ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ‘ਮੈਂ ਮਨ ਦਾ ਹਲੀਮ ਹਾਂ’
    ‘ਆਓ ਮੇਰੇ ਚੇਲੇ ਬਣੋ’
    • ਅਧਿਆਇ 3

      ‘ਮੈਂ ਮਨ ਦਾ ਹਲੀਮ ਹਾਂ’

      ਸਫ਼ਾ 31 ਉੱਤੇ ਤਸਵੀਰ

      “ਵੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ”

      1-3. ਯਿਸੂ ਕਿਸ ਤਰੀਕੇ ਨਾਲ ਯਰੂਸ਼ਲਮ ਵਿਚ ਦਾਖ਼ਲ ਹੋਇਆ ਅਤੇ ਕੁਝ ਲੋਕ ਇਹ ਦੇਖ ਕੇ ਸ਼ਾਇਦ ਹੈਰਾਨ ਕਿਉਂ ਹੋਏ ਹੋਣੇ?

      ਕਲਪਨਾ ਕਰੋ ਕਿ ਤੁਸੀਂ ਅੱਜ ਤੋਂ 2,000 ਸਾਲ ਪਹਿਲਾਂ ਯਰੂਸ਼ਲਮ ਸ਼ਹਿਰ ਵਿਚ ਹੋ। ਹਰ ਪਾਸੇ ਰੌਣਕ ਅਤੇ ਹਲਚਲ ਮਚੀ ਹੋਈ ਹੈ। ਲੋਕ ਬੇਸਬਰੀ ਨਾਲ ਇਕ ਵੱਡੇ ਆਦਮੀ ਦਾ ਇੰਤਜ਼ਾਰ ਕਰ ਰਹੇ ਹਨ। ਉਸ ਦਾ ਸੁਆਗਤ ਕਰਨ ਲਈ ਸ਼ਹਿਰੋਂ ਬਾਹਰ ਸੜਕਾਂ ʼਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ। ਕੁਝ ਲੋਕ ਕਹਿ ਰਹੇ ਹਨ ਕਿ ਇਹ ਆਦਮੀ ਰਾਜਾ ਦਾਊਦ ਦਾ ਵਾਰਸ ਹੈ ਅਤੇ ਇਜ਼ਰਾਈਲ ਦੀ ਰਾਜ-ਗੱਦੀ ʼਤੇ ਬੈਠਣ ਦਾ ਹੱਕਦਾਰ ਹੈ। ਉਸ ਦੇ ਸੁਆਗਤ ਵਿਚ ਕਈ ਲੋਕ ਖਜੂਰ ਦੀਆਂ ਟਾਹਣੀਆਂ ਲੈ ਕੇ ਆਏ ਹਨ ਅਤੇ ਹੋਰਨਾਂ ਨੇ ਰਾਹ ਵਿਚ ਆਪਣੇ ਕੱਪੜੇ ਅਤੇ ਦਰਖ਼ਤਾਂ ਦੀਆਂ ਟਾਹਣੀਆਂ ਵਿਛਾਈਆਂ ਹਨ। (ਮੱਤੀ 21:7, 8; ਯੂਹੰਨਾ 12:12, 13) ਪਰ ਉਨ੍ਹਾਂ ਇਹ ਨਹੀਂ ਪਤਾ ਕਿ ਉਹ ਯਰੂਸ਼ਲਮ ਵਿਚ ਕਿਸ ਤਰੀਕੇ ਨਾਲ ਦਾਖ਼ਲ ਹੋਵੇਗਾ।

      2 ਇਸ ਤੋਂ ਪਹਿਲਾਂ ਕੁਝ ਵੱਡੇ-ਵੱਡੇ ਬੰਦਿਆਂ ਨੇ ਬੜੀ ਧੂਮ-ਧਾਮ ਨਾਲ ਆਪਣੀ ਸ਼ਾਨੋ-ਸ਼ੌਕਤ ਦਿਖਾਈ ਸੀ। ਮਿਸਾਲ ਲਈ, ਜਦ ਅਬਸ਼ਾਲੋਮ ਨੇ ਆਪਣੇ ਪਿਤਾ ਦਾਊਦ ਦੇ ਰਾਜ ਨੂੰ ਹੜੱਪ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਦੇ ਰਥ ਦੇ ਮੋਹਰੇ-ਮੋਹਰੇ 50 ਆਦਮੀ ਦੌੜਦੇ ਹੋਏ ਇਹ ਐਲਾਨ ਕਰ ਰਹੇ ਸਨ ਕਿ ਉਹ ਰਾਜਾ ਬਣ ਗਿਆ ਸੀ। (2 ਸਮੂਏਲ 15:1, 10) ਰੋਮ ਦੇ ਰਾਜੇ ਜੂਲੀਅਸ ਸੀਜ਼ਰ ਨੇ ਤਾਂ ਇਸ ਤੋਂ ਵੀ ਕਿਤੇ ਵਧ ਕੇ ਸ਼ਾਨੋ-ਸ਼ੌਕਤ ਦਿਖਾਈ। ਉਸ ਨੇ ਰੋਮ ਵਿਚ ਬੜੇ ਧੂਮ-ਧਮਾਕੇ ਨਾਲ ਆਪਣੀ ਜਿੱਤ ਦਾ ਜਲੂਸ ਜੁਪੀਟਰ ਦੇ ਮੰਦਰ ਤਕ ਕੱਢਿਆ। ਇਸ ਜਲੂਸ ਵਿਚ ਲੈਂਪਾਂ ਨਾਲ ਸਜੇ 40 ਹਾਥੀ ਉਸ ਦੇ ਸੱਜੇ-ਖੱਬੇ ਗਏ ਸਨ। ਪਰ ਅੱਜ ਯਰੂਸ਼ਲਮ ਦੇ ਲੋਕ ਇਨ੍ਹਾਂ ਤੋਂ ਵੀ ਕਿਤੇ ਮਹਾਨ ਆਦਮੀ ਦੀ ਉਡੀਕ ਕਰ ਰਹੇ ਹਨ। ਕੀ ਉਹ ਵੀ ਇੰਨੀ ਹੀ ਧੂਮ-ਧਾਮ ਨਾਲ ਆਵੇਗਾ? ਸ਼ਾਇਦ ਲੋਕ ਇਹ ਨਹੀਂ ਜਾਣਦੇ ਕਿ ਇਹ ਆਦਮੀ ਮਸੀਹ ਹੈ ਤੇ ਦੁਨੀਆਂ ਦੇ ਕਿਸੇ ਵੀ ਸ਼ਖ਼ਸ ਨਾਲੋਂ ਮਹਾਨ ਹੈ। ਅੱਜ ਜਦੋਂ ਉਹ ਸਭ ਦੇ ਸਾਮ੍ਹਣੇ ਆਵੇਗਾ, ਤਾਂ ਸ਼ਾਇਦ ਕਈ ਹੈਰਾਨ ਰਹਿ ਜਾਣ।

      3 ਯਿਸੂ ਨੂੰ ਦੇਖ ਕੇ ਲੋਕ ਸ਼ਾਇਦ ਦੰਗ ਰਹਿ ਜਾਂਦੇ ਹਨ ਕਿਉਂਕਿ ਉਹ ਨਾ ਤਾਂ ਕਿਸੇ ਰਥ ਜਾਂ ਘੋੜੇ ʼਤੇ ਸਵਾਰ ਹੋ ਕੇ ਆਇਆ ਤੇ ਨਾ ਹੀ ਉਸ ਦੇ ਅੱਗੇ ਕੋਈ ਆਦਮੀ ਜਾਂ ਹਾਥੀ ਹੈ। ਇਸ ਦੀ ਬਜਾਇ ਯਿਸੂ ਭਾਰ ਢੋਣ ਵਾਲੇ ਮਾਮੂਲੀ ਗਧੇ ʼਤੇ ਸਵਾਰ ਹੈ।a ਨਾ ਤਾਂ ਯਿਸੂ ਨੇ ਸ਼ਾਹੀ ਲਿਬਾਸ ਪਾਇਆ ਹੈ ਤੇ ਨਾ ਹੀ ਉਸ ਦੀ ਸਵਾਰੀ ਨੂੰ ਸਜਾਇਆ ਗਿਆ ਹੈ, ਸਗੋਂ ਉਸ ਦੇ ਚੇਲਿਆਂ ਨੇ ਉਸ ਦੀ ਸਵਾਰੀ ʼਤੇ ਕੁਝ ਕੱਪੜੇ ਵਿਛਾਏ ਹਨ। ਪਰ ਸਵਾਲ ਇਹ ਹੈ ਕਿ ਯਿਸੂ ਯਰੂਸ਼ਲਮ ਵਿਚ ਧੂਮ-ਧਮਾਕੇ ਤੋਂ ਬਿਨਾਂ ਕਿਉਂ ਆਇਆ ਜਦ ਕਿ ਉਸ ਤੋਂ ਛੋਟੇ ਰੁਤਬੇ ਦੇ ਆਦਮੀ ਇੰਨੀ ਠਾਠ-ਬਾਠ ਤੇ ਸ਼ਾਨੋ-ਸ਼ੌਕਤ ਨਾਲ ਆਏ ਸਨ?

      4. ਬਾਈਬਲ ਵਿਚ ਮਸੀਹ ਦੇ ਇਕ ਰਾਜੇ ਵਜੋਂ ਯਰੂਸ਼ਲਮ ਵਿਚ ਦਾਖ਼ਲ ਹੋਣ ਬਾਰੇ ਕੀ ਦੱਸਿਆ ਗਿਆ ਸੀ?

      4 ਯਿਸੂ ਇਸ ਭਵਿੱਖਬਾਣੀ ਨੂੰ ਪੂਰਾ ਕਰ ਰਿਹਾ ਹੈ: “ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ! ਵੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਹੈ ਅਤੇ ਸੁਰਜੀਤ ਹੈ, ਉਹ ਅਧੀਨ ਹੈ ਅਤੇ ਗਧੇ ਦੇ ਜੁਆਨ ਬੱਚੇ ਉੱਤੇ ਸਵਾਰ ਹੈ।” (ਜ਼ਕਰਯਾਹ 9:9) ਇਸ ਭਵਿੱਖਬਾਣੀ ਮੁਤਾਬਕ ਪਰਮੇਸ਼ੁਰ ਦੇ ਚੁਣੇ ਹੋਏ ਮਸੀਹ ਨੇ ਗਧੀ ਦੇ ਬੱਚੇ ʼਤੇ ਸਵਾਰ ਹੋ ਕੇ ਯਰੂਸ਼ਲਮ ਦੇ ਲੋਕਾਂ ਸਾਮ੍ਹਣੇ ਖ਼ੁਦ ਨੂੰ ਰਾਜੇ ਵਜੋਂ ਪੇਸ਼ ਕਰਨਾ ਸੀ। ਇਸ ਤੋਂ ਜ਼ਾਹਰ ਹੋਣਾ ਸੀ ਕਿ ਉਹ ਦਿਲੋਂ ਕਿੰਨਾ ਨਿਮਰ ਸੀ।

      5. ਯਿਸੂ ਦੀ ਨਿਮਰਤਾ ਸਾਡੇ ਦਿਲਾਂ ਨੂੰ ਕਿਉਂ ਛੂਹ ਲੈਂਦੀ ਹੈ ਅਤੇ ਸਾਡੇ ਲਈ ਉਸ ਵਾਂਗ ਨਿਮਰ ਬਣਨਾ ਇੰਨਾ ਜ਼ਰੂਰੀ ਕਿਉਂ ਹੈ?

      5 ਯਿਸੂ ਦੇ ਬੇਸ਼ੁਮਾਰ ਗੁਣਾਂ ਵਿੱਚੋਂ ਉਸ ਦੀ ਨਿਮਰਤਾ ਵਾਕਈ ਸਾਡੇ ਦਿਲਾਂ ਨੂੰ ਛੂਹ ਲੈਂਦੀ ਹੈ। ਜਿਵੇਂ ਅਸੀਂ ਪਿਛਲੇ ਅਧਿਆਇ ਵਿਚ ਦੇਖਿਆ ਸੀ, ਸਿਰਫ਼ ਯਿਸੂ ਹੀ “ਰਾਹ ਤੇ ਸੱਚਾਈ ਤੇ ਜ਼ਿੰਦਗੀ” ਹੈ। (ਯੂਹੰਨਾ 14:6) ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿੰਨੇ ਵੀ ਇਨਸਾਨ ਇਸ ਦੁਨੀਆਂ ʼਤੇ ਆਏ ਹਨ, ਉਨ੍ਹਾਂ ਵਿੱਚੋਂ ਕੋਈ ਵੀ ਪਰਮੇਸ਼ੁਰ ਦੇ ਪੁੱਤਰ ਨਾਲੋਂ ਮਹਾਨ ਨਹੀਂ ਹੈ। ਯਿਸੂ ਵਿਚ ਰਤਾ ਵੀ ਹੰਕਾਰ ਜਾਂ ਘਮੰਡ ਨਹੀਂ ਸੀ। ਉਹ ਨਾਮੁਕੰਮਲ ਇਨਸਾਨਾਂ ਵਰਗਾ ਨਹੀਂ ਸੀ। ਸਾਨੂੰ ਵੀ ਘਮੰਡ ਕਰਨ ਤੋਂ ਬਚਣਾ ਚਾਹੀਦਾ ਹੈ। (ਯਾਕੂਬ 4:6) ਯਾਦ ਰੱਖੋ ਯਹੋਵਾਹ ਹੰਕਾਰੀਆਂ ਦਾ ਵਿਰੋਧ ਕਰਦਾ ਹੈ। ਸੋ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਯਿਸੂ ਵਾਂਗ ਨਿਮਰ ਬਣਨ ਦੀ ਪੂਰੀ-ਪੂਰੀ ਕੋਸ਼ਿਸ਼ ਕਰੀਏ।

      ਲੰਬੇ ਸਮੇਂ ਤੋਂ ਨਿਮਰਤਾ ਨਾਲ ਸੇਵਾ ਕੀਤੀ

      6. ਇਕ ਨਿਮਰ ਇਨਸਾਨ ਕਿਹੋ ਜਿਹਾ ਹੁੰਦਾ ਹੈ ਅਤੇ ਯਹੋਵਾਹ ਨੂੰ ਕਿਵੇਂ ਪਤਾ ਸੀ ਕਿ ਮਸੀਹ ਨਿਮਰ ਹੋਵੇਗਾ?

      6 ਇਕ ਨਿਮਰ ਇਨਸਾਨ ਦਿਲੋਂ ਹਲੀਮ ਹੁੰਦਾ ਹੈ ਅਤੇ ਉਸ ਵਿਚ ਜ਼ਰਾ ਵੀ ਹੰਕਾਰ ਜਾਂ ਘਮੰਡ ਨਹੀਂ ਹੁੰਦਾ। ਉਸ ਦੀ ਕਹਿਣੀ ਤੇ ਕਰਨੀ ਅਤੇ ਹੋਰਨਾਂ ਨਾਲ ਉਸ ਦੇ ਸਲੂਕ ਤੋਂ ਇਹ ਗੁਣ ਸਾਫ਼ ਦੇਖਿਆ ਜਾ ਸਕਦਾ ਹੈ। ਯਹੋਵਾਹ ਨੂੰ ਪਹਿਲਾਂ ਹੀ ਕਿਵੇਂ ਪਤਾ ਸੀ ਕਿ ਮਸੀਹ ਨਿਮਰ ਹੋਵੇਗਾ? ਉਹ ਆਪਣੇ ਪੁੱਤਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੂੰ ਪਤਾ ਸੀ ਕਿ ਯਿਸੂ ਉਸ ਵਾਂਗ ਪੂਰੀ ਤਰ੍ਹਾਂ ਨਿਮਰ ਸੀ। (ਯੂਹੰਨਾ 10:15) ਨਾਲੇ, ਉਸ ਨੇ ਆਪਣੇ ਪੁੱਤਰ ਦੇ ਕੰਮਾਂ ਤੋਂ ਉਸ ਦੀ ਨਿਮਰਤਾ ਦੇਖੀ ਸੀ। ਕਦੋਂ?

      7-9. (ੳ) ਮੀਕਾਏਲ ਨੇ ਸ਼ੈਤਾਨ ਨਾਲ ਹੋਈ ਬਹਿਸ ਦੌਰਾਨ ਨਿਮਰਤਾ ਕਿਵੇਂ ਦਿਖਾਈ? (ਅ) ਅਸੀਂ ਮੀਕਾਏਲ ਵਾਂਗ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ?

      7 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਧਰਤੀ ਉੱਤੇ ਆਉਣ ਤੋਂ ਪਹਿਲਾਂ ਅਤੇ ਸਵਰਗ ਵਾਪਸ ਜਾਣ ਤੋਂ ਬਾਅਦ ਯਿਸੂ ਦਾ ਨਾਂ ਮੀਕਾਏਲ ਹੈ। ਮਹਾਂ ਦੂਤ ਮੀਕਾਏਲ ਸਵਰਗ ਵਿਚ ਯਹੋਵਾਹ ਦੇ ਦੂਤਾਂ ਦੀ ਫ਼ੌਜ ਦਾ ਸੈਨਾਪਤੀ ਹੈ।b (1 ਥੱਸਲੁਨੀਕੀਆਂ 4:16) ਪਰ ਧਿਆਨ ਦਿਓ ਕਿ ਸ਼ੈਤਾਨ ਨਾਲ ਹੋਈ ਬਹਿਸ ਵਿਚ ਮੀਕਾਏਲ ਨੇ ਉਸ ਨੂੰ ਕੀ ਕਿਹਾ ਸੀ। ਯਹੂਦਾਹ ਦੀ ਕਿਤਾਬ ਵਿਚ ਲਿਖਿਆ ਹੈ: “ਜਦੋਂ ਮਹਾਂ ਦੂਤ ਮੀਕਾਏਲ ਅਤੇ ਸ਼ੈਤਾਨ ਵਿਚ ਮੂਸਾ ਦੀ ਲਾਸ਼ ਬਾਰੇ ਬਹਿਸ ਹੋ ਰਹੀ ਸੀ, ਤਾਂ ਮੀਕਾਏਲ ਨੇ ਸ਼ੈਤਾਨ ਨੂੰ ਦੋਸ਼ੀ ਠਹਿਰਾਉਣ ਅਤੇ ਉਸ ਨੂੰ ਬੁਰਾ-ਭਲਾ ਕਹਿਣ ਦੀ ਜੁਰਅਤ ਨਾ ਕੀਤੀ, ਪਰ ਕਿਹਾ: ‘ਯਹੋਵਾਹ ਹੀ ਤੈਨੂੰ ਝਿੜਕੇ।’” (ਯਹੂਦਾਹ 9) ਯਿਸੂ ਦੀ ਨਿਮਰਤਾ ਦੀ ਕਿੰਨੀ ਹੀ ਸੋਹਣੀ ਮਿਸਾਲ!

      8 ਯਹੂਦਾਹ ਦੀ ਕਿਤਾਬ ਵਿਚ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਸ਼ੈਤਾਨ ਮੂਸਾ ਦੀ ਲਾਸ਼ ਨਾਲ ਕੀ ਕਰਨਾ ਚਾਹੁੰਦਾ ਸੀ, ਪਰ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜ਼ਰੂਰ ਉਸ ਦਾ ਕੋਈ ਘਿਣਾਉਣਾ ਇਰਾਦਾ ਹੋਣਾ। ਸ਼ਾਇਦ ਸ਼ੈਤਾਨ ਉਸ ਵਫ਼ਾਦਾਰ ਸੇਵਕ ਦੀ ਲਾਸ਼ ਨੂੰ ਵਰਤ ਕੇ ਲੋਕਾਂ ਤੋਂ ਝੂਠੀ ਭਗਤੀ ਕਰਾਉਣੀ ਚਾਹੁੰਦਾ ਸੀ। ਭਾਵੇਂ ਮੀਕਾਏਲ ਨੇ ਸ਼ੈਤਾਨ ਨੂੰ ਆਪਣਾ ਬੁਰਾ ਇਰਾਦਾ ਪੂਰਾ ਕਰਨ ਤੋਂ ਰੋਕਿਆ, ਫਿਰ ਵੀ ਉਸ ਨੇ ਖ਼ੁਦ ʼਤੇ ਕਾਬੂ ਰੱਖਿਆ। ਮੀਕਾਏਲ ਕੋਲ ਸ਼ੈਤਾਨ ਨੂੰ ਝਿੜਕਣ ਦਾ ਜਾਇਜ਼ ਕਾਰਨ ਸੀ, ਪਰ ਹਾਲੇ ਉਸ ਨੂੰ ਨਿਆਂ ਕਰਨ ਦੀ ਸਾਰੀ ਜ਼ਿੰਮੇਵਾਰੀ ਨਹੀਂ ਸੌਂਪੀ ਗਈ ਸੀ। ਇਸ ਲਈ ਉਸ ਨੇ ਇਹ ਕੰਮ ਯਹੋਵਾਹ ਪਰਮੇਸ਼ੁਰ ʼਤੇ ਛੱਡ ਦਿੱਤਾ। (ਯੂਹੰਨਾ 5:22) ਮੀਕਾਏਲ ਕੋਲ ਮਹਾਂ ਦੂਤ ਹੋਣ ਦੇ ਨਾਤੇ ਬਹੁਤ ਅਧਿਕਾਰ ਸੀ, ਪਰ ਉਸ ਨੇ ਹੋਰ ਅਧਿਕਾਰ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਨਿਮਰਤਾ ਨਾਲ ਇਹ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ। ਮੀਕਾਏਲ ਆਪਣੀਆਂ ਹੱਦਾਂ ਨੂੰ ਚੰਗੀ ਤਰ੍ਹਾਂ ਪਛਾਣਦਾ ਸੀ।

      9 ਪਰਮੇਸ਼ੁਰ ਨੇ ਯਹੂਦਾਹ ਤੋਂ ਇਹ ਘਟਨਾ ਕਿਉਂ ਲਿਖਵਾਈ? ਕਿਉਂਕਿ ਯਹੂਦਾਹ ਦੇ ਜ਼ਮਾਨੇ ਦੇ ਕੁਝ ਮਸੀਹੀ ਨਿਮਰ ਨਹੀਂ ਸਨ। ਉਹ ਘਮੰਡ ਨਾਲ ‘ਉਨ੍ਹਾਂ ਪਰਮੇਸ਼ੁਰੀ ਗੱਲਾਂ ਬਾਰੇ ਬੁਰਾ-ਭਲਾ ਕਹਿੰਦੇ’ ਸਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪੂਰੀ ਸਮਝ ਨਹੀਂ ਸੀ। (ਯਹੂਦਾਹ 10) ਨਾਮੁਕੰਮਲ ਹੋਣ ਕਰਕੇ ਅਸੀਂ ਕਿੰਨੀ ਆਸਾਨੀ ਨਾਲ ਘਮੰਡ ਨਾਲ ਫੁੱਲ ਜਾਂਦੇ ਹਾਂ! ਮਿਸਾਲ ਲਈ, ਅਸੀਂ ਉਦੋਂ ਕੀ ਕਰਦੇ ਹਾਂ ਜਦੋਂ ਮੰਡਲੀ ਵਿਚ ਬਜ਼ੁਰਗ ਕੋਈ ਅਜਿਹਾ ਫ਼ੈਸਲਾ ਕਰਦੇ ਹਨ ਜੋ ਸਮਝਣਾ ਮੁਸ਼ਕਲ ਹੈ? ਕੀ ਅਸੀਂ ਬੁੜ-ਬੁੜ ਜਾਂ ਨੁਕਤਾਚੀਨੀ ਕਰਦੇ ਹਾਂ ਭਾਵੇਂ ਸਾਨੂੰ ਸਾਰੀ ਗੱਲ ਦਾ ਪਤਾ ਨਹੀਂ ਹੁੰਦਾ? ਇੱਦਾਂ ਕਰਨ ਨਾਲ ਅਸੀਂ ਨਿਮਰਤਾ ਨਹੀਂ ਦਿਖਾ ਰਹੇ ਹੋਵਾਂਗੇ। ਨੁਕਤਾਚੀਨੀ ਕਰਨ ਦੀ ਬਜਾਇ ਆਓ ਆਪਾਂ ਯਿਸੂ ਦੀ ਰੀਸ ਕਰਦੇ ਹੋਏ ਆਪਣੀ ਹੱਦ ਵਿਚ ਰਹੀਏ।

      10, 11. (ੳ) ਇਹ ਕਾਬਲ-ਏ-ਤਾਰੀਫ਼ ਕਿਉਂ ਹੈ ਕਿ ਪਰਮੇਸ਼ੁਰ ਦਾ ਪੁੱਤਰ ਧਰਤੀ ʼਤੇ ਖ਼ੁਸ਼ੀ-ਖ਼ੁਸ਼ੀ ਆਇਆ? (ਅ) ਅਸੀਂ ਯਿਸੂ ਦੀ ਨਿਮਰਤਾ ਦੀ ਰੀਸ ਕਿਵੇਂ ਕਰ ਸਕਦੇ ਹਾਂ?

      10 ਪਰਮੇਸ਼ੁਰ ਦੇ ਪੁੱਤਰ ਨੇ ਉਸ ਵੇਲੇ ਵੀ ਨਿਮਰਤਾ ਦਿਖਾਈ ਜਦੋਂ ਉਹ ਧਰਤੀ ʼਤੇ ਆਉਣ ਲਈ ਰਾਜ਼ੀ ਹੋਇਆ। ਜ਼ਰਾ ਸੋਚੋ ਕਿ ਸਵਰਗ ਵਿਚ ਉਸ ਦੀ ਜ਼ਿੰਦਗੀ ਕਿਹੋ ਜਿਹੀ ਸੀ। ਉੱਥੇ ਉਹ ਮਹਾਂ ਦੂਤ ਵਜੋਂ ਕੰਮ ਕਰਦਾ ਸੀ। ਉਹ “ਸ਼ਬਦ” ਯਾਨੀ ਪਰਮੇਸ਼ੁਰ ਦਾ ਬੁਲਾਰਾ ਸੀ। (ਯੂਹੰਨਾ 1:1-3) ਉਹ ਯਹੋਵਾਹ ਦੇ “ਪਵਿੱਤ੍ਰ ਅਤੇ ਸ਼ਾਨਦਾਰ ਭਵਨ” ਯਾਨੀ ਸਵਰਗ ਵਿਚ ਰਹਿੰਦਾ ਸੀ। (ਯਸਾਯਾਹ 63:15) ਫਿਰ ਵੀ ਉਹ “ਆਪਣਾ ਸਭ ਕੁਝ ਤਿਆਗ ਕੇ ਗ਼ੁਲਾਮ ਬਣ ਗਿਆ ਅਤੇ ਇਨਸਾਨ ਦੇ ਰੂਪ ਵਿਚ ਆਇਆ।” (ਫ਼ਿਲਿੱਪੀਆਂ 2:7) ਗੌਰ ਕਰੋ ਕਿ ਉਸ ਦੇ ਧਰਤੀ ਉੱਤੇ ਆਉਣ ਵਿਚ ਕੀ ਕੁਝ ਸ਼ਾਮਲ ਸੀ। ਯਹੋਵਾਹ ਨੇ ਉਸ ਦੀ ਜਾਨ ਇਕ ਕੁਆਰੀ ਯਹੂਦਣ ਦੀ ਕੁੱਖ ਵਿਚ ਪਾਈ ਅਤੇ ਨੌਂ ਮਹੀਨਿਆਂ ਬਾਅਦ ਉਹ ਇਕ ਬੇਬੱਸ ਬੱਚੇ ਵਜੋਂ ਪੈਦਾ ਹੋਇਆ। ਉਸ ਦੀ ਪਰਵਰਿਸ਼ ਇਕ ਗ਼ਰੀਬ ਤਰਖਾਣ ਦੇ ਘਰ ਵਿਚ ਹੋਈ। ਹਾਲਾਂਕਿ ਉਹ ਖ਼ੁਦ ਮੁਕੰਮਲ ਸੀ, ਪਰ ਫਿਰ ਵੀ ਉਹ ਆਪਣੇ ਨਾਮੁਕੰਮਲ ਮਾਪਿਆਂ ਦੇ ਅਧੀਨ ਰਿਹਾ। (ਲੂਕਾ 2:40, 51, 52) ਵਾਹ, ਨਿਮਰਤਾ ਦੀ ਕਿੰਨੀ ਹੀ ਵਧੀਆ ਮਿਸਾਲ!

      11 ਕੀ ਅਸੀਂ ਵੀ ਯਿਸੂ ਵਾਂਗ ਨਿਮਰਤਾ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਕੋਈ ਅਜਿਹਾ ਕੰਮ ਕਰਨ ਲਈ ਤਿਆਰ ਹੋਵਾਂਗੇ ਜੋ ਸ਼ਾਇਦ ਸਾਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਲੱਗੇ? ਮਿਸਾਲ ਲਈ, ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਸ਼ਾਇਦ ਸਾਨੂੰ ਉਦੋਂ ਚੰਗਾ ਨਾ ਲੱਗੇ ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ, ਸਾਡਾ ਮਜ਼ਾਕ ਉਡਾਉਂਦੇ ਹਨ ਜਾਂ ਸਾਡਾ ਵਿਰੋਧ ਕਰਦੇ ਹਨ। (ਮੱਤੀ 28:19, 20) ਪਰ ਇਸ ਕੰਮ ਵਿਚ ਲੱਗੇ ਰਹਿਣ ਨਾਲ ਅਸੀਂ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਹਾਂ। ਨਾਲੇ ਅਸੀਂ ਇਹ ਕੰਮ ਕਰਦਿਆਂ ਨਿਮਰਤਾ ਜ਼ਰੂਰ ਸਿੱਖਾਂਗੇ ਅਤੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਕਸ਼ੇ-ਕਦਮਾਂ ʼਤੇ ਚੱਲ ਰਹੇ ਹੋਵਾਂਗੇ।

      ਯਿਸੂ ਨਿਮਰ ਇਨਸਾਨ ਸੀ

      12-14. (ੳ) ਜਦ ਲੋਕ ਯਿਸੂ ਦੀਆਂ ਤਾਰੀਫ਼ਾਂ ਕਰਦੇ ਸਨ, ਤਾਂ ਉਸ ਨੇ ਨਿਮਰਤਾ ਕਿਵੇਂ ਦਿਖਾਈ? (ਅ) ਯਿਸੂ ਲੋਕਾਂ ਨਾਲ ਨਿਮਰਤਾ ਨਾਲ ਕਿਵੇਂ ਪੇਸ਼ ਆਇਆ? (ੲ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਨਿਮਰ ਹੋਣ ਦਾ ਦਿਖਾਵਾ ਨਹੀਂ ਕੀਤਾ?

      12 ਯਿਸੂ ਨੇ ਆਪਣੀ ਪੂਰੀ ਸੇਵਕਾਈ ਦੌਰਾਨ ਨਿਮਰਤਾ ਦੀ ਲਾਜਵਾਬ ਮਿਸਾਲ ਕਾਇਮ ਕੀਤੀ! ਲੋਕ ਉਸ ਦੀਆਂ ਸਿਆਣੀਆਂ ਗੱਲਾਂ, ਚਮਤਕਾਰਾਂ ਅਤੇ ਉਸ ਦੇ ਨੇਕ ਸੁਭਾਅ ਦੀਆਂ ਤਾਰੀਫ਼ਾਂ ਕਰਦੇ ਸਨ। ਪਰ ਉਸ ਨੇ ਆਪਣੀ ਵਡਿਆਈ ਕਰਨ ਦੀ ਬਜਾਇ ਇਸ ਦਾ ਸਿਹਰਾ ਯਹੋਵਾਹ ਨੂੰ ਦਿੱਤਾ।—ਮਰਕੁਸ 10:17, 18; ਯੂਹੰਨਾ 7:15, 16.

