਣ ਨਾਲ ਇਕ ਵਿਅਕਤੀ ਦੀ ਸਿਹਤ ਵਧੀਆ ਕਿਉਂ ਰਹਿੰਦੀ ਹੈ? ਵਿਗਿਆਨੀਆਂ ਅਤੇ ਡਾਕਟਰਾਂ ਨੂੰ ਵੀ ਹਾਲੇ ਤਕ ਇਸ ਦਾ ਸਹੀ-ਸਹੀ ਜਵਾਬ ਨਹੀਂ ਪਤਾ। ਪਰ ਹੁਣ ਤਕ ਜੋ ਖੋਜਬੀਨ ਹੋਈ ਹੈ, ਉਸ ਦੇ ਆਧਾਰ ʼਤੇ ਮਾਹਰਾਂ ਦਾ ਇਹੀ ਮੰਨਣਾ ਹੈ। ਇਕ ਡਾਕਟਰ ਨੇ ਕਿਹਾ: “ਜੋ ਲੋਕ ਖ਼ੁਸ਼ ਰਹਿੰਦੇ ਅਤੇ ਚੰਗੀਆਂ ਗੱਲਾਂ ਦੀ ਉਮੀਦ ਰੱਖਦੇ ਹਨ, ਉਨ੍ਹਾਂ ਨੂੰ ਤਣਾਅ ਨਹੀਂ ਹੁੰਦਾ। ਇਸ ਕਰਕੇ ਉਨ੍ਹਾਂ ਦੀ ਸਿਹਤ ਵਧੀਆ ਰਹਿੰਦੀ ਹੈ। ਇਸ ਲਈ ਖ਼ੁਸ਼ ਰਹਿਣਾ ਸਿਹਤਮੰਦ ਰਹਿਣ ਦਾ ਇਕ ਚੰਗਾ ਤਰੀਕਾ ਹੈ।”
ਡਾਕਟਰਾਂ ਅਤੇ ਵਿਗਿਆਨੀਆਂ ਨੂੰ ਇਹ ਗੱਲ ਹਾਲ ਹੀ ਵਿਚ ਪਤਾ ਲੱਗੀ ਹੈ। ਪਰ ਬਾਈਬਲ ਵਿਚ ਇਹ ਗੱਲ ਸਦੀਆਂ ਪਹਿਲਾਂ ਹੀ ਲਿਖ ਦਿੱਤੀ ਗਈ ਸੀ। ਅੱਜ ਤੋਂ ਤਕਰੀਬਨ 3,000 ਸਾਲ ਪਹਿਲਾਂ ਰਾਜਾ ਸੁਲੇਮਾਨ ਨੇ ਲਿਖਿਆ: “ਖ਼ੁਸ਼-ਦਿਲੀ ਇਕ ਚੰਗੀ ਦਵਾਈ ਹੈ, ਪਰ ਕੁਚਲਿਆ ਮਨ ਹੱਡੀਆਂ ਨੂੰ ਸੁਕਾ ਦਿੰਦਾ ਹੈ।” (ਕਹਾਉਤਾਂ 17:22) ਧਿਆਨ ਦਿਓ ਕਿ ਇੱਥੇ ਇਹ ਨਹੀਂ ਲਿਖਿਆ ਕਿ ਖ਼ੁਸ਼ ਰਹਿਣ ਨਾਲ ਸਾਰੀਆਂ ਬੀਮਾਰੀਆਂ ਠੀਕ ਹੋ ਜਾਣਗੀਆਂ, ਸਗੋਂ ਇਹ ਲਿਖਿਆ ਹੈ ਕਿ “ਖ਼ੁਸ਼-ਦਿਲੀ ਇਕ ਚੰਗੀ ਦਵਾਈ ਹੈ।”
ਵਾਕਈ, ਜੇ ਉਮੀਦ ਸੱਚ-ਮੁੱਚ ਕੋਈ ਦਵਾਈ ਹੁੰਦੀ, ਤਾਂ ਹਰ ਡਾਕਟਰ ਆਪਣੇ ਮਰੀਜ਼ ਨੂੰ ਇਹ ਦਵਾਈ ਦਿੰਦਾ। ਉਮੀਦ ਰੱਖਣ ਨਾਲ ਸਿਰਫ਼ ਸਾਡੀ ਸਿਹਤ ʼਤੇ ਹੀ ਅਸਰ ਨਹੀਂ ਪੈਂਦਾ, ਸਗੋਂ ਇਸ ਦੇ ਹੋਰ ਵੀ ਕਈ ਫ਼ਾਇਦੇ ਹਨ।
ਸਾਡੀ ਸੋਚ ਦਾ ਸਾਡੇ ʼਤੇ ਕੀ ਅਸਰ ਪੈਂਦਾ ਹੈ?
ਵਿਗਿਆਨੀਆਂ ਨੇ ਇਹ ਪਤਾ ਕੀਤਾ ਹੈ ਕਿ ਜੋ ਚੰਗੀਆਂ ਗੱਲਾਂ ਦੀ ਉਮੀਦ ਰੱਖਦੇ ਹਨ, ਉਨ੍ਹਾਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਉਹ ਸਕੂਲੇ, ਕੰਮ ʼਤੇ ਅਤੇ ਖੇਡਾਂ ਵਿਚ ਵਧੀਆ ਕਰਦੇ ਹਨ। ਮਿਸਾਲ ਲਈ, ਕੁਝ ਕੁੜੀਆਂ ਦਾ ਸਰਵੇ ਕੀਤਾ ਗਿਆ ਜੋ ਦੌੜਾਂ ਵਿਚ ਹਿੱਸਾ ਲੈਂਦੀਆਂ ਸਨ। ਉਨ੍ਹਾਂ ਦੇ ਕੋਚ ਨੇ ਦੱਸਿਆ ਕਿ ਕਿਹੜੀ ਕੁੜੀ ਕਿੰਨਾ ਕੁ ਵਧੀਆ ਦੌੜਦੀ ਹੈ। ਉਨ੍ਹਾਂ ਕੁੜੀਆਂ ਤੋਂ ਵੀ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕੀ ਲੱਗਦਾ ਹੈ ਕਿ ਉਹ ਕਿੰਨਾ ਕੁ ਵਧੀਆ ਦੌੜਨਗੀਆਂ। ਦੌੜ ਤੋਂ ਬਾਅਦ ਦੇਖਿਆ ਗਿਆ ਕਿ ਕੋਚ ਦੀ ਰਿਪੋਰਟ ਦੀ ਬਜਾਇ ਕੁੜੀਆਂ ਨੇ ਜੋ ਅੰਦਾਜ਼ਾ ਲਾਇਆ ਸੀ, ਉਹ ਜ਼ਿਆਦਾ ਠੀਕ ਸੀ। ਅਖ਼ੀਰ ਉਮੀਦ ਰੱਖਣ ਦਾ ਇੰਨਾ ਜ਼ਬਰਦਸਤ ਅਸਰ ਕਿਉਂ ਹੁੰਦਾ ਹੈ?
