ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਸੂ ਨੂੰ ਮਸੀਹ ਵਜੋਂ ਚੁਣਿਆ ਗਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਯੂਹੰਨਾ ਤੋਂ ਬਪਤਿਸਮਾ ਲੈਣ ਤੋਂ ਬਾਅਦ ਯਿਸੂ ʼਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਬੂਤਰ ਦੇ ਰੂਪ ਵਿਚ ਆਉਂਦੀ ਹੋਈ

      ਪਾਠ 74

      ਯਿਸੂ ਨੂੰ ਮਸੀਹ ਵਜੋਂ ਚੁਣਿਆ ਗਿਆ

      ਯੂਹੰਨਾ ਪ੍ਰਚਾਰ ਕਰਦਾ ਸੀ ਕਿ ‘ਕੋਈ ਆ ਰਿਹਾ ਹੈ ਜੋ ਮੇਰੇ ਤੋਂ ਮਹਾਨ ਹੋਵੇਗਾ।’ ਜਦੋਂ ਯਿਸੂ 30 ਕੁ ਸਾਲਾਂ ਦਾ ਸੀ, ਤਾਂ ਉਹ ਗਲੀਲ ਤੋਂ ਯਰਦਨ ਦਰਿਆ ʼਤੇ ਆਇਆ ਜਿੱਥੇ ਯੂਹੰਨਾ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ। ਯਿਸੂ ਚਾਹੁੰਦਾ ਸੀ ਕਿ ਯੂਹੰਨਾ ਉਸ ਨੂੰ ਵੀ ਬਪਤਿਸਮਾ ਦੇਵੇ। ਪਰ ਯੂਹੰਨਾ ਨੇ ਕਿਹਾ: ‘ਮੈਂ ਤੈਨੂੰ ਬਪਤਿਸਮਾ ਕਿੱਦਾਂ ਦੇ ਸਕਦਾ। ਮੈਨੂੰ ਤਾਂ ਤੇਰੇ ਤੋਂ ਬਪਤਿਸਮਾ ਲੈਣ ਦੀ ਲੋੜ ਹੈ।’ ਯਿਸੂ ਨੇ ਯੂਹੰਨਾ ਨੂੰ ਕਿਹਾ: ‘ਯਹੋਵਾਹ ਚਾਹੁੰਦਾ ਹੈ ਕਿ ਤੂੰ ਮੈਨੂੰ ਬਪਤਿਸਮਾ ਦੇਵੇਂ।’ ਇਸ ਲਈ ਉਹ ਦੋਵੇਂ ਯਰਦਨ ਦਰਿਆ ਵਿਚ ਗਏ ਅਤੇ ਯੂਹੰਨਾ ਨੇ ਯਿਸੂ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਡੁਬੋ ਕੇ ਬਪਤਿਸਮਾ ਦਿੱਤਾ।

      ਪਾਣੀ ਤੋਂ ਬਾਹਰ ਆ ਕੇ ਯਿਸੂ ਨੇ ਪ੍ਰਾਰਥਨਾ ਕੀਤੀ। ਉਸੇ ਵੇਲੇ ਆਕਾਸ਼ ਖੁੱਲ੍ਹ ਗਿਆ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਬੂਤਰ ਦੇ ਰੂਪ ਵਿਚ ਯਿਸੂ ʼਤੇ ਆਈ। ਫਿਰ ਸਵਰਗੋਂ ਯਹੋਵਾਹ ਦੀ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”

      ਜਦੋਂ ਯਹੋਵਾਹ ਦੀ ਪਵਿੱਤਰ ਸ਼ਕਤੀ ਯਿਸੂ ʼਤੇ ਆਈ, ਤਾਂ ਉਸ ਨੂੰ ਮਸੀਹ ਵਜੋਂ ਚੁਣਿਆ ਗਿਆ। ਹੁਣ ਯਿਸੂ ਨੇ ਉਹ ਕੰਮ ਸ਼ੁਰੂ ਕਰਨਾ ਸੀ ਜਿਸ ਲਈ ਯਹੋਵਾਹ ਨੇ ਉਸ ਨੂੰ ਧਰਤੀ ʼਤੇ ਭੇਜਿਆ ਸੀ।

      ਬਪਤਿਸਮਾ ਲੈਣ ਤੋਂ ਤੁਰੰਤ ਬਾਅਦ ਯਿਸੂ 40 ਦਿਨਾਂ ਲਈ ਉਜਾੜ ਵਿਚ ਚਲਾ ਗਿਆ। ਵਾਪਸ ਆਉਣ ਤੋਂ ਬਾਅਦ ਉਹ ਯੂਹੰਨਾ ਕੋਲ ਗਿਆ। ਯਿਸੂ ਨੂੰ ਆਉਂਦਿਆਂ ਦੇਖ ਯੂਹੰਨਾ ਨੇ ਕਿਹਾ: ‘ਇਹ ਪਰਮੇਸ਼ੁਰ ਦਾ ਲੇਲਾ ਹੈ ਜਿਹੜਾ ਦੁਨੀਆਂ ਦਾ ਪਾਪ ਮਿਟਾ ਦੇਵੇਗਾ।’ ਇਹ ਕਹਿ ਕੇ ਯੂਹੰਨਾ ਲੋਕਾਂ ਨੂੰ ਦੱਸ ਰਿਹਾ ਸੀ ਕਿ ਯਿਸੂ ਹੀ ਮਸੀਹ ਹੈ। ਤੁਹਾਨੂੰ ਪਤਾ ਉਜਾੜ ਵਿਚ ਹੁੰਦਿਆਂ ਯਿਸੂ ਨਾਲ ਕੀ ਹੋਇਆ? ਆਓ ਆਪਾਂ ਦੇਖੀਏ।

      “ਸਵਰਗੋਂ ਇਕ ਆਵਾਜ਼ ਆਈ: ‘ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”—ਮਰਕੁਸ 1:11

      ਸਵਾਲ: ਯਿਸੂ ਨੇ ਬਪਤਿਸਮਾ ਕਿਉਂ ਲਿਆ? ਯੂਹੰਨਾ ਨੇ ਕਿਉਂ ਕਿਹਾ ਕਿ ਯਿਸੂ ਪਰਮੇਸ਼ੁਰ ਦਾ ਲੇਲਾ ਸੀ?

      ਮੱਤੀ 3:13-17; ਮਰਕੁਸ 1:9-11; ਲੂਕਾ 3:21-23; ਯੂਹੰਨਾ 1:29-34; ਯਸਾਯਾਹ 42:1; ਇਬਰਾਨੀਆਂ 10:7-9

  • ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਯਿਸੂ ਮੰਦਰ ਦੀ ਸਭ ਤੋਂ ਉੱਚੀ ਕੰਧ ਤੋਂ ਛਾਲ ਮਾਰਨ ਤੋਂ ਇਨਕਾਰ ਕਰਦਾ ਹੋਇਆ

      ਪਾਠ 75

      ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ

      ਯਿਸੂ ਪੱਥਰਾਂ ਨੂੰ ਰੋਟੀਆਂ ਬਣਾਉਣ ਤੋਂ ਇਨਕਾਰ ਕਰਦਾ ਹੋਇਆ

      ਯਿਸੂ ਦੇ ਬਪਤਿਸਮੇ ਤੋਂ ਬਾਅਦ ਪਵਿੱਤਰ ਸ਼ਕਤੀ ਨੇ ਉਸ ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ। ਉਸ ਨੇ 40 ਦਿਨਾਂ ਤਕ ਕੁਝ ਨਹੀਂ ਖਾਧਾ। ਜਦੋਂ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ, ਉਦੋਂ ਸ਼ੈਤਾਨ ਨੇ ਆ ਕੇ ਯਿਸੂ ਦੀ ਪਰੀਖਿਆ ਲਈ। ਉਸ ਨੇ ਕਿਹਾ: ‘ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇਨ੍ਹਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾਣ।’ ਪਰ ਯਿਸੂ ਨੇ ਧਰਮ-ਗ੍ਰੰਥ ਤੋਂ ਹਵਾਲਾ ਦਿੰਦਿਆਂ ਕਿਹਾ: ‘ਇਹ ਲਿਖਿਆ ਹੈ ਕਿ ਤੈਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਤੈਨੂੰ ਯਹੋਵਾਹ ਦਾ ਕਿਹਾ ਹਰ ਬਚਨ ਸੁਣਨ ਦੀ ਲੋੜ ਹੈ।’

      ਸ਼ੈਤਾਨ ਨੇ ਫਿਰ ਯਿਸੂ ਨੂੰ ਪਰਖਿਆ: ‘ਜੇ ਤੂੰ ਵਾਕਈ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਤੂੰ ਮੰਦਰ ਦੀ ਸਭ ਤੋਂ ਉੱਚੀ ਕੰਧ ਤੋਂ ਛਾਲ ਮਾਰ ਦੇ। ਇਹ ਲਿਖਿਆ ਹੈ ਕਿ ਪਰਮੇਸ਼ੁਰ ਆਪਣੇ ਦੂਤਾਂ ਨੂੰ ਭੇਜੇਗਾ ਤੇ ਉਹ ਤੈਨੂੰ ਹੱਥਾਂ ʼਤੇ ਚੁੱਕ ਲੈਣਗੇ।’ ਪਰ ਯਿਸੂ ਨੇ ਫਿਰ ਧਰਮ-ਗ੍ਰੰਥ ਤੋਂ ਹਵਾਲਾ ਦਿੱਤਾ: ‘ਇਹ ਲਿਖਿਆ ਹੈ ਕਿ ਤੂੰ ਯਹੋਵਾਹ ਨੂੰ ਨਾ ਪਰਖ।’

      ਯਿਸੂ ਸ਼ੈਤਾਨ ਵੱਲੋਂ ਪੇਸ਼ ਕੀਤੀਆਂ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਠੁਕਰਾਉਂਦਾ ਹੋਇਆ

      ਫਿਰ ਸ਼ੈਤਾਨ ਨੇ ਯਿਸੂ ਨੂੰ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ, ਧਨ-ਦੌਲਤ ਤੇ ਸ਼ਾਨੋ-ਸ਼ੌਕਤ ਦਿਖਾਈ ਅਤੇ ਕਿਹਾ: ‘ਜੇ ਤੂੰ ਸਿਰਫ਼ ਇਕ ਵਾਰ ਮੈਨੂੰ ਮੱਥਾ ਟੇਕੇਂ, ਤਾਂ ਮੈਂ ਤੈਨੂੰ ਇਹ ਸਾਰੀਆਂ ਬਾਦਸ਼ਾਹੀਆਂ ਤੇ ਉਨ੍ਹਾਂ ਦੀ ਸ਼ਾਨੋ-ਸ਼ੌਕਤ ਦੇ ਦਿਆਂਗਾ।’ ਪਰ ਯਿਸੂ ਨੇ ਕਿਹਾ: ‘ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ। ਇਹ ਲਿਖਿਆ ਹੈ ਕਿ ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ।’

      ਫਿਰ ਸ਼ੈਤਾਨ ਉਸ ਨੂੰ ਛੱਡ ਕੇ ਚਲਾ ਗਿਆ। ਦੂਤ ਯਿਸੂ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਖਾਣ ਨੂੰ ਦਿੱਤਾ। ਉਸ ਸਮੇਂ ਤੋਂ ਯਿਸੂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲੱਗਾ। ਉਸ ਨੂੰ ਇਹੀ ਕੰਮ ਕਰਨ ਲਈ ਧਰਤੀ ʼਤੇ ਭੇਜਿਆ ਗਿਆ ਸੀ। ਲੋਕਾਂ ਨੂੰ ਯਿਸੂ ਦੁਆਰਾ ਸਿਖਾਈਆਂ ਗੱਲਾਂ ਸੁਣਨੀਆਂ ਪਸੰਦ ਸਨ ਅਤੇ ਉਹ ਹਰ ਜਗ੍ਹਾ ਉਸ ਦੇ ਪਿੱਛੇ-ਪਿੱਛੇ ਜਾਂਦੇ ਸਨ।

      “[ਸ਼ੈਤਾਨ] ਆਪਣੇ ਸੁਭਾਅ ਦੇ ਅਨੁਸਾਰ ਹੀ ਝੂਠ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਉ ਹੈ।”​—ਯੂਹੰਨਾ 8:44

      ਸਵਾਲ: ਯਿਸੂ ʼਤੇ ਕਿਹੜੀਆਂ ਤਿੰਨ ਪਰੀਖਿਆਵਾਂ ਆਈਆਂ? ਯਿਸੂ ਨੇ ਸ਼ੈਤਾਨ ਨੂੰ ਕਿਹੜੇ ਜਵਾਬ ਦਿੱਤੇ?

      ਮੱਤੀ 4:1-11; ਮਰਕੁਸ 1:12, 13; ਲੂਕਾ 4:1-15; ਬਿਵਸਥਾ ਸਾਰ 6:13, 16; 8:3; ਯਾਕੂਬ 4:7

  • ਯਿਸੂ ਨੇ ਮੰਦਰ ਨੂੰ ਸਾਫ਼ ਕੀਤਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਯਿਸੂ ਰੱਸੀ ਦਾ ਕੋਰੜਾ ਬਣਾ ਕੇ ਜਾਨਵਰਾਂ ਨੂੰ ਮੰਦਰ ਤੋਂ ਬਾਹਰ ਕੱਢਦਾ ਹੋਇਆ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਉਲਟਾਉਂਦਾ ਹੋਇਆ

      ਪਾਠ 76

      ਯਿਸੂ ਨੇ ਮੰਦਰ ਨੂੰ ਸਾਫ਼ ਕੀਤਾ

      30 ਈਸਵੀ ਦੀ ਬਸੰਤ ਰੁੱਤ ਵਿਚ ਯਿਸੂ ਯਰੂਸ਼ਲਮ ਗਿਆ। ਬਹੁਤ ਸਾਰੇ ਲੋਕ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਆਏ ਹੋਏ ਸਨ। ਉਹ ਮੰਦਰ ਵਿਚ ਬਲ਼ੀਆਂ ਚੜ੍ਹਾਉਣ ਲਈ ਜਾਨਵਰ ਲੈ ਕੇ ਆਏ ਸਨ। ਕਈ ਲੋਕ ਆਪਣੇ ਨਾਲ ਜਾਨਵਰ ਲੈ ਕੇ ਆਏ ਸਨ ਅਤੇ ਕਈਆਂ ਨੇ ਯਰੂਸ਼ਲਮ ਆ ਕੇ ਜਾਨਵਰ ਖ਼ਰੀਦੇ।

      ਮੰਦਰ ਵਿਚ ਆ ਕੇ ਯਿਸੂ ਨੇ ਦੇਖਿਆ ਕਿ ਲੋਕ ਉੱਥੇ ਜਾਨਵਰ ਵੇਚ ਰਹੇ ਸਨ। ਉਹ ਯਹੋਵਾਹ ਦੀ ਭਗਤੀ ਕਰਨ ਦੀ ਥਾਂ ਨੂੰ ਪੈਸਾ ਕਮਾਉਣ ਲਈ ਵਰਤ ਰਹੇ ਸਨ। ਯਿਸੂ ਉਨ੍ਹਾਂ ਨਾਲ ਕਿਵੇਂ ਪੇਸ਼ ਆਇਆ? ਉਸ ਨੇ ਰੱਸੀ ਦਾ ਕੋਰੜਾ ਬਣਾ ਕੇ ਸਾਰੀਆਂ ਭੇਡਾਂ ਅਤੇ ਜਾਨਵਰਾਂ ਨੂੰ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਉਸ ਨੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਉਲਟਾ ਦਿੱਤੇ ਅਤੇ ਉਨ੍ਹਾਂ ਦੇ ਪੈਸੇ ਜ਼ਮੀਨ ʼਤੇ ਖਿਲਾਰ ਦਿੱਤੇ। ਯਿਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ: ‘ਇਨ੍ਹਾਂ ਚੀਜ਼ਾਂ ਨੂੰ ਇੱਥੋਂ ਲੈ ਜਾਓ! ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ!’

      ਯਿਸੂ ਨੂੰ ਇਹ ਸਭ ਕਰਦਿਆਂ ਦੇਖ ਕੇ ਮੰਦਰ ਵਿਚ ਆਏ ਲੋਕ ਹੱਕੇ-ਬੱਕੇ ਰਹਿ ਗਏ। ਉਸ ਦੇ ਚੇਲਿਆਂ ਨੂੰ ਮਸੀਹ ਬਾਰੇ ਕੀਤੀ ਇਕ ਭਵਿੱਖਬਾਣੀ ਯਾਦ ਆਈ: ‘ਯਹੋਵਾਹ ਦੇ ਘਰ ਲਈ ਮੇਰੇ ਅੰਦਰ ਬਹੁਤ ਜੋਸ਼ ਹੋਵੇਗਾ।’

      ਬਾਅਦ ਵਿਚ 33 ਈਸਵੀ ਵਿਚ ਯਿਸੂ ਨੇ ਦੂਸਰੀ ਵਾਰ ਮੰਦਰ ਨੂੰ ਸਾਫ਼ ਕੀਤਾ। ਉਹ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਉਸ ਦੇ ਪਿਤਾ ਦੇ ਘਰ ਦਾ ਨਿਰਾਦਰ ਕਰੇ।

      “ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ।”—ਲੂਕਾ 16:13

      ਸਵਾਲ: ਮੰਦਰ ਵਿਚ ਲੋਕਾਂ ਨੂੰ ਜਾਨਵਰ ਵੇਚਦਿਆਂ ਦੇਖ ਕੇ ਯਿਸੂ ਨੇ ਕੀ ਕੀਤਾ? ਯਿਸੂ ਨੇ ਇੱਦਾਂ ਕਿਉਂ ਕੀਤਾ?

      ਮੱਤੀ 21:12, 13; ਮਰਕੁਸ 11:15-17; ਲੂਕਾ 19:45, 46; ਯੂਹੰਨਾ 2:13-17; ਜ਼ਬੂਰ 69:9

  • ਖੂਹ ʼਤੇ ਤੀਵੀਂ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਯਿਸੂ ਯਾਕੂਬ ਦੇ ਖੂਹ ʼਤੇ ਸਾਮਰੀ ਤੀਵੀਂ ਨਾਲ ਗੱਲ ਕਰਦਾ ਹੋਇਆ

      ਪਾਠ 77

      ਖੂਹ ʼਤੇ ਤੀਵੀਂ

      ਪਸਾਹ ਦੇ ਤਿਉਹਾਰ ਤੋਂ ਬਾਅਦ ਯਿਸੂ ਤੇ ਉਸ ਦੇ ਚੇਲੇ ਸਾਮਰਿਯਾ ਵਿੱਚੋਂ ਦੀ ਸਫ਼ਰ ਕਰਦਿਆਂ ਗਲੀਲ ਵਾਪਸ ਗਏ। ਸੁਖਾਰ ਸ਼ਹਿਰ ਦੇ ਨੇੜੇ ਯਿਸੂ ਇਕ ਥਾਂ ʼਤੇ ਰੁਕਿਆ ਜਿਸ ਨੂੰ ਯਾਕੂਬ ਦਾ ਖੂਹ ਕਿਹਾ ਜਾਂਦਾ ਸੀ। ਜਦੋਂ ਉਹ ਉੱਥੇ ਆਰਾਮ ਕਰ ਰਿਹਾ ਸੀ, ਉਦੋਂ ਉਸ ਦੇ ਚੇਲੇ ਸ਼ਹਿਰੋਂ ਖਾਣਾ ਖ਼ਰੀਦਣ ਗਏ।

      ਇਕ ਤੀਵੀਂ ਖੂਹ ਤੋਂ ਪਾਣੀ ਭਰਨ ਆਈ। ਯਿਸੂ ਨੇ ਉਸ ਨੂੰ ਕਿਹਾ: “ਮੈਨੂੰ ਪਾਣੀ ਪਿਲਾਈਂ।” ਉਸ ਨੇ ਕਿਹਾ: ‘ਤੂੰ ਮੇਰੇ ਨਾਲ ਕਿਉਂ ਗੱਲ ਕਰ ਰਿਹਾ ਹੈਂ? ਮੈਂ ਤਾਂ ਇਕ ਸਾਮਰੀ ਤੀਵੀਂ ਹਾਂ। ਯਹੂਦੀ ਸਾਮਰੀਆਂ ਨਾਲ ਗੱਲ ਨਹੀਂ ਕਰਦੇ।’ ਯਿਸੂ ਨੇ ਉਸ ਨੂੰ ਕਿਹਾ: ‘ਜੇ ਤੈਨੂੰ ਪਤਾ ਹੁੰਦਾ ਕਿ ਮੈਂ ਕੌਣ ਹਾਂ, ਤਾਂ ਤੂੰ ਮੇਰੇ ਤੋਂ ਪਾਣੀ ਮੰਗਦੀ ਅਤੇ ਮੈਂ ਤੈਨੂੰ ਅੰਮ੍ਰਿਤ ਜਲ ਦਿੰਦਾ।’ ਤੀਵੀਂ ਨੇ ਪੁੱਛਿਆ: ‘ਤੇਰੇ ਕਹਿਣ ਦਾ ਕੀ ਮਤਲਬ ਹੈ? ਤੇਰੇ ਕੋਲ ਤਾਂ ਬਾਲਟੀ ਵੀ ਨਹੀਂ ਹੈ।’ ਯਿਸੂ ਨੇ ਕਿਹਾ: ‘ਜੇ ਕੋਈ ਉਹ ਪਾਣੀ ਪੀਵੇ ਜਿਹੜਾ ਮੈਂ ਦਿਆਂਗਾ, ਤਾਂ ਉਸ ਨੂੰ ਫਿਰ ਕਦੀ ਪਿਆਸ ਨਹੀਂ ਲੱਗੇਗੀ।’ ਤੀਵੀਂ ਨੇ ਕਿਹਾ: “ਵੀਰਾ, ਮੈਨੂੰ ਇਹ ਪਾਣੀ ਦੇ ਦੇ।”