      13 ਯਿਸੂ ਨੇ ਲੋਕਾਂ ਨਾਲ ਪੇਸ਼ ਆਉਂਦੇ ਵੇਲੇ ਵੀ ਨਿਮਰਤਾ ਦਿਖਾਈ। ਉਸ ਨੇ ਸਾਫ਼ ਦੱਸਿਆ ਕਿ ਉਹ ਧਰਤੀ ʼਤੇ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਦੂਜਿਆਂ ਦੀ ਸੇਵਾ ਕਰਨ ਆਇਆ ਸੀ। (ਮੱਤੀ 20:28) ਉਹ ਸੁਭਾਅ ਦਾ ਬਹੁਤ ਨਰਮ ਸੀ ਅਤੇ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਸੀ। ਮਿਸਾਲ ਲਈ, ਜਦੋਂ ਉਸ ਦੇ ਚੇਲੇ ਕੋਈ ਗ਼ਲਤੀ ਕਰਦੇ ਸਨ, ਤਾਂ ਉਹ ਗੁੱਸੇ ਹੋਣ ਦੀ ਬਜਾਇ ਨਰਮਾਈ ਨਾਲ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਸੀ। (ਮੱਤੀ 26:39-41) ਜਦੋਂ ਉਹ ਇਕਾਂਤ ਜਗ੍ਹਾ ਜਾ ਕੇ ਆਰਾਮ ਕਰਨਾ ਚਾਹੁੰਦਾ ਸੀ ਅਤੇ ਭੀੜ ਉਸ ਦੇ ਪਿੱਛੇ-ਪਿੱਛੇ ਆਈ, ਤਾਂ ਉਸ ਨੇ ਆਪਣਾ ਸੁੱਖ-ਆਰਾਮ ਭੁਲਾ ਕੇ ਲੋਕਾਂ ਨੂੰ ਪਰਮੇਸ਼ੁਰ ਦੀਆਂ ਗੱਲਾਂ ਸਿਖਾਉਣੀਆਂ ਜ਼ਿਆਦਾ ਜ਼ਰੂਰੀ ਸਮਝੀਆਂ। (ਮਰਕੁਸ 6:30-34) ਇਕ ਵਾਰ ਇਕ ਗ਼ੈਰ-ਯਹੂਦੀ ਤੀਵੀਂ ਯਿਸੂ ਅੱਗੇ ਤਰਲੇ ਕਰਨ ਲੱਗੀ ਕਿ ਉਹ ਉਸ ਦੀ ਕੁੜੀ ਨੂੰ ਠੀਕ ਕਰ ਦੇਵੇ। ਪਹਿਲਾਂ ਯਿਸੂ ਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। ਫਿਰ ਉਸ ਨੇ ਗੁੱਸੇ ਵਿਚ ਇਨਕਾਰ ਕਰਨ ਦੀ ਬਜਾਇ ਤੀਵੀਂ ਦੀ ਪੱਕੀ ਨਿਹਚਾ ਨੂੰ ਦੇਖ ਕੇ ਉਸ ਦੀ ਗੱਲ ਮੰਨ ਲਈ। ਇਸ ਬਾਰੇ ਅਸੀਂ ਚੌਦਵੇਂ ਅਧਿਆਇ ਵਿਚ ਹੋਰ ਸਿੱਖਾਂਗੇ।—ਮੱਤੀ 15:22-28.

      14 ਯਿਸੂ ਆਪਣੇ ਇਨ੍ਹਾਂ ਸ਼ਬਦਾਂ ʼਤੇ ਪੂਰਾ ਉਤਰਿਆ: “ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ।” (ਮੱਤੀ 11:29) ਉਸ ਨੇ ਨਿਮਰ ਹੋਣ ਦਾ ਦਿਖਾਵਾ ਨਹੀਂ ਕੀਤਾ, ਸਗੋਂ ਉਹ ਦਿਲੋਂ ਨਿਮਰ ਸੀ। ਇਸ ਲਈ ਉਹ ਚਾਹੁੰਦਾ ਸੀ ਕਿ ਉਸ ਦੇ ਚੇਲੇ ਵੀ ਨਿਮਰ ਬਣਨ। ਆਓ ਅਸੀਂ ਦੇਖੀਏ ਕਿ ਉਸ ਨੇ ਉਨ੍ਹਾਂ ਨੂੰ ਨਿਮਰਤਾ ਦਾ ਸਬਕ ਕਿਵੇਂ ਸਿਖਾਇਆ।

      ਚੇਲਿਆਂ ਲਈ ਨਿਮਰਤਾ ਦਾ ਸਬਕ

      15, 16. ਯਿਸੂ ਦੇ ਚੇਲਿਆਂ ਨੂੰ ਦੁਨੀਆਂ ਦੇ ਰਾਜਿਆਂ ਤੋਂ ਵੱਖਰਾ ਰਵੱਈਆ ਦਿਖਾਉਣ ਦੀ ਕਿਉਂ ਲੋੜ ਸੀ?

      15 ਯਿਸੂ ਦੇ ਰਸੂਲਾਂ ਨੂੰ ਨਿਮਰ ਬਣਨ ਵਿਚ ਬਹੁਤ ਸਮਾਂ ਲੱਗਾ। ਫਿਰ ਵੀ ਯਿਸੂ ਨੇ ਹਾਰ ਨਹੀਂ ਮੰਨੀ, ਸਗੋਂ ਉਹ ਉਨ੍ਹਾਂ ਨੂੰ ਵਾਰ-ਵਾਰ ਸਮਝਾਉਂਦਾ ਰਿਹਾ। ਮਿਸਾਲ ਲਈ, ਇਕ ਵਾਰ ਯਾਕੂਬ ਤੇ ਯੂਹੰਨਾ ਨੇ ਆਪਣੀ ਮਾਂ ਨੂੰ ਯਿਸੂ ਕੋਲ ਘੱਲ ਕੇ ਇਹ ਮੰਗ ਕੀਤੀ ਕਿ ਉਹ ਪਰਮੇਸ਼ੁਰ ਦੇ ਰਾਜ ਵਿਚ ਉਨ੍ਹਾਂ ਦੋਵਾਂ ਨੂੰ ਉੱਚਾ ਰੁਤਬਾ ਦੇਵੇ। ਯਿਸੂ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ: “ਇਹ ਫ਼ੈਸਲਾ ਕਰਨ ਦਾ ਅਧਿਕਾਰ ਮੇਰੇ ਕੋਲ ਨਹੀਂ ਹੈ ਕਿ ਕੌਣ ਮੇਰੇ ਸੱਜੇ ਪਾਸੇ ਅਤੇ ਕੌਣ ਖੱਬੇ ਪਾਸੇ ਬੈਠੇਗਾ, ਸਗੋਂ ਮੇਰਾ ਪਿਤਾ ਇਸ ਗੱਲ ਦਾ ਫ਼ੈਸਲਾ ਕਰੇਗਾ।” ਜਦੋਂ ਬਾਕੀ ਦਸਾਂ ਰਸੂਲਾਂ ਨੂੰ ਇਸ ਗੱਲ ਬਾਰੇ ਪਤਾ ਲੱਗਾ, ਤਾਂ ਉਹ ਯਾਕੂਬ ਤੇ ਯੂਹੰਨਾ ਨਾਲ “ਬਹੁਤ ਗੁੱਸੇ” ਹੋਏ। (ਮੱਤੀ 20:20-24) ਯਿਸੂ ਨੇ ਇਸ ਮਸਲੇ ਨੂੰ ਕਿਵੇਂ ਸੁਲਝਾਇਆ?

      16 ਉਸ ਨੇ ਪਿਆਰ ਨਾਲ ਉਨ੍ਹਾਂ ਨੂੰ ਤਾੜਦੇ ਹੋਏ ਕਿਹਾ: “ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਰਾਜੇ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਦੁਨੀਆਂ ਦੇ ਵੱਡੇ-ਵੱਡੇ ਲੋਕ ਉਨ੍ਹਾਂ ਨੂੰ ਦਬਾ ਕੇ ਰੱਖਦੇ ਹਨ। ਪਰ ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਸਗੋਂ ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ, ਅਤੇ ਜਿਹੜਾ ਤੁਹਾਡੇ ਵਿੱਚੋਂ ਮੋਹਰੀ ਬਣਨਾ ਚਾਹੁੰਦਾ ਹੈ ਉਹ ਤੁਹਾਡਾ ਨੌਕਰ ਬਣੇ।” (ਮੱਤੀ 20:25-27) ਰਸੂਲਾਂ ਨੇ ਆਪਣੀ ਅੱਖੀਂ ਦੇਖਿਆ ਹੋਣਾ ਕਿ “ਦੁਨੀਆਂ ਦੇ ਰਾਜੇ” ਕਿੰਨੇ ਘਮੰਡੀ, ਮਤਲਬੀ ਅਤੇ ਸੁਆਰਥੀ ਸਨ। ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਤਾਕਤ ਦੇ ਭੁੱਖੇ ਇਨ੍ਹਾਂ ਜ਼ਾਲਮਾਂ ਤੋਂ ਇਕਦਮ ਵੱਖਰੇ ਹੋਣਾ ਚਾਹੀਦਾ ਹੈ। ਹਾਂ, ਉਨ੍ਹਾਂ ਨੂੰ ਨਿਮਰ ਬਣਨ ਦੀ ਲੋੜ ਸੀ। ਕੀ ਰਸੂਲਾਂ ਨੇ ਇਹ ਸਬਕ ਸਿੱਖਿਆ?

      17-19. (ੳ) ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਰਸੂਲਾਂ ਨੂੰ ਨਿਮਰਤਾ ਦਾ ਕਿਹੜਾ ਸਬਕ ਸਿਖਾਇਆ? (ਅ) ਨਿਮਰਤਾ ਬਾਰੇ ਯਿਸੂ ਦਾ ਸਭ ਤੋਂ ਜ਼ਬਰਦਸਤ ਸਬਕ ਕਿਹੜਾ ਸੀ?

      17 ਇਹ ਸਬਕ ਸਿੱਖਣਾ ਉਨ੍ਹਾਂ ਲਈ ਆਸਾਨ ਨਹੀਂ ਸੀ। ਯਿਸੂ ਨੇ ਕਈ ਵਾਰ ਉਨ੍ਹਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਇਕ ਵਾਰ ਜਦੋਂ ਉਹ ਆਪਸ ਵਿਚ ਬਹਿਸ ਕਰ ਰਹੇ ਸਨ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਹੈ, ਤਾਂ ਯਿਸੂ ਨੇ ਇਕ ਬੱਚੇ ਨੂੰ ਉਨ੍ਹਾਂ ਦੇ ਗੱਭੇ ਖੜ੍ਹਾ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਵਰਗੇ ਬਣਨ ਦੀ ਲੋੜ ਹੈ। ਬੱਚੇ ਵੱਡਿਆਂ ਵਾਂਗ ਘਮੰਡੀ ਜਾਂ ਮਤਲਬੀ ਨਹੀਂ ਹੁੰਦੇ ਅਤੇ ਉਨ੍ਹਾਂ ਲਈ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਦੂਜੇ ਉਨ੍ਹਾਂ ਬਾਰੇ ਕੀ ਸੋਚਦੇ ਹਨ। (ਮੱਤੀ 18:1-4) ਫਿਰ ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਉਨ੍ਹਾਂ ਨੇ ਜ਼ਾਹਰ ਕੀਤਾ ਕਿ ਹਾਲੇ ਵੀ ਉਨ੍ਹਾਂ ਵਿਚ ਨਿਮਰਤਾ ਦੀ ਘਾਟ ਸੀ। ਇਸ ਵਾਰ ਯਿਸੂ ਨੇ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਇਆ ਜੋ ਉਹ ਕਦੇ ਨਹੀਂ ਭੁੱਲੇ। ਉਸ ਨੇ ਉਹ ਕੰਮ ਕੀਤਾ ਜੋ ਆਮ ਤੌਰ ਤੇ ਨੌਕਰ ਘਰ ਆਏ ਮਹਿਮਾਨਾਂ ਲਈ ਕਰਦੇ ਸਨ। ਉਸ ਨੇ ਆਪਣੇ ਲੱਕ ਦੁਆਲੇ ਤੌਲੀਆ ਬੰਨ੍ਹ ਕੇ ਆਪਣੇ ਸਾਰੇ ਰਸੂਲਾਂ ਦੇ ਪੈਰ ਧੋਤੇ। ਉਸ ਨੇ ਤਾਂ ਯਹੂਦਾ ਦੇ ਵੀ ਪੈਰ ਧੋਤੇ ਜੋ ਉਸ ਨੂੰ ਧੋਖੇ ਨਾਲ ਫੜਵਾਉਣ ਵਾਲਾ ਸੀ!—ਯੂਹੰਨਾ 13:1-11.

      18 ਨਿਮਰਤਾ ਦੀ ਅਹਿਮੀਅਤ ʼਤੇ ਜ਼ੋਰ ਦਿੰਦੇ ਹੋਏ ਯਿਸੂ ਨੇ ਕਿਹਾ: “ਮੈਂ ਤੁਹਾਡੇ ਲਈ ਇਹ ਨਮੂਨਾ ਕਾਇਮ ਕੀਤਾ ਹੈ।” (ਯੂਹੰਨਾ 13:15) ਕੀ ਉਨ੍ਹਾਂ ਨੇ ਯਿਸੂ ਦੀ ਮਿਸਾਲ ਤੋਂ ਸਬਕ ਸਿੱਖਿਆ? ਅਜੇ ਨਹੀਂ, ਕਿਉਂਕਿ ਉਸੇ ਰਾਤ ਉਹ ਫਿਰ ਬਹਿਸ ਕਰਨ ਲੱਗ ਪਏ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ! (ਲੂਕਾ 22:24-27) ਇਸ ਦੇ ਬਾਵਜੂਦ ਯਿਸੂ ਧੀਰਜ ਅਤੇ ਨਿਮਰਤਾ ਨਾਲ ਉਨ੍ਹਾਂ ਨੂੰ ਸਿਖਾਉਂਦਾ ਰਿਹਾ। ਅਖ਼ੀਰ ਵਿਚ ਉਸ ਨੇ ਉਨ੍ਹਾਂ ਨੂੰ ਸਭ ਤੋਂ ਜ਼ਬਰਦਸਤ ਸਬਕ ਸਿਖਾਇਆ: “ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਉਹ ਮਰਨ ਤਕ, ਹਾਂ, ਤਸੀਹੇ ਦੀ ਸੂਲ਼ੀ ਉੱਤੇ ਮਰਨ ਤਕ ਆਗਿਆਕਾਰ ਰਿਹਾ।” (ਫ਼ਿਲਿੱਪੀਆਂ 2:8) ਜੀ ਹਾਂ, ਯਿਸੂ ʼਤੇ ਇਹ ਇਲਜ਼ਾਮ ਲਾ ਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਕਿ ਉਹ ਅਪਰਾਧੀ ਤੇ ਪਰਮੇਸ਼ੁਰ ਦਾ ਦੁਸ਼ਮਣ ਹੈ। ਪਰ ਉਸ ਨੇ ਇਹ ਸ਼ਰਮਨਾਕ ਮੌਤ ਖ਼ੁਸ਼ੀ-ਖ਼ੁਸ਼ੀ ਸਹਿ ਲਈ। ਵਾਕਈ ਪਰਮੇਸ਼ੁਰ ਦਾ ਪੁੱਤਰ ਅਨੋਖਾ ਸੀ। ਯਹੋਵਾਹ ਦੇ ਸਾਰੇ ਸੇਵਕਾਂ ਵਿੱਚੋਂ ਉਸ ਦੀ ਨਿਮਰਤਾ ਬੇਮਿਸਾਲ ਸੀ!

      19 ਸ਼ਾਇਦ ਯਿਸੂ ਦੇ ਇਸ ਆਖ਼ਰੀ ਸਬਕ ਨੇ ਉਸ ਦੇ ਵਫ਼ਾਦਾਰ ਰਸੂਲਾਂ ਦੇ ਦਿਲਾਂ ʼਤੇ ਨਿਮਰਤਾ ਦੀ ਗਹਿਰੀ ਛਾਪ ਛੱਡੀ ਕਿਉਂਕਿ ਬਾਈਬਲ ਦੱਸਦੀ ਹੈ ਕਿ ਉਹ ਮਰਦੇ ਦਮ ਤਕ ਨਿਮਰਤਾ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹੇ। ਸਾਡੇ ਬਾਰੇ ਕੀ?

      ਕੀ ਤੁਸੀਂ ਯਿਸੂ ਦੇ ਨਮੂਨੇ ʼਤੇ ਚੱਲੋਗੇ?

      20. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਦਿਲੋਂ ਨਿਮਰ ਹਾਂ?

      20 ਪੌਲੁਸ ਸਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਹੈ: “ਤੁਹਾਡੇ ਮਨ ਦਾ ਸੁਭਾਅ ਮਸੀਹ ਯਿਸੂ ਵਰਗਾ ਹੋਵੇ।” (ਫ਼ਿਲਿੱਪੀਆਂ 2:5) ਯਿਸੂ ਵਾਂਗ ਸਾਨੂੰ ਵੀ ਮਨੋਂ ਹਲੀਮ ਹੋਣ ਦੀ ਲੋੜ ਹੈ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਦਿਲੋਂ ਨਿਮਰ ਹਾਂ? ਪੌਲੁਸ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ ‘ਲੜਾਈ-ਝਗੜੇ ਦੀ ਭਾਵਨਾ ਨਾਲ ਜਾਂ ਹੰਕਾਰ ਵਿਚ ਆ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ, ਸਗੋਂ ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ।’ (ਫ਼ਿਲਿੱਪੀਆਂ 2:3) ਕੀ ਤੁਸੀਂ ਇਸ ਸਲਾਹ ਮੁਤਾਬਕ ਚੱਲਦੇ ਹੋ? ਜੇ ਅਸੀਂ ਦੂਸਰਿਆਂ ਨੂੰ ਆਪਣੇ ਤੋਂ ਚੰਗਾ ਜਾਂ ਵੱਡਾ ਸਮਝਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਦਿਲੋਂ ਨਿਮਰ ਹਾਂ।

      21, 22. (ੳ) ਬਜ਼ੁਰਗਾਂ ਨੂੰ ਨਿਮਰ ਕਿਉਂ ਹੋਣਾ ਚਾਹੀਦਾ ਹੈ? (ਅ) ਅਸੀਂ ਆਪਣੀ ਨਿਮਰਤਾ ਦਾ ਸਬੂਤ ਕਿਵੇਂ ਦੇ ਸਕਦੇ ਹਾਂ?

      21 ਯਿਸੂ ਦੀ ਮੌਤ ਤੋਂ ਕਈ ਸਾਲ ਬਾਅਦ ਵੀ ਪਤਰਸ ਰਸੂਲ ਨਿਮਰਤਾ ਦੀ ਅਹਿਮੀਅਤ ਬਾਰੇ ਸੋਚਦਾ ਰਿਹਾ। ਪਤਰਸ ਨੇ ਮਸੀਹੀ ਬਜ਼ੁਰਗਾਂ ਨੂੰ ਕਿਹਾ ਕਿ ਉਹ ਯਹੋਵਾਹ ਦੇ ਲੋਕਾਂ ਉੱਤੇ ਹੁਕਮ ਚਲਾਉਣ ਦੀ ਬਜਾਇ ਨਿਮਰਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। (1 ਪਤਰਸ 5:2, 3) ਜ਼ਿੰਮੇਵਾਰੀਆਂ ਮਿਲਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਘਮੰਡੀ ਬਣ ਜਾਓ। ਇਸ ਤੋਂ ਉਲਟ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲਦੀਆਂ ਹਨ, ਉਨ੍ਹਾਂ ਨੂੰ ਹੋਰ ਵੀ ਨਿਮਰ ਬਣਨ ਦੀ ਲੋੜ ਹੈ। (ਲੂਕਾ 12:48) ਸੱਚ ਤਾਂ ਇਹ ਹੈ ਕਿ ਸਿਰਫ਼ ਬਜ਼ੁਰਗਾਂ ਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਨਿਮਰ ਬਣਨਾ ਚਾਹੀਦਾ ਹੈ।

      22 ਇਸ ਵਿਚ ਕੋਈ ਸ਼ੱਕ ਨਹੀਂ ਕਿ ਪਤਰਸ ਨੂੰ ਉਹ ਰਾਤ ਕਦੇ ਨਹੀਂ ਭੁੱਲੀ ਹੋਣੀ ਜਦ ਉਸ ਦੇ ਇਨਕਾਰ ਕਰਨ ਦੇ ਬਾਵਜੂਦ ਯਿਸੂ ਨੇ ਉਸ ਦੇ ਪੈਰ ਧੋਤੇ! (ਯੂਹੰਨਾ 13:6-10) ਪਤਰਸ ਨੇ ਮਸੀਹੀਆਂ ਨੂੰ ਲਿਖਿਆ: “ਤੁਸੀਂ ਸਾਰੇ ਨਿਮਰ ਰਹਿ ਕੇ ਇਕ-ਦੂਸਰੇ ਨਾਲ ਪੇਸ਼ ਆਓ।” (1 ਪਤਰਸ 5:5) ਯੂਨਾਨੀ ਵਿਚ ਇਸ ਆਇਤ ਵਿਚ ‘ਲੱਕ ਬੰਨ੍ਹਣ’ ਦਾ ਜ਼ਿਕਰ ਕੀਤਾ ਗਿਆ ਹੈ। ਆਮ ਕਰਕੇ ਇਕ ਨੌਕਰ ਆਪਣਾ ਲੱਕ ਬੰਨ੍ਹ ਕੇ ਘਰ ਦੇ ਕੰਮ ਕਰਦਾ ਹੈ। ਇਸ ਤੋਂ ਸ਼ਾਇਦ ਸਾਨੂੰ ਉਹ ਮੌਕਾ ਯਾਦ ਆਵੇ ਜਦੋਂ ਯਿਸੂ ਨੇ ਆਪਣੇ ਲੱਕ ਦੁਆਲੇ ਤੌਲੀਆ ਬੰਨ੍ਹਿਆ ਅਤੇ ਗੋਡਿਆਂ ਭਾਰ ਬਹਿ ਕੇ ਆਪਣੇ ਚੇਲਿਆਂ ਦੇ ਪੈਰ ਧੋਤੇ ਸਨ। ਇਸੇ ਤਰ੍ਹਾਂ ਸਾਡੀ ਨਿਮਰਤਾ ਦਾ ਸਬੂਤ ਸਾਰਿਆਂ ਨੂੰ ਨਜ਼ਰ ਆਉਣਾ ਚਾਹੀਦਾ ਹੈ। ਜੇ ਅਸੀਂ ਯਿਸੂ ਦੀ ਮਿਸਾਲ ʼਤੇ ਚੱਲਦੇ ਹਾਂ, ਤਾਂ ਪਰਮੇਸ਼ੁਰ ਵੱਲੋਂ ਮਿਲਿਆ ਕੋਈ ਵੀ ਕੰਮ ਸਾਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਨਹੀਂ ਲੱਗੇਗਾ। ਦਰਅਸਲ, ਨਿਮਰਤਾ ਨਾਲ ਸਾਡੀ ਸ਼ਾਨ ਵਧਦੀ ਹੈ।

      23, 24. (ੳ) ਸਾਨੂੰ ਹੰਕਾਰ ਕਿਉਂ ਨਹੀਂ ਕਰਨਾ ਚਾਹੀਦਾ? (ਅ) ਅਗਲੇ ਅਧਿਆਇ ਵਿਚ ਅਸੀਂ ਨਿਮਰਤਾ ਬਾਰੇ ਕਿਹੜੀ ਗ਼ਲਤਫ਼ਹਿਮੀ ਦੂਰ ਕਰਾਂਗੇ?

      23 ਹੰਕਾਰ ਜ਼ਹਿਰ ਦੀ ਤਰ੍ਹਾਂ ਹੈ। ਇਸ ਦੇ ਨਤੀਜੇ ਜਾਨਲੇਵਾ ਹੋ ਸਕਦੇ ਹਨ। ਹੰਕਾਰੀ ਇਨਸਾਨ ਭਾਵੇਂ ਜਿੰਨਾ ਮਰਜ਼ੀ ਕਾਬਲ ਕਿਉਂ ਨਾ ਹੋਵੇ, ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੇਕਾਰ ਹੁੰਦਾ ਹੈ। ਇਸ ਦੇ ਉਲਟ ਪਰਮੇਸ਼ੁਰ ਨਿਮਰ ਇਨਸਾਨ ਨੂੰ ਆਪਣੇ ਕੰਮ ਲਈ ਬਹੁਤ ਵਧੀਆ ਤਰੀਕੇ ਨਾਲ ਇਸਤੇਮਾਲ ਕਰ ਸਕਦਾ ਹੈ ਭਾਵੇਂ ਉਹ ਇੰਨਾ ਕਾਬਲ ਨਾ ਹੋਵੇ। ਜੇ ਅਸੀਂ ਹਰ ਰੋਜ਼ ਨਿਮਰਤਾ ਨਾਲ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਸਾਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ। ਪਤਰਸ ਨੇ ਲਿਖਿਆ: “ਇਸ ਲਈ ਆਪਣੇ ਆਪ ਨੂੰ ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ੁਰ ਦੇ ਅਧੀਨ ਕਰੋ, ਤਾਂਕਿ ਉਹ ਤੁਹਾਨੂੰ ਸਮਾਂ ਆਉਣ ਤੇ ਉੱਚਾ ਕਰੇ।” (1 ਪਤਰਸ 5:6) ਜਿਸ ਤਰ੍ਹਾਂ ਯਹੋਵਾਹ ਨੇ ਯਿਸੂ ਨੂੰ ਨਿਮਰ ਹੋਣ ਕਰਕੇ ਉੱਚਾ ਕੀਤਾ ਸੀ, ਉਸੇ ਤਰ੍ਹਾਂ ਉਹ ਸਾਨੂੰ ਵੀ ਸਾਡੀ ਨਿਮਰਤਾ ਦਾ ਇਨਾਮ ਦੇਵੇਗਾ।

      24 ਅਫ਼ਸੋਸ ਦੀ ਗੱਲ ਹੈ ਕਿ ਕਈ ਲੋਕ ਸੋਚਦੇ ਹਨ ਕਿ ਨਿਮਰ ਇਨਸਾਨ ਕਮਜ਼ੋਰ ਹੁੰਦੇ ਹਨ। ਪਰ ਯਿਸੂ ਨੇ ਆਪਣੀ ਮਿਸਾਲ ਤੋਂ ਦਿਖਾਇਆ ਕਿ ਅਜਿਹੀ ਸੋਚ ਬਿਲਕੁਲ ਗ਼ਲਤ ਹੈ ਕਿਉਂਕਿ ਉਹ ਸਭ ਤੋਂ ਨਿਮਰ ਇਨਸਾਨ ਹੋਣ ਦੇ ਨਾਲ-ਨਾਲ ਸਭ ਤੋਂ ਬਹਾਦਰ ਵੀ ਸੀ। ਅਗਲੇ ਅਧਿਆਇ ਵਿਚ ਅਸੀਂ ਉਸ ਦੀ ਬਹਾਦਰੀ ਬਾਰੇ ਗੱਲ ਕਰਾਂਗੇ।

      a ਇਸ ਘਟਨਾ ਬਾਰੇ ਗੱਲ ਕਰਦੇ ਹੋਏ ਇਕ ਕਿਤਾਬ ਕਹਿੰਦੀ ਹੈ ਕਿ ਇਨ੍ਹਾਂ ਜਾਨਵਰਾਂ ਨੂੰ “ਮਾਮੂਲੀ ਸਮਝਿਆ ਜਾਂਦਾ ਹੈ ਅਤੇ ਆਮ ਕਰਕੇ ਗ਼ਰੀਬ ਲੋਕ ਇਨ੍ਹਾਂ ਨੂੰ ਆਪਣੇ ਕੰਮਾਂ ਲਈ ਵਰਤਦੇ ਹਨ। ਇਹ ਹੌਲੀ ਚੱਲਣ ਵਾਲੇ ਜਾਨਵਰ ਢੀਠ ਹੁੰਦੇ ਹਨ ਜੋ ਦੇਖਣ ਨੂੰ ਵੀ ਸੋਹਣੇ ਨਹੀਂ ਹੁੰਦੇ।”

      b ਹੋਰ ਜਾਣਕਾਰੀ ਲਈ ਕਿ ਯਿਸੂ ਹੀ ਮੀਕਾਏਲ ਹੈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦੇ ਸਫ਼ੇ 218-219 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

      ਤੁਸੀਂ ਯਿਸੂ ਦੇ ਪਿੱਛੇ-ਪਿੱਛੇ ਕਿਵੇਂ ਚੱਲ ਸਕਦੇ ਹੋ?

      • ਤੁਹਾਨੂੰ ਆਪਣੀ ਕਾਬਲੀਅਤ ʼਤੇ ਸ਼ੇਖ਼ੀਆਂ ਕਿਉਂ ਨਹੀਂ ਮਾਰਨੀਆਂ ਚਾਹੀਦੀਆਂ?—ਮੱਤੀ 12:15-19; ਮਰਕੁਸ 7:35-37.

      • ਤੁਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਲਈ ਕੋਈ ਵੀ ਕੰਮ ਕਰ ਕੇ ਯਿਸੂ ਦੀ ਰੀਸ ਕਿਵੇਂ ਕਰ ਰਹੇ ਹੋਵੋਗੇ?—ਯੂਹੰਨਾ 21:1-13.

      • ਜੇ ਤੁਸੀਂ ਇਸ ਦੁਨੀਆਂ ਵਿਚ ਕੁਝ ਬਣਨ ਜਾਂ ਦੌਲਤ-ਸ਼ੌਹਰਤ ਕਮਾਉਣ ਦੀ ਖ਼ਾਹਸ਼ ਰੱਖਦੇ ਹੋ, ਤਾਂ ਯਿਸੂ ਦੀ ਮਿਸਾਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?—ਯੂਹੰਨਾ 6:14, 15.

  • “ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ”
    ‘ਆਓ ਮੇਰੇ ਚੇਲੇ ਬਣੋ’
    • ਅਧਿਆਇ 4

      “ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ”

      ਸਫ਼ਾ 49 ਉੱਤੇ ਤਸਵੀਰ

      “ਮੈਂ ਹੀ ਹਾਂ”

      1-3. ਯਿਸੂ ਕਿਸ ਖ਼ਤਰੇ ਦਾ ਸਾਮ੍ਹਣਾ ਕਰਦਾ ਹੈ ਅਤੇ ਕਿਵੇਂ?