ਵਿਗਿਆਨੀਆਂ ਨੇ ਅਜਿਹੇ ਲੋਕਾਂ ਦਾ ਅਧਿਐਨ ਕਰਕੇ ਵੀ ਬਹੁਤ ਕੁਝ ਸਿੱਖਿਆ ਹੈ, ਜੋ ਹਮੇਸ਼ਾ ਸੋਚਦੇ ਹਨ ਕਿ ਕੁਝ ਬੁਰਾ ਹੋਵੇਗਾ। ਅੱਜ ਤੋਂ ਤਕਰੀਬਨ 50 ਸਾਲ ਪਹਿਲਾਂ ਵਿਗਿਆਨੀਆਂ ਨੇ ਇਹ ਪਤਾ ਕੀਤਾ ਕਿ ਕਈ ਵਾਰ ਹਾਲਾਤਾਂ ਕਰਕੇ ਜਾਨਵਰ ਅਤੇ ਇਨਸਾਨ ਦੋਵੇਂ ਉਮੀਦ ਛੱਡ ਦਿੰਦੇ ਹਨ। ਉਨ੍ਹਾਂ ਨੇ ਕੁਝ ਲੋਕਾਂ ਨੂੰ ਇਕ ਕਮਰੇ ਵਿਚ ਬੰਦ ਕੀਤਾ, ਜਿੱਥੇ ਬਹੁਤ ਰੌਲ਼ਾ ਸੀ। ਉਨ੍ਹਾਂ ਨੂੰ ਕਿਹਾ ਗਿਆ ਕਿ ਜੇ ਉਹ ਕੁਝ ਬਟਨ ਦਬਾਉਣ, ਤਾਂ ਇਹ ਰੌਲ਼ਾ ਬੰਦ ਹੋ ਜਾਵੇਗਾ। ਬਟਨ ਦਬਾਉਣ ਨਾਲ ਉਹ ਰੌਲ਼ਾ ਖ਼ਤਮ ਹੋ ਗਿਆ।
ਕੁਝ ਹੋਰ ਲੋਕਾਂ ਨੂੰ ਵੀ ਇਹੀ ਗੱਲ ਕਹੀ ਗਈ, ਪਰ ਜਦ ਉਨ੍ਹਾਂ ਨੇ ਬਟਨ ਦਬਾਏ, ਤਾਂ ਉਹ ਆਵਾਜ਼ ਬੰਦ ਨਹੀਂ ਹੋਈ। ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਲੱਗਾ ਕਿ ਹੁਣ ਉਹ ਕੁਝ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੇ ਉਮੀਦ ਛੱਡ ਦਿੱਤੀ। ਉਸੇ ਦਿਨ ਜਦੋਂ ਕੁਝ ਹੋਰ ਪ੍ਰਯੋਗ ਕੀਤੇ ਗਏ, ਤਾਂ ਲੋਕਾਂ ਨੇ ਕੋਸ਼ਿਸ਼ ਕਰਨੀ ਹੀ ਬੰਦ ਕਰ ਦਿੱਤੀ। ਉਨ੍ਹਾਂ ਨੂੰ ਲੱਗਾ ਕਿ ਚਾਹੇ ਉਹ ਕੁਝ ਵੀ ਕਰ ਲੈਣ, ਕੋਈ ਫ਼ਾਇਦਾ ਨਹੀਂ ਹੋਣਾ। ਪਰ ਉਨ੍ਹਾਂ ਵਿੱਚੋਂ ਕੁਝ ਲੋਕ ਅਜਿਹੇ ਸਨ ਜਿਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਉਹ ਕੋਸ਼ਿਸ਼ ਕਰਦੇ ਰਹੇ।
ਇਨ੍ਹਾਂ ਵਿੱਚੋਂ ਕਈ ਪ੍ਰਯੋਗ ਡਾਕਟਰ ਮਾਰਟਿਨ ਸੇਲਿਗਮਨ ਨੇ ਤਿਆਰ ਕੀਤੇ ਸੀ। ਇਨ੍ਹਾਂ ਪ੍ਰਯੋਗਾਂ ਤੋਂ ਬਾਅਦ ਉਸ ਨੇ ਇਸ ਬਾਰੇ ਖੋਜਬੀਨ ਜਾਰੀ ਰੱਖੀ ਕਿ ਕਿਉਂ ਲੋਕ ਹਿੰਮਤ ਹਾਰ ਬੈਠਦੇ ਹਨ। ਉਹ ਇਸ ਨਤੀਜੇ ʼਤੇ ਪਹੁੰਚਿਆ ਕਿ ਜੋ ਲੋਕ ਸੋਚਦੇ ਹਨ ਕਿ ਉਨ੍ਹਾਂ ਨਾਲ ਕੁਝ ਬੁਰਾ ਹੋਵੇਗਾ, ਉਹ ਡਰ ਦੇ ਮਾਰੇ ਪਿੱਛੇ ਹਟ ਜਾਂਦੇ ਹਨ ਅਤੇ ਕਦੀ ਕੁਝ ਹਾਸਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਉਸ ਨੇ ਕਿਹਾ: “ਮੈਂ 25 ਸਾਲਾਂ ਤੋਂ ਇਸ ਵਿਸ਼ੇ ʼਤੇ ਖੋਜਬੀਨ ਕਰ ਰਿਹਾ ਹਾਂ। ਮੈਂ ਦੇਖਿਆ ਹੈ ਕਿ ਕੁਝ ਲੋਕ ਮੰਨਦੇ ਹਨ ਕਿ ਜੇ ਕੁਝ ਬੁਰਾ ਹੋਇਆ, ਤਾਂ ਉਹ ਉਨ੍ਹਾਂ ਦੀ ਹੀ ਗ਼ਲਤੀ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਮਾੜਾ ਹੁੰਦਾ ਹੀ ਰਹੇਗਾ, ਫਿਰ ਚਾਹੇ ਉਹ ਉਸ ਨੂੰ ਰੋਕਣ ਦੀਆਂ ਲੱਖਾਂ ਕੋਸ਼ਿਸ਼ਾਂ ਹੀ ਕਿਉਂ ਨਾ ਕਰ ਲੈਣ। ਸ਼ਾਇਦ ਇੱਦਾਂ ਸੋਚਣ ਕਰਕੇ ਹੀ ਉਨ੍ਹਾਂ ਨਾਲ ਮਾੜਾ ਹੁੰਦਾ ਹੈ। ਜੇ ਉਹ ਚੰਗਾ ਸੋਚਣਗੇ, ਤਾਂ ਸ਼ਾਇਦ ਉਨ੍ਹਾਂ ਨਾਲ ਚੰਗਾ ਹੀ ਹੋਵੇ।”
ਕੁਝ ਲੋਕਾਂ ਨੂੰ ਸ਼ਾਇਦ ਇਹ ਗੱਲ ਨਵੀਂ ਲੱਗੇ, ਪਰ ਬਾਈਬਲ ਵਿਚ ਇਹ ਗੱਲ ਬਹੁਤ ਸਮਾਂ ਪਹਿਲਾਂ ਹੀ ਦੱਸੀ ਗਈ ਸੀ। ਇਸ ਵਿਚ ਲਿਖਿਆ ਹੈ: “ਜੇ ਤੂੰ ਬਿਪਤਾ ਦੇ ਦਿਨ ਨਿਰਾਸ਼ ਹੋ ਜਾਵੇਂ, ਤਾਂ ਤੇਰੀ ਤਾਕਤ ਘੱਟ ਹੋਵੇਗੀ।” (ਕਹਾਉਤਾਂ 24:10) ਬਾਈਬਲ ਵਿਚ ਇਹ ਵੀ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਜੇ ਅਸੀਂ ਨਿਰਾਸ਼ ਹੋ ਜਾਈਏ ਅਤੇ ਮਾੜਾ ਸੋਚੀਏ, ਤਾਂ ਸਾਡੇ ਕੋਲ ਕੁਝ ਕਰਨ ਦੀ ਹਿੰਮਤ ਹੀ ਨਹੀਂ ਰਹੇਗੀ। ਅਸੀਂ ਇਸ ਤਰ੍ਹਾਂ ਦੀਆਂ ਭਾਵਨਾਵਾਂ ʼਤੇ ਕਾਬੂ ਕਿਵੇਂ ਪਾ ਸਕਦੇ ਹਾਂ?
[ਤਸਵੀਰ]
ਚੰਗੇ ਭਵਿੱਖ ਦੀ ਉਮੀਦ ਰੱਖਣ ਨਾਲ ਬਹੁਤ ਫ਼ਾਇਦਾ ਹੋ ਸਕਦਾ ਹੈ
-
-
ਹਾਰ ਨਾ ਮੰਨੋ!ਜਾਗਰੂਕ ਬਣੋ!: ਉਮੀਦ ਕਿੱਥੋਂ ਮਿਲ ਸਕਦੀ ਹੈ?
-
-
ਹਾਰ ਨਾ ਮੰਨੋ!
ਜਦ ਤੁਸੀਂ ਕਿਸੇ ਮੁਸ਼ਕਲ ਵਿਚ ਹੁੰਦੇ ਹੋ, ਤਾਂ ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਹੋ ਜਾਂ ਫਿਰ ਹਿੰਮਤ ਕਰ ਕੇ ਉਸ ਦਾ ਸਾਮ੍ਹਣਾ ਕਰਦੇ ਹੋ? ਇਹ ਸੱਚ ਹੈ ਕਿ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ, ਪਰ ਕੁਝ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਤਾਂ ਮੁਸ਼ਕਲਾਂ ਦੇ ਪਹਾੜ ਟੁੱਟ ਪੈਂਦੇ ਹਨ। ਕਈ ਮਾਹਰਾਂ ਦਾ ਕਹਿਣਾ ਹੈ ਕਿ ਇਕ ਇਨਸਾਨ ਦੇ ਰਵੱਈਏ ਤੋਂ ਉਸ ਦੀ ਸੋਚ ਪਤਾ ਲੱਗਦੀ ਹੈ। ਕੁਝ ਲੋਕ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਪਾਰ ਕਰ ਲੈਂਦੇ ਹਨ, ਪਰ ਕੁਝ ਲੋਕ ਛੋਟੀ ਜਿਹੀ ਮੁਸ਼ਕਲ ਆਉਣ ʼਤੇ ਹਿੰਮਤ ਹਾਰ ਬੈਠਦੇ ਹਨ। ਇੱਦਾਂ ਕਿਉਂ ਹੁੰਦਾ ਹੈ?
ਮੰਨ ਲਓ ਕਿ ਤੁਸੀਂ ਨੌਕਰੀ ਲੱਭ ਰਹੇ ਹੋ। ਤੁਸੀਂ ਇਕ ਇੰਟਰਵਿਊ ਦਿੰਦੇ ਹੋ, ਪਰ ਤੁਹਾਨੂੰ ਨੌਕਰੀ ਨਹੀਂ ਮਿਲਦੀ। ਤੁਹਾਨੂੰ ਕਿੱਦਾਂ ਲੱਗੇਗਾ? ਕੀ ਤੁਸੀਂ ਇਹ ਸੋਚੋਗੇ, ‘ਮੈਨੂੰ ਕਿਸ ਨੇ ਕੰਮ ʼਤੇ ਰੱਖਣਾ? ਮੈਨੂੰ ਕਦੇ ਕੋਈ ਨੌਕਰੀ ਨਹੀਂ ਮਿਲਣੀ।’ ਜਾਂ ‘ਮੈਂ ਕਿਸੇ ਕੰਮ ਦਾ ਨਹੀਂ। ਮੈਂ ਜ਼ਿੰਦਗੀ ਵਿਚ ਕੁਝ ਨਹੀਂ ਕਰ ਸਕਦਾ।’ ਜੇ ਤੁਸੀਂ ਇੱਦਾਂ ਸੋਚੋਗੇ, ਤਾਂ ਤੁਸੀਂ ਜ਼ਰੂਰ ਨਿਰਾਸ਼ ਹੋ ਜਾਓਗੇ।
ਗ਼ਲਤ ਸੋਚ ਨੂੰ ਹਾਵੀ ਨਾ ਹੋਣ ਦਿਓ!