      ਫਿਰ ਯਿਸੂ ਨੇ ਕਿਹਾ: ‘ਆਪਣੇ ਪਤੀ ਨੂੰ ਖੂਹ ʼਤੇ ਲੈ ਕੇ ਆ।’ ਉਸ ਨੇ ਕਿਹਾ: ‘ਮੇਰਾ ਕੋਈ ਪਤੀ ਨਹੀਂ ਹੈ।’ ਯਿਸੂ ਨੇ ਕਿਹਾ: ‘ਤੂੰ ਸੱਚ ਕਹਿ ਰਹੀਂ ਹੈਂ। ਤੂੰ ਪੰਜ ਵਿਆਹ ਕਰਾ ਚੁੱਕੀ ਹੈਂ ਅਤੇ ਜਿਸ ਆਦਮੀ ਨਾਲ ਤੂੰ ਹੁਣ ਰਹਿੰਦੀ ਹੈਂ, ਉਸ ਨਾਲ ਤੇਰਾ ਵਿਆਹ ਨਹੀਂ ਹੋਇਆ ਹੈ।’ ਤੀਵੀਂ ਨੇ ਕਿਹਾ: ‘ਮੈਨੂੰ ਲੱਗਦਾ ਤੂੰ ਕੋਈ ਨਬੀ ਹੈਂ। ਮੇਰੇ ਲੋਕ ਮੰਨਦੇ ਹਨ ਕਿ ਸਾਨੂੰ ਇਸ ਪਹਾੜ ਉੱਤੇ ਭਗਤੀ ਕਰਨੀ ਚਾਹੀਦੀ ਹੈ, ਪਰ ਯਹੂਦੀ ਕਹਿੰਦੇ ਹਨ ਕਿ ਸਾਨੂੰ ਸਿਰਫ਼ ਯਰੂਸ਼ਲਮ ਵਿਚ ਹੀ ਭਗਤੀ ਕਰਨੀ ਚਾਹੀਦੀ ਹੈ। ਮੈਨੂੰ ਯਕੀਨ ਹੈ ਕਿ ਮਸੀਹ ਆ ਕੇ ਸਾਨੂੰ ਸਿਖਾਵੇਗਾ ਕਿ ਭਗਤੀ ਕਿਵੇਂ ਕੀਤੀ ਜਾਣੀ ਚਾਹੀਦੀ ਹੈ।’ ਫਿਰ ਯਿਸੂ ਨੇ ਉਸ ਨੂੰ ਕੁਝ ਅਜਿਹਾ ਦੱਸਿਆ ਜਿਸ ਬਾਰੇ ਉਸ ਨੇ ਹੋਰ ਕਿਸੇ ਨੂੰ ਨਹੀਂ ਦੱਸਿਆ ਸੀ: ‘ਮੈਂ ਮਸੀਹ ਹਾਂ।’

      ਯਿਸੂ ਸਾਮਰੀਆਂ ਨਾਲ ਗੱਲ ਕਰਦਾ ਹੋਇਆ

      ਉਹ ਤੀਵੀਂ ਜਲਦੀ ਨਾਲ ਆਪਣੇ ਸ਼ਹਿਰ ਗਈ ਅਤੇ ਉਸ ਨੇ ਸਾਮਰੀਆਂ ਨੂੰ ਦੱਸਿਆ: ‘ਮੈਨੂੰ ਲੱਗਦਾ ਕਿ ਮੈਨੂੰ ਮਸੀਹ ਮਿਲ ਗਿਆ ਹੈ। ਉਹ ਮੇਰੇ ਬਾਰੇ ਹਰ ਗੱਲ ਜਾਣਦਾ ਹੈ। ਆਓ ਤੇ ਦੇਖੋ!’ ਉਹ ਤੀਵੀਂ ਦੇ ਪਿੱਛੇ-ਪਿੱਛੇ ਖੂਹ ʼਤੇ ਗਏ ਅਤੇ ਉਨ੍ਹਾਂ ਨੇ ਯਿਸੂ ਦੀਆਂ ਗੱਲਾਂ ਸੁਣੀਆਂ।

      ਸਾਮਰੀਆਂ ਨੇ ਯਿਸੂ ਨੂੰ ਆਪਣੇ ਸ਼ਹਿਰ ਆ ਕੇ ਰਹਿਣ ਨੂੰ ਕਿਹਾ। ਉਸ ਨੇ ਦੋ ਦਿਨਾਂ ਤਕ ਉਨ੍ਹਾਂ ਨੂੰ ਸਿਖਾਇਆ ਅਤੇ ਬਹੁਤ ਸਾਰੇ ਲੋਕਾਂ ਨੇ ਉਸ ʼਤੇ ਨਿਹਚਾ ਕੀਤੀ। ਉਨ੍ਹਾਂ ਨੇ ਸਾਮਰੀ ਤੀਵੀਂ ਨੂੰ ਦੱਸਿਆ: ‘ਇਸ ਆਦਮੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਅਸੀਂ ਵੀ ਜਾਣ ਗਏ ਹਾਂ ਕਿ ਇਹੀ ਆਦਮੀ ਦੁਨੀਆਂ ਦਾ ਮੁਕਤੀਦਾਤਾ ਹੈ।’

      “‘ਆਓ!’ ਜਿਹੜਾ ਵੀ ਪਿਆਸਾ ਹੈ, ਉਹ ਆਵੇ ਅਤੇ ਜਿਹੜਾ ਚਾਹੁੰਦਾ ਹੈ, ਉਹ ਆ ਕੇ ਅੰਮ੍ਰਿਤ ਜਲ ਮੁਫ਼ਤ ਪੀਵੇ।”—ਪ੍ਰਕਾਸ਼ ਦੀ ਕਿਤਾਬ 22:17

      ਸਵਾਲ: ਸਾਮਰੀ ਤੀਵੀਂ ਨੂੰ ਹੈਰਾਨੀ ਕਿਉਂ ਹੋਈ ਕਿ ਯਿਸੂ ਨੇ ਉਸ ਨਾਲ ਗੱਲ ਕੀਤੀ? ਯਿਸੂ ਨੇ ਉਸ ਨੂੰ ਕੀ ਦੱਸਿਆ?

      ਯੂਹੰਨਾ 4:1-42

  • ਯਿਸੂ ਨੇ ਰਾਜ ਬਾਰੇ ਪ੍ਰਚਾਰ ਕੀਤਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਯਿਸੂ ਅਤੇ ਇਕ ਚੇਲਾ ਪ੍ਰਚਾਰ ਕਰਦੇ ਹੋਏ

      ਪਾਠ 78

      ਯਿਸੂ ਨੇ ਰਾਜ ਬਾਰੇ ਪ੍ਰਚਾਰ ਕੀਤਾ

      ਯਿਸੂ ਨੇ ਆਪਣੇ ਬਪਤਿਸਮੇ ਤੋਂ ਥੋੜ੍ਹੀ ਦੇਰ ਬਾਅਦ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ‘ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।’ ਗਲੀਲ ਅਤੇ ਯਹੂਦਿਯਾ ਨੂੰ ਜਾਂਦਿਆਂ ਚੇਲੇ ਵੀ ਉਸ ਦੇ ਪਿੱਛੇ-ਪਿੱਛੇ ਗਏ। ਜਦੋਂ ਯਿਸੂ ਨਾਸਰਤ ਵਿਚ ਆਪਣੇ ਘਰ ਵਾਪਸ ਆਇਆ, ਤਾਂ ਉਹ ਸਭਾ ਘਰ ਗਿਆ। ਉਸ ਨੇ ਯਸਾਯਾਹ ਦੀ ਪੱਤਰੀ ਵਿੱਚੋਂ ਇਹ ਆਇਤ ਪੜ੍ਹੀ: ‘ਯਹੋਵਾਹ ਨੇ ਮੈਨੂੰ ਪਵਿੱਤਰ ਸ਼ਕਤੀ ਦਿੱਤੀ ਹੈ ਤਾਂਕਿ ਮੈਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ।’ ਇਸ ਦਾ ਕੀ ਮਤਲਬ ਸੀ? ਇਸ ਦਾ ਮਤਲਬ ਸੀ ਕਿ ਭਾਵੇਂ ਲੋਕ ਯਿਸੂ ਨੂੰ ਚਮਤਕਾਰ ਕਰਦਿਆਂ ਦੇਖਣਾ ਚਾਹੁੰਦੇ ਸਨ, ਪਰ ਪਰਮੇਸ਼ੁਰ ਨੇ ਮੁੱਖ ਤੌਰ ਤੇ ਉਸ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਪਵਿੱਤਰ ਸ਼ਕਤੀ ਦਿੱਤੀ ਸੀ। ਉਸ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ: ‘ਅੱਜ ਇਹ ਭਵਿੱਖਬਾਣੀ ਪੂਰੀ ਹੋਈ ਹੈ।’

      ਫਿਰ ਯਿਸੂ ਗਲੀਲ ਦੀ ਝੀਲ ʼਤੇ ਚਲਾ ਗਿਆ ਜਿੱਥੇ ਉਸ ਨੂੰ ਚਾਰ ਮਛੇਰੇ ਮਿਲੇ ਜੋ ਬਾਅਦ ਵਿਚ ਉਸ ਦੇ ਚੇਲੇ ਬਣੇ। ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਮੇਰੇ ਨਾਲ ਆਓ, ਮੈਂ ਤੁਹਾਨੂੰ ਇਨਸਾਨ ਫੜਨੇ ਸਿਖਾਵਾਂਗਾ।’ ਉਹ ਚਾਰ ਆਦਮੀ ਪਤਰਸ, ਅੰਦ੍ਰਿਆਸ, ਯਾਕੂਬ ਅਤੇ ਯੂਹੰਨਾ ਸਨ। ਉਹ ਉਸੇ ਵੇਲੇ ਆਪਣਾ ਕੰਮ ਛੱਡ ਕੇ ਯਿਸੂ ਦੇ ਪਿੱਛੇ-ਪਿੱਛੇ ਤੁਰ ਪਏ। ਉਨ੍ਹਾਂ ਨੇ ਸਾਰੇ ਗਲੀਲ ਵਿਚ ਯਹੋਵਾਹ ਦੇ ਰਾਜ ਬਾਰੇ ਪ੍ਰਚਾਰ ਕੀਤਾ। ਉਨ੍ਹਾਂ ਨੇ ਸਭਾ ਘਰਾਂ, ਬਾਜ਼ਾਰਾਂ ਅਤੇ ਗਲੀਆਂ ਵਿਚ ਪ੍ਰਚਾਰ ਕੀਤਾ। ਉਹ ਜਿੱਥੇ ਵੀ ਜਾਂਦੇ ਸਨ, ਵੱਡੀ ਭੀੜ ਉਨ੍ਹਾਂ ਦੇ ਨਾਲ-ਨਾਲ ਜਾਂਦੀ ਸੀ। ਦੂਰ-ਦੂਰ ਤਕ ਯਿਸੂ ਬਾਰੇ ਖ਼ਬਰ ਪਹੁੰਚ ਗਈ, ਇੱਥੋਂ ਤਕ ਕਿ ਸੀਰੀਆ ਵਿਚ ਵੀ।

      ਬਾਅਦ ਵਿਚ ਯਿਸੂ ਨੇ ਆਪਣੇ ਕੁਝ ਚੇਲਿਆਂ ਨੂੰ ਲੋਕਾਂ ਨੂੰ ਠੀਕ ਕਰਨ ਅਤੇ ਦੁਸ਼ਟ ਦੂਤਾਂ ਨੂੰ ਕੱਢਣ ਦੀ ਤਾਕਤ ਦਿੱਤੀ। ਜਦੋਂ ਯਿਸੂ ਸ਼ਹਿਰੋ-ਸ਼ਹਿਰ ਅਤੇ ਪਿੰਡੋ-ਪਿੰਡ ਪ੍ਰਚਾਰ ਕਰਦਾ ਹੁੰਦਾ ਸੀ, ਤਾਂ ਬਾਕੀ ਚੇਲੇ ਉਸ ਦੇ ਨਾਲ-ਨਾਲ ਜਾਂਦੇ ਸਨ। ਕਈ ਵਫ਼ਾਦਾਰ ਤੀਵੀਆਂ, ਜਿਵੇਂ ਮਰੀਅਮ ਮਗਦਲੀਨੀ, ਯੋਆਨਾ, ਸੁਸੰਨਾ ਅਤੇ ਕਈ ਹੋਰ ਜਣੀਆਂ, ਯਿਸੂ ਅਤੇ ਉਸ ਦੇ ਚੇਲਿਆਂ ਦੀ ਦੇਖ-ਭਾਲ ਕਰਨ ਲਈ ਉਨ੍ਹਾਂ ਦੇ ਨਾਲ ਜਾਂਦੀਆਂ ਸਨ।

      ਚੇਲਿਆਂ ਨੂੰ ਸਿਖਲਾਈ ਦੇਣ ਤੋਂ ਬਾਅਦ ਯਿਸੂ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਭੇਜਿਆ। ਗਲੀਲ ਵਿਚ ਪ੍ਰਚਾਰ ਕਰਦਿਆਂ ਹੋਰ ਕਈ ਲੋਕ ਯਿਸੂ ਦੇ ਚੇਲੇ ਬਣ ਗਏ ਅਤੇ ਉਨ੍ਹਾਂ ਨੇ ਬਪਤਿਸਮਾ ਲੈ ਲਿਆ। ਬਹੁਤ ਸਾਰੇ ਲੋਕ ਚੇਲੇ ਬਣਨਾ ਚਾਹੁੰਦੇ ਸਨ, ਇਸ ਲਈ ਯਿਸੂ ਨੇ ਉਨ੍ਹਾਂ ਦੀ ਤੁਲਨਾ ਫ਼ਸਲ ਨਾਲ ਕੀਤੀ ਜੋ ਪੱਕ ਚੁੱਕੀ ਸੀ। ਉਸ ਨੇ ਕਿਹਾ: ‘ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਵਾਢੇ ਘੱਲੇ।’ ਬਾਅਦ ਵਿਚ ਉਸ ਨੇ 70 ਚੇਲੇ ਚੁਣੇ ਅਤੇ ਉਨ੍ਹਾਂ ਨੂੰ ਦੋ-ਦੋ ਕਰ ਕੇ ਪੂਰੇ ਯਹੂਦਿਯਾ ਵਿਚ ਪ੍ਰਚਾਰ ਕਰਨ ਲਈ ਭੇਜਿਆ। ਉਨ੍ਹਾਂ ਨੇ ਹਰ ਤਰ੍ਹਾਂ ਦੇ ਲੋਕਾਂ ਨੂੰ ਰਾਜ ਬਾਰੇ ਪ੍ਰਚਾਰ ਕੀਤਾ। ਜਦੋਂ ਚੇਲੇ ਵਾਪਸ ਆਏ, ਤਾਂ ਉਹ ਯਿਸੂ ਨੂੰ ਦੱਸਣ ਲਈ ਉਤਾਵਲੇ ਸਨ ਕਿ ਉਨ੍ਹਾਂ ਨੇ ਕੀ ਕੁਝ ਕੀਤਾ ਸੀ। ਪ੍ਰਚਾਰ ਨੂੰ ਰੋਕਣ ਲਈ ਸ਼ੈਤਾਨ ਕੁਝ ਵੀ ਨਾ ਕਰ ਸਕਿਆ।

      ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਸ ਦੇ ਸਵਰਗ ਵਾਪਸ ਜਾਣ ਤੋਂ ਬਾਅਦ ਵੀ ਇਹ ਜ਼ਰੂਰੀ ਕੰਮ ਕਰਦੇ ਰਹਿਣ। ਉਸ ਨੇ ਉਨ੍ਹਾਂ ਨੂੰ ਕਿਹਾ: ‘ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ। ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਬਾਰੇ ਸਿਖਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ।’

      “ਇਹ ਜ਼ਰੂਰੀ ਹੈ ਕਿ ਮੈਂ ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।”​—ਲੂਕਾ 4:43

      ਸਵਾਲ: ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਕੰਮ ਕਰਨ ਲਈ ਕਿਹਾ? ਉਸ ਦੇ ਚੇਲਿਆਂ ਨੇ ਇਸ ਕੰਮ ਬਾਰੇ ਕਿਵੇਂ ਮਹਿਸੂਸ ਕੀਤਾ?

      ਮੱਤੀ 4:17-25; 9:35-38; 28:19, 20; ਮਰਕੁਸ 1:14-20; ਲੂਕਾ 4:14-21; 8:1-3; 10:1-22

  • ਯਿਸੂ ਨੇ ਬਹੁਤ ਸਾਰੇ ਚਮਤਕਾਰ ਕੀਤੇ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਬੀਮਾਰ ਲੋਕ ਠੀਕ ਹੋਣ ਲਈ ਯਿਸੂ ਕੋਲ ਆਉਂਦੇ ਹੋਏ

      ਪਾਠ 79

      ਯਿਸੂ ਨੇ ਬਹੁਤ ਸਾਰੇ ਚਮਤਕਾਰ ਕੀਤੇ

      ਯਿਸੂ ਧਰਤੀ ʼਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਆਇਆ ਸੀ। ਰਾਜੇ ਵਜੋਂ ਯਿਸੂ ਕੀ ਕਰੇਗਾ, ਇਹ ਦਿਖਾਉਣ ਲਈ ਯਹੋਵਾਹ ਨੇ ਯਿਸੂ ਨੂੰ ਚਮਤਕਾਰ ਕਰਨ ਲਈ ਪਵਿੱਤਰ ਸ਼ਕਤੀ ਦਿੱਤੀ। ਉਹ ਹਰ ਤਰ੍ਹਾਂ ਦੀ ਬੀਮਾਰੀ ਠੀਕ ਕਰ ਸਕਦਾ ਸੀ। ਉਹ ਜਿੱਥੇ ਵੀ ਗਿਆ, ਬੀਮਾਰ ਲੋਕ ਉਸ ਕੋਲ ਠੀਕ ਹੋਣ ਨੂੰ ਆਏ ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਠੀਕ ਕੀਤਾ। ਅੰਨ੍ਹੇ ਦੇਖ ਸਕਦੇ ਸਨ, ਬੋਲ਼ੇ ਸੁਣ ਸਕਦੇ ਸਨ, ਅਧਰੰਗੀ ਠੀਕ ਹੋ ਗਏ ਅਤੇ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ, ਉਨ੍ਹਾਂ ਵਿੱਚੋਂ ਦੁਸ਼ਟ ਦੂਤਾਂ ਨੂੰ ਕੱਢਿਆ ਗਿਆ। ਜੇ ਉਹ ਸਿਰਫ਼ ਯਿਸੂ ਦੇ ਕੱਪੜੇ ਦੀ ਝਾਲਰ ਨੂੰ ਹੀ ਛੂਹ ਲੈਂਦੇ ਸਨ, ਤਾਂ ਉਹ ਠੀਕ ਹੋ ਜਾਂਦੇ ਸਨ। ਯਿਸੂ ਜਿੱਥੇ ਵੀ ਗਿਆ, ਲੋਕ ਉਸ ਦੇ ਪਿੱਛੇ ਗਏ। ਜਦੋਂ ਯਿਸੂ ਇਕੱਲਾ ਰਹਿਣਾ ਚਾਹੁੰਦਾ ਸੀ, ਉਦੋਂ ਵੀ ਲੋਕ ਉਸ ਕੋਲ ਆ ਜਾਂਦੇ ਸਨ।

      ਇਕ ਵਾਰ ਲੋਕ ਇਕ ਅਧਰੰਗੀ ਆਦਮੀ ਨੂੰ ਉਸ ਘਰ ਵਿਚ ਲੈ ਕੇ ਆਏ ਜਿੱਥੇ ਯਿਸੂ ਰਹਿ ਰਿਹਾ ਸੀ। ਪਰ ਘਰ ਵਿਚ ਤਾਂ ਭੀੜ ਜਮ੍ਹਾ ਹੋਈ ਸੀ ਜਿਸ ਕਰਕੇ ਉਹ ਅੰਦਰ ਨਹੀਂ ਜਾ ਸਕਦੇ ਸਨ। ਇਸ ਲਈ ਉਨ੍ਹਾਂ ਨੇ ਛੱਤ ਵਿਚ ਮੋਹਰਾ ਕੀਤਾ ਅਤੇ ਉਸ ਆਦਮੀ ਨੂੰ ਯਿਸੂ ਕੋਲ ਥੱਲੇ ਉਤਾਰ ਦਿੱਤਾ। ਫਿਰ ਯਿਸੂ ਨੇ ਆਦਮੀ ਨੂੰ ਕਿਹਾ: ‘ਉੱਠ ਅਤੇ ਤੁਰ-ਫਿਰ।’ ਜਦੋਂ ਉਹ ਆਦਮੀ ਉੱਠ ਕੇ ਤੁਰਨ ਲੱਗਾ, ਤਾਂ ਲੋਕ ਹੈਰਾਨ ਰਹਿ ਗਏ।

      ਇਕ ਹੋਰ ਮੌਕੇ ʼਤੇ ਜਦੋਂ ਯਿਸੂ ਇਕ ਪਿੰਡ ਵਿਚ ਵੜਿਆ, ਤਾਂ ਦਸ ਕੋੜ੍ਹੀ ਦੂਰ ਖੜ੍ਹੇ ਉੱਚੀ-ਉੱਚੀ ਕਹਿਣ ਲੱਗੇ: ‘ਹੇ ਯਿਸੂ, ਸਾਡੀ ਮਦਦ ਕਰ!’ ਉਨ੍ਹਾਂ ਦਿਨਾਂ ਵਿਚ ਕੋੜ੍ਹੀਆਂ ਨੂੰ ਹੋਰ ਲੋਕਾਂ ਦੇ ਨੇੜੇ ਆਉਣ ਦੀ ਇਜਾਜ਼ਤ ਨਹੀਂ ਸੀ। ਯਿਸੂ ਨੇ ਆਦਮੀਆਂ ਨੂੰ ਮੰਦਰ ਵਿਚ ਜਾਣ ਲਈ ਕਿਹਾ। ਯਹੋਵਾਹ ਦੇ ਕਾਨੂੰਨ ਅਨੁਸਾਰ ਕੋੜ੍ਹੀਆਂ ਨੂੰ ਠੀਕ ਹੋਣ ਤੋਂ ਬਾਅਦ ਮੰਦਰ ਜਾਣਾ ਪੈਂਦਾ ਸੀ। ਰਾਹ ਵਿਚ ਜਾਂਦਿਆਂ ਉਹ ਠੀਕ ਹੋ ਗਏ। ਕੋੜ੍ਹੀਆਂ ਵਿੱਚੋਂ ਇਕ ਜਣੇ ਨੇ ਜਦੋਂ ਦੇਖਿਆ ਕਿ ਉਹ ਠੀਕ ਹੋ ਗਿਆ ਸੀ, ਤਾਂ ਉਹ ਵਾਪਸ ਮੁੜ ਆਇਆ ਤੇ ਯਿਸੂ ਦਾ ਧੰਨਵਾਦ ਕੀਤਾ ਅਤੇ ਪਰਮੇਸ਼ੁਰ ਦੀ ਮਹਿਮਾ ਕੀਤੀ। ਉਨ੍ਹਾਂ ਦਸਾਂ ਆਦਮੀਆਂ ਵਿੱਚੋਂ ਸਿਰਫ਼ ਇਸ ਆਦਮੀ ਨੇ ਯਿਸੂ ਨੂੰ ਸ਼ੁਕਰੀਆ ਕਿਹਾ।

      12 ਸਾਲਾਂ ਤੋਂ ਬੀਮਾਰ ਇਕ ਤੀਵੀਂ ਠੀਕ ਹੋਣਾ ਚਾਹੁੰਦੀ ਸੀ। ਉਸ ਨੇ ਭੀੜ ਵਿੱਚੋਂ ਆ ਕੇ ਪਿੱਛਿਓਂ ਯਿਸੂ ਦੇ ਕੱਪੜੇ ਦੀ ਝਾਲਰ ਨੂੰ ਛੂਹਿਆ। ਉਹ ਉਸੇ ਵੇਲੇ ਠੀਕ ਹੋ ਗਈ। ਜਦੋਂ ਇੱਦਾਂ ਹੋਇਆ, ਤਾਂ ਯਿਸੂ ਨੇ ਪੁੱਛਿਆ: “ਕਿਸ ਨੇ ਮੈਨੂੰ ਛੂਹਿਆ?” ਤੀਵੀਂ ਡਰ ਗਈ, ਪਰ ਉਸ ਨੇ ਯਿਸੂ ਨੂੰ ਸੱਚ-ਸੱਚ ਦੱਸ ਦਿੱਤਾ। ਯਿਸੂ ਨੇ ਉਸ ਨੂੰ ਇਹ ਕਹਿ ਕੇ ਦਿਲਾਸਾ ਦਿੱਤਾ: ‘ਧੀਏ, ਰਾਜ਼ੀ ਰਹਿ।’

      ਜੈਰੁਸ ਨਾਂ ਦੇ ਅਧਿਕਾਰੀ ਨੇ ਯਿਸੂ ਦੀ ਮਿੰਨਤ ਕੀਤੀ: ‘ਮੇਰੇ ਘਰ ਆ। ਮੇਰੀ ਧੀ ਬਹੁਤ ਬੀਮਾਰ ਹੈ।’ ਪਰ ਯਿਸੂ ਦੇ ਘਰ ਜਾਣ ਤੋਂ ਪਹਿਲਾਂ ਹੀ ਕੁੜੀ ਮਰ ਗਈ। ਜਦੋਂ ਯਿਸੂ ਪਹੁੰਚਿਆ, ਤਾਂ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਪਰਿਵਾਰ ਦੇ ਨਾਲ ਰੋਂਦਿਆਂ ਦੇਖਿਆ। ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਰੋਵੋ ਨਾ; ਕੁੜੀ ਸੁੱਤੀ ਪਈ ਹੈ।’ ਫਿਰ ਉਸ ਨੇ ਕੁੜੀ ਦਾ ਹੱਥ ਫੜਿਆ ਅਤੇ ਕਿਹਾ: “ਬੇਟੀ, ਉੱਠ!” ਉਹ ਕੁੜੀ ਉਸੇ ਵੇਲੇ ਉੱਠ ਕੇ ਬੈਠ ਗਈ ਅਤੇ ਯਿਸੂ ਨੇ ਉਸ ਦੇ ਮਾਪਿਆਂ ਨੂੰ ਕਿਹਾ ਕਿ ਉਹ ਕੁੜੀ ਨੂੰ ਕੁਝ ਖਾਣ ਲਈ ਦੇਣ। ਜ਼ਰਾ ਸੋਚੋ ਕਿ ਉਸ ਦੇ ਮਾਪਿਆਂ ਨੂੰ ਕਿੱਦਾਂ ਲੱਗਾ ਹੋਣਾ!