      ਤਲਵਾਰਾਂ ਤੇ ਡਾਂਗਾਂ ਫੜੀ ਇਕ ਵੱਡੀ ਭੀੜ ਸਿਪਾਹੀਆਂ ਨਾਲ ਯਿਸੂ ਨੂੰ ਗਿਰਫ਼ਤਾਰ ਕਰਨ ਆ ਰਹੀ ਹੈ। ਆਪਣੇ ਭੈੜੇ ਇਰਾਦੇ ਨੂੰ ਪੂਰਾ ਕਰਨ ਲਈ ਇਹ ਭੀੜ ਯਰੂਸ਼ਲਮ ਦੀਆਂ ਘੁੱਪ ਹਨੇਰੀਆਂ ਗਲੀਆਂ ਵਿੱਚੋਂ ਦੀ ਲੰਘਦੀ ਹੋਈ ਅਤੇ ਕਿਦਰੋਨ ਘਾਟੀ ਨੂੰ ਪਾਰ ਕਰ ਕੇ ਜ਼ੈਤੂਨ ਪਹਾੜ ਦੇ ਲਾਗੇ ਪਹੁੰਚਦੀ ਹੈ। ਚੰਦਰਮਾ ਦੀ ਰੌਸ਼ਨੀ ਹਰ ਪਾਸੇ ਫੈਲੀ ਹੋਈ ਹੈ, ਪਰ ਫਿਰ ਵੀ ਉਨ੍ਹਾਂ ਨੇ ਹੱਥਾਂ ਵਿਚ ਮਸ਼ਾਲਾਂ ਤੇ ਦੀਵੇ ਫੜੇ ਹੋਏ ਹਨ। ਸ਼ਾਇਦ ਬੱਦਲਾਂ ਨੇ ਚੰਦਰਮਾ ਦੀ ਰੌਸ਼ਨੀ ਨੂੰ ਢਕਿਆ ਹੋਇਆ ਹੈ ਜਾਂ ਫਿਰ ਉਹ ਸੋਚ ਰਹੇ ਹਨ ਕਿ ਯਿਸੂ ਕਿਤੇ ਹਨੇਰੇ ਵਿਚ ਲੁਕਿਆ ਬੈਠਾ ਹੋਣਾ। ਪਰ ਇਕ ਗੱਲ ਪੱਕੀ ਹੈ: ਜਿਹੜੇ ਇਹ ਸੋਚਦੇ ਹਨ ਕਿ ਯਿਸੂ ਡਰਦੇ ਮਾਰੇ ਸਹਿਮ ਜਾਵੇਗਾ, ਉਹ ਉਸ ਨੂੰ ਬਿਲਕੁਲ ਨਹੀਂ ਜਾਣਦੇ।

      2 ਯਿਸੂ ਜਾਣਦਾ ਹੈ ਕਿ ਉਸ ਦੇ ਦੁਸ਼ਮਣ ਉਸ ਨੂੰ ਫੜਨ ਆ ਰਹੇ ਹਨ। ਪਰ ਉਹ ਭੱਜਣ ਦੀ ਬਜਾਇ ਬਿਨਾਂ ਡਰੇ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ। ਭੀੜ ਦੇ ਮੋਹਰੇ-ਮੋਹਰੇ ਧੋਖੇਬਾਜ਼ ਯਹੂਦਾ ਆ ਰਿਹਾ ਹੈ। ਉਹ ਸਿੱਧਾ ਆਪਣੇ ਗੁਰੂ ਯਿਸੂ ਕੋਲ ਜਾ ਕੇ ਉਸ ਨੂੰ ਨਮਸਕਾਰ ਕਰ ਕੇ ਚੁੰਮਦਾ ਹੈ। ਉਸ ਨੇ ਯਿਸੂ ਨੂੰ ਪਛਾਣਨ ਦੀ ਇਹੀ ਨਿਸ਼ਾਨੀ ਦਿੱਤੀ ਸੀ। ਉਹ ਕਿੰਨਾ ਪਖੰਡੀ ਨਿਕਲਿਆ! ਪਰ ਯਿਸੂ ਘਬਰਾਉਂਦਾ ਨਹੀਂ, ਸਗੋਂ ਭੀੜ ਦੇ ਸਾਮ੍ਹਣੇ ਆ ਕੇ ਪੁੱਛਦਾ ਹੈ, “ਤੁਸੀਂ ਕਿਹਨੂੰ ਲੱਭ ਰਹੇ ਹੋ?” ਉਹ ਜਵਾਬ ਦਿੰਦੇ ਹਨ: “ਯਿਸੂ ਨਾਸਰੀ ਨੂੰ।”

      3 ਭੀੜ ਨੂੰ ਦੇਖ ਕੇ ਸ਼ਾਇਦ ਇਕ ਆਮ ਇਨਸਾਨ ਥਰ-ਥਰ ਕੰਬਣ ਲੱਗ ਜਾਵੇ। ਇਸ ਭੀੜ ਨੇ ਵੀ ਯਿਸੂ ਬਾਰੇ ਇਹੀ ਸੋਚਿਆ ਹੋਣਾ। ਪਰ ਯਿਸੂ ਬੁਜ਼ਦਿਲਾਂ ਵਾਂਗ ਡਰ ਕੇ ਨੱਠਦਾ ਨਹੀਂ ਅਤੇ ਨਾ ਹੀ ਉਹ ਝੂਠ ਬੋਲ ਕੇ ਆਪਣੀ ਪਛਾਣ ਲੁਕਾਉਂਦਾ ਹੈ, ਸਗੋਂ ਉਹ ਸਾਫ਼-ਸਾਫ਼ ਕਹਿੰਦਾ ਹੈ: “ਮੈਂ ਹੀ ਹਾਂ।” ਯਿਸੂ ਇੰਨਾ ਸ਼ਾਂਤ ਹੈ ਕਿ ਉਸ ਦੀ ਬਹਾਦਰੀ ਦੇਖ ਕੇ ਬੰਦੇ ਹੱਕੇ-ਬੱਕੇ ਰਹਿ ਜਾਂਦੇ ਹਨ ਅਤੇ ਪਿੱਛੇ ਹਟ ਕੇ ਜ਼ਮੀਨ ਉੱਤੇ ਡਿਗ ਪੈਂਦੇ ਹਨ!—ਯੂਹੰਨਾ 18:1-6; ਮੱਤੀ 26:45-50; ਮਰਕੁਸ 14:41-46.

      4-6. (ੳ) ਪਰਮੇਸ਼ੁਰ ਦੇ ਪੁੱਤਰ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ ਅਤੇ ਕਿਉਂ? (ਅ) ਯਿਸੂ ਨੇ ਕਿਨ੍ਹਾਂ ਤਿੰਨ ਗੱਲਾਂ ਵਿਚ ਦਲੇਰੀ ਦਿਖਾਈ ਸੀ?

      4 ਯਿਸੂ ਅਜਿਹੇ ਵੱਡੇ ਖ਼ਤਰੇ ਦਾ ਸਾਮ੍ਹਣਾ ਕਰਦਿਆਂ ਇੰਨਾ ਸ਼ਾਂਤ ਕਿਵੇਂ ਰਹਿ ਸਕਿਆ? ਆਪਣੀ ਦਲੇਰੀ ਕਰਕੇ। ਯਿਸੂ ਜਿੰਨਾ ਦਲੇਰ ਇਨਸਾਨ ਅੱਜ ਤਕ ਪੈਦਾ ਨਹੀਂ ਹੋਇਆ। ਲੋਕ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਆਗੂ ਦਲੇਰ ਹੋਵੇ। ਪਿਛਲੇ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਯਿਸੂ ਨਿਮਰ ਸੁਭਾਅ ਦਾ ਸੀ, ਤਾਂ ਹੀ ਉਸ ਨੂੰ “ਲੇਲਾ” ਕਿਹਾ ਗਿਆ ਹੈ। (ਯੂਹੰਨਾ 1:29) ਪਰ ਹੁਣ ਅਸੀਂ ਯਿਸੂ ਦੇ ਇਕ ਵੱਖਰੇ ਗੁਣ ਯਾਨੀ ਉਸ ਦੀ ਦਲੇਰੀ ਬਾਰੇ ਗੱਲ ਕਰਾਂਗੇ। ਬਾਈਬਲ ਪਰਮੇਸ਼ੁਰ ਦੇ ਪੁੱਤਰ ਬਾਰੇ ਕਹਿੰਦੀ ਹੈ: “ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ।”—ਪ੍ਰਕਾਸ਼ ਦੀ ਕਿਤਾਬ 5:5.

      5 ਕੀ ਤੁਸੀਂ ਕਦੇ ਇਕ ਬੱਬਰ ਸ਼ੇਰ ਦਾ ਸਾਮ੍ਹਣਾ ਕੀਤਾ ਹੈ? ਜੇ ਹਾਂ, ਤਾਂ ਜ਼ਰੂਰ ਤੁਸੀਂ ਉਸ ਨੂੰ ਕਿਸੇ ਪਿੰਜਰੇ ਜਾਂ ਵਾੜੇ ਵਿਚ ਦੇਖਿਆ ਹੋਣਾ ਜਿੱਥੇ ਤੁਹਾਨੂੰ ਉਸ ਤੋਂ ਕੋਈ ਖ਼ਤਰਾ ਨਹੀਂ ਸੀ। ਫਿਰ ਵੀ ਤੁਸੀਂ ਉਸ ਨੂੰ ਦੇਖ ਕੇ ਘਬਰਾ ਗਏ ਹੋਣੇ। ਜੇ ਤੁਸੀਂ ਇਸ ਵੱਡੇ ਤੇ ਤਾਕਤਵਰ ਜਾਨਵਰ ਵੱਲ ਘੂਰ ਕੇ ਦੇਖਦੇ ਹੋ, ਤਾਂ ਉਹ ਵੀ ਤੁਹਾਡੇ ਵੱਲ ਇੱਦਾਂ ਹੀ ਦੇਖੇਗਾ। ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਕਿ ਉਹ ਡਰਦੇ ਮਾਰੇ ਭੱਜ ਜਾਵੇਗਾ। ਬਾਈਬਲ ਕਹਿੰਦੀ ਹੈ ਕਿ ‘ਬਬਰ ਸ਼ੇਰ, ਸਭ ਜਾਨਵਰਾਂ ਤੋਂ ਸ਼ਕਤੀਸ਼ਾਲੀ ਹੈ, ਜੋ ਕਿਸੇ ਤੋਂ ਡਰਦਾ ਨਹੀਂ।’ (ਕਹਾਉਤਾਂ 30:30, CL) ਹਾਂ, ਸ਼ੇਰ ਤਾਕਤਵਰ, ਬਹਾਦਰ ਅਤੇ ਦਲੇਰ ਹੁੰਦੇ ਹਨ। ਇਸੇ ਤਰ੍ਹਾਂ ਮਸੀਹ ਵੀ ਸ਼ੇਰ-ਦਿਲ ਹੈ।

      6 ਆਓ ਅਸੀਂ ਦੇਖੀਏ ਕਿ ਯਿਸੂ ਨੇ ਇਨ੍ਹਾਂ ਤਿੰਨ ਗੱਲਾਂ ਵਿਚ ਕਿਵੇਂ ਦਲੇਰੀ ਦਿਖਾਈ ਸੀ: ਸੱਚਾਈ ਦਾ ਪੱਖ ਲੈਂਦਿਆਂ, ਨਿਆਂ ਕਰਦਿਆਂ ਅਤੇ ਵਿਰੋਧਤਾ ਦਾ ਸਾਮ੍ਹਣਾ ਕਰਦਿਆਂ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਸਾਰੇ ਯਿਸੂ ਦੀ ਰੀਸ ਕਰ ਕੇ ਬਹਾਦਰ ਬਣ ਸਕਦੇ ਹਾਂ।

      ਉਸ ਨੇ ਦਲੇਰੀ ਨਾਲ ਸੱਚਾਈ ਦਾ ਪੱਖ ਲਿਆ

      7-9. (ੳ) ਜਦੋਂ ਯਿਸੂ 12 ਸਾਲਾਂ ਦਾ ਸੀ, ਤਾਂ ਉਦੋਂ ਕੀ ਹੋਇਆ? ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਤੁਹਾਨੂੰ ਕਿੱਦਾਂ ਲੱਗਦਾ? (ਅ) ਮੰਦਰ ਵਿਚ ਆਗੂਆਂ ਨਾਲ ਗੱਲ ਕਰਦਿਆਂ ਯਿਸੂ ਨੇ ਦਲੇਰੀ ਕਿਵੇਂ ਦਿਖਾਈ?

      7 “ਝੂਠ ਦਾ ਪਿਉ” ਸ਼ੈਤਾਨ ਇਸ ਦੁਨੀਆਂ ਦਾ ਹਾਕਮ ਹੈ ਜਿਸ ਕਰਕੇ ਸੱਚਾਈ ਦੇ ਪੱਖ ਵਿਚ ਖੜ੍ਹੇ ਹੋਣ ਲਈ ਅਕਸਰ ਦਲੇਰੀ ਦੀ ਲੋੜ ਹੁੰਦੀ ਹੈ। (ਯੂਹੰਨਾ 8:44; 14:30) ਯਿਸੂ ਨੇ ਛੋਟੀ ਉਮਰ ਤੋਂ ਹੀ ਸੱਚਾਈ ਦਾ ਪੱਖ ਲਿਆ ਸੀ। ਮਿਸਾਲ ਲਈ ਜਦੋਂ ਉਹ 12 ਸਾਲਾਂ ਦਾ ਸੀ, ਤਾਂ ਉਹ ਆਪਣੇ ਮਾਪਿਆਂ ਨਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਗਿਆ ਸੀ। ਪਰ ਤਿਉਹਾਰ ਤੋਂ ਬਾਅਦ ਉਹ ਆਪਣੇ ਮਾਪਿਆਂ ਤੋਂ ਵਿਛੜ ਗਿਆ ਸੀ। ਤਿੰਨ ਦਿਨਾਂ ਤਕ ਮਰੀਅਮ ਅਤੇ ਯੂਸੁਫ਼ ਉਸ ਨੂੰ ਲੱਭਦੇ-ਲੱਭਦੇ ਪਰੇਸ਼ਾਨ ਹੋ ਗਏ। ਆਖ਼ਰ ਉਨ੍ਹਾਂ ਨੂੰ ਉਹ ਮੰਦਰ ਵਿਚ ਲੱਭਾ। ਉਹ ਉੱਥੇ ਕੀ ਕਰ ਰਿਹਾ ਸੀ? “ਉਹ ਧਰਮ-ਗੁਰੂਆਂ ਵਿਚ ਬੈਠਾ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ ਅਤੇ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ।” (ਲੂਕਾ 2:41-50) ਜ਼ਰਾ ਇਸ ਆਇਤ ਬਾਰੇ ਧਿਆਨ ਨਾਲ ਸੋਚੋ।

      8 ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਕੁਝ ਮੰਨੇ-ਪ੍ਰਮੰਨੇ ਧਾਰਮਿਕ ਆਗੂ ਤਿਉਹਾਰਾਂ ਤੋਂ ਬਾਅਦ ਮੰਦਰ ਦੇ ਬਾਹਰਲੇ ਵਿਹੜਿਆਂ ਵਿਚ ਬੈਠ ਕੇ ਲੋਕਾਂ ਨੂੰ ਸਿਖਾਉਂਦੇ ਹੁੰਦੇ ਸਨ। ਲੋਕ ਉਨ੍ਹਾਂ ਦੇ ਚਰਨੀਂ ਬੈਠ ਕੇ ਸੁਣਦੇ ਅਤੇ ਸਵਾਲ ਪੁੱਛਦੇ ਸਨ। ਇਹ ਧਾਰਮਿਕ ਆਗੂ ਬਹੁਤ ਪੜ੍ਹੇ-ਲਿਖੇ ਹੁੰਦੇ ਸਨ। ਉਹ ਮੂਸਾ ਦੇ ਕਾਨੂੰਨ ਅਤੇ ਇਨਸਾਨਾਂ ਦੇ ਬਣਾਏ ਹੋਏ ਬਹੁਤ ਸਾਰੇ ਗੁੰਝਲਦਾਰ ਰੀਤਾਂ-ਰਿਵਾਜਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਜ਼ਰਾ ਸੋਚੋ ਕਿ ਜੇ ਤੁਸੀਂ ਇਨ੍ਹਾਂ ਆਗੂਆਂ ਵਿਚਕਾਰ ਬੈਠੇ ਹੁੰਦੇ, ਤਾਂ ਤੁਸੀਂ ਕਿੱਦਾਂ ਮਹਿਸੂਸ ਕਰਦੇ? ਕੀ ਤੁਸੀਂ ਉਨ੍ਹਾਂ ਤੋਂ ਡਰਦੇ? ਜ਼ਰੂਰ। ਪਰ ਜੇ ਤੁਸੀਂ ਸਿਰਫ਼ 12 ਸਾਲਾਂ ਦੇ ਹੁੰਦੇ, ਫਿਰ ਕੀ? ਅੱਜ ਕਈ ਬੱਚੇ ਸ਼ਰਮੀਲੇ ਸੁਭਾਅ ਦੇ ਹਨ। (ਯਿਰਮਿਯਾਹ 1:6) ਕੁਝ ਬੱਚੇ ਡਰਦੇ ਮਾਰੇ ਸਕੂਲ ਦੇ ਟੀਚਰਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਨਹੀਂ ਚਾਹੁੰਦੇ। ਉਹ ਨਹੀਂ ਚਾਹੁੰਦੇ ਕਿ ਟੀਚਰ ਉਨ੍ਹਾਂ ਨੂੰ ਸਾਰੀ ਕਲਾਸ ਦੇ ਸਾਮ੍ਹਣੇ ਸਵਾਲ ਪੁੱਛੇ ਜਾਂ ਉਨ੍ਹਾਂ ਨੂੰ ਕੁਝ ਅਜਿਹਾ ਕਰਨ ਲਈ ਕਹੇ ਜਿਸ ਕਰਕੇ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਵੇ ਜਾਂ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਵੇ।

      9 ਪਰ ਯਿਸੂ ਉਨ੍ਹਾਂ ਪੜ੍ਹੇ-ਲਿਖੇ ਆਗੂਆਂ ਦੇ ਗੱਭੇ ਬੈਠ ਕੇ ਬਿਨਾਂ ਡਰੇ ਉਨ੍ਹਾਂ ਨੂੰ ਡੂੰਘੇ ਸਵਾਲ ਪੁੱਛ ਰਿਹਾ ਸੀ। ਨਾਲੇ ਅਸੀਂ ਪੜ੍ਹਦੇ ਹਾਂ ਕਿ “ਸਾਰੇ ਲੋਕਾਂ ਨੂੰ ਉਸ ਦੇ ਜਵਾਬ ਸੁਣ ਕੇ ਅਤੇ ਉਸ ਦੀ ਸਮਝ ਦੇਖ ਕੇ ਅਚੰਭਾ ਹੋ ਰਿਹਾ ਸੀ।” (ਲੂਕਾ 2:47) ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਉਸ ਨੇ ਕੀ ਕਿਹਾ ਸੀ, ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਸ ਨੇ ਧਾਰਮਿਕ ਆਗੂਆਂ ਦੀਆਂ ਗ਼ਲਤ ਸਿੱਖਿਆਵਾਂ ਦੀ ਹਾਮੀ ਨਹੀਂ ਭਰੀ। (1 ਪਤਰਸ 2:22) ਇਸ ਦੇ ਉਲਟ ਉਸ ਨੇ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਦਾ ਪੱਖ ਲਿਆ। 12 ਸਾਲਾਂ ਦੇ ਇਸ ਸਮਝਦਾਰ ਅਤੇ ਦਲੇਰ ਮੁੰਡੇ ਦੀਆਂ ਗੱਲਾਂ ਸੁਣ ਕੇ ਲੋਕ ਹੱਕੇ-ਬੱਕੇ ਰਹਿ ਗਏ।

      ਸਫ਼ਾ 48 ਉੱਤੇ ਤਸਵੀਰ

      ਬਹੁਤ ਸਾਰੇ ਮਸੀਹੀ ਨੌਜਵਾਨ ਦਲੇਰੀ ਨਾਲ ਦੂਜਿਆਂ ਨੂੰ ਸੱਚਾਈ ਬਾਰੇ ਦੱਸਦੇ ਹਨ

      10. ਅੱਜ ਨੌਜਵਾਨ ਯਿਸੂ ਵਾਂਗ ਦਲੇਰੀ ਕਿਵੇਂ ਦਿਖਾਉਂਦੇ ਹਨ?

      10 ਅੱਜ ਬਹੁਤ ਸਾਰੇ ਨੌਜਵਾਨ ਯਿਸੂ ਦੀ ਰੀਸ ਕਰ ਰਹੇ ਹਨ। ਭਾਵੇਂ ਉਹ ਯਿਸੂ ਵਾਂਗ ਮੁਕੰਮਲ ਨਹੀਂ ਹਨ, ਫਿਰ ਵੀ ਉਹ ਉਸ ਵਾਂਗ ਛੋਟੀ ਉਮਰ ਤੋਂ ਹੀ ਸੱਚਾਈ ਦਾ ਪੱਖ ਲੈਂਦੇ ਆਏ ਹਨ। ਉਹ ਸਕੂਲੇ ਅਤੇ ਆਪਣੇ ਆਂਢ-ਗੁਆਂਢ ਵਿਚ ਲੋਕਾਂ ਨੂੰ ਆਦਰ ਨਾਲ ਸਵਾਲ ਪੁੱਛਦੇ, ਉਨ੍ਹਾਂ ਦੀ ਗੱਲ ਸੁਣਦੇ ਤੇ ਉਨ੍ਹਾਂ ਨੂੰ ਸੱਚਾਈ ਬਾਰੇ ਦੱਸਦੇ ਹਨ। (1 ਪਤਰਸ 3:15) ਇਹ ਨੌਜਵਾਨ ਆਪਣੇ ਸਾਥੀਆਂ, ਟੀਚਰਾਂ ਅਤੇ ਗੁਆਂਢੀਆਂ ਦੀ ਯਿਸੂ ਦੇ ਚੇਲੇ ਬਣਨ ਵਿਚ ਮਦਦ ਕਰਦੇ ਹਨ। ਇਨ੍ਹਾਂ ਦੀ ਦਲੇਰੀ ਦੇਖ ਕੇ ਯਹੋਵਾਹ ਕਿੰਨਾ ਖ਼ੁਸ਼ ਹੁੰਦਾ ਹੋਣਾ! ਉਸ ਦੇ ਬਚਨ ਵਿਚ ਅਜਿਹੇ ਨੌਜਵਾਨਾਂ ਦੀ ਤੁਲਨਾ ਤ੍ਰੇਲ ਨਾਲ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਦੇ ਜੋਸ਼ ਨੂੰ ਦੇਖ ਕੇ ਦੂਸਰਿਆਂ ਨੂੰ ਤਾਜ਼ਗੀ ਮਿਲਦੀ ਹੈ।—ਜ਼ਬੂਰਾਂ ਦੀ ਪੋਥੀ 110:3.

      11, 12. ਯਿਸੂ ਨੇ ਆਪਣੀ ਸਾਰੀ ਸੇਵਕਾਈ ਦੌਰਾਨ ਦਲੇਰੀ ਨਾਲ ਸੱਚਾਈ ਦਾ ਪੱਖ ਕਿਵੇਂ ਲਿਆ?

      11 ਯਿਸੂ ਬੜੀ ਬਹਾਦਰੀ ਨਾਲ ਸੱਚਾਈ ਦਾ ਪੱਖ ਲੈਂਦਾ ਰਿਹਾ। ਮਿਸਾਲ ਲਈ, ਆਪਣੀ ਸੇਵਕਾਈ ਦੀ ਸ਼ੁਰੂਆਤ ਵਿਚ ਉਸ ਨੇ ਇਕ ਖ਼ੌਫ਼ਨਾਕ ਸਥਿਤੀ ਦਾ ਸਾਮ੍ਹਣਾ ਕੀਤਾ। ਉਸ ਦਾ ਵਾਹ ਸ਼ੈਤਾਨ ਨਾਲ ਪਿਆ ਜੋ ਯਹੋਵਾਹ ਦਾ ਸਭ ਤੋਂ ਖ਼ਤਰਨਾਕ ਤੇ ਤਾਕਤਵਰ ਦੁਸ਼ਮਣ ਹੈ। ਪਰ ਧਰਤੀ ਉੱਤੇ ਹੁਣ ਯਿਸੂ ਮਹਾਂ ਦੂਤ ਨਹੀਂ, ਸਗੋਂ ਹੱਡ-ਮਾਸ ਦਾ ਬਣਿਆ ਇਕ ਮਾਮੂਲੀ ਇਨਸਾਨ ਸੀ। ਜਦੋਂ ਸ਼ੈਤਾਨ ਨੇ ਧਰਮ-ਗ੍ਰੰਥ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ, ਤਾਂ ਯਿਸੂ ਨੇ ਉਸ ਦੀ ਹਰ ਗੱਲ ਨੂੰ ਗ਼ਲਤ ਸਾਬਤ ਕੀਤਾ। ਫਿਰ ਯਿਸੂ ਨੇ ਬੜੀ ਦਲੇਰੀ ਨਾਲ ਉਸ ਨੂੰ ਕਿਹਾ: “ਹੇ ਸ਼ੈਤਾਨ ਮੇਰੇ ਤੋਂ ਦੂਰ ਹੋ ਜਾਹ!”—ਮੱਤੀ 4:2-11.

      12 ਯਿਸੂ ਨੇ ਆਪਣੀ ਸਾਰੀ ਸੇਵਕਾਈ ਦੌਰਾਨ ਦਲੇਰੀ ਦਿਖਾਈ। ਜਦੋਂ ਲੋਕ ਉਸ ਦੇ ਪਿਤਾ ਦੇ ਬਚਨ ਵਿਚਲੀਆਂ ਗੱਲਾਂ ਨੂੰ ਤੋੜਦੇ-ਮਰੋੜਦੇ ਜਾਂ ਉਨ੍ਹਾਂ ਦਾ ਗ਼ਲਤ ਮਤਲਬ ਕੱਢਦੇ ਸਨ, ਤਾਂ ਉਸ ਨੇ ਹਮੇਸ਼ਾ ਸੱਚਾਈ ਦਾ ਪੱਖ ਲਿਆ ਸੀ। ਅੱਜ ਵਾਂਗ ਹੀ ਉਸ ਜ਼ਮਾਨੇ ਦੇ ਧਾਰਮਿਕ ਆਗੂ ਸੱਚਾਈ ਨਹੀਂ ਸਿਖਾਉਂਦੇ ਸਨ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੀਆਂ ਫੈਲਾਈਆਂ ਰੀਤਾਂ ਨਾਲ ਪਰਮੇਸ਼ੁਰ ਦੇ ਬਚਨ ਨੂੰ ਫਜ਼ੂਲ ਦੀ ਚੀਜ਼ ਬਣਾਉਂਦੇ ਹੋ।” (ਮਰਕੁਸ 7:13) ਹਾਲਾਂਕਿ ਆਮ ਲੋਕ ਇਨ੍ਹਾਂ ਬੰਦਿਆਂ ਦਾ ਬਹੁਤ ਆਦਰ-ਸਤਿਕਾਰ ਕਰਦੇ ਸਨ, ਪਰ ਯਿਸੂ ਨੇ ਨਿਡਰ ਹੋ ਕੇ ਉਨ੍ਹਾਂ ਨੂੰ ਅੰਨ੍ਹੇ ਤੇ ਪਖੰਡੀ ਆਗੂ ਕਿਹਾ।a (ਮੱਤੀ 23:13, 16) ਅਸੀਂ ਯਿਸੂ ਵਾਂਗ ਦਲੇਰੀ ਨਾਲ ਸੱਚਾਈ ਦਾ ਪੱਖ ਕਿਵੇਂ ਲੈ ਸਕਦੇ ਹਾਂ?

      13. ਯਿਸੂ ਦੀ ਰੀਸ ਕਰਦਿਆਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ ਅਤੇ ਸਾਨੂੰ ਕਿਹੜਾ ਸਨਮਾਨ ਬਖ਼ਸ਼ਿਆ ਗਿਆ ਹੈ?

      13 ਅਸੀਂ ਯਿਸੂ ਵਾਂਗ ਇਹ ਨਹੀਂ ਜਾਣ ਸਕਦੇ ਕਿ ਲੋਕਾਂ ਦੇ ਦਿਲਾਂ ਵਿਚ ਕੀ ਹੈ ਅਤੇ ਨਾ ਹੀ ਉਸ ਵਾਂਗ ਸਾਡੇ ਕੋਲ ਨਿਆਂ ਕਰਨ ਦਾ ਅਧਿਕਾਰ ਹੈ। ਪਰ ਅਸੀਂ ਸੱਚਾਈ ਦਾ ਪੱਖ ਲੈ ਕੇ ਉਸ ਵਾਂਗ ਦਲੇਰ ਜ਼ਰੂਰ ਬਣ ਸਕਦੇ ਹਾਂ। ਮਿਸਾਲ ਲਈ ਅਸੀਂ ਪਰਮੇਸ਼ੁਰ, ਉਸ ਦੇ ਮਕਸਦ ਅਤੇ ਉਸ ਦੇ ਬਚਨ ਬਾਰੇ ਸੱਚਾਈ ਸਿਖਾ ਕੇ ਸ਼ੈਤਾਨ ਦੀਆਂ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕਰ ਸਕਦੇ ਹਾਂ। ਇੱਦਾਂ ਅਸੀਂ ਇਸ ਹਨੇਰੀ ਦੁਨੀਆਂ ਵਿਚ ਸੱਚ ਦਾ ਚਾਨਣ ਫੈਲਾ ਸਕਦੇ ਹਾਂ। (ਮੱਤੀ 5:14; ਪ੍ਰਕਾਸ਼ ਦੀ ਕਿਤਾਬ 12:9, 10) ਝੂਠੀਆਂ ਸਿੱਖਿਆਵਾਂ ਦੇ ਜਾਲ਼ ਵਿਚ ਫਸੇ ਲੋਕਾਂ ਦੇ ਦਿਲ ਖ਼ੌਫ਼ ਨਾਲ ਭਰੇ ਹੋਏ ਹਨ ਅਤੇ ਉਨ੍ਹਾਂ ਲਈ ਪਰਮੇਸ਼ੁਰ ਨਾਲ ਰਿਸ਼ਤਾ ਜੋੜਨਾ ਮੁਸ਼ਕਲ ਹੈ। ਉਨ੍ਹਾਂ ਨੂੰ ਇਸ ਜਾਲ਼ ਵਿੱਚੋਂ ਕੱਢਣ ਦਾ ਸਾਨੂੰ ਸਨਮਾਨ ਬਖ਼ਸ਼ਿਆ ਗਿਆ ਹੈ। ਨਾਲੇ ਯਿਸੂ ਦੇ ਇਹ ਸ਼ਬਦ ਪੂਰੇ ਹੁੰਦੇ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ: “ਸੱਚਾਈ ਤੁਹਾਨੂੰ ਆਜ਼ਾਦ ਕਰੇਗੀ”!—ਯੂਹੰਨਾ 8:32.

      ਉਸ ਨੇ ਦਲੇਰੀ ਨਾਲ ਨਿਆਂ ਕੀਤਾ

      14, 15. (ੳ) ਯਿਸੂ ਨੇ ਕਿਵੇਂ ਦਿਖਾਇਆ ਕਿ “ਸੱਚਾ ਨਿਆਂ ਕੀ ਹੁੰਦਾ ਹੈ”? (ਅ) ਸਾਮਰੀ ਤੀਵੀਂ ਨਾਲ ਗੱਲ ਕਰ ਕੇ ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਪੱਖਪਾਤ ਨਹੀਂ ਕਰਦਾ ਸੀ?