ਤੁਸੀਂ ਨਿਰਾਸ਼ ਕਰਨ ਵਾਲੀ ਸੋਚ ਨਾਲ ਕਿਵੇਂ ਲੜ ਸਕਦੇ ਹੋ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਸੋਚ ਨੂੰ ਪਛਾਣਨਾ ਪਵੇਗਾ। ਫਿਰ ਇਸ ਸੋਚ ਨੂੰ ਆਪਣੇ ʼਤੇ ਹਾਵੀ ਨਾ ਹੋਣ ਦਿਓ। ਜੇ ਤੁਹਾਡੇ ਨਾਲ ਕੁਝ ਮਾੜਾ ਹੁੰਦਾ ਹੈ, ਤਾਂ ਸੋਚੋ ਕਿ ਇਸ ਪਿੱਛੇ ਕੀ ਕਾਰਨ ਹੋਵੇਗਾ। ਮਿਸਾਲ ਲਈ, ਕੀ ਤੁਹਾਨੂੰ ਉਹ ਨੌਕਰੀ ਇਸ ਲਈ ਨਹੀਂ ਮਿਲੀ ਕਿਉਂਕਿ ਤੁਹਾਨੂੰ ਕੋਈ ਪਸੰਦ ਨਹੀਂ ਕਰਦਾ ਜਾਂ ਫਿਰ ਤੁਹਾਡੇ ਕੋਲ ਜੋ ਹੁਨਰ ਹੈ, ਉਹ ਕੰਪਨੀ ਵਾਲਿਆਂ ਦੀਆਂ ਮੰਗਾਂ ਤੋਂ ਵੱਖਰਾ ਹੈ?
ਇਕ ਪਲ ਲਈ ਠੰਢੇ ਦਿਮਾਗ਼ ਨਾਲ ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਕੀ ਹਾਲਾਤ ਸੱਚੀਂ ਇੰਨੇ ਮਾੜੇ ਹਨ ਜਾਂ ਕੀ ਤੁਸੀਂ ਐਵੇਂ ਹੀ ਇੰਨੀ ਚਿੰਤਾ ਕਰ ਰਹੇ ਹੋ। ਜਦ ਤੁਹਾਡੇ ਨਾਲ ਕੁਝ ਮਾੜਾ ਹੁੰਦਾ ਹੈ, ਤਾਂ ਇਹ ਨਾ ਸੋਚੋ ਕਿ ਤੁਸੀਂ ਕਦੀ ਕੁਝ ਚੰਗਾ ਨਹੀਂ ਕਰ ਸਕਦੇ। ਸਗੋਂ ਆਪਣਾ ਧਿਆਨ ਚੰਗੀਆਂ ਗੱਲਾਂ ਵੱਲ ਲਾਓ। ਜਿਵੇਂ, ਸੋਚੋ ਕਿ ਤੁਹਾਡੇ ਘਰ ਵਿਚ ਸਭ-ਕੁਝ ਵਧੀਆ ਚੱਲ ਰਿਹਾ ਹੈ ਜਾਂ ਤੁਹਾਡੇ ਦੋਸਤ ਕਿੰਨੇ ਚੰਗੇ ਹਨ। ਜੇ ਤੁਹਾਨੂੰ ਨੌਕਰੀ ਨਹੀਂ ਮਿਲੀ, ਤਾਂ ਇਹ ਨਾ ਸੋਚੋ ਕਿ ਤੁਹਾਨੂੰ ਕਦੇ ਵੀ ਨੌਕਰੀ ਨਹੀਂ ਮਿਲਣੀ। ਗ਼ਲਤ ਸੋਚ ਤੁਹਾਡੇ ʼਤੇ ਹਾਵੀ ਨਾ ਹੋਵੇ, ਇਸ ਲਈ ਤੁਸੀਂ ਹੋਰ ਕੀ ਕਰ ਸਕਦੇ ਹੋ?
ਟੀਚਾ ਰੱਖੋ
ਹਾਲ ਹੀ ਦੇ ਸਾਲਾਂ ਵਿਚ ਖੋਜਕਾਰਾਂ ਨੇ ਉਮੀਦ ਰੱਖਣ ਦਾ ਮਤਲਬ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦ ਰੱਖਣ ਵਿਚ ਇਸ ਗੱਲ ਦਾ ਭਰੋਸਾ ਰੱਖਣਾ ਸ਼ਾਮਲ ਹੈ ਕਿ ਤੁਸੀਂ ਆਪਣੇ ਟੀਚੇ ਪੂਰੇ ਕਰ ਲਓਗੇ। ਇੱਦਾਂ ਕਰਨ ਨਾਲ ਤੁਸੀਂ ਆਪਣੀ ਸੋਚ ਸੁਧਾਰ ਸਕੋਗੇ ਤੇ ਆਪਣਾ ਟੀਚਾ ਹਾਸਲ ਕਰ ਸਕੋਗੇ। ਅਗਲੇ ਲੇਖ ਵਿਚ ਅਸੀਂ ਉਮੀਦ ਬਾਰੇ ਹੋਰ ਕਈ ਗੱਲਾਂ ਜਾਣਾਂਗੇ।
ਕੀ ਤੁਹਾਨੂੰ ਲੱਗਦਾ ਕਿ ਤੁਸੀਂ ਆਪਣਾ ਟੀਚਾ ਪੂਰਾ ਕਰ ਸਕਦੇ ਹੋ? ਜੇ ਤੁਸੀਂ ਛੋਟੇ-ਛੋਟੇ ਟੀਚੇ ਰੱਖ ਕੇ ਉਨ੍ਹਾਂ ਨੂੰ ਹਾਸਲ ਕਰ ਲੈਂਦੇ ਹੋ, ਤਾਂ ਤੁਹਾਡਾ ਆਪਣੇ ਆਪ ʼਤੇ ਭਰੋਸਾ ਵਧੇਗਾ। ਜੇ ਤੁਸੀਂ ਹਾਲੇ ਤਕ ਕੋਈ ਟੀਚਾ ਨਹੀਂ ਰੱਖਿਆ ਹੈ, ਤਾਂ ਤੁਸੀਂ ਇੱਦਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਕਈ ਵਾਰ ਅਸੀਂ ਜ਼ਿੰਦਗੀ ਦੀ ਭੱਜ-ਦੌੜ ਵਿਚ ਇੰਨਾ ਰੁੱਝ ਜਾਂਦੇ ਹਾਂ ਕਿ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਜ਼ਿੰਦਗੀ ਵਿਚ ਕਿਹੜੀ ਗੱਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਸਾਡੇ ਟੀਚੇ ਕਿਹੜੇ ਹਨ। ਬਾਈਬਲ ਵਿਚ ਬਹੁਤ ਸਮਾਂ ਪਹਿਲਾਂ ਇਸ ਬਾਰੇ ਸਲਾਹ ਦਿੱਤੀ ਗਈ ਸੀ। ਇਸ ਵਿਚ ਲਿਖਿਆ ਹੈ, “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”—ਫ਼ਿਲਿੱਪੀਆਂ 1:10.