      ਯਿਸੂ ਜੈਰੁਸ ਦੀ ਧੀ ਨੂੰ ਜੀਉਂਦਾ ਕਰਦਾ ਹੋਇਆ

      “ਪਰਮੇਸ਼ੁਰ ਨੇ . . . ਉਸ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਅਤੇ ਉਸ ਨੂੰ ਤਾਕਤ ਦਿੱਤੀ ਅਤੇ ਉਸ ਨੇ ਪੂਰੇ ਇਲਾਕੇ ਵਿਚ ਜਾ ਕੇ ਚੰਗੇ ਕੰਮ ਕੀਤੇ ਅਤੇ ਸ਼ੈਤਾਨ ਦੁਆਰਾ ਸਤਾਏ ਲੋਕਾਂ ਨੂੰ ਚੰਗਾ ਕੀਤਾ ਕਿਉਂਕਿ ਪਰਮੇਸ਼ੁਰ ਉਸ ਦੇ ਨਾਲ ਸੀ।”—ਰਸੂਲਾਂ ਦੇ ਕੰਮ 10:38

      ਸਵਾਲ: ਯਿਸੂ ਹਰ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕਿਉਂ ਕਰ ਸਕਦਾ ਸੀ? ਜੈਰੁਸ ਦੀ ਧੀ ਨੂੰ ਕੀ ਹੋਇਆ ਸੀ?

      ਮੱਤੀ 9:18-26; 14:36; ਮਰਕੁਸ 2:1-12; 5:21-43; 6:55, 56; ਲੂਕਾ 6:19; 8:41-56; 17:11-19

  • ਯਿਸੂ ਨੇ 12 ਰਸੂਲ ਚੁਣੇ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਯਿਸੂ ਅਤੇ ਉਸ ਦੇ 12 ਰਸੂਲ

      ਪਾਠ 80

      ਯਿਸੂ ਨੇ 12 ਰਸੂਲ ਚੁਣੇ

      ਯਿਸੂ ਨੂੰ ਪ੍ਰਚਾਰ ਕਰਦਿਆਂ ਲਗਭਗ ਡੇਢ ਸਾਲ ਹੋ ਗਿਆ ਸੀ ਅਤੇ ਹੁਣ ਉਸ ਨੂੰ ਇਕ ਜ਼ਰੂਰੀ ਫ਼ੈਸਲਾ ਕਰਨਾ ਪੈਣਾ ਸੀ। ਉਸ ਨੇ ਆਪਣੇ ਨਾਲ ਕੰਮ ਕਰਨ ਲਈ ਕਿਨ੍ਹਾਂ ਨੂੰ ਚੁਣਨਾ ਸੀ? ਉਸ ਨੇ ਮਸੀਹੀ ਮੰਡਲੀ ਦੀ ਅਗਵਾਈ ਕਰਨ ਲਈ ਕਿਨ੍ਹਾਂ ਨੂੰ ਸਿਖਲਾਈ ਦੇਣੀ ਸੀ? ਇਹ ਫ਼ੈਸਲੇ ਕਰਨ ਲਈ ਯਿਸੂ ਪਰਮੇਸ਼ੁਰ ਦੀ ਮਦਦ ਲੈਣੀ ਚਾਹੁੰਦਾ ਸੀ। ਇਸ ਲਈ ਉਹ ਪਹਾੜ ʼਤੇ ਗਿਆ ਜਿੱਥੇ ਉਹ ਇਕੱਲਾ ਸੀ ਅਤੇ ਉਸ ਨੇ ਸਾਰੀ ਰਾਤ ਪ੍ਰਾਰਥਨਾ ਕੀਤੀ। ਸਵੇਰ ਨੂੰ ਉਸ ਨੇ ਆਪਣੇ ਕੁਝ ਚੇਲਿਆਂ ਨੂੰ ਬੁਲਾਇਆ ਅਤੇ 12 ਰਸੂਲਾਂ ਨੂੰ ਚੁਣਿਆ। ਤੁਹਾਨੂੰ ਉਨ੍ਹਾਂ ਵਿੱਚੋਂ ਕਿਨ੍ਹਾਂ ਦੇ ਨਾਂ ਯਾਦ ਹਨ? ਉਨ੍ਹਾਂ ਦੇ ਨਾਂ ਸਨ, ਪਤਰਸ, ਅੰਦ੍ਰਿਆਸ, ਯਾਕੂਬ, ਯੂਹੰਨਾ, ਫ਼ਿਲਿੱਪੁਸ, ਬਰਥੁਲਮਈ, ਥੋਮਾ, ਮੱਤੀ, ਹਲਫ਼ਈ ਦਾ ਪੁੱਤਰ ਯਾਕੂਬ, ਥੱਦਈ, ਸ਼ਮਊਨ ਅਤੇ ਯਹੂਦਾ ਇਸਕਰਿਓਤੀ।

      ਅੰਦ੍ਰਿਆਸ, ਪਤਰਸ, ਫ਼ਿਲਿੱਪੁਸ, ਯਾਕੂਬ

      ਅੰਦ੍ਰਿਆਸ, ਪਤਰਸ, ਫ਼ਿਲਿੱਪੁਸ, ਯਾਕੂਬ

      ਇਨ੍ਹਾਂ 12 ਰਸੂਲਾਂ ਨੇ ਉਸ ਦੇ ਨਾਲ-ਨਾਲ ਰਹਿਣਾ ਸੀ। ਉਨ੍ਹਾਂ ਨੂੰ ਸਿਖਲਾਈ ਦੇਣ ਤੋਂ ਬਾਅਦ ਯਿਸੂ ਨੇ ਉਨ੍ਹਾਂ ਨੂੰ ਇਕੱਲਿਆਂ ਪ੍ਰਚਾਰ ਕਰਨ ਲਈ ਭੇਜਿਆ। ਯਹੋਵਾਹ ਨੇ ਉਨ੍ਹਾਂ ਨੂੰ ਦੁਸ਼ਟ ਦੂਤਾਂ ਨੂੰ ਕੱਢਣ ਅਤੇ ਬੀਮਾਰਾਂ ਨੂੰ ਠੀਕ ਕਰਨ ਦੀ ਤਾਕਤ ਦਿੱਤੀ ਸੀ।

      ਯੂਹੰਨਾ, ਮੱਤੀ, ਬਰਥੁਲਮਈ, ਥੋਮਾ

      ਯੂਹੰਨਾ, ਮੱਤੀ, ਬਰਥੁਲਮਈ, ਥੋਮਾ

      ਯਿਸੂ ਨੇ 12 ਰਸੂਲਾਂ ਨੂੰ ਆਪਣੇ ਦੋਸਤ ਕਿਹਾ ਅਤੇ ਉਹ ਇਨ੍ਹਾਂ ʼਤੇ ਭਰੋਸਾ ਕਰਦਾ ਸੀ। ਫ਼ਰੀਸੀਆਂ ਨੇ ਸੋਚਿਆ ਕਿ ਰਸੂਲ ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ ਸਨ। ਪਰ ਯਿਸੂ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ ਸੀ। ਉਨ੍ਹਾਂ ਨੇ ਯਿਸੂ ਦੀ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਮੌਕਿਆਂ ʼਤੇ ਉਸ ਦੇ ਨਾਲ ਹੋਣਾ ਸੀ, ਜਿਵੇਂ ਉਸ ਦੀ ਮੌਤ ਤੋਂ ਪਹਿਲਾਂ ਅਤੇ ਦੁਬਾਰਾ ਜੀਉਂਦੇ ਕੀਤੇ ਜਾਣ ਤੋਂ ਬਾਅਦ। ਯਿਸੂ ਵਾਂਗ ਜ਼ਿਆਦਾਤਰ ਰਸੂਲ ਗਲੀਲ ਤੋਂ ਸਨ। ਇਨ੍ਹਾਂ ਵਿੱਚੋਂ ਕੁਝ ਜਣੇ ਵਿਆਹੇ ਹੋਏ ਸਨ।

      ਹਲਫ਼ਈ ਦਾ ਪੁੱਤਰ ਯਾਕੂਬ, ਯਹੂਦਾ ਇਸਕਰਿਓਤੀ, ਥੱਦਈ, ਸ਼ਮਊਨ

      ਹਲਫ਼ਈ ਦਾ ਪੁੱਤਰ ਯਾਕੂਬ, ਯਹੂਦਾ ਇਸਕਰਿਓਤੀ, ਥੱਦਈ, ਸ਼ਮਊਨ

      ਰਸੂਲ ਨਾਮੁਕੰਮਲ ਇਨਸਾਨ ਸਨ ਅਤੇ ਗ਼ਲਤੀਆਂ ਕਰਦੇ ਸਨ। ਕਈ ਵਾਰ ਉਹ ਬਿਨਾਂ ਸੋਚੇ-ਸਮਝੇ ਹੀ ਕੁਝ ਕਹਿ ਦਿੰਦੇ ਸਨ ਅਤੇ ਗ਼ਲਤ ਫ਼ੈਸਲੇ ਕਰ ਲੈਂਦੇ ਸਨ। ਕਈ ਵਾਰ ਉਨ੍ਹਾਂ ਨੂੰ ਗੁੱਸਾ ਆ ਜਾਂਦਾ ਸੀ। ਉਹ ਇਸ ਗੱਲ ʼਤੇ ਵੀ ਬਹਿਸ ਕਰਦੇ ਸਨ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। ਪਰ ਉਹ ਚੰਗੇ ਇਨਸਾਨ ਸਨ ਜੋ ਯਹੋਵਾਹ ਨੂੰ ਪਿਆਰ ਕਰਦੇ ਸਨ। ਉਹ ਮਸੀਹੀ ਮੰਡਲੀ ਦੇ ਸਭ ਤੋਂ ਪਹਿਲਾਂ ਚੁਣੇ ਗਏ ਮੈਂਬਰ ਸਨ ਜਿਨ੍ਹਾਂ ਨੇ ਯਿਸੂ ਦੇ ਜਾਣ ਤੋਂ ਬਾਅਦ ਬਹੁਤ ਜ਼ਰੂਰੀ ਕੰਮ ਕਰਨੇ ਸਨ।

      “ਮੈਂ ਤੁਹਾਨੂੰ ਆਪਣੇ ਦੋਸਤ ਕਿਹਾ ਹੈ ਕਿਉਂਕਿ ਜਿਹੜੀਆਂ ਗੱਲਾਂ ਮੈਂ ਆਪਣੇ ਪਿਤਾ ਤੋਂ ਸੁਣੀਆਂ ਹਨ, ਉਹ ਸਾਰੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਹਨ।”​—ਯੂਹੰਨਾ 15:15

      ਸਵਾਲ: ਯਿਸੂ ਨੇ ਕਿਨ੍ਹਾਂ 12 ਜਣਿਆਂ ਨੂੰ ਰਸੂਲਾਂ ਵਜੋਂ ਚੁਣਿਆ? ਯਿਸੂ ਨੇ ਰਸੂਲਾਂ ਨੂੰ ਕਿਹੜਾ ਕੰਮ ਕਰਨ ਲਈ ਭੇਜਿਆ?

      ਮੱਤੀ 10:1-10; ਮਰਕੁਸ 3:13-19; 10:35-40; ਲੂਕਾ 6:12-16; ਯੂਹੰਨਾ 15:15; 20:24, 25; ਰਸੂਲਾਂ ਦੇ ਕੰਮ 2:7; 4:13; 1 ਕੁਰਿੰਥੀਆਂ 9:5; ਅਫ਼ਸੀਆਂ 2:20-22

  • ਪਹਾੜੀ ਉਪਦੇਸ਼
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਯਿਸੂ ਭੀੜ ਨੂੰ ਪਹਾੜ ʼਤੇ ਸਿੱਖਿਆ ਦਿੰਦਾ ਹੋਇਆ

      ਪਾਠ 81

      ਪਹਾੜੀ ਉਪਦੇਸ਼

      12 ਰਸੂਲ ਚੁਣਨ ਤੋਂ ਬਾਅਦ ਯਿਸੂ ਪਹਾੜ ਤੋਂ ਥੱਲੇ ਆ ਗਿਆ ਅਤੇ ਉਸ ਜਗ੍ਹਾ ਚਲਾ ਗਿਆ ਜਿੱਥੇ ਵੱਡੀ ਭੀੜ ਇਕੱਠੀ ਹੋਈ ਸੀ। ਇਹ ਲੋਕ ਗਲੀਲ, ਯਹੂਦਿਯਾ, ਸੋਰ, ਸੀਦੋਨ, ਸੀਰੀਆ ਅਤੇ ਯਰਦਨ ਦਰਿਆ ਦੇ ਦੂਸਰੇ ਪਾਸਿਓਂ ਆਏ ਸਨ। ਉਹ ਆਪਣੇ ਨਾਲ ਉਨ੍ਹਾਂ ਲੋਕਾਂ ਨੂੰ ਲੈ ਕੇ ਆਏ ਜਿਹੜੇ ਬੀਮਾਰ ਸਨ ਅਤੇ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ। ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਠੀਕ ਕੀਤਾ। ਫਿਰ ਉਹ ਪਹਾੜ ʼਤੇ ਬੈਠ ਕੇ ਸਿੱਖਿਆ ਦੇਣ ਲੱਗਾ। ਉਸ ਨੇ ਦੱਸਿਆ ਕਿ ਜੇ ਅਸੀਂ ਪਰਮੇਸ਼ੁਰ ਦੇ ਦੋਸਤ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ। ਸਾਨੂੰ ਪਹਿਲਾਂ ਇਸ ਗੱਲ ਬਾਰੇ ਪਤਾ ਹੋਣਾ ਚਾਹੀਦਾ ਕਿ ਸਾਨੂੰ ਯਹੋਵਾਹ ਦੀ ਲੋੜ ਹੈ ਅਤੇ ਸਾਨੂੰ ਉਸ ਨਾਲ ਪਿਆਰ ਕਰਨਾ ਸਿੱਖਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨਾਲ ਪਿਆਰ ਤੇ ਵਧੀਆ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ, ਇੱਥੋਂ ਤਕ ਕਿ ਆਪਣੇ ਦੁਸ਼ਮਣਾਂ ਨਾਲ ਵੀ।

      ਯਿਸੂ ਨੇ ਕਿਹਾ: ‘ਸਾਨੂੰ ਸਿਰਫ਼ ਆਪਣੇ ਦੋਸਤਾਂ ਨਾਲ ਹੀ ਨਹੀਂ, ਸਗੋਂ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਨੂੰ ਦਿਲੋਂ ਮਾਫ਼ ਕਰਨਾ ਚਾਹੀਦਾ ਹੈ। ਜੇ ਕੋਈ ਤੁਹਾਡੇ ਨਾਲ ਨਾਰਾਜ਼ ਹੈ, ਤਾਂ ਉਸੇ ਵੇਲੇ ਉਸ ਕੋਲ ਜਾਓ ਅਤੇ ਮਾਫ਼ੀ ਮੰਗੋ। ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।’

      ਯਿਸੂ ਭੀੜ ਨੂੰ ਪਹਾੜ ʼਤੇ ਸਿੱਖਿਆ ਦਿੰਦਾ ਹੋਇਆ

      ਯਿਸੂ ਨੇ ਲੋਕਾਂ ਨੂੰ ਧਨ-ਦੌਲਤ ਬਾਰੇ ਵੀ ਚੰਗੀ ਸਲਾਹ ਦਿੱਤੀ। ਉਸ ਨੇ ਕਿਹਾ: ‘ਸਾਡੇ ਕੋਲ ਬਹੁਤ ਸਾਰੇ ਪੈਸੇ ਹੋਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਦੋਸਤ ਬਣੀਏ। ਚੋਰ ਤੁਹਾਡੇ ਪੈਸੇ ਚੁਰਾ ਸਕਦਾ ਹੈ, ਪਰ ਕੋਈ ਵੀ ਯਹੋਵਾਹ ਨਾਲ ਤੁਹਾਡੀ ਦੋਸਤੀ ਨਹੀਂ ਚੁਰਾ ਸਕਦਾ। ਇਨ੍ਹਾਂ ਗੱਲਾਂ ਬਾਰੇ ਚਿੰਤਾ ਕਰਨੀ ਛੱਡ ਦਿਓ ਕਿ ਤੁਸੀਂ ਕੀ ਖਾਓਗੇ, ਕੀ ਪੀਓਗੇ ਜਾਂ ਕੀ ਪਹਿਨੋਗੇ। ਪੰਛੀਆਂ ਵੱਲ ਧਿਆਨ ਦਿਓ। ਯਹੋਵਾਹ ਹਮੇਸ਼ਾ ਉਨ੍ਹਾਂ ਨੂੰ ਖਾਣ ਨੂੰ ਦਿੰਦਾ ਹੈ। ਚਿੰਤਾ ਕਰਨ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਨਹੀਂ ਵਧਾ ਸਕਦੇ। ਯਾਦ ਰੱਖੋ ਕਿ ਯਹੋਵਾਹ ਨੂੰ ਪਤਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।’

      ਲੋਕਾਂ ਨੇ ਕਦੇ ਵੀ ਕਿਸੇ ਨੂੰ ਯਿਸੂ ਵਾਂਗ ਗੱਲਾਂ ਕਰਦਿਆਂ ਨਹੀਂ ਸੁਣਿਆ ਸੀ। ਉਨ੍ਹਾਂ ਦੇ ਧਾਰਮਿਕ ਗੁਰੂਆਂ ਨੇ ਉਨ੍ਹਾਂ ਨੂੰ ਇਹ ਗੱਲਾਂ ਨਹੀਂ ਸਿਖਾਈਆਂ ਸਨ। ਯਿਸੂ ਇੰਨਾ ਮਹਾਨ ਸਿੱਖਿਅਕ ਕਿਉਂ ਸੀ? ਕਿਉਂਕਿ ਉਹ ਯਹੋਵਾਹ ਦੀਆਂ ਗੱਲਾਂ ਸਿਖਾਉਂਦਾ ਸੀ।

      “ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ ਅਤੇ ਮੇਰੇ ਤੋਂ ਸਿੱਖੋ ਕਿਉਂਕਿ ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ ਅਤੇ ਤੁਹਾਨੂੰ ਤਾਜ਼ਗੀ ਮਿਲੇਗੀ।”—ਮੱਤੀ 11:29

      ਸਵਾਲ: ਯਹੋਵਾਹ ਦੇ ਦੋਸਤ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾਹ ਕੀ ਚਾਹੁੰਦਾ ਹੈ ਕਿ ਤੁਸੀਂ ਦੂਸਰਿਆਂ ਨਾਲ ਕਿੱਦਾਂ ਪੇਸ਼ ਆਓ?