      14 ਬਾਈਬਲ ਦੀ ਇਕ ਭਵਿੱਖਬਾਣੀ ਦੱਸਦੀ ਹੈ ਕਿ ਮਸੀਹ ਕੌਮਾਂ ਨੂੰ ਦਿਖਾਵੇਗਾ ਕਿ “ਸੱਚਾ ਨਿਆਂ ਕੀ ਹੁੰਦਾ ਹੈ।” (ਮੱਤੀ 12:18; ਯਸਾਯਾਹ 42:1) ਧਰਤੀ ʼਤੇ ਰਹਿੰਦਿਆਂ ਯਿਸੂ ਨੇ ਬਿਲਕੁਲ ਇਸੇ ਤਰ੍ਹਾਂ ਕੀਤਾ। ਉਸ ਜ਼ਮਾਨੇ ਦੇ ਲੋਕ ਕੱਟੜ ਅਤੇ ਪੱਖਪਾਤੀ ਸਨ ਅਤੇ ਅਜਿਹਾ ਰਵੱਈਆ ਪਰਮੇਸ਼ੁਰ ਦੇ ਬਚਨ ਦੇ ਬਿਲਕੁਲ ਖ਼ਿਲਾਫ਼ ਸੀ। ਪਰ ਯਿਸੂ ਨੇ ਲੋਕਾਂ ਨਾਲ ਜ਼ਰਾ ਵੀ ਪੱਖਪਾਤ ਨਹੀਂ ਕੀਤਾ। ਇਸ ਤਰ੍ਹਾਂ ਕਰ ਕੇ ਉਸ ਨੇ ਕਿੰਨੀ ਦਲੇਰੀ ਦਿਖਾਈ!

      15 ਇਕ ਵਾਰ ਜਦ ਯਿਸੂ ਦੇ ਚੇਲਿਆਂ ਨੇ ਉਸ ਨੂੰ ਸੁਖਾਰ ਸ਼ਹਿਰ ਦੇ ਖੂਹ ʼਤੇ ਸਾਮਰੀ ਤੀਵੀਂ ਨਾਲ ਗੱਲ ਕਰਦੇ ਦੇਖਿਆ, ਤਾਂ ਉਹ ਹੈਰਾਨ ਰਹਿ ਗਏ। ਕਿਉਂ? ਕਿਉਂਕਿ ਉਨ੍ਹਾਂ ਦਿਨਾਂ ਵਿਚ ਯਹੂਦੀ ਲੋਕ ਸਾਮਰੀਆਂ ਨਾਲ ਨਫ਼ਰਤ ਕਰਦੇ ਸਨ ਅਤੇ ਨਫ਼ਰਤ ਦਾ ਇਹ ਦੌਰ ਸਦੀਆਂ ਤੋਂ ਚੱਲਦਾ ਆ ਰਿਹਾ ਸੀ। (ਅਜ਼ਰਾ 4:4) ਨਾਲੇ ਯਹੂਦੀ ਧਾਰਮਿਕ ਆਗੂ ਤੀਵੀਆਂ ਨੂੰ ਪੈਰਾਂ ਦੀ ਜੁੱਤੀ ਸਮਝਦੇ ਸਨ। ਉਨ੍ਹਾਂ ਦੇ ਅਸੂਲਾਂ ਮੁਤਾਬਕ ਆਦਮੀਆਂ ਨੂੰ ਤੀਵੀਆਂ ਨਾਲ ਗੱਲ ਕਰਨੀ ਮਨ੍ਹਾ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਤੀਵੀਆਂ ਪਰਮੇਸ਼ੁਰ ਦੇ ਕਾਨੂੰਨ ਦੀ ਸਿੱਖਿਆ ਲੈਣ ਦੇ ਲਾਇਕ ਨਹੀਂ ਸਨ। ਜੇ ਯਹੂਦੀ ਤੀਵੀਆਂ ਨੂੰ ਘਟੀਆ ਸਮਝਿਆ ਜਾਂਦਾ ਸੀ, ਤਾਂ ਜ਼ਰਾ ਸੋਚੋ ਕਿ ਸਾਮਰੀ ਤੀਵੀਆਂ ਨੂੰ ਕਿੰਨਾ ਅਸ਼ੁੱਧ ਸਮਝਿਆ ਜਾਂਦਾ ਹੋਣਾ! ਪਰ ਯਿਸੂ ਤੀਵੀਆਂ ਬਾਰੇ ਇਸ ਤਰ੍ਹਾਂ ਨਹੀਂ ਸੋਚਦਾ ਸੀ। ਉਸ ਨੇ ਖੁੱਲ੍ਹੇ-ਆਮ ਉਸ ਸਾਮਰੀ ਤੀਵੀਂ ਨੂੰ ਸੱਚਾਈ ਸਿਖਾਈ, ਭਾਵੇਂ ਉਹ ਬਦਚਲਣ ਸੀ। ਯਿਸੂ ਨੇ ਤਾਂ ਉਸ ਤੀਵੀਂ ਨੂੰ ਇਹ ਵੀ ਦੱਸਿਆ ਕਿ ਉਹ ਮਸੀਹ ਸੀ।—ਯੂਹੰਨਾ 4:5-27.

      16. ਸਾਰਿਆਂ ਨੂੰ ਬਰਾਬਰ ਸਮਝਣ ਲਈ ਸਾਨੂੰ ਦਲੇਰ ਬਣਨ ਦੀ ਕਿਉਂ ਲੋੜ ਹੈ?

      16 ਕੀ ਤੁਹਾਡਾ ਅਜਿਹੇ ਲੋਕਾਂ ਨਾਲ ਕਦੇ ਵਾਹ ਪਿਆ ਹੈ ਜੋ ਦੂਜੇ ਲੋਕਾਂ ਨੂੰ ਬਹੁਤ ਘਟੀਆ ਸਮਝਦੇ ਹਨ? ਉਹ ਸ਼ਾਇਦ ਕਿਸੇ ਹੋਰ ਨਸਲ ਜਾਂ ਕੌਮ ਦੇ ਲੋਕਾਂ ਦਾ ਭੱਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਲੋਕਾਂ ਨੂੰ ਨੀਵਾਂ ਸਮਝਣ ਜੋ ਗ਼ਰੀਬ ਹੋਣ ਅਤੇ ਜਿਨ੍ਹਾਂ ਦੀ ਸਮਾਜ ਵਿਚ ਕੋਈ ਹੈਸੀਅਤ ਨਾ ਹੋਵੇ। ਕਈ ਤੀਵੀਆਂ ਆਦਮੀਆਂ ਨੂੰ ਅਤੇ ਆਦਮੀ ਤੀਵੀਆਂ ਨੂੰ ਘਟੀਆ ਸਮਝਦੇ ਹਨ। ਪਰ ਮਸੀਹ ਦੇ ਚੇਲੇ ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਸਗੋਂ ਉਹ ਆਪਣੇ ਦਿਲ ਵਿੱਚੋਂ ਨਫ਼ਰਤ ਦੀ ਜੜ੍ਹ ਪੁੱਟਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਨ। (ਰਸੂਲਾਂ ਦੇ ਕੰਮ 10:34) ਸਾਰਿਆਂ ਨੂੰ ਬਰਾਬਰ ਸਮਝਣ ਲਈ ਸਾਨੂੰ ਦਲੇਰ ਬਣਨ ਦੀ ਲੋੜ ਹੈ।

      17. ਯਿਸੂ ਨੇ ਮੰਦਰ ਵਿਚ ਕਿਹੜਾ ਕਦਮ ਚੁੱਕਿਆ ਸੀ ਅਤੇ ਕਿਉਂ?

      17 ਆਪਣੀ ਸੇਵਕਾਈ ਦੇ ਸ਼ੁਰੂ ਵਿਚ ਜਦੋਂ ਉਸ ਨੇ ਯਰੂਸ਼ਲਮ ਦੇ ਮੰਦਰ ਵਿਚ ਜਾ ਕੇ ਵਪਾਰੀਆਂ ਤੇ ਦਲਾਲਾਂ ਨੂੰ ਕਾਰੋਬਾਰ ਕਰਦੇ ਦੇਖਿਆ, ਤਾਂ ਉਹ ਹੈਰਾਨ ਰਹਿ ਗਿਆ। ਉਸ ਦੇ ਅੰਦਰ ਜੋਸ਼ ਦੀ ਅੱਗ ਬਲ਼ ਰਹੀ ਸੀ ਜਿਸ ਕਰਕੇ ਉਸ ਨੇ ਉਨ੍ਹਾਂ ਲਾਲਚੀ ਵਪਾਰੀਆਂ ਨੂੰ ਸਾਮਾਨ ਸਣੇ ਮੰਦਰੋਂ ਬਾਹਰ ਕੱਢ ਦਿੱਤਾ। (ਯੂਹੰਨਾ 2:13-17) ਦਲੇਰ ਹੋਣ ਕਰਕੇ ਹੀ ਯਿਸੂ ਪਰਮੇਸ਼ੁਰ ਦੇ ਲੋਕਾਂ ਅਤੇ ਉਸ ਦੀ ਭਗਤੀ ਨੂੰ ਪਵਿੱਤਰ ਰੱਖਣ ਲਈ ਜੋਸ਼ ਦਿਖਾ ਸਕਿਆ। ਆਪਣੀ ਸੇਵਕਾਈ ਦੇ ਅਖ਼ੀਰ ਵਿਚ ਵੀ ਉਸ ਨੇ ਇਸੇ ਤਰ੍ਹਾਂ ਮੰਦਰ ਨੂੰ ਸਾਫ਼ ਕੀਤਾ। (ਮਰਕੁਸ 11:15-18) ਭਾਵੇਂ ਇਸ ਤਰ੍ਹਾਂ ਕਰਨ ਨਾਲ ਕੁਝ ਵੱਡੇ-ਵੱਡੇ ਲੋਕ ਉਸ ਦੇ ਦੁਸ਼ਮਣ ਬਣ ਗਏ, ਪਰ ਫਿਰ ਵੀ ਉਹ ਡਰਿਆ ਨਹੀਂ। ਕਿਉਂ? ਕਿਉਂਕਿ ਛੋਟੀ ਉਮਰ ਤੋਂ ਹੀ ਉਹ ਮੰਦਰ ਨੂੰ ਆਪਣੇ ਪਿਤਾ ਦਾ ਘਰ ਸਮਝਦਾ ਸੀ। (ਲੂਕਾ 2:49) ਉਹ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਿਆ ਕਿ ਉਸ ਦੇ ਪਿਤਾ ਦੀ ਭਗਤੀ ਮਲੀਨ ਕੀਤੀ ਜਾ ਰਹੀ ਸੀ। ਉਹ ਦਲੇਰ ਹੋਣ ਕਰਕੇ ਇਹ ਕੰਮ ਕਰ ਸਕਿਆ।

      18. ਅਸੀਂ ਮੰਡਲੀ ਨੂੰ ਸਾਫ਼ ਰੱਖਣ ਲਈ ਦਲੇਰੀ ਕਿਵੇਂ ਦਿਖਾ ਸਕਦੇ ਹਾਂ?

      18 ਮਸੀਹ ਦੇ ਚੇਲੇ ਹੋਣ ਕਰਕੇ ਅਸੀਂ ਵੀ ਪਰਮੇਸ਼ੁਰ ਦੇ ਲੋਕਾਂ ਨੂੰ ਅਤੇ ਉਸ ਦੀ ਭਗਤੀ ਨੂੰ ਪਵਿੱਤਰ ਰੱਖਣਾ ਬਹੁਤ ਜ਼ਰੂਰੀ ਸਮਝਦੇ ਹਾਂ। ਜੇ ਸਾਨੂੰ ਮੰਡਲੀ ਦੇ ਕਿਸੇ ਭੈਣ ਜਾਂ ਭਰਾ ਦੇ ਗੰਭੀਰ ਪਾਪ ਬਾਰੇ ਪਤਾ ਲੱਗਦਾ ਹੈ, ਤਾਂ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਇ ਹਿੰਮਤ ਕਰ ਕੇ ਉਸ ਨਾਲ ਗੱਲ ਕਰਾਂਗੇ ਜਾਂ ਲੋੜ ਪੈਣ ਤੇ ਬਜ਼ੁਰਗਾਂ ਨੂੰ ਇਸ ਬਾਰੇ ਦੱਸਾਂਗੇ। (1 ਕੁਰਿੰਥੀਆਂ 1:11) ਬਜ਼ੁਰਗ ਉਸ ਭੈਣ ਜਾਂ ਭਰਾ ਦੀ ਮਦਦ ਕਰ ਸਕਦੇ ਹਨ ਜਿਸ ਦਾ ਪਰਮੇਸ਼ੁਰ ਨਾਲ ਰਿਸ਼ਤਾ ਕਮਜ਼ੋਰ ਪੈ ਗਿਆ ਹੈ। ਜੇ ਗ਼ਲਤੀ ਕਰਨ ਵਾਲਾ ਪਛਤਾਵਾ ਨਹੀਂ ਕਰਦਾ, ਤਾਂ ਬਜ਼ੁਰਗ ਮੰਡਲੀ ਨੂੰ ਸਾਫ਼ ਰੱਖਣ ਲਈ ਠੋਸ ਕਦਮ ਚੁੱਕ ਸਕਦੇ ਹਨ।—ਯਾਕੂਬ 5:14, 15.

      19, 20. (ੳ) ਯਿਸੂ ਦੇ ਜ਼ਮਾਨੇ ਵਿਚ ਲੋਕਾਂ ਨਾਲ ਕਿਹੋ ਜਿਹੀ ਬੇਇਨਸਾਫ਼ੀ ਹੋ ਰਹੀ ਸੀ ਅਤੇ ਲੋਕ ਯਿਸੂ ਤੋਂ ਕੀ ਚਾਹੁੰਦੇ ਸਨ? (ਅ) ਮਸੀਹ ਦੇ ਚੇਲੇ ਸਿਆਸੀ ਮਾਮਲਿਆਂ ਅਤੇ ਲੜਾਈਆਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ ਅਤੇ ਇਤਿਹਾਸ ਕਿਸ ਗੱਲ ਦਾ ਗਵਾਹ ਹੈ?

      19 ਯਿਸੂ ਦੇ ਜ਼ਮਾਨੇ ਵਿਚ ਲੋਕਾਂ ਨਾਲ ਬਹੁਤ ਬੇਇਨਸਾਫ਼ੀ ਹੋ ਰਹੀ ਸੀ। ਰੋਮੀ ਸਰਕਾਰ ਉਸ ਦੇ ਦੇਸ਼ ʼਤੇ ਰਾਜ ਕਰ ਰਹੀ ਸੀ। ਰੋਮੀਆਂ ਦੀ ਸ਼ਕਤੀਸ਼ਾਲੀ ਫ਼ੌਜ ਯਹੂਦੀ ਲੋਕਾਂ ਉੱਤੇ ਜ਼ੁਲਮ ਢਾਹ ਰਹੀ ਸੀ। ਨਾਲੇ ਸਰਕਾਰ ਉਨ੍ਹਾਂ ਤੋਂ ਹੱਦੋਂ ਵੱਧ ਟੈਕਸ ਲੈ ਰਹੀ ਸੀ ਅਤੇ ਉਨ੍ਹਾਂ ਦੇ ਧਾਰਮਿਕ ਰੀਤਾਂ-ਰਿਵਾਜਾਂ ਵਿਚ ਦਖ਼ਲਅੰਦਾਜ਼ੀ ਕਰ ਰਹੀ ਸੀ। ਸੋ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੋਕ ਚਾਹੁੰਦੇ ਸਨ ਕਿ ਯਿਸੂ ਉਨ੍ਹਾਂ ਦਾ ਰਾਜਾ ਬਣ ਕੇ ਉਨ੍ਹਾਂ ਦੇ ਹੱਕ ਵਿਚ ਲੜੇ। (ਯੂਹੰਨਾ 6:14, 15) ਪਰ ਕੀ ਯਿਸੂ ਨੇ ਇਸ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਉਠਾਈ? ਆਓ ਆਪਾਂ ਦੇਖੀਏ ਕਿ ਇਕ ਵਾਰ ਫਿਰ ਉਸ ਨੇ ਦਲੇਰੀ ਕਿਵੇਂ ਦਿਖਾਈ।

      20 ਯਿਸੂ ਨੇ ਸਮਝਾਇਆ ਕਿ ਉਸ ਦਾ ਰਾਜ ਇਸ ਦੁਨੀਆਂ ਦਾ ਨਹੀਂ ਸੀ। ਆਪਣੀ ਮਿਸਾਲ ਦੇ ਜ਼ਰੀਏ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਸਿਆਸੀ ਮਾਮਲਿਆਂ ਵਿਚ ਦਖ਼ਲ ਨਾ ਦੇਣ, ਸਗੋਂ ਆਪਣਾ ਪੂਰਾ ਧਿਆਨ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਲਾਉਣ। (ਯੂਹੰਨਾ 17:16; 18:36) ਯਾਦ ਕਰੋ ਕਿ ਜਦੋਂ ਭੀੜ ਉਸ ਨੂੰ ਗਿਰਫ਼ਤਾਰ ਕਰਨ ਆਈ ਸੀ, ਤਾਂ ਪਤਰਸ ਨੇ ਤੈਸ਼ ਵਿਚ ਆ ਕੇ ਆਪਣੀ ਤਲਵਾਰ ਨਾਲ ਇਕ ਬੰਦੇ ਦਾ ਕੰਨ ਵੱਢ ਦਿੱਤਾ ਸੀ। ਅਸੀਂ ਪਤਰਸ ਦੇ ਜਜ਼ਬਾਤ ਸਮਝ ਸਕਦੇ ਹਾਂ ਕਿਉਂਕਿ ਲੋਕ ਪਰਮੇਸ਼ੁਰ ਦੇ ਨਿਰਦੋਸ਼ ਪੁੱਤਰ ਨੂੰ ਫੜਨ ਆਏ ਸਨ। ਇਸ ਲਈ ਸ਼ਾਇਦ ਸਾਨੂੰ ਲੱਗੇ ਕਿ ਪਤਰਸ ਨੇ ਜੋ ਕੀਤਾ ਬਿਲਕੁਲ ਸਹੀ ਕੀਤਾ। ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਨਿਰਪੱਖ ਰਹਿਣ ਦਾ ਵਧੀਆ ਸਬਕ ਸਿਖਾਇਆ। ਉਸ ਨੇ ਇਕ ਅਸੂਲ ਦਿੱਤਾ ਜੋ ਅੱਜ ਸਾਡੇ ʼਤੇ ਵੀ ਲਾਗੂ ਹੁੰਦਾ ਹੈ: “ਆਪਣੀ ਤਲਵਾਰ ਮਿਆਨ ਵਿਚ ਪਾ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ।” (ਮੱਤੀ 26:51-54) ਜਿਸ ਤਰ੍ਹਾਂ ਉਸ ਸਮੇਂ ਮਸੀਹ ਦੇ ਚੇਲਿਆਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਦਲੇਰੀ ਦੀ ਲੋੜ ਸੀ, ਅੱਜ ਇਸ ਤਰ੍ਹਾਂ ਕਰਨ ਲਈ ਸਾਨੂੰ ਵੀ ਦਲੇਰੀ ਦੀ ਲੋੜ ਹੈ। ਇਤਿਹਾਸ ਗਵਾਹ ਹੈ ਕਿ ਸਾਡੇ ਜ਼ਮਾਨੇ ਵਿਚ ਜਿੰਨੀਆਂ ਵੀ ਲੜਾਈਆਂ, ਦੰਗੇ-ਫ਼ਸਾਦ ਅਤੇ ਖ਼ੂਨ-ਖ਼ਰਾਬੇ ਹੋਏ ਹਨ, ਉਨ੍ਹਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕਦੇ ਕੋਈ ਹਿੱਸਾ ਨਹੀਂ ਲਿਆ। ਦਲੇਰੀ ਦੀ ਕਿੰਨੀ ਹੀ ਵਧੀਆ ਮਿਸਾਲ!

      ਉਸ ਨੇ ਦਲੇਰੀ ਨਾਲ ਵਿਰੋਧਤਾ ਦਾ ਸਾਮ੍ਹਣਾ ਕੀਤਾ

      21, 22. (ੳ) ਆਪਣੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਸਹਿਣ ਲਈ ਯਿਸੂ ਨੂੰ ਮਦਦ ਕਿੱਥੋਂ ਮਿਲੀ? (ਅ) ਯਿਸੂ ਨੇ ਮਰਦੇ ਦਮ ਤਕ ਹਿੰਮਤ ਕਿਵੇਂ ਦਿਖਾਈ?

      21 ਯਹੋਵਾਹ ਦੇ ਪੁੱਤਰ ਨੂੰ ਪਹਿਲਾਂ ਹੀ ਪਤਾ ਸੀ ਕਿ ਧਰਤੀ ਉੱਤੇ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। (ਯਸਾਯਾਹ 50:4-7) ਕਈ ਵਾਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਹੁਣ, ਜਿਵੇਂ ਅਸੀਂ ਇਸ ਅਧਿਆਇ ਦੇ ਸ਼ੁਰੂ ਵਿਚ ਪੜ੍ਹਿਆ ਸੀ, ਉਸ ਦੇ ਦੁਸ਼ਮਣ ਉਸ ਨੂੰ ਜਾਨੋਂ ਮਾਰਨ ਲਈ ਗਿਰਫ਼ਤਾਰ ਕਰਨ ਆਏ ਸਨ। ਇਨ੍ਹਾਂ ਖ਼ਤਰਿਆਂ ਦਾ ਸਾਮ੍ਹਣਾ ਕਰਨ ਲਈ ਯਿਸੂ ਨੂੰ ਹਿੰਮਤ ਕਿੱਥੋਂ ਮਿਲੀ? ਯਾਦ ਕਰੋ ਕਿ ਭੀੜ ਦੇ ਆਉਣ ਤੋਂ ਪਹਿਲਾਂ ਯਿਸੂ ਕੀ ਕਰ ਰਿਹਾ ਸੀ। ਉਹ ਯਹੋਵਾਹ ਦੇ ਅੱਗੇ ਗਿੜਗਿੜਾ ਕੇ ਤਰਲੇ ਕਰ ਰਿਹਾ ਸੀ। ਯਹੋਵਾਹ ਨੇ ਕੀ ਕੀਤਾ? ਬਾਈਬਲ ਦੱਸਦੀ ਹੈ ਕਿ ਯਿਸੂ ਦੀ ਦੁਆ ਸੁਣ ਕੇ ਯਹੋਵਾਹ ਨੇ ਆਪਣੇ ਬਹਾਦਰ ਪੁੱਤਰ ਨੂੰ ਹੌਸਲਾ ਦੇਣ ਲਈ ਸਵਰਗੋਂ ਇਕ ਦੂਤ ਭੇਜਿਆ।—ਇਬਰਾਨੀਆਂ 5:7; ਲੂਕਾ 22:42, 43.

      22 ਇਸ ਤੋਂ ਥੋੜ੍ਹੀ ਦੇਰ ਬਾਅਦ ਯਿਸੂ ਨੇ ਬੜੀ ਦਲੇਰੀ ਨਾਲ ਆਪਣੇ ਰਸੂਲਾਂ ਨੂੰ ਕਿਹਾ: “ਉੱਠੋ, ਚਲੋ ਚਲੀਏ।” (ਮੱਤੀ 26:46) ਉਹ ਜਾਣਦਾ ਸੀ ਕਿ ਜਿਨ੍ਹਾਂ ਦੋਸਤਾਂ ਨੂੰ ਉਹ ਭੀੜ ਤੋਂ ਬਚਾ ਲਵੇਗਾ ਉਹੀ ਦੋਸਤ ਉਸ ਨੂੰ ਛੱਡ ਕੇ ਨੱਠ ਜਾਣਗੇ। ਫਿਰ ਉਸ ਨੂੰ ਇਕੱਲੇ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਸਹਿਣੀ ਪੈਣੀ ਸੀ। ਹਾਂ, ਯਿਸੂ ਨਾਲ ਬਿਲਕੁਲ ਇਸੇ ਤਰ੍ਹਾਂ ਹੋਇਆ। ਉਸ ਦੇ ਖ਼ਿਲਾਫ਼ ਗ਼ੈਰ-ਕਾਨੂੰਨੀ ਮੁਕੱਦਮਾ ਚਲਾਇਆ ਗਿਆ, ਉਸ ਦਾ ਮਖੌਲ ਉਡਾਇਆ ਗਿਆ, ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਅਖ਼ੀਰ ਵਿਚ ਉਸ ਨੂੰ ਬੇਰਹਿਮੀ ਨਾਲ ਜਾਨੋਂ ਮਾਰਿਆ ਗਿਆ। ਪਰ ਯਿਸੂ ਨੇ ਇਨ੍ਹਾਂ ਔਖੀਆਂ ਘੜੀਆਂ ਵਿਚ ਇਕ ਪਲ ਲਈ ਵੀ ਹਿੰਮਤ ਨਹੀਂ ਹਾਰੀ!

      23. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਜਾਣ-ਬੁੱਝ ਕੇ ਆਪਣੀ ਜ਼ਿੰਦਗੀ ਖ਼ਤਰੇ ਵਿਚ ਨਹੀਂ ਪਾਈ ਸੀ?

      23 ਕੀ ਯਿਸੂ ਨੇ ਜਾਣ-ਬੁੱਝ ਕੇ ਆਪਣੀ ਜ਼ਿੰਦਗੀ ਖ਼ਤਰੇ ਵਿਚ ਪਾਈ ਸੀ? ਨਹੀਂ। ਬਹਾਦਰ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਜਾਣ-ਬੁੱਝ ਕੇ ਆਪਣੀ ਜ਼ਿੰਦਗੀ ਖ਼ਤਰੇ ਵਿਚ ਪਾਵੇ। ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ ਕਿ ਉਨ੍ਹਾਂ ਨੂੰ ਖ਼ਤਰਿਆਂ ਤੋਂ ਦੂਰ ਅਤੇ ਸਾਵਧਾਨ ਰਹਿਣ ਦੀ ਲੋੜ ਸੀ ਤਾਂਕਿ ਉਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦੇ ਰਹਿਣ। (ਮੱਤੀ 4:12; 10:16) ਯਿਸੂ ਜਾਣਦਾ ਸੀ ਕਿ ਉਸ ਨੂੰ ਹਰ ਹਾਲ ਵਿਚ ਇਸ ਔਖੀ ਘੜੀ ਵਿੱਚੋਂ ਗੁਜ਼ਰਨਾ ਪੈਣਾ ਸੀ ਕਿਉਂਕਿ ਇਹ ਪਰਮੇਸ਼ੁਰ ਦੀ ਮਰਜ਼ੀ ਸੀ। ਇਸ ਲਈ ਯਿਸੂ ਨੇ ਠਾਣ ਲਿਆ ਸੀ ਕਿ ਉਹ ਮਰਦੇ ਦਮ ਤਕ ਵਫ਼ਾਦਾਰ ਰਹੇਗਾ।

      ਸਫ਼ਾ 50 ਉੱਤੇ ਤਸਵੀਰ

      ਯਹੋਵਾਹ ਦੇ ਗਵਾਹਾਂ ਨੇ ਬੜੀ ਦਲੇਰੀ ਨਾਲ ਜ਼ੁਲਮ ਸਹੇ ਹਨ

      24. ਤੁਸੀਂ ਕਿਉਂ ਭਰੋਸਾ ਰੱਖ ਸਕਦੇ ਹੋ ਕਿ ਤੁਸੀਂ ਦਲੇਰੀ ਨਾਲ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰ ਸਕੋਗੇ?

      24 ਯਿਸੂ ਦੇ ਚੇਲਿਆਂ ਨੇ ਵੀ ਅਜਿਹੀ ਦਲੇਰੀ ਦਿਖਾਈ ਹੈ। ਕਈਆਂ ਨੂੰ ਮਖੌਲ, ਸਤਾਹਟ, ਕੈਦ, ਮਾਰ-ਕੁਟਾਈ ਅਤੇ ਮੌਤ ਦਾ ਵੀ ਸਾਮ੍ਹਣਾ ਕਰਨਾ ਪਿਆ ਹੈ। ਇਨ੍ਹਾਂ ਮਾਮੂਲੀ ਇਨਸਾਨਾਂ ਨੂੰ ਇਹ ਸਭ ਕੁਝ ਸਹਿਣ ਦੀ ਹਿੰਮਤ ਕਿੱਥੋਂ ਮਿਲੀ? ਉਨ੍ਹਾਂ ਨੇ ਇਹ ਸਭ ਕੁਝ ਆਪਣੀ ਤਾਕਤ ਨਾਲ ਨਹੀਂ, ਸਗੋਂ ਯਿਸੂ ਵਾਂਗ ਪਰਮੇਸ਼ੁਰ ਦੀ ਤਾਕਤ ਨਾਲ ਸਹਿਆ। (ਫ਼ਿਲਿੱਪੀਆਂ 4:13) ਤਾਂ ਫਿਰ, ਤੁਹਾਨੂੰ ਇਹ ਫ਼ਿਕਰ ਕਰਨ ਦੀ ਲੋੜ ਨਹੀਂ ਕਿ ਤੁਸੀਂ ਭਵਿੱਖ ਵਿਚ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰੋਗੇ। ਇਸ ਲਈ ਠਾਣ ਲਓ ਕਿ ਤੁਸੀਂ ਹਰ ਹਾਲ ਵਿਚ ਵਫ਼ਾਦਾਰ ਰਹੋਗੇ ਅਤੇ ਯਹੋਵਾਹ ਤੁਹਾਨੂੰ ਜ਼ਰੂਰ ਹਿੰਮਤ ਬਖ਼ਸ਼ੇਗਾ। ਆਪਣੇ ਆਗੂ ਯਿਸੂ ਦੀ ਦਲੇਰੀ ਦੇਖ ਕੇ ਤੁਸੀਂ ਵੀ ਦਲੇਰ ਬਣੋ, ਜਿਸ ਨੇ ਕਿਹਾ ਸੀ: “ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।”—ਯੂਹੰਨਾ 16:33.

      a ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਜਿੱਦਾਂ ਨਬੀਆਂ ਤੇ ਪੂਰਵਜਾਂ ਦੀਆਂ ਸਮਾਧਾਂ ਬਣਾਈਆਂ ਜਾਂਦੀਆਂ ਸਨ, ਉੱਦਾਂ ਹੀ ਇਨ੍ਹਾਂ ਧਾਰਮਿਕ ਗੁਰੂਆਂ ਦੀਆਂ ਸਮਾਧਾਂ ਬਣਾਈਆਂ ਜਾਂਦੀਆਂ ਸਨ।

      ਤੁਸੀਂ ਯਿਸੂ ਦੇ ਪਿੱਛੇ-ਪਿੱਛੇ ਕਿਵੇਂ ਚੱਲ ਸਕਦੇ ਹੋ?

      • ਜਦ ਲੋਕ ਸਾਡੀਆਂ ਗੱਲਾਂ ਦਾ ਇਤਰਾਜ਼ ਕਰਦੇ ਹਨ, ਤਾਂ ਯਿਸੂ ਦੀ ਮਿਸਾਲ ਦਲੇਰੀ ਨਾਲ ਬੋਲਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ?—ਯੂਹੰਨਾ 8:31-59.