ਜੇ ਸਾਨੂੰ ਇਹ ਪਤਾ ਹੋਵੇ ਕਿ ਕਿਹੜੀ ਗੱਲ ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਹੈ, ਤਾਂ ਅਸੀਂ ਇਸ ਮੁਤਾਬਕ ਟੀਚੇ ਰੱਖ ਪਾਵਾਂਗੇ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਅਸੀਂ ਸ਼ੁਰੂ-ਸ਼ੁਰੂ ਵਿਚ ਬਹੁਤ ਸਾਰੇ ਟੀਚੇ ਨਾ ਰੱਖੀਏ। ਨਾਲੇ ਸਾਨੂੰ ਇੱਦਾਂ ਦੇ ਟੀਚੇ ਰੱਖਣੇ ਚਾਹੀਦੇ ਹਨ ਜੋ ਅਸੀਂ ਸੌਖਿਆਂ ਪੂਰੇ ਕਰ ਸਕੀਏ। ਜੇ ਅਸੀਂ ਕੋਈ ਔਖਾ ਟੀਚਾ ਰੱਖਦੇ ਹਾਂ, ਤਾਂ ਅਸੀਂ ਨਿਰਾਸ਼ ਹੋ ਕੇ ਹਾਰ ਮੰਨ ਲਵਾਂਗੇ। ਇਸ ਲਈ ਚੰਗਾ ਹੋਵੇਗਾ ਕਿ ਅਸੀਂ ਛੋਟੇ ਟੀਚੇ ਹੀ ਰੱਖੀਏ।
ਇਕ ਪੁਰਾਣੀ ਕਹਾਵਤ ਹੈ: ਜਿੱਥੇ ਚਾਹ, ਉੱਥੇ ਰਾਹ! ਟੀਚਾ ਰੱਖਣ ਤੋਂ ਬਾਅਦ ਸਾਨੂੰ ਉਸ ਨੂੰ ਪੂਰਾ ਕਰਨ ਦਾ ਠਾਣ ਲੈਣਾ ਚਾਹੀਦਾ ਹੈ। ਜੇ ਅਸੀਂ ਉਸ ਟੀਚੇ ਦੇ ਫ਼ਾਇਦਿਆਂ ਬਾਰੇ ਸੋਚਾਂਗੇ, ਤਾਂ ਅਸੀਂ ਇਸ ਨੂੰ ਪੂਰਾ ਕਰਨ ਲਈ ਹੋਰ ਵੀ ਮਿਹਨਤ ਕਰਾਂਗੇ। ਹੋ ਸਕਦਾ ਹੈ ਕਿ ਮੁਸ਼ਕਲਾਂ ਆਉਣ, ਪਰ ਸਾਨੂੰ ਨਿਰਾਸ਼ ਹੋ ਕੇ ਹਾਰ ਨਹੀਂ ਮੰਨ ਲੈਣੀ ਚਾਹੀਦੀ।
ਸਾਨੂੰ ਪਹਿਲਾਂ ਤੋਂ ਹੀ ਸੋਚਣਾ ਚਾਹੀਦਾ ਹੈ ਕਿ ਟੀਚਾ ਹਾਸਲ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ। ਇਕ ਲੇਖਕ ਸੀ. ਆਰ. ਸਨਾਈਡਰ ਨੇ ਸਲਾਹ ਦਿੱਤੀ ਕਿ ਟੀਚਾ ਹਾਸਲ ਕਰਨ ਲਈ ਸਾਨੂੰ ਵੱਖੋ-ਵੱਖਰੇ ਤਰੀਕੇ ਸੋਚ ਕੇ ਰੱਖਣੇ ਚਾਹੀਦੇ ਹਨ। ਜੇ ਇਕ ਤਰੀਕਾ ਕੰਮ ਨਾ ਆਵੇ, ਤਾਂ ਅਸੀਂ ਦੂਸਰਾ ਤਰੀਕਾ ਵਰਤ ਸਕਦੇ ਹਾਂ ਅਤੇ ਜੇ ਦੂਸਰਾ ਵੀ ਕੰਮ ਨਾ ਆਵੇ, ਤਾਂ ਤੀਸਰਾ।
ਇਸ ਲੇਖਕ ਨੇ ਇਹ ਵੀ ਕਿਹਾ ਕਿ ਸ਼ਾਇਦ ਕਈ ਵਾਰ ਸਾਨੂੰ ਆਪਣੇ ਟੀਚੇ ਬਦਲਣੇ ਪੈਣ। ਜੇ ਅਸੀਂ ਕੋਈ ਟੀਚਾ ਹਾਸਲ ਨਹੀਂ ਕਰ ਪਾ ਰਹੇ, ਤਾਂ ਉਸ ਬਾਰੇ ਸੋਚਦੇ ਰਹਿਣ ਨਾਲ ਅਸੀਂ ਪਰੇਸ਼ਾਨ ਹੋ ਸਕਦੇ ਹਾਂ। ਇਸ ਲਈ ਜੇ ਅਸੀਂ ਆਪਣਾ ਟੀਚਾ ਬਦਲ ਲਈਏ ਅਤੇ ਕੋਈ ਹੋਰ ਟੀਚਾ ਰੱਖ ਲਈਏ ਜਿਸ ਨੂੰ ਅਸੀਂ ਹਾਸਲ ਕਰ ਸਕਦੇ ਹਾਂ, ਤਾਂ ਸਾਨੂੰ ਫਿਰ ਤੋਂ ਉਮੀਦ ਮਿਲੇਗੀ।
ਬਾਈਬਲ ਤੋਂ ਪਤਾ ਲੱਗਦਾ ਹੈ ਕਿ ਰਾਜਾ ਦਾਊਦ ਨੇ ਵੀ ਕੁਝ ਇੱਦਾਂ ਹੀ ਕੀਤਾ। ਉਸ ਨੇ ਸੋਚਿਆ ਸੀ ਕਿ ਉਹ ਯਹੋਵਾਹ ਪਰਮੇਸ਼ੁਰ ਲਈ ਮੰਦਰ ਬਣਾਵੇਗਾ, ਪਰ ਪਰਮੇਸ਼ੁਰ ਨੇ ਉਸ ਨੂੰ ਕਿਹਾ ਕਿ ਉਹ ਨਹੀਂ, ਸਗੋਂ ਉਸ ਦਾ ਪੁੱਤਰ ਮੰਦਰ ਬਣਾਵੇਗਾ। ਇਸ ਗੱਲ ਕਰਕੇ ਨਿਰਾਸ਼ ਹੋਣ ਦੀ ਬਜਾਇ, ਦਾਊਦ ਨੇ ਆਪਣਾ ਟੀਚਾ ਬਦਲ ਲਿਆ। ਉਸ ਨੇ ਮੰਦਰ ਬਣਾਉਣ ਵਿਚ ਆਪਣੇ ਪੁੱਤਰ ਦੀ ਮਦਦ ਕਰਨ ਬਾਰੇ ਸੋਚਿਆ, ਇਸ ਲਈ ਉਹ ਸੋਨਾ-ਚਾਂਦੀ ਤੇ ਹੋਰ ਚੀਜ਼ਾਂ ਇਕੱਠੀਆਂ ਕਰਨ ਲੱਗ ਪਿਆ।—1 ਰਾਜਿਆਂ 8:17-19; 1 ਇਤਿਹਾਸ 29:3-7.
ਚਾਹੇ ਅਸੀਂ ਆਪਣੀ ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਤੇ ਉਮੀਦ ਰੱਖਣੀ ਸਿੱਖ ਲਈਏ, ਤਾਂ ਵੀ ਹੋ ਸਕਦਾ ਹੈ ਕਿ ਅਸੀਂ ਕਦੀ-ਕਦੀ ਨਿਰਾਸ਼ ਹੋ ਜਾਈਏ। ਕਿਉਂ? ਕਿਉਂਕਿ ਕਈ ਚੀਜ਼ਾਂ ਸਾਡੇ ਹੱਥ-ਵੱਸ ਨਹੀਂ ਹੁੰਦੀਆਂ। ਅੱਜ ਲੋਕ ਗ਼ਰੀਬੀ, ਯੁੱਧ, ਅਨਿਆਂ ਤੇ ਬੀਮਾਰੀਆਂ ਕਰਕੇ ਨਿਰਾਸ਼ ਹਨ। ਇਨ੍ਹਾਂ ਬਾਰੇ ਸੋਚ ਕੇ ਸ਼ਾਇਦ ਅਸੀਂ ਵੀ ਉਮੀਦ ਗੁਆ ਬੈਠੀਏ। ਤਾਂ ਫਿਰ ਉਸ ਵੇਲੇ ਕੌਣ ਸਾਨੂੰ ਉਮੀਦ ਦੇ ਸਕਦਾ ਹੈ?
[ਤਸਵੀਰ]
ਜੇ ਤੁਹਾਨੂੰ ਕੋਈ ਨੌਕਰੀ ਨਾ ਮਿਲੇ, ਤਾਂ ਕੀ ਤੁਸੀਂ ਸੋਚੋਗੇ ਕਿ ਤੁਹਾਨੂੰ ਕਦੇ ਵੀ ਨੌਕਰੀ ਨਹੀਂ ਮਿਲਣੀ?
[ਤਸਵੀਰ]
ਰਾਜਾ ਦਾਊਦ ਨੇ ਆਪਣਾ ਟੀਚਾ ਬਦਲਿਆ
-
-
ਕੌਣ ਸਾਨੂੰ ਸੱਚੀ ਉਮੀਦ ਦੇ ਸਕਦਾ ਹੈ?ਜਾਗਰੂਕ ਬਣੋ!: ਉਮੀਦ ਕਿੱਥੋਂ ਮਿਲ ਸਕਦੀ ਹੈ?
-
-
ਕੌਣ ਸਾਨੂੰ ਸੱਚੀ ਉਮੀਦ ਦੇ ਸਕਦਾ ਹੈ?
ਤੁਹਾਡੀ ਘੜੀ ਖ਼ਰਾਬ ਹੋ ਗਈ ਹੈ। ਇਸ ਨੂੰ ਠੀਕ ਕਰਾਉਣ ਲਈ ਤੁਸੀਂ ਬਾਜ਼ਾਰ ਜਾਂਦੇ ਹੋ। ਪਰ ਬਾਜ਼ਾਰ ਵਿਚ ਘੜੀਆਂ ਠੀਕ ਕਰਨ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ ਹਨ। ਹਰ ਦੁਕਾਨਦਾਰ ਕਹਿੰਦਾ ਹੈ ਕਿ ਉਹ ਤੁਹਾਡੀ ਘੜੀ ਠੀਕ ਕਰ ਸਕਦਾ ਹੈ। ਕੋਈ ਕਹਿੰਦਾ ਹੈ ਇਸ ਵਿਚ ਇਹ ਖ਼ਰਾਬੀ ਹੈ ਤੇ ਕੋਈ ਕੁਝ ਹੋਰ ਕਹਿੰਦਾ ਹੈ। ਤੁਹਾਨੂੰ ਸਮਝ ਨਹੀਂ ਆਉਂਦਾ ਕਿ ਤੁਹਾਨੂੰ ਕਿਸ ਦੁਕਾਨ ਵਿਚ ਜਾਣਾ ਚਾਹੀਦਾ ਹੈ। ਪਰ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਕਾਫ਼ੀ ਸਾਲ ਪਹਿਲਾਂ ਜਿਸ ਆਦਮੀ ਨੇ ਇਹ ਘੜੀ ਬਣਾਈ ਸੀ, ਉਹ ਤੁਹਾਡਾ ਗੁਆਂਢੀ ਹੀ ਹੈ। ਤੁਸੀਂ ਉਸ ਨਾਲ ਗੱਲ ਕਰਦੇ ਹੋ ਅਤੇ ਉਹ ਤੁਹਾਡੀ ਘੜੀ ਠੀਕ ਕਰਨ ਲਈ ਤਿਆਰ ਹੋ ਜਾਂਦਾ ਹੈ, ਉਹ ਵੀ ਬਿਨਾਂ ਕੋਈ ਪੈਸਾ ਲਏ। ਬਿਨਾਂ ਸ਼ੱਕ, ਤੁਸੀਂ ਉਸ ਕੋਲੋਂ ਹੀ ਆਪਣੀ ਘੜੀ ਠੀਕ ਕਰਾਓਗੇ। ਹੈ ਨਾ?