      ਮੱਤੀ 4:24–5:48; 6:19-34; 7:28, 29; ਲੂਕਾ 6:17-31

  • ਯਿਸੂ ਨੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਇਕ ਫ਼ਰੀਸੀ ਜਨਤਕ ਥਾਂ ʼਤੇ ਪ੍ਰਾਰਥਨਾ ਕਰਦਾ ਹੋਇਆ ਅਤੇ ਲੋਕ ਉਸ ਨੂੰ ਦੇਖਦੇ ਹੋਏ

      ਪਾਠ 82

      ਯਿਸੂ ਨੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ

      ਫ਼ਰੀਸੀ ਜੋ ਕੰਮ ਕਰਦੇ ਸਨ, ਉਹ ਲੋਕਾਂ ʼਤੇ ਪ੍ਰਭਾਵ ਪਾਉਣ ਲਈ ਕਰਦੇ ਸਨ। ਜੇ ਉਹ ਕਿਸੇ ʼਤੇ ਦਇਆ ਕਰਦੇ ਸਨ, ਤਾਂ ਉਹ ਇੱਦਾਂ ਕਰਦੇ ਸਨ ਕਿ ਸਾਰੇ ਉਨ੍ਹਾਂ ਨੂੰ ਦੇਖ ਸਕਣ। ਉਹ ਖੁੱਲ੍ਹੇ-ਆਮ ਪ੍ਰਾਰਥਨਾ ਕਰਦੇ ਸਨ ਤਾਂਕਿ ਸਾਰੇ ਉਨ੍ਹਾਂ ਨੂੰ ਦੇਖ ਸਕਣ। ਫ਼ਰੀਸੀਆਂ ਨੇ ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਯਾਦ ਕੀਤੀਆਂ ਹੋਈਆਂ ਸਨ ਤੇ ਉਹ ਸਭਾ ਘਰਾਂ ਅਤੇ ਚੌਂਕਾਂ ਵਿਚ ਇਨ੍ਹਾਂ ਨੂੰ ਦੁਹਰਾਉਂਦੇ ਸਨ ਜਿੱਥੇ ਲੋਕ ਉਨ੍ਹਾਂ ਨੂੰ ਸੁਣ ਸਕਦੇ ਸਨ। ਇਸ ਕਰਕੇ ਲੋਕ ਹੈਰਾਨ ਹੋਏ ਜਦੋਂ ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਫ਼ਰੀਸੀਆਂ ਵਾਂਗ ਪ੍ਰਾਰਥਨਾ ਨਾ ਕਰੋ। ਉਹ ਸੋਚਦੇ ਹਨ ਕਿ ਜ਼ਿਆਦਾ ਬੋਲਣ ਕਰਕੇ ਪਰਮੇਸ਼ੁਰ ਉਨ੍ਹਾਂ ਤੋਂ ਖ਼ੁਸ਼ ਹੋਵੇਗਾ, ਪਰ ਉਹ ਉਨ੍ਹਾਂ ਤੋਂ ਖ਼ੁਸ਼ ਨਹੀਂ ਹੈ। ਪ੍ਰਾਰਥਨਾ ਤੁਹਾਡੇ ਅਤੇ ਯਹੋਵਾਹ ਦੇ ਵਿਚਕਾਰ ਹੈ। ਰਟੀਆਂ-ਰਟਾਈਆਂ ਗੱਲਾਂ ਨਾ ਕਹੋ। ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੋ।

      ਇਕ ਬੱਚਾ ਝੁਕ ਕੇ ਪ੍ਰਾਰਥਨਾ ਕਰਦਾ ਹੋਇਆ

      ‘ਤੁਹਾਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ। ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।”’ ਯਿਸੂ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਹ ਹਰ ਰੋਜ਼ ਦੇ ਖਾਣੇ ਲਈ, ਆਪਣੇ ਪਾਪਾਂ ਦੀ ਮਾਫ਼ੀ ਲਈ ਅਤੇ ਆਪਣੇ ਨਿੱਜੀ ਮਾਮਲਿਆਂ ਬਾਰੇ ਪ੍ਰਾਰਥਨਾ ਕਰ ਸਕਦੇ ਹਨ।

      ਯਿਸੂ ਨੇ ਕਿਹਾ: ‘ਕਦੇ ਵੀ ਪ੍ਰਾਰਥਨਾ ਕਰਨੀ ਨਾ ਛੱਡੋ। ਆਪਣੇ ਪਿਤਾ ਯਹੋਵਾਹ ਤੋਂ ਚੰਗੀਆਂ ਚੀਜ਼ਾਂ ਮੰਗਦੇ ਰਹੋ। ਹਰ ਮਾਤਾ ਜਾਂ ਪਿਤਾ ਆਪਣੇ ਬੱਚੇ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਚਾਹੁੰਦਾ ਹੈ। ਜੇ ਤੁਹਾਡਾ ਬੱਚਾ ਰੋਟੀ ਮੰਗੇ, ਤਾਂ ਕੀ ਤੁਸੀਂ ਉਸ ਨੂੰ ਪੱਥਰ ਦਿਓਗੇ? ਜੇ ਉਹ ਮੱਛੀ ਮੰਗੇ, ਤਾਂ ਕੀ ਤੁਸੀਂ ਉਸ ਨੂੰ ਸੱਪ ਦਿਓਗੇ?’

      ਫਿਰ ਯਿਸੂ ਨੇ ਸਮਝਾਇਆ: ‘ਜੇ ਤੁਸੀਂ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ, ਤਾਂ ਕੀ ਤੁਹਾਡਾ ਪਿਤਾ ਯਹੋਵਾਹ ਹੋਰ ਵੀ ਚੰਗੀ ਤਰ੍ਹਾਂ ਨਹੀਂ ਜਾਣਦਾ ਹੋਵੇਗਾ ਅਤੇ ਤੁਹਾਨੂੰ ਪਵਿੱਤਰ ਸ਼ਕਤੀ ਨਹੀਂ ਦੇਵੇਗਾ? ਤੁਹਾਨੂੰ ਸਿਰਫ਼ ਮੰਗਣ ਦੀ ਲੋੜ ਹੈ।’ ਕੀ ਤੁਸੀਂ ਯਿਸੂ ਦੀ ਗੱਲ ਮੰਨੋਗੇ? ਤੁਸੀਂ ਕਿਹੜੀਆਂ ਗੱਲਾਂ ਬਾਰੇ ਪ੍ਰਾਰਥਨਾ ਕਰਦੇ ਹੋ?

      “ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।”—ਮੱਤੀ 7:7

      ਸਵਾਲ: ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀਆਂ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਸਿਖਾਈ? ਕੀ ਤੁਸੀਂ ਉਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰਦੇ ਹੋ ਜੋ ਤੁਹਾਡੇ ਲਈ ਅਹਿਮ ਹਨ?

      ਮੱਤੀ 6:2-18; 7:7-11; ਲੂਕਾ 11:13

  • ਯਿਸੂ ਨੇ ਹਜ਼ਾਰਾਂ ਨੂੰ ਖਾਣਾ ਖਿਲਾਇਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਰਸੂਲ ਭੀੜ ਨੂੰ ਖਾਣਾ ਵੰਡਦੇ ਹੋਏ

      ਪਾਠ 83

      ਯਿਸੂ ਨੇ ਹਜ਼ਾਰਾਂ ਨੂੰ ਖਾਣਾ ਖਿਲਾਇਆ

      32 ਈਸਵੀ ਵਿਚ ਪਸਾਹ ਤੋਂ ਥੋੜ੍ਹੀ ਦੇਰ ਪਹਿਲਾਂ ਰਸੂਲ ਪ੍ਰਚਾਰ ਕਰ ਕੇ ਵਾਪਸ ਆਏ। ਉਹ ਥੱਕੇ ਹੋਏ ਸਨ। ਇਸ ਲਈ ਯਿਸੂ ਉਨ੍ਹਾਂ ਨੂੰ ਆਰਾਮ ਕਰਨ ਲਈ ਕਿਸ਼ਤੀ ਰਾਹੀਂ ਬੈਤਸੈਦਾ ਲੈ ਗਿਆ। ਪਰ ਜਦੋਂ ਕਿਸ਼ਤੀ ਕਿਨਾਰੇ ʼਤੇ ਪਹੁੰਚੀ, ਤਾਂ ਯਿਸੂ ਨੇ ਦੇਖਿਆ ਕਿ ਹਜ਼ਾਰਾਂ ਹੀ ਲੋਕ ਉਨ੍ਹਾਂ ਦਾ ਪਿੱਛਾ ਕਰਦਿਆਂ ਉੱਥੇ ਪਹੁੰਚ ਗਏ ਸਨ। ਚਾਹੇ ਯਿਸੂ ਆਪਣੇ ਰਸੂਲਾਂ ਨਾਲ ਇਕੱਲਿਆਂ ਸਮਾਂ ਬਿਤਾਉਣਾ ਚਾਹੁੰਦਾ ਸੀ, ਪਰ ਉਸ ਨੇ ਪਿਆਰ ਨਾਲ ਲੋਕਾਂ ਦਾ ਸੁਆਗਤ ਕੀਤਾ। ਉਸ ਨੇ ਬੀਮਾਰਾਂ ਨੂੰ ਠੀਕ ਕੀਤਾ ਅਤੇ ਉਨ੍ਹਾਂ ਨੂੰ ਸਿੱਖਿਆ ਦਿੱਤੀ। ਸਾਰਾ ਦਿਨ ਯਿਸੂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਂਦਾ ਰਿਹਾ। ਸ਼ਾਮ ਪੈਣ ਤੇ ਉਸ ਦੇ ਰਸੂਲਾਂ ਨੇ ਉਸ ਨੂੰ ਕਿਹਾ: ‘ਲੋਕਾਂ ਨੂੰ ਜ਼ਰੂਰ ਭੁੱਖ ਲੱਗੀ ਹੋਣੀ। ਉਨ੍ਹਾਂ ਨੂੰ ਭੇਜ ਦੇ ਤਾਂਕਿ ਉਹ ਖਾਣ ਵਾਸਤੇ ਕੁਝ ਖ਼ਰੀਦ ਲੈਣ।’

      ਇਕ ਮੁੰਡਾ ਯਿਸੂ ਨੂੰ ਰੋਟੀ ਤੇ ਮੱਛੀਆਂ ਦੀ ਟੋਕਰੀ ਫੜਾਉਂਦਾ ਹੋਇਆ

      ਯਿਸੂ ਨੇ ਕਿਹਾ: ‘ਉਨ੍ਹਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਇੱਥੇ ਹੀ ਕੁਝ ਖਾਣ ਨੂੰ ਦਿਓ।’ ਰਸੂਲਾਂ ਨੇ ਪੁੱਛਿਆ: ‘ਤੂੰ ਚਾਹੁੰਦਾ ਹੈਂ ਕਿ ਅਸੀਂ ਜਾ ਕੇ ਖਾਣਾ ਖ਼ਰੀਦ ਕੇ ਲਿਆਈਏ?’ ਫ਼ਿਲਿੱਪੁਸ ਨਾਂ ਦੇ ਇਕ ਰਸੂਲ ਨੇ ਪੁੱਛਿਆ: ‘ਭਾਵੇਂ ਸਾਡੇ ਕੋਲ ਬਹੁਤ ਪੈਸੇ ਵੀ ਹੋਣ, ਫਿਰ ਵੀ ਅਸੀਂ ਇਸ ਭੀੜ ਜੋਗਾ ਖਾਣਾ ਨਹੀਂ ਖ਼ਰੀਦ ਸਕਦੇ।’

      ਯਿਸੂ ਨੇ ਪੁੱਛਿਆ: ‘ਸਾਡੇ ਕੋਲ ਕਿੰਨਾ ਕੁ ਖਾਣਾ ਹੈ?’ ਅੰਦ੍ਰਿਆਸ ਨੇ ਕਿਹਾ: ‘ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਛੋਟੀਆਂ ਮੱਛੀਆਂ ਹਨ। ਇਹ ਕਾਫ਼ੀ ਨਹੀਂ ਹਨ।’ ਯਿਸੂ ਨੇ ਕਿਹਾ: ‘ਮੇਰੇ ਕੋਲ ਰੋਟੀਆਂ ਤੇ ਮੱਛੀਆਂ ਲੈ ਕੇ ਆਓ।’ ਉਸ ਨੇ ਲੋਕਾਂ ਨੂੰ 50-50 ਅਤੇ 100-100 ਦੀਆਂ ਟੋਲੀਆਂ ਬਣਾ ਕੇ ਘਾਹ ʼਤੇ ਬੈਠਣ ਲਈ ਕਿਹਾ। ਯਿਸੂ ਨੇ ਰੋਟੀਆਂ ਅਤੇ ਮੱਛੀਆਂ ਲੈ ਕੇ ਆਕਾਸ਼ ਵੱਲ ਦੇਖਿਆ ਅਤੇ ਪ੍ਰਾਰਥਨਾ ਕੀਤੀ। ਫਿਰ ਉਸ ਨੇ ਖਾਣਾ ਰਸੂਲਾਂ ਨੂੰ ਦਿੱਤਾ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡਿਆ। 5,000 ਆਦਮੀਆਂ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਨੇ ਵੀ ਰੱਜ ਕੇ ਖਾਣਾ ਖਾਧਾ। ਇਸ ਤੋਂ ਬਾਅਦ ਰਸੂਲਾਂ ਨੇ ਬਚਿਆ ਖਾਣਾ ਇਕੱਠਾ ਕੀਤਾ ਤਾਂਕਿ ਕੁਝ ਵੀ ਬੇਕਾਰ ਨਾ ਜਾਵੇ। ਬਚੇ ਹੋਏ ਖਾਣੇ ਦੀਆਂ 12 ਟੋਕਰੀਆਂ ਭਰ ਗਈਆਂ! ਇਹ ਹੈਰਾਨ ਕਰ ਦੇਣ ਵਾਲਾ ਚਮਤਕਾਰ ਸੀ, ਹੈਨਾ?

      ਲੋਕ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹ ਯਿਸੂ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਸਨ। ਪਰ ਯਿਸੂ ਜਾਣਦਾ ਸੀ ਕਿ ਯਹੋਵਾਹ ਦਾ ਅਜੇ ਮਿਥਿਆ ਹੋਇਆ ਸਮਾਂ ਨਹੀਂ ਆਇਆ ਸੀ ਕਿ ਉਸ ਨੂੰ ਰਾਜਾ ਬਣਾਵੇ। ਇਸ ਲਈ ਉਸ ਨੇ ਭੀੜ ਨੂੰ ਵਾਪਸ ਭੇਜ ਦਿੱਤਾ ਅਤੇ ਰਸੂਲਾਂ ਨੂੰ ਗਲੀਲ ਦੀ ਝੀਲ ਦੇ ਦੂਜੇ ਪਾਸੇ ਜਾਣ ਨੂੰ ਕਿਹਾ। ਉਹ ਕਿਸ਼ਤੀ ਵਿਚ ਬੈਠ ਗਏ ਅਤੇ ਯਿਸੂ ਆਪ ਇਕੱਲਾ ਹੀ ਪਹਾੜ ʼਤੇ ਚਲਾ ਗਿਆ। ਕਿਉਂ? ਕਿਉਂਕਿ ਉਹ ਆਪਣੇ ਪਿਤਾ ਨੂੰ ਪ੍ਰਾਰਥਨਾ ਕਰਨੀ ਚਾਹੁੰਦਾ ਸੀ। ਚਾਹੇ ਉਹ ਜਿੰਨਾ ਮਰਜ਼ੀ ਰੁੱਝਾ ਹੁੰਦਾ ਸੀ, ਪਰ ਉਹ ਪ੍ਰਾਰਥਨਾ ਕਰਨ ਲਈ ਹਮੇਸ਼ਾ ਸਮਾਂ ਕੱਢਦਾ ਸੀ।

      “ਉਸ ਭੋਜਨ ਲਈ ਮਿਹਨਤ ਨਾ ਕਰੋ ਜਿਹੜਾ ਖ਼ਰਾਬ ਹੋ ਜਾਂਦਾ ਹੈ, ਸਗੋਂ ਉਸ ਭੋਜਨ ਲਈ ਮਿਹਨਤ ਕਰੋ ਜਿਹੜਾ ਕਦੀ ਖ਼ਰਾਬ ਨਹੀਂ ਹੁੰਦਾ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ। ਮਨੁੱਖ ਦਾ ਪੁੱਤਰ ਤੁਹਾਨੂੰ ਇਹ ਭੋਜਨ ਦੇਵੇਗਾ।”​—ਯੂਹੰਨਾ 6:27

      ਸਵਾਲ: ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਲੋਕਾਂ ਦੀ ਪਰਵਾਹ ਕਰਦਾ ਸੀ? ਇਸ ਤੋਂ ਸਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?

      ਮੱਤੀ 14:14-22; ਲੂਕਾ 9:10-17; ਯੂਹੰਨਾ 6:1-15

  • ਯਿਸੂ ਪਾਣੀ ʼਤੇ ਤੁਰਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਯਿਸੂ ਪਾਣੀ ʼਤੇ ਤੁਰਦਾ ਹੋਇਆ ਅਤੇ ਪਤਰਸ ਨੂੰ ਆਪਣੇ ਵੱਲ ਆਉਣ ਲਈ ਕਹਿੰਦਾ ਹੋਇਆ

      ਪਾਠ 84

      ਯਿਸੂ ਪਾਣੀ ʼਤੇ ਤੁਰਿਆ

      ਯਿਸੂ ਨਾ ਸਿਰਫ਼ ਬੀਮਾਰ ਲੋਕਾਂ ਨੂੰ ਠੀਕ ਕਰ ਸਕਦਾ ਸੀ ਅਤੇ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਸੀ, ਸਗੋਂ ਉਹ ਮੀਂਹ ਅਤੇ ਹਨੇਰੀ ਨੂੰ ਵੀ ਕਾਬੂ ਕਰ ਸਕਦਾ ਸੀ। ਪਹਾੜ ʼਤੇ ਪ੍ਰਾਰਥਨਾ ਕਰਨ ਤੋਂ ਬਾਅਦ ਯਿਸੂ ਨੇ ਦੇਖਿਆ ਕਿ ਗਲੀਲ ਦੀ ਝੀਲ ਵਿਚ ਤੂਫ਼ਾਨ ਆਇਆ ਹੋਇਆ ਸੀ। ਉਸ ਦੇ ਰਸੂਲ ਕਿਸ਼ਤੀ ਵਿਚ ਸਨ ਅਤੇ ਤੇਜ਼ ਹਵਾ ਕਰਕੇ ਉਨ੍ਹਾਂ ਲਈ ਕਿਸ਼ਤੀ ਚਲਾਉਣੀ ਔਖੀ ਹੋ ਰਹੀ ਸੀ। ਯਿਸੂ ਪਹਾੜ ਤੋਂ ਥੱਲੇ ਆ ਗਿਆ ਅਤੇ ਕਿਸ਼ਤੀ ਵੱਲ ਜਾਣ ਲਈ ਪਾਣੀ ʼਤੇ ਤੁਰਨ ਲੱਗਾ। ਜਦੋਂ ਰਸੂਲਾਂ ਨੇ ਦੇਖਿਆ ਕਿ ਕੋਈ ਪਾਣੀ ʼਤੇ ਤੁਰ ਰਿਹਾ ਸੀ, ਤਾਂ ਉਹ ਬਹੁਤ ਡਰ ਗਏ। ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਮੈਂ ਹਾਂ, ਡਰੋ ਨਾ।’

      ਯਿਸੂ ਪਾਣੀ ʼਤੇ ਤੁਰਦਾ ਹੋਇਆ ਅਤੇ ਪਤਰਸ ਨੂੰ ਆਪਣੇ ਵੱਲ ਆਉਣ ਲਈ ਕਹਿੰਦਾ ਹੋਇਆ

      ਪਤਰਸ ਨੇ ਕਿਹਾ: ‘ਪ੍ਰਭੂ, ਜੇ ਸੱਚ-ਮੁੱਚ ਤੂੰ ਹੀ ਹੈਂ, ਤਾਂ ਮੈਨੂੰ ਆਪਣੇ ਵੱਲ ਆਉਣ ਦਾ ਹੁਕਮ ਦੇ।’ ਯਿਸੂ ਨੇ ਪਤਰਸ ਨੂੰ ਕਿਹਾ: ‘ਆਜਾ।’ ਪਤਰਸ ਕਿਸ਼ਤੀ ਤੋਂ ਉੱਤਰ ਕੇ ਪਾਣੀ ʼਤੇ ਤੁਰਦਾ ਹੋਇਆ ਯਿਸੂ ਵੱਲ ਜਾਣ ਲੱਗਾ। ਪਰ ਜਿਉਂ ਹੀ ਉਹ ਯਿਸੂ ਦੇ ਨੇੜੇ ਗਿਆ, ਤਾਂ ਉਸ ਦਾ ਧਿਆਨ ਤੂਫ਼ਾਨ ਵੱਲ ਚਲਾ ਗਿਆ ਅਤੇ ਉਹ ਡਰ ਗਿਆ। ਪਤਰਸ ਡੁੱਬਣ ਲੱਗਾ। ਪਤਰਸ ਉੱਚੀ-ਉੱਚੀ ਕਹਿਣ ਲੱਗਾ: ‘ਪ੍ਰਭੂ, ਮੈਨੂੰ ਬਚਾ ਲੈ!’ ਯਿਸੂ ਨੇ ਉਸ ਦਾ ਹੱਥ ਫੜ ਲਿਆ ਅਤੇ ਕਿਹਾ: ‘ਤੂੰ ਸ਼ੱਕ ਕਿਉਂ ਕੀਤਾ? ਤੇਰੀ ਨਿਹਚਾ ਕਿੱਥੇ ਗਈ?’

      ਜਿਉਂ ਹੀ ਯਿਸੂ ਅਤੇ ਪਤਰਸ ਕਿਸ਼ਤੀ ਵਿਚ ਬੈਠੇ, ਤੂਫ਼ਾਨ ਸ਼ਾਂਤ ਹੋ ਗਿਆ। ਕੀ ਤੁਸੀਂ ਸੋਚ ਸਕਦੇ ਕਿ ਰਸੂਲਾਂ ਨੂੰ ਕਿੱਦਾਂ ਲੱਗਾ ਹੋਣਾ? ਉਹ ਕਹਿਣ ਲੱਗੇ: “ਤੂੰ ਵਾਕਈ ਪਰਮੇਸ਼ੁਰ ਦਾ ਪੁੱਤਰ ਹੈਂ।”

      ਯਿਸੂ ਨੇ ਸਿਰਫ਼ ਇਸ ਮੌਕੇ ʼਤੇ ਹੀ ਤੂਫ਼ਾਨ ʼਤੇ ਕਾਬੂ ਨਹੀਂ ਪਾਇਆ ਸੀ। ਇਕ ਹੋਰ ਮੌਕੇ ʼਤੇ ਜਦੋਂ ਯਿਸੂ ਅਤੇ ਉਸ ਦੇ ਰਸੂਲ ਝੀਲ ਦੇ ਦੂਜੇ ਪਾਸੇ ਜਾ ਰਹੇ ਸਨ, ਤਾਂ ਯਿਸੂ ਕਿਸ਼ਤੀ ਦੇ ਪਿਛਲੇ ਹਿੱਸੇ ਵਿਚ ਸੁੱਤਾ ਪਿਆ ਸੀ। ਜਦੋਂ ਉਹ ਸੁੱਤਾ ਪਿਆ ਸੀ, ਤਾਂ ਝੀਲ ਵਿਚ ਬਹੁਤ ਵੱਡਾ ਤੂਫ਼ਾਨ ਆਇਆ। ਲਹਿਰਾਂ ਜ਼ੋਰ-ਜ਼ੋਰ ਨਾਲ ਕਿਸ਼ਤੀ ਨਾਲ ਟਕਰਾ ਰਹੀਆਂ ਸਨ ਅਤੇ ਕਿਸ਼ਤੀ ਪਾਣੀ ਨਾਲ ਭਰਨ ਲੱਗ ਪਈ। ਯਿਸੂ ਦੇ ਰਸੂਲਾਂ ਨੇ ਉਸ ਨੂੰ ਜਗਾਇਆ ਅਤੇ ਕਿਹਾ: ‘ਪ੍ਰਭੂ, ਅਸੀਂ ਡੁੱਬਣ ਲੱਗੇ ਹਾਂ! ਸਾਡੀ ਮਦਦ ਕਰ!’ ਯਿਸੂ ਨੇ ਉੱਠ ਕੇ ਝੀਲ ਨੂੰ ਕਿਹਾ: “ਸ਼ਾਂਤ ਹੋ ਜਾ!” ਉਸੇ ਵੇਲੇ ਹਨੇਰੀ ਰੁਕ ਗਈ ਅਤੇ ਤੂਫ਼ਾਨ ਸ਼ਾਂਤ ਹੋ ਗਿਆ। ਯਿਸੂ ਨੇ ਰਸੂਲਾਂ ਨੂੰ ਪੁੱਛਿਆ: ‘ਤੁਹਾਡੀ ਨਿਹਚਾ ਕਿੱਥੇ ਗਈ?’ ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਇਸ ਦਾ ਕਹਿਣਾ ਤਾਂ ਹਨੇਰੀ ਅਤੇ ਝੀਲ ਵੀ ਮੰਨਦੀਆਂ ਹਨ।” ਰਸੂਲਾਂ ਨੂੰ ਪਤਾ ਲੱਗ ਗਿਆ ਕਿ ਜੇ ਉਹ ਯਿਸੂ ʼਤੇ ਪੂਰਾ ਭਰੋਸਾ ਰੱਖਣ, ਤਾਂ ਉਨ੍ਹਾਂ ਨੂੰ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ।

      “ਮੇਰਾ ਕੀ ਹੁੰਦਾ ਜੇ ਮੈਨੂੰ ਨਿਹਚਾ ਨਾ ਹੁੰਦੀ ਕਿ ਮੈਂ ਆਪਣੇ ਜੀਉਂਦੇ-ਜੀ ਯਹੋਵਾਹ ਦੀ ਭਲਾਈ ਦੇਖਾਂਗਾ?”​—ਜ਼ਬੂਰ 27:13

      ਸਵਾਲ: ਪਤਰਸ ਡੁੱਬਣ ਕਿਉਂ ਲੱਗ ਪਿਆ? ਰਸੂਲਾਂ ਨੇ ਯਿਸੂ ਤੋਂ ਕੀ ਸਿੱਖਿਆ?