      • ਸਾਨੂੰ ਸ਼ੈਤਾਨ ਅਤੇ ਦੁਸ਼ਟ ਦੂਤਾਂ ਤੋਂ ਡਰ ਕੇ ਲੋਕਾਂ ਨੂੰ ਸੱਚਾਈ ਸਿਖਾਉਣ ਤੋਂ ਪਿੱਛੇ ਕਿਉਂ ਨਹੀਂ ਹਟਣਾ ਚਾਹੀਦਾ?—ਮੱਤੀ 8:28-34; ਮਰਕੁਸ 1:23-28.

      • ਵਿਰੋਧਤਾ ਦੇ ਡਰ ਕਰਕੇ ਸਾਨੂੰ ਲੋਕਾਂ ਦੀ ਮਦਦ ਕਰਨ ਤੋਂ ਹਿਚਕਿਚਾਉਣਾ ਕਿਉਂ ਨਹੀਂ ਚਾਹੀਦਾ?—ਯੂਹੰਨਾ 9:1, 6, 7, 22-41.

      • ਔਖੀਆਂ ਘੜੀਆਂ ਦਾ ਸਾਮ੍ਹਣਾ ਕਰਨ ਵਿਚ ਯਿਸੂ ਦੀ ਉਮੀਦ ਨੇ ਉਸ ਦੀ ਕਿਵੇਂ ਮਦਦ ਕੀਤੀ? ਸਾਡੀ ਉਮੀਦ ਤੋਂ ਸਾਨੂੰ ਹੌਸਲਾ ਕਿਵੇਂ ਮਿਲ ਸਕਦਾ ਹੈ?—ਯੂਹੰਨਾ 16:28; 17:5; ਇਬਰਾਨੀਆਂ 12:2.

  • ‘ਉਸ ਵਿਚ ਬੁੱਧ ਦਾ ਖ਼ਜ਼ਾਨਾ ਹੈ’
    ‘ਆਓ ਮੇਰੇ ਚੇਲੇ ਬਣੋ’
    • ਅਧਿਆਇ 5

      ‘ਉਸ ਵਿਚ ਬੁੱਧ ਦਾ ਖ਼ਜ਼ਾਨਾ ਹੈ’

      1-3. ਉਸ ਸਮੇਂ ਬਾਰੇ ਦੱਸੋ ਜਦ ਯਿਸੂ ਨੇ ਆਪਣਾ ਮਸ਼ਹੂਰ ਉਪਦੇਸ਼ ਦਿੱਤਾ ਅਤੇ ਸਮਝਾਓ ਕਿ ਉਸ ਦੇ ਸੁਣਨ ਵਾਲੇ ਦੰਗ ਕਿਉਂ ਰਹਿ ਗਏ ਸਨ।

      31 ਈਸਵੀ ਦੀ ਬਸੰਤ ਰੁੱਤ ਹੈ। ਯਿਸੂ ਮਸੀਹ ਕਫ਼ਰਨਾਹੂਮ ਦੇ ਨੇੜੇ ਹੈ ਜੋ ਗਲੀਲ ਦੀ ਝੀਲ ਦੇ ਉੱਤਰ-ਪੱਛਮ ਕਿਨਾਰੇ ʼਤੇ ਵਸਿਆ ਇਕ ਰੌਣਕ ਭਰਿਆ ਸ਼ਹਿਰ ਹੈ। ਸ਼ਹਿਰ ਦੇ ਲਾਗੇ ਇਕ ਪਹਾੜ ʼਤੇ ਯਿਸੂ ਨੇ ਇਕੱਲਿਆਂ ਸਾਰੀ ਰਾਤ ਪ੍ਰਾਰਥਨਾ ਕਰਦੇ ਹੋਏ ਗੁਜ਼ਾਰੀ। ਦਿਨ ਚੜ੍ਹਨ ਤੇ ਉਹ ਆਪਣੇ ਚੇਲਿਆਂ ਨੂੰ ਬੁਲਾ ਕੇ ਉਨ੍ਹਾਂ ਵਿੱਚੋਂ 12 ਜਣਿਆਂ ਨੂੰ ਰਸੂਲਾਂ ਵਜੋਂ ਚੁਣਦਾ ਹੈ। ਦੂਰੋਂ ਇਕ ਵੱਡੀ ਭੀੜ ਯਿਸੂ ਨੂੰ ਲੱਭਦੀ-ਲੱਭਦੀ ਪਹਾੜ ਦੀ ਇਕ ਪੱਧਰੀ ਜਗ੍ਹਾ ʼਤੇ ਇਕੱਠੀ ਹੋ ਜਾਂਦੀ ਹੈ। ਲੋਕ ਯਿਸੂ ਦੀਆਂ ਗੱਲਾਂ ਸੁਣਨ ਲਈ ਬੇਤਾਬ ਹਨ ਅਤੇ ਆਪਣੀਆਂ ਬੀਮਾਰੀਆਂ ਤੋਂ ਠੀਕ ਹੋਣ ਲਈ ਤਰਸਦੇ ਹਨ। ਯਿਸੂ ਉਨ੍ਹਾਂ ਦੀ ਹਰ ਖ਼ਾਹਸ਼ ਪੂਰੀ ਕਰਦਾ ਹੈ।—ਲੂਕਾ 6:12-19.

      2 ਜਦ ਯਿਸੂ ਸਾਰੇ ਬੀਮਾਰ ਲੋਕਾਂ ਨੂੰ ਠੀਕ ਕਰ ਹਟਦਾ ਹੈ, ਤਾਂ ਉਹ ਬੈਠ ਕੇ ਉਨ੍ਹਾਂ ਨੂੰ ਸਿੱਖਿਆ ਦੇਣ ਲੱਗਦਾ ਹੈ।a ਲੋਕਾਂ ਨੇ ਪਹਿਲਾਂ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਸਿੱਖਿਆ ਦਿੰਦੇ ਹੋਏ ਨਹੀਂ ਸੁਣਿਆ। ਯਿਸੂ, ਯਹੂਦੀ ਰੀਤਾਂ-ਰਿਵਾਜਾਂ ਜਾਂ ਧਾਰਮਿਕ ਆਗੂਆਂ ਦੀਆਂ ਗੱਲਾਂ ਮੁਤਾਬਕ ਨਹੀਂ, ਸਗੋਂ ਪਵਿੱਤਰ ਧਰਮ-ਗ੍ਰੰਥ ਤੋਂ ਹਵਾਲੇ ਦੇ-ਦੇ ਕੇ ਸਿਖਾਉਂਦਾ ਹੈ। ਉਸ ਦਾ ਸੰਦੇਸ਼ ਸਾਫ਼ ਅਤੇ ਸਮਝਣ ਵਿਚ ਸੌਖਾ ਹੈ। ਜਦੋਂ ਯਿਸੂ ਸਿੱਖਿਆ ਦੇ ਹਟਦਾ ਹੈ, ਤਾਂ ਲੋਕ ਦੰਗ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਨੇ ਹੁਣੇ-ਹੁਣੇ ਦੁਨੀਆਂ ਦੇ ਸਭ ਤੋਂ ਬੁੱਧੀਮਾਨ ਇਨਸਾਨ ਦਾ ਉਪਦੇਸ਼ ਸੁਣਿਆ ਹੈ!—ਮੱਤੀ 7:28, 29.

      ਸਫ਼ਾ 54 ਉੱਤੇ ਤਸਵੀਰ

      “ਲੋਕ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ”

      3 ਬਾਈਬਲ ਵਿਚ ਇਸ ਉਪਦੇਸ਼ ਤੋਂ ਇਲਾਵਾ ਯਿਸੂ ਦੀਆਂ ਹੋਰ ਗੱਲਾਂ ਅਤੇ ਕੰਮਾਂ ਬਾਰੇ ਦੱਸਿਆ ਗਿਆ ਹੈ। ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਯਿਸੂ ਬਾਰੇ ਕੀ-ਕੀ ਲਿਖਿਆ ਗਿਆ ਹੈ ਕਿਉਂਕਿ ‘ਯਿਸੂ ਵਿਚ ਬੁੱਧ ਦਾ ਖ਼ਜ਼ਾਨਾ’ ਹੈ। (ਕੁਲੁੱਸੀਆਂ 2:3) ਇਕ ਬੁੱਧੀਮਾਨ ਇਨਸਾਨ ਕੋਲ ਗਿਆਨ ਅਤੇ ਸਮਝ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਕਾਬਲੀਅਤ ਹੁੰਦੀ ਹੈ। ਤਾਂ ਫਿਰ ਯਿਸੂ ਨੂੰ ਇਹ ਬੁੱਧ ਕਿੱਥੋਂ ਮਿਲੀ? ਉਸ ਨੇ ਕਿਵੇਂ ਦਿਖਾਇਆ ਕਿ ਉਹ ਬੁੱਧੀਮਾਨ ਸੀ ਅਤੇ ਅਸੀਂ ਉਸ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਾਂ?

      ‘ਇਸ ਨੂੰ ਇੰਨੀ ਬੁੱਧ ਕਿੱਥੋਂ ਮਿਲੀ?’

      4. ਨਾਸਰਤ ਵਿਚ ਯਿਸੂ ਦੇ ਸੁਣਨ ਵਾਲਿਆਂ ਨੇ ਕਿਹੜਾ ਸਵਾਲ ਪੁੱਛਿਆ ਅਤੇ ਕਿਉਂ?

      4 ਇਕ ਵਾਰ ਪ੍ਰਚਾਰ ਕਰਦਿਆਂ ਯਿਸੂ ਆਪਣੇ ਸ਼ਹਿਰ ਨਾਸਰਤ ਨੂੰ ਵੀ ਗਿਆ ਅਤੇ ਉਸ ਨੇ ਸਭਾ ਘਰ ਵਿਚ ਸਿੱਖਿਆ ਦਿੱਤੀ। ਕਈ ਲੋਕ ਉਸ ਦੀਆਂ ਗੱਲਾਂ ਸੁਣ ਕੇ ਹੈਰਾਨੀ ਨਾਲ ਇਕ-ਦੂਜੇ ਨੂੰ ਪੁੱਛਣ ਲੱਗੇ: ‘ਇਸ ਨੂੰ ਇੰਨੀ ਬੁੱਧ ਕਿੱਥੋਂ ਮਿਲੀ?’ ਉਹ ਉਸ ਦੇ ਮਾਪਿਆਂ ਤੇ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਉਹ ਇਕ ਗ਼ਰੀਬ ਘਰੋਂ ਸੀ। (ਮੱਤੀ 13:54-56; ਮਰਕੁਸ 6:1-3) ਉਹ ਇਹ ਵੀ ਜਾਣਦੇ ਸਨ ਕਿ ਇਸ ਤਰਖਾਣ ਨੇ ਕਿਸੇ ਮਸ਼ਹੂਰ ਧਾਰਮਿਕ ਸਕੂਲ ਵਿਚ ਪੜ੍ਹਾਈ ਨਹੀਂ ਕੀਤੀ ਸੀ। (ਯੂਹੰਨਾ 7:15) ਇਸੇ ਲਈ ਲੋਕਾਂ ਨੇ ਸ਼ਾਇਦ ਇਹ ਪੁੱਛਿਆ ਕਿ ਇਸ ਨੂੰ ਪ੍ਰਭਾਵਸ਼ਾਲੀ ਸਿੱਖਿਆ ਦੇਣ ਦੀ ਬੁੱਧ ਕਿੱਥੋਂ ਮਿਲੀ ਸੀ।

      5. ਯਿਸੂ ਨੂੰ ਬੁੱਧ ਕਿੱਥੋਂ ਮਿਲੀ ਸੀ?

      5 ਅਸੀਂ ਸ਼ਾਇਦ ਸੋਚੀਏ ਕਿ ਯਿਸੂ ਮੁਕੰਮਲ ਹੋਣ ਕਰਕੇ ਇੰਨਾ ਬੁੱਧੀਮਾਨ ਸੀ। ਪਰ ਇਕ ਵਾਰ ਮੰਦਰ ਵਿਚ ਸਿਖਾਉਂਦੇ ਹੋਏ ਉਸ ਨੇ ਦੱਸਿਆ: “ਜੋ ਸਿੱਖਿਆ ਮੈਂ ਦਿੰਦਾ ਹਾਂ ਉਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਦੀ ਹੈ।” (ਯੂਹੰਨਾ 7:16) ਜੀ ਹਾਂ, ਯਿਸੂ ਨੂੰ ਬੁੱਧ ਉਸ ਦੇ ਪਿਤਾ ਯਹੋਵਾਹ ਤੋਂ ਮਿਲੀ ਸੀ। (ਯੂਹੰਨਾ 12:49) ਪਰ ਯਹੋਵਾਹ ਨੇ ਉਸ ਨੂੰ ਬੁੱਧ ਕਿੱਦਾਂ ਦਿੱਤੀ ਸੀ?

      6, 7. ਯਿਸੂ ਨੂੰ ਆਪਣੇ ਪਿਤਾ ਤੋਂ ਬੁੱਧ ਕਿਵੇਂ ਮਿਲੀ ਸੀ?

      6 ਯਹੋਵਾਹ ਦੀ ਪਵਿੱਤਰ ਸ਼ਕਤੀ ਯਿਸੂ ਦੇ ਦਿਲੋਂ-ਦਿਮਾਗ਼ ʼਤੇ ਕੰਮ ਕਰ ਰਹੀ ਸੀ। ਯਸਾਯਾਹ ਨਬੀ ਨੇ ਵਾਅਦਾ ਕੀਤੇ ਹੋਏ ਮਸੀਹ ਬਾਰੇ ਕਿਹਾ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ‘ਉਸ ਨੂੰ, ਸਮਝ ਤੇ ਗਿਆਨ ਦੇਵੇਗੀ। ਉਹ ਉਸ ਨੂੰ, ਰਾਜ ਕਰਨ ਲਈ, ਬੁੱਧੀ ਤੇ ਬਲ ਦੇਵੇਗੀ। ਉਹ ਉਸ ਨੂੰ, ਪ੍ਰਭੂ ਦਾ ਗਿਆਨ ਤੇ ਡਰ ਦੇਵੇਗੀ।’ (ਯਸਾਯਾਹ 11:2, CL) ਤਾਂ ਫਿਰ ਯਿਸੂ ਦੀਆਂ ਗੱਲਾਂ ਅਤੇ ਕੰਮਾਂ ਤੋਂ ਬੁੱਧ ਇਸ ਲਈ ਝਲਕਦੀ ਸੀ ਕਿਉਂਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਉਸ ਨੂੰ ਸੋਚ-ਸਮਝ ਕੇ ਫ਼ੈਸਲੇ ਕਰਨ ਵਿਚ ਮਦਦ ਦੇ ਰਹੀ ਸੀ।

      7 ਯਹੋਵਾਹ ਨੇ ਯਿਸੂ ਨੂੰ ਇਕ ਹੋਰ ਤਰੀਕੇ ਨਾਲ ਬੁੱਧ ਬਖ਼ਸ਼ੀ ਸੀ। ਜਿਵੇਂ ਅਸੀਂ ਦੂਜੇ ਅਧਿਆਇ ਵਿਚ ਦੇਖਿਆ ਸੀ, ਧਰਤੀ ʼਤੇ ਆਉਣ ਤੋਂ ਪਹਿਲਾਂ ਯਿਸੂ ਨੇ ਆਪਣੇ ਪਿਤਾ ਨਾਲ ਅਰਬਾਂ-ਖਰਬਾਂ ਸਾਲ ਗੁਜ਼ਾਰੇ ਸਨ। ਉਸ ਸਮੇਂ ਦੌਰਾਨ ਉਹ ਯਹੋਵਾਹ ਦੀ ਸੋਚ ਅਤੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਜਾਣ ਸਕਿਆ। ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਯਿਸੂ ਨੇ “ਰਾਜ ਮਿਸਤਰੀ” ਵਜੋਂ ਆਪਣੇ ਪਿਤਾ ਨਾਲ ਕੰਮ ਕਰਦਿਆਂ ਕਿੰਨੀ ਬੁੱਧ ਹਾਸਲ ਕੀਤੀ ਹੋਣੀ। ਇਸੇ ਲਈ ਧਰਤੀ ਉੱਤੇ ਆਉਣ ਤੋਂ ਪਹਿਲਾਂ ਉਸ ਨੂੰ ਬੁੱਧ ਵਜੋਂ ਦਰਸਾਇਆ ਗਿਆ ਸੀ। (ਕਹਾਉਤਾਂ 8:22-31; ਕੁਲੁੱਸੀਆਂ 1:15, 16) ਯਿਸੂ ਨੇ ਆਪਣੇ ਸਵਰਗੀ ਪਿਤਾ ਤੋਂ ਮਿਲੀ ਬੁੱਧ ਨੂੰ ਆਪਣੀ ਸੇਵਕਾਈ ਦੌਰਾਨ ਚੰਗੀ ਤਰ੍ਹਾਂ ਵਰਤਿਆ।b (ਯੂਹੰਨਾ 8:26, 28, 38) ਇਸ ਲਈ ਜਦੋਂ ਅਸੀਂ ਯਿਸੂ ਦੀਆਂ ਗੱਲਾਂ ਅਤੇ ਉਸ ਦੇ ਕੰਮਾਂ ʼਤੇ ਗੌਰ ਕਰਦੇ ਹਾਂ, ਤਾਂ ਸਾਨੂੰ ਜ਼ਰਾ ਵੀ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਉਸ ਦਾ ਹਰ ਫ਼ੈਸਲਾ ਸਹੀ ਸੀ ਕਿਉਂਕਿ ਉਹ ਬੇਸ਼ੁਮਾਰ ਗਿਆਨ ਤੇ ਸਮਝ ਦਾ ਮਾਲਕ ਸੀ।

      8. ਯਿਸੂ ਦੇ ਚੇਲਿਆਂ ਵਜੋਂ ਸਾਨੂੰ ਬੁੱਧ ਕਿਵੇਂ ਮਿਲ ਸਕਦੀ ਹੈ?

      8 ਯਿਸੂ ਦੇ ਚੇਲਿਆਂ ਵਜੋਂ ਸਾਨੂੰ ਵੀ ਯਹੋਵਾਹ ਤੋਂ ਬੁੱਧ ਮੰਗਣ ਦੀ ਲੋੜ ਹੈ। (ਕਹਾਉਤਾਂ 2:6) ਇਹ ਸੱਚ ਹੈ ਕਿ ਯਹੋਵਾਹ ਸਾਨੂੰ ਚਮਤਕਾਰੀ ਢੰਗ ਨਾਲ ਬੁੱਧ ਨਹੀਂ ਦਿੰਦਾ। ਪਰ ਜੇ ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਉਸ ਕੋਲੋਂ ਬੁੱਧ ਮੰਗਦੇ ਰਹੀਏ, ਤਾਂ ਉਹ ਸਾਡੀ ਜ਼ਰੂਰ ਸੁਣੇਗਾ। (ਯਾਕੂਬ 1:5) ਪਰਮੇਸ਼ੁਰ ਦੀ ਬੁੱਧ ਉਸ ਦੇ ਬਚਨ ਵਿਚ ਪਾਈ ਜਾਂਦੀ ਹੈ। ਇਸ ਲਈ ਸਾਨੂੰ ਮਿਹਨਤ ਕਰ ਕੇ “ਗੁਪਤ ਧਨ ਵਾਂਙੁ” ਇਸ ਬੁੱਧ ਦੀ ਗਹਿਰਾਈ ਨਾਲ ਖੋਜਬੀਨ ਕਰਦੇ ਰਹਿਣਾ ਚਾਹੀਦਾ ਹੈ। (ਕਹਾਉਤਾਂ 2:1-6) ਫਿਰ ਸਾਨੂੰ ਸਿੱਖੀਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਨੀਆਂ ਚਾਹੀਦੀਆਂ ਹਨ। ਬੁੱਧ ਹਾਸਲ ਕਰਨ ਵਿਚ ਯਿਸੂ ਦੀ ਮਿਸਾਲ ਖ਼ਾਸ ਕਰਕੇ ਸਾਡੀ ਮਦਦ ਕਰ ਸਕਦੀ ਹੈ। ਆਓ ਆਪਾਂ ਦੇਖੀਏ ਕਿ ਯਿਸੂ ਨੇ ਕਿਨ੍ਹਾਂ ਕੁਝ ਗੱਲਾਂ ਵਿਚ ਬੁੱਧ ਦਿਖਾਈ ਸੀ ਅਤੇ ਅਸੀਂ ਉਸ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਾਂ।

      ਬੁੱਧ ਦੀਆਂ ਗੱਲਾਂ

      ਸਫ਼ਾ 58 ਉੱਤੇ ਤਸਵੀਰ

      ਪਰਮੇਸ਼ੁਰ ਦੀ ਬੁੱਧ ਬਾਈਬਲ ਵਿਚ ਪਾਈ ਜਾਂਦੀ ਹੈ

      9. ਯਿਸੂ ਦੀਆਂ ਸਿੱਖਿਆਵਾਂ ਬੁੱਧ ਦੇਣ ਵਾਲੀਆਂ ਕਿਉਂ ਸਨ?

      9 ਭੀੜਾਂ ਦੀਆਂ ਭੀੜਾਂ ਯਿਸੂ ਦੀਆਂ ਗੱਲਾਂ ਸੁਣਨ ਆਉਂਦੀਆਂ ਸਨ। (ਮਰਕੁਸ 6:31-34; ਲੂਕਾ 5:1-3) ਆਉਂਦੀਆਂ ਵੀ ਕਿਉਂ ਨਾ? ਯਿਸੂ ਹਮੇਸ਼ਾ ਬੁੱਧ ਦੇਣ ਵਾਲੀਆਂ ਗੱਲਾਂ ਕਰਦਾ ਸੀ! ਉਸ ਦੀਆਂ ਸਿੱਖਿਆਵਾਂ ਤੋਂ ਜ਼ਾਹਰ ਹੁੰਦਾ ਸੀ ਕਿ ਉਸ ਕੋਲ ਪਰਮੇਸ਼ੁਰ ਦੇ ਬਚਨ ਦਾ ਡੂੰਘਾ ਗਿਆਨ ਸੀ ਅਤੇ ਉਹ ਹਰ ਮਾਮਲੇ ਦੀ ਤਹਿ ਤਕ ਪਹੁੰਚ ਸਕਦਾ ਸੀ। ਉਸ ਸਮੇਂ ਵਾਂਗ ਅੱਜ ਵੀ ਇਹ ਸਿੱਖਿਆਵਾਂ ਫ਼ਾਇਦੇਮੰਦ ਹਨ ਅਤੇ ਹਰ ਤਰ੍ਹਾਂ ਦੇ ਲੋਕਾਂ ਨੂੰ ਚੰਗੀਆਂ ਲੱਗਦੀਆਂ ਹਨ। ਸੋ ਆਓ ਅਸੀਂ ਆਪਣੇ ‘ਅਚਰਜ ਸਲਾਹਕਾਰ’ ਯਿਸੂ ਦੀਆਂ ਕੁਝ ਗੱਲਾਂ ʼਤੇ ਗੌਰ ਕਰੀਏ।—ਯਸਾਯਾਹ 9:6.

      10. ਯਿਸੂ ਸਾਨੂੰ ਕਿਹੜੇ ਚੰਗੇ ਗੁਣ ਪੈਦਾ ਕਰਨ ਦੀ ਗੁਜ਼ਾਰਸ਼ ਕਰਦਾ ਹੈ ਅਤੇ ਕਿਉਂ?

      10 ਯਿਸੂ ਨੇ ਆਪਣੇ ਮਸ਼ਹੂਰ ਉਪਦੇਸ਼ ਵਿਚ ਸਭ ਤੋਂ ਜ਼ਿਆਦਾ ਸਿੱਖਿਆਵਾਂ ਦਿੱਤੀਆਂ ਸਨ। ਉਸ ਨੇ ਬਿਨਾਂ ਰੁਕੇ ਕਈ ਮਾਮਲਿਆਂ ਬਾਰੇ ਸਲਾਹ ਦਿੱਤੀ ਸੀ। ਮਿਸਾਲ ਲਈ, ਇਸ ਵਿਚ ਉਸ ਨੇ ਸਾਨੂੰ ਚੰਗੀ ਬੋਲ-ਬਾਣੀ ਅਤੇ ਚੰਗਾ ਚਾਲ-ਚਲਣ ਬਣਾਈ ਰੱਖਣ ਦੀ ਸਲਾਹ ਦਿੱਤੀ। ਉਸ ਨੇ ਸਾਨੂੰ ਆਪਣੇ ਦਿਲ ਦੀ ਜਾਂਚ ਕਰਦੇ ਰਹਿਣ ਲਈ ਵੀ ਕਿਹਾ। ਉਹ ਜਾਣਦਾ ਸੀ ਕਿ ਅਸੀਂ ਉਹੀ ਕਹਿੰਦੇ ਅਤੇ ਕਰਦੇ ਹਾਂ ਜੋ ਸਾਡੇ ਦਿਲ ਵਿਚ ਹੁੰਦਾ ਹੈ। ਇਸ ਲਈ ਉਸ ਨੇ ਸਾਨੂੰ ਗੁਜ਼ਾਰਸ਼ ਕੀਤੀ ਕਿ ਅਸੀਂ ਆਪਣੇ ਵਿਚ ਨਰਮਾਈ, ਦਇਆ, ਪਿਆਰ, ਇਨਸਾਫ਼ ਅਤੇ ਸ਼ਾਂਤੀ ਵਰਗੇ ਗੁਣ ਪੈਦਾ ਕਰੀਏ। (ਮੱਤੀ 5:5-9, 43-48) ਜਿੱਦਾਂ-ਜਿੱਦਾਂ ਅਸੀਂ ਆਪਣੇ ਦਿਲ ਵਿਚ ਇਹ ਗੁਣ ਪੈਦਾ ਕਰਾਂਗੇ, ਉੱਦਾਂ-ਉੱਦਾਂ ਸਾਡੀ ਬੋਲੀ ਅਤੇ ਸਾਡਾ ਚਾਲ-ਚਲਣ ਸੁਧਰਦਾ ਜਾਵੇਗਾ। ਫਿਰ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਦੇ ਨਾਲ-ਨਾਲ ਦੂਜਿਆਂ ਨਾਲ ਵੀ ਵਧੀਆ ਰਿਸ਼ਤਾ ਕਾਇਮ ਕਰ ਸਕਾਂਗੇ।—ਮੱਤੀ 5:16.

      11. ਪਾਪ ਤੋਂ ਬਚਣ ਦੀ ਸਲਾਹ ਦਿੰਦਿਆਂ ਯਿਸੂ ਮਾਮਲੇ ਦੀ ਜੜ੍ਹ ਤਕ ਕਿਵੇਂ ਪਹੁੰਚਿਆ?

      11 ਜਦੋਂ ਯਿਸੂ ਨੇ ਸਾਨੂੰ ਪਾਪ ਤੋਂ ਬਚਣ ਦੀ ਸਲਾਹ ਦਿੱਤੀ ਸੀ, ਤਾਂ ਉਹ ਮਾਮਲੇ ਦੀ ਜੜ੍ਹ ਤਕ ਪਹੁੰਚਿਆ। ਮਿਸਾਲ ਲਈ, ਉਸ ਨੇ ਸਿਰਫ਼ ਇਹ ਨਹੀਂ ਕਿਹਾ ਕਿ ਸਾਨੂੰ ਖ਼ੂਨ-ਖ਼ਰਾਬਾ ਨਹੀਂ ਕਰਨਾ ਚਾਹੀਦਾ, ਸਗੋਂ ਉਸ ਨੇ ਕਿਹਾ ਕਿ ਸਾਨੂੰ ਆਪਣੇ ਦਿਲ ਵਿਚ ਗੁੱਸੇ ਦੀ ਅੱਗ ਨਹੀਂ ਬਲ਼ਣ ਦੇਣੀ ਚਾਹੀਦੀ। (ਮੱਤੀ 5:21, 22; 1 ਯੂਹੰਨਾ 3:15) ਨਾਲੇ ਉਸ ਨੇ ਸਿਰਫ਼ ਇਹ ਨਹੀਂ ਕਿਹਾ ਕਿ ਸਾਨੂੰ ਹਰਾਮਕਾਰੀ ਤੋਂ ਦੂਰ ਰਹਿਣਾ ਚਾਹੀਦਾ ਹੈ, ਸਗੋਂ ਉਸ ਨੇ ਕਿਹਾ ਕਿ ਪਰਾਈ ਤੀਵੀਂ ਵੱਲ ਗੰਦੀ ਨਜ਼ਰ ਨਾਲ ਦੇਖਣਾ ਵੀ ਪਾਪ ਹੈ। ਕਿਉਂਕਿ ਜੇ ਇਕ ਇਨਸਾਨ ਗੰਦੇ ਖ਼ਿਆਲਾਂ ਨੂੰ ਆਪਣੇ ਮਨ ਵਿੱਚੋਂ ਨਹੀਂ ਕੱਢਦਾ, ਤਾਂ ਉਹ ਹਰਾਮਕਾਰੀ ਦੇ ਫੰਦੇ ਵਿਚ ਫਸ ਸਕਦਾ ਹੈ। (ਮੱਤੀ 5:27-30) ਹਾਂ, ਯਿਸੂ ਪਾਪ ਦੀ ਜੜ੍ਹ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਲਈ ਉਹ ਸਾਨੂੰ ਆਪਣੀ ਸੋਚ ਅਤੇ ਸਰੀਰਕ ਇੱਛਾਵਾਂ ਨੂੰ ਕਾਬੂ ਕਰਨ ਦੀ ਸਲਾਹ ਦਿੰਦਾ ਹੈ ਤਾਂਕਿ ਅਸੀਂ ਗ਼ਲਤ ਕੰਮਾਂ ਤੋਂ ਬਚੀਏ।—ਜ਼ਬੂਰਾਂ ਦੀ ਪੋਥੀ 7:14.

      12. ਯਿਸੂ ਦੇ ਚੇਲੇ ਉਸ ਦੀ ਸਲਾਹ ਨੂੰ ਕਿਵੇਂ ਵਿਚਾਰਦੇ ਹਨ ਅਤੇ ਕਿਉਂ?

      12 ਵਾਹ, ਯਿਸੂ ਦੇ ਸ਼ਬਦਾਂ ਵਿਚ ਕਿੰਨੀ ਬੁੱਧ ਹੈ! ਇਸੇ ਲਈ ਲੋਕ “ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ।” (ਮੱਤੀ 7:28) ਯਿਸੂ ਦੇ ਚੇਲੇ ਹੋਣ ਕਰਕੇ ਅਸੀਂ ਵੀ ਆਪਣੀ ਜ਼ਿੰਦਗੀ ਉਸ ਦੀ ਸਲਾਹ ਮੁਤਾਬਕ ਜੀਉਣੀ ਚਾਹੁੰਦੇ ਹਾਂ। ਜੇ ਅਸੀਂ ਦਿਲ ਵਿਚ ਗੁੱਸਾ ਅਤੇ ਮਨ ਵਿਚ ਗੰਦੇ ਵਿਚਾਰ ਨਾ ਪਲ਼ਣ ਦੇਈਏ, ਤਾਂ ਅਸੀਂ ਗ਼ਲਤ ਕਦਮ ਚੁੱਕਣ ਤੋਂ ਬਚ ਸਕਦੇ ਹਾਂ। (ਯਾਕੂਬ 1:14, 15) ਤਾਂ ਫਿਰ ਆਓ ਅਸੀਂ ਯਿਸੂ ਦੀ ਸਲਾਹ ਮੁਤਾਬਕ ਆਪਣੇ ਵਿਚ ਦਇਆ, ਪਿਆਰ ਅਤੇ ਸ਼ਾਂਤੀ ਵਰਗੇ ਵਧੀਆ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਇਨ੍ਹਾਂ ਗੁਣਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।

      ਬੁੱਧ ਦੀ ਬੇਜੋੜ ਮਿਸਾਲ

      13, 14. ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੇ ਆਪਣੇ ਲਈ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਰਾਹ ਚੁਣਿਆ ਸੀ?