ਜੇ ਘੜੀ ਖ਼ਰਾਬ ਹੋ ਜਾਵੇ, ਤਾਂ ਤੁਸੀਂ ਉਸ ਨੂੰ ਠੀਕ ਕਰਵਾ ਲਵੋਗੇ। ਪਰ ਜੇ ਕਿਸੇ ਕਾਰਨ ਕਰਕੇ ਤੁਸੀਂ ਉਮੀਦ ਗੁਆ ਬੈਠਦੇ ਹੋ, ਤਾਂ ਫਿਰ ਤੁਸੀਂ ਕਿਸ ਦੀ ਮਦਦ ਲਵੋਗੇ? ਹਰ ਕੋਈ ਤੁਹਾਨੂੰ ਆਪਣੀਆਂ ਸਲਾਹਾਂ ਦਿੰਦਾ ਹੈ। ਕੋਈ ਤੁਹਾਨੂੰ ਕਹਿੰਦਾ ਹੈ ਇੱਦਾਂ ਕਰ, ਪਰ ਦੂਸਰਾ ਤੁਹਾਨੂੰ ਕਹਿੰਦਾ ਹੈ ਕਿ ਇੱਦਾਂ ਬਿਲਕੁਲ ਨਾ ਕਰੀਂ। ਤੁਹਾਨੂੰ ਸਮਝ ਨਹੀਂ ਆਉਂਦਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ, ਕਿਸ ਦੀ ਸਲਾਹ ਮੰਨਣੀ ਚਾਹੀਦੀ ਤੇ ਕਿਸ ਦੀ ਨਹੀਂ। ਕੀ ਤੁਹਾਨੂੰ ਨਹੀਂ ਲੱਗਦਾ ਕਿ ਅਜਿਹੇ ਹਾਲਾਤ ਵਿਚ ਸਾਨੂੰ ਬਣਾਉਣ ਵਾਲਾ ਹੀ ਸਭ ਤੋਂ ਵਧੀਆ ਸਲਾਹ ਤੇ ਉਮੀਦ ਦੇ ਸਕਦਾ ਹੈ? ਬਾਈਬਲ ਵਿਚ ਲਿਖਿਆ ਹੈ ਕਿ “ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।”—ਰਸੂਲਾਂ ਦੇ ਕੰਮ 17:27; 1 ਪਤਰਸ 5:7.
ਉਮੀਦ ਰੱਖਣ ਦਾ ਕੀ ਮਤਲਬ ਹੈ
ਉਮੀਦ ਬਾਰੇ ਅੱਜ-ਕੱਲ੍ਹ ਦੇ ਡਾਕਟਰਾਂ ਤੇ ਵਿਗਿਆਨੀਆਂ ਦੀ ਰਾਇ ਬਾਈਬਲ ਤੋਂ ਬਹੁਤ ਵੱਖਰੀ ਹੈ। ਉਮੀਦ ਜਾਂ ਆਸ ਰੱਖਣ ਵਿਚ ਦੋ ਗੱਲਾਂ ਸ਼ਾਮਲ ਹਨ। ਪਹਿਲੀ, ਕੁਝ ਚੰਗਾ ਹੋਣ ਦੀ ਇੱਛਾ ਰੱਖਣੀ ਤੇ ਦੂਸਰੀ, ਉਸ ਗੱਲ ʼਤੇ ਯਕੀਨ ਕਰਨ ਦਾ ਕੋਈ ਠੋਸ ਕਾਰਨ ਹੋਣਾ। ਬਾਈਬਲ ਵਿਚ ਜਿਸ ਉਮੀਦ ਬਾਰੇ ਦੱਸਿਆ ਗਿਆ ਹੈ, ਉਹ ਕੋਈ ਕਲਪਨਾ ਨਹੀਂ ਹੈ। ਇਸ ਉਮੀਦ ʼਤੇ ਵਿਸ਼ਵਾਸ ਕਰਨ ਦੇ ਠੋਸ ਕਾਰਨ ਹਨ।
ਦੇਖਿਆ ਜਾਵੇ ਤਾਂ ਉਮੀਦ ਰੱਖਣੀ ਨਿਹਚਾ ਕਰਨ ਵਾਂਗ ਹੈ। ਜਿਵੇਂ ਕਿਸੇ ਗੱਲ ʼਤੇ ਯਕੀਨ ਕਰਨ ਲਈ ਕੋਈ ਠੋਸ ਕਾਰਨ ਹੋਣਾ ਚਾਹੀਦਾ ਹੈ, ਉਸੇ ਤਰ੍ਹਾਂ ਉਮੀਦ ਰੱਖਣ ਲਈ ਵੀ ਕਿਸੇ ਠੋਸ ਕਾਰਨ ਦੀ ਲੋੜ ਹੈ। (ਇਬਰਾਨੀਆਂ 11:1) ਪਰ ਬਾਈਬਲ ਨਿਹਚਾ ਅਤੇ ਉਮੀਦ ਵਿਚ ਫ਼ਰਕ ਸਮਝਾਉਂਦੀ ਹੈ।—1 ਕੁਰਿੰਥੀਆਂ 13:13.
ਇਸ ਨੂੰ ਸਮਝਣ ਲਈ ਜ਼ਰਾ ਸੋਚੋ ਕਿ ਤੁਸੀਂ ਆਪਣੇ ਚੰਗੇ ਦੋਸਤ ਤੋਂ ਕੋਈ ਮਦਦ ਮੰਗਦੇ ਹੋ, ਤੁਹਾਨੂੰ ਉਸ ʼਤੇ ਪੂਰਾ ਭਰੋਸਾ ਹੈ। ਇਸ ਲਈ ਤੁਹਾਨੂੰ ਉਸ ਤੋਂ ਉਮੀਦ ਹੈ ਕਿ ਉਹ ਤੁਹਾਡੀ ਮਦਦ ਜ਼ਰੂਰ ਕਰੇਗਾ। ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਉਹ ਬਹੁਤ ਖੁੱਲ੍ਹੇ ਦਿਲ ਵਾਲਾ ਹੈ। ਉਸ ਨੇ ਪਹਿਲਾਂ ਵੀ ਤੁਹਾਡੀ ਮਦਦ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਜਿਸ ʼਤੇ ਭਰੋਸਾ ਹੁੰਦਾ ਹੈ, ਉਸੇ ਤੋਂ ਉਮੀਦ ਰੱਖੀ ਜਾਂਦੀ ਹੈ। ਨਾਲੇ ਜੇ ਸਾਡੇ ਕੋਲ ਕੋਈ ਠੋਸ ਕਾਰਨ ਹੋਵੇ, ਤਾਂ ਹੀ ਅਸੀਂ ਕਿਸੇ ਤੋਂ ਉਮੀਦ ਰੱਖਦੇ ਹਾਂ ਜਾਂ ਕਿਸੇ ʼਤੇ ਭਰੋਸਾ ਕਰਦੇ ਹਾਂ। ਪਰ ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਅਸੀਂ ਪਰਮੇਸ਼ੁਰ ਤੋਂ ਇੱਦਾਂ ਦੀ ਉਮੀਦ ਰੱਖ ਸਕਦੇ ਹਾਂ? ਜੇ ਹਾਂ, ਤਾਂ ਕਿਉਂ?
ਉਮੀਦ ਰੱਖਣ ਦੇ ਕਾਰਨ
ਅਸੀਂ ਪਰਮੇਸ਼ੁਰ ʼਤੇ ਆਸ ਰੱਖ ਸਕਦੇ ਹਾਂ। ਉਹ ਆਪਣੇ ਸਾਰੇ ਵਾਅਦੇ ਪੂਰੇ ਕਰਦਾ ਹੈ। ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕ ਯਾਨੀ ਇਜ਼ਰਾਈਲੀ ਵੀ ਉਸੇ ʼਤੇ ਆਸ ਰੱਖਦੇ ਸਨ। ਬਾਈਬਲ ਵਿਚ ਯਹੋਵਾਹ ਨੂੰ “ਇਜ਼ਰਾਈਲ ਦੀ ਆਸ” ਵੀ ਕਿਹਾ ਗਿਆ ਹੈ। (ਯਿਰਮਿਯਾਹ 14:8) ਇਜ਼ਰਾਈਲੀਆਂ ਨੂੰ ਯਹੋਵਾਹ ʼਤੇ ਪੂਰਾ ਭਰੋਸਾ ਸੀ। ਇਸੇ ਲਈ ਇਜ਼ਰਾਈਲੀਆਂ ਦੇ ਆਗੂ ਯਹੋਸ਼ੁਆ ਨੇ ਇਕ ਵਾਰ ਕਿਹਾ, ਤੁਸੀਂ “ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਜਿਹੜੇ ਵਾਅਦੇ ਕੀਤੇ ਹਨ, ਉਨ੍ਹਾਂ ਸਾਰੇ ਚੰਗੇ ਵਾਅਦਿਆਂ ਦਾ ਇਕ ਵੀ ਸ਼ਬਦ ਅਜਿਹਾ ਨਹੀਂ ਜੋ ਪੂਰਾ ਨਾ ਹੋਇਆ ਹੋਵੇ।”—ਯਹੋਸ਼ੁਆ 23:14.
ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਕਿਹੜੇ ਵਾਅਦੇ ਕੀਤੇ ਸਨ ਅਤੇ ਉਹ ਵਾਅਦੇ ਕਿਵੇਂ ਪੂਰੇ ਹੋਏ। ਕਈ ਵਾਰ ਤਾਂ ਉਸ ਦੇ ਵਾਅਦੇ ਇਸ ਤਰ੍ਹਾਂ ਲਿਖੇ ਗਏ ਸਨ ਜਿਵੇਂ ਉਹ ਪਹਿਲਾਂ ਹੀ ਪੂਰੇ ਹੋ ਚੁੱਕੇ ਹੋਣ।
ਇਸ ਕਰਕੇ ਅੱਜ ਅਸੀਂ ਵੀ ਪਰਮੇਸ਼ੁਰ ਦੇ ਵਾਅਦਿਆਂ ʼਤੇ ਭਰੋਸਾ ਰੱਖ ਸਕਦੇ ਹਾਂ। ਬਾਈਬਲ ਵਿਚ ਲਿਖੇ ਸਾਰੇ ਵਾਅਦੇ ਪੂਰੇ ਹੋਣਗੇ, ਇਸ ਲਈ ਸਾਨੂੰ ਇਸ ਤੋਂ ਉਮੀਦ ਮਿਲਦੀ ਹੈ। ਜਦੋਂ ਤੁਸੀਂ ਬਾਈਬਲ ਵਿੱਚੋਂ ਪੜ੍ਹੋਗੇ ਕਿ ਯਹੋਵਾਹ ਆਪਣੇ ਲੋਕਾਂ ਨਾਲ ਕਿਵੇਂ ਪੇਸ਼ ਆਇਆ ਸੀ, ਤਾਂ ਤੁਹਾਡਾ ਉਸ ʼਤੇ ਭਰੋਸਾ ਵਧੇਗਾ ਅਤੇ ਤੁਹਾਨੂੰ ਪੱਕਾ ਯਕੀਨ ਹੋ ਜਾਵੇਗਾ ਕਿ ਉਸ ਦੇ ਸਾਰੇ ਵਾਅਦੇ ਪੂਰੇ ਹੋਣਗੇ। ਬਾਈਬਲ ਵਿਚ ਲਿਖਿਆ ਹੈ: “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਧਰਮ-ਗ੍ਰੰਥ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਅਤੇ ਇਸ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।”—ਰੋਮੀਆਂ 15:4.
ਪਰਮੇਸ਼ੁਰ ਤੋਂ ਮਿਲੀ ਇਕ ਉਮੀਦ
ਜਦੋਂ ਸਾਡਾ ਕੋਈ ਪਿਆਰਾ ਮੌਤ ਦੀ ਨੀਂਦ ਸੌ ਜਾਂਦਾ ਹੈ, ਉਦੋਂ ਸਾਨੂੰ ਉਮੀਦ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ। ਪਰ ਉਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ‘ਸਭ ਕੁਝ ਖ਼ਤਮ ਹੋ ਗਿਆ ਤੇ ਹੁਣ ਕੋਈ ਉਮੀਦ ਨਹੀਂ ਬਚੀ।’ ਉਨ੍ਹਾਂ ਨੂੰ ਇਹ ਇਸ ਲਈ ਲੱਗਦਾ ਹੈ ਕਿਉਂਕਿ ਅਸੀਂ ਚਾਹੇ ਲੱਖ ਕੋਸ਼ਿਸ਼ਾਂ ਵੀ ਕਿਉਂ ਨਾ ਕਰ ਲਈਏ, ਅਸੀਂ ਉਸ ਵਿਅਕਤੀ ਨੂੰ ਵਾਪਸ ਨਹੀਂ ਲਿਆ ਸਕਦੇ। ਨਾਲੇ ਇਕ ਨਾ ਇਕ ਦਿਨ ਸਾਨੂੰ ਸਾਰਿਆਂ ਨੂੰ ਮੌਤ ਦਾ ਸਾਮ੍ਹਣਾ ਕਰਨਾ ਪਵੇਗਾ। ਇਸੇ ਕਰਕੇ ਬਾਈਬਲ ਮੌਤ ਨੂੰ “ਆਖ਼ਰੀ ਦੁਸ਼ਮਣ” ਕਹਿੰਦੀ ਹੈ।—1 ਕੁਰਿੰਥੀਆਂ 15:26.
ਪਰ ਕੀ ਇਸ ਦਾ ਮਤਲਬ ਹੈ ਕਿ ਸਾਡੇ ਕੋਲ ਕੋਈ ਉਮੀਦ ਨਹੀਂ? ਨਹੀਂ, ਇੱਦਾਂ ਨਹੀਂ ਹੈ। ਬਾਈਬਲ ਵਿਚ ਲਿਖਿਆ ਹੈ ਕਿ ਆਖ਼ਰੀ ਦੁਸ਼ਮਣ ਮੌਤ ਨੂੰ ਵੀ “ਖ਼ਤਮ ਕਰ ਦਿੱਤਾ ਜਾਵੇਗਾ।” ਯਹੋਵਾਹ ਇਹ ਕਰਨ ਦੀ ਤਾਕਤ ਰੱਖਦਾ ਹੈ। ਉਸ ਨੇ ਕਈ ਵਾਰ ਮੌਤ ਦੀ ਨੀਂਦ ਸੌ ਚੁੱਕੇ ਲੋਕਾਂ ਨੂੰ ਜੀਉਂਦਾ ਕੀਤਾ ਹੈ। ਬਾਈਬਲ ਵਿਚ ਅਜਿਹੀਆਂ ਨੌਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਯਹੋਵਾਹ ਨੇ ਲੋਕਾਂ ਨੂੰ ਜੀਉਂਦਾ ਕੀਤਾ ਸੀ।
ਇਕ ਵਾਰ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਨੂੰ ਤਾਕਤ ਦਿੱਤੀ ਕਿ ਉਹ ਇਕ ਵਿਅਕਤੀ ਨੂੰ ਜੀਉਂਦਾ ਕਰੇ। ਉਹ ਵਿਅਕਤੀ ਯਿਸੂ ਦਾ ਦੋਸਤ ਲਾਜ਼ਰ ਸੀ, ਜਿਸ ਨੂੰ ਮਰਿਆਂ ਚਾਰ ਦਿਨ ਹੋ ਚੁੱਕੇ ਸਨ। ਯਿਸੂ ਨੇ ਇਕ ਵੱਡੀ ਭੀੜ ਦੇ ਸਾਮ੍ਹਣੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਸੀ।—ਯੂਹੰਨਾ 11:38-48, 53; 12:9, 10.
ਪਰ ਸ਼ਾਇਦ ਤੁਸੀਂ ਸੋਚੋ ਕਿ ਜਿਨ੍ਹਾਂ ਲੋਕਾਂ ਨੂੰ ਜੀਉਂਦਾ ਕੀਤਾ ਗਿਆ ਸੀ ਉਹ ਤਾਂ ਬੁੱਢੇ ਹੋ ਕੇ ਫਿਰ ਤੋਂ ਮਰ ਗਏ ਹੋਣੇ। ਉਨ੍ਹਾਂ ਨੂੰ ਜੀਉਂਦਾ ਕਰਨ ਦਾ ਫ਼ਾਇਦਾ ਕੀ ਹੋਇਆ? ਹਾਂ, ਇਹ ਸੱਚ ਹੈ ਕਿ ਉਹ ਦੁਬਾਰਾ ਮਰ ਗਏ। ਪਰ ਇਸ ਤੋਂ ਸਾਨੂੰ ਪੱਕਾ ਸਬੂਤ ਮਿਲਦਾ ਹੈ ਕਿ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਇਸ ਕਰਕੇ ਸਾਨੂੰ ਪੱਕੀ ਉਮੀਦ ਹੈ ਕਿ ਅਸੀਂ ਉਨ੍ਹਾਂ ਨੂੰ ਮਿਲ ਸਕਾਂਗੇ।
ਯਿਸੂ ਨੇ ਕਿਹਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ।” (ਯੂਹੰਨਾ 11:25) ਪਰਮੇਸ਼ੁਰ ਆਪਣੇ ਪੁੱਤਰ ਯਿਸੂ ਨੂੰ ਸਾਰੇ ਲੋਕਾਂ ਨੂੰ ਜੀਉਂਦਾ ਕਰਨ ਦੀ ਤਾਕਤ ਦੇਵੇਗਾ। ਬਾਈਬਲ ਵਿਚ ਲਿਖਿਆ ਹੈ: “ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਵਿਚ ਪਏ ਸਾਰੇ ਲੋਕ ਉਸ [ਮਸੀਹ] ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।” (ਯੂਹੰਨਾ 5:28, 29) ਸੋ ਅਸੀਂ ਇਸ ਗੱਲ ਦੀ ਉਮੀਦ ਰੱਖ ਸਕਦੇ ਹਾਂ ਕਿ ਮਰ ਚੁੱਕੇ ਲੋਕਾਂ ਨੂੰ ਇਸ ਧਰਤੀ ʼਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ।
ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਇਕ ਨਬੀ ਯਸਾਯਾਹ ਨੇ ਬਹੁਤ ਹੀ ਸੋਹਣੇ ਲਫ਼ਜ਼ਾਂ ਵਿਚ ਕਿਹਾ: “ਤੇਰੇ ਮੁਰਦੇ ਜੀਉਂਦੇ ਹੋਣਗੇ। ਮੇਰੀਆਂ ਲੋਥਾਂ ਉੱਠ ਖੜ੍ਹੀਆਂ ਹੋਣਗੀਆਂ। ਹੇ ਖ਼ਾਕ ਦੇ ਵਾਸੀਓ! ਜਾਗੋ ਅਤੇ ਖ਼ੁਸ਼ੀ ਨਾਲ ਜੈਕਾਰੇ ਲਾਓ ਕਿਉਂਕਿ ਤੇਰੀ ਤ੍ਰੇਲ ਸਵੇਰ ਦੀ ਤ੍ਰੇਲ ਵਰਗੀ ਹੈ ਅਤੇ ਧਰਤੀ ਮੌਤ ਦੇ ਹੱਥਾਂ ਵਿਚ ਬੇਬੱਸ ਪਏ ਲੋਕਾਂ ਨੂੰ ਮੋੜ ਦੇਵੇਗੀ ਕਿ ਉਨ੍ਹਾਂ ਨੂੰ ਜ਼ਿੰਦਗੀ ਮਿਲੇ।”—ਯਸਾਯਾਹ 26:19.