      ਮੱਤੀ 8:23-27; 14:23-34; ਮਰਕੁਸ 4:35-41; 6:45-52; ਲੂਕਾ 8:22-25; ਯੂਹੰਨਾ 6:16-21

  • ਯਿਸੂ ਨੇ ਸਬਤ ਦੇ ਦਿਨ ਠੀਕ ਕੀਤਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਫ਼ਰੀਸੀ ਉਸ ਆਦਮੀ ਤੋਂ ਸਵਾਲ ਪੁੱਛਦੇ ਹੋਏ ਜੋ ਪਹਿਲਾਂ ਅੰਨ੍ਹਾ ਸੀ

      ਪਾਠ 85

      ਯਿਸੂ ਨੇ ਸਬਤ ਦੇ ਦਿਨ ਠੀਕ ਕੀਤਾ

      ਫ਼ਰੀਸੀ ਯਿਸੂ ਨਾਲ ਨਫ਼ਰਤ ਕਰਦੇ ਸਨ ਅਤੇ ਉਸ ਨੂੰ ਗਿਰਫ਼ਤਾਰ ਕਰਨ ਦਾ ਕੋਈ ਕਾਰਨ ਲੱਭ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਸਬਤ ਦੇ ਦਿਨ ਬੀਮਾਰਾਂ ਨੂੰ ਠੀਕ ਨਹੀਂ ਕਰਨਾ ਚਾਹੀਦਾ। ਇਕ ਵਾਰ ਸਬਤ ਵਾਲੇ ਦਿਨ ਯਿਸੂ ਨੇ ਸੜਕ ʼਤੇ ਇਕ ਅੰਨ੍ਹੇ ਆਦਮੀ ਨੂੰ ਦੇਖਿਆ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਦੇਖੋ ਪਰਮੇਸ਼ੁਰ ਦੀ ਤਾਕਤ ਇਸ ਆਦਮੀ ਦੀ ਕਿਵੇਂ ਮਦਦ ਕਰੇਗੀ।’ ਯਿਸੂ ਨੇ ਆਪਣੇ ਥੁੱਕ ਨਾਲ ਮਿੱਟੀ ਮਿਲਾ ਕੇ ਲੇਪ ਬਣਾਇਆ ਅਤੇ ਉਸ ਅੰਨ੍ਹੇ ਆਦਮੀ ਦੀਆਂ ਅੱਖਾਂ ʼਤੇ ਲਾਇਆ। ਯਿਸੂ ਨੇ ਉਸ ਨੂੰ ਕਿਹਾ: ‘ਜਾਹ ਤੇ ਸੀਲੋਮ ਦੇ ਸਰੋਵਰ ਵਿਚ ਆਪਣੀਆਂ ਅੱਖਾਂ ਧੋ ਲੈ।’ ਆਦਮੀ ਨੇ ਉਸੇ ਤਰ੍ਹਾਂ ਕੀਤਾ ਅਤੇ ਉਹ ਜ਼ਿੰਦਗੀ ਵਿਚ ਪਹਿਲੀ ਵਾਰ ਦੇਖ ਸਕਿਆ।

      ਲੋਕ ਹੈਰਾਨ ਰਹਿ ਗਏ। ਉਨ੍ਹਾਂ ਨੇ ਕਿਹਾ: ‘ਕੀ ਇਹ ਉਹੀ ਆਦਮੀ ਨਹੀਂ ਜਿਹੜਾ ਪਹਿਲਾਂ ਬੈਠਾ ਭੀਖ ਮੰਗਦਾ ਹੁੰਦਾ ਸੀ ਜਾਂ ਫਿਰ ਇਹ ਉਸ ਆਦਮੀ ਵਰਗਾ ਲੱਗਦਾ ਹੈ?’ ਆਦਮੀ ਨੇ ਕਿਹਾ: ‘ਮੈਂ ਉਹੀ ਹਾਂ ਜੋ ਜਨਮ ਤੋਂ ਅੰਨ੍ਹਾ ਸੀ!’ ਲੋਕਾਂ ਨੇ ਉਸ ਤੋਂ ਪੁੱਛਿਆ: ‘ਫਿਰ ਤੂੰ ਠੀਕ ਕਿੱਦਾਂ ਹੋਇਆ?’ ਜਦੋਂ ਉਸ ਨੇ ਉਨ੍ਹਾਂ ਨੂੰ ਸਾਰਾ ਕੁਝ ਦੱਸਿਆ, ਤਾਂ ਉਹ ਉਸ ਨੂੰ ਫ਼ਰੀਸੀਆਂ ਕੋਲ ਲੈ ਗਏ।

      ਉਸ ਆਦਮੀ ਨੇ ਫ਼ਰੀਸੀਆਂ ਨੂੰ ਕਿਹਾ: ‘ਯਿਸੂ ਨੇ ਮੇਰੀਆਂ ਅੱਖਾਂ ʼਤੇ ਲੇਪ ਲਾਇਆ ਅਤੇ ਮੈਨੂੰ ਜਾ ਕੇ ਅੱਖਾਂ ਧੋਣ ਲਈ ਕਿਹਾ। ਮੈਂ ਉੱਦਾਂ ਹੀ ਕੀਤਾ ਤੇ ਹੁਣ ਮੈਂ ਦੇਖ ਸਕਦਾ ਹਾਂ।’ ਫ਼ਰੀਸੀਆਂ ਨੇ ਕਿਹਾ: ‘ਜੇ ਯਿਸੂ ਸਬਤ ਦੇ ਦਿਨ ਠੀਕ ਕਰਦਾ ਹੈ, ਤਾਂ ਉਸ ਦੀ ਤਾਕਤ ਪਰਮੇਸ਼ੁਰ ਵੱਲੋਂ ਨਹੀਂ ਹੋ ਸਕਦੀ।’ ਪਰ ਦੂਸਰਿਆਂ ਨੇ ਕਿਹਾ: ‘ਜੇ ਉਸ ਦੀ ਤਾਕਤ ਪਰਮੇਸ਼ੁਰ ਵੱਲੋਂ ਨਾ ਹੁੰਦੀ, ਤਾਂ ਉਹ ਠੀਕ ਨਹੀਂ ਕਰ ਸਕਦਾ ਸੀ।’

      ਫ਼ਰੀਸੀਆਂ ਨੇ ਉਸ ਆਦਮੀ ਦੇ ਮਾਪਿਆਂ ਨੂੰ ਬੁਲਾ ਕੇ ਪੁੱਛਿਆ: ‘ਹੁਣ ਤੁਹਾਡਾ ਮੁੰਡਾ ਕਿਵੇਂ ਦੇਖ ਸਕਦਾ ਹੈ?’ ਉਸ ਦੇ ਮਾਪੇ ਡਰ ਗਏ ਕਿਉਂਕਿ ਫ਼ਰੀਸੀਆਂ ਨੇ ਕਿਹਾ ਸੀ ਕਿ ਜਿਹੜਾ ਵੀ ਯਿਸੂ ʼਤੇ ਵਿਸ਼ਵਾਸ ਕਰੇਗਾ, ਉਸ ਨੂੰ ਸਭਾ ਘਰ ਵਿੱਚੋਂ ਕੱਢ ਦਿੱਤਾ ਜਾਵੇਗਾ। ਸੋ ਉਨ੍ਹਾਂ ਨੇ ਕਿਹਾ: ‘ਅਸੀਂ ਨਹੀਂ ਜਾਣਦੇ। ਤੁਸੀਂ ਆਪੇ ਉਸ ਤੋਂ ਪੁੱਛ ਲਓ।’ ਫ਼ਰੀਸੀਆਂ ਨੇ ਉਸ ਆਦਮੀ ਤੋਂ ਉਦੋਂ ਤਕ ਸਵਾਲ ਪੁੱਛੇ ਜਦ ਤਕ ਉਸ ਨੇ ਇਹ ਨਹੀਂ ਕਿਹਾ: ‘ਮੈਂ ਤੁਹਾਨੂੰ ਸਾਰਾ ਕੁਝ ਪਹਿਲਾਂ ਹੀ ਦੱਸ ਚੁੱਕਾ ਹਾਂ। ਤੁਸੀਂ ਮੈਨੂੰ ਵਾਰ-ਵਾਰ ਕਿਉਂ ਪੁੱਛ ਰਹੇ ਹੋ?’ ਫ਼ਰੀਸੀਆਂ ਨੂੰ ਬਹੁਤ ਗੁੱਸਾ ਚੜ੍ਹ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਸਭਾ ਘਰ ਵਿੱਚੋਂ ਕੱਢ ਦਿੱਤਾ!

      ਫਿਰ ਯਿਸੂ ਜਾ ਕੇ ਉਸ ਆਦਮੀ ਨੂੰ ਮਿਲਿਆ ਤੇ ਉਸ ਨੂੰ ਪੁੱਛਿਆ: ‘ਕੀ ਤੂੰ ਮਸੀਹ ʼਤੇ ਨਿਹਚਾ ਕਰਦਾ ਹੈਂ?’ ਆਦਮੀ ਨੇ ਕਿਹਾ: ‘ਮੈਂ ਨਿਹਚਾ ਕਰਾਂਗਾ ਜੇ ਮੈਨੂੰ ਪਤਾ ਹੋਵੇ ਕਿ ਉਹ ਕੌਣ ਹੈ।’ ਯਿਸੂ ਨੇ ਕਿਹਾ: ‘ਮੈਂ ਮਸੀਹ ਹਾਂ।’ ਕੀ ਇਸ ਤੋਂ ਪਤਾ ਨਹੀਂ ਲੱਗਦਾ ਕਿ ਯਿਸੂ ਨੂੰ ਲੋਕਾਂ ਦੀ ਕਿੰਨੀ ਪਰਵਾਹ ਸੀ? ਯਿਸੂ ਨੇ ਨਾ ਸਿਰਫ਼ ਉਸ ਆਦਮੀ ਨੂੰ ਠੀਕ ਕੀਤਾ, ਸਗੋਂ ਉਸ ਦੀ ਮਸੀਹ ʼਤੇ ਨਿਹਚਾ ਕਰਨ ਵਿਚ ਵੀ ਮਦਦ ਕੀਤੀ।

      “ਤੁਸੀਂ ਗ਼ਲਤ ਹੋ ਕਿਉਂਕਿ ਤੁਸੀਂ ਨਾ ਤਾਂ ਧਰਮ-ਗ੍ਰੰਥ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ੁਰ ਦੀ ਸ਼ਕਤੀ ਨੂੰ।”—ਮੱਤੀ 22:29

      ਸਵਾਲ: ਯਿਸੂ ਨੇ ਅੰਨ੍ਹੇ ਆਦਮੀ ਦੀ ਮਦਦ ਕਿਵੇਂ ਕੀਤੀ? ਫ਼ਰੀਸੀ ਯਿਸੂ ਨਾਲ ਨਫ਼ਰਤ ਕਿਉਂ ਕਰਦੇ ਸਨ?

      ਯੂਹੰਨਾ 9:1-41

  • ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਦੁਬਾਰਾ ਜੀਉਂਦਾ ਕੀਤਾ ਗਿਆ ਲਾਜ਼ਰ ਅਤੇ ਉਸ ਦੀਆਂ ਭੈਣਾਂ ਮਰੀਅਮ ਅਤੇ ਮਾਰਥਾ

      ਪਾਠ 86

      ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ

      ਬੈਥਨੀਆ ਪਿੰਡ ਵਿਚ ਯਿਸੂ ਦੇ ਤਿੰਨ ਪੱਕੇ ਦੋਸਤ ਰਹਿੰਦੇ ਸਨ, ਲਾਜ਼ਰ ਅਤੇ ਉਸ ਦੀਆਂ ਦੋ ਭੈਣਾਂ ਮਾਰਥਾ ਅਤੇ ਮਰੀਅਮ। ਇਕ ਦਿਨ ਜਦੋਂ ਯਿਸੂ ਯਰਦਨ ਦਰਿਆ ਦੇ ਦੂਸਰੇ ਪਾਸੇ ਸੀ, ਤਾਂ ਮਾਰਥਾ ਅਤੇ ਮਰੀਅਮ ਨੇ ਯਿਸੂ ਨੂੰ ਜ਼ਰੂਰੀ ਸੰਦੇਸ਼ ਭੇਜਿਆ: ‘ਲਾਜ਼ਰ ਬਹੁਤ ਬੀਮਾਰ ਹੈ। ਜਲਦੀ ਆਜਾ!’ ਪਰ ਯਿਸੂ ਉਸੇ ਵੇਲੇ ਹੀ ਉੱਥੇ ਨਹੀਂ ਗਿਆ। ਉਸ ਨੇ ਦੋ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਫਿਰ ਆਪਣੇ ਚੇਲਿਆਂ ਨੂੰ ਕਿਹਾ: ‘ਚਲੋ ਬੈਥਨੀਆ ਨੂੰ ਚੱਲੀਏ। ਲਾਜ਼ਰ ਸੌਂ ਗਿਆ ਹੈ ਅਤੇ ਮੈਂ ਉਸ ਨੂੰ ਜਗਾਉਣ ਜਾ ਰਿਹਾ ਹਾਂ।’ ਰਸੂਲਾਂ ਨੇ ਕਿਹਾ: ‘ਜੇ ਲਾਜ਼ਰ ਸੌਂ ਰਿਹਾ ਹੈ, ਤਾਂ ਉਹ ਠੀਕ ਹੋ ਜਾਵੇਗਾ।’ ਇਸ ਲਈ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ: ‘ਲਾਜ਼ਰ ਮਰ ਗਿਆ ਹੈ।’

      ਜਦੋਂ ਯਿਸੂ ਬੈਥਨੀਆ ਪਹੁੰਚਿਆ, ਤਾਂ ਲਾਜ਼ਰ ਨੂੰ ਕਬਰ ਵਿਚ ਰੱਖਿਆਂ ਚਾਰ ਦਿਨ ਹੋ ਗਏ ਸਨ। ਬਹੁਤ ਸਾਰੇ ਲੋਕ ਮਾਰਥਾ ਅਤੇ ਮਰੀਅਮ ਨੂੰ ਹੌਸਲਾ ਦੇਣ ਆਏ ਸਨ। ਜਦੋਂ ਮਾਰਥਾ ਨੂੰ ਯਿਸੂ ਦੇ ਆਉਣ ਬਾਰੇ ਪਤਾ ਲੱਗਾ, ਤਾਂ ਉਹ ਫਟਾਫਟ ਉਸ ਨੂੰ ਮਿਲਣ ਲਈ ਦੌੜੀ। ਮਾਰਥਾ ਨੇ ਕਿਹਾ: “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ।” ਯਿਸੂ ਨੇ ਉਸ ਨੂੰ ਕਿਹਾ: ‘ਤੇਰਾ ਭਰਾ ਜੀਉਂਦਾ ਹੋ ਜਾਵੇਗਾ। ਮਾਰਥਾ, ਕੀ ਤੂੰ ਇਸ ਗੱਲ ਦਾ ਵਿਸ਼ਵਾਸ ਕਰਦੀ ਹੈਂ?’ ਉਸ ਨੇ ਕਿਹਾ: ‘ਹਾਂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਉਹ ਦੁਬਾਰਾ ਜੀਉਂਦਾ ਹੋਵੇਗਾ।’ ਯਿਸੂ ਨੇ ਉਸ ਨੂੰ ਕਿਹਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ।”

      ਫਿਰ ਮਾਰਥਾ ਮਰੀਅਮ ਕੋਲ ਗਈ ਅਤੇ ਉਸ ਨੂੰ ਕਿਹਾ: ‘ਯਿਸੂ ਆ ਗਿਆ ਹੈ।’ ਮਰੀਅਮ ਯਿਸੂ ਨੂੰ ਮਿਲਣ ਲਈ ਭੱਜੀ ਅਤੇ ਲੋਕ ਵੀ ਉਸ ਦੇ ਪਿੱਛੇ-ਪਿੱਛੇ ਚਲੇ ਗਏ। ਉਹ ਯਿਸੂ ਦੇ ਪੈਰੀਂ ਪੈ ਗਈ ਅਤੇ ਰੋਈ ਜਾ ਰਹੀ ਸੀ। ਉਸ ਨੇ ਕਿਹਾ: ‘ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਅੱਜ ਜੀਉਂਦਾ ਹੁੰਦਾ।’ ਯਿਸੂ ਮਰੀਅਮ ਨੂੰ ਰੋਂਦੀ ਦੇਖ ਕੇ ਖ਼ੁਦ ਵੀ ਰੋਣ ਲੱਗ ਪਿਆ। ਯਿਸੂ ਨੂੰ ਰੋਂਦਿਆਂ ਦੇਖ ਕੇ ਲੋਕ ਕਹਿਣ ਲੱਗੇ: ‘ਦੇਖੋ! ਇਹ ਲਾਜ਼ਰ ਨਾਲ ਕਿੰਨਾ ਪਿਆਰ ਕਰਦਾ ਸੀ!’ ਪਰ ਕੁਝ ਜਣੇ ਕਹਿਣ ਲੱਗੇ: ‘ਯਿਸੂ ਨੇ ਆਪਣੇ ਦੋਸਤ ਨੂੰ ਬਚਾਇਆ ਕਿਉਂ ਨਹੀਂ?’ ਯਿਸੂ ਨੇ ਹੁਣ ਕੀ ਕਰਨਾ ਸੀ?

      ਯਿਸੂ ਕਬਰ ʼਤੇ ਗਿਆ ਜਿਸ ਦੇ ਮੂੰਹ ʼਤੇ ਇਕ ਵੱਡਾ ਸਾਰਾ ਪੱਥਰ ਰੱਖਿਆ ਹੋਇਆ ਸੀ। ਉਸ ਨੇ ਹੁਕਮ ਦਿੱਤਾ: ‘ਪੱਥਰ ਨੂੰ ਹਟਾ ਦਿਓ।’ ਮਾਰਥਾ ਨੇ ਕਿਹਾ: ‘ਪਰ ਉਸ ਨੂੰ ਮਰੇ ਹੋਏ ਨੂੰ ਚਾਰ ਦਿਨ ਹੋ ਚੁੱਕੇ ਹਨ। ਉਸ ਦੀ ਲੋਥ ਵਿੱਚੋਂ ਤਾਂ ਬੋ ਆਉਂਦੀ ਹੋਣੀ।’ ਫਿਰ ਵੀ ਉਨ੍ਹਾਂ ਨੇ ਪੱਥਰ ਹਟਾ ਦਿੱਤਾ ਅਤੇ ਯਿਸੂ ਨੇ ਪ੍ਰਾਰਥਨਾ ਕੀਤੀ: ‘ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੇਰੀ ਫ਼ਰਿਆਦ ਸੁਣ ਲਈ ਹੈ। ਮੈਂ ਜਾਣਦਾ ਹਾਂ ਕਿ ਤੂੰ ਹਮੇਸ਼ਾ ਮੇਰੀ ਸੁਣਦਾ ਹੈਂ, ਫਿਰ ਵੀ ਮੈਂ ਉੱਚੀ ਪ੍ਰਾਰਥਨਾ ਕਰ ਰਿਹਾ ਹਾਂ ਤਾਂਕਿ ਇਨ੍ਹਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਤੂੰ ਮੈਨੂੰ ਘੱਲਿਆ ਹੈ।’ ਫਿਰ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਲਾਜ਼ਰ, ਬਾਹਰ ਆਜਾ!” ਫਿਰ ਹੈਰਾਨ ਕਰ ਦੇਣ ਵਾਲੀ ਗੱਲ ਹੋਈ: ਲਾਜ਼ਰ ਕਬਰ ਵਿੱਚੋਂ ਬਾਹਰ ਆ ਗਿਆ ਅਤੇ ਉਸ ਦੇ ਪੱਟੀਆਂ ਬੱਝੀਆਂ ਹੋਈਆਂ ਸਨ। ਯਿਸੂ ਨੇ ਕਿਹਾ: “ਉਸ ਦੀਆਂ ਪੱਟੀਆਂ ਖੋਲ੍ਹ ਦਿਓ ਅਤੇ ਉਸ ਨੂੰ ਜਾਣ ਦਿਓ।”

      ਬਹੁਤ ਸਾਰੇ ਲੋਕਾਂ ਨੇ ਇਹ ਦੇਖ ਕੇ ਯਿਸੂ ʼਤੇ ਨਿਹਚਾ ਕੀਤੀ। ਪਰ ਕੁਝ ਲੋਕਾਂ ਨੇ ਫ਼ਰੀਸੀਆਂ ਨੂੰ ਜਾ ਕੇ ਦੱਸ ਦਿੱਤਾ। ਉਸ ਸਮੇਂ ਤੋਂ ਬਾਅਦ ਫ਼ਰੀਸੀ ਯਿਸੂ ਅਤੇ ਲਾਜ਼ਰ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ। 12 ਰਸੂਲਾਂ ਵਿੱਚੋਂ ਇਕ ਜਣਾ ਯਹੂਦਾ ਇਸਕਰਿਓਤੀ ਚੋਰੀ-ਛਿਪੇ ਫ਼ਰੀਸੀਆਂ ਕੋਲ ਗਿਆ ਅਤੇ ਕਹਿਣ ਲੱਗਾ: ‘ਜੇ ਮੈਂ ਯਿਸੂ ਨੂੰ ਲੱਭਣ ਵਿਚ ਤੁਹਾਡੀ ਮਦਦ ਕਰਾਂ, ਤਾਂ ਤੁਸੀਂ ਮੈਨੂੰ ਕਿੰਨੇ ਪੈਸੇ ਦਿਓਗੇ?’ ਉਹ ਉਸ ਨੂੰ ਚਾਂਦੀ ਦੇ 30 ਸਿੱਕੇ ਦੇਣ ਲਈ ਮੰਨ ਗਏ। ਇਸ ਤੋਂ ਬਾਅਦ ਯਹੂਦਾ ਯਿਸੂ ਨੂੰ ਫੜਵਾਉਣ ਲਈ ਸਹੀ ਮੌਕੇ ਦੀ ਭਾਲ ਕਰਨ ਲੱਗਾ।

      “ਸੱਚਾ ਪਰਮੇਸ਼ੁਰ ਹੀ ਸਾਨੂੰ ਬਚਾਉਣ ਵਾਲਾ ਪਰਮੇਸ਼ੁਰ ਹੈ; ਸਾਰੇ ਜਹਾਨ ਦਾ ਮਾਲਕ ਯਹੋਵਾਹ ਸਾਨੂੰ ਮੌਤ ਤੋਂ ਬਚਾਉਂਦਾ ਹੈ।”​—ਜ਼ਬੂਰ 68:20

      ਸਵਾਲ: ਲਾਜ਼ਰ ਦੇ ਜੀਉਂਦਾ ਹੋਣ ਦੀ ਕਹਾਣੀ ਸੁਣਾਓ। ਜਦੋਂ ਫ਼ਰੀਸੀਆਂ ਨੇ ਲਾਜ਼ਰ ਬਾਰੇ ਸੁਣਿਆ, ਤਾਂ ਉਹ ਕੀ ਕਰਨਾ ਚਾਹੁੰਦੇ ਸਨ?