      13 ਬੁੱਧ ਯਿਸੂ ਦੀਆਂ ਗੱਲਾਂ ਤੋਂ ਹੀ ਨਹੀਂ, ਸਗੋਂ ਉਸ ਦੇ ਕੰਮਾਂ ਤੋਂ ਵੀ ਝਲਕਦੀ ਸੀ। ਕਹਿਣ ਦਾ ਮਤਲਬ ਹੈ ਕਿ ਉਸ ਦੀ ਪੂਰੀ ਜ਼ਿੰਦਗੀ ਯਾਨੀ ਉਸ ਦੇ ਫ਼ੈਸਲਿਆਂ, ਖ਼ੁਦ ਬਾਰੇ ਉਸ ਦੇ ਨਜ਼ਰੀਏ ਅਤੇ ਦੂਜਿਆਂ ਨਾਲ ਉਸ ਦੇ ਸਲੂਕ ਤੋਂ ਦੇਖਿਆ ਜਾ ਸਕਦਾ ਸੀ ਕਿ ਉਹ ਇਕ ਬੁੱਧੀਮਾਨ ਇਨਸਾਨ ਸੀ। ਆਓ ਆਪਾਂ ਕੁਝ ਗੱਲਾਂ ʼਤੇ ਗੌਰ ਕਰੀਏ ਜੋ ਦਿਖਾਉਂਦੀਆਂ ਹਨ ਕਿ ਯਿਸੂ ਵਾਕਈ ‘ਬੁੱਧ ਅਤੇ ਸਮਝ’ ਦੀ ਬੇਜੋੜ ਮਿਸਾਲ ਸੀ।—ਕਹਾਉਤਾਂ 3:21.

      14 ਇਕ ਬੁੱਧੀਮਾਨ ਇਨਸਾਨ ਸੋਚ-ਸਮਝ ਕੇ ਫ਼ੈਸਲੇ ਕਰਦਾ ਹੈ। ਯਿਸੂ ਨੇ ਆਪਣੇ ਲਈ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਰਾਹ ਚੁਣਿਆ। ਜ਼ਰਾ ਸੋਚੋ ਕਿ ਉਹ ਜ਼ਿੰਦਗੀ ਵਿਚ ਕੀ ਕੁਝ ਕਰ ਸਕਦਾ ਸੀ। ਜੇ ਉਹ ਚਾਹੁੰਦਾ, ਤਾਂ ਉਹ ਆਪਣੇ ਲਈ ਸ਼ਾਨਦਾਰ ਘਰ ਬਣਾ ਸਕਦਾ ਸੀ, ਵੱਡਾ ਕਾਰੋਬਾਰ ਸ਼ੁਰੂ ਕਰ ਸਕਦਾ ਸੀ ਜਾਂ ਆਪਣੇ ਲਈ ਵੱਡਾ ਨਾਂ ਕਮਾ ਸਕਦਾ ਸੀ। ਪਰ ਯਿਸੂ ਜਾਣਦਾ ਸੀ ਕਿ ਇਨ੍ਹਾਂ ਚੀਜ਼ਾਂ ਪਿੱਛੇ ਦੌੜਨਾ “ਵਿਅਰਥ ਅਤੇ ਹਵਾ ਦਾ ਫੱਕਣਾ” ਹੈ। (ਉਪਦੇਸ਼ਕ ਦੀ ਪੋਥੀ 4:4; 5:10) ਇਸ ਤਰ੍ਹਾਂ ਕਰਨਾ ਮੂਰਖਪੁਣਾ ਹੋਣਾ ਸੀ। ਉਸ ਲਈ ਧਨ-ਦੌਲਤ ਜਾਂ ਚੀਜ਼ਾਂ ਕੋਈ ਮਾਅਨੇ ਨਹੀਂ ਰੱਖਦੀਆਂ ਸਨ। (ਮੱਤੀ 8:20) ਉਸ ਨੇ ਆਪਣੀ ਜ਼ਿੰਦਗੀ ਸਾਦੀ ਰੱਖੀ ਅਤੇ ਆਪਣੀ ਅੱਖ ਇਕ ਨਿਸ਼ਾਨੇ ਯਾਨੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ʼਤੇ ਟਿਕਾਈ ਰੱਖੀ। (ਮੱਤੀ 6:22) ਹਾਂ, ਯਿਸੂ ਜੋ ਕੁਝ ਸਿਖਾਉਂਦਾ ਸੀ, ਉਹ ਉਸ ਮੁਤਾਬਕ ਆਪ ਵੀ ਚੱਲਦਾ ਸੀ। ਉਸ ਨੇ ਸਮਝ ਤੋਂ ਕੰਮ ਲੈਂਦਿਆਂ ਆਪਣਾ ਸਮਾਂ ਅਤੇ ਆਪਣੀ ਤਾਕਤ ਪਰਮੇਸ਼ੁਰ ਦੇ ਕੰਮਾਂ ਵਿਚ ਲਾਈ ਜੋ ਧਨ-ਦੌਲਤ ਇਕੱਠਾ ਕਰਨ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਤੇ ਫ਼ਾਇਦੇਮੰਦ ਸੀ। (ਮੱਤੀ 6:19-21) ਉਸ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!

      15. ਯਿਸੂ ਦੇ ਚੇਲੇ ਕਿਵੇਂ ਦਿਖਾ ਸਕਦੇ ਹਨ ਕਿ ਉਨ੍ਹਾਂ ਨੇ ਆਪਣੀ ਅੱਖ ਇੱਕੋ ਨਿਸ਼ਾਨੇ ʼਤੇ ਟਿਕਾਈ ਰੱਖੀ ਹੈ ਅਤੇ ਇਸ ਤਰ੍ਹਾਂ ਕਰਨਾ ਅਕਲਮੰਦੀ ਦੀ ਗੱਲ ਕਿਉਂ ਹੈ?

      15 ਅੱਜ ਵੀ ਯਿਸੂ ਦੇ ਚੇਲੇ ਸਮਝਦੇ ਹਨ ਕਿ ਆਪਣੀ ਅੱਖ ਇੱਕੋ ਨਿਸ਼ਾਨੇ ʼਤੇ ਟਿਕਾਈ ਰੱਖਣ ਵਿਚ ਹੀ ਅਕਲਮੰਦੀ ਹੈ। ਇਸ ਲਈ ਉਹ ਬੇਲੋੜੇ ਕਰਜ਼ੇ ਦੇ ਬੋਝ ਹੇਠਾਂ ਨਹੀਂ ਆਉਂਦੇ ਅਤੇ ਉਹ ਫਜ਼ੂਲ ਕੰਮਾਂ ਵਿਚ ਆਪਣਾ ਸਮਾਂ ਤੇ ਤਾਕਤ ਬਰਬਾਦ ਨਹੀਂ ਕਰਦੇ। (1 ਤਿਮੋਥਿਉਸ 6:9, 10) ਬਹੁਤ ਸਾਰੇ ਮਸੀਹੀਆਂ ਨੇ ਆਪਣੀ ਜ਼ਿੰਦਗੀ ਸਾਦੀ ਬਣਾਈ ਹੈ ਤਾਂਕਿ ਉਹ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈ ਸਕਣ। ਕਈਆਂ ਨੇ ਤਾਂ ਪਾਇਨੀਅਰਿੰਗ ਵੀ ਸ਼ੁਰੂ ਕੀਤੀ ਹੈ। ਇਹ ਕਿੰਨੀ ਚੰਗੀ ਗੱਲ ਹੈ ਕਿਉਂਕਿ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇਣ ਨਾਲ ਸਾਨੂੰ ਬੇਹੱਦ ਖ਼ੁਸ਼ੀ ਮਿਲਦੀ ਹੈ।—ਮੱਤੀ 6:33.

      16, 17. (ੳ) ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਨਿਮਰ ਸੀ ਅਤੇ ਆਪਣੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਦਾ ਸੀ? (ਅ) ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?

      16 ਬਾਈਬਲ ਸਮਝਾਉਂਦੀ ਹੈ ਕਿ ਬੁੱਧੀਮਾਨ ਇਨਸਾਨ ਨਿਮਰ ਵੀ ਹੁੰਦਾ ਹੈ। ਉਹ ਆਪਣੀਆਂ ਹੱਦਾਂ ਜਾਣਦਾ ਹੈ। (ਕਹਾਉਤਾਂ 11:2) ਯਿਸੂ ਨਿਮਰ ਸੀ ਅਤੇ ਆਪਣੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਦਾ ਸੀ। ਉਹ ਜਾਣਦਾ ਸੀ ਕਿ ਉਸ ਦਾ ਸੰਦੇਸ਼ ਸੁਣ ਕੇ ਸਾਰੇ ਲੋਕ ਉਸ ਦੇ ਚੇਲੇ ਨਹੀਂ ਬਣਨਗੇ। (ਮੱਤੀ 10:32-39) ਉਸ ਨੂੰ ਇਹ ਵੀ ਪਤਾ ਸੀ ਕਿ ਉਹ ਇਕੱਲਾ ਸਾਰੇ ਲੋਕਾਂ ਨੂੰ ਪ੍ਰਚਾਰ ਨਹੀਂ ਕਰ ਸਕਦਾ ਸੀ। ਇਸ ਲਈ ਉਸ ਨੇ ਸਮਝਦਾਰੀ ਦਿਖਾਉਂਦੇ ਹੋਏ ਪ੍ਰਚਾਰ ਦਾ ਕੰਮ ਆਪਣੇ ਚੇਲਿਆਂ ਨੂੰ ਸੌਂਪਿਆ। (ਮੱਤੀ 28:18-20) ਉਸ ਨੇ ਨਿਮਰਤਾ ਨਾਲ ਇਹ ਗੱਲ ਮੰਨੀ ਕਿ ਉਸ ਦੇ ਚੇਲੇ ਉਸ ਨਾਲੋਂ ਵੀ “ਵੱਡੇ-ਵੱਡੇ ਕੰਮ” ਕਰਨਗੇ। (ਯੂਹੰਨਾ 14:12) ਉਨ੍ਹਾਂ ਨੇ ਸਿਰਫ਼ ਇਕ ਦੇਸ਼ ਦੇ ਲੋਕਾਂ ਨੂੰ ਨਹੀਂ, ਸਗੋਂ ਸਾਰੀ ਦੁਨੀਆਂ ਦੇ ਲੋਕਾਂ ਨੂੰ ਜਾ ਕੇ ਉਸ ਨਾਲੋਂ ਜ਼ਿਆਦਾ ਸਮੇਂ ਲਈ ਪ੍ਰਚਾਰ ਕਰਨਾ ਸੀ। ਯਿਸੂ ਇਹ ਵੀ ਜਾਣਦਾ ਸੀ ਕਿ ਉਸ ਨੂੰ ਮਦਦ ਦੀ ਲੋੜ ਸੀ। ਮਿਸਾਲ ਲਈ, ਜਦੋਂ ਉਜਾੜ ਵਿਚ ਦੂਤ ਉਸ ਦੀ ਮਦਦ ਕਰਨ ਆਏ ਅਤੇ ਗਥਸਮਨੀ ਬਾਗ਼ ਵਿਚ ਇਕ ਦੂਤ ਉਸ ਨੂੰ ਹੌਸਲਾ ਦੇਣ ਆਇਆ, ਤਾਂ ਉਸ ਨੇ ਉਨ੍ਹਾਂ ਦੀ ਮਦਦ ਸਵੀਕਾਰ ਕੀਤੀ। ਉਸ ਨੇ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਵਿਚ ਗਿੜਗਿੜਾ ਕੇ ਆਪਣੇ ਪਿਤਾ ਤੋਂ ਮਦਦ ਮੰਗੀ।—ਮੱਤੀ 4:11; ਲੂਕਾ 22:43; ਇਬਰਾਨੀਆਂ 5:7.

      17 ਯਿਸੂ ਦੀ ਰੀਸ ਕਰਦਿਆਂ ਸਾਨੂੰ ਨਿਮਰ ਬਣਨ ਦੀ ਲੋੜ ਹੈ ਅਤੇ ਸਾਨੂੰ ਆਪਣੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਣੀ ਚਾਹੀਦੀ। ਇਹ ਸੱਚ ਹੈ ਕਿ ਅਸੀਂ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਜੀ-ਜਾਨ ਨਾਲ ਕਰਨਾ ਚਾਹੁੰਦੇ ਹਾਂ। (ਲੂਕਾ 13:24; ਕੁਲੁੱਸੀਆਂ 3:23) ਪਰ ਯਾਦ ਰੱਖੋ ਕਿ ਯਹੋਵਾਹ ਸਾਡੀ ਤੁਲਨਾ ਹੋਰਨਾਂ ਨਾਲ ਨਹੀਂ ਕਰਦਾ ਅਤੇ ਨਾ ਹੀ ਸਾਨੂੰ ਕਰਨੀ ਚਾਹੀਦੀ ਹੈ। (ਗਲਾਤੀਆਂ 6:4) ਅਸੀਂ ਸਮਝਦਾਰੀ ਨਾਲ ਆਪਣੀ ਕਾਬਲੀਅਤ ਅਤੇ ਹਾਲਾਤਾਂ ਮੁਤਾਬਕ ਉਹੀ ਟੀਚੇ ਰੱਖਾਂਗੇ ਜਿਨ੍ਹਾਂ ਨੂੰ ਅਸੀਂ ਹਾਸਲ ਕਰ ਸਕਦੇ ਹਾਂ। ਨਾਲੇ ਜਿਨ੍ਹਾਂ ਭਰਾਵਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਉਨ੍ਹਾਂ ਨੂੰ ਇਹ ਗੱਲ ਮੰਨਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਵੀ ਕਦੇ-ਕਦੇ ਮਦਦ ਤੇ ਹੌਸਲੇ ਦੀ ਲੋੜ ਪੈਂਦੀ ਹੈ। ਉਹ ਨਿਮਰਤਾ ਨਾਲ ਦੂਜਿਆਂ ਤੋਂ ਖ਼ੁਸ਼ੀ-ਖ਼ੁਸ਼ੀ ਮਦਦ ਸਵੀਕਾਰ ਕਰ ਕੇ ਆਪਣੀ ਸਮਝਦਾਰੀ ਦਾ ਸਬੂਤ ਦਿੰਦੇ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਹੌਸਲਾ ਦੇਣ ਲਈ ਯਹੋਵਾਹ ਕਿਸੇ ਵੀ ਭੈਣ ਜਾਂ ਭਰਾ ਨੂੰ ਵਰਤ ਸਕਦਾ ਹੈ।—ਕੁਲੁੱਸੀਆਂ 4:11.

      18, 19. (ੳ) ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਆਪਣੇ ਚੇਲਿਆਂ ਨਾਲ ਨਰਮਾਈ ਨਾਲ ਪੇਸ਼ ਆਇਆ ਸੀ? (ਅ) ਸਾਨੂੰ ਇਕ-ਦੂਜੇ ਨਾਲ ਪੇਸ਼ ਆਉਂਦਿਆਂ ਯਹੋਵਾਹ ਤੇ ਯਿਸੂ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ ਅਤੇ ਇਹ ਅਸੀਂ ਕਿਵੇਂ ਕਰ ਸਕਦੇ ਹਾਂ?

      18 ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੁੰਦੀ ਹੈ ਉਹ ਅੜਬ ਨਹੀਂ ਹੁੰਦਾ, ਸਗੋਂ ਨਰਮ ਸੁਭਾਅ ਦਾ ਹੁੰਦਾ ਹੈ। (ਯਾਕੂਬ 3:17) ਯਿਸੂ ਆਪਣੇ ਚੇਲਿਆਂ ਨਾਲ ਨਰਮਾਈ ਨਾਲ ਪੇਸ਼ ਆਇਆ ਸੀ। ਉਹ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਬਾਰੇ ਜਾਣਦਾ ਸੀ, ਪਰ ਫਿਰ ਵੀ ਉਸ ਨੇ ਉਨ੍ਹਾਂ ਦੀਆਂ ਖੂਬੀਆਂ ਵੱਲ ਧਿਆਨ ਦਿੱਤਾ। (ਯੂਹੰਨਾ 1:47) ਉਸ ਨੂੰ ਪਤਾ ਸੀ ਕਿ ਜਿਸ ਰਾਤ ਉਸ ਨੂੰ ਗਿਰਫ਼ਤਾਰ ਕੀਤਾ ਜਾਣਾ ਸੀ, ਉਸ ਦੇ ਚੇਲਿਆਂ ਨੇ ਉਸ ਦਾ ਸਾਥ ਛੱਡ ਕੇ ਭੱਜ ਜਾਣਾ ਸੀ, ਪਰ ਫਿਰ ਵੀ ਉਸ ਨੇ ਉਨ੍ਹਾਂ ਦੀ ਵਫ਼ਾਦਾਰੀ ʼਤੇ ਸ਼ੱਕ ਨਹੀਂ ਕੀਤਾ। (ਮੱਤੀ 26:31-35; ਲੂਕਾ 22:28-30) ਪਤਰਸ ਨੇ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਯਿਸੂ ਨੂੰ ਜਾਣਦਾ ਸੀ। ਇਸ ਦੇ ਬਾਵਜੂਦ ਯਿਸੂ ਨੇ ਪਤਰਸ ਲਈ ਪ੍ਰਾਰਥਨਾ ਕੀਤੀ ਅਤੇ ਉਸ ਦੀ ਵਫ਼ਾਦਾਰੀ ʼਤੇ ਭਰੋਸਾ ਕੀਤਾ। (ਲੂਕਾ 22:31-34) ਆਪਣੀ ਆਖ਼ਰੀ ਰਾਤ ਨੂੰ ਯਿਸੂ ਨੇ ਪ੍ਰਾਰਥਨਾ ਵਿਚ ਆਪਣੇ ਚੇਲਿਆਂ ਦੀਆਂ ਗ਼ਲਤੀਆਂ ਦਾ ਜ਼ਿਕਰ ਕਰਨ ਦੀ ਬਜਾਇ ਉਨ੍ਹਾਂ ਦੇ ਚੰਗੇ ਕੰਮਾਂ ʼਤੇ ਜ਼ੋਰ ਦਿੰਦਿਆਂ ਕਿਹਾ: “ਉਨ੍ਹਾਂ ਨੇ ਤੇਰਾ ਬਚਨ ਮੰਨਿਆ ਹੈ।” (ਯੂਹੰਨਾ 17:6) ਉਸ ਨੇ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਦਿੱਤੀ। (ਮੱਤੀ 28:19, 20) ਵਾਕਈ ਯਿਸੂ ਨੂੰ ਉਨ੍ਹਾਂ ਉੱਤੇ ਬਹੁਤ ਭਰੋਸਾ ਸੀ। ਇਸ ਗੱਲ ਤੋਂ ਹੌਸਲਾ ਪਾ ਕੇ ਉਹ ਇਸ ਕੰਮ ਨੂੰ ਪੂਰਾ ਕਰ ਸਕੇ।

      19 ਜੇ ਪਰਮੇਸ਼ੁਰ ਦੇ ਪੁੱਤਰ ਨੇ ਆਪਣੇ ਚੇਲਿਆਂ ਨਾਲ ਇੰਨਾ ਧੀਰਜ ਦਿਖਾਇਆ, ਤਾਂ ਕੀ ਸਾਨੂੰ ਪਾਪੀ ਇਨਸਾਨਾਂ ਨੂੰ ਇਕ-ਦੂਜੇ ਨਾਲ ਧੀਰਜ ਨਾਲ ਪੇਸ਼ ਨਹੀਂ ਆਉਣਾ ਚਾਹੀਦਾ? (ਫ਼ਿਲਿੱਪੀਆਂ 4:5) ਸਾਨੂੰ ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ ਵੱਲ ਧਿਆਨ ਦੇਣ ਦੀ ਬਜਾਇ ਉਨ੍ਹਾਂ ਦੀਆਂ ਖੂਬੀਆਂ ਦੇਖਣੀਆਂ ਚਾਹੀਦੀਆਂ ਹਨ। ਯਾਦ ਰੱਖੋ ਕਿ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਿਆ ਹੈ। (ਯੂਹੰਨਾ 6:44) ਉਸ ਨੇ ਜ਼ਰੂਰ ਉਨ੍ਹਾਂ ਵਿਚ ਕੁਝ ਚੰਗਾ ਦੇਖਿਆ ਹੋਣਾ। ਸਾਨੂੰ ਵੀ ਯਹੋਵਾਹ ਤੇ ਯਿਸੂ ਦੀ ਰੀਸ ਕਰਦਿਆਂ ਦੂਜਿਆਂ ਵਿਚ ਚੰਗੇ ਗੁਣ ਦੇਖਣੇ ਚਾਹੀਦੇ ਹਨ। ਫਿਰ ਅਸੀਂ ‘ਉਨ੍ਹਾਂ ਦੀਆਂ ਗ਼ਲਤੀਆਂ ਨੂੰ ਮਾਫ਼’ ਕਰ ਕੇ ਉਨ੍ਹਾਂ ਦੇ ਚੰਗੇ ਕੰਮਾਂ ਦੀ ਤਾਰੀਫ਼ ਕਰਾਂਗੇ। (ਕਹਾਉਤਾਂ 19:11, CL) ਇੱਦਾਂ ਕਰਨ ਨਾਲ ਭੈਣਾਂ-ਭਰਾਵਾਂ ਦਾ ਹੌਸਲਾ ਵਧੇਗਾ ਅਤੇ ਉਹ ਪੂਰੀ ਵਾਹ ਲਾ ਕੇ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨਗੇ।—1 ਥੱਸਲੁਨੀਕੀਆਂ 5:11.

      20. ਅਸੀਂ ਯਿਸੂ ਦੀਆਂ ਸਿੱਖਿਆਵਾਂ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ ਅਤੇ ਇੱਦਾਂ ਕਰਨ ਦਾ ਕੀ ਫ਼ਾਇਦਾ ਹੋਵੇਗਾ?

      20 ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਬਾਈਬਲ ਵਿਚ ਜੋ ਲਿਖਿਆ ਹੈ ਉਹ ਸਾਡੇ ਲਈ ਅਨਮੋਲ ਖ਼ਜ਼ਾਨਾ ਹੈ! ਅਸੀਂ ਇਸ ਕੀਮਤੀ ਖ਼ਜ਼ਾਨੇ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ? ਯਿਸੂ ਨੇ ਆਪਣੇ ਉਪਦੇਸ਼ ਦੇ ਅਖ਼ੀਰ ਵਿਚ ਲੋਕਾਂ ਨੂੰ ਕਿਹਾ ਕਿ ਉਹ ਉਸ ਦੀਆਂ ਗੱਲਾਂ ਨੂੰ ਸੁਣਨ ਦੇ ਨਾਲ-ਨਾਲ ਉਨ੍ਹਾਂ ਉੱਤੇ ਚੱਲਣ ਵੀ। (ਮੱਤੀ 7:24-27) ਹਾਂ, ਸਾਨੂੰ ਆਪਣੀ ਸੋਚ, ਆਪਣੇ ਇਰਾਦੇ ਤੇ ਕੰਮਾਂ ਨੂੰ ਯਿਸੂ ਦੀਆਂ ਸਿੱਖਿਆਵਾਂ ਤੇ ਕੰਮਾਂ ਮੁਤਾਬਕ ਢਾਲਣ ਦੀ ਲੋੜ ਹੈ। ਇਹੀ ਅਕਲਮੰਦੀ ਦੀ ਗੱਲ ਹੈ ਕਿਉਂਕਿ ਇੱਦਾਂ ਕਰਨ ਨਾਲ ਅਸੀਂ ਨਾ ਸਿਰਫ਼ ਅੱਜ ਸੁਖੀ ਰਹਾਂਗੇ, ਸਗੋਂ ਆਉਣ ਵਾਲੇ ਸਮੇਂ ਵਿਚ ਹਮੇਸ਼ਾ ਦੀ ਜ਼ਿੰਦਗੀ ਵੀ ਪਾਵਾਂਗੇ।—ਮੱਤੀ 7:13, 14.

      a ਯਿਸੂ ਦਾ ਇਹ ਸਭ ਤੋਂ ਮਸ਼ਹੂਰ ਉਪਦੇਸ਼ ਮੱਤੀ 5:3–7:27 ਵਿਚ ਪਾਇਆ ਜਾਂਦਾ ਹੈ। ਇਸ ਵਿਚ 107 ਆਇਤਾਂ ਹਨ ਅਤੇ ਯਿਸੂ ਨੇ ਇਹ ਸ਼ਾਇਦ 20 ਕੁ ਮਿੰਟਾਂ ਵਿਚ ਦਿੱਤਾ ਹੋਣਾ।

      b ਯਿਸੂ ਦੇ ਬਪਤਿਸਮੇ ਸਮੇਂ “ਆਕਾਸ਼ ਖੁੱਲ੍ਹ ਗਿਆ” ਅਤੇ ਉਸ ਵੇਲੇ ਉਸ ਨੂੰ ਸਵਰਗ ਵਿਚ ਗੁਜ਼ਾਰੀ ਆਪਣੀ ਜ਼ਿੰਦਗੀ ਯਾਦ ਆ ਗਈ।—ਮੱਤੀ 3:13-17.

      ਤੁਸੀਂ ਯਿਸੂ ਦੇ ਪਿੱਛੇ-ਪਿੱਛੇ ਕਿਵੇਂ ਚੱਲ ਸਕਦੇ ਹੋ?

      • ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਭੈਣ ਜਾਂ ਭਰਾ ਨੂੰ ਨਾਰਾਜ਼ ਕੀਤਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?—ਮੱਤੀ 5:23, 24.

      • ਜੇ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਹੈ ਜਾਂ ਤੁਹਾਨੂੰ ਖਿਝਾਉਂਦਾ ਹੈ, ਤਾਂ ਸਮਝਦਾਰੀ ਨਾਲ ਜਵਾਬ ਦੇਣ ਵਿਚ ਯਿਸੂ ਦੀ ਸਲਾਹ ਤੁਹਾਡੀ ਮਦਦ ਕਿਵੇਂ ਕਰ ਸਕਦੀ ਹੈ?—ਮੱਤੀ 5:38-42.

      • ਯਿਸੂ ਦੇ ਸ਼ਬਦਾਂ ਉੱਤੇ ਸੋਚ-ਵਿਚਾਰ ਕਰਨ ਨਾਲ ਤੁਹਾਨੂੰ ਧਨ-ਦੌਲਤ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਮਦਦ ਕਿਵੇਂ ਮਿਲ ਸਕਦੀ ਹੈ?—ਮੱਤੀ 6:24-34.

      • ਯਿਸੂ ਦੀ ਰੀਸ ਕਰ ਕੇ ਤੁਸੀਂ ਜ਼ਿੰਦਗੀ ਵਿਚ ਜ਼ਰੂਰੀ ਕੰਮਾਂ ਨੂੰ ਪਹਿਲ ਕਿਵੇਂ ਦੇ ਸਕਦੇ ਹੋ?—ਲੂਕਾ 4:43; ਯੂਹੰਨਾ 4:34.

  • ‘ਉਸ ਨੇ ਆਗਿਆਕਾਰੀ ਸਿੱਖੀ’
    ‘ਆਓ ਮੇਰੇ ਚੇਲੇ ਬਣੋ’
    • ਅਧਿਆਇ 6

      ‘ਉਸ ਨੇ ਆਗਿਆਕਾਰੀ ਸਿੱਖੀ’

      1, 2. ਆਪਣੇ ਬੇਟੇ ਨੂੰ ਕਹਿਣਾ ਮੰਨਦੇ ਹੋਏ ਦੇਖ ਕੇ ਇਕ ਪਿਤਾ ਨੂੰ ਖ਼ੁਸ਼ੀ ਕਿਉਂ ਹੁੰਦੀ ਹੈ ਅਤੇ ਯਹੋਵਾਹ ਉਸ ਪਿਤਾ ਵਰਗਾ ਕਿਵੇਂ ਹੈ?

      ਇਕ ਪਿਤਾ ਆਪਣੇ ਬੇਟੇ ਨੂੰ ਆਪਣੇ ਦੋਸਤਾਂ ਨਾਲ ਘਰ ਦੇ ਸਾਮ੍ਹਣੇ ਖੇਡਦੇ ਹੋਏ ਦੇਖਦਾ ਹੈ। ਅਚਾਨਕ ਉਨ੍ਹਾਂ ਦੀ ਗੇਂਦ ਸੜਕ ʼਤੇ ਚੱਲੀ ਜਾਂਦੀ ਹੈ ਅਤੇ ਮੁੰਡੇ ਦਾ ਦੋਸਤ ਉਸ ਨੂੰ ਭੱਜ ਕੇ ਗੇਂਦ ਲਿਆਉਣ ਲਈ ਕਹਿੰਦਾ ਹੈ। ਮੁੰਡਾ ਜਾਣਾ ਤਾਂ ਚਾਹੁੰਦਾ ਹੈ, ਪਰ ਜਾਂਦਾ ਨਹੀਂ। ਉਹ ਕਹਿੰਦਾ ਹੈ: “ਮੇਰੇ ਪਾਪਾ ਨੇ ਮੈਨੂੰ ਸੜਕ ʼਤੇ ਜਾਣ ਤੋਂ ਮਨ੍ਹਾ ਕੀਤਾ ਹੈ।” ਇਹ ਦੇਖ ਕੇ ਪਿਤਾ ਮੁਸਕਰਾਉਂਦਾ ਹੈ।

      2 ਮੁੰਡੇ ਨੂੰ ਨਹੀਂ ਪਤਾ ਕਿ ਉਸ ਦਾ ਪਿਤਾ ਉਸ ਨੂੰ ਦੇਖ ਰਿਹਾ ਹੈ। ਪਰ ਪਿਤਾ ਇਹ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੈ ਕਿ ਉਸ ਦਾ ਬੇਟਾ ਕਹਿਣਾ ਮੰਨਣਾ ਸਿੱਖ ਰਿਹਾ ਹੈ ਕਿਉਂਕਿ ਇਸ ਵਿਚ ਉਸ ਦਾ ਹੀ ਭਲਾ ਹੈ। ਇਸੇ ਤਰ੍ਹਾਂ ਸਾਡਾ ਸਵਰਗੀ ਪਿਤਾ ਯਹੋਵਾਹ ਵੀ ਸਾਡਾ ਭਲਾ ਚਾਹੁੰਦਾ ਹੈ। ਉਹ ਜਾਣਦਾ ਹੈ ਕਿ ਇਸ ਦੁਨੀਆਂ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਉਸ ʼਤੇ ਭਰੋਸਾ ਰੱਖਣ ਤੇ ਉਸ ਦਾ ਕਹਿਣਾ ਮੰਨਣ ਦੀ ਲੋੜ ਹੈ। (ਕਹਾਉਤਾਂ 3:5, 6) ਸਾਡੀ ਮਦਦ ਲਈ ਉਸ ਨੇ ਸਾਨੂੰ ਸਭ ਤੋਂ ਵਧੀਆ ਸਿੱਖਿਅਕ ਦਿੱਤਾ ਹੈ।

      3, 4. ਮਿਸਾਲ ਦੇ ਕੇ ਸਮਝਾਓ ਕਿ ਯਿਸੂ ‘ਆਗਿਆਕਾਰੀ ਸਿੱਖ’ ਕੇ “ਪੂਰੀ ਤਰ੍ਹਾਂ ਕਾਬਲ” ਕਿਵੇਂ ਬਣਿਆ।

      3 ਬਾਈਬਲ ਯਿਸੂ ਬਾਰੇ ਕਹਿੰਦੀ ਹੈ: “ਭਾਵੇਂ ਉਹ ਪਰਮੇਸ਼ੁਰ ਦਾ ਪੁੱਤਰ ਸੀ, ਫਿਰ ਵੀ ਉਸ ਨੇ ਜਿਹੜੇ ਦੁੱਖ ਝੱਲੇ, ਉਨ੍ਹਾਂ ਤੋਂ ਆਗਿਆਕਾਰੀ ਸਿੱਖੀ; ਅਤੇ ਜਦੋਂ ਉਹ ਪੂਰੀ ਤਰ੍ਹਾਂ ਕਾਬਲ ਬਣ ਗਿਆ, ਤਾਂ ਉਸ ਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਹਮੇਸ਼ਾ ਦੀ ਮੁਕਤੀ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਜਿਹੜੇ ਉਸ ਦੀ ਆਗਿਆ ਮੰਨਦੇ ਹਨ।” (ਇਬਰਾਨੀਆਂ 5:8, 9) ਯਿਸੂ ਨੇ ਸਵਰਗ ਵਿਚ ਅਰਬਾਂ-ਖਰਬਾਂ ਸਾਲ ਬਿਤਾਏ ਸਨ। ਉੱਥੇ ਉਸ ਨੇ ਸ਼ੈਤਾਨ ਅਤੇ ਉਸ ਦੇ ਸਾਥੀ ਦੂਤਾਂ ਨੂੰ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰਦਿਆਂ ਦੇਖਿਆ ਸੀ, ਪਰ ਉਸ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਯਿਸੂ ਬਾਰੇ ਲਿਖਿਆ ਗਿਆ ਸੀ: ‘ਮੈਂ ਆਕੀ [ਯਾਨੀ ਬਾਗ਼ੀ] ਨਹੀਂ ਹੋਇਆ।’ (ਯਸਾਯਾਹ 50:5) ਤਾਂ ਫਿਰ, ਜਦ ਉਹ ਪਹਿਲਾਂ ਹੀ ਪਰਮੇਸ਼ੁਰ ਦੇ ਕਹਿਣੇਕਾਰ ਸੀ, ਤਾਂ ਉਸ ਨੇ ‘ਆਗਿਆਕਾਰੀ ਕਿਵੇਂ ਸਿੱਖੀ’ ਅਤੇ ਉਹ “ਪੂਰੀ ਤਰ੍ਹਾਂ ਕਾਬਲ” ਕਿਵੇਂ ਬਣਿਆ?