ਇਹ ਲਫ਼ਜ਼ ਪੜ੍ਹ ਕੇ ਕਿੰਨੀ ਤਸੱਲੀ ਮਿਲਦੀ ਹੈ। ਜਿਵੇਂ ਇਕ ਅਣਜੰਮਿਆ ਬੱਚਾ ਮਾਂ ਦੀ ਕੁੱਖ ਵਿਚ ਮਹਿਫੂਜ਼ ਰਹਿੰਦਾ ਹੈ, ਉਸੇ ਤਰ੍ਹਾਂ ਮਰੇ ਹੋਏ ਲੋਕ ਯਹੋਵਾਹ ਦੀ ਯਾਦਾਸ਼ਤ ਵਿਚ ਮਹਿਫੂਜ਼ ਹਨ। (ਲੂਕਾ 20:37, 38) ਬਹੁਤ ਜਲਦ ਯਹੋਵਾਹ ਉਨ੍ਹਾਂ ਨੂੰ ਇਸ ਖ਼ੂਬਸੂਰਤ ਧਰਤੀ ʼਤੇ ਜੀਉਂਦਾ ਕਰੇਗਾ ਤੇ ਉਨ੍ਹਾਂ ਦਾ ਪਰਿਵਾਰ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦਾ ਸੁਆਗਤ ਕਰੇਗਾ। ਕਿੰਨੀ ਹੀ ਵਧੀਆ ਉਮੀਦ!
ਉਮੀਦ ਹੋਣ ਕਰਕੇ ਅਸੀਂ ਧੀਰਜ ਰੱਖ ਪਾਉਂਦੇ ਹਾਂ
ਪਰਮੇਸ਼ੁਰ ਦੇ ਇਕ ਸੇਵਕ ਪੌਲੁਸ ਨੇ ਦੱਸਿਆ ਕਿ ਉਮੀਦ ਹੋਣੀ ਕਿੰਨੀ ਜ਼ਰੂਰੀ ਹੈ। ਉਸ ਨੇ ਕਿਹਾ ਕਿ ਉਮੀਦ ਇਕ ਟੋਪ ਜਾਂ ਹੈਲਮਟ ਵਾਂਗ ਹੈ। (1 ਥੱਸਲੁਨੀਕੀਆਂ 5:8) ਪੁਰਾਣੇ ਜ਼ਮਾਨੇ ਵਿਚ ਇਕ ਫ਼ੌਜੀ ਜਦੋਂ ਯੁੱਧ ਵਿਚ ਜਾਂਦਾ ਸੀ, ਤਾਂ ਉਹ ਆਪਣੇ ਸਿਰ ʼਤੇ ਧਾਤ ਦਾ ਬਣਿਆ ਇਕ ਟੋਪ ਪਾ ਕੇ ਜਾਂਦਾ ਸੀ। ਉਹ ਇਸ ਨੂੰ ਕੱਪੜੇ ਜਾਂ ਚਮੜੇ ਦੀ ਟੋਪੀ ਦੇ ਉੱਪਰ ਪਾਉਂਦਾ ਸੀ। ਟੋਪ ਦੀ ਮਦਦ ਨਾਲ ਉਹ ਸਿਰ ʼਤੇ ਹੁੰਦੇ ਕਿਸੇ ਵੀ ਹਮਲੇ ਦਾ ਸਾਮ੍ਹਣਾ ਕਰ ਸਕਦਾ ਸੀ ਅਤੇ ਉਸ ਨੂੰ ਜ਼ਿਆਦਾ ਸੱਟ ਨਹੀਂ ਸੀ ਲੱਗਦੀ। ਪੌਲੁਸ ਦੇ ਕਹਿਣ ਦਾ ਮਤਲਬ ਸੀ ਕਿ ਜਿਵੇਂ ਟੋਪ ਪਾਉਣ ਨਾਲ ਫ਼ੌਜੀ ਦੇ ਸਿਰ ਦੀ ਸੁਰੱਖਿਆ ਹੁੰਦੀ ਹੈ, ਉਸੇ ਤਰ੍ਹਾਂ ਉਮੀਦ ਕਰਨ ਨਾਲ ਸਾਡੇ ਮਨ ਦੀ ਰੱਖਿਆ ਹੁੰਦੀ ਹੈ। ਸਾਨੂੰ ਉਮੀਦ ਹੈ ਕਿ ਯਹੋਵਾਹ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ, ਇਸ ਕਰਕੇ ਅਸੀਂ ਮੁਸ਼ਕਲਾਂ ਆਉਣ ʼਤੇ ਨਿਰਾਸ਼ ਨਹੀਂ ਹੁੰਦੇ। ਸੱਚ-ਮੁੱਚ ਸਾਨੂੰ ਸਾਰਿਆਂ ਨੂੰ ਉਮੀਦ ਦੇ ਇਸ ਟੋਪ ਦੀ ਬਹੁਤ ਜ਼ਰੂਰਤ ਹੈ।
ਪੌਲੁਸ ਨੇ ਇਕ ਹੋਰ ਮਿਸਾਲ ਦੇ ਕੇ ਸਮਝਾਇਆ ਕਿ ਉਮੀਦ ਰੱਖਣੀ ਕਿੰਨੀ ਜ਼ਰੂਰੀ ਹੈ। ਉਸ ਨੇ ਲਿਖਿਆ: “ਇਹ ਉਮੀਦ ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਅਤੇ ਮਜ਼ਬੂਤ ਹੈ।” (ਇਬਰਾਨੀਆਂ 6:19) ਪੌਲੁਸ ਕਈ ਵਾਰ ਜਹਾਜ਼ ʼਤੇ ਸਫ਼ਰ ਕਰ ਚੁੱਕਾ ਸੀ। ਇਸ ਲਈ ਉਹ ਜਾਣਦਾ ਸੀ ਇਕ ਜਹਾਜ਼ ਲਈ ਲੰਗਰ ਕਿੰਨਾ ਜ਼ਰੂਰੀ ਹੁੰਦਾ ਹੈ। ਜਦ ਤੂਫ਼ਾਨ ਆਉਂਦਾ ਹੈ, ਤਾਂ ਜਹਾਜ਼ ਚਲਾਉਣ ਵਾਲੇ ਸਮੁੰਦਰ ਵਿਚ ਲੰਗਰ ਸੁੱਟ ਦਿੰਦੇ ਹਨ। ਜਿਸ ਕਰਕੇ ਜਹਾਜ਼ ਚਟਾਨ ਨਾਲ ਟਕਰਾ ਕੇ ਤਬਾਹ ਨਹੀਂ ਹੁੰਦਾ, ਸਗੋਂ ਆਪਣੀ ਜਗ੍ਹਾ ਟਿਕਿਆ ਰਹਿੰਦਾ ਹੈ।
ਪਰਮੇਸ਼ੁਰ ਨੇ ਸਾਨੂੰ ਭਵਿੱਖ ਲਈ ਜੋ “ਪੱਕੀ ਅਤੇ ਮਜ਼ਬੂਤ” ਉਮੀਦ ਦਿੱਤੀ ਹੈ, ਉਹ ਲੰਗਰ ਵਾਂਗ ਹੈ। ਇਹ ਮੁਸੀਬਤਾਂ ਦੇ ਤੂਫ਼ਾਨ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ। ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਬਹੁਤ ਜਲਦ ਇਸ ਦੁਨੀਆਂ ਤੋਂ ਯੁੱਧ, ਦੁੱਖ-ਤਕਲੀਫ਼ਾਂ, ਅਨਿਆਂ ਅਤੇ ਮੌਤ ਨੂੰ ਮਿਟਾ ਦੇਵੇਗਾ। (ਸਫ਼ਾ 10 ʼਤੇ ਡੱਬੀ ਦੇਖੋ।) ਜੇ ਅਸੀਂ ਆਪਣੀ ਇਸ ਉਮੀਦ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ, ਤਾਂ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਾਂਗੇ ਅਤੇ ਇਸ ਦੁਸ਼ਟ ਦੁਨੀਆਂ ਵਿਚ ਵੀ ਪਰਮੇਸ਼ੁਰ ਦਾ ਕਹਿਣਾ ਮੰਨ ਸਕਾਂਗੇ।
ਯਹੋਵਾਹ ਚਾਹੁੰਦਾ ਹੈ ਕਿ ਤੁਹਾਡੇ ਕੋਲ ਵੀ ਇਹ ਉਮੀਦ ਹੋਵੇ ਅਤੇ ਤੁਸੀਂ ਖ਼ੁਸ਼ੀ-ਖ਼ੁਸ਼ੀ ਜ਼ਿੰਦਗੀ ਜੀਓ। ਉਹ ਤਾਂ ਚਾਹੁੰਦਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ।” ਪਰ ਅਸੀਂ ਤਾਂ ਹੀ ਬਚਾਂਗੇ, ਜੇ ਅਸੀਂ “ਸੱਚਾਈ ਦਾ ਸਹੀ ਗਿਆਨ ਪ੍ਰਾਪਤ” ਕਰਾਂਗੇ। (1 ਤਿਮੋਥਿਉਸ 2:4) ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਾਈਬਲ ਤੋਂ ਪਰਮੇਸ਼ੁਰ ਬਾਰੇ ਸੱਚਾਈ ਜਾਣੋ ਅਤੇ ਹਮੇਸ਼ਾ ਦੀ ਜ਼ਿੰਦਗੀ ਜੀਓ। ਪਰਮੇਸ਼ੁਰ ਤੋਂ ਮਿਲੀ ਇਹ ਉਮੀਦ ਸ਼ਾਨਦਾਰ ਹੈ। ਇਹ ਉਮੀਦ ਸਾਨੂੰ ਦੁਨੀਆਂ ਵਿਚ ਹੋਰ ਕਿਤੇ ਨਹੀਂ ਮਿਲ ਸਕਦੀ।
ਇਸ ਉਮੀਦ ਕਰਕੇ ਅਸੀਂ ਫੇਰ ਕਦੇ ਵੀ ਨਿਰਾਸ਼ ਨਹੀਂ ਹੋਵਾਂਗੇ। ਪਰਮੇਸ਼ੁਰ ਦੀ ਮਦਦ ਨਾਲ ਅਸੀਂ ਉਨ੍ਹਾਂ ਸਾਰੇ ਟੀਚਿਆਂ ਨੂੰ ਹਾਸਲ ਕਰ ਸਕਾਂਗੇ ਜੋ ਉਸ ਦੀ ਮਰਜ਼ੀ ਮੁਤਾਬਕ ਹਨ। (2 ਕੁਰਿੰਥੀਆਂ 4:7; ਫ਼ਿਲਿੱਪੀਆਂ 4:13) ਇਹ ਉਮੀਦ ਸੱਚ-ਮੁੱਚ ਲਾਜਵਾਬ ਹੈ। ਯਕੀਨ ਮੰਨੋ, ਤੁਸੀਂ ਵੀ ਇਹ ਉਮੀਦ ਪਾ ਸਕਦੇ ਹੋ!