      ਮੱਤੀ 26:14-16; ਯੂਹੰਨਾ 11:1-53; 12:10

  • ਯਿਸੂ ਦਾ ਆਖ਼ਰੀ ਪਸਾਹ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਯਿਸੂ ਆਪਣੇ 11 ਵਫ਼ਾਦਾਰ ਰਸੂਲਾਂ ਨਾਲ ਪ੍ਰਭੂ ਦੀ ਮੌਤ ਦੀ ਯਾਦਗਾਰ ਮਨਾਉਣ ਦੀ ਸ਼ੁਰੂਆਤ ਕਰਦਾ ਹੋਇਆ

      ਪਾਠ 87

      ਯਿਸੂ ਦਾ ਆਖ਼ਰੀ ਪਸਾਹ

      ਯਹੂਦੀ ਹਰ ਸਾਲ ਨੀਸਾਨ ਮਹੀਨੇ ਦੀ 14 ਤਾਰੀਖ਼ ਨੂੰ ਪਸਾਹ ਦਾ ਤਿਉਹਾਰ ਮਨਾਉਂਦੇ ਸਨ। ਇਹ ਦਿਨ ਉਨ੍ਹਾਂ ਨੂੰ ਯਾਦ ਕਰਾਉਂਦਾ ਸੀ ਕਿ ਯਹੋਵਾਹ ਨੇ ਕਿਵੇਂ ਉਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਸੀ ਅਤੇ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲਿਆਇਆ ਸੀ। ਯਿਸੂ ਅਤੇ ਉਸ ਦੇ ਰਸੂਲਾਂ ਨੇ ਸਾਲ 33 ਈਸਵੀ ਨੂੰ ਯਰੂਸ਼ਲਮ ਵਿਚ ਇਕ ਘਰ ਦੇ ਚੁਬਾਰੇ ਵਿਚ ਪਸਾਹ ਮਨਾਇਆ ਸੀ। ਖਾਣਾ ਖਾਣ ਤੋਂ ਬਾਅਦ ਯਿਸੂ ਨੇ ਕਿਹਾ: ‘ਤੁਹਾਡੇ ਵਿੱਚੋਂ ਇਕ ਜਣਾ ਮੈਨੂੰ ਧੋਖੇ ਨਾਲ ਫੜਵਾਏਗਾ।’ ਰਸੂਲ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ: ‘ਉਹ ਕੌਣ ਹੈ?’ ਯਿਸੂ ਨੇ ਕਿਹਾ: ‘ਉਹੀ ਜਿਸ ਨੂੰ ਮੈਂ ਇਹ ਬੁਰਕੀ ਦਿਆਂਗਾ।’ ਫਿਰ ਉਸ ਨੇ ਇਹ ਬੁਰਕੀ ਯਹੂਦਾ ਇਸਕਰਿਓਤੀ ਨੂੰ ਦਿੱਤੀ। ਉਸੇ ਵੇਲੇ ਯਹੂਦਾ ਉੱਥੋਂ ਉੱਠ ਕੇ ਚਲਾ ਗਿਆ।

      ਫਿਰ ਯਿਸੂ ਨੇ ਪ੍ਰਾਰਥਨਾ ਕਰ ਕੇ ਰੋਟੀ ਤੋੜੀ ਅਤੇ ਰਸੂਲਾਂ ਨੂੰ ਦਿੱਤੀ। ਉਸ ਨੇ ਕਿਹਾ: ‘ਇਹ ਰੋਟੀ ਖਾਓ। ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ ਜੋ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ।’ ਫਿਰ ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਪ੍ਰਾਰਥਨਾ ਕੀਤੀ ਅਤੇ ਆਪਣੇ ਰਸੂਲਾਂ ਨੂੰ ਦਿੱਤਾ। ਉਸ ਨੇ ਕਿਹਾ: ‘ਇਹ ਦਾਖਰਸ ਪੀਓ। ਇਹ ਮੇਰੇ ਲਹੂ ਨੂੰ ਦਰਸਾਉਂਦਾ ਹੈ ਜੋ ਮੈਂ ਤੁਹਾਡੇ ਲਈ ਵਹਾਵਾਂਗਾ ਤਾਂਕਿ ਤੁਹਾਡੇ ਪਾਪ ਮਾਫ਼ ਕੀਤੇ ਜਾ ਸਕਣ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਤੁਸੀਂ ਮੇਰੇ ਨਾਲ ਸਵਰਗ ਵਿਚ ਰਾਜਿਆਂ ਵਜੋਂ ਰਾਜ ਕਰੋਗੇ। ਹਰ ਸਾਲ ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।’ ਯਿਸੂ ਦੇ ਚੇਲੇ ਅਜੇ ਵੀ ਹਰ ਸਾਲ ਉਸ ਸ਼ਾਮ ਨੂੰ ਇਕੱਠੇ ਹੁੰਦੇ ਹਨ। ਹੁਣ ਇਸ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਕਿਹਾ ਜਾਂਦਾ ਹੈ।

      ਖਾਣੇ ਤੋਂ ਕੁਝ ਦੇਰ ਬਾਅਦ ਰਸੂਲ ਆਪਸ ਵਿਚ ਬਹਿਸ ਕਰਨ ਲੱਗੇ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਤੁਹਾਡੇ ਵਿਚ ਸਭ ਤੋਂ ਵੱਡਾ ਉਹ ਹੈ ਜਿਹੜਾ ਖ਼ੁਦ ਨੂੰ ਸਭ ਤੋਂ ਛੋਟਾ ਸਮਝਦਾ ਹੈ ਯਾਨੀ ਜੋ ਖ਼ੁਦ ਨੂੰ ਕੁਝ ਨਹੀਂ ਸਮਝਦਾ।

      ‘ਤੁਸੀਂ ਮੇਰੇ ਦੋਸਤ ਹੋ। ਮੈਂ ਤੁਹਾਨੂੰ ਉਹ ਸਾਰੀਆਂ ਗੱਲਾਂ ਦੱਸਦਾ ਹਾਂ ਜੋ ਮੇਰਾ ਪਿਤਾ ਚਾਹੁੰਦਾ ਹੈ ਕਿ ਮੈਂ ਤੁਹਾਨੂੰ ਦੱਸਾਂ। ਮੈਂ ਛੇਤੀ ਹੀ ਸਵਰਗ ਵਿਚ ਆਪਣੇ ਪਿਤਾ ਕੋਲ ਜਾਵਾਂਗਾ। ਤੁਸੀਂ ਪਿੱਛੇ ਰਹਿ ਜਾਓਗੇ ਅਤੇ ਤੁਹਾਡੇ ਵਿਚ ਪਿਆਰ ਹੋਣ ਕਰਕੇ ਲੋਕ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ। ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ, ਤੁਹਾਨੂੰ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ।’

      ਅਖ਼ੀਰ ਯਿਸੂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਾਰੇ ਚੇਲਿਆਂ ਦੀ ਰਾਖੀ ਕਰੇ। ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ ਚੇਲਿਆਂ ਦੀ ਇਕ-ਦੂਜੇ ਨਾਲ ਸ਼ਾਂਤੀ ਨਾਲ ਕੰਮ ਕਰਨ ਵਿਚ ਮਦਦ ਕਰੇ। ਨਾਲੇ ਉਸ ਨੇ ਪ੍ਰਾਰਥਨਾ ਕੀਤੀ ਕਿ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਵੇ। ਫਿਰ ਯਿਸੂ ਤੇ ਉਸ ਦੇ ਰਸੂਲਾਂ ਨੇ ਯਹੋਵਾਹ ਦੀ ਮਹਿਮਾ ਦੇ ਗੀਤ ਗਾਏ ਅਤੇ ਬਾਹਰ ਚਲੇ ਗਏ। ਯਿਸੂ ਦੀ ਗਿਰਫ਼ਤਾਰੀ ਦਾ ਸਮਾਂ ਨੇੜੇ ਆ ਗਿਆ ਸੀ।

      “ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਪਿਤਾ ਨੇ ਤੁਹਾਨੂੰ ਰਾਜ ਦੇਣ ਦਾ ਫ਼ੈਸਲਾ ਕੀਤਾ ਹੈ।”—ਲੂਕਾ 12:32

      ਸਵਾਲ: ਯਿਸੂ ਨੇ ਰਸੂਲਾਂ ਨਾਲ ਕੀ ਵਾਅਦਾ ਕੀਤਾ ਸੀ? ਆਪਣੇ ਆਖ਼ਰੀ ਪਸਾਹ ਦੌਰਾਨ ਯਿਸੂ ਨੇ ਰਸੂਲਾਂ ਨੂੰ ਕਿਹੜੇ ਸਬਕ ਸਿਖਾਏ?

      ਮੱਤੀ 26:20-30; ਲੂਕਾ 22:14-26; ਯੂਹੰਨਾ 13:1, 2, 26, 30, 34, 35; 15:12-19; 17:3-26

  • ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਗਥਸਮਨੀ ਦੇ ਬਾਗ਼ ਵਿਚ ਯਹੂਦਾ ਯਿਸੂ ਨੂੰ ਧੋਖੇ ਨਾਲ ਫੜਵਾਉਂਦਾ ਹੋਇਆ

      ਪਾਠ 88

      ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ

      ਯਿਸੂ ਅਤੇ ਉਸ ਦੇ ਚੇਲੇ ਕਿਦਰੋਨ ਘਾਟੀ ਵਿੱਚੋਂ ਦੀ ਹੁੰਦਿਆਂ ਜ਼ੈਤੂਨ ਪਹਾੜ ʼਤੇ ਚਲੇ ਗਏ। ਅੱਧੀ ਰਾਤ ਤੋਂ ਬਾਅਦ ਪੂਰਾ ਚੰਨ ਨਿਕਲਿਆ ਹੋਇਆ ਸੀ। ਜਦੋਂ ਉਹ ਗਥਸਮਨੀ ਦੇ ਬਾਗ਼ ਵਿਚ ਪਹੁੰਚੇ, ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇੱਥੇ ਠਹਿਰੋ ਅਤੇ ਜਾਗਦੇ ਰਹੋ।” ਫਿਰ ਯਿਸੂ ਥੋੜ੍ਹਾ ਅੱਗੇ ਜਾ ਕੇ ਗੋਡਿਆਂ ਭਾਰ ਬੈਠ ਗਿਆ। ਉਹ ਬਹੁਤ ਦੁਖੀ ਸੀ ਅਤੇ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਜਿਵੇਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਹੋਵੇ।” ਯਹੋਵਾਹ ਨੇ ਇਕ ਦੂਤ ਭੇਜ ਕੇ ਯਿਸੂ ਨੂੰ ਹੌਸਲਾ ਦਿੱਤਾ। ਜਦੋਂ ਯਿਸੂ ਰਸੂਲਾਂ ਕੋਲ ਵਾਪਸ ਗਿਆ, ਤਾਂ ਉਹ ਸੌਂ ਰਹੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: ‘ਉੱਠੋ! ਇਹ ਸੌਣ ਦਾ ਸਮਾਂ ਨਹੀਂ ਹੈ! ਘੜੀ ਆ ਪਹੁੰਚੀ ਹੈ ਜਦੋਂ ਮੈਨੂੰ ਦੁਸ਼ਮਣਾਂ ਦੇ ਹੱਥ ਫੜਾਇਆ ਜਾਵੇਗਾ।’

      ਕੋਈ ਯਹੂਦਾ ਨੂੰ ਪੈਸਿਆਂ ਦੀ ਥੈਲੀ ਦਿੰਦਾ ਹੋਇਆ

      ਥੋੜ੍ਹੀ ਦੇਰ ਬਾਅਦ ਯਹੂਦਾ ਆ ਗਿਆ ਤੇ ਉਸ ਨਾਲ ਤਲਵਾਰਾਂ ਅਤੇ ਡਾਂਗਾਂ ਫੜੀ ਇਕ ਵੱਡੀ ਭੀੜ ਵੀ ਆ ਗਈ। ਯਹੂਦਾ ਜਾਣਦਾ ਸੀ ਕਿ ਯਿਸੂ ਕਿੱਥੇ ਮਿਲੇਗਾ ਕਿਉਂਕਿ ਉਹ ਅਕਸਰ ਇਸ ਬਾਗ਼ ਵਿਚ ਆਇਆ ਕਰਦੇ ਸਨ। ਯਹੂਦਾ ਨੇ ਫ਼ੌਜੀਆਂ ਨੂੰ ਕਿਹਾ ਸੀ ਕਿ ਉਹ ਯਿਸੂ ਨੂੰ ਪਛਾਣਨ ਵਿਚ ਉਨ੍ਹਾਂ ਦੀ ਮਦਦ ਕਰੇਗਾ। ਉਹ ਸਿੱਧਾ ਯਿਸੂ ਕੋਲ ਗਿਆ ਅਤੇ ਕਹਿਣ ਲੱਗਾ: ‘ਨਮਸਕਾਰ ਗੁਰੂ ਜੀ।’ ਫਿਰ ਉਸ ਨੇ ਯਿਸੂ ਨੂੰ ਚੁੰਮਿਆ। ਯਿਸੂ ਨੇ ਉਸ ਨੂੰ ਕਿਹਾ: ‘ਯਹੂਦਾ, ਕੀ ਤੂੰ ਮੈਨੂੰ ਇਸ ਲਈ ਚੁੰਮ ਰਿਹਾ ਹੈਂ ਤਾਂਕਿ ਤੂੰ ਮੈਨੂੰ ਧੋਖੇ ਨਾਲ ਫੜਵਾ ਦੇਵੇਂ?’

      ਯਿਸੂ ਨੇ ਅੱਗੇ ਆ ਕੇ ਭੀੜ ਨੂੰ ਪੁੱਛਿਆ: “ਤੁਸੀਂ ਕਿਹਨੂੰ ਲੱਭ ਰਹੇ ਹੋ?” ਉਨ੍ਹਾਂ ਨੇ ਕਿਹਾ: “ਯਿਸੂ ਨਾਸਰੀ ਨੂੰ।” ਯਿਸੂ ਨੇ ਕਿਹਾ: “ਮੈਂ ਹੀ ਹਾਂ।” ਇਹ ਸੁਣ ਕੇ ਆਦਮੀ ਪਿੱਛੇ ਹਟ ਗਏ ਅਤੇ ਜ਼ਮੀਨ ʼਤੇ ਡਿਗ ਪਏ। ਇਸ ਲਈ ਯਿਸੂ ਨੇ ਦੁਬਾਰਾ ਭੀੜ ਨੂੰ ਪੁੱਛਿਆ: “ਤੁਸੀਂ ਕਿਹਨੂੰ ਲੱਭ ਰਹੇ ਹੋ?” ਉਨ੍ਹਾਂ ਨੇ ਕਿਹਾ: “ਯਿਸੂ ਨਾਸਰੀ ਨੂੰ।” ਯਿਸੂ ਨੇ ਜਵਾਬ ਦਿੱਤਾ: ‘ਮੈਂ ਤੁਹਾਨੂੰ ਕਹਿ ਤਾਂ ਦਿੱਤਾ ਕਿ ਮੈਂ ਹੀ ਹਾਂ। ਇਨ੍ਹਾਂ ਆਦਮੀਆਂ ਨੂੰ ਜਾਣ ਦਿਓ।’

      ਜਦੋਂ ਪਤਰਸ ਨੇ ਇਹ ਸਭ ਕੁਝ ਦੇਖਿਆ, ਤਾਂ ਉਸ ਨੇ ਤਲਵਾਰ ਕੱਢ ਕੇ ਮਹਾਂ ਪੁਜਾਰੀ ਦੇ ਨੌਕਰ ਮਲਖੁਸ ਦਾ ਕੰਨ ਵੱਢ ਸੁੱਟਿਆ। ਪਰ ਯਿਸੂ ਨੇ ਨੌਕਰ ਦੇ ਕੰਨ ਨੂੰ ਹੱਥ ਲਾ ਕੇ ਠੀਕ ਕਰ ਦਿੱਤਾ। ਫਿਰ ਉਸ ਨੇ ਪਤਰਸ ਨੂੰ ਕਿਹਾ: ‘ਆਪਣੀ ਤਲਵਾਰ ਮਿਆਨ ਵਿਚ ਪਾ। ਜੇ ਤੂੰ ਤਲਵਾਰ ਨਾਲ ਲੜੇਂਗਾ, ਤਾਂ ਤੂੰ ਵੀ ਤਲਵਾਰ ਨਾਲ ਹੀ ਮਾਰਿਆ ਜਾਵੇਂਗਾ।’ ਫ਼ੌਜੀਆਂ ਨੇ ਯਿਸੂ ਨੂੰ ਫੜ ਲਿਆ ਅਤੇ ਉਸ ਦੇ ਹੱਥ ਬੰਨ੍ਹ ਦਿੱਤੇ ਤੇ ਰਸੂਲ ਭੱਜ ਗਏ। ਫਿਰ ਫ਼ੌਜੀ ਉਸ ਨੂੰ ਮੁੱਖ ਪੁਜਾਰੀ ਅੰਨਾਸ ਕੋਲ ਲੈ ਆਏ। ਅੰਨਾਸ ਨੇ ਯਿਸੂ ਤੋਂ ਪੁੱਛ-ਗਿੱਛ ਕੀਤੀ ਅਤੇ ਫਿਰ ਉਸ ਨੂੰ ਮਹਾਂ ਪੁਜਾਰੀ ਕਾਇਫ਼ਾ ਦੇ ਘਰ ਭੇਜ ਦਿੱਤਾ। ਪਰ ਰਸੂਲਾਂ ਨਾਲ ਕੀ ਹੋਇਆ?

      “ਦੁਨੀਆਂ ਵਿਚ ਤੁਹਾਨੂੰ ਕਸ਼ਟ ਸਹਿਣਾ ਪਵੇਗਾ, ਪਰ ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।”​—ਯੂਹੰਨਾ 16:33

      ਸਵਾਲ: ਗਥਸਮਨੀ ਦੇ ਬਾਗ਼ ਵਿਚ ਕੀ ਹੋਇਆ? ਯਿਸੂ ਨੇ ਉਸ ਰਾਤ ਜੋ ਕੀਤਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

      ਮੱਤੀ 26:36-57; ਮਰਕੁਸ 14:32-50; ਲੂਕਾ 22:39-54; ਯੂਹੰਨਾ 18:1-14, 19-24

  • ਪਤਰਸ ਨੇ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਕਾਇਫ਼ਾ ਦੇ ਘਰ ਦੇ ਵਿਹੜੇ ਵਿਚ ਪਤਰਸ ਯਿਸੂ ਨੂੰ ਪਛਾਣਨ ਤੋਂ ਇਨਕਾਰ ਕਰਦਾ ਹੋਇਆ

      ਪਾਠ 89

      ਪਤਰਸ ਨੇ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ

      ਜਦੋਂ ਯਿਸੂ ਆਪਣੇ ਰਸੂਲਾਂ ਨਾਲ ਚੁਬਾਰੇ ਵਿਚ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: ‘ਅੱਜ ਰਾਤ ਤੁਸੀਂ ਸਾਰੇ ਮੈਨੂੰ ਛੱਡ ਜਾਓਗੇ।’ ਪਤਰਸ ਨੇ ਕਿਹਾ: ‘ਮੈਂ ਇੱਦਾਂ ਨਹੀਂ ਕਰਾਂਗਾ। ਬਾਕੀ ਸਾਰੇ ਭਾਵੇਂ ਤੈਨੂੰ ਛੱਡ ਜਾਣ, ਪਰ ਮੈਂ ਤੈਨੂੰ ਕਦੀ ਵੀ ਨਹੀਂ ਛੱਡਾਂਗਾ!’ ਪਰ ਯਿਸੂ ਨੇ ਪਤਰਸ ਨੂੰ ਕਿਹਾ: ‘ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਕਹੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ।’

      ਜਦੋਂ ਫ਼ੌਜੀ ਯਿਸੂ ਨੂੰ ਕਾਇਫ਼ਾ ਦੇ ਘਰ ਲੈ ਗਏ, ਤਾਂ ਜ਼ਿਆਦਾਤਰ ਰਸੂਲ ਭੱਜ ਗਏ। ਪਰ ਦੋ ਜਣੇ ਭੀੜ ਦੇ ਪਿੱਛੇ-ਪਿੱਛੇ ਗਏ। ਉਨ੍ਹਾਂ ਵਿੱਚੋਂ ਇਕ ਸੀ, ਪਤਰਸ। ਉਹ ਕਾਇਫ਼ਾ ਦੇ ਘਰ ਦੇ ਵਿਹੜੇ ਵਿਚ ਗਿਆ ਅਤੇ ਬੈਠ ਕੇ ਅੱਗ ਸੇਕਣ ਲੱਗਾ। ਇਕ ਨੌਕਰਾਣੀ ਨੇ ਅੱਗ ਦੀ ਰੌਸ਼ਨੀ ਵਿਚ ਪਤਰਸ ਦਾ ਚਿਹਰਾ ਦੇਖਿਆ ਅਤੇ ਕਿਹਾ: ‘ਮੈਂ ਤੈਨੂੰ ਜਾਣਦੀ ਹਾਂ। ਤੂੰ ਯਿਸੂ ਨਾਲ ਸੀ!’