      4 ਜ਼ਰਾ ਇਸ ਮਿਸਾਲ ʼਤੇ ਗੌਰ ਕਰੋ। ਇਕ ਸਿਪਾਹੀ ਕੋਲ ਤਲਵਾਰ ਹੈ। ਭਾਵੇਂ ਕਿ ਤਲਵਾਰ ਨੂੰ ਬਹੁਤ ਵਧੀਆ ਢੰਗ ਨਾਲ ਬਣਾਇਆ ਗਿਆ ਹੈ, ਪਰ ਇਸ ਨੂੰ ਲੜਾਈ ਵਿਚ ਕਦੇ ਅਜ਼ਮਾਇਆ ਨਹੀਂ ਗਿਆ। ਇਸ ਦੇ ਬਦਲੇ ਸਿਪਾਹੀ ਇਕ ਹੋਰ ਜ਼ਿਆਦਾ ਮਜ਼ਬੂਤ ਤਲਵਾਰ ਲੈਂਦਾ ਹੈ ਜਿਸ ਨਾਲ ਕਈ ਲੜਾਈਆਂ ਲੜੀਆਂ ਗਈਆਂ ਹਨ। ਕੀ ਤਲਵਾਰ ਬਦਲ ਕੇ ਉਸ ਨੇ ਠੀਕ ਕੀਤਾ? ਬਿਲਕੁਲ। ਇਸੇ ਤਰ੍ਹਾਂ ਸਵਰਗ ਵਿਚ ਯਿਸੂ ਆਪਣੇ ਪਿਤਾ ਦੇ ਪ੍ਰਤੀ ਹਰ ਗੱਲ ਵਿਚ ਪੂਰੀ ਤਰ੍ਹਾਂ ਆਗਿਆਕਾਰ ਸੀ। ਪਰ ਜਦੋਂ ਉਹ ਇਨਸਾਨ ਦੇ ਰੂਪ ਵਿਚ ਧਰਤੀ ʼਤੇ ਆਇਆ, ਤਾਂ ਉਸ ਦੀ ਆਗਿਆਕਾਰੀ ਹੋਰ ਚੰਗੀ ਤਰ੍ਹਾਂ ਅਜ਼ਮਾਈ ਗਈ। ਸਵਰਗ ਵਿਚ ਉਸ ਨੇ ਉਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਦੇ ਨਹੀਂ ਸੀ ਕੀਤਾ ਜਿਨ੍ਹਾਂ ਦਾ ਉਸ ਨੂੰ ਧਰਤੀ ʼਤੇ ਕਰਨਾ ਪਿਆ। ਇਸ ਲਈ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਅਜ਼ਮਾਇਸ਼ਾਂ ਤੋਂ ਉਸ ਨੇ ਆਗਿਆਕਾਰੀ ਸਿੱਖੀ।

      5. ਯਿਸੂ ਲਈ ਆਗਿਆਕਾਰ ਰਹਿਣਾ ਇੰਨਾ ਜ਼ਰੂਰੀ ਕਿਉਂ ਸੀ ਅਤੇ ਅਸੀਂ ਇਸ ਅਧਿਆਇ ਵਿਚ ਕੀ ਸਿੱਖਾਂਗੇ?

      5 ਜਦੋਂ ਯਿਸੂ ਧਰਤੀ ʼਤੇ ਆਇਆ, ਤਾਂ ਉਸ ਲਈ ਆਗਿਆਕਾਰ ਰਹਿਣਾ ਬੇਹੱਦ ਜ਼ਰੂਰੀ ਸੀ। ਪਹਿਲਾ ਆਦਮ ਆਗਿਆਕਾਰ ਨਹੀਂ ਰਿਹਾ, ਪਰ “ਆਖ਼ਰੀ ਆਦਮ” ਯਿਸੂ ਅਜ਼ਮਾਇਸ਼ਾਂ ਦੌਰਾਨ ਵੀ ਯਹੋਵਾਹ ਪਰਮੇਸ਼ੁਰ ਦੇ ਆਗਿਆਕਾਰ ਰਿਹਾ। (1 ਕੁਰਿੰਥੀਆਂ 15:45) ਉਸ ਨੇ ਆਪਣੇ ਪਿਤਾ ਦਾ ਕਹਿਣਾ ਸਿਰਫ਼ ਆਪਣਾ ਫ਼ਰਜ਼ ਸਮਝ ਕੇ ਨਹੀਂ ਮੰਨਿਆ, ਸਗੋਂ ਉਸ ਨੇ ਆਪਣੇ ਪੂਰੇ ਦਿਲ, ਆਪਣੀ ਪੂਰੀ ਜਾਨ ਅਤੇ ਆਪਣੀ ਪੂਰੀ ਸਮਝ ਨਾਲ ਇੱਦਾਂ ਖ਼ੁਸ਼ੀ-ਖ਼ੁਸ਼ੀ ਕੀਤਾ। ਉਸ ਲਈ ਆਪਣੇ ਪਿਤਾ ਦੀ ਇੱਛਾ ਪੂਰੀ ਕਰਨੀ ਭੋਜਨ ਨਾਲੋਂ ਵੀ ਜ਼ਿਆਦਾ ਜ਼ਰੂਰੀ ਸੀ! (ਯੂਹੰਨਾ 4:34) ਤਾਂ ਫਿਰ ਯਿਸੂ ਵਾਂਗ ਆਗਿਆਕਾਰ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਆਓ ਆਪਾਂ ਪਹਿਲਾਂ ਇਹ ਦੇਖੀਏ ਕਿ ਯਿਸੂ ਆਗਿਆਕਾਰ ਕਿਉਂ ਸੀ। ਕਿਉਂਕਿ ਉਸ ਦੀ ਰੀਸ ਕਰ ਕੇ ਅਸੀਂ ਵੀ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਸਕਾਂਗੇ। ਫਿਰ ਅਸੀਂ ਇਹ ਵੀ ਦੇਖਾਂਗੇ ਕਿ ਯਿਸੂ ਵਾਂਗ ਆਗਿਆਕਾਰ ਬਣ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ।

      ਯਿਸੂ ਆਗਿਆਕਾਰ ਕਿਉਂ ਸੀ

      6, 7. ਯਿਸੂ ਆਗਿਆਕਾਰ ਕਿਉਂ ਸੀ?

      6 ਤੀਜੇ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਯਿਸੂ ਦਿਲੋਂ ਨਿਮਰ ਸੀ। ਨਿਮਰਤਾ ਵਰਗੇ ਗੁਣਾਂ ਕਰਕੇ ਉਹ ਆਗਿਆਕਾਰ ਬਣ ਸਕਿਆ। ਇਕ ਘਮੰਡੀ ਇਨਸਾਨ ਕਿਸੇ ਦਾ ਕਹਿਣਾ ਮੰਨਣਾ ਪਸੰਦ ਨਹੀਂ ਕਰਦਾ, ਜਦ ਕਿ ਨਿਮਰ ਇਨਸਾਨ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦਾ ਕਹਿਣਾ ਮੰਨਦਾ ਹੈ। (ਕੂਚ 5:1, 2; 1 ਪਤਰਸ 5:5, 6) ਯਿਸੂ ਦੀ ਆਗਿਆਕਾਰੀ ਤੋਂ ਇਸ ਗੱਲ ਦਾ ਵੀ ਸਬੂਤ ਮਿਲਦਾ ਸੀ ਕਿ ਉਹ ਸਹੀ ਕੰਮਾਂ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਕਰਦਾ ਸੀ।

      7 ਪਰ ਉਹ ਖ਼ਾਸ ਕਰਕੇ ਇਸ ਲਈ ਆਗਿਆਕਾਰ ਸੀ ਕਿਉਂਕਿ ਉਹ ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਪਿਆਰ ਕਰਦਾ ਸੀ। ਅਸੀਂ ਇਸ ਬਾਰੇ ਤੇਰ੍ਹਵੇਂ ਅਧਿਆਇ ਵਿਚ ਹੋਰ ਗੱਲ ਕਰਾਂਗੇ। ਉਹ ਆਪਣੇ ਪਿਤਾ ਨੂੰ ਇੰਨਾ ਪਿਆਰ ਕਰਦਾ ਸੀ ਅਤੇ ਉਸ ਲਈ ਇੰਨੀ ਸ਼ਰਧਾ ਰੱਖਦਾ ਸੀ ਕਿ ਉਹ ਉਸ ਨੂੰ ਕਦੇ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਹਾਂ, ਉਹ ਪਰਮੇਸ਼ੁਰ ਦਾ ਡਰ ਰੱਖਦਾ ਸੀ ਜਿਸ ਕਰਕੇ ਉਸ ਦੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ। (ਇਬਰਾਨੀਆਂ 5:7) ਭਾਵੇਂ ਯਿਸੂ ਹੁਣ ਸਵਰਗ ਵਿਚ ਰਾਜਾ ਹੈ, ਫਿਰ ਵੀ ਉਹ ਯਹੋਵਾਹ ਦਾ ਡਰ ਰੱਖਦਾ ਹੈ।—ਯਸਾਯਾਹ 11:3.

      ਸਫ਼ਾ 68 ਉੱਤੇ ਤਸਵੀਰ

      ਕੀ ਮਨੋਰੰਜਨ ਦੀ ਤੁਹਾਡੀ ਚੋਣ ਤੋਂ ਜ਼ਾਹਰ ਹੁੰਦਾ ਹੈ ਕਿ ਤੁਸੀਂ ਬੁਰਾਈ ਨਾਲ ਨਫ਼ਰਤ ਕਰਦੇ ਹੋ?

      8, 9. ਯਿਸੂ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ ਅਤੇ ਇਸ ਨੂੰ ਪੂਰਾ ਕਰਦਿਆਂ ਉਸ ਨੇ ਆਪਣੇ ਜਜ਼ਬਾਤ ਕਿਵੇਂ ਜ਼ਾਹਰ ਕੀਤੇ?

      8 ਯਹੋਵਾਹ ਨੂੰ ਪਿਆਰ ਕਰਨ ਵਾਲਾ ਇਨਸਾਨ ਉਨ੍ਹਾਂ ਗੱਲਾਂ ਨਾਲ ਨਫ਼ਰਤ ਕਰਦਾ ਹੈ ਜਿਨ੍ਹਾਂ ਨਾਲ ਯਹੋਵਾਹ ਨਫ਼ਰਤ ਕਰਦਾ ਹੈ। ਮਿਸਾਲ ਲਈ, ਇਸ ਭਵਿੱਖਬਾਣੀ ʼਤੇ ਗੌਰ ਕਰੋ ਜੋ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਬਾਰੇ ਦੱਸਦੀ ਹੈ: “ਤੈਂ ਧਰਮ ਦੇ ਨਾਲ ਪ੍ਰੇਮ, ਅਤੇ ਬਦੀ ਦੇ ਨਾਲ ਵੈਰ ਰੱਖਿਆ ਹੈ, ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ, ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ।” (ਜ਼ਬੂਰਾਂ ਦੀ ਪੋਥੀ 45:7) ਜਦੋਂ ਯਿਸੂ ਨੂੰ ਰਾਜੇ ਵਜੋਂ ਚੁਣਿਆ ਗਿਆ ਸੀ, ਤਾਂ ਉਸ ਨੂੰ ਆਪਣੇ “ਸਾਥੀਆਂ” ਯਾਨੀ ਰਾਜਾ ਦਾਊਦ ਦੀ ਪੀੜ੍ਹੀ ਵਿੱਚੋਂ ਆਏ ਹੋਰ ਸਾਰੇ ਰਾਜਿਆਂ ਨਾਲੋਂ ਜ਼ਿਆਦਾ ਖ਼ੁਸ਼ੀ ਮਿਲੀ ਸੀ। ਕਿਉਂ? ਕਿਉਂਕਿ ਉਸ ਨੂੰ ਉਨ੍ਹਾਂ ਨਾਲੋਂ ਕਿਤੇ ਵੱਡਾ ਇਨਾਮ ਮਿਲਿਆ ਹੈ ਅਤੇ ਉਸ ਦੇ ਰਾਜ ਦੌਰਾਨ ਲੋਕਾਂ ਨੂੰ ਬੇਹੱਦ ਬਰਕਤਾਂ ਮਿਲਣਗੀਆਂ। ਉਸ ਨੂੰ ਇਹ ਇਨਾਮ ਇਸ ਲਈ ਮਿਲਿਆ ਕਿਉਂਕਿ ਉਸ ਨੇ ਧਾਰਮਿਕਤਾ ਨਾਲ ਪਿਆਰ ਤੇ ਬੁਰਾਈ ਨਾਲ ਨਫ਼ਰਤ ਕਰ ਕੇ ਹਰ ਗੱਲ ਵਿਚ ਪਰਮੇਸ਼ੁਰ ਦਾ ਕਹਿਣਾ ਮੰਨਿਆ।

      9 ਯਿਸੂ ਦੇ ਜਜ਼ਬਾਤਾਂ ਤੋਂ ਕਿਵੇਂ ਜ਼ਾਹਰ ਹੋਇਆ ਕਿ ਉਸ ਨੇ ਧਾਰਮਿਕਤਾ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਕੀਤੀ? ਜਦ ਉਸ ਦੇ ਚੇਲਿਆਂ ਨੇ ਉਸ ਦੀਆਂ ਹਿਦਾਇਤਾਂ ਮੰਨ ਕੇ ਪ੍ਰਚਾਰ ਵਿਚ ਵਧੀਆ ਨਤੀਜੇ ਹਾਸਲ ਕੀਤੇ, ਤਾਂ ਉਹ ਬਹੁਤ ਖ਼ੁਸ਼ ਹੋਇਆ। (ਲੂਕਾ 10:1, 17, 21) ਪਰ ਇਸ ਤੋਂ ਉਲਟ ਜਦ ਯਰੂਸ਼ਲਮ ਦੇ ਲੋਕਾਂ ਨੇ ਵਾਰ-ਵਾਰ ਅਣਆਗਿਆਕਾਰੀ ਕੀਤੀ ਤੇ ਉਸ ਦੀ ਮਦਦ ਠੁਕਰਾਈ, ਤਾਂ ਉਹ ਦੁਖੀ ਹੋ ਕੇ ਰੋਇਆ। (ਲੂਕਾ 19:41, 42) ਹਾਂ, ਲੋਕਾਂ ਦੇ ਚੰਗੇ ਅਤੇ ਮਾੜੇ ਕੰਮਾਂ ਦਾ ਉਸ ਦੇ ਦਿਲ ʼਤੇ ਗਹਿਰਾ ਅਸਰ ਪਿਆ।

      10. ਸਾਨੂੰ ਚੰਗੇ ਅਤੇ ਬੁਰੇ ਕੰਮਾਂ ਬਾਰੇ ਕਿਹੋ ਜਿਹਾ ਰਵੱਈਆ ਰੱਖਣਾ ਚਾਹੀਦਾ ਹੈ ਅਤੇ ਇੱਦਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

      10 ਭਾਵੇਂ ਅਸੀਂ ਗ਼ਲਤੀਆਂ ਦੇ ਪੁਤਲੇ ਹਾਂ, ਫਿਰ ਵੀ ਅਸੀਂ ਯਹੋਵਾਹ ਤੇ ਯਿਸੂ ਵਾਂਗ ਆਪਣੇ ਦਿਲ ਵਿਚ ਚੰਗੇ ਕੰਮਾਂ ਲਈ ਪਿਆਰ ਅਤੇ ਬੁਰੇ ਕੰਮਾਂ ਲਈ ਨਫ਼ਰਤ ਪੈਦਾ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਲਈ ਸਾਨੂੰ ਪ੍ਰਾਰਥਨਾ ਦੇ ਜ਼ਰੀਏ ਯਹੋਵਾਹ ਕੋਲੋਂ ਮਦਦ ਮੰਗਣ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 51:10) ਨਾਲੇ ਜੋ ਚੀਜ਼ਾਂ ਸਾਡੇ ਨੇਕ ਇਰਾਦਿਆਂ ਨੂੰ ਕਮਜ਼ੋਰ ਕਰ ਸਕਦੀਆਂ ਹਨ, ਸਾਨੂੰ ਉਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਮਿਸਾਲ ਲਈ, ਸਾਨੂੰ ਸੋਚ-ਸਮਝ ਕੇ ਮਨੋਰੰਜਨ ਅਤੇ ਦੋਸਤਾਂ-ਮਿੱਤਰਾਂ ਦੀ ਚੋਣ ਕਰਨੀ ਚਾਹੀਦੀ ਹੈ। (ਕਹਾਉਤਾਂ 13:20; ਫ਼ਿਲਿੱਪੀਆਂ 4:8) ਯਿਸੂ ਦੀ ਮਿਸਾਲ ʼਤੇ ਸੋਚ-ਵਿਚਾਰ ਕਰ ਕੇ ਖ਼ੁਦ ਨੂੰ ਪੁੱਛੋ: ‘ਮੈਂ ਯਹੋਵਾਹ ਦਾ ਕਹਿਣਾ ਕਿਉਂ ਮੰਨਦਾ ਹਾਂ?’ ਜੇ ਅਸੀਂ ਉਸ ਵਰਗਾ ਰਵੱਈਆ ਪੈਦਾ ਕਰਾਂਗੇ, ਤਾਂ ਅਸੀਂ ਆਗਿਆਕਾਰ ਹੋਣ ਦਾ ਦਿਖਾਵਾ ਨਹੀਂ ਕਰਾਂਗੇ। ਅਸੀਂ ਸਹੀ ਕੰਮ ਇਸ ਲਈ ਕਰਾਂਗੇ ਕਿਉਂਕਿ ਅਸੀਂ ਦਿਲੋਂ ਕਰਨੇ ਚਾਹੁੰਦੇ ਹਾਂ। ਨਾਲੇ ਅਸੀਂ ਗ਼ਲਤ ਕੰਮਾਂ ਤੋਂ ਸਜ਼ਾ ਦੇ ਡਰੋਂ ਨਹੀਂ, ਸਗੋਂ ਇਸ ਕਰਕੇ ਦੂਰ ਰਹਾਂਗੇ ਕਿਉਂਕਿ ਅਸੀਂ ਇਨ੍ਹਾਂ ਨਾਲ ਨਫ਼ਰਤ ਕਰਦੇ ਹਾਂ।

      “ਉਸ ਨੇ ਕੋਈ ਪਾਪ ਨਹੀਂ ਕੀਤਾ”

      11, 12. (ੳ) ਯਿਸੂ ਦੀ ਸੇਵਕਾਈ ਦੇ ਸ਼ੁਰੂ ਵਿਚ ਕੀ ਹੋਇਆ? (ਅ) ਸ਼ੈਤਾਨ ਨੇ ਚਲਾਕੀ ਨਾਲ ਯਿਸੂ ਨੂੰ ਕਿਵੇਂ ਭਰਮਾਉਣ ਦੀ ਕੋਸ਼ਿਸ਼ ਕੀਤੀ?

      11 ਯਿਸੂ ਨੇ ਆਪਣੀ ਸੇਵਕਾਈ ਦੇ ਸ਼ੁਰੂ ਵਿਚ ਹੀ ਦਿਖਾਇਆ ਕਿ ਉਸ ਨੂੰ ਪਾਪ ਨਾਲ ਬੇਹੱਦ ਨਫ਼ਰਤ ਸੀ। ਆਪਣੇ ਬਪਤਿਸਮੇ ਤੋਂ ਬਾਅਦ ਉਸ ਨੇ ਚਾਲੀ ਦਿਨ ਉਜਾੜ ਵਿਚ ਬਿਤਾਏ ਜਿੱਥੇ ਉਸ ਨੇ ਕੁਝ ਨਹੀਂ ਖਾਧਾ। ਫਿਰ ਸ਼ੈਤਾਨ ਉਸ ਦੀ ਪਰੀਖਿਆ ਲੈਣ ਆਇਆ। ਧਿਆਨ ਦਿਓ ਕਿ ਉਸ ਨੇ ਕਿੰਨੀ ਚਲਾਕੀ ਨਾਲ ਯਿਸੂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ।—ਮੱਤੀ 4:1-11.

      12 ਸ਼ੈਤਾਨ ਨੇ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇਨ੍ਹਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾਣ।” (ਮੱਤੀ 4:3) ਚਾਲੀ ਦਿਨ ਵਰਤ ਰੱਖਣ ਤੋਂ ਬਾਅਦ ਜ਼ਰਾ ਯਿਸੂ ਦੀ ਹਾਲਤ ਬਾਰੇ ਸੋਚੋ। ਬਾਈਬਲ ਕਹਿੰਦੀ ਹੈ ਕਿ “ਉਸ ਨੂੰ ਭੁੱਖ ਲੱਗੀ।” (ਮੱਤੀ 4:2) ਸ਼ੈਤਾਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਲਈ ਉਸ ਨੇ ਜਾਣ-ਬੁੱਝ ਕੇ ਉਸ ਦੀ ਕਮਜ਼ੋਰ ਹਾਲਤ ਦਾ ਫ਼ਾਇਦਾ ਉਠਾਇਆ। ਗੌਰ ਕਰੋ ਕਿ ਸ਼ੈਤਾਨ ਨੇ ਕਿੰਨੀ ਮੱਕਾਰੀ ਨਾਲ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।” ਉਹ ਜਾਣਦਾ ਸੀ ਕਿ ਯਿਸੂ “ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ” ਸੀ। (ਕੁਲੁੱਸੀਆਂ 1:15) ਯਿਸੂ ਸ਼ੈਤਾਨ ਦੇ ਬਹਿਕਾਵੇ ਵਿਚ ਨਹੀਂ ਆਇਆ। ਉਸ ਨੂੰ ਪਤਾ ਸੀ ਕਿ ਪਵਿੱਤਰ ਸ਼ਕਤੀ ਨੂੰ ਆਪਣੇ ਫ਼ਾਇਦੇ ਲਈ ਵਰਤਣਾ ਗ਼ਲਤ ਸੀ ਅਤੇ ਪਰਮੇਸ਼ੁਰ ਦੀ ਮਰਜ਼ੀ ਦੇ ਖ਼ਿਲਾਫ਼ ਸੀ। ਇਸ ਸ਼ਕਤੀ ਦਾ ਗ਼ਲਤ ਇਸਤੇਮਾਲ ਕਰਨ ਦੀ ਬਜਾਇ, ਉਸ ਨੇ ਨਿਮਰਤਾ ਨਾਲ ਇਹ ਗੱਲ ਮੰਨੀ ਕਿ ਯਹੋਵਾਹ ਉਸ ਦੀ ਹਰ ਲੋੜ ਪੂਰੀ ਕਰੇਗਾ।—ਮੱਤੀ 4:4.

      13-15. (ੳ) ਸ਼ੈਤਾਨ ਨੇ ਯਿਸੂ ਨੂੰ ਹੋਰ ਕਿਵੇਂ ਭਰਮਾਉਣ ਦੀ ਕੋਸ਼ਿਸ਼ ਕੀਤੀ ਅਤੇ ਯਿਸੂ ਨੇ ਉਸ ਨੂੰ ਕੀ ਜਵਾਬ ਦਿੱਤਾ? (ਅ) ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਨੂੰ ਸ਼ੈਤਾਨ ਤੋਂ ਹਰ ਵੇਲੇ ਸਾਵਧਾਨ ਰਹਿਣਾ ਪਿਆ?

      13 ਇਸ ਤੋਂ ਬਾਅਦ ਸ਼ੈਤਾਨ ਨੇ ਯਿਸੂ ਨੂੰ ਲੈ ਜਾ ਕੇ ਮੰਦਰ ਦੀ ਇਕ ਬਹੁਤ ਉੱਚੀ ਕੰਧ ਉੱਤੇ ਖੜ੍ਹਾ ਕੀਤਾ। ਫਿਰ ਸ਼ੈਤਾਨ ਨੇ ਪਰਮੇਸ਼ੁਰ ਦੇ ਬਚਨ ਨੂੰ ਚਲਾਕੀ ਨਾਲ ਤੋੜ-ਮਰੋੜ ਕੇ ਯਿਸੂ ਨੂੰ ਕਿਹਾ: ‘ਤੂੰ ਇੱਥੋਂ ਛਾਲ ਮਾਰ, ਦੂਤ ਤੈਨੂੰ ਬਚਾ ਲੈਣਗੇ।’ ਜ਼ਰਾ ਸੋਚੋ ਕਿ ਜੇ ਮੰਦਰ ਵਿਚ ਲੋਕ ਅਜਿਹਾ ਚਮਤਕਾਰ ਦੇਖ ਲੈਂਦੇ, ਤਾਂ ਕੀ ਉਹ ਯਕੀਨ ਨਾ ਕਰ ਲੈਂਦੇ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਹੈ? ਨਾਲੇ ਜੇ ਲੋਕ ਇਸ ਚਮਤਕਾਰ ਕਰਕੇ ਉਸ ਨੂੰ ਮਸੀਹ ਵਜੋਂ ਕਬੂਲ ਕਰ ਲੈਂਦੇ, ਤਾਂ ਕੀ ਯਿਸੂ ਨੇ ਦੁੱਖਾਂ ਅਤੇ ਮੁਸੀਬਤਾਂ ਤੋਂ ਬਚ ਨਹੀਂ ਸੀ ਜਾਣਾ? ਹਾਂ, ਸ਼ਾਇਦ। ਪਰ ਇਹ ਯਹੋਵਾਹ ਦੀ ਮਰਜ਼ੀ ਨਹੀਂ ਸੀ। ਯਹੋਵਾਹ ਚਾਹੁੰਦਾ ਸੀ ਕਿ ਯਿਸੂ ਨਿਮਰਤਾ ਨਾਲ ਆਪਣਾ ਕੰਮ ਕਰੇ, ਨਾ ਕਿ ਇਸ ਤਰ੍ਹਾਂ ਦੇ ਚਮਤਕਾਰ ਕਰ ਕੇ ਲੋਕਾਂ ਨੂੰ ਆਪਣੇ ਪਿੱਛੇ ਲਾਵੇ। (ਯਸਾਯਾਹ 42:1, 2) ਇਸ ਵਾਰ ਵੀ ਯਿਸੂ ਨੇ ਯਹੋਵਾਹ ਦਾ ਹੁਕਮ ਨਹੀਂ ਤੋੜਿਆ। ਉਸ ਨੂੰ ਵੱਡਾ ਨਾਂ ਖੱਟਣ ਦਾ ਕੋਈ ਲਾਲਚ ਨਹੀਂ ਸੀ।

      14 ਫਿਰ ਸ਼ੈਤਾਨ ਨੇ ਯਿਸੂ ਨੂੰ ਭਰਮਾਉਂਦਿਆਂ ਕਿਹਾ: ‘ਤੂੰ ਸਿਰਫ਼ ਇਕ ਵਾਰ ਮੈਨੂੰ ਮੱਥਾ ਟੇਕ, ਤਾਂ ਮੈਂ ਤੈਨੂੰ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਦੇ ਦਿਆਂਗਾ।’ ਕੀ ਯਿਸੂ ਨੇ ਇਕ ਪਲ ਲਈ ਵੀ ਸ਼ੈਤਾਨ ਦੀ ਇਸ ਪੇਸ਼ਕਸ਼ ਬਾਰੇ ਸੋਚਿਆ? ਕੀ ਉਹ ਤਾਕਤ ਦਾ ਭੁੱਖਾ ਸੀ? ਨਹੀਂ, ਯਿਸੂ ਨੇ ਸਾਫ਼-ਸਾਫ਼ ਕਿਹਾ: “ਹੇ ਸ਼ੈਤਾਨ ਮੇਰੇ ਤੋਂ ਦੂਰ ਹੋ ਜਾਹ, ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: ‘ਤੂੰ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਹੀ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।’” (ਮੱਤੀ 4:10) ਕੋਈ ਵੀ ਯਿਸੂ ਨੂੰ ਕਿਸੇ ਹੋਰ ਦੇਵਤੇ ਦੀ ਭਗਤੀ ਕਰਨ ਲਈ ਭਰਮਾ ਨਹੀਂ ਸੀ ਸਕਦਾ। ਨਾ ਹੀ ਕੋਈ ਉਸ ਨੂੰ ਤਾਕਤ ਜਾਂ ਸ਼ੌਹਰਤ ਦਾ ਲਾਲਚ ਦੇ ਕੇ ਪਰਮੇਸ਼ੁਰ ਦਾ ਹੁਕਮ ਤੋੜਨ ਲਈ ਬਹਿਕਾ ਸਕਦਾ ਸੀ।

      15 ਪਰ ਕੀ ਸ਼ੈਤਾਨ ਨੇ ਹਾਰ ਮੰਨ ਲਈ? ਉਹ ਯਿਸੂ ਦੇ ਕਹਿਣ ਤੇ ਚਲਾ ਤਾਂ ਗਿਆ, ਪਰ ਲੂਕਾ ਦੀ ਕਿਤਾਬ ਦੱਸਦੀ ਹੈ ਕਿ ਸ਼ੈਤਾਨ “ਉਸ ਨੂੰ ਦੁਬਾਰਾ ਪਰਖਣ ਲਈ ਕਿਸੇ ਹੋਰ ਮੌਕੇ ਦੀ ਉਡੀਕ ਕਰਨ ਲੱਗਾ।” (ਲੂਕਾ 4:13) ਯਿਸੂ ਦੀ ਜ਼ਿੰਦਗੀ ਦੇ ਆਖ਼ਰੀ ਪਲਾਂ ਤਕ ਸ਼ੈਤਾਨ ਉਸ ਨੂੰ ਪਰਖਣ ਦੇ ਮੌਕੇ ਲੱਭਦਾ ਰਿਹਾ। ਯਿਸੂ ਨੂੰ “ਹਰ ਤਰ੍ਹਾਂ ਪਰਖਿਆ ਗਿਆ” ਸੀ। (ਇਬਰਾਨੀਆਂ 4:15) ਇਸ ਲਈ ਉਸ ਨੂੰ ਹਮੇਸ਼ਾ ਸਾਵਧਾਨ ਰਹਿਣ ਦੀ ਲੋੜ ਸੀ। ਸਾਨੂੰ ਵੀ ਉਸ ਵਾਂਗ ਹਰ ਵੇਲੇ ਸਾਵਧਾਨ ਰਹਿਣ ਦੀ ਲੋੜ ਹੈ।

      16. ਅੱਜ ਸ਼ੈਤਾਨ ਪਰਮੇਸ਼ੁਰ ਦੇ ਸੇਵਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਿਵੇਂ ਕਰਦਾ ਹੈ ਅਤੇ ਅਸੀਂ ਉਸ ਦੇ ਫੰਦੇ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ?