[ਡੱਬੀ]
ਉਮੀਦ ਰੱਖਣ ਦੇ ਕਾਰਨ
ਇਹ ਆਇਤਾਂ ਉਮੀਦ ਪਾਉਣ ਵਿਚ ਤੁਹਾਡੀ ਮਦਦ ਕਰ ਸਕਦੀਆਂ ਹਨ:
◼ ਰੱਬ ਨੇ ਇਕ ਸ਼ਾਨਦਾਰ ਭਵਿੱਖ ਦਾ ਵਾਅਦਾ ਕੀਤਾ ਹੈ।
ਉਸ ਦੇ ਬਚਨ ਵਿਚ ਦੱਸਿਆ ਗਿਆ ਹੈ ਕਿ ਪੂਰੀ ਧਰਤੀ ਇਕ ਬਾਗ਼ ਵਰਗੀ ਬਣ ਜਾਵੇਗੀ, ਜਿੱਥੇ ਸਾਰੇ ਇਨਸਾਨ ਖ਼ੁਸ਼ੀ-ਖ਼ੁਸ਼ੀ ਮਿਲ ਕੇ ਰਹਿਣਗੇ।—ਜ਼ਬੂਰ 37:11, 29; ਯਸਾਯਾਹ 25:8; ਪ੍ਰਕਾਸ਼ ਦੀ ਕਿਤਾਬ 21:3, 4.
◼ ਰੱਬ ਝੂਠ ਨਹੀਂ ਬੋਲ ਸਕਦਾ।
ਉਸ ਨੂੰ ਹਰ ਤਰ੍ਹਾਂ ਦੇ ਝੂਠ ਤੋਂ ਨਫ਼ਰਤ ਹੈ। ਯਹੋਵਾਹ ਪਾਕ ਅਤੇ ਪਵਿੱਤਰ ਹੈ, ਇਸ ਲਈ ਇਹ ਨਾਮੁਮਕਿਨ ਹੈ ਕਿ ਉਹ ਝੂਠ ਬੋਲੇ।—ਕਹਾਉਤਾਂ 6:16-19; ਯਸਾਯਾਹ 6:2, 3; ਤੀਤੁਸ 1:2; ਇਬਰਾਨੀਆਂ 6:18.
◼ ਰੱਬ ਕੋਲ ਅਸੀਮ ਤਾਕਤ ਹੈ।
ਸਿਰਫ਼ ਯਹੋਵਾਹ ਹੀ ਸਰਬਸ਼ਕਤੀਮਾਨ ਹੈ। ਬ੍ਰਹਿਮੰਡ ਦੀ ਕੋਈ ਵੀ ਤਾਕਤ ਉਸ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਰੋਕ ਨਹੀਂ ਸਕਦੀ।—ਕੂਚ 15:11; ਯਸਾਯਾਹ 40:25, 26.
◼ ਰੱਬ ਚਾਹੁੰਦਾ ਹੈ ਕਿ ਤੁਸੀਂ ਹਮੇਸ਼ਾ ਲਈ ਜੀਓ।
—ਯੂਹੰਨਾ 3:16; 1 ਤਿਮੋਥਿਉਸ 2:3, 4.
◼ ਰੱਬ ਨੂੰ ਉਮੀਦ ਹੈ ਕਿ ਅਸੀਂ ਉਸ ਦੀ ਗੱਲ ਮੰਨਾਂਗੇ।
ਉਹ ਸਾਡੀਆਂ ਕਮੀਆਂ-ਕਮਜ਼ੋਰੀਆਂ ਅਤੇ ਗ਼ਲਤੀਆਂ ʼਤੇ ਧਿਆਨ ਲਾਉਣ ਦੀ ਬਜਾਇ ਸਾਡੇ ਚੰਗੇ ਗੁਣਾਂ ਅਤੇ ਸਾਡੀਆਂ ਕੋਸ਼ਿਸ਼ਾਂ ʼਤੇ ਧਿਆਨ ਲਾਉਂਦਾ ਹੈ। (ਜ਼ਬੂਰ 103:12-14; 130:3; ਇਬਰਾਨੀਆਂ 6:10) ਉਹ ਉਮੀਦ ਰੱਖਦਾ ਹੈ ਕਿ ਅਸੀਂ ਸਹੀ ਕੰਮ ਕਰਾਂਗੇ ਅਤੇ ਜਦੋਂ ਅਸੀਂ ਸਹੀ ਕੰਮ ਕਰਦੇ ਹਾਂ, ਤਾਂ ਉਹ ਖ਼ੁਸ਼ ਹੁੰਦਾ ਹੈ।—ਕਹਾਉਤਾਂ 27:11.
◼ ਰੱਬ ਚੰਗੇ ਟੀਚੇ ਪੂਰੇ ਕਰਨ ਵਿਚ ਤੁਹਾਡੀ ਮਦਦ ਕਰੇਗਾ।
ਜਿਹੜੇ ਲੋਕ ਰੱਬ ਨੂੰ ਪਿਆਰ ਕਰਦੇ ਹਨ, ਉਹ ਉਨ੍ਹਾਂ ਨੂੰ ਕਦੇ ਵੀ ਇਕੱਲਾ ਨਹੀਂ ਛੱਡਦਾ। ਉਹ ਉਨ੍ਹਾਂ ਦੀ ਮਦਦ ਲਈ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ।—ਫ਼ਿਲਿੱਪੀਆਂ 4:13.
◼ ਰੱਬ ਤੁਹਾਡਾ ਭਰੋਸਾ ਕਦੇ ਨਹੀਂ ਤੋੜੇਗਾ।
ਤੁਸੀਂ ਉਸ ʼਤੇ ਅੱਖਾਂ ਬੰਦ ਕਰ ਕੇ ਭਰੋਸਾ ਕਰ ਸਕਦੇ ਹੋ ਅਤੇ ਇਸ ਤਰ੍ਹਾਂ ਕਰ ਕੇ ਤੁਹਾਨੂੰ ਕੋਈ ਪਛਤਾਵਾ ਨਹੀਂ ਹੋਵੇਗਾ।—ਜ਼ਬੂਰ 25:3.
[ਤਸਵੀਰ]
ਜਿਵੇਂ ਟੋਪ ਨਾਲ ਸਿਰ ਦੀ ਰੱਖਿਆ ਹੁੰਦੀ ਹੈ, ਉਸੇ ਤਰ੍ਹਾਂ ਉਮੀਦ ਨਾਲ ਮਨ ਦੀ ਰੱਖਿਆ ਹੁੰਦੀ ਹੈ
[ਤਸਵੀਰ]
ਉਮੀਦ ਇਕ ਲੰਗਰ ਵਾਂਗ ਹੈ ਜਿਸ ਦੀ ਮਦਦ ਨਾਲ ਅਸੀਂ ਮੁਸ਼ਕਲਾਂ ਵਿਚ ਵੀ ਡਟੇ ਰਹਿ ਪਾਉਂਦੇ ਹਾਂ
[ਕ੍ਰੈਡਿਟ ਲਾਈਨ]
Courtesy René Seindal/Su concessione del Museo Archeologico Regionale A. Salinas di Palermo
-