      ਪਤਰਸ ਨੇ ਕਿਹਾ: ‘ਨਹੀਂ, ਮੈਂ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਤੂੰ ਕੀ ਕਹਿ ਰਹੀਂ ਹੈਂ।’ ਉਹ ਬਾਹਰ ਦਰਵਾਜ਼ੇ ਵੱਲ ਚਲਾ ਗਿਆ। ਪਰ ਇਕ ਹੋਰ ਨੌਕਰਾਣੀ ਨੇ ਉਸ ਨੂੰ ਦੇਖਿਆ ਅਤੇ ਭੀੜ ਨੂੰ ਕਿਹਾ: ‘ਇਹ ਆਦਮੀ ਯਿਸੂ ਨਾਲ ਸੀ!’ ਪਤਰਸ ਨੇ ਕਿਹਾ: ‘ਮੈਂ ਤਾਂ ਯਿਸੂ ਨੂੰ ਜਾਣਦਾ ਤਕ ਨਹੀਂ!’ ਇਕ ਆਦਮੀ ਨੇ ਕਿਹਾ: ‘ਤੂੰ ਉਨ੍ਹਾਂ ਵਿੱਚੋਂ ਇਕ ਹੈਂ! ਮੈਂ ਤੇਰੀ ਬੋਲੀ ਤੋਂ ਦੱਸ ਸਕਦਾ ਹਾਂ ਕਿ ਤੂੰ ਵੀ ਯਿਸੂ ਵਾਂਗ ਗਲੀਲ ਤੋਂ ਹੀ ਹੈਂ।’ ਪਰ ਪਤਰਸ ਸਹੁੰਆਂ ਖਾਣ ਲੱਗਾ: ‘ਮੈਂ ਨਹੀਂ ਜਾਣਦਾ ਉਸ ਨੂੰ!’

      ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ। ਪਤਰਸ ਨੇ ਦੇਖਿਆ ਕਿ ਯਿਸੂ ਨੇ ਮੁੜ ਕੇ ਉਸ ਵੱਲ ਦੇਖਿਆ। ਉਸ ਨੂੰ ਯਿਸੂ ਦੇ ਸ਼ਬਦ ਯਾਦ ਆਏ ਅਤੇ ਉਹ ਬਾਹਰ ਜਾ ਕੇ ਭੁੱਬਾਂ ਮਾਰ-ਮਾਰ ਰੋਇਆ।

      ਇਸ ਦੌਰਾਨ ਮਹਾਸਭਾ ਦੇ ਮੈਂਬਰ ਯਿਸੂ ʼਤੇ ਮੁਕੱਦਮਾ ਚਲਾਉਣ ਲਈ ਕਾਇਫ਼ਾ ਦੇ ਘਰ ਅੰਦਰ ਇਕੱਠੇ ਹੋ ਚੁੱਕੇ ਸਨ। ਉਨ੍ਹਾਂ ਨੇ ਤਾਂ ਪਹਿਲਾਂ ਹੀ ਯਿਸੂ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਸੀ। ਹੁਣ ਉਹ ਬੱਸ ਉਸ ਨੂੰ ਮਾਰਨ ਦਾ ਕਾਰਨ ਲੱਭ ਰਹੇ ਸਨ। ਪਰ ਉਨ੍ਹਾਂ ਨੂੰ ਉਸ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲ ਰਿਹਾ ਸੀ। ਅਖ਼ੀਰ ਕਾਇਫ਼ਾ ਨੇ ਯਿਸੂ ਤੋਂ ਪੁੱਛਿਆ: ‘ਕੀ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ?’ ਯਿਸੂ ਨੇ ਕਿਹਾ: ‘ਮੈਂ ਹਾਂ।’ ਕਾਇਫ਼ਾ ਨੇ ਕਿਹਾ: ‘ਹੁਣ ਸਾਨੂੰ ਕਿਸੇ ਹੋਰ ਸਬੂਤ ਦੀ ਕੋਈ ਲੋੜ ਨਹੀਂ। ਇਸ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਹੈ।’ ਮਹਾਸਭਾ ਇਸ ਨਾਲ ਸਹਿਮਤ ਸੀ: ‘ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।’ ਉਨ੍ਹਾਂ ਨੇ ਯਿਸੂ ਦੇ ਮੂੰਹ ʼਤੇ ਥੱਪੜ ਮਾਰੇ, ਉਸ ʼਤੇ ਥੁੱਕਿਆ, ਉਸ ਦਾ ਮੂੰਹ ਢਕ ਕੇ ਉਸ ਦੇ ਮੁੱਕੇ ਮਾਰੇ ਅਤੇ ਕਿਹਾ: ‘ਜੇ ਤੂੰ ਨਬੀ ਹੈਂ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ!’

      ਦਿਨ ਚੜ੍ਹਨ ਤੇ ਉਹ ਯਿਸੂ ਨੂੰ ਮਹਾਸਭਾ ਵਿਚ ਲੈ ਗਏ ਅਤੇ ਉਸ ਤੋਂ ਦੁਬਾਰਾ ਪੁੱਛਿਆ: ‘ਕੀ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ?’ ਯਿਸੂ ਨੇ ਜਵਾਬ ਦਿੱਤਾ: ‘ਤੁਸੀਂ ਆਪੇ ਕਹਿ ਰਹੇ ਹੋ ਕਿ ਮੈਂ ਹਾਂ।’ ਫਿਰ ਉਨ੍ਹਾਂ ਨੇ ਉਸ ਨੂੰ ਪਰਮੇਸ਼ੁਰ ਦੀ ਨਿੰਦਿਆ ਕਰਨ ਦਾ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ ਰੋਮੀ ਰਾਜਪਾਲ ਪੁੰਤੀਅਸ ਪਿਲਾਤੁਸ ਦੇ ਮਹਿਲ ਵਿਚ ਲੈ ਗਏ। ਇਸ ਤੋਂ ਬਾਅਦ ਕੀ ਹੋਇਆ? ਆਓ ਅੱਗੇ ਦੇਖੀਏ।

      “ਉਹ ਸਮਾਂ . . . ਆ ਗਿਆ ਹੈ, ਜਦੋਂ ਤੁਸੀਂ ਸਾਰੇ ਆਪੋ-ਆਪਣੇ ਘਰਾਂ ਨੂੰ ਭੱਜ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ; ਪਰ ਮੈਂ ਇਕੱਲਾ ਨਹੀਂ ਹਾਂ ਕਿਉਂਕਿ ਮੇਰਾ ਪਿਤਾ ਮੇਰੇ ਨਾਲ ਹੈ।”​—ਯੂਹੰਨਾ 16:32

      ਸਵਾਲ: ਕਾਇਫ਼ਾ ਦੇ ਘਰ ਦੇ ਵਿਹੜੇ ਵਿਚ ਕੀ ਹੋਇਆ? ਕਿਹੜੇ ਕਾਰਨ ਕਰਕੇ ਮਹਾਸਭਾ ਨੇ ਯਿਸੂ ਨੂੰ ਮੌਤ ਦੀ ਸਜ਼ਾ ਸੁਣਾਈ?

      ਮੱਤੀ 26:31-35, 57–27:2; ਮਰਕੁਸ 14:27-31, 53–15:1; ਲੂਕਾ 22:55-71; ਯੂਹੰਨਾ 13:36-38; 18:15-18, 25-28

  • ਯਿਸੂ ਗਲਗਥਾ ਵਿਚ ਮਰਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਯਿਸੂ ਨੂੰ ਸੂਲ਼ੀ ʼਤੇ ਟੰਗਿਆ ਹੋਇਆ ਹੈ ਅਤੇ ਉਸ ਦੇ ਨੇੜੇ ਇਕ ਫ਼ੌਜੀ ਅਫ਼ਸਰ ਤੇ ਕੁਝ ਚੇਲੇ ਖੜ੍ਹੇ ਹਨ ਜਿਨ੍ਹਾਂ ਵਿਚ ਮਰੀਅਮ ਤੇ ਯੂਹੰਨਾ ਵੀ ਹਨ

      ਪਾਠ 90

      ਯਿਸੂ ਗਲਗਥਾ ਵਿਚ ਮਰਿਆ

      ਮਹਾਂ ਪੁਜਾਰੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿਚ ਲੈ ਗਏ। ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ: ‘ਇਸ ਆਦਮੀ ʼਤੇ ਕੀ ਦੋਸ਼ ਲਾਇਆ ਗਿਆ ਹੈ?’ ਉਨ੍ਹਾਂ ਨੇ ਕਿਹਾ: ‘ਇਹ ਰਾਜਾ ਬਣਨ ਦਾ ਦਾਅਵਾ ਕਰਦਾ ਹੈ!’ ਪਿਲਾਤੁਸ ਨੇ ਯਿਸੂ ਨੂੰ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਕਿਹਾ: “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।”

      ਫਿਰ ਪਿਲਾਤੁਸ ਨੇ ਯਿਸੂ ਨੂੰ ਗਲੀਲ ਦੇ ਰਾਜੇ ਹੇਰੋਦੇਸ ਕੋਲ ਭੇਜ ਦਿੱਤਾ ਤਾਂਕਿ ਉਹ ਯਿਸੂ ਵਿਚ ਕੋਈ ਦੋਸ਼ ਲੱਭ ਸਕੇ। ਹੇਰੋਦੇਸ ਨੂੰ ਯਿਸੂ ਵਿਚ ਕੋਈ ਦੋਸ਼ ਨਹੀਂ ਲੱਭਾ ਅਤੇ ਉਸ ਨੇ ਯਿਸੂ ਨੂੰ ਵਾਪਸ ਪਿਲਾਤੁਸ ਕੋਲ ਭੇਜ ਦਿੱਤਾ। ਫਿਰ ਪਿਲਾਤੁਸ ਨੇ ਲੋਕਾਂ ਨੂੰ ਕਿਹਾ: ‘ਮੈਨੂੰ ਤੇ ਹੇਰੋਦੇਸ ਨੂੰ ਇਸ ਆਦਮੀ ਵਿਚ ਕੋਈ ਦੋਸ਼ ਨਹੀਂ ਲੱਭਾ। ਮੈਂ ਇਸ ਨੂੰ ਰਿਹਾ ਕਰ ਦੇਵਾਂਗਾ।’ ਭੀੜ ਉੱਚੀ-ਉੱਚੀ ਕਹਿਣ ਲੱਗੀ: ‘ਇਸ ਨੂੰ ਮਾਰ ਦਿਓ! ਇਸ ਨੂੰ ਮਾਰ ਦਿਓ!’ ਫ਼ੌਜੀਆਂ ਨੇ ਯਿਸੂ ਦੇ ਕੋਰੜੇ ਮਾਰੇ, ਉਸ ʼਤੇ ਥੁੱਕਿਆ ਤੇ ਉਸ ਦੇ ਮੁੱਕੇ ਮਾਰੇ। ਉਨ੍ਹਾਂ ਨੇ ਉਸ ਦੇ ਸਿਰ ʼਤੇ ਕੰਡਿਆਂ ਦਾ ਮੁਕਟ ਰੱਖਿਆ ਅਤੇ ਮਜ਼ਾਕ ਉਡਾਉਂਦਿਆਂ ਕਿਹਾ: ‘ਯਹੂਦੀਆਂ ਦੇ ਰਾਜੇ ਦੀ ਜੈ ਹੋਵੇ!’ ਪਿਲਾਤੁਸ ਨੇ ਫਿਰ ਭੀੜ ਨੂੰ ਕਿਹਾ: ‘ਮੈਂ ਇਸ ਆਦਮੀ ਵਿਚ ਕੋਈ ਦੋਸ਼ ਨਹੀਂ ਪਾਇਆ ਹੈ।’ ਪਰ ਲੋਕ ਉੱਚੀ-ਉੱਚੀ ਕਹਿਣ ਲੱਗੇ: “ਸੂਲ਼ੀ ʼਤੇ ਟੰਗ ਦਿਓ ਇਹਨੂੰ!” ਸੋ ਪਿਲਾਤੁਸ ਨੇ ਉਸ ਨੂੰ ਸੂਲ਼ੀ ʼਤੇ ਟੰਗਣ ਲਈ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ।

      ਉਹ ਯਿਸੂ ਨੂੰ ਗਲਗਥਾ ਨਾਂ ਦੀ ਜਗ੍ਹਾ ʼਤੇ ਲੈ ਗਏ। ਉੱਥੇ ਉਸ ਦੇ ਕਿੱਲ ਠੋਕ ਕੇ ਉਸ ਨੂੰ ਸੂਲ਼ੀ ʼਤੇ ਟੰਗ ਦਿੱਤਾ ਗਿਆ। ਯਿਸੂ ਨੇ ਪ੍ਰਾਰਥਨਾ ਕੀਤੀ: ‘ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ ਦੇ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।’ ਲੋਕਾਂ ਨੇ ਯਿਸੂ ਦਾ ਮਜ਼ਾਕ ਉਡਾਉਂਦਿਆਂ ਕਿਹਾ: ‘ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਸੂਲ਼ੀ ਤੋਂ ਥੱਲੇ ਉੱਤਰ ਆ! ਆਪਣੇ ਆਪ ਨੂੰ ਬਚਾ।’

      ਯਿਸੂ ਨਾਲ ਟੰਗੇ ਅਪਰਾਧੀਆਂ ਵਿੱਚੋਂ ਇਕ ਨੇ ਕਿਹਾ: “ਜਦੋਂ ਤੂੰ ਰਾਜਾ ਬਣੇਂਗਾ, ਤਾਂ ਮੈਨੂੰ ਯਾਦ ਰੱਖੀਂ।” ਯਿਸੂ ਨੇ ਉਸ ਨਾਲ ਵਾਅਦਾ ਕੀਤਾ: “ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।” ਦੁਪਹਿਰ ਸਮੇਂ ਸਾਰੀ ਧਰਤੀ ਉੱਤੇ ਤਿੰਨ ਘੰਟੇ ਤਕ ਹਨੇਰਾ ਛਾਇਆ ਰਿਹਾ। ਯਿਸੂ ਦੀ ਮਾਤਾ ਮਰੀਅਮ ਤੇ ਉਸ ਦੇ ਕੁਝ ਚੇਲੇ ਸੂਲ਼ੀ ਕੋਲ ਖੜ੍ਹੇ ਰਹੇ। ਯਿਸੂ ਨੇ ਯੂਹੰਨਾ ਨੂੰ ਆਪਣੀ ਮਾਤਾ ਵਾਂਗ ਮਰੀਅਮ ਦੀ ਦੇਖ-ਭਾਲ ਕਰਨ ਲਈ ਕਿਹਾ।

      ਅਖ਼ੀਰ ਯਿਸੂ ਨੇ ਕਿਹਾ: “ਸਾਰਾ ਕੰਮ ਪੂਰਾ ਹੋਇਆ!” ਉਸ ਨੇ ਸਿਰ ਝੁਕਾਇਆ ਤੇ ਆਖ਼ਰੀ ਸਾਹ ਲਿਆ। ਉਸੇ ਪਲ ਇਕ ਜ਼ਬਰਦਸਤ ਭੁਚਾਲ਼ ਆਇਆ। ਮੰਦਰ ਦੇ ਪਵਿੱਤਰ ਅਤੇ ਅੱਤ ਪਵਿੱਤਰ ਕਮਰੇ ਦੇ ਵਿਚਕਾਰ ਲੱਗਾ ਪਰਦਾ ਵਿਚਕਾਰੋਂ ਪਾਟ ਗਿਆ। ਇਕ ਫ਼ੌਜੀ ਅਫ਼ਸਰ ਨੇ ਕਿਹਾ: ‘ਇਹ ਵਾਕਈ ਪਰਮੇਸ਼ੁਰ ਦਾ ਪੁੱਤਰ ਸੀ।’

      “ਪਰਮੇਸ਼ੁਰ ਦੇ ਵਾਅਦੇ ਭਾਵੇਂ ਜਿੰਨੇ ਮਰਜ਼ੀ ਹੋਣ, ਉਹ ਸਾਰੇ ਮਸੀਹ ਦੇ ਜ਼ਰੀਏ ‘ਹਾਂ’ ਸਾਬਤ ਹੋਏ ਹਨ।”​—2 ਕੁਰਿੰਥੀਆਂ 1:20

      ਸਵਾਲ: ਪਿਲਾਤੁਸ ਨੇ ਯਿਸੂ ਨੂੰ ਮਾਰਨ ਦੀ ਇਜਾਜ਼ਤ ਕਿਉਂ ਦਿੱਤੀ? ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਆਪਣੇ ਨਾਲੋਂ ਜ਼ਿਆਦਾ ਦੂਜਿਆਂ ਦੀ ਪਰਵਾਹ ਕਰਦਾ ਸੀ?

      ਮੱਤੀ 27:11-14, 22-31, 38-56; ਮਰਕੁਸ 15:2-5, 12-18, 25, 29-33, 37-39; ਲੂਕਾ 23:1-25, 32-49; ਯੂਹੰਨਾ 18:28–19:30

  • ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਯਿਸੂ ਦੀ ਕਬਰ ਨੂੰ ਖਾਲੀ ਦੇਖ ਕੇ ਔਰਤਾਂ ਹੈਰਾਨ ਹੁੰਦੀਆਂ ਹੋਈਆਂ

      ਪਾਠ 91

      ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ

      ਯਿਸੂ ਦੀ ਮੌਤ ਤੋਂ ਬਾਅਦ ਯੂਸੁਫ਼ ਨਾਂ ਦੇ ਇਕ ਅਮੀਰ ਆਦਮੀ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ। ਯੂਸੁਫ਼ ਨੇ ਯਿਸੂ ਦੀ ਲਾਸ਼ ਨੂੰ ਸੂਲ਼ੀ ਤੋਂ ਲਾਹ ਕੇ ਉਸ ʼਤੇ ਮਸਾਲੇ ਲਾਏ ਤੇ ਉਸ ਨੂੰ ਵਧੀਆ ਕੱਪੜੇ ਵਿਚ ਲਪੇਟ ਕੇ ਇਕ ਨਵੀਂ ਕਬਰ ਵਿਚ ਰੱਖਿਆ। ਉਸ ਨੇ ਕਬਰ ਦੇ ਮੂੰਹ ʼਤੇ ਇਕ ਵੱਡਾ ਪੱਥਰ ਰੱਖ ਦਿੱਤਾ। ਮੁੱਖ ਪੁਜਾਰੀਆਂ ਨੇ ਪਿਲਾਤੁਸ ਨੂੰ ਕਿਹਾ: ‘ਸਾਨੂੰ ਡਰ ਹੈ ਕਿ ਕਿਤੇ ਯਿਸੂ ਦੇ ਕੁਝ ਚੇਲੇ ਉਸ ਦੀ ਲਾਸ਼ ਨਾ ਲੈ ਜਾਣ ਅਤੇ ਫਿਰ ਕਹਿਣ ਕਿ ਉਹ ਜੀਉਂਦਾ ਹੋ ਗਿਆ ਹੈ।’ ਇਸ ਲਈ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: ‘ਕਬਰ ਅੱਗੇ ਰੱਖੇ ਪੱਥਰ ਨੂੰ ਸੀਲਬੰਦ ਕਰ ਦਿਓ ਅਤੇ ਪਹਿਰੇਦਾਰਾਂ ਨੂੰ ਖੜ੍ਹਾ ਕਰ ਦਿਓ।’

      ਤਿੰਨ ਦਿਨਾਂ ਬਾਅਦ ਸਵੇਰੇ-ਸਵੇਰੇ ਕੁਝ ਔਰਤਾਂ ਕਬਰ ʼਤੇ ਗਈਆਂ। ਉਨ੍ਹਾਂ ਨੇ ਦੇਖਿਆ ਕਿ ਕਬਰ ਦੇ ਮੂੰਹ ਤੋਂ ਪੱਥਰ ਹਟਾਇਆ ਹੋਇਆ ਸੀ। ਕਬਰ ਦੇ ਅੰਦਰ ਬੈਠੇ ਇਕ ਦੂਤ ਨੇ ਔਰਤਾਂ ਨੂੰ ਕਿਹਾ: ‘ਡਰੋ ਨਾ। ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਹੈ। ਜਾਓ ਅਤੇ ਉਸ ਦੇ ਚੇਲਿਆਂ ਨੂੰ ਕਹੋ ਕਿ ਉਹ ਉਸ ਨੂੰ ਗਲੀਲ ਵਿਚ ਮਿਲਣ।’

      ਮਰੀਅਮ ਮਗਦਲੀਨੀ ਪਤਰਸ ਅਤੇ ਯੂਹੰਨਾ ਨੂੰ ਇਹ ਖ਼ਬਰ ਦੇਣ ਲਈ ਭੱਜੀ। ਉਸ ਨੇ ਉਨ੍ਹਾਂ ਨੂੰ ਕਿਹਾ: ‘ਕੋਈ ਯਿਸੂ ਦੀ ਲਾਸ਼ ਲੈ ਗਿਆ ਹੈ!’ ਪਤਰਸ ਅਤੇ ਯੂਹੰਨਾ ਕਬਰ ਵੱਲ ਨੂੰ ਭੱਜੇ। ਜਦੋਂ ਉਨ੍ਹਾਂ ਨੇ ਦੇਖਿਆ ਕਿ ਕਬਰ ਖਾਲੀ ਪਈ ਸੀ, ਤਾਂ ਉਹ ਆਪਣੇ ਘਰਾਂ ਨੂੰ ਚਲੇ ਗਏ।