      16 ਅੱਜ ਵੀ ਸ਼ੈਤਾਨ ਪਰਮੇਸ਼ੁਰ ਦੇ ਸੇਵਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਅਸੀਂ ਆਪਣੇ ਪਾਪੀ ਸੁਭਾਅ ਕਾਰਨ ਆਸਾਨੀ ਨਾਲ ਉਸ ਦਾ ਨਿਸ਼ਾਨਾ ਬਣ ਜਾਂਦੇ ਹਾਂ। ਸ਼ੈਤਾਨ ਨੂੰ ਪਤਾ ਹੈ ਕਿ ਇਨਸਾਨ ਖ਼ੁਦਗਰਜ਼, ਘਮੰਡੀ ਅਤੇ ਤਾਕਤ ਦੇ ਭੁੱਖੇ ਹੁੰਦੇ ਹਨ। ਇਸ ਲਈ ਧਨ-ਦੌਲਤ ਦਾ ਲਾਲਚ ਦੇ ਕੇ ਉਹ ਇਨ੍ਹਾਂ ਕਮੀਆਂ-ਕਮਜ਼ੋਰੀਆਂ ਦਾ ਫ਼ਾਇਦਾ ਉਠਾਉਂਦਾ ਹੈ। ਸੋ ਜ਼ਰੂਰੀ ਹੈ ਕਿ ਅਸੀਂ ਸਮੇਂ-ਸਮੇਂ ʼਤੇ ਖ਼ੁਦ ਦੀ ਜਾਂਚ ਕਰੀਏ। ਜ਼ਰਾ 1 ਯੂਹੰਨਾ 2:15-17 ਦੇ ਸ਼ਬਦਾਂ ʼਤੇ ਸੋਚ-ਵਿਚਾਰ ਕਰੋ। ਫਿਰ ਖ਼ੁਦ ਨੂੰ ਪੁੱਛੋ: ‘ਕੀ ਸਰੀਰ ਦੀ ਲਾਲਸਾ, ਦੁਨੀਆਂ ਦੀਆਂ ਚੀਜ਼ਾਂ ਨਾਲ ਪਿਆਰ ਅਤੇ ਆਪਣੀ ਧਨ-ਦੌਲਤ ਦਾ ਦਿਖਾਵਾ ਕਰਨ ਕਰਕੇ ਯਹੋਵਾਹ ਲਈ ਮੇਰਾ ਪਿਆਰ ਕਿਤੇ ਠੰਢਾ ਤਾਂ ਨਹੀਂ ਪੈ ਗਿਆ?’ ਯਾਦ ਰੱਖੋ ਕਿ ਇਸ ਦੁਨੀਆਂ ਅਤੇ ਇਸ ਦੇ ਹਾਕਮ ਸ਼ੈਤਾਨ ਦਾ ਖ਼ਾਤਮਾ ਹੋਣ ਵਾਲਾ ਹੈ। ਸੋ ਆਓ ਅਸੀਂ ਸ਼ੈਤਾਨ ਦੇ ਬਹਿਕਾਵੇ ਵਿਚ ਆ ਕੇ ਪਾਪ ਨਾ ਕਰ ਬੈਠੀਏ! ਆਓ ਅਸੀਂ ਆਪਣੇ ਮਾਲਕ ਯਿਸੂ ਦੀ ਰੀਸ ਕਰੀਏ ਜਿਸ ਨੇ “ਕੋਈ ਪਾਪ ਨਹੀਂ ਕੀਤਾ।”—1 ਪਤਰਸ 2:22.

      “ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ”

      17. ਪਰਮੇਸ਼ੁਰ ਦਾ ਕਹਿਣਾ ਮੰਨਣ ਬਾਰੇ ਯਿਸੂ ਕਿਵੇਂ ਮਹਿਸੂਸ ਕਰਦਾ ਸੀ, ਪਰ ਇਸ ਬਾਰੇ ਕੁਝ ਲੋਕ ਸ਼ਾਇਦ ਕੀ ਕਹਿਣ?

      17 ਆਗਿਆਕਾਰ ਹੋਣ ਦਾ ਸਿਰਫ਼ ਇਹ ਮਤਲਬ ਨਹੀਂ ਕਿ ਅਸੀਂ ਪਾਪ ਨਾ ਕਰੀਏ। ਸਾਨੂੰ ਯਿਸੂ ਵਾਂਗ ਪਰਮੇਸ਼ੁਰ ਦੇ ਕਹੇ ਮੁਤਾਬਕ ਸਹੀ ਕੰਮ ਕਰਨ ਦੀ ਵੀ ਲੋੜ ਹੈ। ਯਿਸੂ ਨੇ ਕਿਹਾ: “ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ।” (ਯੂਹੰਨਾ 8:29) ਉਸ ਨੂੰ ਪਰਮੇਸ਼ੁਰ ਦਾ ਕਹਿਣਾ ਮੰਨ ਕੇ ਬਹੁਤ ਖ਼ੁਸ਼ੀ ਹੁੰਦੀ ਸੀ। ਪਰ ਸ਼ਾਇਦ ਕੁਝ ਲੋਕ ਕਹਿਣ ਕਿ ਯਿਸੂ ਲਈ ਇੱਦਾਂ ਕਰਨਾ ਆਸਾਨ ਸੀ ਕਿਉਂਕਿ ਉਸ ਨੂੰ ਸਿਰਫ਼ ਯਹੋਵਾਹ ਦਾ ਕਹਿਣਾ ਮੰਨਣ ਦੀ ਲੋੜ ਸੀ, ਜਦ ਕਿ ਸਾਨੂੰ ਅਧਿਕਾਰ ਰੱਖਣ ਵਾਲੇ ਨਾਮੁਕੰਮਲ ਇਨਸਾਨਾਂ ਦਾ ਕਹਿਣਾ ਮੰਨਣਾ ਪੈਂਦਾ ਹੈ। ਪਰ ਸੱਚ ਤਾਂ ਇਹ ਹੈ ਕਿ ਯਿਸੂ ਨੇ ਵੀ ਅਧਿਕਾਰ ਰੱਖਣ ਵਾਲੇ ਨਾਮੁਕੰਮਲ ਇਨਸਾਨਾਂ ਦਾ ਕਹਿਣਾ ਮੰਨਿਆ ਸੀ।

      18. ਯਿਸੂ ਨੇ ਨੌਜਵਾਨਾਂ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ?

      18 ਜਿੱਦਾਂ-ਜਿੱਦਾਂ ਯਿਸੂ ਵੱਡਾ ਹੁੰਦਾ ਗਿਆ, ਉਹ ਆਪਣੇ ਨਾਮੁਕੰਮਲ ਮਾਤਾ-ਪਿਤਾ ਯੂਸੁਫ਼ ਤੇ ਮਰੀਅਮ ਦੇ ਅਧੀਨ ਰਿਹਾ। ਸ਼ਾਇਦ ਦੂਸਰੇ ਬੱਚਿਆਂ ਨਾਲੋਂ ਉਸ ਨੂੰ ਆਪਣੇ ਮਾਪਿਆਂ ਦੀਆਂ ਗ਼ਲਤੀਆਂ ਜ਼ਿਆਦਾ ਨਜ਼ਰ ਆਈਆਂ ਹੋਣੀਆਂ। ਪਰ ਕੀ ਉਸ ਨੇ ਉਨ੍ਹਾਂ ਦਾ ਕਹਿਣਾ ਮੰਨਣ ਤੋਂ ਇਨਕਾਰ ਕੀਤਾ? ਕੀ ਉਸ ਨੇ ਆਪਣੇ ਮਾਪਿਆਂ ਨੂੰ ਇਹ ਸਮਝਾਇਆ ਕਿ ਉਨ੍ਹਾਂ ਨੂੰ ਆਪਣਾ ਪਰਿਵਾਰ ਕਿਵੇਂ ਚਲਾਉਣਾ ਚਾਹੀਦਾ ਹੈ? ਧਿਆਨ ਦਿਓ ਕਿ 12 ਸਾਲਾਂ ਦੇ ਯਿਸੂ ਬਾਰੇ ਲੂਕਾ 2:51 ਵਿਚ ਕੀ ਕਿਹਾ ਗਿਆ ਹੈ: ‘ਉਹ ਉਨ੍ਹਾਂ ਦੇ ਅਧੀਨ ਰਿਹਾ।’ ਇਸ ਤਰ੍ਹਾਂ ਉਸ ਨੇ ਮਸੀਹੀ ਨੌਜਵਾਨਾਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਜੋ ਆਪਣੇ ਮਾਪਿਆਂ ਦਾ ਆਦਰ ਕਰਨ ਅਤੇ ਕਹਿਣਾ ਮੰਨਣ ਦੀ ਕੋਸ਼ਿਸ਼ ਕਰਦੇ ਹਨ।—ਅਫ਼ਸੀਆਂ 6:1, 2.

      19, 20. (ੳ) ਨਾਮੁਕੰਮਲ ਇਨਸਾਨਾਂ ਦਾ ਹੁਕਮ ਮੰਨਦਿਆਂ ਯਿਸੂ ਨੇ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ? (ਅ) ਸਾਨੂੰ ਬਜ਼ੁਰਗਾਂ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?

      19 ਜਦੋਂ ਗੱਲ ਪਾਪੀ ਇਨਸਾਨਾਂ ਦਾ ਹੁਕਮ ਮੰਨਣ ਦੀ ਆਉਂਦੀ ਹੈ, ਤਾਂ ਯਿਸੂ ਨੇ ਉਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਜਿਨ੍ਹਾਂ ਦਾ ਅੱਜ ਸਾਨੂੰ ਸਾਮ੍ਹਣਾ ਨਹੀਂ ਕਰਨਾ ਪੈਂਦਾ। ਉਸ ਸਮੇਂ ਯਹੋਵਾਹ ਦੀ ਭਗਤੀ ਯਰੂਸ਼ਲਮ ਦੇ ਮੰਦਰ ਵਿਚ ਕੀਤੀ ਜਾਂਦੀ ਸੀ ਜਿੱਥੇ ਪੁਜਾਰੀ ਸੇਵਾ ਕਰਦੇ ਸਨ। ਯਹੋਵਾਹ ਵੱਲੋਂ ਕੀਤਾ ਇਹ ਪ੍ਰਬੰਧ ਸਦੀਆਂ ਤੋਂ ਚੱਲਦਾ ਆਇਆ ਸੀ, ਪਰ ਹੁਣ ਇਸ ਦਾ ਆਖ਼ਰੀ ਸਮਾਂ ਆ ਗਿਆ ਸੀ। ਇਸ ਦੀ ਜਗ੍ਹਾ ਯਹੋਵਾਹ ਨੇ ਮਸੀਹੀ ਮੰਡਲੀ ਕਾਇਮ ਕਰਨੀ ਸੀ। (ਮੱਤੀ 23:33-38) ਨਾਲੇ ਯਹੂਦੀ ਧਾਰਮਿਕ ਆਗੂ ਲੋਕਾਂ ਨੂੰ ਯੂਨਾਨੀ ਫ਼ਲਸਫ਼ੇ ਮੁਤਾਬਕ ਝੂਠੀਆਂ ਗੱਲਾਂ ਸਿਖਾ ਰਹੇ ਸਨ। ਮੰਦਰ ਵਿਚ ਇੰਨੇ ਗ਼ਲਤ ਕੰਮ ਹੋ ਰਹੇ ਸਨ ਕਿ ਯਿਸੂ ਨੇ ਇਸ ਨੂੰ “ਲੁਟੇਰਿਆਂ ਦਾ ਅੱਡਾ” ਕਿਹਾ ਸੀ। (ਮਰਕੁਸ 11:17) ਤਾਂ ਫਿਰ, ਕੀ ਯਿਸੂ ਨੇ ਮੰਦਰ ਅਤੇ ਸਭਾ ਘਰਾਂ ਵਿਚ ਜਾਣਾ ਛੱਡ ਦਿੱਤਾ? ਬਿਲਕੁਲ ਨਹੀਂ! ਯਹੋਵਾਹ ਅਜੇ ਵੀ ਇਨ੍ਹਾਂ ਪ੍ਰਬੰਧਾਂ ਨੂੰ ਵਰਤ ਰਿਹਾ ਸੀ। ਇਸ ਲਈ ਜਦ ਤਕ ਯਹੋਵਾਹ ਨੇ ਨਵਾਂ ਪ੍ਰਬੰਧ ਕਾਇਮ ਨਹੀਂ ਕੀਤਾ, ਤਦ ਤਕ ਯਿਸੂ ਯਹੂਦੀ ਤਿਉਹਾਰ ਮਨਾਉਂਦਾ ਰਿਹਾ ਅਤੇ ਸਭਾ ਘਰਾਂ ਨੂੰ ਜਾਂਦਾ ਰਿਹਾ।—ਲੂਕਾ 4:16; ਯੂਹੰਨਾ 5:1.

      20 ਜੇ ਯਿਸੂ ਉਨ੍ਹਾਂ ਹਾਲਾਤਾਂ ਵਿਚ ਆਗਿਆਕਾਰ ਰਿਹਾ, ਤਾਂ ਅੱਜ ਸਾਡੇ ਲਈ ਆਗਿਆਕਾਰ ਰਹਿਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ! ਭਵਿੱਖਬਾਣੀ ਮੁਤਾਬਕ ਅੱਜ ਸੱਚੀ ਭਗਤੀ ਨੂੰ ਦੁਬਾਰਾ ਕਾਇਮ ਕੀਤਾ ਗਿਆ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਸ਼ੈਤਾਨ ਸੱਚੀ ਭਗਤੀ ਨੂੰ ਕਦੇ ਵੀ ਮਿਟਾ ਨਹੀਂ ਸਕੇਗਾ। (ਯਸਾਯਾਹ 2:1, 2; 54:17) ਇਹ ਸੱਚ ਹੈ ਕਿ ਸਾਡੇ ਭੈਣ-ਭਰਾ ਕਦੀ-ਕਦੀ ਗ਼ਲਤੀਆਂ ਕਰਦੇ ਹਨ। ਪਰ ਕੀ ਸਾਨੂੰ ਉਨ੍ਹਾਂ ਦੀਆਂ ਗ਼ਲਤੀਆਂ ਕਰਕੇ ਯਹੋਵਾਹ ਦਾ ਕਹਿਣਾ ਮੰਨਣਾ ਛੱਡ ਦੇਣਾ ਚਾਹੀਦਾ ਹੈ? ਕੀ ਸਾਨੂੰ ਮੀਟਿੰਗਾਂ ਵਿਚ ਜਾਣਾ ਛੱਡ ਦੇਣਾ ਚਾਹੀਦਾ ਹੈ? ਜਾਂ ਕੀ ਸਾਨੂੰ ਬਜ਼ੁਰਗਾਂ ਦੀ ਨੁਕਤਾਚੀਨੀ ਕਰਨੀ ਚਾਹੀਦੀ ਹੈ? ਬਿਲਕੁਲ ਨਹੀਂ! ਆਓ ਅਸੀਂ ਅਜਿਹੇ ਬਹਾਨੇ ਕਦੇ ਨਾ ਬਣਾਈਏ, ਸਗੋਂ ਖ਼ੁਸ਼ੀ-ਖ਼ੁਸ਼ੀ ਬਜ਼ੁਰਗਾਂ ਨਾਲ ਮਿਲ ਕੇ ਕੰਮ ਕਰੀਏ। ਸਾਨੂੰ ਮੀਟਿੰਗਾਂ ਅਤੇ ਸੰਮੇਲਨਾਂ ਵਿਚ ਜਾਂਦੇ ਰਹਿਣਾ ਚਾਹੀਦਾ ਹੈ ਅਤੇ ਬਾਈਬਲ ਵਿੱਚੋਂ ਮਿਲੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਰਹਿਣਾ ਚਾਹੀਦਾ ਹੈ।—ਇਬਰਾਨੀਆਂ 10:24, 25; 13:17.

      ਸਫ਼ਾ 73 ਉੱਤੇ ਤਸਵੀਰ

      ਮੀਟਿੰਗਾਂ ਵਿਚ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਅਸੀਂ ਆਗਿਆਕਾਰੀ ਦਾ ਸਬੂਤ ਦਿੰਦੇ ਹਾਂ

      21. ਜਦੋਂ ਲੋਕ ਯਿਸੂ ਨੂੰ ਪਰਮੇਸ਼ੁਰ ਦਾ ਕਹਿਣਾ ਮੰਨਣ ਤੋਂ ਰੋਕ ਰਹੇ ਸੀ, ਤਾਂ ਉਸ ਨੇ ਕੀ ਕੀਤਾ ਅਤੇ ਸਾਡੇ ਲਈ ਕਿਹੜੀ ਮਿਸਾਲ ਕਾਇਮ ਕੀਤੀ?

      21 ਕੋਈ ਵੀ ਯਿਸੂ ਨੂੰ ਯਹੋਵਾਹ ਦਾ ਕਹਿਣਾ ਮੰਨਣ ਤੋਂ ਨਹੀਂ ਰੋਕ ਸਕਿਆ, ਇੱਥੋਂ ਤਕ ਕਿ ਉਸ ਦੇ ਦੋਸਤ ਵੀ ਨਹੀਂ। ਮਿਸਾਲ ਲਈ, ਇਕ ਵਾਰ ਪਤਰਸ ਨੇ ਯਿਸੂ ਨੂੰ ਕਿਹਾ ਕਿ ਉਸ ਨੂੰ ਅਤਿਆਚਾਰ ਸਹਿਣ ਤੇ ਮਰਨ ਦੀ ਕੋਈ ਲੋੜ ਨਹੀਂ ਸੀ। ਹਾਲਾਂਕਿ ਪਤਰਸ ਯਿਸੂ ਦੇ ਭਲੇ ਬਾਰੇ ਸੋਚ ਰਿਹਾ ਸੀ, ਪਰ ਯਿਸੂ ਨੇ ਉਸ ਨੂੰ ਸਖ਼ਤੀ ਨਾਲ ਝਿੜਕਿਆ ਕਿਉਂਕਿ ਪਤਰਸ ਦੀ ਸੋਚ ਗ਼ਲਤ ਸੀ। (ਮੱਤੀ 16:21-23) ਅੱਜ ਸ਼ਾਇਦ ਸਾਡੇ ਰਿਸ਼ਤੇਦਾਰ ਸਾਨੂੰ ਵੀ ਪਰਮੇਸ਼ੁਰ ਦੇ ਕਾਨੂੰਨਾਂ ਅਤੇ ਅਸੂਲਾਂ ʼਤੇ ਚੱਲਣ ਤੋਂ ਰੋਕਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਇਸ ਵਿਚ ਹੀ ਸਾਡਾ ਭਲਾ ਹੈ। ਪਰ ਅਸੀਂ ਪਹਿਲੀ ਸਦੀ ਦੇ ਚੇਲਿਆਂ ਵਾਂਗ ਪਰਮੇਸ਼ੁਰ ਨੂੰ ਆਪਣਾ ਰਾਜਾ ਮੰਨਦੇ ਹਾਂ ਜਿਸ ਕਰਕੇ ਸਾਡੇ ਲਈ ‘ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਣਾ’ ਜ਼ਰੂਰੀ ਹੈ।—ਰਸੂਲਾਂ ਦੇ ਕੰਮ 5:29.

      ਯਿਸੂ ਵਾਂਗ ਆਗਿਆਕਾਰ ਬਣਨ ਦੀਆਂ ਬਰਕਤਾਂ

      22. ਯਿਸੂ ਨੇ ਕਿਹੜੇ ਸਵਾਲ ਦਾ ਜਵਾਬ ਦਿੱਤਾ ਅਤੇ ਕਿਵੇਂ?

      22 ਜਦੋਂ ਯਿਸੂ ਨੇ ਮੌਤ ਦਾ ਸਾਮ੍ਹਣਾ ਕੀਤਾ, ਤਾਂ ਇਹ ਉਸ ਦੀ ਆਗਿਆਕਾਰੀ ਦਾ ਸਭ ਤੋਂ ਵੱਡਾ ਇਮਤਿਹਾਨ ਸੀ। ਉਸ ਔਖੀ ਘੜੀ ਦੌਰਾਨ ਉਸ ਨੇ ਪੂਰੀ ਤਰ੍ਹਾਂ “ਆਗਿਆਕਾਰੀ ਸਿੱਖੀ।” ਉਸ ਨੇ ਆਪਣੀ ਮਰਜ਼ੀ ਕਰਨ ਦੀ ਬਜਾਇ ਆਪਣੇ ਪਿਤਾ ਦੀ ਮਰਜ਼ੀ ਪੂਰੀ ਕੀਤੀ। (ਲੂਕਾ 22:42) ਇੱਦਾਂ ਉਸ ਨੇ ਵਫ਼ਾਦਾਰੀ ਦੀ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ। (1 ਤਿਮੋਥਿਉਸ 3:16) ਉਸ ਨੇ ਬਹੁਤ ਚਿਰ ਪਹਿਲਾਂ ਸ਼ੈਤਾਨ ਵੱਲੋਂ ਖੜ੍ਹੇ ਕੀਤੇ ਗਏ ਇਸ ਸਵਾਲ ਦਾ ਠੋਸ ਜਵਾਬ ਦਿੱਤਾ: ਕੀ ਇਕ ਮੁਕੰਮਲ ਇਨਸਾਨ ਅਜ਼ਮਾਇਸ਼ਾਂ ਦੌਰਾਨ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕਦਾ ਹੈ? ਆਦਮ ਅਤੇ ਹੱਵਾਹ ਵਫ਼ਾਦਾਰ ਨਹੀਂ ਰਹੇ, ਪਰ ਯਹੋਵਾਹ ਦੇ ਸਭ ਤੋਂ ਮਹਾਨ ਪੁੱਤਰ ਯਿਸੂ ਨੇ ਮਰਦੇ ਦਮ ਤਕ ਵਫ਼ਾਦਾਰ ਰਹਿ ਕੇ ਸ਼ੈਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ। ਭਾਵੇਂ ਯਿਸੂ ਨੂੰ ਆਪਣੀ ਜਾਨ ਤੋਂ ਹੀ ਹੱਥ ਕਿਉਂ ਨਾ ਧੋਣੇ ਪਏ, ਉਹ ਫਿਰ ਵੀ ਵਫ਼ਾਦਾਰ ਰਿਹਾ।

      23-25. (ੳ) ਮਿਸਾਲ ਦੇ ਕੇ ਸਮਝਾਓ ਕਿ ਆਗਿਆਕਾਰੀ ਦਾ ਵਫ਼ਾਦਾਰੀ ਨਾਲ ਕੀ ਤਅੱਲਕ ਹੈ। (ਅ) ਅਗਲੇ ਅਧਿਆਇ ਵਿਚ ਅਸੀਂ ਕੀ ਸਿੱਖਾਂਗੇ?

      23 ਸਾਡੀ ਆਗਿਆਕਾਰੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਪੂਰੇ ਦਿਲ ਨਾਲ ਕਰਦੇ ਹਾਂ। ਯਿਸੂ ਨੇ ਪਰਮੇਸ਼ੁਰ ਦਾ ਕਹਿਣਾ ਮੰਨ ਕੇ ਆਪਣੀ ਵਫ਼ਾਦਾਰੀ ਬਣਾਈ ਰੱਖੀ ਜਿਸ ਦਾ ਫ਼ਾਇਦਾ ਸਾਰੇ ਇਨਸਾਨਾਂ ਨੂੰ ਹੋਇਆ ਹੈ। (ਰੋਮੀਆਂ 5:19) ਨਤੀਜੇ ਵਜੋਂ ਯਹੋਵਾਹ ਨੇ ਯਿਸੂ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ। ਜੇ ਅਸੀਂ ਆਪਣੇ ਮਾਲਕ ਯਿਸੂ ਦਾ ਕਹਿਣਾ ਮੰਨਾਂਗੇ, ਤਾਂ ਯਹੋਵਾਹ ਸਾਨੂੰ ਵੀ ਬਰਕਤਾਂ ਦੇਵੇਗਾ। ਜੀ ਹਾਂ, ਸਾਨੂੰ “ਹਮੇਸ਼ਾ ਦੀ ਮੁਕਤੀ” ਮਿਲੇਗੀ।—ਇਬਰਾਨੀਆਂ 5:9.

      24 ਬਾਈਬਲ ਕਹਿੰਦੀ ਹੈ: “ਈਮਾਨਦਾਰੀ ਨਾਲ ਚਲਨ ਵਾਲਾ ਮਨੁੱਖ ਸੁਰੱਖਿਅਤ ਰਹਿੰਦਾ ਹੈ।” (ਕਹਾਉਤਾਂ 10:9, CL) ਇਸ ਲਈ ਕਿਹਾ ਜਾ ਸਕਦਾ ਹੈ ਕਿ ਸਾਡੀ ਵਫ਼ਾਦਾਰੀ ਇਕ ਬਰਕਤ ਹੈ। ਜ਼ਰਾ ਇਕ ਆਲੀਸ਼ਾਨ ਹਵੇਲੀ ਬਾਰੇ ਸੋਚੋ ਜੋ ਵਧੀਆ ਇੱਟਾਂ ਨਾਲ ਬਣੀ ਹੋਈ ਹੈ। ਸ਼ਾਇਦ ਸਾਨੂੰ ਲੱਗੇ ਕਿ ਇਕ ਇੱਟ ਆਪਣੇ ਆਪ ਵਿਚ ਕੁਝ ਵੀ ਨਹੀਂ, ਪਰ ਹਰ ਇੱਟ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਸਾਰੀਆਂ ਇੱਟਾਂ ਨੂੰ ਚਿਣ ਕੇ ਹੀ ਇਕ ਸ਼ਾਨਦਾਰ ਇਮਾਰਤ ਬਣਾਈ ਜਾਂਦੀ ਹੈ। ਅਸੀਂ ਆਪਣੀ ਵਫ਼ਾਦਾਰੀ ਦੀ ਤੁਲਨਾ ਹਵੇਲੀ ਨਾਲ ਅਤੇ ਆਪਣੀ ਆਗਿਆਕਾਰੀ ਦੀ ਤੁਲਨਾ ਇੱਟਾਂ ਨਾਲ ਕਰ ਸਕਦੇ ਹਾਂ। ਜਦੋਂ ਅਸੀਂ ਕਿਸੇ ਗੱਲ ਵਿਚ ਯਹੋਵਾਹ ਦਾ ਕਹਿਣਾ ਮੰਨਦੇ ਹਾਂ, ਤਾਂ ਮਾਨੋ ਅਸੀਂ ਆਪਣੀ ਵਫ਼ਾਦਾਰੀ ਦੀ ਹਵੇਲੀ ਵਿਚ ਇਕ ਇੱਟ ਚਿਣਦੇ ਹਾਂ। ਜੇ ਅਸੀਂ ਯਹੋਵਾਹ ਪ੍ਰਤੀ ਆਗਿਆਕਾਰ ਬਣੇ ਰਹਾਂਗੇ, ਤਾਂ ਸਾਡੀ ਵਫ਼ਾਦਾਰੀ ਇਕ ਸੋਹਣੀ ਹਵੇਲੀ ਵਾਂਗ ਨਜ਼ਰ ਆਵੇਗੀ।

      25 ਆਗਿਆਕਾਰ ਰਹਿਣ ਲਈ ਇਕ ਹੋਰ ਖ਼ਾਸ ਗੁਣ ਦੀ ਲੋੜ ਹੈ—ਧੀਰਜ। ਅਸੀਂ ਅਗਲੇ ਅਧਿਆਇ ਵਿਚ ਦੇਖਾਂਗੇ ਕਿ ਯਿਸੂ ਨੇ ਧੀਰਜ ਕਿਵੇਂ ਦਿਖਾਇਆ।

      ਤੁਸੀਂ ਯਿਸੂ ਦੇ ਪਿੱਛੇ-ਪਿੱਛੇ ਕਿਵੇਂ ਚੱਲ ਸਕਦੇ ਹੋ?

      • ਮਸੀਹ ਦੇ ਕੁਝ ਹੁਕਮ ਕੀ ਹਨ, ਅਸੀਂ ਇਨ੍ਹਾਂ ʼਤੇ ਕਿਵੇਂ ਚੱਲ ਸਕਦੇ ਹਾਂ ਅਤੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?—ਯੂਹੰਨਾ 15:8-19.

      • ਸ਼ੁਰੂ-ਸ਼ੁਰੂ ਵਿਚ ਯਿਸੂ ਦੇ ਰਿਸ਼ਤੇਦਾਰ ਉਸ ਦੀ ਸੇਵਕਾਈ ਬਾਰੇ ਕੀ ਸੋਚਦੇ ਸਨ ਅਤੇ ਉਨ੍ਹਾਂ ਨਾਲ ਉਸ ਦੇ ਸਲੂਕ ਤੋਂ ਅਸੀਂ ਕੀ ਸਿੱਖ ਸਕਦੇ ਹਾਂ?—ਮਰਕੁਸ 3:21, 31-35.

      • ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਕਹਿਣਾ ਮੰਨਣ ਨਾਲ ਸਾਨੂੰ ਜ਼ਿੰਦਗੀ ਵਿਚ ਖ਼ੁਸ਼ੀ ਮਿਲੇਗੀ?—ਲੂਕਾ 11:27, 28.

      • ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ ਕਿ ਯਿਸੂ ਨੇ ਉਹ ਹੁਕਮ ਮੰਨਿਆ ਜੋ ਉਸ ʼਤੇ ਲਾਗੂ ਨਹੀਂ ਸੀ ਹੁੰਦਾ?—ਮੱਤੀ 17:24-27.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