      ਜਦੋਂ ਮਰੀਅਮ ਵਾਪਸ ਕਬਰ ʼਤੇ ਆਈ, ਤਾਂ ਉਸ ਨੇ ਦੋ ਦੂਤਾਂ ਨੂੰ ਕਬਰ ਅੰਦਰ ਬੈਠੇ ਦੇਖਿਆ ਅਤੇ ਉਨ੍ਹਾਂ ਨੂੰ ਕਹਿਣ ਲੱਗੀ: ‘ਮੈਨੂੰ ਨਹੀਂ ਪਤਾ ਕਿ ਉਹ ਮੇਰੇ ਪ੍ਰਭੂ ਨੂੰ ਕਿੱਥੇ ਲੈ ਗਏ ਹਨ।’ ਫਿਰ ਮਰੀਅਮ ਨੇ ਇਕ ਆਦਮੀ ਦੇਖਿਆ ਅਤੇ ਉਸ ਨੂੰ ਮਾਲੀ ਸਮਝ ਕੇ ਕਹਿਣ ਲੱਗੀ: ‘ਵੀਰਾ, ਮੈਨੂੰ ਦੱਸ ਤੂੰ ਉਸ ਨੂੰ ਕਿੱਥੇ ਲੈ ਗਿਆ ਹੈਂ।’ ਪਰ ਜਦੋਂ ਉਸ ਆਦਮੀ ਨੇ ਉਸ ਨੂੰ “ਮਰੀਅਮ!” ਕਹਿ ਕੇ ਪੁਕਾਰਿਆ, ਤਾਂ ਉਸ ਨੂੰ ਪਤਾ ਲੱਗ ਗਿਆ ਕਿ ਉਹ ਯਿਸੂ ਸੀ। ਉਹ ਰੋਂਦੇ-ਰੋਂਦੇ ਕਹਿਣ ਲੱਗੀ: “ਗੁਰੂ!” ਅਤੇ ਉਸ ਨੂੰ ਫੜ ਲਿਆ। ਯਿਸੂ ਨੇ ਉਸ ਨੂੰ ਕਿਹਾ: ‘ਜਾਹ ਅਤੇ ਮੇਰੇ ਭਰਾਵਾਂ ਨੂੰ ਦੱਸ ਕਿ ਤੂੰ ਮੈਨੂੰ ਦੇਖਿਆ ਹੈ।’ ਉਸੇ ਵੇਲੇ ਮਰੀਅਮ ਚੇਲਿਆਂ ਕੋਲ ਭੱਜੀ ਗਈ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਯਿਸੂ ਨੂੰ ਦੇਖਿਆ ਸੀ।

      ਉਸੇ ਦਿਨ ਦੋ ਚੇਲੇ ਯਰੂਸ਼ਲਮ ਤੋਂ ਇੰਮਊਸ ਨਾਂ ਦੇ ਪਿੰਡ ਨੂੰ ਜਾ ਰਹੇ ਸਨ। ਇਕ ਆਦਮੀ ਉਨ੍ਹਾਂ ਦੇ ਨਾਲ-ਨਾਲ ਤੁਰਨ ਲੱਗਾ ਅਤੇ ਉਨ੍ਹਾਂ ਨੂੰ ਪੁੱਛਣ ਲੱਗਾ ਕਿ ਤੁਸੀਂ ਕੀ ਗੱਲਾਂ ਕਰ ਰਹੇ ਹੋ। ਉਨ੍ਹਾਂ ਨੇ ਕਿਹਾ: ‘ਕੀ ਤੂੰ ਨਹੀਂ ਸੁਣਿਆ? ਤਿੰਨ ਦਿਨ ਪਹਿਲਾਂ ਮੁੱਖ ਪੁਜਾਰੀਆਂ ਨੇ ਯਿਸੂ ਨੂੰ ਮਰਵਾ ਦਿੱਤਾ ਸੀ। ਪਰ ਹੁਣ ਕੁਝ ਔਰਤਾਂ ਕਹਿ ਰਹੀਆਂ ਹਨ ਕਿ ਉਹ ਜੀਉਂਦਾ ਹੋ ਗਿਆ ਹੈ!’ ਉਸ ਆਦਮੀ ਨੇ ਪੁੱਛਿਆ: ‘ਕੀ ਤੁਸੀਂ ਨਬੀਆਂ ਦੀਆਂ ਗੱਲਾਂ ʼਤੇ ਵਿਸ਼ਵਾਸ ਨਹੀਂ ਕਰਦੇ? ਉਨ੍ਹਾਂ ਨੇ ਕਿਹਾ ਸੀ ਕਿ ਮਸੀਹ ਮਰੇਗਾ ਅਤੇ ਫਿਰ ਜੀਉਂਦਾ ਕੀਤਾ ਜਾਵੇਗਾ।’ ਉਹ ਉਨ੍ਹਾਂ ਨੂੰ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਸਮਝਾਉਣ ਲੱਗਾ। ਜਦੋਂ ਚੇਲੇ ਇੰਮਊਸ ਪਹੁੰਚੇ, ਤਾਂ ਉਨ੍ਹਾਂ ਨੇ ਉਸ ਆਦਮੀ ਨੂੰ ਆਪਣੇ ਨਾਲ ਆਉਣ ਲਈ ਕਿਹਾ। ਸ਼ਾਮ ਨੂੰ ਜਦੋਂ ਉਨ੍ਹਾਂ ਨੇ ਖਾਣਾ ਖਾਣ ਲਈ ਪ੍ਰਾਰਥਨਾ ਕੀਤੀ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਆਦਮੀ ਯਿਸੂ ਸੀ। ਫਿਰ ਯਿਸੂ ਉਨ੍ਹਾਂ ਸਾਮ੍ਹਣਿਓਂ ਗਾਇਬ ਹੋ ਗਿਆ।

      ਉਹ ਦੋਵੇਂ ਚੇਲੇ ਉਸੇ ਵੇਲੇ ਯਰੂਸ਼ਲਮ ਵਿਚ ਉਸ ਘਰ ਵਿਚ ਗਏ ਜਿੱਥੇ ਰਸੂਲ ਇਕੱਠੇ ਹੋਏ ਸਨ ਅਤੇ ਉਨ੍ਹਾਂ ਨੂੰ ਦੱਸਣ ਲੱਗੇ ਕਿ ਉਨ੍ਹਾਂ ਨਾਲ ਕੀ-ਕੀ ਹੋਇਆ ਸੀ। ਜਦੋਂ ਉਹ ਅਜੇ ਘਰ ਵਿਚ ਹੀ ਸਨ, ਤਾਂ ਯਿਸੂ ਸਾਰਿਆਂ ਸਾਮ੍ਹਣੇ ਪ੍ਰਗਟ ਹੋਇਆ। ਰਸੂਲਾਂ ਨੂੰ ਪਹਿਲਾਂ ਤਾਂ ਯਕੀਨ ਹੀ ਨਹੀਂ ਹੋਇਆ ਕਿ ਉਹ ਯਿਸੂ ਸੀ। ਫਿਰ ਯਿਸੂ ਨੇ ਕਿਹਾ: ‘ਮੇਰੇ ਹੱਥ ਦੇਖੋ ਅਤੇ ਮੈਨੂੰ ਛੂਹ ਕੇ ਦੇਖੋ। ਇਹ ਪਹਿਲਾਂ ਹੀ ਲਿਖਿਆ ਗਿਆ ਸੀ ਕਿ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਜਾਵੇਗਾ।’

      “ਮੈਂ ਹੀ ਰਾਹ, ਸੱਚਾਈ ਤੇ ਜ਼ਿੰਦਗੀ ਹਾਂ। ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਵਾਇ ਉਸ ਦੇ ਜੋ ਮੇਰੇ ਰਾਹੀਂ ਆਉਂਦਾ ਹੈ।”​—ਯੂਹੰਨਾ 14:6

      ਸਵਾਲ: ਜਦੋਂ ਔਰਤਾਂ ਯਿਸੂ ਦੀ ਕਬਰ ʼਤੇ ਗਈਆਂ, ਤਾਂ ਕੀ ਹੋਇਆ ਸੀ? ਇੰਮਊਸ ਨੂੰ ਜਾਂਦੇ ਰਸਤੇ ਵਿਚ ਕੀ ਹੋਇਆ ਸੀ?

      ਮੱਤੀ 27:57–28:10; ਮਰਕੁਸ 15:42–16:8; ਲੂਕਾ 23:50–24:43; ਯੂਹੰਨਾ 19:38–20:23

  • ਯਿਸੂ ਮਛੇਰਿਆਂ ਸਾਮ੍ਹਣੇ ਪ੍ਰਗਟ ਹੋਇਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਯਿਸੂ ਆਪਣੇ ਚੇਲਿਆਂ ਨਾਲ ਗੱਲ ਕਰਦਾ ਹੋਇਆ ਅਤੇ ਮੱਛੀਆਂ ਅੱਗ ʼਤੇ ਪੱਕਦੀਆਂ ਹੋਈਆਂ

      ਪਾਠ 92

      ਯਿਸੂ ਮਛੇਰਿਆਂ ਸਾਮ੍ਹਣੇ ਪ੍ਰਗਟ ਹੋਇਆ

      ਯਿਸੂ ਨੂੰ ਰਸੂਲਾਂ ਸਾਮ੍ਹਣੇ ਪ੍ਰਗਟ ਹੋਇਆਂ ਕੁਝ ਸਮਾਂ ਹੀ ਹੋਇਆ ਸੀ। ਇਸ ਤੋਂ ਬਾਅਦ ਪਤਰਸ ਗਲੀਲ ਦੀ ਝੀਲ ʼਤੇ ਮੱਛੀਆਂ ਫੜਨ ਗਿਆ। ਥੋਮਾ, ਯਾਕੂਬ, ਯੂਹੰਨਾ ਅਤੇ ਕੁਝ ਹੋਰ ਚੇਲੇ ਉਸ ਦੇ ਨਾਲ ਗਏ। ਉਨ੍ਹਾਂ ਨੇ ਸਾਰੀ ਰਾਤ ਮੱਛੀਆਂ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਕ ਵੀ ਮੱਛੀ ਨਾ ਫੜ ਸਕੇ।

      ਅਗਲੇ ਦਿਨ ਸਵੇਰੇ-ਸਵੇਰੇ ਉਨ੍ਹਾਂ ਨੇ ਕੰਢੇ ʼਤੇ ਇਕ ਆਦਮੀ ਖੜ੍ਹਾ ਦੇਖਿਆ। ਉਸ ਨੇ ਉਨ੍ਹਾਂ ਨੂੰ ਆਵਾਜ਼ ਮਾਰ ਕੇ ਕਿਹਾ: ‘ਕੀ ਤੁਸੀਂ ਕੋਈ ਮੱਛੀ ਫੜੀ?’ ਉਨ੍ਹਾਂ ਨੇ ਉਸ ਨੂੰ ਕਿਹਾ: “ਨਹੀਂ!” ਆਦਮੀ ਨੇ ਕਿਹਾ: “ਕਿਸ਼ਤੀ ਦੇ ਸੱਜੇ ਪਾਸੇ ਜਾਲ਼ ਪਾਓ।” ਜਦੋਂ ਉਨ੍ਹਾਂ ਨੇ ਇੱਦਾਂ ਕੀਤਾ, ਤਾਂ ਜਾਲ਼ ਵਿਚ ਇੰਨੀਆਂ ਸਾਰੀਆਂ ਮੱਛੀਆਂ ਫਸ ਗਈਆਂ ਕਿ ਉਹ ਜਾਲ਼ ਨੂੰ ਕਿਸ਼ਤੀ ਉੱਤੇ ਖਿੱਚ ਨਾ ਸਕੇ। ਯੂਹੰਨਾ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਹ ਆਦਮੀ ਤਾਂ ਯਿਸੂ ਹੈ ਅਤੇ ਉਸ ਨੇ ਕਿਹਾ: “ਇਹ ਤਾਂ ਪ੍ਰਭੂ ਹੈ!” ਪਤਰਸ ਨੇ ਇਕਦਮ ਝੀਲ ਵਿਚ ਛਾਲ ਮਾਰ ਦਿੱਤੀ ਅਤੇ ਕੰਢੇ ਤਕ ਤੈਰ ਕੇ ਗਿਆ। ਹੋਰ ਚੇਲੇ ਕਿਸ਼ਤੀ ਵਿਚ ਉਸ ਦੇ ਪਿੱਛੇ ਗਏ।

      ਕੰਢੇ ʼਤੇ ਪਹੁੰਚ ਕੇ ਉਨ੍ਹਾਂ ਨੇ ਦੇਖਿਆ ਕਿ ਉੱਥੇ ਰੋਟੀਆਂ ਪਈਆਂ ਹੋਈਆਂ ਸਨ ਅਤੇ ਅੱਗ ʼਤੇ ਮੱਛੀਆਂ ਪੱਕ ਰਹੀਆਂ ਸਨ। ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਜਿਹੜੀਆਂ ਮੱਛੀਆਂ ਉਨ੍ਹਾਂ ਨੇ ਫੜੀਆਂ ਸਨ, ਉਨ੍ਹਾਂ ਵਿੱਚੋਂ ਕੁਝ ਲਿਆਉਣ। ਫਿਰ ਉਸ ਨੇ ਕਿਹਾ: “ਆਓ, ਨਾਸ਼ਤਾ ਕਰੋ।”

      ਪਤਰਸ ਕੰਢੇ ʼਤੇ ਖੜ੍ਹੇ ਯਿਸੂ ਵੱਲ ਨੂੰ ਜਾਂਦਾ ਹੋਇਆ ਅਤੇ ਹੋਰ ਚੇਲੇ ਕਿਸ਼ਤੀ ਵਿਚ ਆਉਂਦੇ ਹੋਏ

      ਜਦੋਂ ਉਹ ਨਾਸ਼ਤਾ ਕਰ ਚੁੱਕੇ, ਤਾਂ ਯਿਸੂ ਨੇ ਪਤਰਸ ਨੂੰ ਪੁੱਛਿਆ: ‘ਕੀ ਤੂੰ ਮੈਨੂੰ ਮੱਛੀਆਂ ਦੇ ਕਾਰੋਬਾਰ ਨਾਲੋਂ ਜ਼ਿਆਦਾ ਪਿਆਰ ਕਰਦਾ ਹੈਂ?’ ਪਤਰਸ ਨੇ ਕਿਹਾ: ‘ਹਾਂ ਪ੍ਰਭੂ, ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਜ਼ਿਆਦਾ ਪਿਆਰ ਕਰਦਾ ਹਾਂ।’ ਯਿਸੂ ਨੇ ਕਿਹਾ: ‘ਫਿਰ ਮੇਰੇ ਲੇਲਿਆਂ ਨੂੰ ਚਾਰ।’ ਯਿਸੂ ਨੇ ਦੁਬਾਰਾ ਪੁੱਛਿਆ: ‘ਪਤਰਸ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?’ ਪਤਰਸ ਨੇ ਕਿਹਾ: ‘ਪ੍ਰਭੂ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।’ ਯਿਸੂ ਨੇ ਕਿਹਾ: “ਚਰਵਾਹੇ ਵਾਂਗ ਮੇਰੇ ਲੇਲਿਆਂ ਦੀ ਦੇਖ-ਭਾਲ ਕਰ।” ਯਿਸੂ ਨੇ ਤੀਸਰੀ ਵਾਰ ਉਸ ਨੂੰ ਉਹੀ ਸਵਾਲ ਪੁੱਛਿਆ। ਫਿਰ ਪਤਰਸ ਬੜਾ ਦੁਖੀ ਹੋਇਆ। ਉਸ ਨੇ ਕਿਹਾ: ‘ਪ੍ਰਭੂ, ਤੂੰ ਸਭ ਕੁਝ ਜਾਣਦਾ ਹੈਂ। ਤੈਨੂੰ ਪਤਾ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।’ ਯਿਸੂ ਨੇ ਕਿਹਾ: “ਮੇਰੇ ਲੇਲਿਆਂ ਨੂੰ ਚਾਰ।” ਫਿਰ ਉਸ ਨੇ ਪਤਰਸ ਨੂੰ ਕਿਹਾ: “ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ।”

      “[ਯਿਸੂ] ਨੇ ਉਨ੍ਹਾਂ ਨੂੰ ਕਿਹਾ: ‘ਮੇਰੇ ਮਗਰ ਆਓ ਅਤੇ ਮੈਂ ਤੁਹਾਨੂੰ ਇਨਸਾਨਾਂ ਨੂੰ ਫੜਨਾ ਸਿਖਾਵਾਂਗਾ ਜਿਵੇਂ ਤੁਸੀਂ ਮੱਛੀਆਂ ਫੜਦੇ ਹੋ।’ ਉਹ ਉਸੇ ਵੇਲੇ ਆਪਣੇ ਜਾਲ਼ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਏ।”​—ਮੱਤੀ 4:19, 20

      ਸਵਾਲ: ਯਿਸੂ ਨੇ ਮਛੇਰਿਆਂ ਲਈ ਕਿਹੜਾ ਚਮਤਕਾਰ ਕੀਤਾ? ਤੁਹਾਨੂੰ ਕੀ ਲੱਗਦਾ ਕਿ ਯਿਸੂ ਨੇ ਪਤਰਸ ਨੂੰ ਤਿੰਨ ਵਾਰ ਕਿਉਂ ਪੁੱਛਿਆ ਸੀ: “ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?”

      ਯੂਹੰਨਾ 21:1-19, 25; ਰਸੂਲਾਂ ਦੇ ਕੰਮ 1:1-3

  • ਯਿਸੂ ਸਵਰਗ ਵਾਪਸ ਗਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਰਸੂਲਾਂ ਦੇ ਦੇਖਦੇ-ਦੇਖਦੇ ਯਿਸੂ ਉੱਪਰ ਸਵਰਗ ਨੂੰ ਜਾਂਦਾ ਹੋਇਆ

      ਪਾਠ 93

      ਯਿਸੂ ਸਵਰਗ ਵਾਪਸ ਗਿਆ

      ਗਲੀਲ ਵਿਚ ਯਿਸੂ ਆਪਣੇ ਚੇਲਿਆਂ ਨੂੰ ਮਿਲਿਆ। ਉਸ ਨੇ ਉਨ੍ਹਾਂ ਨੂੰ ਇਕ ਬਹੁਤ ਅਹਿਮ ਹੁਕਮ ਦਿੱਤਾ: ‘ਜਾਓ ਅਤੇ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਚੇਲੇ ਬਣਾਓ। ਉਨ੍ਹਾਂ ਨੂੰ ਉਹ ਗੱਲਾਂ ਸਿਖਾਓ ਜੋ ਮੈਂ ਤੁਹਾਨੂੰ ਸਿਖਾਈਆਂ ਹਨ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ।’ ਫਿਰ ਉਸ ਨੇ ਵਾਅਦਾ ਕੀਤਾ: ‘ਯਾਦ ਰੱਖੋ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ।’

      ਯਿਸੂ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ 40 ਦਿਨ ਆਪਣੇ ਸੈਂਕੜੇ ਚੇਲਿਆਂ ਨੂੰ ਗਲੀਲ ਅਤੇ ਯਰੂਸ਼ਲਮ ਵਿਚ ਦਿਖਾਈ ਦਿੰਦਾ ਰਿਹਾ। ਉਸ ਨੇ ਉਨ੍ਹਾਂ ਨੂੰ ਅਹਿਮ ਸਬਕ ਸਿਖਾਏ ਅਤੇ ਬਹੁਤ ਸਾਰੇ ਚਮਤਕਾਰ ਕੀਤੇ। ਫਿਰ ਯਿਸੂ ਆਖ਼ਰੀ ਵਾਰ ਜ਼ੈਤੂਨ ਪਹਾੜ ʼਤੇ ਆਪਣੇ ਰਸੂਲਾਂ ਨੂੰ ਮਿਲਿਆ। ਉਸ ਨੇ ਕਿਹਾ: ‘ਯਰੂਸ਼ਲਮ ਛੱਡ ਕੇ ਨਾ ਜਾਇਓ। ਉਸ ਚੀਜ਼ ਦੀ ਉਡੀਕ ਕਰਦੇ ਰਹਿਓ ਜਿਸ ਨੂੰ ਦੇਣ ਦਾ ਵਾਅਦਾ ਪਿਤਾ ਨੇ ਕੀਤਾ ਹੈ।’

      ਉਸ ਦੇ ਰਸੂਲ ਉਸ ਦੀ ਗੱਲ ਦਾ ਮਤਲਬ ਨਹੀਂ ਸਮਝੇ। ਉਨ੍ਹਾਂ ਨੇ ਉਸ ਨੂੰ ਪੁੱਛਿਆ: ‘ਕੀ ਤੂੰ ਹੁਣ ਇਜ਼ਰਾਈਲ ਦਾ ਰਾਜਾ ਬਣਨ ਵਾਲਾ ਹੈਂ?’ ਯਿਸੂ ਨੇ ਕਿਹਾ: ‘ਮੈਨੂੰ ਰਾਜਾ ਬਣਾਉਣ ਦਾ ਯਹੋਵਾਹ ਦਾ ਅਜੇ ਸਮਾਂ ਨਹੀਂ ਆਇਆ। ਤੁਹਾਨੂੰ ਜਲਦੀ ਹੀ ਪਵਿੱਤਰ ਸ਼ਕਤੀ ਮਿਲੇਗੀ ਅਤੇ ਤੁਸੀਂ ਮੇਰੇ ਬਾਰੇ ਗਵਾਹੀ ਦਿਓਗੇ। ਜਾਓ ਤੇ ਯਰੂਸ਼ਲਮ, ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓ।’

      ਫਿਰ ਯਿਸੂ ਨੂੰ ਉੱਪਰ ਆਕਾਸ਼ ਵਿਚ ਉਠਾ ਲਿਆ ਗਿਆ ਅਤੇ ਇਕ ਬੱਦਲ ਨੇ ਉਸ ਨੂੰ ਢਕ ਲਿਆ। ਉਸ ਦੇ ਚੇਲੇ ਉਸ ਨੂੰ ਦੇਖਦੇ ਰਹੇ, ਪਰ ਉਹ ਚਲਾ ਗਿਆ ਸੀ।

      ਉਹ ਜ਼ੈਤੂਨ ਪਹਾੜ ਤੋਂ ਯਰੂਸ਼ਲਮ ਨੂੰ ਚਲੇ ਗਏ। ਉਹ ਬਾਕਾਇਦਾ ਚੁਬਾਰੇ ਵਿਚ ਇਕੱਠੇ ਹੁੰਦੇ ਸਨ ਅਤੇ ਪ੍ਰਾਰਥਨਾ ਕਰਦੇ ਸਨ। ਉਹ ਯਿਸੂ ਵੱਲੋਂ ਹੋਰ ਹਿਦਾਇਤਾਂ ਮਿਲਣ ਦੀ ਉਡੀਕ ਕਰ ਰਹੇ ਸਨ।

      “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਫਿਰ ਅੰਤ ਆਵੇਗਾ।”—ਮੱਤੀ 24:14

      ਸਵਾਲ: ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਹੁਕਮ ਦਿੱਤਾ? ਜ਼ੈਤੂਨ ਪਹਾੜ ʼਤੇ ਕੀ ਹੋਇਆ?

      ਮੱਤੀ 28:16-20; ਲੂਕਾ 24:49-53; ਯੂਹੰਨਾ 20:30, 31; ਰਸੂਲਾਂ ਦੇ ਕੰਮ 1:2-14; 1 ਕੁਰਿੰਥੀਆਂ 15:3-6

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